ਚੰਡੀਗੜ੍ਹ: ਪੰਜਾਬ ਦੇ ਕੁਝ ਹਮਖਿਆਲੀ ਲੋਕਾਂ ਨੇ ਲੋਕ ਚੇਤਨਾ ਲਹਿਰ ਸੰਸਥਾ ਬਣਾ ਕੇ 31 ਜਨਵਰੀ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਪੰਜਾਬ ਨੂੰ ਬਰਬਾਦ ਕਰਨ ਵਾਲੇ ਸਿਆਸੀ ਆਗੂਆਂ ਵਿਰੁੱਧ ਦਸਤਖ਼ਤੀ ਮੁਹਿੰਮ ਛੇੜਨ ਦਾ ਐਲਾਨ ਕੀਤਾ ਹੈ। ਇਸ ਲਹਿਰ ਦੌਰਾਨ ਪੰਜਾਬ ਵਿਚ ਡਰੱਗਜ਼, ਜ਼ਮੀਨ, ਟਰਾਂਸਪੋਰਟ, ਰੇਤਾ, ਕੇਬਲ ਆਦਿ ਮਾਫੀਆ ਵੱਲੋਂ ਰਾਜ ਦੀ ਕੀਤੀ ਲੁੱਟ-ਖਸੁੱਟ ਦਾ ਲੇਖਾ-ਜੋਖਾ ਸਿਆਸੀ ਨੇਤਾਵਾਂ ਅਤੇ ਅਫਸਰਸ਼ਾਹੀ ਦੇ ਨਾਵਾਂ ਸਮੇਤ ਪੰਜਾਬ ਦੇ ਰਾਜਪਾਲ ਨੂੰ ਸੌਂਪਣ ਦਾ ਪ੍ਰੋਗਰਾਮ ਵੀ ਮਿਥਿਆ ਗਿਆ ਹੈ।
ਲੋਕ ਚੇਤਨਾ ਲਹਿਰ ਪੰਜਾਬ ਨਾਲ ਜੁੜੇ ਵੱਖ-ਵੱਖ ਵਰਗਾਂ ਤੇ ਵਿਚਾਰਾਂ ਦੇ ਆਮ ਆਦਮੀਆਂ ਨੇ ਇਸ ਲਹਿਰ ਦੌਰਾਨ ਸੱਤਾਧਾਰੀਆਂ ਸਮੇਤ ਹਰੇਕ ਸਿਆਸੀ ਪਾਰਟੀ ਦੇ ਮਾਫੀਆ ਨਾਲ ਜੁੜੇ ਨੇਤਾਵਾਂ ਨੂੰ ਸਮੁੱਚੇ ਰੂਪ ਵਿਚ ਬੇਨਕਾਬ ਕਰਨ ਦਾ ਅਹਿਦ ਲਿਆ ਹੈ।
ਇਸ ਨਵੀਂ ਸੰਸਥਾ ਦੇ ਪ੍ਰਧਾਨ ਸੰਦੀਪ ਸਿੰਘ ਰੁਪਾਲੋਂ ਨੇ ਕਿਹਾ ਕਿ ਉਨ੍ਹਾਂ ਦੀ ਮੁਹਿੰਮ ਦਾ ਮੁੱਖ ਮੁੱਦਾ ਪੰਜਾਬ ਵਿਚੋਂ ਪਰਿਵਾਰਵਾਦ ਅਤੇ ਡੰਡੇ ਦੇ ਰਾਜ ਨੂੰ ਖਤਮ ਕਰਕੇ ਕਾਨੂੰਨ ਦਾ ਰਾਜ ਬਰਕਰਾਰ ਕਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹੁਣ ਸਿਰੇ ਦੀਆਂ ਬੇਇਨਸਾਫੀਆਂ ਝੱਲ ਚੁੱਕਿਆ ਹੈ, ਜਿਸ ਕਾਰਨ ਹੁਣ ਆਮ ਆਦਮੀ ਨੂੰ ਹੀ ਆਪਣੇ-ਆਪ ਨੂੰ ਬਚਾਉਣ ਲਈ ਯੁੱਧ ਦੇ ਮੈਦਾਨ ਵਿਚ ਆਉਣਾ ਪਵੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਸੰਸਥਾ ਗੈਰ-ਸਿਆਸੀ ਹੋਣ ਦੇ ਬਾਵਜੂਦ ਸਿਆਸੀ ਮੁੱਦਿਆਂ ਲਈ ਲੜੇਗੀ। ਸ੍ਰੀ ਰੁਪਾਲੋਂ ਨੇ ਸੰਕੇਤ ਦਿੱਤਾ ਕਿ ਉਨ੍ਹਾਂ ਕੋਲ ਅਕਾਲੀਆਂ ਸਮੇਤ ਹੋਰ ਸਿਆਸੀ ਪਾਰਟੀਆਂ ਦੇ ਮਾਫੀਏ ਨਾਲ ਜੁੜੇ ਅਤੇ ਭ੍ਰਿਸ਼ਟਾਚਾਰ ਵਿਚ ਗੜੁੱਚ ਨੇਤਾਵਾਂ ਦੀਆਂ ਸੂਚੀਆਂ ਮੌਜੂਦ ਹਨ। ਅਜਿਹੇ ਭ੍ਰਿਸ਼ਟ ਆਗੂਆਂ ਵੱਲੋਂ ਬਣਾਈਆਂ ਨਾਮੀ-ਬੇਨਾਮੀ ਜਾਇਦਾਦਾਂ ਦੇ ਪੁਲੰਦੇ ਵੀ ਉਹ ਇਕੱਠੇ ਕਰ ਰਹੇ ਹਨ ਜੋ ਜਲਦੀ ਹੀ ਪੰਜਾਬ ਦੇ ਰਾਜਪਾਲ ਮੂਹਰੇ ਪੇਸ਼ ਕਰਕੇ ਭ੍ਰਿਸ਼ਟ ਨੇਤਾਵਾਂ ਦਾ ਚਿਹਰਾ ਬੇਨਕਾਬ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰੇਕ ਜ਼ਿਲ੍ਹੇ ਵਿਚ ਸੈਮੀਨਾਰ ਕਰਵਾ ਕੇ ਲੋਕ ਚੇਤਨਾ ਲਹਿਰ ਪੈਦਾ ਕਰਨ ਦਾ ਟੀਚਾ ਮਿਥਿਆ ਹੈ ਅਤੇ ‘ਇਕ ਡਿਗਰੀ-ਇਕ ਨੌਕਰੀ’ ਦਾ ਨਾਅਰਾ ਵੀ ਦਿੱਤਾ ਜਾਵੇਗਾ।
