ਨਸ਼ਾ ਤਸਕਰੀ ਦਾ ਮੁੱਦਾ ਮੁੜ ਠੰਢੇ ਬਸਤੇ ‘ਚ

ਅੰਮ੍ਰਿਤਸਰ (ਗੁਰਵਿੰਦਰ ਸਿੰਘ ਵਿਰਕ): ਪਠਾਨਕੋਟ ਏਅਰ ਬੇਸ ਉਤੇ ਅਤਿਵਾਦੀ ਹਮਲੇ ਦੌਰਾਨ ਸ਼ੱਕ ਦੇ ਘੇਰੇ ਵਿਚ ਆਏ ਪੰਜਾਬ ਪੁਲਿਸ ਦੇ ਐਸ਼ਪੀæ ਸਲਵਿੰਦਰ ਸਿੰਘ ਨੂੰ ਕੌਮੀ ਜਾਂਚ ਏਜੰਸੀਆਂ ਵੱਲੋਂ ਦਿੱਤੀ ਕਲੀਨ ਚਿੱਟ ਨਾਲ ਸੂਬੇ ਵਿਚ ਕੌਮਾਂਤਰੀ ਸਰਹੱਦ ਤੋਂ ਹੁੰਦੀ ਨਸ਼ਾ ਤਸਕਰੀ ਰੋਕਣ ਦਾ ਮੁੱਦਾ ਮੁੜ ਠੰਢੇ ਬਸਤੇ ਵਿਚ ਪੈਂਦਾ ਨਜ਼ਰ ਆ ਰਿਹਾ ਹੈ। ਇਹ ਅਤਿਵਾਦੀ ਪੰਜਾਬ ਪੁਲਿਸ ਦੇ ਇਸ ਅਫਸਰ ਦੀ ਗੱਡੀ ‘ਤੇ ਪਠਾਨਕੋਟ ਏਅਰ ਬੇਸ ਤੱਕ ਪੁੱਜੇ ਸਨ।

ਮੁਢਲੀ ਜਾਂਚ ਵਿਚ ਸ਼ੱਕ ਦੀ ਸੂਈ ਇਸ ਅਫਸਰ ‘ਤੇ ਗਈ ਸੀ ਅਤੇ ਮੰਨਿਆ ਜਾ ਰਿਹਾ ਸੀ ਕਿ ਅਤਿਵਾਦੀਆਂ ਨੂੰ ਨਸ਼ਾ ਤਸਕਰ ਸਮਝ ਕੇ ਐਸ਼ਪੀæ ਨੇ ਉਨ੍ਹਾਂ ਦੀ ਮਦਦ ਕੀਤੀ ਸੀ। ਉਸ ਸਮੇਂ ਐਸ਼ਪੀæ ਨਾਲ ਉਸ ਦਾ ਗਹਿਣਿਆਂ ਦਾ ਵਪਾਰੀ ਮਿੱਤਰ ਵੀ ਸੀ। ਸ਼ੱਕ ਇਹ ਵੀ ਸੀ ਕਿ ਸਲਵਿੰਦਰ ਸਿੰਘ ਨਸ਼ਾ ਤਸਕਰਾਂ ਦੀ ਮਦਦ ਬਦਲੇ ਸੋਨਾ ਲੈਂਦਾ ਸੀ ਤੇ ਇਹ ਵਪਾਰੀ ਸੋਨੇ ਦੇ ਖਰੇ ਜਾਂ ਖੋਟੇ ਹੋਣ ਦੀ ਪਰਖ ਕਰਦਾ ਸੀ।
ਇਸ ਕਾਰੇ ਵਿਚ ਕਈ ਸਿਆਸੀ ਆਗੂਆਂ ਦੀ ਮਿਲੀ ਭੁਗਤ ਦੇ ਵੀ ਪੁਖਤਾ ਸਬੂਤ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਸੀ। ਜਾਂਚ ਏਜੰਸੀਆਂ ਸ਼ੁਰੂ ਵਿਚ ਸਰਹੱਦ ‘ਤੇ ਨਸ਼ਾ ਤਸਕਰੀ ਨੂੰ ਅਤਿਵਾਦੀਆਂ ਦੇ ਲਾਂਘੇ ਲਈ ਮਦਦਗਾਰ ਮੰਨ ਰਹੀਆਂ ਸਨ ਅਤੇ ਉਮੀਦ ਇਹ ਕੀਤੀ ਜਾ ਰਹੀ ਸੀ ਕਿ ਇਸ ਮਸਲੇ ਦਾ ਹੁਣ ਪੁਖਤਾ ਹੱਲ ਹੋਵੇਗਾ, ਪਰ ਸਲਵਿੰਦਰ ਸਿੰਘ ਨੂੰ ਮਿਲੀ ਕਲੀਨ ਚਿੱਟ ਤੋਂ ਜਾਪ ਰਿਹਾ ਹੈ ਕਿ ਜਾਂਚ ਏਜੰਸੀਆਂ ਨੇ ਨਸ਼ਾ ਤਸਕਰੀ ਵਾਲਾ ਮਸਲਾ ਜਾਂਚ ਤੋਂ ਲਾਂਭੇ ਕਰ ਦਿੱਤਾ ਹੈ।
