ਮੀਨਾ ਕੰਦਾਸਾਮੀ
ਅਨੁਵਾਦ ਤੇ ਪੇਸ਼ਕਸ਼: ਬੂਟਾ ਸਿੰਘ
ਇਕ ਦਲਿਤ ਵਿਦਿਆਰਥੀ ਦੀ ਖ਼ੁਦਕੁਸ਼ੀ ਹਾਲਾਤ ਵਿਚੋਂ ਨਿਕਲਣ ਦਾ ਕਿਸੇ ਇਕੱਲੇ ਇਨਸਾਨ ਦਾ ਹੀਲਾ ਨਹੀਂ ਹੁੰਦੀ, ਇਹ ਉਸ ਸਮਾਜ ਨੂੰ ਸ਼ਰਮਿੰਦਾ ਕਰਨ ਦੀ ਕਾਰਵਾਈ ਹੁੰਦੀ ਹੈ, ਜਿਸ ਨੇ ਉਸ ਦਾ ਸਾਥ ਨਹੀਂ ਦਿੱਤਾ। ਰੋਹਿਤ ਵੇਮੁਲਾ ਦੀ ਮੌਤ ਉਨ੍ਹਾਂ ਵਲੋਂ ਜਾਤੀਵਾਦੀ, ਫਿਰਕਾਪ੍ਰਸਤ ਤਾਕਤਾਂ ਦੇ ਖ਼ਿਲਾਫ਼ ਚਲਾਏ ਜਾ ਰਹੇ ਸੰਘਰਸ਼ ਦੇ ਅਜਿਹੇ ਉਦਾਸੀ ਵਾਲੇ ਅੰਜਾਮ ਦੇ ਰੂਪ Ḕਚ ਸਾਹਮਣੇ ਆਈ ਹੈ, ਜਿਸ ਦਾ ਪਹਿਲਾਂ ਤੋਂ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਸੀ।
ਉਨ੍ਹਾਂ ਪੰਜ ਦਲਿਤ ਸਕਾਲਰਾਂ ਵਿਚੋਂ ਇਕ ਰੋਹਿਤ ਆਪਣੇ ਆਖ਼ਰੀ ਪਲ ਤਕ ਮਜ਼ਬੂਤੀ ਨਾਲ ਡੱਟਿਆ ਰਿਹਾ, ਜਿਨ੍ਹਾਂ ਨੂੰ ਪਿਛਾਖੜੀ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵਲੋਂ ਲਾਏ ਗਏ ਇਲਜ਼ਾਮਾਂ ਦੇ ਆਧਾਰ Ḕਤੇ ਹੈਦਰਾਬਾਦ ਯੂਨੀਵਰਸਿਟੀ ਵਿਚੋਂ ਕੱਢ ਦਿੱਤਾ ਗਿਆ ਸੀ। ਇਥੋਂ ਤਕ ਕਿ ਮੌਤ ਦੇ ਰਾਹ ਉਪਰ ਧੱਕੇ ਜਾਣ ਦੇ ਆਪਣੇ ਆਖ਼ਰੀ ਵਕਤ ਵੀ ਰੋਹਿਤ ਨੇ ਹਾਲਾਤ ਨਾਲ ਮੱਥਾ ਲਾਉਣ ਦੀ ਆਪਣੀ ਲਚਕ ਬਰਕਰਾਰ ਰੱਖੀ। ਉਹ ਵਿਦਿਆਰਥੀਆਂ ਦੇ ਅਸੁਰੱਖਿਅਤ ਹਾਲਾਤ ਬਾਰੇ ਸਾਡੀਆਂ ਅੱਖਾਂ ਖੋਲ੍ਹ ਗਿਆ ਅਤੇ ਸਾਡੇ ਸਿਖਿਆ ਪ੍ਰਬੰਧ ਦੀ ਅਸਲ ਹਾਲਤ ਨੂੰ ਵੀ ਜੱਗ-ਜ਼ਾਹਿਰ ਕਰ ਗਿਆ: ਦਲਿਤ ਵਿਦਿਆਰਥੀਆਂ ਨੂੰ ਕੱਢਣ ਦੇ ਦਹਾਕੇ ਪੁਰਾਣੇ ਇਤਿਹਾਸ ਵਾਲਾ ਇਕ ਵਾਈਸ ਚਾਂਸਲਰ, ਸੱਜੇ ਪੱਖੀ ਹਿੰਦੂਤਵੀ ਤਾਕਤਾਂ ਦੀ ਬਦਲਾ ਲਊ ਮੁਹਿੰਮ ਵਿਚ ਕੇਂਦਰੀ ਮੰਤਰੀਆਂ ਦੀ ਸ਼ਮੂਲੀਅਤ, ਸਮੁੱਚੀ ਪ੍ਰਸ਼ਾਸਨਿਕ ਮਸ਼ੀਨਰੀ ਦਾ ਹੁਕਮਰਾਨ ਸਿਆਸੀ ਪਾਰਟੀਆਂ ਦੀ ਕਠਪੁਤਲੀ ਬਣ ਜਾਣਾ ਅਤੇ ਸਮਾਜੀ ਬੇਪ੍ਰਵਾਹੀ ਦੇ ਤ੍ਰਾਸਦਿਕ ਸਿੱਟੇ।
ਇਨ੍ਹਾਂ ਪੰਜ ਦਲਿਤ ਵਿਦਿਆਰਥੀਆਂ ਨੂੰ ਕੱਢੇ ਜਾਣ ਤੋਂ ਵਧ ਕੇ ਇਸ ਦੀ ਕੋਈ ਜ਼ਬਰਦਸਤ ਮਿਸਾਲ ਨਹੀਂ ਮਿਲ ਸਕਦੀ ਕਿ ਜਾਤਪਾਤੀ ਪ੍ਰਬੰਧ ਕੰਮ ਕਿਵੇਂ ਕਰਦਾ ਹੈ! ਹਾਲਾਂਕਿ ਉਨ੍ਹਾਂ ਨੂੰ ਕੱਢੇ ਜਾਣ ਦੀ ਵਜ੍ਹਾ ਨਾਲ ਦਲਿਤ ਬਹੁਜਨ ਵਿਦਿਆਰਥੀ ਭਾਈਚਾਰੇ ਦਰਮਿਆਨ ਇਕਜੁੱਟਤਾ ਦੀ ਭਾਵਨਾ ਮਜ਼ਬੂਤ ਹੋਈ ਸੀ, ਲੇਕਿਨ ਉਨ੍ਹਾਂ ਨੂੰ ਕੱਢੇ ਜਾਣ ਦੀ ਕਾਰਵਾਈ ਨੇ ਖ਼ੌਫ਼ਨਾਕ ਹਕੀਕਤਾਂ ਚੇਤੇ ਕਰਾ ਦਿੱਤੀਆਂ ਹਨ। ਬਿਲਕੁਲ ਮਨੂ ਸਮ੍ਰਿਤੀ ਵਲੋਂ ਆਵਰਣਾਂ (ਭਾਵ ਦਲਿਤਾਂ) ਨੂੰ ਜਾਤਪਾਤੀ ਖ਼ਾਨਿਆਂ ਤੋਂ ਬਾਹਰ ਰਹਿਣ ਦੇ ਫ਼ਰਮਾਨ ਵਾਂਗ ਹੀ, ਇਸ ਸਜ਼ਾ ਵਿਚ ਵੀ ਉਹ ਸਾਰੇ ਪ੍ਰਤੀਕ ਸ਼ਾਮਲ ਸਨ ਜਿਨ੍ਹਾਂ ਵਿਚ ਜਾਤਪਾਤੀ ਸਫ਼ਾਈ ਦੀ ਧਾਰਨਾ ਛੁਪੀ ਹੋਈ ਸੀ।
ਸਿਖਿਆ ਹੁਣ ਜ਼ਾਬਤਾਬੱਧ ਕਰਨ ਜਾਣ ਵਾਲਾ ਉੱਦਮ ਬਣ ਗਈ ਹੈ, ਜੋ ਦਲਿਤ ਵਿਦਿਆਰਥੀਆਂ ਦੇ ਖ਼ਿਲਾਫ਼ ਕੰਮ ਕਰ ਰਹੀ ਹੈ: ਉਹ ਲਗਾਤਾਰ ਰਸਟੀਕੇਟ ਕਰ ਦਿੱਤੇ ਜਾਣ, ਹਮੇਸ਼ਾ ਲਈ ਕੱਢ ਦਿੱਤੇ ਜਾਣ, ਬਦਨਾਮ ਕੀਤੇ ਜਾਣ ਜਾਂ ਪੜ੍ਹਾਈ ਛੁੱਟ ਜਾਣ ਦੇ ਖ਼ੌਫ਼ ਹੇਠ ਜਿਉਂਦੇ ਹਨ। ਇਕ ਐਸੇ ਸਮਾਜ ਵਿਚ ਜਿੱਥੇ ਵਿਦਿਆਰਥੀਆਂ ਨੇ ਰਾਖਵੇਂਕਰਨ ਦੀਆਂ ਨੀਤੀਆਂ ਜ਼ਰੀਏ ਉਚ ਸਿੱਖਿਆ ਸੰਸਥਾਵਾਂ ਵਿਚ ਪਹੁੰਚਣ ਦੇ ਸਮਰੱਥ ਬਣਾਉਣ ਵਾਲੀ, ਸੁਰੱਖਿਆ ਦੇਣ ਵਾਲੀ ਧਾਰਨਾ ਦੇ ਤਹਿਤ ਇਹ ਯਕੀਨੀ ਬਣਾਏ ਜਾਣ ਲਈ ਵਿਆਪਕ ਸੰਘਰਸ਼ ਕੀਤਾ ਹੈ। ਕਿਸੇ ਨੇ ਵੀ ਇਸ ਗੱਲ ਉੱਪਰ ਚਾਨਣਾ ਪਾਉਣ ਦੀ ਹਿੰਮਤ ਨਹੀਂ ਕੀਤੀ ਕਿ ਇਨ੍ਹਾਂ ਵਿਚੋਂ ਕਿੰਨੇ ਵਿਦਿਆਰਥੀਆਂ ਨੂੰ ਇਸ ਦੀ ਇਜਾਜ਼ਤ ਮਿਲਦੀ ਹੈ ਕਿ ਉਹ ਡਿਗਰੀ ਹਾਸਲ ਕਰ ਕੇ ਇਨ੍ਹਾਂ ਸੰਸਥਾਵਾਂ ਤੋਂ ਕਾਮਯਾਬ ਹੋ ਕੇ ਵਾਪਸ ਮੁੜ ਸਕਣ, ਤੇ ਕਿੰਨਿਆਂ ਨੂੰ ਪੜ੍ਹਾਈ ਅੱਧ-ਵਿਚਾਲੇ ਹੀ ਛੱਡਣੀ ਪੈ ਜਾਂਦੀ ਹੈ ਅਤੇ ਇਸ ਤਰ੍ਹਾਂ ਉਹ ਨਾ-ਉਮੀਦੀ ਦੀ ਨਿਰਾਸ਼ਤਾ ਦੇ ਪੱਕੇ ਸ਼ਿਕਾਰ ਹੋ ਜਾਂਦੇ ਹਨ ਅਤੇ ਕਿੰਨੇ ਆਖ਼ਿਰਕਾਰ ਮੌਤ ਦੇ ਅੰਜਾਮ ਤਕ ਜਾ ਪਹੁੰਚਦੇ ਹਨ।
ਰੋਹਿਤ ਵੇਮੁਲਾ ਵਰਗੇ ਜੋ ਦਲਿਤ ਵਿਦਿਆਰਥੀ ਡਾਕਟਰਲ ਡਿਗਰੀ ਲਈ ਯੂਨੀਵਰਸਿਟੀਆਂ ਵਿਚ ਦਾਖ਼ਲ ਹੋਣ ਵਿਚ ਕਾਮਯਾਬ ਹੋ ਜਾਂਦੇ ਹਨ, ਇਹੀ ਉਨ੍ਹਾਂ ਦੀ ਸਮਝਦਾਰੀ, ਜ਼ਿਦ ਅਤੇ ਜਾਤਪਾਤੀ ਭੇਦਭਾਵ ਦੇ ਖ਼ਿਲਾਫ਼ ਉਨ੍ਹਾਂ ਦੇ ਅਣਥੱਕ ਸੰਘਰਸ਼ ਦੀ ਨਿਸ਼ਾਨੀ ਹੁੰਦੀ ਹੈ, ਉਹ ਭੇਦਭਾਵ ਜੋ ਪਹਿਲੇ ਦਿਨ ਤੋਂ ਹੀ ਉਨ੍ਹਾਂ ਨੂੰ ਤਬਾਹ ਕਰ ਦੇਣ ਦੀ ਕੋਸ਼ਿਸ਼ ਕਰਦਾ ਹੈ।
ਜਾਤਪਾਤੀ ਧੌਂਸ ਨਾਲ ਗੜੁੱਚ ਪਾਠ-ਪੁਸਤਕਾਂ, ਅਲਹਿਦਗੀ ਨੂੰ ਹੋਰ ਵੀ ਪੱਕਾ ਕਰ ਦੇਣ ਵਾਲੇ ਕਾਲਜ ਕੈਂਪਸਾਂ ਦਾ ਮਾਹੌਲ, ਆਪਣੇ ਹੈਂਕੜਬਾਜ਼ ਜਾਤਪਾਤੀ ਰੁਤਬੇ ਉਪਰ ਹੰਕਾਰ ਕਰਨ ਵਾਲੇ ਹਮਜਮਾਤੀ, ਉਨ੍ਹਾਂ ਨੂੰ ਬਦਤਰ ਭਵਿੱਖ ਵੱਲ ਧੱਕਣ ਵਾਲੇ ਅਧਿਆਪਕ ਜੋ ਇਸ ਤਰ੍ਹਾਂ ਉਨ੍ਹਾਂ ਦੇ ਨਾਕਾਮ ਰਹਿਣ ਦੀ ਪੇਸ਼ੀਨਗੋਈ ਨੂੰ ਸੱਚ ਸਾਬਤ ਕਰਦੇ ਹਨ- ਇਹ ਸਾਰੇ ਦਲਿਤ ਵਿਦਿਆਰਥੀਆਂ ਲਈ ਅਪਾਰ ਅਸੰਭਵ ਚੁਣੌਤੀਆਂ ਹਨ। ਬੌਧਿਕ ਸ਼੍ਰੇਸ਼ਟਤਾ ਦੇ ਵਿਚਾਰ ਵਿਚ ਰੰਗੀ ਹੋਈ ਜਾਤ ਉਪਰ ਜਦੋਂ ਅਕਾਦਮਿਕ ਜਗਤ ਦੇ ਦਾਇਰਿਆਂ ਵਿਚ ਅਮਲ ਕੀਤਾ ਜਾਂਦਾ ਹੈ, ਤਾਂ ਉਹ ਜ਼ਿੰਦਗੀਆਂ ਨੂੰ ਨਿਗਲ ਜਾਣ ਅਤੇ ਜਾਨਾਂ ਲੈਣ ਵਾਲਾ ਇਕ ਘੋਰ ਜ਼ਹਿਰ ਬਣ ਜਾਂਦੀ ਹੈ। ਜਮਾਤਾਂ ਦੇ ਕਮਰੇ ਜਾਤਪਾਤ ਦੇ ਵਿਰੁੱਧ ਟਾਕਰੇ ਅਤੇ ਉਸ ਦੇ ਖ਼ਾਤਮੇ ਦੀਆਂ ਥਾਂਵਾਂ ਬਣਨ ਦੀ ਬਜਾਏ ਉਨ੍ਹਾਂ ਲੋਕਾਂ ਦੀ ਬੇਕਾਬੂ ਜਾਤਪਾਤੀ ਤਾਕਤ ਦੀ ਦਾਅਵੇਦਾਰੀ ਬਣ ਜਾਂਦੇ ਹਨ ਜੋ ਦਵਿੱਜ ਹੋਣ ਅਤੇ ਗਿਆਨ ਦੇ ਸੰਚਾਰ ਦੇ ਪਾਵਨ ਧਾਗਿਆਂ ਵਿਚ ਯਕੀਨ ਰੱਖਦੇ ਹਨ ਅਤੇ ਜੋ ਜਮਾਂਦਰੂ ਤੌਰ Ḕਤੇ ਹੀ ਯਥਾ-ਸਥਿਤੀ ਨੂੰ ਬਰਕਰਾਰ ਰੱਖਣ ਨਾਲ ਬੱਝੇ ਹੋਏ ਹਨ।
ਬਾਈਕਾਟ ਦੇ ਖ਼ੌਫ਼ ਤੋਂ ਆਪਣੀ ਸ਼ਨਾਖ਼ਤ ਲੁਕੋਈ ਰੱਖਣ ਵਾਲੇ ਦਲਿਤ ਪਿਛੋਕੜ ਵਾਲੇ ਉਨ੍ਹਾਂ ਚੰਦ ਵਿਦਿਆਰਥੀਆਂ ਦੇ ਪਿਛੋਕੜ ਦੀ ਅਸਲੀਅਤ ਜਦੋਂ ਪਤਾ ਲੱਗ ਜਾਂਦੀ ਹੈ ਤਾਂ ਉਨ੍ਹਾਂ ਨੂੰ ਘੋਰ ਸਜ਼ਾ ਭੁਗਤਣੀ ਪੈਂਦੀ ਹੈ- ਮਿਥਹਾਸ ਵਾਲੇ ਪਾਤਰ ਕਰਨ ਵਾਂਗ ਉਨ੍ਹਾਂ ਨੂੰ ਜਾਨਲੇਵਾ ਨਾਕਾਮੀ ਦਾ ਸਰਾਪ ਦਿੱਤਾ ਜਾਂਦਾ ਹੈ। ਆਪਣੇ ਜ਼ੋਰ ਨਾਲ ਉਭਰਨ ਵਾਲੇ ਦਲਿਤ ਵਿਦਿਆਰਥੀਆਂ, ਜਿਨ੍ਹਾਂ ਦੀ ਸ਼ਨਾਖ਼ਤ ਸਾਰਿਆਂ ਦੇ ਸਾਹਮਣੇ ਪਹਿਲਾਂ ਹੀ ਜ਼ਾਹਿਰ ਹੁੰਦੀ ਹੈ ਤੇ ਜੋ ਕਹਾਵਤਾਂ ਵਿਚਲੇ ਏਕਲਵਿਯ ਬਣ ਜਾਂਦੇ ਹਨ, ਉਨ੍ਹਾਂ ਨੂੰ ਜ਼ਿੰਦਾ ਤਾਂ ਛੱਡ ਦਿੱਤਾ ਜਾਂਦਾ ਹੈ, ਲੇਕਿਨ ਉਨ੍ਹਾਂ ਨੂੰ ਆਪਣੀ ਕਲਾ ਦੇ ਜੌਹਰ ਵਿਖਾਉਣ ਤੋਂ ਨਾਕਾਮ ਬਣਾ ਦਿੱਤਾ ਜਾਂਦਾ ਹੈ। ਐਸਾ ਸਿਰਫ਼ ਵਿਦਿਆਰਥੀਆਂ ਨਾਲ ਹੀ ਨਹੀਂ ਹੁੰਦਾ, ਕਿਉਂਕਿ ਜਾਤਪਾਤੀ ਸੱਤਾ ਦੇ ਇਨ੍ਹਾਂ ਗਲਿਆਰਿਆਂ ਵਿਚ ਦਲਿਤ-ਬਹੁਜਨ ਫੈਕਲਟੀ ਨੂੰ ਭੀ ਸਮਾਜ ਵਿਚੋਂ ਛੇਕੇ ਦਿੱਤੇ ਜਾਣ ਦਾ ਸਾਹਮਣਾ ਕਰਨਾ ਪੈਂਦਾ ਹੈ। ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈæਆਈæਟੀæ) ਮਦਰਾਸ ਵਿਚ ਆਪਣੀ ਮਾਂ ਦੇ ਸੰਘਰਸ਼ ਨੂੰ ਮੈਂ ਜਿੰਨਾ ਹੈਰਾਨੀ ਨਾਲ ਤੱਕਿਆ ਹੈ, ਉਨੀ ਹੀ ਬੇਵਸੀ ਨਾਲ ਮੈਂ ਇਸ ਔਰਤ ਨੂੰ ਟੁੱਟਦੇ ਅਤੇ ਬਿਖਰਦੇ ਹੋਏ ਵੀ ਦੇਖਿਆ ਹੈ ਜੋ ਮੈਨੂੰ ਬਹੁਤ ਪਿਆਰੀ ਹੈ। ਸੂਚੀ ਦਰਜ ਜਾਤਾਂ, ਸੂਚੀ ਦਰਜ ਕਬੀਲਿਆਂ/ਹੋਰ ਪਿਛੜੇ ਵਰਗਾਂ ਦੇ ਫੈਕਲਟੀ ਮੈਂਬਰਾਂ ਦੀ ਸਾਡੇ ਆਈæਆਈæਟੀæ/ਇੰਡੀਅਨ ਇੰਸਟੀਚਿਊਟਸ ਆਫ ਮੈਨੇਜਮੈਂਟ ਅਤੇ ਯੂਨੀਵਰਸਿਟੀਆਂ ਵਿਚ ਨਾਂਮਾਤਰ ਨੁਮਾਇੰਦਗੀ ਇਸ ਜਾਤਪਾਤੀ ਵਿਤਕਰੇ ਨੂੰ ਹੋਰ ਜ਼ਰਬਾਂ ਦੇ ਦਿੰਦੀ ਹੈ, ਕਿਉਂਕਿ ਇਸ ਤਰ੍ਹਾਂ ਦੇ ਪਿਛੋਕੜਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਅਜਿਹੀ ਸਹਾਇਤਾ ਦੇਣ ਵਾਲਾ ਭਾਈਚਾਰਾ ਵੀ ਨਸੀਬ ਨਹੀਂ ਹੁੰਦਾ, ਜੋ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਸੁਣ ਸਕੇ ਜਾਂ ਉਨ੍ਹਾਂ ਨੂੰ ਸਲਾਹ ਦੇ ਸਕੇ।
ਬਾ੍ਰਹਮਣਵਾਦੀ ਪ੍ਰੋਫੈਸਰਾਂ ਦੇ ਇੰਟਰਵਿਊ ਪੈਨਲ ਅੱਗੇ ਜਿਨ੍ਹਾਂ ਦਾ ਦੋਖੀਪਣ ਕਿਸੇ ਫਾਇਰਿੰਗ ਸੁਕਐਡ ਦੀ ਯਾਦ ਦਿਵਾ ਦਿੰਦਾ ਹੈ, ਕੋਈ ਵਿਦਿਆਰਥੀ/ਵਿਦਿਆਰਥਣ ਆਪਣੇ ਬਲਬੂਤੇ ਕਿਵੇਂ ਟਿਕ ਸਕਦਾ/ਸਕਦੀ ਹੈ? ਇਹ ਪ੍ਰੋਫੈਸਰ ਜਿਨ੍ਹਾਂ ਨੇ ਇਕ ਪਾਸੇ ਹੋ ਸਕਦਾ ਹੈ ਕਿ ਨਿਊਕਲੀਅਰ ਭੋਤਿਕ ਵਿਗਿਆਨ ਵਿਚ ਮੁਹਾਰਤ ਹਾਸਲ ਕਰ ਲਈ ਹੋਵੇ, ਲੇਕਿਨ ਦੂਜੇ ਪਾਸੇ ਆਪਣੇ ਲਾਡਲੇ ਜਾਤਪਾਤੀ ਤੁਅੱਸਬਾਂ ਨੂੰ ਹਿੱਕ ਨਾਲ ਲਾਈ ਰੱਖਦੇ ਹਨ; ਤੇ ਉਹ ਅਕਾਦਮਿਕ ਜਗਤ ਵਿਚ ਜਾਤਪਾਤੀ ਦਹਿਸ਼ਤਵਾਦ ਦੇ ਮਸਲੇ ਦੇ ਮਹਿਜ਼ ਇਕ ਪਾਸਾਰ ਦੀ ਹੀ ਨੁਮਾਇੰਦਗੀ ਕਰਦੇ ਹਨ। ਜਦੋਂ ਉਨ੍ਹਾਂ ਦਾ ਮੇਲ ਏæਬੀæਵੀæਪੀæ ਵਰਗੇ ਪਿਛਾਖੜੀ ਸਿਆਸੀ ਵਿਦਿਆਰਥੀ ਗਰੋਹਾਂ ਨਾਲ ਹੋ ਜਾਂਦਾ ਹੈ ਤਾਂ ਇਹ ਖ਼ਤਰਨਾਕ ਪੱਧਰ Ḕਤੇ ਜਾ ਪਹੁੰਚਦਾ ਹੈ।
