ਸ੍ਰੀ ਲੰਕਾ ਦਾ ਚੀਤਾ ਪ੍ਰਭਾਕਰਨ-3
ਸ੍ਰੀ ਲੰਕਾ ਵਿਚ ਤਾਮਿਲਾਂ ਅਤੇ ਸਿੰਘਲੀਆਂ (ਆਮ ਪ੍ਰਚਲਿਤ ਸ਼ਬਦ ਸਿਨਹਾਲੀ) ਵਿਚਕਾਰ ਤਣਾਉ ਵਿਚੋਂ ਜਿਹੜੀ ਸਿਆਸਤ 20ਵੀਂ ਸਦੀ ਦੀ ਅਖੀਰਲੀ ਚੌਥਾਈ ਦੌਰਾਨ ਸਾਹਮਣੇ ਆਈ, ਉਸ ਦਾ ਸਿਖਰ ਸੀ ‘ਲਿੱਟੇ’ (æਠਠਓ- ਲਿਬਰੇਸ਼ਨ ਟਾਈਗਰਜ਼ ਆਫ ਤਾਮਿਲ ਈਲਮ)। ਇਸ ਜਥੇਬੰਦੀ ਨੇ ਵੇਲੂਪਿੱਲੇ ਪ੍ਰਭਾਕਰਨ ਦੀ ਅਗਵਾਈ ਹੇਠ ਗੁਰੀਲਾ ਜੰਗ ਦਾ ਨਿਵੇਕਲਾ ਰੰਗ ਤਾਂ ਦਿਖਾਇਆ ਹੀ, ਸ੍ਰੀ ਲੰਕਾ ਦੇ ਤਾਮਿਲਾਂ ਦਾ ਮਸਲਾ ਸੰਸਾਰ ਪੱਧਰ ਉਤੇ ਲੈ ਆਂਦਾ। ਸੰਸਾਰ ਅੰਦਰ ਜੂਝ ਰਹੀਆਂ ਹੋਰ ਕੌਮੀਅਤਾਂ ਵਾਂਗ ਸ੍ਰੀ ਲੰਕਾ ਦੇ ਤਾਮਿਲਾਂ ਦੀ ਕਹਾਣੀ ਪੜ੍ਹਨ-ਸੁਣਨ ਵਾਲੀ ਹੈ। ਉਘੇ ਬਿਊਰੋਕਰੈਟ ਐਮæਆਰæ ਨਰਾਇਣ ਸਵਾਮੀ ਨੇ ਇਸ ਬਾਬਤ ਡੂੰਘੀ ਖੋਜ ਪਿਛੋਂ ਕਿਤਾਬ ਲਿਖੀ ਹੈ-‘ਇਨਸਾਈਡ ਐਨ ਇਲੂਸਿਵ ਮਾਈਂਡ: ਪ੍ਰਭਾਕਰਨ’।
ਨਰਾਇਣ ਸਵਾਮੀ ਨੇ ਪ੍ਰਭਾਕਰਨ ਦੇ ਬਹਾਨੇ ਤਾਮਿਲ ਮਸਲੇ ਦੀ ਕਈ ਤਹਿਆਂ ਫਰੋਲੀਆਂ ਹਨ। ਪ੍ਰੋæ ਹਰਪਾਲ ਸਿੰਘ ਪੰਨੂ ਨੇ ਇਸ ਕਿਤਾਬ ਦੇ ਚੌਖਟੇ ਅੰਦਰ ਰਹਿੰਦਿਆਂ ਪ੍ਰਭਾਕਰਨ ਅਤੇ ਲਿੱਟੇ ਬਾਰੇ ਲੰਮਾ ਲੇਖ ਪੰਜਾਬ ਟਾਈਮਜ਼ ਦੇ ਪਾਠਕਾਂ ਲਈ ਭੇਜਿਆ ਹੈ। ਇਸ ਲੇਖ ਵਿਚ ਉਨ੍ਹਾਂ ਤਾਮਿਲਾਂ ਦੀ ਸਿਆਸਤ ਅਤੇ ਸੰਸਾਰ ਸਿਆਸਤ ਵਿਚ ਇਨ੍ਹਾਂ ਦੀ ਹੋਣੀ ਬਾਰੇ ਕੁਝ ਗੱਲਾਂ ਸਪਸ਼ਟ ਰੂਪ ਵਿਚ ਉਭਾਰਨ ਦਾ ਯਤਨ ਕੀਤਾ ਹੈ। ਪਿਛਲੀਆਂ ਕਿਸ਼ਤਾਂ ਵਿਚ ਤਾਮਿਲ ਸਿਆਸਤ ਦੇ ਪਿਛੋਕੜ ਅਤੇ ਪ੍ਰਭਾਕਰਨ ਦੇ ਘਰ ਤੋਂ ਜੰਗਲ ਵੱਲ ਸਫਰ ਦੀ ਦਾਸਤਾਨ ਬਿਆਨ ਕੀਤੀ ਗਈ ਸੀ। ਐਤਕੀਂ ‘ਲਿੱਟੇ’ ਦੇ ਮੁੱਢਲੇ ਸਾਲਾਂ ਅਤੇ ਭਾਰਤ ਨਾਲ ਤਾਲਮੇਲ ਬਾਰੇ ਚਰਚਾ ਕੀਤੀ ਗਈ ਹੈ। -ਸੰਪਾਦਕ
ਹਰਪਾਲ ਸਿੰਘ ਪੰਨੂ
ਫੋਨ: +91-94642-51454
ਮਾਰਚ 1983 ਵਿਚ ਗੁਟ ਨਿਰਪੇਖ ਦੇਸਾਂ ਦੇ ਮੁਖੀਆਂ ਦੀ ਦਿੱਲੀ ਵਿਚ ਵਾਰਤਾ ਹੋਈ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਪੈਂਫਲਿਟ ਛਪਵਾ ਕੇ ਵੰਡੇ ਗਏ ਤਾਂ ਕਿ ਤਮਿਲਾਂ ਦੀ ਆਵਾਜ਼ ਕੌਮਾਂਤਰੀ ਹੋ ਸਕੇ। ਇਧਰ ਲੰਕਾ ਵਿਚ ਅੰਮ੍ਰਿਤ ਲਿੰਗਮ ਚੋਣਾਂ ਵਿਚ ਹਿੱਸਾ ਲੈਣ ਦਾ ਇੱਛੁਕ ਸੀ। ਉਸ ਦਾ ਦਾਅਵਾ ਸੀ ਤਮਿਲਾਂ ਦਾ ਹੀਰੋ ਹੈ ਹੀ ਉਹ। ਮਈ 1983 ਵਿਚ ਚੋਣ ਆ ਗਈ। ਪ੍ਰਭਾਕਰਨ ਨੇ ਐਲਾਨ ਕੀਤਾ-ਤੁਸੀਂ ਸਾਨੂੰ ਮਾਰ ਨਹੀਂ ਸਕਦੇ, ਕਿਉਂਕਿ ਤੁਸੀਂ ਸਾਨੂੰ ਲੱਭ ਨਹੀਂ ਸਕਦੇ। ਅਸੀਂ ਆਮ ਤਮਿਲ ਪਰਜਾ ਹਾਂ। ਅਸੀਂ ਚੋਣ ਬਾਈਕਾਟ ਦਾ ਐਲਾਨ ਕਰਦੇ ਹਾਂ। ਤੁਸੀਂ ਅੰਮ੍ਰਿਤ ਲਿੰਗਮ ਅਤੇ ਸਾਡੀ ਲਿੱਟੇ ਵਿਚੋਂ ਇਕ ਦੀ ਗੱਲ ਮੰਨੋ। ਲਕੀਰ ਖਿੱਚੀ ਗਈ।
