ਦਲਿਤ ਵਿਦਿਆਰਥੀ ਰੋਹਿਤ ਵੇਮੁਲਾ ਖੁਦਕੁਸ਼ੀ ਮਾਮਲਾ ‘ਤੇ ਰੋਹ ਜਾਰੀ

ਹੈਦਰਾਬਾਦ/ਨਵੀਂ ਦਿੱਲੀ: ਕੁਝ ਦਿਨ ਪਹਿਲਾਂ ਹੈਦਰਾਬਾਦ ਕੇਂਦਰੀ ਯੂਨੀਵਰਸਿਟੀ ਵਿਚ ਇਕ ਦਲਿਤ ਵਿਦਿਆਰਥੀ ਰੋਹਿਤ ਵੈਮੁਲਾ ਵੱਲੋਂ ਆਤਮ-ਹੱਤਿਆ ਕਰਨ ਤੋਂ ਬਾਅਦ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੈ, ਉਸ ਨੇ ਇਕ ਵਾਰ ਫਿਰ ਕੇਂਦਰੀ ਸਰਕਾਰ ਨੂੰ ਕਟਹਿਰੇ ਵਿਚ ਲਿਆ ਖੜ੍ਹਾ ਕੀਤਾ ਹੈ। ਕੁਝ ਮਸਲਿਆਂ ਨੂੰ ਲੈ ਕੇ ਯੂਨੀਵਰਸਿਟੀ ਵਿਚ ਦੋ ਵਿਦਿਆਰਥੀ ਗਰੁੱਪਾਂ ਵਿਚਕਾਰ ਲੜਾਈ ਹੋਈ ਸੀ। ਉਸ ਤੋਂ ਬਾਅਦ ਕੁਝ ਵਿਦਿਆਰਥੀਆਂ ‘ਤੇ ਕਾਰਵਾਈ ਕੀਤੀ ਗਈ, ਜਿਸ ਵਿਚ ਰੋਹਿਤ ਵੀ ਸ਼ਾਮਲ ਸੀ। ਮਸਲਾ ਕੁਝ ਸਿਧਾਂਤਕ ਰੂਪ ਲੈ ਗਿਆ ਸੀ।

ਵਿਦਿਆਰਥੀਆਂ ਦੀ ਅੰਬੇਡਕਰ ਸੁਸਾਇਟੀ ਵੱਲੋਂ ਇਕ ਫਿਲਮ ਨੂੰ ਦਿਖਾਉਣ ਨੂੰ ਲੈ ਕੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੇ ਇਤਰਾਜ਼ ਕੀਤਾ ਸੀ। ਇਸ ਵਿਚ ਕੇਂਦਰੀ ਮਨੁੱਖੀ ਵਸੀਲਿਆਂ ਸਬੰਧੀ ਮੰਤਰੀ ਸਮ੍ਰਿਤੀ ਇਰਾਨੀ ਅਤੇ ਕੇਂਦਰੀ ਰਾਜ ਕਿਰਤ ਮੰਤਰੀ ਬੰਡਾਰੂ ਦੱਤਾਤ੍ਰੇਅ ‘ਤੇ ਵੀ ਦੋਸ਼ ਲਗਾਏ ਗਏ ਹਨ ਕਿ ਉਨ੍ਹਾਂ ਨੇ ਯੂਨੀਵਰਸਿਟੀ ਦੇ ਪ੍ਰਸ਼ਾਸਨ ‘ਤੇ ਦਬਾਅ ਪਾਇਆ ਅਤੇ ਯੂਨੀਵਰਸਿਟੀ ਦੇ ਕੰਮਕਾਜ ਵਿਚ ਦਖਲ ਦਿੱਤਾ, ਜਿਸ ਨਾਲ ਰੋਹਿਤ ਦੇ ਖੁਦਕੁਸ਼ੀ ਕਰਨ ਵਾਲੀ ਸਥਿਤੀ ਪੈਦਾ ਹੋਈ।
ਇਸ ਮਾਮਲੇ ‘ਤੇ ਸਿਆਸਤ ਵੀ ਮਘ ਗਈ ਹੈ। ਭਾਜਪਾ ਦੇ ਵਿਰੋਧੀ ਦਲ ਇਸ ਮਾਮਲੇ ਵਿਚ ਅੱਗੇ ਆ ਗਏ ਹਨ ਤੇ ਕੇਂਦਰੀ ਮਨੁੱਖੀ ਵਸੀਲਿਆਂ ਬਾਰੇ ਮੰਤਰੀ ਸਮ੍ਰਿਤੀ ਇਰਾਨੀ ਤੇ ਕੇਂਦਰੀ ਕਿਰਤ ਰਾਜ ਮੰਤਰੀ ਬੰਡਾਰੂ ਦੱਤਾਤ੍ਰੇਅ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਵਿਰੋਧੀ ਧਿਰਾਂ ਦੋਵਾਂ ਮੰਤਰੀਆਂ ਨੂੰ ਇਸ ਮੌਤ ਲਈ ਜ਼ਿੰਮੇਵਾਰ ਕਰਾਰ ਦੇ ਰਹੀਆਂ ਹਨ। ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਤੇ ਕਈ ਹੋਰ ਪਾਰਟੀਆਂ ਨੇ ਦੋਵਾਂ ਕੇਂਦਰੀ ਮੰਤਰੀਆਂ ਤੇ ਹੈਦਰਾਬਾਦ ਯੂਨੀਵਰਸਿਟੀ ਦੇ ਉਪ ਕੁਲਪਤੀ ਅੱਪਾ ਰਾਓ ‘ਤੇ ਵੀ ਹੱਲਾ ਬੋਲਿਆ। ਸਰਕਾਰ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਸਰਕਾਰੀ ਕਦਮ, ਦੋ ਕੇਂਦਰੀ ਮੰਤਰੀਆਂ ਬੰਦਾਰੂ ਦੱਤਾਤ੍ਰੇਅ ਤੇ ਸਮ੍ਰਿਤੀ ਇਰਾਨੀ ਨੂੰ ਬਚਾਉਣ ਤੇ ਮਾਮਲੇ ਉਤੇ ਲੀਪਾ-ਪੋਚੀ ਕਰਨ ਦਾ ਹੀਲਾ ਹਨ। ਦੋਵਾਂ ਮੰਤਰੀਆਂ ਉੱਤੇ ਦੋਸ਼ ਹੈ ਕਿ ਉਨ੍ਹਾਂ ਨੇ ਯੂਨੀਵਰਸਿਟੀ ਦੇ ਉਪ ਕੁਲਪਤੀ ਉੱਪਰ ਰੋਹਿਤ ਤੇ ਸਾਥੀਆਂ ਖਿਲਾਫ਼ ਕਾਰਵਾਈ ਲਈ ਦਬਾਅ ਬਣਾਇਆ ਸੀ।
ਰੋਹਿਤ ਦੇ ਦੁਖਾਂਤ ਨੂੰ ਲੈ ਕੇ ਸਿਆਸਤ ਵੀ ਖੂਬ ਹੋਈ ਹੈ। ਪਹਿਲਾਂ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਹੈਦਰਾਬਾਦ ਜਾ ਕੇ ਕੇਂਦਰ ਸਰਕਾਰ ਤੇ ਭਾਜਪਾ ਨੂੰ ਭੰਡਿਆ। ਫਿਰ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅਜਿਹਾ ਕੀਤਾ। ਬਹੁਜਨ ਸਮਾਜ ਪਾਰਟੀ ਦੀ ਨੇਤਾ ਮਾਇਆਵਤੀ ਨੇ ਦਲਿਤ ਵਿਦਿਆਰਥੀਆਂ ਦੀ ਖੁਦਕੁਸ਼ੀ ਨੂੰ ਭਾਜਪਾ ਦੀਆਂ ‘ਜਾਤੀਵਾਦੀ ਜ਼ਿਆਦਤੀਆਂ’ ਦਾ ਨਤੀਜਾ ਦੱਸਿਆ।
ਭਾਜਪਾ ਦੇ ਆਪਣੇ ਦਲਿਤ ਸੰਸਦ ਮੈਂਬਰਾਂ ਨੇ ਵੀ ਪਾਰਟੀ ਤੇ ਕੇਂਦਰ ਸਰਕਾਰ ਦੇ ਰੁਖ਼ ‘ਤੇ ਨਾਖੁਸ਼ੀ ਪ੍ਰਗਟਾਈ। ਰੋਹਿਤ ਮਾਮਲੇ ਵਿਚ ਇਸ ਰਾਜਨੀਤੀ ਨੇ ਕੇਂਦਰ ਸਰਕਾਰ ਤੇ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਰਣਨੀਤੀ ਦੀ ਸਮੀਖਿਆ ਕਰਨ ਅਤੇ ਵੱਧ ਸੰਵੇਦਨੀ ਰੁਖ਼ ਅਪਨਾਉਣ ਲਈ ਮਜਬੂਰ ਕੀਤਾ। ਭਾਜਪਾ ਪਿਛਲੇ ਸਾਲ ਤੋਂ ਦਲਿਤਾਂ ਦੀ ਖ਼ੈਰਖਾਹ ਹੋਣ ਦਾ ਅਕਸ ਉਭਾਰਨ ਦੇ ਯਤਨ ਕਰਦੀ ਆ ਰਹੀ ਹੈ। ਡਾæ ਬੀæਆਰæ ਅੰਬੇਦਕਰ ਦੀ 125ਵੀਂ ਜੈਅੰਤੀ ਸ਼ਾਹੀ ਪੱਧਰ ‘ਤੇ ਮਨਾਉਣ ਦੇ ਐਲਾਨ ਤੇ ਪ੍ਰੋਗਰਾਮ ਦਲਿਤਾਂ ਨੂੰ ਪਾਰਟੀ ਨਾਲ ਜੋੜਨ ਦੇ ਹੀਲਿਆਂ ਦਾ ਅਹਿਮ ਹਿੱਸਾ ਹਨ। ਇਸ ਨੇ ਆਪਣੀ ਹਕੂਮਤ ਵਾਲੇ ਰਾਜਾਂ ਵਿਚ ਦਲਿਤਾਂ ਦੇ ਕਲਿਆਣ ਲਈ ਵਿਸ਼ੇਸ਼ ਯੋਜਨਾਵਾਂ ਵੀ ਆਰੰਭੀਆਂ ਹੋਈਆਂ ਹਨ। ਸ਼ਾਇਦ ਇਹੀ ਕਾਰਨ ਹੈ ਕਿ ਇਸ ਨੇ ਹੈਦਰਾਬਾਦ ਵਾਲੇ ਮਾਮਲੇ ਦੀ ਤਪਸ਼ ਮਹਿਸੂਸ ਹੁੰਦਿਆਂ ਹੀ ਰੁਖ ਪਲਟਣ ਵਿਚ ਦੇਰ ਨਹੀਂ ਲਾਈ। ਅਜਿਹੀ ਸੰਵੇਦਨਾ ਜੇ ਪਹਿਲਾਂ ਦਿਖਾਈ ਗਈ ਹੁੰਦੀ ਤਾਂ ਸ਼ਾਇਦ ਰੋਹਿਤ ਦੀ ਜਾਨ ਬਚ ਜਾਂਦੀ।
ਵਿਰੋਧੀ ਧਿਰ ਨੇ ਤਿੰਨ ਸਤੰਬਰ ਤੋਂ 19 ਨਵੰਬਰ ਤੱਕ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰਾਲੇ ਵੱਲੋਂ ਜਾਰੀ ਉਨ੍ਹਾਂ ਪੰਜ ਚਿੱਠੀਆਂ ਨੂੰ ਵੀ ਰੋਹਿਤ ਦੀ ਖੁਦਕੁਸ਼ੀ ਲਈ ਜ਼ਿੰਮੇਵਾਰ ਕਰਾਰ ਦਿੱਤਾ ਹੈ, ਜਿਨ੍ਹਾਂ ਰਾਹੀਂ ਬਾਅਦ ਵਿਚ ਕਾਰਵਾਈ ਕਰਨ ਬਾਰੇ ਪੁੱਛਿਆ ਗਿਆ ਸੀ। ਮਨੁੱਖੀ ਵਸੀਲਿਆਂ ਬਾਰੇ ਮੰਤਰਾਲੇ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਹੈ ਕਿ ਉਸ ਨੇ ਰੋਹਿਤ ਨੂੰ ਮੁਅੱਤਲ ਕਰਨ ਜਾਂ ਹੋਸਟਲ ਵਿਚੋਂ ਕੱਢਣ ਲਈ ਯੂਨੀਵਰਸਿਟੀ ‘ਤੇ ਕੋਈ ਦਬਾਅ ਪਾਇਆ ਸੀ।
__________________________________
ਹੈਦਰਾਬਾਦ ਯੂਨੀਵਰਸਿਟੀ ਦਾ ਵੀæਸੀæ ਛੁੱਟੀ ‘ਤੇ
ਹੈਦਰਾਬਾਦ: ਰੋਹਿਤ ਵੈਮੁਲਾ ਖੁਦਕੁਸ਼ੀ ਮਾਮਲੇ ਕਾਰਨ ਆਲੋਚਨਾ ਦੇ ਘੇਰੇ ਵਿਚ ਆਏ ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅੱਪਾ ਰਾਓ ਪੋਡਾਲ ਛੁੱਟੀ ਉਤੇ ਚਲੇ ਗਏ, ਪਰ ਇਸ ਨਾਲ ਪ੍ਰਦਰਸ਼ਨ ਫਿਰ ਭੜਕ ਗਏ। ਕਈ ਦਲਿਤ ਫੈਕਲਟੀ ਮੈਂਬਰਾਂ ਨੇ ਦੋਸ਼ ਲਾਇਆ ਕਿ ਜਿਸ ਪ੍ਰੋਫੈਸਰ ਨੂੰ ਵੀæਸੀæ ਦੇ ਅਹੁਦੇ ਦਾ ਅੰਤਰਿਮ ਚਾਰਜ ਦਿੱਤਾ ਗਿਆ ਹੈ, ਉਸ ਦੀ ਇਸ ਕੇਸ ਅਤੇ ਦਲਿਤ ਭਾਈਚਾਰੇ ਦੇ ਇਕ ਹੋਰ ਵਿਦਿਆਰਥੀ ਦੀ ਹੱਤਿਆ ਦੇ ਕੇਸ ਵਿਚ ਸ਼ਮੂਲੀਅਤ ਹੈ।
_____________________________________
ਅਸਹਿਣਸ਼ੀਲਤਾ ਤੋਂ ਦੇਸ਼ ਖੁਦ ਨੂੰ ਬਚਾਏ: ਮੁਖਰਜੀ
ਨਵੀਂ ਦਿੱਲੀ: ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਦੇਸ਼ ਨੂੰ ਹਿੰਸਾ, ਅਸਹਿਣਸ਼ੀਲਤਾ ਤੇ ਤਰਕਹੀਣਤਾ ਤੋਂ ਖ਼ੁਦ ਨੂੰ ਬਚਾਉਣਾ ਚਾਹੀਦਾ ਹੈ। ਦੇਸ਼ ਵਿਚ ਅਸਿਹਣਸ਼ੀਲਤਾ ਬਾਰੇ ਚੱਲ ਰਹੀ ਬਹਿਸ ਦੇ ਪਿਛੋਕੜ ਵਿਚ ਉਨ੍ਹਾਂ ਕਿਹਾ ਕਿ ਬੀਤੇ ਲਈ ਸਤਿਕਾਰ, ਰਾਸ਼ਟਰਵਾਦ ਦਾ ਅਹਿਮ ਸੂਤਰ ਹੈ। ਜਮਹੂਰੀ ਸੰਸਥਾਵਾਂ, ਸਾਰੇ ਨਾਗਰਿਕਾਂ ਲਈ ਨਿਆਂ, ਬਰਾਬਰੀ ਤੇ ਲਿੰਗਕ ਤੇ ਆਰਥਿਕ ਸਮਾਨਤਾ ਵਾਲੀ ਸਾਡੀ ਨਫ਼ੀਸ ਵਿਰਾਸਤ ਰਹੀ ਹੈ।
___________________________________
ਕੇਂਦਰ ਸਰਕਾਰ ਮਾਮਲੇ ਨੂੰ ਠੰਢਾ ਕਰਨ ਵਿਚ ਜੁਟੀ
ਨਵੀਂ ਦਿੱਲੀ/ਹੈਦਰਾਬਾਦ: ਹੈਦਰਾਬਾਦ ਸੈਂਟਰਲ ਯੂਨੀਵਰਿਸਟੀ ਦੇ ਦਲਿਤ ਖੋਜਾਰਥੀ ਰੋਹਿਤ ਵੇਮੁਲਾ ਵੱਲੋਂ ਖੁਦਕੁਸ਼ੀ ਤੋਂ ਬਾਅਦ ਪੈਦਾ ਹੋਏ ਹਾਲਾਤ ‘ਤੇ ਮਿੱਟੀ ਪਾਉਣ ਲਈ ਕੇਂਦਰ ਨੇ ਜੁਡੀਸ਼ਲ ਕਮਿਸ਼ਨ ਬਣਾਉਣ ਦਾ ਫੈਸਲਾ ਕੀਤਾ ਹੈ। ਯੂਨੀਵਰਸਿਟੀ ਨੇ ਵੀ ਮਾਹੌਲ ਠੰਢਾ ਕਰਨ ਲਈ ਰੋਹਿਤ ਦੇ ਪਰਿਵਾਰ ਨੂੰ ਅੱਠ ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਪਰ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਕੇਂਦਰੀ ਮੰਤਰੀਆਂ ਸਮ੍ਰਿਤੀ ਇਰਾਨੀ ਤੇ ਬੰਦਾਰੂ ਦੱਤਾਤ੍ਰੇਅ ਅਤੇ ਵਾਈਸ ਚਾਂਸਲਰ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਸੱਤ ਵਿਦਿਆਰਥੀਆਂ ਦੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਜਾਰੀ ਹੈ।