ਮੰਦੇ ਦੀ ਮਾਰ ਝੱਲਣ ਲਈ ਭਾਰਤ ਅਤੇ ਯੂæਕੇæ ਵੱਲੋਂ ਰਣਨੀਤੀ

ਲੰਡਨ: ਆਲਮੀ ਅਰਥਚਾਰੇ ਉਤੇ ਮੰਦੀ ਦਾ ਪਰਛਾਵਾਂ ਪੈਣ ਦੇ ਅੰਦੇਸ਼ਿਆਂ ਦਰਮਿਆਨ ਭਾਰਤ ਅਤੇ ਬ੍ਰਿਟੇਨ ਨੇ ਵਪਾਰ ਅਤੇ ਬਾਜ਼ਾਰ ਨੂੰ ਖੋਲ੍ਹਣ ਉਤੇ ਰਜ਼ਾਮੰਦੀ ਜਤਾਈ ਹੈ ਤਾਂ ਜੋ ਵਿਕਾਸ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਜਾ ਸਕੇ। ਦੋਵੇਂ ਮੁਲਕ ਬੁਨਿਆਦੀ ਸੁਧਾਰਾਂ ਨੂੰ ਅੱਗੇ ਵਧਾਉਣ ਤੇ ਸਰਹੱਦ ਪਾਰੋਂ ਟੈਕਸ ਚੋਰੀ ਨਾਲ ਜੁੜੇ ਮੁੱਦੇ ਸੁਲਝਾਉਣ ‘ਤੇ ਵੀ ਸਹਿਮਤ ਹੋ ਗਏ ਹਨ।

ਵਿੱਤ ਮੰਤਰੀ ਅਰੁਣ ਜੇਤਲੀ ਤੇ ਬ੍ਰਿਟੇਨ ਦੇ ਵਿੱਤ ਮੰਤਰੀ ਜੌਰਜ ਔਸਬਰਨ ਵਿਚਕਾਰ ਗੱਲਬਾਤ ਤੋਂ ਬਾਅਦ ਦੋਵੇਂ ਮੁਲਕ ਆਰਥਿਕ ਸਬੰਧਾਂ ਨੂੰ ਉਤਸ਼ਾਹਿਤ ਕਰਨ ‘ਤੇ ਵੀ ਰਾਜ਼ੀ ਹੋ ਗਏ। ਦੋਹਾਂ ਨੇ ਬੁਨਿਆਦੀ ਢਾਂਚੇ ਅਤੇ ਵਿੱਤੀ ਸੇਵਾ ਖੇਤਰ ਵਿਚ ਆਰਥਿਕ ਮਿਲਵਰਤਣ ਵਧਾਉਣ ਤੇ 2017 ਤੋਂ ਕਰ ਸਬੰਧੀ ਸੂਚਨਾਵਾਂ ਦੇ ਆਦਾਨ-ਪ੍ਰਦਾਨ ਪ੍ਰਤੀ ਨਵੇਂ ਸਿਰੇ ਤੋਂ ਵਚਨਬੱਧਤਾ ਦੁਹਰਾਈ।
ਸ੍ਰੀ ਜੇਤਲੀ ਤੇ ਔਸਬਰਨ ਦੀ ਮਿਲਣੀ ਤੋਂ ਬਾਅਦ ਸਾਂਝਾ ਬਿਆਨ ਵੀ ਜਾਰੀ ਕੀਤਾ ਗਿਆ। ਸ੍ਰੀ ਜੇਤਲੀ ਨੇ ਕਿਹਾ ਹੈ ਕਿ ਭਾਰਤ ਦੇ ਲਿਹਾਜ਼ ਨਾਲ ਅਸੀਂ ਚਾਹੁੰਦੇ ਹਾਂ ਕਿ ਬ੍ਰਿਟੇਨ ਦੇ ਨਿਵੇਸ਼ਕ ਭਾਰਤ ਵਿਚ ਬੁਨਿਆਦੀ ਢਾਂਚੇ ‘ਚ ਨਿਵੇਸ਼ ‘ਤੇ ਵਿਚਾਰ ਕਰਨ, ਜਿਸ ਲਈ ਕਈ ਸੰਭਾਵਨਾਵਾਂ ‘ਤੇ ਚਰਚਾ ਹੋਈ ਹੈ। ਵੱਡੀਆਂ ਬ੍ਰਿਟਿਸ਼ ਕੰਪਨੀਆਂ ਭਾਰਤੀ ਬੁਨਿਆਦੀ ਢਾਂਚੇ ‘ਚ ਨਿਵੇਸ਼ ਸ਼ੁਰੂ ਕਰਨ ਤੇ ਉਹ ਇਸ ਦੀਆਂ ਇੱਛੁਕ ਵੀ ਹਨ। ਉਨ੍ਹਾਂ ਭਾਰਤੀ ਹਾਈ ਕਮਿਸ਼ਨ ਵਿਚ ਕਿਹਾ ਕਿ ਕੌਮੀ ਨਿਵੇਸ਼ ਤੇ ਬੁਨਿਆਦੀ ਢਾਂਚਾ ਨਿਵੇਸ਼ ਫੰਡ (ਐਨæਆਈæਆਈæਐਫ਼) ਰਾਹੀਂ ਜਾਂ ਸਿੱਧੇ ਪ੍ਰੋਜੈਕਟਾਂ ਵਿਚ ਨਿਵੇਸ਼ ਬਾਰੇ ਵਿਚਾਰਾਂ ਕੀਤੀਆਂ ਹਨ। ਦੁਨੀਆਂ ਦੇ ਪੰਜਵੇਂ ਸਭ ਤੋਂ ਵੱਡੇ ਅਰਥਚਾਰੇ ਵੱਲੋਂ ਭਾਰਤ ‘ਚ ਸਮਾਰਟ ਸ਼ਹਿਰ ਵਿਕਸਤ ਕੀਤੇ ਜਾਣਗੇ। ਕੌਮਾਂਤਰੀ ਮੁਦਰਾ ਕੋਸ਼ ਵੱਲੋਂ ਆਲਮੀ ਮੰਦੀ ਦੀ ਚਿਤਾਵਨੀ ਬਾਰੇ ਸ੍ਰੀ ਜੇਤਲੀ ਨੇ ਕਿਹਾ ਕਿ ਉਹ ਵੀ ਆਲਮੀ ਵਿਕਾਸ ਵਿਚ ਆ ਰਹੀ ਗਿਰਾਵਟ ਤੋਂ ਫਿਕਰਮੰਦ ਹਨ ਅਤੇ ਇਸ ਦਾ ਖਤਰਾ ਵਧ ਗਿਆ ਹੈ। ਉਨ੍ਹਾਂ ਕਿਹਾ ਕਿ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਮੰਦੀ ਦਾ ਅਸਰ ਨਾ ਪਏ।
_____________________________________________
ਕੈਨੇਡਾ ਨੂੰ ਵੀ ਆਰਥਕ ਮੰਦਵਾੜੇ ਨੇ ਲਪੇਟਿਆ
ਟੋਰਾਂਟੋ: ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਤੇ ਕੈਨੇਡੀਅਨ ਡਾਲਰ ਦੇ ਘਟਦੇ ਮੁੱਲ ਨੇ ਮੁਲਕ ਦੀ ਆਰਥਿਕਤਾ ਨੂੰ ਹਿਲਾਉਣਾ ਸ਼ੁਰੂ ਕਰ ਦਿੱਤਾ ਹੈ। ਬੇਸ਼ੱਕ ਦਸਤਕਾਰੀ ਸਨਅਤ ਨੂੰ ਦਰਾਮਦ ਨਾਲ ਫਾਇਦਾ ਹੋ ਰਿਹਾ ਹੈ ਪਰ ਆਮ ਲੋਕਾਂ ਨੂੰ ਘਰੇਲੂ ਵਸਤਾਂ ਮਹਿੰਗੇ ਮੁੱਲ ਲੈਣੀਆਂ ਪੈ ਰਹੀਆਂ ਹਨ। ਮੌਜੂਦਾ ਹਾਲਾਤ ਨੂੰ ਭਾਂਪਦਿਆਂ ਬੈਂਕ ਆਫ ਕੈਨੇਡਾ ਨੇ ਆਪਣੀ ਵਿਆਜ ਦਰ ਨੂੰ 0æ5 ਫੀਸਦੀ ‘ਤੇ ਹੀ ਰੱਖਣ ਦਾ ਫੈਸਲਾ ਕੀਤਾ ਹੈ ਜਦ ਕਿ ਇਸ ਵਿਚ ਹੋਰ ਕਟੌਤੀ ਦੀ ਸੰਭਾਵਨਾ ਸੀ। ਅੱਜ-ਕੱਲ੍ਹ ਕੈਨੇਡੀਅਨ ਡਾਲਰ ਅਮਰੀਕਨ ਡਾਲਰ ਦੇ ਮੁਕਾਬਲੇ 68æ63 ‘ਤੇ ਆ ਗਿਆ ਹੈ ਅਤੇ ਮੁਲਕ ਦੇ ਅਰਥਚਾਰੇ ਨੂੰ ਪੈਰਾਂ ਸਿਰ ਕਰਨ ਲਈ ਬੈਂਕ ਅਤੇ ਵਿੱਤੀ ਮਹਿਕਮਾ ਹਰ ਹੀਲਾ ਕਰ ਰਹੇ ਹਨ। ਮਾਹਰਾਂ ਅਨੁਸਾਰ ਆਰਥਿਕਤਾ ਬੜੇ ਨਾਜ਼ੁਕ ਸਮੇਂ ‘ਚੋਂ ਲੰਘ ਰਹੀ ਹੈ ਪਰ ਅਗਲੇ ਦੋ ਸਾਲਾਂ ਤੱਕ ਸੰਭਲਣ ਦੀ ਆਸ ਕੀਤੀ ਗਈ ਹੈ। ਬੈਂਕ ਆਫ ਮਾਂਟਰੀਅਲ ਦੇ ਮੁੱਖ ਸਲਾਹਕਾਰ ਡਗਲਸ ਪੋਰਟਰ ਮੁਤਾਬਕ ਵਿਆਜ ਦਰ ਕਟੌਤੀ ਨਾਲ ਡਾਲਰ ਦੇ ਹੋਰ ਡਿੱਗਣ ਤੇ ਪਹਿਲਾਂ ਹੀ ਕਰਜ਼ਿਆਂ ਹੇਠ ਦੱਬੇ ਲੋਕਾਂ ਦਾ ਬੁਰਾ ਹਾਲ ਹੋਣ ਦਾ ਡਰ ਸੀ। ਡਾਲਰ ਦੀ ਮੰਦੀ ਨੇ ਜਿਥੇ ਸਬਜ਼ੀ-ਭਾਜੀ ਤੇ ਘਰੇਲੂ ਵਸਤਾਂ ਮਹਿੰਗੀਆਂ ਕੀਤੀਆਂ ਹਨ, ਉਥੇ ਅਮਰੀਕਾ ਵੱਲ ਜਾਣਾ ਵੀ ਜੇਬ ‘ਤੇ ਬੋਝ ਬਣਿਆ ਹੋਇਆ ਹੈ।