ਐਮਰਜੈਂਸੀ ਅਤੇ ‘ਕੱਖ-ਕਾਨਾਂ’ ਦੀ ਵਾਰੀ-8
‘ਐਮਰਜੈਂਸੀ ਤੇ ਕੱਖ-ਕਾਨਾਂ ਦੀ ਵਾਰੀ’ ਲੇਖ ਲੜੀ ਵਿਚ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਐਮਰਜੈਂਸੀ ਨਾਲ ਜੁੜੀਆਂ ਯਾਦਾਂ ਦਾ ਵਰਕਾ ਫਰੋਲਿਆ ਹੈ। ਉਹ ਅਜਿਹਾ ਵਕਤ ਸੀ ਜਦੋਂ ਵਿਰੋਧ ਦੀ ਹਰ ਆਵਾਜ਼ ਨੂੰ ਬੰਦ ਕਰਨ ਦਾ ਹੀਲਾ ਕੇਂਦਰ ਸਰਕਾਰ ਨੇ ਕੀਤਾ ਸੀ। ਬਹੁਤ ਸਾਰੇ ਆਗੂਆਂ, ਪੱਤਰਕਾਰਾਂ, ਲੇਖਕਾਂ ਤੇ ਬੁੱਧੀਜੀਵੀਆਂ ਉਤੇ ਵੱਖ-ਵੱਖ ਕੇਸ ਪਾ ਕੇ ਉਨ੍ਹਾਂ ਨੂੰ ਜੇਲ੍ਹਾਂ ਅੰਦਰ ਡੱਕ ਦਿੱਤਾ ਗਿਆ।
ਵਰਿਆਮ ਸਿੰਘ ਸੰਧੂ ਨੇ ਇਸ ਲੰਮੀ ਲੇਖ ਲੜੀ ਵਿਚ ਇਸ ਜੇਲ੍ਹ ਯਾਤਰਾ ਦੇ ਹਵਾਲੇ ਨਾਲ ਆਪਣੇ ਸਮਾਜ ਅਤੇ ਸਿਸਟਮ ਬਾਰੇ ਸਾਰਥਕ ਟਿੱਪਣੀਆਂ ਕੀਤੀਆਂ ਹਨ। ਇਨ੍ਹਾਂ ਟਿੱਪਣੀਆਂ ਵਿਚ ਬਤੌਰ ਲੇਖਕ ਉਨ੍ਹਾਂ ਅਵਾਮ ਦੇ ਸਰੋਕਾਰ ਸਾਂਝੇ ਕੀਤੇ ਹਨ। ਐਤਕੀਂ ‘ਕੁੰਡੀਆਂ ਜੋੜਨੀਆਂ’ ਵਿਚ ਪੁਲਿਸ ਦੀ ਤਫਤੀਸ਼ ਦੇ ਢੰਗ-ਤਰੀਕਿਆਂ ਦਾ ਜ਼ਿਕਰ ਕੀਤਾ ਗਿਆ ਹੈ। -ਸੰਪਾਦਕ
ਵਰਿਆਮ ਸਿੰਘ ਸੰਧੂ
ਫੋਨ: 416-918-5212
ਸੋਚਦਿਆਂ ਸੋਚਦਿਆਂ ਪਤਾ ਨਹੀਂ ਕਦੋਂ ਮੇਰੀ ਅੱਖ ਲੱਗ ਗਈ। ਦਿਨ ਚੜ੍ਹਨ ਵੇਲੇ ਸ਼ਾਇਦ ਜ਼ਿੰਦਗੀ ਵਿਚ ਪਹਿਲੀ ਵਾਰ ਚਿੜੀਆਂ ਦਾ ਚੂਕਣਾ ਮੈਨੂੰ ਖ਼ਤਰੇ ਦੇ ਅਲਾਰਮ ਵਾਂਗ ਲੱਗਾ ਹੋਏਗਾ!
ਸਾਨੂੰ ਬਾਹਰ ਕੱਢ ਕੇ ਜੰਗਲ ਪਾਣੀ ਲਈ ਲਿਜਾ ਕੇ, ਫਿਰ ਕੋਠੜੀਆਂ ਵਿਚ ਬੰਦ ਕਰ ਦਿੱਤਾ।
ਫ਼ਾਂਸੀ ਲੱਗਣ ਵਾਲੇ ਬੰਦੇ ਵਾਂਗ ਮੈਂ, ਮੈਨੂੰ ਲੈਣ ਆਉਣ ਵਾਲੇ ‘ਜਮਦੂਤਾਂ’ ਦੀ ਉਡੀਕ ਕਰਨ ਲੱਗਾ।
“ਕੱਢ ਇਹਨੂੰ ਵੱਡੇ ਸਮਗਲਰ ਨੂੰ ਬਾਹਰ। ਇਹਦੀ ਮਾਂæææ ਏ।”
ਮੇਰੇ ਗੁਆਂਢ ਵਾਲੀ ਕੋਠੜੀ ਵਿਚੋਂ ਕਿਸੇ ਨੂੰ ਬਾਹਰ ਕੱਢਿਆ ਗਿਆ। ਬਾਹਰ ਨਿਕਲਦਿਆਂ ਹੀ ਉਸ ‘ਤੇ ਗਾਲ੍ਹਾਂ ਅਤੇ ਧੌਲਾਂ ਦੀ ਵਾਛੜ ਹੋਣ ਲੱਗੀ।
“ਦੱਸ, ਪਹਿਲਾਂ ਕਿੰਨੇ ਗੇੜੇ ਲਾਏ ਸੀ ਪਾਕਿਸਤਾਨ ਦੇ?”
ਉਹ ਹੱਥ ਜੋੜ ਕੇ ਲਿਲ੍ਹਕੜੀਆਂ ਲੈਣ ਲੱਗਾ, “ਹਜ਼ੂਰ ਮਾਈ ਬਾਪ! ਮੈਂ ਪਹਿਲਾਂ ਈ ਦੱਸਿਆ ਏ, ਇਹ ਮੇਰਾ ਦੂਜਾ ਗੇੜਾ ਈ ਸੀ। ਆਪਣੇ ਇੱਕੋ ਇੱਕ ਪੁੱਤ ਦੇ ਸਿਰ ਦੀ ਸੌਂਹ!”
ਉਹ ਗੋਡਿਆਂ ਪਰਨੇ ਹੋ ਕੇ ਖ਼ਿਮਾ-ਯਾਚਨਾ ਦੀ ਮੁਦਰਾ ਵਿਚ ਸਿਰ ਝੁਕਾਈ ਬੈਠਾ ਸੀ।
ਇੰਨੇ ਚਿਰ ਵਿਚ ਅਸਮਾਨ ਚੀਰਦੀ ਚੀਕ ਸੁਣਾਈ ਦਿੱਤੀ। ਕਿਸੇ ਦੂਜੀ ਕੋਠੜੀ ਵਿਚੋਂ ਬਾਹਰ ਕੱਢਿਆ ਬੰਦਾ ਧਰਤੀ ‘ਤੇ ਡਿੱਗਿਆ ਪਿਆ ਸੀ ਤੇ ਇੱਕ ਜਣਾ ਉਹਦੇ ‘ਤੇ, ਬਿਨਾਂ ਉਹਦੇ ਅੰਗਾਂ ਦੀ ਪ੍ਰਵਾਹ ਕੀਤਿਆਂ, ਡਾਂਗਾਂ ਵਰ੍ਹਾ ਰਿਹਾ ਸੀ।
“ਬਖ਼ਸ਼ ਲਾ ਮਾਪਿਆ! ਮੈਂ ਨ੍ਹੀਂ ਕੁਝ ਲੁਕਾਇਆ ਤੈਥੋਂ ਮੋਤੀਆਂ ਆਲਿਆ! ਅੱਖਰ ਅੱਖਰ ਸੱਚ ਦੱਸ ਦਿੱਤਾ ਹੈ।”
ਇੰਜ ਇੱਕ ਇੱਕ ਕਰ ਕੇ ਕੋਠੜੀਆਂ ਵਿਚੋਂ ‘ਬੱਕਰੇ’ ਕੱਢੇ ਜਾ ਰਹੇ ਸਨ ਅਤੇ ‘ਕਤਲ਼ਗਾਹ’ ਵੱਲ ਲਿਜਾਏ ਜਾ ਰਹੇ ਸਨ! ਪਹਿਲੇ ਦੋਹਾਂ ਵਾਂਗ ਦੂਜਿਆਂ ਨੂੰ ਵੀ ‘ਇਹ’ ਮੁਢਲੀ ‘ਦਖ਼ਸ਼ਣਾ’ ਦਿੱਤੀ ਗਈ। ਸ਼ਾਇਦ ਮੈਂ ਇਕੱਲਾ ਹੀ ਆਪਣੀ ਕੋਠੜੀ ਵਿਚ ਬੈਠਾ ਆਪਣੀ ‘ਹੋਣੀ’ ਦੀ ਉਡੀਕ ਵਿਚ ਪਿੱਛੇ ਰਹਿ ਗਿਆ ਸਾਂ। ਚੀਕਾਂ ਅਤੇ ਚੰਘਿਆੜਾਂ ਦੀ ਆਵਾਜ਼ ਮੇਰੇ ਕੰਨਾਂ ਵਿਚ ਪੈ ਰਹੀ ਸੀ। ਵਰ੍ਹਦੀਆਂ ਡਾਂਗਾਂ ਜਾਂ ‘ਪੁਲਿਸੀ ਛਿੱਤਰਾਂ’ ਦਾ ਖੜਾਕ ਆ ਰਿਹਾ ਸੀ। ਇੱਕ ਜਣੇ ਨੂੰ ਜਦੋਂ ਕਿੰਨੀਆਂ ਹੀ ਡਾਂਗਾਂ ਪੈ ਗਈਆਂ ਤਾਂ ਮੈਂ ਸੋਚਿਆ; ਮੈਨੂੰ ਡਾਂਗਾਂ ਦੀ ‘ਗਿਣਤੀ’ ਤਾਂ ਕਰਨੀ ਚਾਹੀਦੀ ਸੀ। ਹੁਣ ਤਾਂ ਸ਼ਾਇਦ ਬੱਸ ਹੀ ਕਰਨ! ਤਦ ਵੀ ਉਸ ਤੋਂ ਪਿੱਛੋਂ ਮੈਂ ਗਿਣਤੀ ਸ਼ੁਰੂ ਕੀਤੀ। ਪੂਰੀਆਂ ਅਠੱਤੀ ਡਾਂਗਾਂ ਉਸ ਤੋਂ ਪਿੱਛੋਂ ਉਸ ਬੰਦੇ ਨੂੰ ਪਈਆਂ!
‘ਨਰਕ’ ਵਿਚ ਵੀ ਆਪਣੇ ‘ਪਾਪਾਂ ਦੀ ਸਜ਼ਾ’ ਭੁਗਤ ਰਹੇ ਲੋਕਾਂ ਵਿਚ ਸ਼ਾਇਦ ਇੰਜ ਹੀ ਕੁਰਲਾਹਟ ਮੱਚਦੀ ਹੋਵੇਗੀ! ਇਹ ਧਰਤੀ ਉਤਲਾ ‘ਨਰਕ’ ਹੀ ਸੀ!
