ਗਲੋਬਲ ਵਾਰਮਿੰਗ ਤੋਂ ਵੱਧ ਮਾਰੂ ਹੈ ਦਹਿਸ਼ਤਗਰਦੀ ਦੀ ਤਪਸ਼

-ਜਤਿੰਦਰ ਪਨੂੰ
ਵਾਤਾਵਰਣ ਦੀ ਵਿਸ਼ੇਸ਼ ਜਾਣਕਾਰੀ ‘ਤੇ ਚਿੰਤਾ ਰੱਖਣ ਵਾਲੇ ਮਾਹਰਾਂ ਦੀ ਮਿਹਰਬਾਨੀ ਕਿ ਉਨ੍ਹਾਂ ਨੇ ਹਰ ਦੇਸ਼ ਦੇ ਲੋਕਾਂ ਨੂੰ ਸੰਸਾਰ ਪੱਧਰ ਉਤੇ ਵਧਦੇ ਜਾਂਦੇ ਉਸ ਸੇਕ ਬਾਰੇ ਸੁਚੇਤ ਕਰ ਦਿੱਤਾ ਹੈ, ਜਿਸ ਨੂੰ ਅੰਗਰੇਜ਼ੀ ਵਿਚ ‘ਗਲੋਬਲ ਵਾਰਮਿੰਗ’ ਕਿਹਾ ਜਾਂਦਾ ਹੈ। ਇਹ ਇੱਕ ਸੱਚਾਈ ਹੈ। ਜਿਨ੍ਹਾਂ ਅੰਟਾਰਕਟਿਕਾ ਵਰਗੇ ਟਿਕਾਣਿਆਂ ਉਤੇ ਮਿੱਟੀ ਦੀ ਤਹਿ ਲੱਭਣੀ ਮੁਸ਼ਕਲ ਸੀ ਤੇ ਸਿਰਫ ਬਰਫ ਦੇ ਪਹਾੜ ਹੁੰਦੇ ਸਨ, ਹੁਣ ਉਥੇ ਬਰਫ ਦੀਆਂ ਤਹਿਆਂ ਨੀਵੀਂਆਂ ਹੋਣ ਲੱਗੀਆਂ ਹਨ ਤੇ ਉਨ੍ਹਾਂ ਹੇਠ ਕਦੇ ਨਾ ਕਦੇ ਕਿਸੇ ਥਾਂ ਧਰਤੀ ਦਿੱਸਣ ਲੱਗ ਪਈ ਹੈ।

ਇਸ ਨਾਲ ਸਾਰੇ ਸੰਸਾਰ ਦਾ ਪੌਣ-ਪਾਣੀ ਵਿਗੜਦਾ ਜਾਂਦਾ ਹੈ ਤੇ ਅਗਲੀਆਂ ਪੀੜ੍ਹੀਆਂ ਦੀ ਚਿੰਤਾ ਕਰਨ ਵਾਲੇ ਮਾਹਰ ਇਸ ਹਾਲਤ ਨੂੰ ਹੋਰ ਵਿਗਾੜ ਵੱਲ ਜਾਣੋਂ ਰੋਕਣ ਦੇ ਯਤਨਾਂ ਵਿਚ ਹਨ। ਸਾਡੀਆਂ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ। ਉਂਜ ਸੰਸਾਰ ਦੇ ਲੋਕਾਂ ਨੂੰ ਇਹ ਜਾਣਨਾ ਚਾਹੀਦਾ ਹੈ ਕਿ ਇਹ ਯਤਨ ਬੜੇ ਜ਼ਰੂਰੀ ਹੁੰਦਿਆਂ ਵੀ ਇਰਾਕ ਵਿਚਲੇ ਲੋਕਾਂ ਨੂੰ ਬਾਹਲੀ ਖਿੱਚ ਨਹੀਂ ਪਾਉਂਦੇ, ਜਿਨ੍ਹਾਂ ਨੂੰ ਅਗਲੇ ਦਿਨ ਦਾ ਸੂਰਜ ਚੜ੍ਹਨ ਤੱਕ ਜ਼ਿੰਦਾ ਰਹਿਣ ਦਾ ਭਰੋਸਾ ਨਹੀਂ। ਜਿਸ ਦੇ ਸਿਰ ਉਤੇ ਤਲਵਾਰ ਲਟਕ ਰਹੀ ਹੋਵੇ, ਉਸ ਬੰਦੇ ਦਾ ਸਿਰ ਅੰਟਾਰਕਟਿਕਾ ਵਾਲੇ ਬਰਫਾਨੀ ਤੋਦਿਆਂ ਬਾਰੇ ਨਹੀਂ ਸੋਚਦਾ। ਉਸ ਬੰਦੇ ਵਾਸਤੇ ਇੱਕੋ ਗੱਲ ‘ਆਪ ਮਰੇ, ਜੱਗ ਪਰਲੋ’ ਦੇ ਮੁਹਾਵਰੇ ਵਾਲੀ ਬਾਕੀ ਸਭਨਾਂ ਤੋਂ ਵੱਡੀ ਹੁੰਦੀ ਹੈ। ਇਹ ਸਥਿਤੀ ਅੱਜ ਦੇ ਸੰਸਾਰ ਵਿਚ ਕਈ ਦੇਸ਼ਾਂ ਵਿਚ ਬਣੀ ਪਈ ਹੈ ਤੇ ਬਾਕੀ ਦੇਸ਼ਾਂ ਵਿਚ ਦਿਨੋ-ਦਿਨ ਬਣਦੀ ਜਾ ਰਹੀ ਹੈ।
ਅਸੀਂ ਪਹਿਲਾਂ ਇਤਿਹਾਸ ਵਿਚ ਇਹ ਪੜ੍ਹਿਆ ਸੀ ਕਿ ਫੌਜਾਂ ਦੂਸਰੇ ਦੇਸ਼ਾਂ ਉਤੇ ਹਮਲੇ ਕਰਦੀਆਂ ਸਨ ਤੇ ਉਹ ਦੇਸ਼ ਆਪਣੇ ਬਚਾਅ ਦੀ ਲੜਾਈ ਲੜਦੇ ਸਨ। ਪਿਛਲੇ ਸਾਲ ਇਹ ਵੇਖ ਲਿਆ ਕਿ ਜਿਨ੍ਹਾਂ ਦੇਸ਼ਾਂ ਵਿਚਲੀ ਹਾਲਤ ਬਹੁਤੀ ਖਰਾਬ ਸੀ, ਉਨ੍ਹਾਂ ਵਿਚੋਂ ਹਜ਼ਾਰਾਂ ਲੋਕਾਂ ਦੇ ਕਾਫਲੇ ਦੂਸਰੇ ਵਿਕਸਤ ਦੇਸ਼ਾਂ ਨੂੰ ਤੁਰ ਪਏ ਤੇ ਸਿੱਧੀ ਚੁਣੌਤੀ ਦੇਣ ਲੱਗੇ ਕਿ ਮਾਰਨਾ ਹੈ ਤਾਂ ਮਾਰ ਦਿਓ, ਹੁਣ ਪਿੱਛੇ ਅਸੀਂ ਨਹੀਂ ਜਾਣਾ। ਕਾਰਨ ਉਹ ਇੱਕੋ ਦੱਸਦੇ ਸਨ ਕਿ ਉਥੇ ਵੀ ਅਸੀਂ ਜਿਊਂਦਿਆਂ ਵਿਚ ਨਹੀਂ, ਇਸ ਲਈ ਮਰਨਾ ਹੈ ਤਾਂ ਇਥੇ ਹੀ ਮਾਰ ਦਿਓ। ਹਾਲਾਤ ਇਥੋਂ ਤੱਕ ਵਿਗੜਦੇ ਜਾਣ ਦੀ ਜ਼ਿੰਮੇਵਾਰੀ ਆਪਣੇ ਸਿਰ ਕੋਈ ਨਹੀਂ ਲੈ ਰਿਹਾ। ਜਿਹੜੇ ਦੇਸ਼ਾਂ ਦੇ ਹਾਕਮਾਂ ਦੀ ਗਲਤੀ ਨਾਲ ਹਾਲਾਤ ਇਨੇ ਵਿਗੜ ਗਏ ਹਨ, ਉਹ ਇਸ ਸਥਿਤੀ ਦਾ ਸੇਕ ਆਪਣੇ ਤੱਕ ਪਹੁੰਚਣ ਬਾਰੇ ਵੀ ਨਹੀਂ ਸੋਚਦੇ। ਸੰਸਾਰ ਕੂਟਨੀਤੀ ਵਿਚ ਇੱਕ-ਦੂਸਰੇ ਨੂੰ ਠਿੱਬੀ ਲਾਉਣ ਦੀ ਖੇਡ ਨੇ ਹਾਲਾਤ ਇਥੋਂ ਤੱਕ ਪੁਚਾਏ ਹਨ ਕਿ ਕੁਦਰਤ ਦੇ ਨਾਲ ਖਿਲਵਾੜ ਤੋਂ ਪੈਦਾ ਹੋਈ ਗਲੋਬਲ ਵਾਰਮਿੰਗ ਨਾਲੋਂ ਸਿਵਿਆਂ ਦੇ ਸੇਕ ਦੀ ਤਪਸ਼ ਨੂੰ ਵੱਧ ਫਿਕਰ ਵਾਲੀ ਕਰ ਛੱਡਿਆ ਹੈ। ਜਿਨ੍ਹਾਂ ਦੇਸ਼ਾਂ ਵਿਚ ਇਹ ਤਪਸ਼ ਹੱਦੋਂ ਬਾਹਰੀ ਹੈ, ਉਹ ਗਲੋਬਲ ਵਾਰਮਿੰਗ ਬਾਰੇ ਬਹੁਤਾ ਨਹੀਂ ਸੋਚ ਸਕਦੇ।
ਅਸੀਂ ਇਸੇ ਹਫਤੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਸਰਹੱਦੀ ਗਾਂਧੀ ਖਾਨ ਅਬਦੁਲ ਗਫਾਰ ਖਾਂ ਦੇ ਨਾਂ ਵਾਲੀ ਯੂਨੀਵਰਸਿਟੀ ਉਤੇ ਦਹਿਸ਼ਤਗਰਦ ਹਮਲੇ ਦੀ ਘਟਨਾ ਦਾ ਸੇਕ ਵੇਖਿਆ ਹੈ। ਸਰਹੱਦੀ ਗਾਂਧੀ ਸਾਂਝੇ ਭਾਰਤ ਦੀ ਆਜ਼ਾਦੀ ਲਹਿਰ ਵਿਚ ਵੀ ਵੱਡੀ ਹਸਤੀ ਸਨ ਤੇ ਵੰਡ ਹੋਣ ਨਾਲ ਇੱਕ ਵੱਖਰਾ ਦੇਸ਼ ਪਾਕਿਸਤਾਨ ਬਣਨ ਮਗਰੋਂ ਵੀ ਦੋਵਾਂ ਦੇਸ਼ਾਂ ਦੇ ਲੋਕਾਂ ਦੀ ਭਾਈਚਾਰਕ ਸਾਂਝ ਵਾਸਤੇ ਉਨ੍ਹਾਂ ਦੀ ਇੱਕ ਖਾਸ ਭੂਮਿਕਾ ਰਹੀ। ਉਸ ਮਹਾਨ ਮਨੁੱਖ ਦੀ ਯਾਦ ਵਿਚ ਹੋ ਰਹੇ ਸਮਾਗਮ ਮੌਕੇ ਗੋਲੀ ਚਲਾਈ ਗਈ। ਜਿੰਨੇ ਲੋਕ ਇਸ ਇੱਕੋ ਕਾਂਡ ਦੌਰਾਨ ਮਾਰੇ ਗਏ, ਇਸ ਕਾਂਡ ਤੋਂ ਪਹਿਲੇ ਤਿੰਨ ਦਿਨਾਂ ਵਿਚ ਹੋਏ ਤਿੰਨ ਕਾਂਡਾਂ ਵਿਚ ਵੀ ਏਨੇ ਕੁ ਮਾਰੇ ਜਾ ਚੁੱਕੇ ਸਨ। ਨਾਲ ਲੱਗਦੇ ਅਫਗਾਨਿਸਤਾਨ ਵਿਚ ਵੀ ਉਨ੍ਹਾਂ ਤਿੰਨ ਦਿਨਾਂ ਵਿਚ ਲਗਾਤਾਰ ਗੋਲੀ ਕਾਂਡ ਹੋਏ ਅਤੇ ਰੋਜ਼ ਕਦੇ ਦਰਜਨ ਤੇ ਕਦੇ ਡੇਢ ਦਰਜਨ ਲੋਕ ਮਰਦੇ ਰਹੇ। ਉਸ ਦਿਨ ਵੀ ਅਫਗਾਨਿਸਤਾਨ ਵਿਚ ਗੋਲੀ ਚੱਲੀ ਅਤੇ ਉਸੇ ਦਿਨ ਸੋਮਾਲੀਆ ਵਿਚ ਇੱਕ ਵੱਡਾ ਕਾਂਡ ਹੋ ਗਿਆ। ਅਗਲੇ ਦਿਨ ਮਿਸਰ ਵਿਚ ਇਹੋ ਜਿਹਾ ਇੱਕ ਕਾਂਡ ਵਾਪਰ ਜਾਣ ਕਾਰਨ ਏਨੇ ਹੀ ਲੋਕ ਮਾਰੇ ਗਏ ਸਨ। ਇਨ੍ਹਾਂ ਸਾਰੇ ਦੇਸ਼ਾਂ ਵਿਚ ਮਾਰੇ ਜਾਣ ਵਾਲੇ ਇਹ ਲੋਕ ਆਖਰ ਨੂੰ ਮਨੁੱਖ ਹੀ ਸਨ।
ਮਨੁੱਖ ਨੂੰ ਬਾਕੀ ਸਾਰੇ ਜੀਵਾਂ ਨਾਲੋਂ ਵੱਧ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ, ਪਰ ਮਨੁੱਖਾਂ ਬਾਰੇ ਹੀ ਇਹ ਗੱਲ ਕਹੀ ਜਾਂਦੀ ਹੈ ਕਿ ਜਿਸ ਨੂੰ ਆਪਣੀ ਪੀੜ ਨਹੀਂ, ਉਹ ਦੂਜੇ ਦੀ ਪੀੜ ਨੂੰ ਪੀੜ ਨਹੀਂ ਸਮਝਦਾ। ਆਪਣੇ ਪੈਰ ਨੂੰ ਵੱਜੀ ਸੂਲ਼ ਵੀ ਤੜਫਾਉਂਦੀ ਹੈ ਤੇ ਦੂਸਰੇ ਦੇ ਹੱਥ-ਪੈਰ ਵੱਢੇ ਜਾਣ ਨੂੰ ਵੀ ਮਾਮੂਲੀ ਖਬਰ ਸਮਝਦਾ ਹੈ। ਬਹੁਤ ਵਾਰੀ ਅਸੀਂ ਵੇਖਦੇ ਹਾਂ ਕਿ ਸਾਡੇ ਗਲੀ-ਗਵਾਂਢ ਵਿਚ ਦੋ ਮੋਟਰ ਸਾਈਕਲ ਵੀ ਮੋੜ ਉਤੇ ਭਿੜ ਜਾਣ ਤਾਂ ਅਗਲੇ ਦੋ ਹਫਤੇ ਅਸੀਂ ਆਨੇ-ਬਹਾਨੇ ਉਸ ਦਾ ਜ਼ਿਕਰ ਕਰ ਲੈਂਦੇ ਹਾਂ, ਪਰ ਦੂਸਰੇ ਸ਼ਹਿਰ ਵਿਚ ਦੋ ਬੱਸਾਂ ਭਿੜ ਕੇ ਦਸ ਬੰਦੇ ਮਰਨ ਦੀ ਖਬਰ ਵੀ ਸਾਡੇ ਲਈ ਸਿਰਫ ਉਸੇ ਦਿਨ ਦੀ ਚਰਚਾ ਜੋਗੀ ਰਹਿੰਦੀ ਹੈ, ਅਗਲੇ ਦਿਨ ਯਾਦ ਨਹੀਂ ਹੁੰਦੀ।
ਇਹੋ ਕਾਰਨ ਹੈ ਕਿ ਸਾਰੇ ਜੀਵਾਂ ਤੋਂ ਵੱਧ ਸੰਵੇਦਨਸ਼ੀਲ ਮੰਨੇ ਜਾਂਦੇ ਮਨੁੱਖਾਂ ਨੇ ਸੰਸਾਰ ਵਿਚ ਦਹਿਸ਼ਤਗਰਦੀ ਦੀ ਸਾੜ੍ਹਸਤੀ ਨੂੰ ਇੱਕੋ ਜਿਹਾ ਮੰਨਣਾ ਛੱਡ ਦਿੱਤਾ ਹੈ। ਅਮਰੀਕਾ ਦੇ ਕਿਸੇ ਸਕੂਲ ਜਾਂ ਸ਼ਾਪਿੰਗ ਮਾਲ ਵਿਚ ਕਿਤੇ ਗੋਲੀ ਚੱਲਦੀ ਹੈ ਤਾਂ ਰਾਸ਼ਟਰਪਤੀ ਬਰਾਕ ਓਬਾਮਾ ਉਸ ਉਤੇ ਆਪਣੀ ਚਿੰਤਾ ਪ੍ਰਗਟ ਕਰਦਾ ਹੈ ਤੇ ਮੁੜ-ਮੁੜ ਇਹ ਚਿੰਤਾ ਜ਼ਾਹਰ ਕਰਦਾ ਹੈ। ਫਰਾਂਸ ਵਿਚ ਲੋਕਾਂ ਦੇ ਮਾਰੇ ਜਾਣ ਮਗਰੋਂ ਉਹ ਅਫਸੋਸੇ ਮਨ ਨਾਲ ਪੇਸ਼ ਹੁੰਦਾ ਹੈ, ਪਰ ਕੀਨੀਆ ਵਿਚ ਇਸ ਤੋਂ ਵੱਧ ਲੋਕ ਮਾਰੇ ਜਾਣ ਪਿੱਛੋਂ ਸਿਰਫ ਇੱਕ ਦਿਨ ਛੋਟਾ ਜਿਹਾ ਬਿਆਨ ਦੇਣਾ ਕਾਫੀ ਮੰਨਦਾ ਹੈ। ਦੁਨੀਆਂ ਦੇ ਲੋਕਾਂ ਨੂੰ ਬਰਾਕ ਓਬਾਮਾ ਤੇ ਕੀਨੀਆ ਦੇ ਰਿਸ਼ਤੇ ਦਾ ਪਤਾ ਹੀ ਨਹੀਂ। ਬਰਾਕ ਦੀ ਮਾਂ ਸਟੈਨਲੀ ਇੱਕ ਅਮਰੀਕਨ ਔਰਤ ਸੀ, ਪਰ ਬਰਾਕ ਓਬਾਮਾ ਦਾ ਬਾਪ ਕੀਨੀਆ ਦਾ ਰਹਿਣ ਵਾਲਾ ਸੀ, ਜਿੱਥੋਂ ਦੀ ਇੱਕ ਯੂਨੀਵਰਸਿਟੀ ਵਿਚ ਦੋ ਅਪਰੈਲ 2015 ਦੇ ਦਿਨ ਦਹਿਸ਼ਤਗਰਦਾਂ ਨੇ ਗੋਲੀ ਚਲਾ ਕੇ 148 ਮਨੁੱਖਾਂ ਦੀ ਜਾਨ ਲੈ ਲਈ। ਫਰਾਂਸ ਵਿਚ ਇਸੇ ਸਾਲ ਹੋਏ ਦੋਵੇਂ ਹਮਲੇ ਵੀ ਇਸਲਾਮੀ ਦਹਿਸ਼ਤਗਰਦਾਂ ਨੇ ਕੀਤੇ ਸਨ ਅਤੇ ਕੀਨੀਆ ਦੀ ਗਰੀਸਾ ਯੂਨੀਵਰਸਿਟੀ ਵਿਚ ਏਡੀ ਵੱਡੀ ਖੂਨੀ ਵਾਰਦਾਤ ਵੀ ਉਨ੍ਹਾਂ ਇਸਲਾਮੀ ਦਹਿਸ਼ਤਗਰਦਾਂ ਨੇ ਹੀ ਕੀਤੀ ਸੀ।