ਯਾਦ ਰਹੇ ਕਿ ਪੰਜਾਬ ਵਿਚ ਸਭ ਤੋਂ ਵੱਧ ਨਸ਼ਾ ਤਸਕਰੀ ਭਾਰਤ-ਪਾਕਿਸਤਾਨ ਸਰਹੱਦ ਤੋਂ ਹੁੰਦੀ ਹੈ। ਇਹ ਮੁੱਦਾ ਪੰਜਾਬ ਵਾਰ-ਵਾਰ ਕੇਂਦਰ ਸਰਕਾਰ ਕੋਲ ਉਠਾਉਂਦਾ ਆਇਆ ਹੈ, ਪਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਸਮੇਤ ਕੇਂਦਰੀ ਆਗੂ ਪੰਜਾਬ ਆ ਕੇ ਸੂਬੇ ਦੇ ਨੌਜਵਾਨਾਂ ਨੂੰ ਨਸ਼ਈ ਤਾਂ ਦੱਸ ਜਾਂਦੇ ਹਨ, ਪਰ ਇਸ ਮਸਲੇ ਦੇ ਹੱਲ ਬਾਰੇ ਕਦੇ ਵਿਚਾਰ ਨਹੀਂ ਕੀਤਾ ਗਿਆ। ਪੰਜਾਬ ਦੀਆਂ ਸਿਆਸੀ ਧਿਰਾਂ ਵੀ ਸਮੇਂ-ਸਮੇਂ ਉਤੇ ਇਸ ਮੁੱਦੇ ਉਤੇ ਸਿਆਸਤ ਖੇਡਦੀਆਂ ਹਨ। ਪਿਛਲੇ ਵਰ੍ਹੇ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਨੇ ਨਸ਼ਾ ਤਸਕਰੀ ਨੂੰ ਬੀæਐਸ਼ਐਫ਼ ਦੀ ਢਿੱਲ ਦੱਸ ਕੇ ਸਰਹੱਦ ‘ਤੇ ਧਰਨਾ ਲਾਉਣ ਦਾ ਐਲਾਨ ਕੀਤਾ ਸੀ, ਪਰ ਮਾਮਲਾ ਉਲਟਾ ਪੈਂਦਾ ਵੇਖ ਕੇ ਪਿੱਛੇ ਹਟਣਾ ਪਿਆ। ਪੰਜਾਬ ਨੂੰ ਇਸ ਸਮੇਂ ਨਸ਼ਿਆਂ ਦੀ ਵੱਡੀ ਮਾਰ ਪੈ ਰਹੀ ਹੈ। ਪੰਜਾਬ ਪੁਲਿਸ ਦੇ ਅੰਕੜੇ ਦਰਸਾਉਂਦੇ ਹਨ ਕਿ ਹੁਣ ਤੱਕ ਸੂਬੇ ਵਿਚ ਜਿੰਨੇ ਵੀ ਫੌਜਦਾਰੀ ਮੁਕੱਦਮੇ ਦਰਜ ਹੋਏ ਹਨ, ਉਨ੍ਹਾਂ ਵਿਚ 30 ਫੀਸਦੀ ਇਕੱਲੇ ਐਨæਡੀæਪੀæਐਸ਼ ਐਕਟ ਹੇਠ ਦਰਜ ਕੀਤੇ ਗਏ ਹਨ, ਜੋ ਦਰਸਾਉਂਦਾ ਹੈ ਕਿ ਨਸ਼ੇ ਦਾ ਕਾਰੋਬਾਰ ਪੰਜਾਬ ਵਿਚ ਕਿਸ ਕਦਰ ਫੈਲਿਆ ਹੋਇਆ ਹੈ। ਸੂਬੇ ਵਿਚ ਇੰਨੇ ਵੱਡੇ ਪੱਧਰ ‘ਤੇ ਨਸ਼ਾ ਤਸਕਰੀ ਦਾ ਕਾਰਨ ਇਸ ਦਾ ਸਰਹੱਦੀ ਸੂਬਾ ਹੋਣਾ ਹੀ ਮੰਨਿਆ ਜਾ ਰਿਹਾ ਹੈ। ਨਾਲ ਲਗਦੇ ਮੁਲਕ ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਇਰਾਨ ਭੁੱਕੀ, ਅਫੀਮ ਅਤੇ ਹੈਰੋਇਨ ਦੀ ਖੇਤੀ ਕਰਦੇ ਹਨ। ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵੀ ਭੁੱਕੀ ਤੇ ਅਫੀਮ ਦੀ ਖੇਤੀ ਕਰਦੇ ਹਨ ਤੇ ਇਹ ਪ੍ਰਭਾਵ ਲਿਆ ਜਾ ਰਿਹਾ ਹੈ ਕਿ ਇਹ ਪੰਜਾਬ ਵਿਚ ਨਸ਼ਾ ਫੈਲਾਉਣ ਲਈ ਜ਼ਿੰਮੇਵਾਰ ਹਨ। ਪੰਜਾਬ ਵਿਚ ਨਸ਼ੇ ਦੇ ਕਾਰੋਬਾਰ ਵਿਚ ਸਿਆਸੀ ਲੋਕ, ਪੁਲਿਸ ਅਤੇ ਸਮਗਲਰਾਂ ਦਾ ਗੱਠਜੋੜ ਵੀ ਇਸ ਦਾ ਇਕ ਕਾਰਨ ਹੈ। ਇਸ ਕਾਰੋਬਾਰ ਤੋਂ ਉਹ ਅਰਬਾਂ ਰੁਪਏ ਕਮਾ ਰਹੇ ਹਨ। ਪੁਲਿਸ ਨੂੰ ਜਾਣਕਾਰੀ ਹੋਣ ਦੇ ਬਾਵਜੂਦ ਇਸ ਕਾਰੋਬਾਰ ਨੂੰ ਠੱਲ੍ਹ ਨਹੀਂ ਪਾ ਸਕੀ। ਪੰਜਾਬ ਪੁਲਿਸ ਵੱਲੋਂ ਨਸ਼ਾ ਵੇਚਣ ਵਾਲੇ ਸਮਗਲਰਾਂ ਤੇ ਸਿਆਸੀ ਵਿਅਕਤੀਆਂ ਨੂੰ ਘੱਟ ਹੀ ਹੱਥ ਪਾਇਆ ਗਿਆ ਹੈ। ਇਕ ਸਮੇਂ ਉਸ ਵੱਲੋਂ ਨਸ਼ਾ ਕਰਨ ਦੇ ਆਦੀ ਨੌਜਵਾਨਾਂ ਨੂੰ ਫੜ ਕੇ ਜੇਲ੍ਹਾਂ ਵਿਚ ਬੰਦ ਕਰ ਦਿੱਤਾ ਗਿਆ ਸੀ ਤੇ ਧੜਾ-ਧੜ ਉਨ੍ਹਾਂ ਖਿਲਾਫ ਮੁਕੱਦਮੇ ਦਰਜ ਕਰ ਦਿੱਤੇ ਗਏ ਸਨ। ਮੌਜੂਦਾ ਸਰਕਾਰ ਵੱਲੋਂ ਭਾਵੇਂ ਕਈ ਨਵੇਂ ਨਸ਼ਾ-ਮੁਕਤ ਸੈਂਟਰ ਖੋਲ੍ਹੇ ਗਏ ਹਨ, ਪਰ ਉਹ ਬਹੁਤੇ ਨਸ਼ਾ-ਮੁਕਤ ਕਰਨ ਦੇ ਆਦੀ ਨੌਜਵਾਨਾਂ ਦਾ ਸਹੀ ਇਲਾਜ ਤੇ ਰਹਿਨੁਮਾਈ ਨਹੀਂ ਕਰ ਸਕੇ। ਪੰਜਾਬ ਵਿਚ ਇਕ ਸਰਵੇਖਣ ਅਨੁਸਾਰ ਕੋਈ 3,30,000 ਦੇ ਕਰੀਬ ਨਸ਼ੇ ਤੋਂ ਪੀੜਤ ਨੌਜਵਾਨਾਂ ਦਾ ਓæਪੀæਡੀæ ਵਿਚ ਇਲਾਜ ਕੀਤਾ ਗਿਆ ਤੇ 11,656 ਦੇ ਕਰੀਬ ਨਸ਼ਾ-ਮੁਕਤ ਸੈਂਟਰਾਂ ਵਿਚ ਭਰਤੀ ਕੀਤੇ ਗਏ ਹਨ, ਜਦ ਕਿ 22,000 ਦੇ ਕਰੀਬ ਨਸ਼ਾ ਕਰਨ ਵਾਲੇ ਵਿਅਕਤੀਆਂ ਦਾ ਜੇਲ੍ਹਾਂ ਵਿਚ ਇਲਾਜ ਕੀਤਾ ਗਿਆ ਹੈ।
ਅਫੀਮ ਤੇ ਭੁੱਕੀ ਤੋਂ ਬਾਅਦ ਪਾਕਿਸਤਾਨ ਸਰਹੱਦ ਤੋਂ ਹੈਰੋਇਨ ਦੀ ਸਮਗਲਿੰਗ ਹੋਣ ਕਾਰਨ ਪੰਜਾਬ ਵਿਚ ਇਹ ਚਿੱਟੇ ਨਸ਼ੇ ਨਾਲ ਮਸ਼ਹੂਰ ਹੋ ਗਈ ਹੈ ਅਤੇ ਇਸ ਨੇ ਪੰਜਾਬ ਦੇ ਪਿੰਡਾਂ ਵਿਚ ਆਪਣੀ ਮਾਰ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹ ਕਿਹਾ ਜਾਣ ਲੱਗਾ ਹੈ ਕਿ ਚਿੱਟਾ ਨਸ਼ਾ ਸਹਿਜੇ ਹੀ ਪਿੰਡਾਂ ਦੀਆਂ ਹੱਟੀਆਂ ਤੋਂ ਮਿਲ ਜਾਂਦਾ ਹੈ। ਕਾਂਗਰਸ ਪਾਰਟੀ ਦੇ ਨਵੇਂ ਥਾਪੇ ਗਏ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਤਾਜਪੋਸ਼ੀ ਦੌਰਾਨ ਗੁਟਕੇ ‘ਤੇ ਹੱਥ ਰੱਖ ਕੇ ਸਹੁੰ ਚੁੱਕੀ ਗਈ ਹੈ ਕਿ ਉਹ ਜੇ ਪੰਜਾਬ ਵਿਚ ਆਪਣੀ ਸਰਕਾਰ ਬਣਾਉਂਦੇ ਹਨ ਤਾਂ ਉਹ ਨਸ਼ੇ ਦੇ ਕਾਰੋਬਾਰ ਨੂੰ ਤਿੰਨ ਮਹੀਨੇ ਦੇ ਅੰਦਰ-ਅੰਦਰ ਖਤਮ ਕਰ ਦੇਣਗੇ। ਇਸੇ ਤਰ੍ਹਾਂ ਦਾ ਹੀ ਸਟੈਂਡ ਆਮ ਆਦਮੀ ਪਾਰਟੀ ਵੱਲੋਂ ਲਿਆ ਜਾ ਰਿਹਾ ਹੈ, ਪਰ ਕਿਸੇ ਵੀ ਪਾਰਟੀ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਉਹ ਨਸ਼ਾ-ਮੁਕਤ ਪੰਜਾਬ ਕਿਸ ਤਰ੍ਹਾਂ ਕਰਨਗੇ ਤੇ ਉਨ੍ਹਾਂ ਦੀ ਵਿਉਂਤ ਕੀ ਹੋਵੇਗੀ? ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਵੱਲੋਂ ਇਹ ਵੀ ਦਾਅਵੇ ਕੀਤੇ ਜਾ ਰਹੇ ਹਨ ਕਿ ਉਹ ਆਪਣੇ ਡੋਪ ਟੈਸਟ ਕਰਵਾਉਣ ਲਈ ਤਿਆਰ ਹਨ ਤਾਂ ਜੋ ਪਤਾ ਲੱਗ ਸਕੇ ਕਿ ਉਹ ਨਸ਼ੇ ਦੇ ਆਦੀ ਹਨ ਜਾਂ ਨਹੀਂ। ਸਿਆਸੀ ਲੋਕ ਸਿਰਫ ਇਸ ਨੂੰ ਚੋਣ ਮੁੱਦਾ ਹੀ ਬਣਾਉਣਾ ਚਾਹੁੰਦੇ ਹਨ।
_______________________________________
ਕੀ ਹੈ ਅੰਕੜਿਆਂ ਦਾ ਸੱਚæææ
ਪੁਲਿਸ ਵੱਲੋਂ ਨਵੰਬਰ ਮਹੀਨੇ ਤੱਕ ਕੋਈ 8410 ਦੇ ਕਰੀਬ ਐਨæਡੀæਪੀæਐਸ਼ ਐਕਟ ਹੇਠ ਮਾਮਲੇ ਦਰਜ ਕੀਤੇ ਗਏ ਅਤੇ 10,000 ਤੋਂ ਵੱਧ ਨਸ਼ਾ ਵੇਚਣ ਵਾਲੇ ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਕੋਲੋਂ ਕੋਈ 438 ਕਿਲੋ ਹੈਰੋਇਨ; 8553 ਕੁਇੰਟਲ ਭੁੱਕੀ; 20,95,000 ਨਸ਼ੀਲੇ ਕੈਪਸੂਲ; 19,14,351 ਨਸ਼ੀਲੀਆਂ ਗੋਲੀਆਂ; 12136 ਟੀਕੇ; 446 ਕਿਲੋ ਅਫੀਮ; 597 ਕਿਲੋ ਭੰਗ ਅਤੇ 13 ਕਿਲੋ ਸਮੈਕ ਫੜੀ ਗਈ। ਇਸ ਸਰਵੇਖਣ ਵਿਚ ਪੰਜਾਬ ਵਿਚ ਪੈਦਾ ਕੀਤੀ ਸਿੰਥੈਟਿਕ ਡਰੱਗ ਦਾ ਜ਼ਿਕਰ ਨਹੀਂ ਹੈ ਜਿਸ ਦੇ ਤਾਰ ਇੰਗਲੈਂਡ, ਕੈਨੇਡਾ ਅਤੇ ਪੰਜਾਬ ਨਾਲ ਜੁੜੇ ਹੋਏ ਹਨ ਅਤੇ ਇਸ ਵਿਚ ਕਈ ਸਿਆਸਤਦਾਨਾਂ ਦੇ ਨਾਂਵਾਂ ਦਾ ਜ਼ਿਕਰ ਵੀ ਆਉਂਦਾ ਹੈ। ਅਜੇ ਵੀ ਪੰਜਾਬ ਵਿਚ ਕੋਈ 2æ3 ਲੱਖ ਤੋਂ ਵੱਧ ਨੌਜਵਾਨ ਨਸ਼ੇ ‘ਤੇ ਨਿਰਭਰ ਹਨ ਅਤੇ 76 ਫੀਸਦੀ ਦੀ ਉਮਰ 18 ਤੋਂ 36 ਸਾਲ ਦੇ ਵਿਚ ਹੈ, ਤੇ ਕੋਈ 20 ਕਰੋੜ ਰੁਪਏ ਦੇ ਕਰੀਬ ਰੋਜ਼ਾਨਾ ਨਸ਼ਾ ਖਰੀਦਣ ਲਈ ਪੰਜਾਬ ਵਿਚ ਖਰਚੇ ਜਾ ਰਹੇ ਹਨ। ਇਨ੍ਹਾਂ ਨੌਜਵਾਨਾਂ ਦਾ ਸਾਲ ਭਰ ਦਾ ਖਰਚ ਕੋਈ 7575 ਕਰੋੜ ਰੁਪਏ ਬਣਦਾ ਹੈ।