“ਆ ਭਈ ਵਰਿਆਮ ਸਿੰਹਾਂ! ਬਾਹਰ ਆ।” ਰਾਤ ਵਾਲਾ ਅਧਖ਼ੜ ਅਫ਼ਸਰ ਮੇਰੀ ਕੋਠੜੀ ਸਾਹਮਣੇ ਖਲੋਤਾ ਸੀ। ਉਸ ਦੇ ਪਿੱਛੇ ਬਾਵਰਦੀ ਹਵਾਲਦਾਰ ਸੀ।
ਡਿਊਟੀ ‘ਤੇ ਖਲੋਤੇ ਬੰਦਿਆਂ ਵਿਚੋਂ ਇੱਕ ਨੇ ਮੇਰੀ ਕੋਠੜੀ ਦਾ ਦਰਵਾਜ਼ਾ ਖੋਲ੍ਹਿਆ। ਪੁਲਿਸ ਅਫ਼ਸਰ ਦਾ ਨਾਂ ਸ਼ਾਇਦ ਦਲੀਪ ਸਿੰਘ ਸੀ। ਉਸ ਨੇ ਹਵਾਲਦਾਰ ਨੂੰ ‘ਬਿਆਨ ਲਿਖਣ ਲਈ’ ਕਾਗ਼ਜ਼ ਪੱਤਰ ਲੈ ਕੇ ਜਾਣ ਅਤੇ ਆਪਣੇ ‘ਟਿਕਾਣੇ’ ‘ਤੇ ਬੈਂਚ ਅਤੇ ਮੇਜ਼-ਕੁਰਸੀ ਲਾਉਣ ਦਾ ਹੁਕਮ ਦਿੱਤਾ। ਆਪ ਉਹ ਮੈਨੂੰ ਇਮਾਰਤ ਦੇ ਇਕਲਵੰਜੇ ਹਿੱਸੇ ਵਿਚ ਲੈ ਗਿਆ। ਉਸ ਨੇ ਮੇਰੇ ਮੋਢੇ ਉਤੇ ਹੱਥ ਰੱਖਿਆ ਅਤੇ ਠਰ੍ਹੰਮੇ ਨਾਲ ਕਿਹਾ, “ਵੇਖ ਤੂੰ ਪੜ੍ਹਿਆ ਲਿਖਿਆ ਬੰਦਾ ਏਂ। ਮੈਂ ਨਹੀਂ ਚਾਹੁੰਦਾ, ਤੇਰੀ ਖ਼ਾਹ-ਮਖ਼ਾਹ ਦੀ ਬੇਇਜ਼ਤੀ ਕਰਾਂ, ਪਰ ਤੈਨੂੰ ਸਾਨੂੰ ਲੋੜੀਂਦੀ ਜਾਣਕਾਰੀ ਦੇਣੀ ਹੀ ਪੈਣੀ ਹੈ, ਜੋ ਅਸਲ ਵਿਚ ਅਸੀਂ ਤੈਥੋਂ ਜਾਣਨਾ ਚਾਹੁੰਦੇ ਹਾਂ। ਜੇ ਤਾਂ ਤੂੰ ਸਾਡੇ ਪਿੜ-ਪੱਲੇ ਪਾ’ਤਾ, ਤਾਂ ਤੂੰ ਵੀ ਸੌਖਾ ਤੇ ਅਸੀਂ ਵੀ। ਹੁਣ ਵੇਖਣਾ ਇਹ ਹੈ ਕਿ ਕੁੰਡੀਆਂ ਨਾਲ ਕੁੰਡੀਆਂ ਜੁੜਦੀਆਂ ਨੇ ਅਤੇ ਕਰੰਟ ਚਾਲੂ ਹੁੰਦਾ ਹੈ ਕਿ ਨਹੀਂ! ਨਹੀਂ ਤਾਂ ਇਥੋਂ ਬਾਰੇ ਤੈਨੂੰ ਹੁਣ ਕੋਈ ਭੁਲੇਖਾ ਤਾਂ ਰਹਿ ਨਹੀਂ ਗਿਆ ਹੋਣਾ!”
ਭੁਲੇਖਾ; ਮੈਨੂੰ ਤਾਂ ਪਹਿਲਾਂ ਹੀ ਕੋਈ ਨਹੀਂ ਸੀ। ਬੜੇ ਲੋਕਾਂ ਤੋਂ ਬੜਾ ਕੁਝ ਪਹਿਲਾਂ ਹੀ ਸੁਣਿਆਂ ਹੋਇਆ ਸੀ। ਕੱਲ੍ਹ ਸ਼ਾਮ ਅਤੇ ਸਵੇਰੇ ਸੂਰਜ ਚੜ੍ਹਨ ਸਾਰ ਤੋਂ ਹੀ ‘ਟੋਟਿਆਂ ਵਿਚ ਛੋਟੇ ਛੋਟੇ ਦ੍ਰਿਸ਼’ ਆਪਣੀਆਂ ਅੱਖਾਂ ਨਾਲ ਵੇਖ ਹੀ ਰਿਹਾ ਸਾਂ। ਹੁਣ ਵੀ ਵੱਡੀ ਬਿਲਡਿੰਗ ਦੇ ਪਿਛਵਾੜਿਓਂ ਚੀਕਾਂ ਅਤੇ ਕੁਰਲਾਹਟਾਂ ਦੀ ਆਵਾਜ਼ ਆ ਰਹੀ ਸੀ।
ਇਨ੍ਹਾਂ ‘ਚੀਕਾਂ ਕੁਰਲਾਹਟਾਂ’ ਦੀ ਸ਼ੋਰੀਲੀ ਭੀੜ ਵਿਚ ਹੀ ਦਲੀਪ ਸਿੰਘ, ਉਸ ਦਾ ਸਾਥੀ ਤੇ ਮੈਂ ‘ਸਾਹੋ-ਸਾਹ ਹੋਏ’ ਦੌੜਦੇ ਰਹੇ। ਢਾਈ ਕੁ ਦਿਨਾਂ ਵਿਚ ਹੇਠ ਲਿਖੇ ਸਵਾਲਾਂ-ਜਵਾਬਾਂ ਵਿਚੋਂ ਲੰਘਦਿਆਂ, ਉਨ੍ਹਾਂ ਨੂੰ ਮੇਰਾ ਬਿਆਨ ਕਲਮਬੰਦ ਕਰਨ ਲਈ ਰਾਹ ਲੱਭ ਗਿਆ ਸੀ! ਅਸੀਂ ‘ਘਰਕਣਾ’ ਛੱਡ ਕੇ ‘ਸਹਿਜ’ ਹੋ ਰਹੇ ਸਾਂ!
ਉਨ੍ਹਾਂ ਦੀਆਂ ‘ਕੁੰਡੀਆਂ ਜੁੜ ਗਈਆਂ ਸਨ!’ ‘ਕੁੰਡੀਆਂ ਜੋੜਨ’ ਲਈ ‘ਬਲਬੀਰ’ ਵੱਲੋਂ ਭੇਜਿਆ ਸੁਨੇਹਾ ਮੇਰੇ ਲਈ ‘ਨਰਸਿੰਘ ਅਵਤਾਰ’ ਵਾਂਗ ਬਹੁੜਿਆ ਸੀ!
“ਮੈਂ ਵੀ ਨਹੀਂ ਚਾਹੁੰਦਾ ਕਿ ਆਪਾਂ ਦੋਵੇਂ ਧਿਰਾਂ ‘ਔਖੇ ਹੋਈਏ।’ ਤੁਸੀਂ ਪੁੱਛੋ, ਜੋ ਪੁੱਛਣਾ ਏਂ। ਜੋ ਮੈਨੂੰ ਪਤਾ ਹੋਇਆ, ਜ਼ਰੂਰ ਦੱਸਾਂਗਾ।”
“ਤੂੰ ਬਲਬੀਰ ਬਾਰੇ ਕੀ ਜਾਣਦਾ ਏਂ?”
ਮੈਨੂੰ ਵੀ ਪਤਾ ਸੀ ਕਿ ਅਸਲੀ ‘ਕੁੰਡੀਆਂ’ ਬਲਬੀਰ ਦੇ ਹਵਾਲੇ ਨਾਲ ਹੀ ਜੁੜਨੀਆਂ ਸਨ ਅਤੇ ਮੇਰੇ ਚੰਗੇ ਭਾਗਾਂ ਨੂੰ ਬਲਬੀਰ ਨੇ ਇਹ ਕੁੰਡੀਆਂ ‘ਬਣਾ ਕੇ’ ਮੈਨੂੰ ਪਹਿਲਾਂ ਹੀ ਪਹੁੰਚਾ ਦਿੱਤੀਆਂ ਸਨ। ਜੇ ਮੇਰਾ ਬਿਆਨ, ਮੇਰੇ ਬਾਰੇ ਦਿੱਤੇ ਬਲਬੀਰ ਦੇ ਬਿਆਨ ਦੀ ਹੂ-ਬ-ਹੂ ਪੁਸ਼ਟੀ ਕਰਦਾ ਹੋਇਆ, ਤਾਂ ਹੀ ਮੇਰਾ ਬਚਾਅ ਹੋਣਾ ਸੀ!