____________________________________
ਖਹਿਰਾ ਵੱਲੋਂ ਪੰਜਾਬ ਸਰਕਾਰ ਦੀ ਫਜ਼ੂਲ ਖਰਚੀ ‘ਤੇ ਸਵਾਲ
ਮੁਹਾਲੀ: ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੀਆਂ ਨੀਤੀਆਂ ਅਤੇ ਫਜ਼ੂਲ ਖਰਚੀ ਕਾਰਨ ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਲਗਾਤਾਰ ਭਾਰੀ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਸਿਰ ਪਹਿਲਾਂ ਹੀ ਸਵਾ ਸੌ ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਅਤੇ ਹੁਣ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਪੰਜ ਹਜ਼ਾਰ ਕਰੋੜ ਰੁਪਏ ਹੋਰ ਕਰਜ਼ਾ ਲੈਣ ਦੀ ਗੱਲ ਕਹੀ ਜਾ ਰਹੀ ਹੈ। ਸ੍ਰੀ ਖਹਿਰਾ ਨੇ ਕਿਹਾ ਕਿ ਇਹ ਸਾਰਾ ਕਰਜ਼ਾ ਲਾਹੁਣ ਲਈ ਟੈਕਸ ਦੇ ਰੂਪ ਵਿਚ ਲੋਕਾਂ ਦੀਆਂ ਜੇਬਾਂ ਕੱਟੀਆਂ ਜਾਣਗੀਆਂ।
_________________________________
ਬਾਦਲ ਸਰਕਾਰ ਨੇ ਸੂਬੇ ਨੂੰ ਤਬਾਹ ਕੀਤਾ: ਕੈਪਟਨ
ਗੁਰਦਾਸਪੁਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਸੂਬੇ ਨੂੰ ਤਬਾਹ ਕਰ ਦਿੱਤਾ ਹੈ। ਬਾਦਲ ਸਰਕਾਰ ਦੀ ਲਾਪਰਵਾਹੀ ਕਾਰਨ ਪਿਛਲੇ ਨੌਂ ਸਾਲਾਂ ਤੋਂ ਸਰਕਾਰ ਵੱਲੋਂ ਖਾਲੀ ਪਈਆਂ ਅਸਾਮੀਆਂ ਨੂੰ ਭਰਿਆ ਨਹੀਂ ਗਿਆ ਹੈ। ਦੂਜੇ ਪਾਸੇ ਪੰਜਾਬ ਦੇ 90 ਲੱਖ ਨੌਜਵਾਨ ਬੇਰਜ਼ੁਗਾਰ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ 2007 ਵਿਚ 2æ40 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰ ਅਕਾਲੀ-ਭਾਜਪਾ ਸਰਕਾਰ ਨੇ ਆਉਂਦਿਆਂ ਹੀ ਰੱਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਗੈਰ-ਕਾਨੂੰਨੀ ਕਾਰੋਬਾਰ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।