ਭਾਰਤ ਅਤੇ ਫਰਾਂਸ ਨੇ ਲਿਆ ਨਵੀਆਂ ਸਾਂਝਾ ਪਾਉਣ ਦਾ ਅਹਿਦ

ਚੰਡੀਗੜ੍ਹ: ਚੰਡੀਗੜ੍ਹ ਦੀ ਫੇਰੀ ‘ਤੇ ਆਏ ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਔਲਾਂਦ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਖਿਆ ਹੈ ਕਿ ਦੋਵੇਂ ਦੇਸ਼ ਜਿਥੇ ਵੱਖ-ਵੱਖ ਖੇਤਰਾਂ ਵਿਚ ਪਹਿਲਾਂ ਕੀਤੇ ਸਮਝੌਤਿਆਂ ਨੂੰ ਹੋਰ ਮਜ਼ਬੂਤ ਕਰਨਗੇ, ਉਥੇ ਸਮਾਰਟ ਸਿਟੀ ਰੇਲਵੇ, ਸੂਰਜੀ ਊਰਜਾ, ਆਲਮੀ ਤਪਸ਼ ਆਦਿ ਦੇ ਖੇਤਰ ਵਿਚ ਨਵੀਆਂ ਸਾਂਝਾਂ ਵੀ ਪਾਉਣਗੇ।

ਇਸ ਦੌਰਾਨ ਜਿਥੇ ਸ੍ਰੀ ਔਲਾਂਦ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਮੁਲਕ ਭਾਰਤ ਵਿਚ ਹਰੇਕ ਵਰ੍ਹੇ ਦਸ ਲੱਖ ਡਾਲਰ ਹੋਰ ਨਿਵੇਸ਼ ਕਰੇਗਾ, ਉਥੇ ਸ੍ਰੀ ਮੋਦੀ ਨੇ ਵੀ ਆਪਣਾ ਹੱਥ ਅੱਗੇ ਵਧਾਉਂਦਿਆਂ ਕਿਹਾ ਕਿ ਭਾਰਤ ਦੀ ਪ੍ਰਤਿਭਾ ਤੇ ਫਰਾਂਸ ਦੇ ਅਥਾਹ ਦ੍ਰਿੜ੍ਹ ਇਰਾਦੇ ਨਾਲ ਦੋਵਾਂ ਦੇਸ਼ਾਂ ਦੇ ਵਿਕਾਸ ਲਈ ਹੋਰ ਪੁਲਾਂਘਾਂ ਪੁੱਟੀਆਂ ਜਾਣਗੀਆਂ। ਦੋਵਾਂ ਆਗੂਆਂ ਨੇ ਰੌਕ ਗਾਰਡਨ, ਕੈਪੀਟਲ ਕੰਪਲੈਕਸ ਅਤੇ ਸਰਕਾਰੀ ਮਿਊਜ਼ੀਅਮ ਤੇ ਆਰਟ ਗੈਲਰੀ ਦਾ ਦੌਰਾ ਕਰਨ ਤੋਂ ਬਾਅਦ ਇਥੇ ਇਕ ਹੋਟਲ ਵਿਚ ਭਾਰਤ-ਫਰਾਂਸ ਕਾਰੋਬਾਰੀ ਸਿਖਰ ਸੰਮੇਲਨ ਵਿਚ ਸ਼ਿਰਕਤ ਕੀਤੀ। ਇਸ ਮੌਕੇ ਦੋਵਾਂ ਦੇਸ਼ਾਂ ਦੀਆਂ ਕਈ ਕੰਪਨੀਆਂ ਅਤੇ ਵਿਭਾਗਾਂ ਵੱਲੋਂ ਚੰਡੀਗੜ੍ਹ, ਨਾਗਪੁਰ ਤੇ ਪੁੱਡੂਚੇਰੀ ਨੂੰ ਸਮਾਰਟ ਸਿਟੀ ਬਣਾਉਣ, ਊਰਜਾ, ਹਵਾਈ ਅੱਡੇ, ਇੰਜੀਨੀਅਰਿੰਗ, ਰੇਲਵੇ, ਏਅਰ ਬੱਸ ਆਦਿ ਖੇਤਰਾਂ ਵਿਚ ਕਈ ਸਮਝੌਤੇ ਸਹੀਬੰਦ ਕੀਤੇ ਗਏ।
