ਸ਼ੇਰਪੁਰ: ਪੰਜਾਬ ਵਿਚ ਔਰਤਾਂ ਨੂੰ ਵੀ ਨੰਬਰਦਾਰੀ ਦਾ ਚਸਕਾ ਲੱਗ ਗਿਆ ਹੈ। ਨੰਬਰਦਾਰ ਪਤੀ ਦੀ ਮੌਤ ਪਿੱਛੋਂ ਉਨ੍ਹਾਂ ਦੀਆਂ ਪਤਨੀਆਂ ਹੀ ‘ਕੁਰਸੀ’ ਸਾਂਭਣ ਲਈ ਹੱਥ-ਪੈਰ ਮਾਰ ਰਹੀਆਂ ਹਨ। ਪਿੰਡ ਟਿੱਬਾ ਦੀ ਬਾਰ੍ਹਵੀਂ ਪਾਸ ਸੁਖਵਿੰਦਰ ਕੌਰ (36 ਸਾਲ) ਆਪਣੇ ਪਿਤਾ ਮੱਘਰ ਸਿੰਘ ਦੀ ਮੌਤ ਮਗਰੋਂ ਉਨ੍ਹਾਂ ਦੀ ਥਾਂ ਨੰਬਰਦਾਰ ਹੈ। ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੇ ਮਾਪਿਆਂ ਦੀ ਇਕਲੌਤੀ ਧੀ ਹੈ ਅਤੇ ਉਸ ਦੇ ਪਿਤਾ ਆਪਣੇ ਕੰਮਾਂ-ਕਾਰਾਂ ਬਾਰੇ ਉਸ ਨੂੰ ਪਹਿਲਾਂ ਤੋਂ ਹੀ ਦੱਸਦੇ ਰਹਿੰਦੇ ਸੀ। ਉਨ੍ਹਾਂ ਦੀ ਮੌਤ ਮਗਰੋਂ ਨੰਬਰਦਾਰੀ ਲੈਣ ਲਈ ਉਸ ਨੂੰ ਲੰਬੀ ਕਾਨੂੰਨੀ ਪ੍ਰਕਿਰਿਆ ਵਿਚੋਂ ਲੰਘਣਾ ਪਿਆ।
ਉਸ ਦਾ ਪਤੀ ਫੌਜ ਵਿਚੋਂ ਸੇਵਾ-ਮੁਕਤ ਹੈ ਤੇ ਉਸ ਨੇ ਹਮੇਸ਼ਾ ਉਸ ਦਾ ਸਾਥ ਦਿੱਤਾ ਹੈ।
ਪਿੰਡ ਕਲੇਰਾਂ ਦੀ ਮੈਟ੍ਰਿਕ ਪਾਸ ਮਨਵਿੰਦਰ ਕੌਰ (39 ਸਾਲ) ਨੇ ਦੱਸਿਆ ਕਿ ਉਹਦਾ ਪਤੀ ਲਖਵੀਰ ਸਿੰਘ ਪਿੰਡ ਦਾ ਨੰਬਰਦਾਰ ਸੀ। ਉਸ ਦੀ ਸੜਕ ਹਾਦਸੇ ਵਿਚ ਮੌਤ ਹੋਣ ਮਗਰੋਂ ਜਥੇਬੰਦੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਉਹ ਨੰਬਰਦਾਰ ਬਣ ਗਈ। ਮਨਵਿੰਦਰ ਕੌਰ ਅਨੁਸਾਰ ਜ਼ਮੀਨੀ ਕੰਮਾਂ ਦੇ ਕਾਗਜ਼ਾਂ-ਪੱਤਰਾਂ ਸਬੰਧੀ ਉਸ ਦਾ ਪਤੀ ਉਸ ਦਾ ਸਹਿਯੋਗ ਲੈਂਦਾ ਸੀ ਅਤੇ ਵਿਚਾਰ-ਵਟਾਂਦਰਾ ਕਰਦੇ ਰਹਿਣ ਕਰਕੇ ਉਹ ਸਾਰੀਆਂ ਬਰੀਕੀਆਂ ਤੋਂ ਵਾਕਫ ਹੈ। ਇਸ ਕਿੱਤੇ ਵਿਚ ਔਰਤ ਨੂੰ ਮੁਸ਼ਕਲਾਂ ਬਾਰੇ ਉਨ੍ਹਾਂ ਕਿਹਾ ਕਿ ਤਹਿਸੀਲ ਵਿਚ ਕਈ ਵਾਰ ਸਬੰਧਤ ਅਧਿਕਾਰੀ ਸਮੇਂ ਸਿਰ ਨਾ ਆਉਣ ਤਾਂ ਮਹਿਲਾ ਨੰਬਰਦਾਰ ਨੂੰ ਤਹਿਸੀਲ ਵਿਚ ਬੈਠਣ ਲਈ ਕੋਈ ਪ੍ਰਬੰਧ ਨਾ ਹੋਣ ਕਰਕੇ ਅਧਿਕਾਰੀਆਂ ਦੀ ਲੰਬੀ ਉਡੀਕ ਕਰਨੀ ਔਖੀ ਹੋ ਜਾਂਦੀ ਹੈ।