ਸਾਡੀਆਂ ਯੂਨੀਵਰਸਿਟੀਆਂ ਆਧੁਨਿਕ ਕਤਲਗਾਹਾਂ ਬਣ ਚੁੱਕੀਆਂ ਹਨ। ਸਾਰੇ ਹੀ ਹੋਰ ਮੈਦਾਨ-ਏ-ਜੰਗ ਵਾਂਗ, ਉੱਚ ਸਿੱਖਿਆ ਸੰਸਥਾਵਾਂ ਵੀ ਜਾਤਪਾਤੀ ਵਿਤਕਰੇ ਦੇ ਨਾਲ-ਨਾਲ ਹੋਰ ਚੀਜ਼ਾਂ ਵਿਚ ਮੁਹਾਰਤ ਹਾਸਲ ਕਰ ਚੁੱਕੀਆਂ ਹਨ। ਉਹ ਵਿਦਿਆਰਥਣਾਂ ਅਤੇ ਔਰਤ ਫੈਕਲਟੀ ਦੇ ਲਿੰਗਕ ਸ਼ੋਸ਼ਣ ਲਈ ਬਦਨਾਮ ਹਨ; ਕਹਾਣੀਆਂ ਜੋ ਦਬਾ ਦਿੱਤੀਆਂ ਜਾਂਦੀਆਂ ਹਨ, ਕਹਾਣੀਆਂ ਜਿਨ੍ਹਾਂ ਨੂੰ ਵਿਰੋਧ ਕਰਨ ਵਾਲੀਆਂ ਸ਼ਿਕਾਇਤ ਕਰਤਾਵਾਂ ਦੀ ਕਿਰਦਾਰਕੁਸ਼ੀ ਕਰਨ ਲਈ ਤੋੜ-ਮਰੋੜ ਕੇ ਪੇਸ਼ ਕੀਤਾ ਦਿੱਤਾ ਜਾਂਦਾ ਹੈ, ਜੋ ਆਵਾਜ਼ ਉਠਾਉਂਦੀਆਂ ਹਨ, ਤੇ ਜੋ ਆਪਣੇ ਨਾਲ ਧਮਕੀ ਹੇਠ, ਮਜਬੂਰੀ ਵੱਸ ਜਾਂ ਜ਼ਬਰਦਸਤੀ ਸੈਕਸ ਸਬੰਧ ਬਣਾਉਣ ਦੇ ਕਿਸੇ ਵੀ ਯਤਨ ਨੂੰ ਕਾਮਯਾਬ ਨਹੀਂ ਹੋਣ ਦਿੰਦੀਆਂ। ਜਿਵੇਂ ਰੋਹਿਤ ਦੀ ਖ਼ੁਦਕੁਸ਼ੀ ਨੇ ਖ਼ਾਮੋਸ਼ੀਆਂ ਨੂੰ ਤੋੜਦੇ ਹੋਏ ਜਾਤਪਾਤ ਦੀ ਕਾਤਲ ਸ਼ਨਾਖ਼ਤ ਜੱਗ-ਜ਼ਾਹਿਰ ਕਰ ਦਿੱਤੀ ਹੈ, ਐਨ ਉਸੇ ਤਰ੍ਹਾਂ ਇਕ ਦਿਨ ਅਸੀਂ ਉਨ੍ਹਾਂ ਔਰਤਾਂ ਦੀਆਂ ਕਹਾਣੀਆਂ ਵੀ ਸੁਣਾਂਗੇ ਜਿਨ੍ਹਾਂ ਨੂੰ ਇਨ੍ਹਾਂ ਏਕਾਂਤ ਟਾਪੂਆਂ ਤੋਂ ਮੌਤ ਦੇ ਸਮੁੰਦਰ ਦੇ ਹਵਾਲੇ ਕਰ ਦਿੱਤਾ ਗਿਆ।
ਅਸੀਂ ਹੈਦਰਾਬਾਦ ਯੂਨੀਵਰਸਿਟੀ ਮਾਮਲੇ ਵਿਚ ਜੋ ਦੇਖਿਆ ਹੈ, ਉਹ ਜਾਤਪਾਤੀ ਸ਼੍ਰੇਸ਼ਟਤਾ ਅਤੇ ਸਿਆਸੀ ਮਿਲੀਭੁਗਤ ਦਾ ਖ਼ਤਰਨਾਕ ਗੰਢ-ਚਿਤਰਾਵਾ ਹੈ। ਵਿਦਿਆਰਥੀਆਂ ਨੂੰ ਧਮਕਾਉਣ ਅਤੇ ਦਬਾਉਣ ਵਿਚ ਰਾਜ-ਮਸ਼ੀਨਰੀ, ਖ਼ਾਸ ਕਰ ਕੇ ਪੁਲਿਸ ਬਲਾਂ ਦੀ ਭੂਮਿਕਾ ਕੈਂਪਸਾਂ ਵਿਚ ਜਬਰ ਦੇ ਪੁਰਾਣੇ ਅਤੇ ਅਜ਼ਮਾਏ ਹੋਏ ਤਰੀਕਿਆਂ ਵਜੋਂ ਪੈਰ ਜਮਾ ਚੁੱਕੀ ਹੈ। ਆਈæਆਈæਟੀæ ਮਦਰਾਸ ਵਿਚ ਅੰਬੇਡਕਰ ਪੇਰੀਆਰ ਸਟੱਡੀ ਸਰਕਲ ਦੀ ਮਾਨਤਾ ਖ਼ਤਮ ਕਰਨ ਤੋਂ ਬਾਅਦ ਦੇ ਦਿਨਾਂ ਵਿਚ ਵਰਦੀਧਾਰੀ ਮਰਦ-ਔਰਤਾਂ ਕੈਂਪਸ ਵਿਚ ਹਰ ਜਗ੍ਹਾ ਦਿਨ-ਰਾਤ ਤਾਇਨਾਤ ਰਹਿੰਦੇ ਸਨ ਅਤੇ ਇਸ ਦੇ ਗੇਟਾਂ ਦੀ ਪਹਿਰੇਦਾਰੀ ਕਰਦੇ ਸਨ (ਇਹ ਫ਼ੈਸਲਾ ਕਾਫ਼ੀ ਵਿਰੋਧ ਤੋਂ ਬਾਅਦ ਵਾਪਸ ਲਿਆ ਗਿਆ ਸੀ)। ਹੁਣ ਇਸੇ ਤਰ੍ਹਾਂ ਹੈਦਰਾਬਾਦ ਕੈਂਪਸ ਵਿਚ ਹਥਿਆਰਬੰਦ ਪੁਲਿਸ ਦੀ ਭਾਰੀ ਤਾਇਨਾਤੀ ਹੈ ਅਤੇ ਦਫ਼ਾ 144 ਦੇ ਤਹਿਤ ਕਰਫ਼ਿਊ ਲਗਾ ਦਿੱਤਾ ਗਿਆ।
ਰੋਹਿਤ ਤੁਸੀਂ ਕਾਰਲ ਸੇਗਾਨ ਵਾਂਗ ਵਿਗਿਆਨ ਲੇਖਕ ਬਣਨ ਦਾ ਆਪਣਾ ਖ਼ਵਾਬ ਪਿੱਛੇ ਛੱਡ ਗਏ ਹੋ ਅਤੇ ਸਾਡੇ ਕੋਲ ਸਿਰਫ਼ ਤੁਹਾਡੇ ਸ਼ਬਦ ਰਹਿ ਗਏ ਹਨ। ਹੁਣ ਸਾਡੇ ਹਰ ਸ਼ਬਦ ਵਿਚ ਤੁਹਾਡੀ ਮੌਤ ਦਾ ਵਜ਼ਨ ਹੈ, ਹਰ ਅੱਥਰੂ ਵਿਚ ਤੁਹਾਡਾ ਅਧੂਰਾ ਖ਼ਵਾਬ ਹੈ। ਅਸੀਂ ਵਿਸਫੋਟ ਹੋਣ ਲਈ ਤਿਆਰ-ਬਰ-ਤਿਆਰ ਉਹ ਤਾਰਾ-ਮੰਡਲ ਬਣਾਂਗੇ ਜਿਸ ਦੀ ਗੱਲ ਤੁਸੀਂ ਕੀਤੀ ਹੈ, ਉਹ ਮੰਡਲ ਜਿਸ ਦੀ ਜ਼ੁਬਾਨ ਉਪਰ ਜਾਤਪਾਤ ਦੇ ਇਸ ਜਾਬਰ ਪ੍ਰਬੰਧ ਨੂੰ ਸਾੜ ਕੇ ਸੁਆਹ ਕਰ ਦੇਣ ਦੀ ਦਾਸਤਾਨ ਹੋਵੇਗੀ। ਇਸ ਮੁਲਕ ਦੀ ਹਰ ਯੂਨੀਵਰਸਿਟੀ ਵਿਚ, ਹਰ ਕਾਲਜ ਵਿਚ, ਹਰ ਸਕੂਲ ਵਿਚ, ਸਾਡੇ ਹਰ ਨਾਅਰੇ ਵਿਚ ਤੁਹਾਡੇ ਸੰਘਰਸ਼ ਦਾ ਜਜ਼ਬਾ ਹੋਵੇਗਾ। ਡਾæ ਅੰਬੇਡਕਰ ਨੇ ਜਾਤਪਾਤ ਨੂੰ ਐਸਾ ਸ਼ੈਤਾਨ ਕਰਾਰ ਦਿੱਤਾ ਸੀ ਜੋ ਤੁਸੀਂ ਜਿੱਧਰ ਵੀ ਮੂੰਹ ਕਰੋ, ਤੁਹਾਡਾ ਰਸਤਾ ਕੱਟਦਾ ਨਜ਼ਰ ਆਉਂਦਾ ਹੈ ਅਤੇ ਹਿੰਦੁਸਤਾਨੀ ਸਿੱਖਿਆ ਸੰਸਥਾਵਾਂ ਜੋ ਅਗਰਾਹਰਮ (ਦੱਖਣ ਵਿਚ ਸਿਰਫ਼ ਤੇ ਸਿਰਫ਼ ਬ੍ਰਾਹਮਣਾਂ ਦੇ ਖ਼ਾਸ ਹਾਰਨੁਮਾ ਬਣਤਰ ਵਾਲੇ ਪਿੰਡ ਜਿਨ੍ਹਾਂ ਦੇ ਇਕ ਸਿਰੇ Ḕਤੇ ਸ਼ਿਵ ਦਾ ਅਤੇ ਦੂਜੇ ਉਪਰ ਵਿਸ਼ਨੂੰ ਦਾ ਮੰਦਰ ਹੁੰਦਾ ਹੈ) ਬਣ ਚੁੱਕੀਆਂ ਹਨ, ਉਨ੍ਹਾਂ ਦੇ ਅੰਦਰ ਸਾਡੀ ਜਿਸਮਾਨੀ ਮੌਜੂਦਗੀ ਵਿਚ ਹੀ ਜਾਤਪਾਤ ਦੇ ਬੀਜ-ਨਾਸ਼ ਦਾ ਪੈਗ਼ਾਮ ਸਮੋਇਆ ਹੋਣਾ ਚਾਹੀਦਾ ਹੈ।