ਇਸ ਮੌਕੇ ਸ੍ਰੀ ਮੋਦੀ ਨੇ ਕਿਹਾ ਕਿ ਦੋਵੇਂ ਦੇਸ਼ ਅਤਿਵਾਦ ਤੋਂ ਚਿੰਤਤ ਹਨ। ਭਿਆਨਕ ਅਤਿਵਾਦੀ ਹਮਲੇ ਦੇ ਬਾਵਜੂਦ ਫਰਾਂਸ ਨੇ ਆਪਣੀ ਵਿਕਾਸ ਦੀ ਰਫ਼ਤਾਰ ਨੂੰ ਬਰਕਰਾਰ ਰੱਖ ਕੇ ਦੁਨੀਆਂ ਨੂੰ ਨਵਾਂ ਰਾਹ ਦਿਖਾਇਆ ਹੈ। ਇਸ ਵਿਚ ਫਰਾਂਸ ਦੇ ਮੀਡੀਆ ਤੇ ਆਮ ਜਨਤਾ ਦੀ ਵੱਡੀ ਦੇਣ ਹੈ ਅਤੇ ਇਸ ਤੋਂ ਭਾਰਤ ਨੂੰ ਵੀ ਸਿੱਖਣ ਦੀ ਲੋੜ ਹੈ। ਸ੍ਰੀ ਮੋਦੀ ਨੇ ਖੁਲਾਸਾ ਕੀਤਾ ਕਿ ਜਦੋਂ ਫਰਾਂਸ ਉਪਰ ਅਤਿਵਾਦੀ ਹਮਲਾ ਹੋਇਆ, ਉਨ੍ਹਾਂ ਉਦੋਂ ਹੀ ਫੈਸਲਾ ਲੈ ਲਿਆ ਸੀ ਭਾਰਤ ਦੇ ਅਗਲੇ ਗਣਤੰਤਰ ਦਿਵਸ ਸਮਾਗਮਾਂ ਦੇ ਮੁੱਖ ਮਹਿਮਾਨ ਫਰਾਂਸ ਦੇ ਰਾਸ਼ਟਰਪਤੀ ਹੀ ਹੋਣਗੇ।
ਉਨ੍ਹਾਂ ਕਿਹਾ ਕਿ ਅਤਿਵਾਦ ਵਿਰੁੱਧ ਲੜਨਾ ਮਾਨਵਤਾ ਦੀ ਸੱਚੀ ਸੇਵਾ ਹੈ ਅਤੇ ਭਾਰਤ ਤੇ ਫਰਾਂਸ ਸਾਂਝੇ ਤੌਰ ‘ਤੇ ਮਾਨਵਤਾ ਦੀ ਸੇਵਾ ਲਈ ਦੁਨੀਆਂ ਭਰ ਵਿਚੋਂ ਅਤਿਵਾਦ ਦਾ ਖਾਤਮਾ ਕਰਨ ਲਈ ਮੁਹਿੰਮ ਵਿੱਢਣਗੇ। ਉਨ੍ਹਾਂ ਦੁਨੀਆਂ ਵਿਚ ਸਾਈਬਰ ਸੁਰੱਖਿਆ ਨੂੰ ਦਰਪੇਸ਼ ਚੁਣੌਤੀਆਂ ‘ਤੇ ਵੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਇਸ ਵੇਲੇ ਭਾਰਤ ਵਿਚ 400 ਫਰਾਂਸੀਸੀ ਕੰਪਨੀਆਂ ਕੰਮ ਕਰ ਰਹੀਆਂ ਹਨ ਤੇ ਹੁਣ ਦੋਵੇਂ ਮੁਲਕ ਇਕ-ਦੂਜੇ ਦੀ ਲੋੜ ਬਣ ਚੁੱਕੇ ਹਨ। ਭਾਰਤ ਵਿਚ 2022 ਤੱਕ ਬੇਘਰਿਆਂ ਨੂੰ ਛੱਤ ਦੇਣ ਲਈ ਦੇਸ਼ ਵਿੱਚ ‘ਨਵਾਂ ਦੇਸ਼ ਵਸਾਉਣ’ ਦੀ ਲੋੜ ਹੈ ਅਤੇ ਇਸ ਲਈ ਵੀ ਫਰਾਂਸ ਵੱਲ ਹੱਥ ਵਧਾਇਆ ਜਾਵੇਗਾ। ਸ੍ਰੀ ਔਲਾਂਦ ਨੇ ਇਸ ਮੌਕੇ ਚੰਡੀਗੜ੍ਹ ਨਾਲ ਫਰਾਂਸ ਦੀ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਵਿੱਚ ਹਰੇਕ ਵਰ੍ਹੇ ਦਸ ਲੱਖ ਡਾਲਰ ਹੋਰ ਵਾਧੂ ਨਿਵੇਸ਼ ਕੀਤਾ ਜਾਵੇਗਾ। ਉਨ੍ਹਾਂ ਸੂਰਜੀ ਊਰਜਾ, ਟਰਾਂਸਪੋਰਟ, ਸਮਾਰਟ ਸਿਟੀ ਆਦਿ ਖੇਤਰਾਂ ਵਿਚ ਭਾਰਤ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸਿਰਫ ਸਮਝੌਤਿਆਂ ਨਾਲ ਤਸੱਲੀ ਨਹੀਂ ਹੁੰਦੀ ਤੇ ਇਹ ਸਾਂਝ ਸੱਚੇ ਰੂਪ ਵਿਚ ਕੀਤੀ ਜਾਵੇਗੀ। ਪਿਛਲੇ ਸਮੇਂ ਫਰਾਂਸ ਵਿਚ ਸ੍ਰੀ ਮੋਦੀ ਨਾਲ ਜਿਹੜੇ ਸਮਝੌਤੇ ਹੋਏ ਸਨ ਉਨ੍ਹਾਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ। ਉਨ੍ਹਾਂ ਦਾ ਇਹ ਭਾਰਤ ਦੌਰਾ ਸਾਂਝਾਂ ਪੀਡੀਆਂ ਕਰਨ ਵਿਚ ਸਹਾਈ ਹੋਵੇਗਾ। ਉਹ ਭਾਰਤ ਦੀ ਸੁਰੱਖਿਆ ਲਈ ਹਰੇਕ ਸਹਿਯੋਗ ਦੇਣਗੇ ਅਤੇ ਅਤਿਵਾਦ ਦੀ ਚੁਣੌਤੀ ਨਾਲ ਇਕੱਠਿਆਂ ਨਜਿੱਠਣਗੇ। ਉਨ੍ਹਾਂ ਆਲਮੀ ਤਪਸ਼ ਉਪਰ ਚਿੰਤਾ ਪ੍ਰਗਟ ਕਰਦਿਆਂ ਇਸ ਲਈ ਵੀ ਸਾਂਝੇ ਤੌਰ ‘ਤੇ ਕੰਮ ਕਰਨ ਦਾ ਸੱਦਾ ਦਿੱਤਾ।
_____________________________
ਰਾਫੇਲ ਸੌਦੇ ਉਤੇ ਭਾਅ ਨੂੰ ਲੈ ਕੇ ਮਤਭੇਦ ਬਰਕਰਾਰ
ਨਵੀਂ ਦਿੱਲੀ: ਭਾਰਤ ਤੇ ਫਰਾਂਸ ਵਿਚਕਾਰ 36 ਰਾਫੇਲ ਜੈੱਟ ਜਹਾਜ਼ਾਂ ਦੀ ਖਰੀਦ ਸਬੰਧੀ ਸਮਝੌਤੇ ਬਾਰੇ ਸਹਿਮਤੀ ਬਣਨ ਦੇ ਬਾਵਜੂਦ ਇਸ ਦੀ ਕੀਮਤ ਨੂੰ ਲੈ ਕੇ ਮਤਭੇਦ ਕਾਇਮ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਔਲਾਂਦ ਦਰਮਿਆਨ ਵੱਖ-ਵੱਖ ਮੁੱਦਿਆਂ ‘ਤੇ ਵਾਰਤਾ ਤੋਂ ਬਾਅਦ 14 ਸਮਝੌਤਿਆਂ ‘ਤੇ ਦਸਤਖ਼ਤ ਹੋਏ ਜਿਨ੍ਹਾਂ ਵਿਚ ਰਾਫੇਲ ਜੈੱਟਾਂ ਦੇ ਸੌਦੇ ਬਾਰੇ ਸਹਿਮਤੀ ਪੱਤਰ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਫਰਾਂਸ ਨੇ 36 ਰਾਫੇਲ ਲੜਾਕੂ ਜੈੱਟਾਂ ਦੀ ਖਰੀਦ ਲਈ ਦੋਵਾਂ ਦੇਸ਼ਾਂ ਵਿਚਾਲੇ ਸਮਝੌਤੇ (ਆਈæਜੀæਏæ) ਬਾਰੇ ਸਹਿਮਤੀ ਪੱਤਰ ‘ਤੇ ਦਸਤਖ਼ਤ ਕੀਤੇ ਹਨ। ਉਮੀਦ ਹੈ ਕਿ ਜੈੱਟਾਂ ਦੀ ਖਰੀਦ ਸਬੰਧੀ ਵਿੱਤੀ ਪੱਖ ਨੂੰ ਵੀ ਛੇਤੀ ਹੀ ਸੁਲਝਾ ਲਿਆ ਜਾਏਗਾ। ਫਰਾਂਸ ਦੇ ਰਾਸ਼ਟਰਪਤੀ ਨੇ ਕਿਹਾ ਕਿ ਜੈੱਟਾਂ ਦੀ ਖਰੀਦ ਸਬੰਧੀ ਕੁਝ ਵਿੱਤੀ ਮਸਲੇ ਹਨ ਜਿਨ੍ਹਾਂ ਨੂੰ ਹੱਲ ਕਰ ਲਿਆ ਜਾਏਗਾ। ਸਮਝੌਤੇ ‘ਤੇ 59 ਹਜ਼ਾਰ ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ। ਉਂਜ ਇਸ ਦੀ ਕੀਮਤ 65 ਹਜ਼ਾਰ ਕਰੋੜ ਰੁਪਏ ਮੰਗੀ ਗਈ ਸੀ।