“ਸੱਚੀ ਗੱਲ ਤਾਂ ਇਹ ਹੈ ਕਿ ਮੈਂ ਬਲਬੀਰ ਨੂੰ ਬਿਲਕੁਲ ਹੀ ਭੁੱਲ ਚੁੱਕਾ ਸਾਂ। ਉਸ ਦੀ ਮੇਰੇ ਨਾਲ ਕੋਈ ਇਹੋ ਜਿਹੀ ਜਾਣ-ਪਛਾਣ ਵੀ ਨਹੀਂ ਸੀ ਕਿ ਉਹਨੂੰ ਯਾਦ ਰੱਖਿਆ ਜਾਵੇ, ਪਰ ਜਿਸ ਦਿਨ ਦਾ ਮੈਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਓਦਣ ਤੋਂ ਹੀ ਵਾਰ ਵਾਰ ਮੇਰੇ ਕੋਲ ਬਲਬੀਰ ਦਾ ਨਾਂ ਲੈ ਕੇ ਉਸ ਨਾਲ ਮੇਰੇ ਸਬੰਧਾਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਲਈ ਮੈਂ ਜ਼ਿਹਨ ਉਤੇ ਵਾਰ ਵਾਰ ਜ਼ੋਰ ਦੇ ਕੇ ‘ਇੱਕ ਬਲਬੀਰ’ ਬਾਰੇ ਅਨੁਮਾਨ ਲਾਇਆ ਹੈ। ਸ਼ਾਇਦ ਉਹ ਬਿਜਲੀ ਬੋਰਡ ਵਿਚ ਮੁਲਾਜ਼ਮ ਹੈ।” ਮੇਰੇ ਇਸ ਬਿਆਨ ਵਿਚ ਸਦਾਕਤ ਵੀ ਸੀ।
“ਠੀਕ! ਬਿਲਕੁਲ਼ ਠੀਕ! ਠੀਕ ਰਸਤੇ ‘ਤੇ ਤੁਰ ਪਿਆਂ ਏਂ! ਸ਼ਾਬਾਸ਼!” ਉਸ ਨੇ ਮੈਨੂੰ ਵਡਿਆਇਆ।
ਇਹ ‘ਕੁੰਡੀਆਂ ਮੈਂ ਤੁਰਤ ਨਹੀਂ ਸਨ ਜੋੜਨੀਆਂ।’ ਥੋੜ੍ਹਾ ਇਧਰ-ਉਧਰ ਹੋ ਕੇ ਜੋੜਨੀਆਂ ਸਨ।
“ਉਹ ਤੈਨੂੰ ਪਹਿਲੀ ਵਾਰ ਕਿੱਥੇ ਮਿਲਿਆ ਸੀ?” ਬਲਬੀਰ ਵੱਲੋਂ ਉਹਨੂੰ ਦਿੱਤੀ ਸੂਚਨਾ ਮੇਰੇ ਕੋਲ ਵੀ ਸੀ, ਪਰ ਮੈਂ ਸਿੱਧਾ ਉਸ ਗੱਲ ਵੱਲ ਨਹੀਂ ਸਾਂ ਆਉਣਾ ਚਾਹੁੰਦਾ।
“ਪੱਕਾ ਨਹੀਂ ਕਹਿ ਸਕਦਾ। ਮੇਰੀ ਉਸ ਨਾਲ ਕੋਈ ਦੋਸਤੀ ਜਾਂ ਡੂੰਘਾ ਨੇੜ ਕਦੀ ਵੀ ਨਹੀਂ ਰਿਹਾ। ਉਹ ਕਦੀ ਮੈਨੂੰ ‘ਕੱਲਾ ਮਿਲਿਆ ਹੋਵੇ, ਇਸ ਦਾ ਵੀ ਮੈਨੂੰ ਖ਼ਿਆਲ ਨਹੀਂ। ਹੋ ਸਕਦੈ, ਕਿਸੇ ਸਾਂਝੇ ‘ਕੱਠ-ਵੱਠ ਵਿਚ ਮਿਲਿਆ ਹੋਵੇ। ਇਹ ਵੀ ਹੋ ਸਕਦਾ ਹੈ, ਝਬਾਲ ਵਾਲੀ ਕਾਨਫ਼ਰੰਸ ‘ਤੇ ਮਿਲਿਆ ਹੋਵੇ।”
“ਊਂ! ਹੂੰਅ!” ਉਸ ਨੇ ਨਾਂਹ ਵਿਚ ਸਿਰ ਫੇਰਿਆ। ਉਹਦੀ ਤਸੱਲੀ ਤਾਂ ਬਲਬੀਰ ਦੇ ਦਿੱਤੇ ਬਿਆਨ ਨਾਲ ਮੇਰਾ ਬਿਆਨ ਮਿਲਾ ਕੇ ਹੀ ਹੋਣੀ ਸੀ।
“ਕਿਸੇ ਕਵੀ ਦਰਬਾਰ ਜਾਂ ਕਿਸੇ ਸਾਹਿਤਕ ਸਮਾਗਮ ਵਿਚ ਮਿਲਿਆ ਹੋ ਸਕਦਾ ਹੈ। ਉਥੇ ਕਈ ਲੋਕ ਭੀੜ ਵਿਚ ਮਿਲਦੇ ਨੇ। ਬਾਅਦ ਵਿਚ ਉਨ੍ਹਾਂ ਦਾ ਚੇਤਾ ਨਹੀਂ ਰਹਿੰਦਾ।” ਮੈਂ ਜਾਣ-ਬੁੱਝ ਕੇ ‘ਆਸੇ-ਪਾਸੇ’ ਫਿਰ ਰਿਹਾ ਸਾਂ।
“ਟਿਕਾਣੇ ‘ਤੇ ਆ। ਐਵੇਂ ਬਾਹਰ ਫਿਰ ਕੇ ਟਾਈਮ ਖ਼ਰਾਬ ਨਾ ਕਰ।”
ਪਰ ਮੈਂ ‘ਥੋੜ੍ਹਾ ਕੁ’ ਟਾਈਮ ਤਾਂ ਖ਼ਰਾਬ ਕਰਨਾ ਹੀ ਸੀ! ਇੰਜ ਹੀ ‘ਭਰੋਸੇਯੋਗਤਾ’ ਬਣਨੀ ਸੀ!
ਉਸ ਨੇ ਮੈਨੂੰ ਠੀਕ ਰਾਹੇ ਪਾਉਣਾ ਚਾਹਿਆ- “ਅੱਛਾ, ਤੂੰ ਦੱਸ ਤੇਰਾ ਬਿਜਲੀ ਬੋਰਡ ਦੇ ਕਿਸੇ ਹੋਰ ਬੰਦੇ ਨਾਲ ਵੀ ਨੇੜਲਾ ਵਾਹ ਹੈ?”