ਅਕਾਦਮਿਕ ਜਗਤ ਉਪਰ ਆਪਣੀ ਹੱਕ-ਜਤਾਈ ਕਰਨ ਵਾਲੇ ਇਕ ਦਲਿਤ, ਇਕ ਸ਼ੂਦਰ, ਇਕ ਆਦਿਵਾਸੀ, ਇਕ ਬਹੁਜਨ, ਇਕ ਔਰਤ ਨਾਲ ਸਾਹਮਣਾ ਹੋਣ Ḕਤੇ ਹਰ ਘਿਨਾਉਣੀ ਜਾਤਪਾਤੀ ਤਾਕਤ ਨੂੰ ਥਰ-ਥਰ ਕੰਬਣ ਦਿਓ, ਉਨ੍ਹਾਂ ਨੂੰ ਇਹ ਅਹਿਸਾਸ ਹੋਣ ਦਿਓ ਕਿ ਅਸੀਂ ਇਥੇ ਐਸੇ ਪ੍ਰਬੰਧ ਦਾ ਖ਼ਾਤਮਾ ਕਰਨ ਲਈ ਆਏ ਹਾਂ ਜੋ ਸਾਨੂੰ ਖ਼ਤਮ ਕਰਨ ਦੀ ਪੂਰੀ ਵਾਹ ਲਾਉਂਦਾ ਰਿਹਾ ਹੈ, ਕਿ ਅਸੀਂ ਇਥੇ ਉਨ੍ਹਾਂ ਲੋਕਾਂ ਲਈ ਹਊਆ ਬਣਨ ਆਏ ਹਾਂ ਜਿਨ੍ਹਾਂ ਨੇ ਸਾਥੋਂ ਸਾਡੇ ਖ਼ਵਾਬ ਖੋਹਣ ਦੀ ਹਿੰਮਤ ਕੀਤੀ ਹੈ। ਉਨ੍ਹਾਂ ਨੂੰ ਇਸ ਦਾ ਅਹਿਸਾਸ ਹੋਣ ਦਿਓ ਕਿ ਵੈਦਿਕ ਯੁਗ, ਪਵਿੱਤਰ ਗ੍ਰੰਥਾਂ ਦੀ ਗੱਲ ਕੰਨੀਂ ਪਾ ਲੈਣ ਵਾਲੇ ਸ਼ੂਦਰ ਦੇ ਕੰਨਾਂ ਵਿਚ ਸਿੱਕਾ ਢਾਲ ਕੇ ਪਾਉਣ ਦਾ ਯੁਗ, ਵਾਂਝੇ ਕੀਤੇ ਗਏ ਗਿਆਨ ਨੂੰ ਆਪਣੀ ਜ਼ੁਬਾਨ ਉਪਰ ਲਿਆਉਣ ਦੀ ਜ਼ੁਅਰਤ ਕਰਨ ਵਾਲਿਆਂ ਦੀ ਜ਼ੁਬਾਨ ਵੱਢ ਦੇਣ ਦਾ ਯੁਗ ਕਦੋਂ ਦਾ ਬੀਤ ਚੁੱਕਾ ਹੈ।
ਹੁਣ ਉਹ ਇਹ ਸਮਝ ਲੈਣ ਕਿ ਅਸੀਂ ਤਾਲੀਮ ਲੈਣ, ਸੰਘਰਸ਼ ਕਰਨ ਅਤੇ ਜਥੇਬੰਦ ਹੋਣ ਲਈ ਇਨ੍ਹਾਂ ਗੜ੍ਹਾਂ-ਮੱਠਾਂ ਉਪਰ ਹੱਲਾ ਬੋਲ ਦਿੱਤਾ ਹੈ; ਅਸੀਂ ਇਥੇ ਮਰਨ ਲਈ ਨਹੀਂ ਆਏ, ਅਸੀਂ ਸਿੱਖਣ ਲਈ ਆਏ ਹਾਂ, ਲੇਕਿਨ ਜਾਤਪਾਤ ਦੇ ਸ਼ੈਤਾਨਾਂ ਅਤੇ ਉਨ੍ਹਾਂ ਦੇ ਕਰਿੰਦੇ ਇਹ ਗੱਲ ਸਮਝ ਲੈਣ ਕਿ ਅਸੀਂ ਇਥੇ ਉਨ੍ਹਾਂ ਨੂੰ ਇਕ ਐਸਾ ਸਬਕ ਸਿਖਾਉਣ ਵੀ ਆਏ ਹਾਂ, ਜਿਸ ਨੂੰ ਉਹ ਕਦੀ ਭੁੱਲ ਨਹੀਂ ਸਕਣਗੇ।