ਪਿੰਡ ਈਨਾਬਾਜਵਾ ਦੀ ਰਜਿੰਦਰ ਕੌਰ (45 ਸਾਲ) ਪੇਕੇ ਪਿੰਡ ਆਪਣੇ ਪਿਤਾ ਮਹਿੰਦਰ ਸਿੰਘ ਦੀ ਮੌਤ ਮਗਰੋਂ ਨੰਬਰਦਾਰ ਬਣੀ ਪਰ ਸੂਤਰਾਂ ਅਨੁਸਾਰ ਪਿੰਡ ਵਿਚ ਵਿਰੋਧੀ ਧੜੇ ਵੱਲੋਂ ਚੁਣੌਤੀ ਦਿੱਤੇ ਜਾਣ ਕਾਰਨ ਉਸ ਦਾ ਮਾਮਲਾ ਵਿਭਾਗ ਦੇ ਉਚ ਅਧਿਕਾਰੀਆਂ ਕੋਲ ਵਿਚਾਰਨਯੋਗ ਹੈ। ਰਜਿੰਦਰ ਕੌਰ ਨੇ ਦੱਸਿਆ ਕਿ ਔਰਤਾਂ ਆਪਣੇ ਘਰ ਦਾ ਕੰਮ ਛੱਡ ਕੇ ਜਾਂਦੀਆਂ ਹਨ। ਸਰਕਾਰ ਵੱਲੋਂ ਨੰਬਰਦਾਰ ਲਈ ਨਿਰਧਾਰਤ ਕੀਤਾ ਇਕ ਹਜ਼ਾਰ ਰੁਪਏ ਭੱਤਾ ਬਹੁਤ ਘੱਟ ਹੈ।
ਨੰਬਰਦਾਰ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਮਹਿੰਦਰ ਸਿੰਘ ਜਹਾਂਗੀਰ ਦੀ ਮੌਤ ਮਗਰੋਂ ਜਥੇਬੰਦੀ ਵੱਲੋਂ ਉਸ ਦੀ ਪਤਨੀ ਹਰਬੰਸ ਕੌਰ ਜਹਾਂਗੀਰ ਨੂੰ ਵੀ ਨੰਬਰਦਾਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਪਿੰਡ ਗੁਰਬਖ਼ਸ਼ਪੁਰਾ ਦੀ ਨੰਬਰਦਾਰ ਅੰਗਰੇਜ਼ ਕੌਰ ਦੀ ਮੌਤ ਮਗਰੋਂ ਉਸ ਦੀ ਨੂੰਹ ਰਣਜੀਤ ਕੌਰ ਨੰਬਰਦਾਰੀ ਲੈਣ ਲਈ ਚਾਰਾਜੋਈ ਕਰ ਰਹੀ ਹੈ, ਜਦੋਂਕਿ ਕਾਤਰੋਂ ਤੋਂ ਗੁਰਦਿਆਲ ਕੌਰ ਅਤੇ ਈਸਾਪੁਰ ਤੋਂ ਬੀਬੀ ਲਾਭ ਕੌਰ ਨੰਬਰਦਾਰ ਹਨ।
_________________________________________________
ਹਰਿਆਣਾ ਦੀ ਮਹਿਲਾ ਸਰਪੰਚ ਦੀ ਨਵੀਂ ਪਹਿਲ
ਭਿਵਾਨੀ: ਹੁਣ ਵਿਆਹ ਕਰਵਾਉਣ ਤੋਂ ਪਹਿਲਾਂ ਐਚæਆਈæਵੀæ ਟੈਸਟ ਪਾਸ ਕਰਨਾ ਜ਼ਰੂਰੀ ਹੋਵੇਗਾ। ਇਹ ਐਲਾਨ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਦਾਦਰੀ ਉਪ ਮੰਡਲ ਵਿਚ ਪਿੰਡ ਚੰਦੇਨੀ ਦੀ ਪੰਚਾਇਤ ਨੇ ਕੀਤਾ ਹੈ। ਪੰਚਾਇਤ ਦੇ ਫੈਸਲੇ ਮੁਤਾਬਕ ਵਿਆਹ ਤੋਂ ਪਹਿਲਾਂ ਮੁੰਡੇ ਤੇ ਕੁੜੀ ਨੂੰ ਸਿਹਤ ਕੇਂਦਰ ਤੋਂ ਐਚæਆਈæਵੀæ ਟੈਸਟ ਕਰਵਾ ਕੇ ਤੰਦਰੁਸਤੀ ਦਾ ਸਰਟੀਫਿਕੇਟ ਪੰਚਾਇਤ ਨੂੰ ਦੇਣਾ ਪਏਗਾ। ਦਰਅਸਲ, ਇਸੇ ਮਹੀਨੇ ਹੀ ਹਰਿਆਣਾ ਵਿਚ ਹੋਈਆਂ ਪੰਚਾਇਤ ਚੋਣਾਂ ਵਿਚ ਚੰਦੇਨੀ ਪਿੰਡ ਦੀ ਕਮਾਨ ਮਹਿਲਾ ਸਰਪੰਚ ਮਮਤਾ ਸਾਂਗਵਾਨ ਨੂੰ ਸੌਂਪੀ ਗਈ ਹੈ। ਮਮਤਾ ਨੂੰ ਸਰਬਸੰਮਤੀ ਨਾਲ ਹੀ ਸਰਪੰਚ ਚੁਣਿਆ ਗਿਆ ਹੈ। ਪਿੰਡ ਦੀ ਇਸ ਨਵੀਂ ਸਰਪੰਚ ਨੇ ਕੁਝ ਨਵਾਂ ਕਰਨ ਦੀ ਇੱਛਾ ਰੱਖਦਿਆਂ ਪਿੰਡ ਦੇ ਪੰਚਾਂ, ਸਮਾਜ ਸੇਵੀ ਤੇ ਅਗਾਂਹਵਧੂ ਵਿਅਕਤੀਆਂ ਨਾਲ ਵਿਚਾਰ ਕਰਕੇ ਸਭ ਦੀ ਸਹਿਮਤੀ ਨਾਲ ਇਹ ਫੈਸਲਾ ਲਿਆ। ਫੈਸਲੇ ਮੁਤਾਬਕ ਪਿੰਡ ਨੂੰ ਇਸ ਬਿਮਾਰੀ ਤੋਂ ਮੁਕਤ ਰੱਖਣ ਲਈ ਜ਼ਰੂਰੀ ਹੈ ਕਿ ਵਿਆਹ ਤੋਂ ਪਹਿਲਾਂ ਐਚæਆਈæਵੀæ ਟੈਸਟ ਕਰਵਾਇਆ ਜਾਵੇ। ਇਹ ਫੈਸਲਾ ਇਕ ਵਿਆਹ ‘ਤੇ ਲਾਗੂ ਵੀ ਹੋ ਚੁੱਕਾ ਹੈ। ਪਿੰਡ ਦੇ ਧਰਮਜੀਤ ਨੇ ਆਪਣੇ ਵਿਆਹ ਤੋਂ ਪਹਿਲਾਂ ਐਚæਆਈæਵੀæ ਟੈਸਟ ਕਰਵਾ ਕੇ ਰਿਪੋਰਟ ਪੰਚਾਇਤ ਕੋਲ ਪੇਸ਼ ਕੀਤੀ ਤੇ ਇਸ ਤੋਂ ਬਾਅਦ ਹੀ ਵਿਆਹ ਕਰਵਾਇਆ। ਧਰਮਜੀਤ ਦੀ ਪਤਨੀ ਮਹੇਸ਼ ਨੇ ਵੀ ਇਸ ਪਹਿਲ ਦੀ ਸ਼ਲਾਘਾ ਕੀਤੀ। ਇਹ ਜੋੜਾ ਹੁਣ ਹੋਰ ਪੰਚਾਇਤਾਂ ਨੂੰ ਵੀ ਇਸ ਤਰ੍ਹਾਂ ਦਾ ਨਿਯਮ ਬਣਾਉਣ ਦੀ ਅਪੀਲ ਕਰ ਰਿਹਾ ਹੈ। ਚੰਦੇਨੀ ਦੀ ਪੰਚਾਇਤ ਮੁਤਾਬਕ ਉਹ ਆਪਣੇ ਪਿੰਡ ਨੂੰ ਭਵਿੱਖ ਵਿਚ ਏਡਜ਼ ਮੁਕਤ ਰੱਖਦਿਆਂ ਆਉਣ ਵਾਲੀ ਪੀੜੀ ਨੂੰ ਇਸ ਨਾਮੁਰਾਦ ਬਿਮਾਰੀ ਤੋਂ ਦੂਰ ਰੱਖਣਾ ਚਾਹੁੰਦੇ ਹਨ। ਪਿੰਡ ਵੱਲੋਂ ਆਪਣੇ ਇਲਾਕੇ ਨੂੰ ਇਸ ਬਿਮਾਰੀ ਤੋਂ ਮੁਕਤ ਕਰਵਾਉਣ ਲਈ ਵੀ ਖਾਸ ਮੁਹਿੰਮ ਚਲਾਈ ਜਾ ਰਹੀ ਹੈ। ਸਰਪੰਚ ਮਮਤਾ ਦਾ ਕਹਿਣਾ ਹੈ ਕਿ ਉਹ ਚਾਹੁੰਦੀ ਹੈ ਕਿ ਇਸ ਪਹਿਲ ਨੂੰ ਹਰਿਆਣੇ ਸਮੇਤ ਪੂਰੇ ਦੇਸ਼ ਵਿਚ ਅਪਣਾਇਆ ਜਾਵੇ ਤਾਂ ਜੋ ਪੂਰੇ ਦੇਸ਼ ਵਿਚ ਜਾਗਰੂਕਤਾ ਤੇ ਸਿਹਤਯਾਬੀ ਦੀ ਮੁਹਿੰਮ ਸਫਲ ਹੋ ਸਕੇ।