ਅਸੀਂ ਇਸ ਘਟਨਾ ਦਾ ਜ਼ਿਕਰ ਕਿਸੇ ਤਰ੍ਹਾਂ ਬਰਾਕ ਓਬਾਮਾ ਦੀ ਸੋਚ ਨੂੰ ਸੰਤੁਲਨ ਤੋਂ ਸੱਖਣੀ ਦੱਸਣ ਦੇ ਲਈ ਨਹੀਂ ਕਰ ਰਹੇ, ਸਗੋਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜਦੋਂ ਮਹਾਂ-ਸ਼ਕਤੀ ਦਾ ਮਾਣ ਕਰਨ ਵਾਲੇ ਅਮਰੀਕਾ ਦਾ ਮੁਖੀਆ ਵੀ ਇਹ ਵਿਹਾਰ ਕਰਦਾ ਹੈ ਤਾਂ ਦੂਸਰੇ ਇਸ ਨਾਲੋਂ ਵੱਖਰੇ ਨਹੀਂ ਹੋ ਸਕਦੇ। ਜਿਹੜੇ ਵੀ ਦੇਸ਼ ਵਿਚ ਇਸ ਵੇਲੇ ਦਹਿਸ਼ਤਗਰਦੀ ਹੈ, ਉਸ ਸਬੰਧ ਵਿਚ ਸੰਸਾਰ ਦੇ ਹੋਰ ਆਗੂਆਂ ਦਾ ਵਿਹਾਰ ਇਸੇ ਤਰ੍ਹਾਂ ਦਾ ਹੈ।
ਚੀਨ ਦੇ ਪੱਛਮੀ ਸੂਬੇ ਸਿੰਜਿਆਂਗ ਵਿਚ ਉਈਘਰ ਮੁਸਲਿਮ ਆਬਾਦੀ ਦੀ ਬਹੁ-ਗਿਣਤੀ ਹੈ ਤੇ ਉਨ੍ਹਾਂ ਦਾ ਇੱਕ ਵੱਡਾ ਹਿੱਸਾ ਇਹ ਮੰਨ ਕੇ ਚੱਲਦਾ ਹੈ ਕਿ ਇਥੇ ਇਸਲਾਮਿਕ ਰਾਜ ਹੋਣਾ ਚਾਹੀਦਾ ਹੈ। ਇਸ ਬਾਰੇ ਹੁਣ ਚੀਨ ਦੇ ਹਾਕਮ ਬਹੁਤ ਸਖਤੀ ਵਰਤ ਰਹੇ ਹਨ, ਪਰ ਜਦੋਂ ਇਹ ਜੜ੍ਹ ਲੱਗੀ ਸੀ, ਉਦੋਂ ਚਿੰਤਾ ਨਹੀਂ ਸਨ ਕਰਦੇ। ਇੱਕ ਵੇਲੇ ਭਾਰਤ ਦੇ ਖਿਲਾਫ ਲੜਾਈ ਵਿਚ ਜਹਾਦੀ ਕਹਾਉਂਦੇ ਦਹਿਸ਼ਤਗਰਦ ਜਦੋਂ ਕਸ਼ਮੀਰ ਘਾਟੀ ਵਿਚ ਔਖ ਮਹਿਸੂਸ ਕਰਦੇ ਸਨ ਤਾਂ ਇਸੇ ਚੀਨੀ ਇਲਾਕੇ ਵਿਚ ਚਲੇ ਜਾਂਦੇ ਸਨ ਤੇ ਚੀਨੀ ਸੁਰੱਖਿਆ ਏਜੰਸੀਆਂ ਇਸ ਲਈ ਪਨਾਹ ਦੇਂਦੀਆਂ ਸਨ ਕਿ ਇਹ ਭਾਰਤ ਨੂੰ ਭੁਆਂਟਣੀ ਦੇਣ ਦਾ ਕੰਮ ਕਰਦੇ ਹਨ। ਪਾਕਿਸਤਾਨ ਸਰਕਾਰ ਵੀ ਚੀਨੀ ਹਾਕਮਾਂ ਤਕ ਇਸ ਗੱਲ ਲਈ ਪਹੁੰਚ ਕਰਦੀ ਸੀ ਕਿ ਇਨ੍ਹਾਂ ਨੂੰ ਵੇਲੇ-ਕੁਵੇਲੇ ਚਾਰ ਦਿਨ ਕੱਟ ਲੈਣ ਦਿਆ ਕਰੋ। ਉਹ ਜਿਹੜੇ ਇਲਾਕਿਆਂ ਵਿਚ ਕੁਝ ਦਿਨ ਟਿਕ ਗਏ, ਉਥੇ ਮੁਸਲਿਮ ਭਾਈਚਾਰੇ ਨੂੰ ਆਪਣੇ ਕੱਟੜਪੰਥੀਪੁਣੇ ਦੀ ਪਿਓਂਦ ਕਰ ਆਏ, ਜਿਸ ਨੂੰ ਹੁਣ ਚੀਨ ਦੀ ਸਰਕਾਰ ਭੁਗਤ ਰਹੀ ਹੈ, ਪਰ ਹੁਣ ਬਹੁਤ ਦੇਰ ਹੋ ਚੁੱਕੀ ਹੈ। ਅਫਗਾਨਿਸਤਾਨ ਤੇ ਭਾਰਤ ਵਿਚ ਜਿਨ੍ਹਾਂ ਦਹਿਸ਼ਤਗਰਦਾਂ ਨੂੰ ਪੁਆੜੇ ਪਾਉਂਦੇ ਵੇਖ ਕੇ ਪਾਕਿਸਤਾਨ ਖੁਸ਼ ਹੁੰਦਾ ਸੀ, ਉਨ੍ਹਾਂ ਤੋਂ ਹੁਣ ਖੁਦ ਵੀ ਤੰਗ ਹੈ।
ਸੋਵੀਅਤ ਰੂਸ ਟੁੱਟਣ ਪਿੱਛੋਂ ਉਸ ਤੋਂ ਵੱਖਰੇ ਹੋਏ ਕਈ ਛੋਟੇ ਦੇਸ਼ਾਂ ਨੂੰ ਅਮਰੀਕੀ ਧਿਰ ਨੇ ਆਪਣੇ ਪਿਛਲੱਗ ਬਣਾ ਲਿਆ ਤਾਂ ਉਨ੍ਹਾਂ ਵਿਚੋਂ ਉਠੀ ਇਸਲਾਮੀ ਕੱਟੜਪੁਣੇ ਦੀ ਕਾਂਗ ਨੂੰ ਰੂਸ ਦੇ ਖਿਲਾਫ ਵਰਤਣ ਦੇ ਯਤਨ ਅਰੰਭ ਦਿੱਤੇ ਸਨ। ਉਦੋਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਈ ਵਾਰ ਸੰਸਾਰ ਦੀ ਸੱਥ ਵਿਚ ਇਹ ਕਿਹਾ ਸੀ ਕਿ ਏਦਾਂ ਦੀਆਂ ਚਾਲਾਂ ਕਿਸੇ ਦਿਨ ਤੁਹਾਨੂੰ ਮਹਿੰਗੀਆਂ ਪੈਣਗੀਆਂ। ਉਸ ਦਾ ਅੱਗੋਂ ਮਜ਼ਾਕ ਉਡਾਇਆ ਜਾਂਦਾ ਸੀ। ਇੱਕ ਮੌਕੇ ਅਮਰੀਕਾ ਦੇ ਰਾਸ਼ਟਰਪਤੀ ਜਾਰਜ ਬੁੱਸ਼ ਜੂਨੀਅਰ ਨੇ ਵਲਾਦੀਮੀਰ ਪੁਤਿਨ ਨੂੰ ਇਹ ਸਲਾਹ ਦੇ ਦਿੱਤੀ ਕਿ ਉਸ ਨੂੰ ਇਸਲਾਮੀ ਕੱਟੜਪੰਥੀਆਂ ਨਾਲ ਲੜਨ ਦੀ ਥਾਂ ਗੱਲਬਾਤ ਦਾ ਰਾਹ ਫੜਨਾ ਚਾਹੀਦਾ ਹੈ। ਵਲਾਦੀਮੀਰ ਪੁਤਿਨ ਅੱਗੋਂ ਸਾਡੇ ਭਾਰਤ ਦੇ ਵਾਜਪਾਈ, ਮਨਮੋਹਨ ਸਿੰਘ ਜਾਂ ਨਰਿੰਦਰ ਮੋਦੀ ਦੀ ਬੋਲੀ ਬੋਲਣ ਦੀ ਥਾਂ ਸਿੱਧਾ ਕਹਿਣ ਲੱਗਾ ਕਿ ਸਾਨੂੰ ਇਹ ਸਲਾਹ ਦੇਣ ਵਾਲੇ ਜਾਰਜ ਬੁੱਸ਼ ਨੂੰ ਚਾਹੀਦਾ ਹੈ ਕਿ ਉਹ ਲੜਨਾ ਛੱਡੇ ਅਤੇ ਇੱਕ ਦਿਨ ਓਸਾਮਾ ਬਿਨ ਲਾਦਿਨ ਨੂੰ ਆਪਣੇ ਕੋਲ ਡਿਨਰ ਲਈ ਸੱਦ ਕੇ ਸਾਰੇ ਸਿਆਪੇ ਮੁਕਾ ਲਵੇ। ਉਸ ਪਿੱਛੋਂ ਜਾਰਜ ਬੁੱਸ਼ ਇਹ ਸਲਾਹ ਦੇਣ ਦੀ ਕਦੇ ਜੁਰਅੱਤ ਨਹੀਂ ਸੀ ਕਰ ਸਕਿਆ। ਪੁਤਿਨ ਅੱਜ ਵੀ ਆਪਣੇ ਪੈਂਤੜੇ ਉਤੇ ਕਾਇਮ ਹੈ।
ਅੱਜ ਦੀ ਤਰੀਕ ਵਿਚ ਕਿਸੇ ਵੀ ਵੱਡੇ ਦੇਸ਼ ਦੀ ਹਕੂਮਤ ਇਹ ਕਹਿਣ ਦੀ ਸਥਿਤੀ ਵਿਚ ਨਹੀਂ ਕਿ ਸੰਸਾਰ ਦੇ ਸਿਰ ਪਈ ਸਾੜ੍ਹਸਤੀ ਵਿਚ ਉਸ ਦਾ ਕੋਈ ਕਸੂਰ ਨਹੀਂ। ਕੂਟਨੀਤਕ ਖੇਡਾਂ ਕਾਰਨ ਜਿੱਦਾਂ ਦੀ ਗੈਰ-ਕੁਦਰਤੀ ਤਪਸ਼ ਸਾਰੇ ਸੰਸਾਰ ਦੇ ਸਿਰ ਪਈ ਹੈ, ਇਹ ਅੰਟਾਰਕਟਿਕਾ ਦੇ ਬਰਫ ਦੇ ਪਹਾੜ ਖੋਰਨ ਦੀ ਪ੍ਰਕਿਰਿਆ ਵਿਚ ਵੀ ਸ਼ਾਮਲ ਹੈ ਤੇ ਅਗਲੀ ਗੱਲ ਇਹ ਕਿ ਜੇ ਇਸ ਗੈਰ-ਕੁਦਰਤੀ ਤਪਸ਼ ਨੂੰ ਰੋਕਿਆ ਨਾ ਗਿਆ ਤਾਂ ਕੁਦਰਤੀ ਤਪਸ਼ ਤੋਂ ਪਹਿਲਾਂ ਇਸੇ ਤਪਸ਼ ਨੇ ਮਨੁੱਖਤਾ ਦਾ ਘਾਣ ਕਰ ਛੱਡਣਾ ਹੈ। ਇਸ ਨੂੰ ਰੋਕਣਾ ਹੋਵੇਗਾ। ਹਾਲ ਦੀ ਘੜੀ ਹਰ ਕਿਸੇ ਵੱਡੇ ਦੇਸ਼ ਦੇ ਆਗੂ ਇਸ ਤਪਸ਼ ਨੂੰ ‘ਦੂਸਰੇ ਘਰ ਦੀ ਬਸੰਤਰ’ ਮੰਨ ਕੇ ਚੱਲੀ ਜਾ ਰਹੇ ਹਨ ਤੇ ਆਪਣੇ ਘਰ ਤੱਕ ਪਹੁੰਚੇ ਸੇਕ ਬਾਰੇ ਓਨੇ ਚਿੰਤਾ ਵਿਚ ਨਹੀਂ, ਜਿੰਨੇ ਇਸ ਪੜਾਅ ਤੱਕ ਹੋ ਜਾਣੇ ਚਾਹੀਦੇ ਸਨ। ਪਠਾਨਕੋਟ, ਪਿਸ਼ਾਵਰ ਤੇ ਪੈਰਿਸ ਦੀ ਸਾਰੀ ਬਿਮਾਰੀ ਦਾ ਕੀਟਾਣੂ ਜਦੋਂ ਇੱਕੋ ਹੈ ਤਾਂ ਇਲਾਜ ਵੀ ਮਿਲ ਕੇ ਹੀ ਕਰਨਾ ਪੈਣਾ ਹੈ।