“ਹਾਂ ਇੱਕ ਮੇਰਾ ਦੋਸਤ ਜਾਂ ਜਾਣਕਾਰ ਕਹਿ ਲਵੋ, ਪਹਿਲਾਂ ਕੁਝ ਚਿਰ ਬਿਜਲੀ ਬੋਰਡ ਵਿਚ ਕੰਮ ਕਰਦਾ ਰਿਹਾ ਹੈ; ਪਾਲ ਸਿੰਘ। ਉਂਜ, ਉਹ ਵੀ ਮੇਰਾ ਜਾਣੂ ਮੇਰੀ ਲਿਖਤ ਪੜ੍ਹ ਕੇ ਹੀ ਹੋਇਆ ਸੀ। ਬਾਬਾ ਸੋਹਣ ਸਿੰਘ ਭਕਨਾ ਦੇ ਚਲਾਣੇ ਸਮੇਂ ਮੈਂ ਅਖ਼ਬਾਰ ਵਿਚ ਲੇਖ ਲਿਖਿਆ ਸੀ। ਉਸ ਲੇਖ ਤੋਂ ਪ੍ਰਭਾਵਿਤ ਹੋ ਕੇ ਉਹ ਮੈਨੂੰ ਉਚੇਚਾ ਆ ਕੇ ਮਿਲਿਆ ਸੀ। ਉਹ ਉਦੋਂ ‘ਯੁਵਕ ਕੇਂਦਰ’ ਨਾਲ ਸਬੰਧਿਤ ਸੀ। ਪਿੱਛੋਂ ਅਸੀਂ ਰਲ ਕੇ ਦੇਸ਼ ਦੇ ਆਜ਼ਾਦੀ ਸੰਗਰਾਮ ਦੇ ਸ਼ਹੀਦਾਂ ਦੀਆਂ ਤਸਵੀਰਾਂ ਦੀ ਨੁਮਾਇਸ਼ ਵੀ ਆਪਣੇ ਪਿੰਡਾਂ ਵਿਚ ਲਾਉਂਦੇ ਰਹੇ ਹਾਂ।”
“ਨਿਕਲਦੀ ਆਉਂਦੀ ਆ ਨਾ ਬਿੱਲੀ ਥੈਲੇ ‘ਚੋਂ ਆਪਣੇ ਆਪ ਬਾਹਰ। ਨਾਲੇ ਕਹਿੰਦਾ ਏਂ, ਮੈਂ ਕੁਝ ਨਹੀਂ ਕੀਤਾ, ਨਾਲੇ ਨੁਮਾਇਸ਼ਾਂ ਲਾਉਂਦਾ ਰਿਹਾ ਏਂ! ਲੋਕਾਂ ਨੂੰ ਸਰਕਾਰ ਵਿਰੁਧ ਹਥਿਆਰ ਚੁੱਕਣ ਲਈ ਭੜਕਾਉਂਦਾ ਵੀ ਰਿਹਾ ਏਂ! ਆਪੇ ਮੰਨ ਗਿਆ ਏਂ ਨਾ ਨਕਸਲੀ ਹੋਣਾ!”
“ਹਜ਼ੂਰ! ‘ਯੁਵਕ ਕੇਂਦਰ’ ਨਕਸਲੀ ਲਹਿਰ ਸ਼ੁਰੂ ਹੋਣ ਤੋਂ ਪਹਿਲਾਂ ਦਾ ਕੰਮ ਕਰ ਰਿਹਾ ਸੀ। ਰਹੀ ਗੱਲ ਸ਼ਹੀਦਾਂ ਦੀਆਂ ਤਸਵੀਰਾਂ ਦੀ ਨੁਮਾਇਸ਼ ਦੀ। ਆਪਾਂ ਸਾਰੇ ਜਾਣਦੇ ਹਾਂ ਕਿ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸੰਸਾਰ ਅਜੇ ਨਹੀਂ ਬਣਿਆ। ਭਗਤ ਸਿੰਘ ਨੇ ਕਿਹਾ ਸੀ ਕਿ ਸਾਡੀ ਲੜਾਈ ਉਨਾ ਚਿਰ ਜਾਰੀ ਰਹੇਗੀ ਜਿੰਨਾ ਚਿਰ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਨਹੀਂ ਹੁੰਦੀ। ਜਿਹੜੀ ‘ਨੌਜਵਾਨ ਭਾਰਤ ਸਭਾ’ ਕਦੀ ਭਗਤ ਸਿੰਘ ਹੁਰਾਂ ਨੇ ਬਣਾਈ ਸੀ, ਉਸੇ ਨੂੰ ਹੀ ਇਕ ਤਰ੍ਹਾਂ ਦੁਬਾਰਾ ਕਾਇਮ ਕੀਤਾ ਗਿਆ ਹੈ। ਸਾਡੇ ਲੀਡਰ ਖ਼ੁਦ ਭਗਤ ਸਿੰਘ ਜਿਹੇ ਸ਼ਹੀਦਾਂ ਦੇ ‘ਸ਼ਹੀਦੀ-ਦਿਹਾੜੇ’ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਲੰਮੇ ਲੰਮੇ ਭਾਸ਼ਣ ਕਰਦੇ ਨੇ। ਇਹ ਲੀਡਰ ਭਗਤ ਸਿੰਘ ਦੀਆਂ ਗੱਲਾਂ ਕਰਨ ਤਾਂ ਉਹ ‘ਵੱਡੇ ਦੇਸ਼ ਭਗਤ’ ਪਰ ਅਸੀਂ ਕਰੀਏ ਤਾਂ ‘ਦੇਸ਼ ਧਰੋਹੀ’ ਹੋ ਗਏ। ਕੋਈ ਗੱਲ ਬਣਦੀ ਤਾਂ ਨਹੀਂ ਨਾ ਸਰਦਾਰ ਜੀ। ਇਸ ਗੱਲ ਨਾਲ ਤਾਂ ਤੁਸੀਂ ਵੀ ਸਹਿਮਤ ਹੋਵੋਗੇ।” ਮੈਂ ਜਾਣ-ਬੁੱਝ ਕੇ ਗੱਲ ਆਸੇ-ਪਾਸੇ ਖ਼ਿਲਾਰ ਦਿੱਤੀ।
ਉਸ ਨੇ ਖਿਲਰੀਆਂ ਤੰਦਾਂ ਜੋੜ ਕੇ ਮੈਨੂੰ ਅਸਲ ਮੁੱਦੇ ਵੱਲ ਮੋੜਿਆ- “ਭਾਈ ਸਿੱਖਾ! ਤੂੰ ਕਹਿੰਦਾ ਏਂ ਕਿ ਉਹਦੇ ਨਾਲ ਤੇਰਾ ਦੂਰ ਦਾ ਵਾਸਤਾ ਈ ਏ, ਪਰ ਉਹ ਤਾਂ ਤੈਨੂੰ ਤੇਰੇ ਆਪਣੇ ਘਰ ਮਿਲਿਆ ਸੀ।”
ਮੈਂ ਪਲ ਕੁ ਹੋਰ ਅਟਕਣਾ ਚਾਹੁੰਦਾ ਸਾਂ। ਜ਼ਿਹਨ ‘ਤੇ ਜ਼ੋਰ ਪਾਉਣ ਦਾ ਬਹਾਨਾ ਬਣਾਇਆ। ਬੁੱਲ੍ਹਾਂ ‘ਚ ਬੁੜਬੁੜਾਇਆ- “ਬਿਜਲੀ ਬੋਰਡ; ਬਲਬੀਰ, ਪਾਲ ਸਿੰਘ?”
“ਸਿੱਧੀ ਤਰ੍ਹਾਂ ਦੱਸ, ਉਹ ਤੈਨੂੰ ਪਾਲ ਸਿੰਘ ਨਾਲ ਹੀ ਕਿਥੇ ਮਿਲਿਆ ਸੀ? ਅਸਲੀ ਟਿਕਾਣੇ ਵੱਲ ਆ।”
ਮੈਂ ਵੀ ‘ਟਿਕਾਣੇ ਵੱਲ’ ਪਰਤਣਾ ਹੀ ਠੀਕ ਸਮਝਿਆ।
“ਇਸ ਗੱਲ ਦੀ ਸੰਭਾਵਨਾ ਵੀ ਹੋ ਸਕਦੀ ਹੈ ਕਿ ਉਹ ਪਾਲ ਸਿੰਘ ਨਾਲ ਮੇਰੇ ਵਿਆਹ ‘ਤੇ ਮੇਰੇ ਪਿੰਡ ਆਇਆ ਹੋਵੇ। ਮੇਰੇ ਘਰ ਤਾਂ ਉਹ ਉਦੋਂ ਈ ਆਇਆ ਹੋ ਸਕਦੈ, ਕਿਉਂਕਿ ਉਹ ‘ਕੱਲ੍ਹਾ ਕਦੀ ਮੇਰੇ ਘਰ ਆਇਆ ਹੋਵੇ, ਇਹ ਤਾਂ ਮੇਰੇ ਚੇਤੇ ਵਿਚ ਆਉਂਦਾ ਈ ਨਹੀਂ। ਮੇਰੇ ਵਿਆਹ ‘ਤੇ ਬਹੁਤ ਸਾਰੇ ਮੇਰੇ ਦੋਸਤ ਅਤੇ ਉਨ੍ਹਾਂ ਦੇ ਦੋਸਤ ਵੀ ਮੇਰੇ ਘਰ ਪੁੱਜੇ ਸਨ। ਬਹੁਤ ਸਾਰੇ ਲੇਖਕ ਆਏ ਸਨ। ਅਮਰਜੀਤ ਚੰਦਨ, ਪ੍ਰੇਮ ਗੋਰਖੀ, ਮੁਖ਼ਤਾਰ ਗਿੱਲ ਤੇ ਕਈ ਹੋਰ। ਇਨ੍ਹਾਂ ਵਿਚ ਬਲਬੀਰ ਵੀ ਹੋ ਸਕਦਾ ਹੈ।”
“ਹਾਂ, ਹਾਂ, ਤੇਰੇ ਵਿਆਹ ‘ਤੇ ਹੀ ਗਿਆ ਸੀ। ਤੇ ਚੰਦਨ ਤਾਂ ‘ਨਿਰੀ ਗਊ’ ਹੈ! ਹੈ ਨਾ! ਬੰਬ ਫੜੇ ਜਾਣ ‘ਤੇ ਕੈਦ ਕੱਟ ਕੇ ਆਇਆ।” ਉਹ ਉਤੇਜਿਤ ਹੋ ਗਿਆ।
“ਵੇਖੋ ਜੀ, ਮੈਂ ਤੁਹਾਨੂੰ ਪਹਿਲਾਂ ਹੀ ਬੇਨਤੀ ਕੀਤੀ ਸੀ ਕਿ ਮੈਂ ਅਗਾਂਹ-ਵਧੂ ਲੇਖਕ ਹਾਂ। ਵੱਖ ਵੱਖ ਸੈਮੀਨਾਰਾਂ ਜਾਂ ਸਾਹਿਤਕ ਕਾਨਫ਼ਰੰਸਾਂ ਵਿਚ ਕਈ ਲੇਖਕ ਮਿਲਦੇ ਵੀ ਨੇ, ਯਾਰੀਆਂ ਦੋਸਤੀਆਂ ਵੀ ਬਣਦੀਆਂ ਨੇ। ਚੰਦਨ ਨਾਲ ਵੀ ਮੇਰੀ ਪੁਰਾਣੀ ਦੋਸਤੀ ਹੈ; ਉਸ ਦੇ ਜੇਲ੍ਹ ਜਾਣ ਤੋਂ ਪਹਿਲਾਂ ਦੀ। ਦੂਜੀ ਗੱਲ; ਅਮਰਜੀਤ ਚੰਦਨ ਬਾਰੇ ਤੁਸੀਂ ਤਾਂ ਮੈਨੂੰ ਨਹੀਂ ਸੀ ਪੁੱਛਿਆ। ਮੈਂ ਆਪ ਹੀ ਦੱਸਿਆ ਹੈ ਕਿ ਉਹ ਵੀ ਮੇਰੇ ਵਿਆਹ ‘ਤੇ ਆਇਆ ਸੀ। ਜੇ ਮੇਰੇ ਮਨ ਵਿਚ ਕੋਈ ‘ਚੋਰ’ ਜਾਂ ‘ਭੈਅ’ ਹੁੰਦਾ ਤਾਂ ਮੈਂ ਉਹਦੇ ਬਾਰੇ ਆਪ ਹੀ ਦੱਸ ਕੇ ਮੁਸ਼ਕਿਲ ਕਿਉਂ ਸਹੇੜਦਾ।”
ਸ਼ਾਇਦ ਉਸ ਨੇ ਮੈਥੋਂ ‘ਚੰਦਨ’ ਬਾਰੇ ਵੀ ਪੁੱਛਣਾ ਹੋਵੇ! ਮੈਂ ਉਹਨੂੰ ‘ਅਗਲਵਾਂਢੀ’ ਵਲ਼ ਲਿਆ ਸੀ। ਉਸ ਮੁਤਾਬਕ ਸ਼ਾਇਦ, ਮੈਂ ਪਤਾ ਨਹੀਂ ‘ਕਿੰਨਾ ਜ਼ੋਰ ਲਵਾਉਣ ਤੋਂ ਬਾਅਦ’ ਚੰਦਨ ਬਾਰੇ ‘ਬਕਣਾ’ ਸੀ!
ਕਹਿ ਨਹੀਂ ਸਕਦਾ, ਪਰ ਹੋ ਸਕਦਾ ਸੀ ਕਿ ਮੇਰੇ ਇੰਨੇ ਸਹਿਜ ‘ਇਕਬਾਲ’ ਨੇ ‘ਨਿਰਦੋਸ਼’ ਹੋਣ ਬਾਰੇ ਮੇਰੇ ‘ਨੰਬਰ’ ਬਣਾਏ ਹੀ ਹੋਣ! ਤੇ ਯਸ਼ਪਾਲ ਬਾਰੇ ਦੱਸਣ ਲਈ ਮੈਂ ਸੌਖਾ ਸਾਂ! ਉਸ ਬਾਰੇ ਮੇਰਾ ਅੱਧਾ ਸੱਚਾ ਤੇ ਅੱਧਾ ਝੂਠਾ ਬਿਆਨ ਇਹ ਸੀ: ਉਹ ਮੇਰੇ ਸਹੁਰਿਆਂ ਦੇ ਪਿੰਡ ਦਾ ਸੀ ਅਤੇ ਉਸ ਦੇ ਪਰਿਵਾਰ ਦੀ ਮੇਰੇ ਸਹੁਰਾ-ਪਰਿਵਾਰ ਨਾਲ ਨਜ਼ਦੀਕੀ ਸਾਂਝ ਸੀ। ਪਹਿਲਾਂ ਤੋਂ ਹੀ ਉਹ ਪ੍ਰਗਤੀਵਾਦੀ ਲੇਖਕ ਵਜੋਂ ਮੈਨੂੰ ਜਾਣਦਾ ਅਤੇ ਸਤਿਕਾਰਦਾ ਸੀ। ਮੇਰੇ ਰਿਸ਼ਤੇ ਦੀ ਦੱਸ ਪਾਉਣ ਅਤੇ ਨੇਪਰੇ ਚੜ੍ਹਾਉਣ ਵਿਚ ਵੀ ਉਸ ਦਾ ਰੋਲ ਸੀ। ਮੈਨੂੰ ਇਹ ਦੱਸਣ ਵਿਚ ਵੀ ਕੋਈ ਉਜ਼ਰ ਨਹੀਂ ਕਿ ਉਹ ਨਿਸਚੈ ਹੀ ‘ਕ੍ਰਾਂਤੀਕਾਰੀ ਵਿਚਾਰਾਂ’ ਦਾ ਸੀ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦਾ ਆਗੂ ਸੀ।
“ਪੰਜਾਬ ਸਟੂਡੈਂਟਸ ਯੂਨੀਅਨ ਵੀ ਤਾਂ ਨਕਸਲੀਆਂ ਦੀ ਜਥੇਬੰਦੀ ਹੈ। ਇਹ ਭਲਾ ਕੌਣ ਨਹੀਂ ਜਾਣਦਾ।”
“ਹੋ ਸਕਦਾ ਏ ਜੀ। ਮੇਰਾ ਕਿਹੜਾ ਯੂਨੀਆਨ ਨਾਲ ਕੋਈ ਵਾਸਤਾ ਏ।”
ਬਲਬੀਰ ਨਾਲ ਪਹਿਲੀ ਮੁਲਾਕਾਤ ਵਾਲੀ ‘ਕੁੰਡੀ’ ਮੰਨਣਯੋਗ ਢੰਗ ਨਾਲ ਜੁੜ ਗਈ ਸੀ!