ਜਾਫਨਾ ਸਕੱਤਰੇਤ ਵਿਚ ਫੌਜੀ ਅਤੇ ਪੁਲਿਸ ਅਫਸਰਾਂ ਦੀ ਮੀਟਿੰਗ ਹੋਣੀ ਸੀ ਜਿਸ ਵਿਚ ਅਮਨ ਪੂਰਵਕ ਚੋਣਾਂ ਦੀ ਵਿਉਂਤ ਬਣਾਉਣੀ ਸੀ। ਮੀਟਿੰਗ ਤੋਂ ਘੰਟਾ ਕੁ ਪਹਿਲਾਂ ਬਿਲਡਿੰਗ ਵਿਚ ਜ਼ਬਰਦਸਤ ਬੰਬ ਧਮਾਕਾ ਹੋ ਗਿਆ। ਦੋ ਉਮੀਦਵਾਰ ਅਤੇ ਇਕ ਸੁਰੱਖਿਆ ਕਰਮੀ ਮਾਰੇ ਗਏ। ਪੈਂਫਲਿਟ ਵੰਡੇ ਗਏ, ਲਿਖਿਆ ਸੀ- ਚੋਣਾਂ ਨਹੀਂ। ਬਾਕੀ ਉਮੀਦਵਾਰ ਬੈਠ ਗਏ, ਡਰੇ ਹੋਏ ਘਬਰਾਏ ਹੋਏ ਅੰਮ੍ਰਿਤ ਲਿੰਗਮ ਦੇ ਉਮੀਦਵਾਰ ਰਹਿ ਗਏ। ਦੋ ਪ੍ਰਤੀਸ਼ਤ ਵੋਟ ਪੋਲ ਹੋਈ। ਪਿਛਲੀ ਚੋਣ ਵਿਚ ਅੰਮ੍ਰਿਤ ਲਿੰਗਮ ਦੀ ਪਾਰਟੀ ਭਾਰੀ ਬਹੁਮਤ ਨਾਲ ਜਿੱਤੀ, ਐਤਕੀਂ ਵੋਟਰ ਦੁਬਕਿਆਂ ਘਰ ਬੈਠਾ ਰਿਹਾ। ਪੋਲਿੰਗ ਬੂਥਾਂ ‘ਤੇ ਧਮਾਕੇ ਹੋਣ ਲੱਗੇ। ਇਕ ਸਿਪਾਹੀ ਮਾਰ ਕੇ ਖਾੜਕੂ ਉਸ ਦੀ ਚੀਨੀ ਬੰਦੂਕ ਲੈ ਗਏ। ਗੁੱਸੇ ਵਿਚ ਆਏ ਪੁਲਿਸੀਆਂ ਨੇ ਸਿਵਲੀਅਨ ਤਮਿਲਾਂ ਦੇ ਘਰ ਡਾਕੇ ਮਾਰੇ। ਛੇ ਸਿਪਾਹੀ ਨੌਕਰੀਓਂ ਡਿਸਮਿਸ ਹੋਏ, ਕਿਉਂਕਿ ਆਮ ਲੋਕਾਂ ਨਾਲ ਦੁਰਵਿਹਾਰ ਕੀਤਾ, ਨੱਬੇ ਸਿਪਾਹੀ ਇਸ ਲਈ ਨੌਕਰੀਓਂ ਕੱਢੇ; ਅਖੇ ਖਾੜਕੂਆਂ ਨਾਲ ਰਲੇ ਹੋਏ ਸਨ।
ਪ੍ਰਭਾਕਰਨ ਦਾ ਮਿੱਤਰ, ਬਹਾਦਰ ਖਾੜਕੂ ਸੀਲਨ ਮੁਕਾਬਲੇ ਵਿਚ ਮਾਰਿਆ ਗਿਆ ਜਿਸ ਬਦਲੇ ਉਸ ਨੇ ਜੁਲਾਈ 1983 ਵਿਚ 13 ਸੈਨਿਕ ਮਾਰੇ। ਸਰਕਾਰ ਨੇ ਫੈਸਲਾ ਕੀਤਾ ਕਿ ਇਨ੍ਹਾਂ ਕੌਮੀ ਸ਼ਹੀਦਾਂ ਨੂੰ ਕੋਲੰਬੋ ਰਾਸ਼ਟਰਪਤੀ ਜੈਵਰਧਨੇ ਦੀ ਰਿਹਾਇਸ਼ ਨੇੜੇ ਦਫਨ ਕਰਾਂਗੇ। ਪੂਰੇ ਦੇਸ ਵਿਚ ਤਮਿਲਾਂ ਵਿਰੁੱਧ ਗੁੱਸਾ ਸੀ। ਕਮਿਊਨਿਸਟਾਂ ਨੇ ਭੀੜ ਨੂੰ ਭੜਕਾਉਣ ਦਾ ਯਤਨ ਕੀਤਾ। ਫਿਰ ਨੌਕਰੀਓਂ ਕੱਢੇ ਸਿਪਾਹੀ ਤੇ ਉਨ੍ਹਾਂ ਦੇ ਪਰਿਵਾਰ ਆ ਗਏ ਤਾਂ ਵੀ ਭੀੜ ਆਪੇ ਤੋਂ ਬਾਹਰ ਨਾ ਹੋਈ। ਦਿਨ ਛਿਪੇ ਲੀਡਰਾਂ ਦੀ ਅਗਵਾਈ ਵਿਚ ਗੁੰਡੇ ਆ ਗਏ। ਪਹਿਲੇ ਹਮਲੇ ਰਾਹਗੀਰ ਤਮਿਲਾਂ ‘ਤੇ ਹੋਏ, ਫਿਰ ਅਗਜ਼ਨੀ ਦੀਆਂ ਵਾਰਦਾਤਾਂ ਸ਼ੁਰੂ ਹੋ ਗਈਆਂ। ਕਰਫਿਊ ਲੱਗਣਾ ਚਾਹੀਦਾ ਸੀ, ਨਹੀਂ ਲਾਇਆ। ਰਾਸ਼ਟਰਪਤੀ ਭਵਨ ਤੋਂ ਅੱਗਾਂ ਦਿੱਸ ਰਹੀਆਂ ਸਨ, ਹਿੰਸਕ ਵਾਰਦਾਤਾਂ ਰੋਕਣ ਲਈ ਨਾ ਕਿਧਰੇ ਪੁਲਿਸ ਨਜ਼ਰ ਆਈ, ਨਾ ਫੌਜ। ਲੋਕਾਂ ਦੇ ਹੱਥਾਂ ਵਿਚ ਘਾਹ ਕੱਟਣ ਵਾਲੀਆਂ ਤਲਵਾਰਾਂ, ਸਰੀਏ, ਚਾਕੂ, ਗੈਂਤੀਆਂ, ਗੰਧਾਲੇ, ਡੀਜ਼ਲ, ਪੈਟਰੋਲ ਦੀਆਂ ਕੇਨੀਆਂ ਆ ਗਈਆਂ। ਲੀਡਰ ਵੋਟਰ ਲਿਸਟਾਂ ਪੜ੍ਹ ਪੜ੍ਹ ਕੇ ਤਮਿਲਾਂ ਦੇ ਘਰਾਂ ਦੀ ਦੱਸ ਪਾ ਰਹੇ ਸਨ। ਔਰਤ, ਮਰਦ, ਬੱਚਾ ਕਿਸੇ ਵਿਚ ਭੇਦ ਨਹੀਂ ਕੀਤਾ। ਕੋਲੰਬੋ ਅੱਗ ਦੀਆਂ ਲਾਟਾਂ ਅਤੇ ਖੂਨ ਦੇ ਦਰਿਆ ਵਿਚ ਡੁੱਬ ਗਿਆ। ਫਿਰਕੂ ਦੰਗੇ 1956, 58, 77 ਅਤੇ 1981 ਵਿਚ ਵੀ ਹੋਏ ਸਨ, ਪਰ 1983 ਵਿਚ ਸਭ ਰਿਕਾਰਡ ਤੋੜ ਦਿੱਤੇ। ਪੂਰੀ ਤਾਕਤ ਨਾਲ ਮਹੱਤਵਪੂਰਨ ਘਟ-ਗਿਣਤੀ ਨਸਲ ਦਾ ਬੀਜਨਾਸ ਕਰਨ ਦਾ ਯਤਨ ਹੋਇਆ। ਭੱਜੇ ਜਾਂਦੇ ਤਮਿਲਾਂ ਦਾ ਪਿੱਛਾ ਕਰ ਕਰ ਅੱਗ ਲਾਈ ਗਈ। ਫੌਜ ਦੇ ਟਰੱਕ ਲੰਘਦੇ ਤਾਂ ਕਾਤਲ ਨਾਅਰੇ ਲਾਉਂਦੇ- ਸਿੰਘਲਾ ਹਮੂਦਵਤਾ ਜਯ (ਸਿੰਘਲੀ ਸੈਨਾ ਦੀ ਜੈ)। ਵਿਦੇਸ਼ੀ ਸੈਲਾਨੀ ਸੁੰਨ ਹੋ ਗਏ। ਲੰਕਾ ਨੂੰ ਤਾਂ ਸਿੰਘਾਪੁਰ ਵਰਗਾ ਸ਼ਾਂਤ ਦੇਸ ਦੱਸਿਆ ਗਿਆ ਸੀ! ਨਾਰਵੇ ਦੀ ਇਕ ਔਰਤ ਦਸੱਦੀ ਹੈ- ਮਿਨੀ ਬੱਸ ਰੋਕ ਕੇ ਉਸ ਵਿਚ ਪੈਟਰੋਲ ਸੁੱਟਿਆ। ਵੀਹ ਤਮਿਲ ਹੋਣਗੇ। ਅੱਗ ਲਾਈ। ਕੁੱਝ ਇਕ ਛੋਟੀਆਂ ਖਿੜਕੀਆਂ ਥਾਣੀਂ ਬਾਹਰ ਕੁੱਦੇ। ਚੁੱਕ ਕੇ ਫਿਰ ਅੰਦਰ ਸੁੱਟੇ ਗਏ। ਦਿਲ ਚੀਰਵੀਆਂ ਚੀਕਾਂ ਸੁਣੀਆਂ। ਕੁਝ ਭਲੇ ਸਿੰਘਲੀਆਂ ਨੇ ਗਵਾਂਢੀ ਤਮਿਲ ਬਚਾਏ ਵੀ, ਪਰ ਸਰਕਾਰ ਵਲੋਂ ਸੰਕੇਤ ਸੀ ਕਿ ਤਮਿਲ ਇਸ ਦੇਸ ਦੇ ਕੁਝ ਨਹੀਂ ਲਗਦੇ। ਪ੍ਰਭਾਕਰਨ ਦੇਰ ਤੋਂ ਦੱਸਦਾ ਆ ਰਿਹਾ ਸੀ, ਤੁਹਾਡੀ ਔਕਾਤ ਇਸ ਦੇਸ ਵਿਚ ਕੁਝ ਨਹੀਂ, ਪਰ ਹੁਣ ਪਤਾ ਲੱਗਾ। ਯੂਰਪੀ ਸੈਲਾਨੀਆਂ ਨੇ ਕੋਲੰਬੋ ਦੇ ਰੇਲਵੇ ਸਟੇਸ਼ਨ ‘ਤੇ ਨੌਂ ਤਮਿਲਾਂ ਦੇ ਕਤਲ ਅੱਖੀਂ ਦੇਖੇ। ਤਮਿਲਾਂ ਦੇ ਘਰਾਂ-ਦੁਕਾਨਾਂ ਵਿਚੋਂ ਜਿੰਨਾ ਸਾਮਾਨ ਚੁਕਿਆ ਜਾ ਸਕਦਾ, ਗਠੜੀਆਂ ਭਰ ਭਰ ਢੋਇਆ ਜਾ ਰਿਹਾ ਸੀ। ਇਕ ਟੈਕਸੀ ਡਰਾਈਵਰ ਨੇ ਪਾਕਿਸਤਾਨੀ ਯਾਤਰੀ ਨੂੰ ਖੁਸ਼ੀ ਨਾਲ ਦੱਸਿਆ- ਤਮਿਲ ਬਿਮਾਰੀ ਪੂਰੀ ਤਰ੍ਹਾਂ ਧੋ ਦਿੱਤੀ ਹੈ। ਇਕ ਜਰਮਨ ਔਰਤ ਨੇ ਤਮਿਲ ਔਰਤ ਨਾਲ ਬਲਾਤਕਾਰ ਹੁੰਦਾ ਦੇਖਿਆ। ਇਕ ਸਾਬਕਾ ਤਮਿਲ ਬਜ਼ੁਰਗ ਵਜ਼ੀਰ ਦੇ ਹੱਥ ਬੰਨ੍ਹੀ ਮਾਰਨ ਵਾਸਤੇ ਲਈ ਜਾ ਰਹੇ ਸਨ, ਪਰ ਆਖਰ ਬਚ ਗਿਆ। ਪੁਲਿਸ ਅਫਸਰਾਂ ਥਾਣਿਆਂ ਦੇ ਫੋਨ ਬੰਦ ਸਨ। ਪਿਛੋਂ ਸਰਕਾਰ ਦਾ ਐਲਾਨ ਆਇਆ- ਗੁੱਸੇ ਵਿਚ ਲੋਕ ਆਪ ਮੁਹਾਰੇ ਭੜਕ ਪਏ ਸਨ।
ਭੀੜ ਨੇ ਬੱਸ ਘੇਰ ਕੇ ਕੰਡਕਟਰ ਨੂੰ ਪੁੱਛਿਆ- ਕੋਈ ਤਮਿਲ ਸਵਾਰੀ ਹੈ? ਕੰਡਕਟਰ ਨੇ ਇਕ ਔਰਤ ਵੱਲ ਇਸ਼ਾਰਾ ਕੀਤਾ, ਉਹ ਹੇਠਾਂ ਖਿੱਚ ਲਈ ਗਈ। ਤਰਲੇ ਪਾਉਂਦੀ ਔਰਤ ਨੇ ਚੁੰਨੀ ਉਤਾਰ ਕੇ ਸੰਧੂਰ ਦਿਖਾਂਦਿਆਂ ਕਿਹਾ- ਮੈਂ ਹਿੰਦੂ ਹਾਂ। ਇਕ ਮੁਸ਼ਟੰਡੇ ਨੇ ਟੁੱਟੀ ਬੋਤਲ ਉਸ ਦੇ ਪੇਟ ਵਿਚ ਖੋਭ ਦਿੱਤੀ, ਖੂਨ ਦੇ ਫੁਹਾਰੇ ਚੱਲ ਪਏ। ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤੀ। ਤਮਾਸ਼ਬੀਨ ਨੱਚਦੇ ਗਾਉਂਦੇ ਨਜ਼ਾਰਾ ਲੈਂਦੇ ਰਹੇ। ਸਰਕਾਰੀ ਗੱਡੀਆਂ ਗੁੰਡਿਆਂ ਨੂੰ ਲਿਆ ਲਿਆ ਉਤਾਰ ਰਹੀਆਂ ਸਨ। ਇਹ ਬਿਰਤਾਂਤ ਉਸ ਤਮਿਲ ਨੇ ਲਿਖੇ ਹਨ ਜਿਹੜਾ ਇਲਾਕੇ ਵਿਚ ਹੁਣੇ ਆ ਕੇ ਵਸਿਆ ਸੀ, ਵੋਟਰ ਲਿਸਟ ਵਿਚ ਨਾਮ ਨਹੀਂ ਸੀ, ਲੋਕ ਜਾਣਦੇ ਨਹੀਂ ਸਨ। ਕੋਲੰਬੋ ਪਿਛੋਂ ਸਾਰੇ ਦੇਸ ਵਿਚ ਹਿੰਸਾ ਫੈਲੀ, ਅੱਸੀ ਹਜ਼ਾਰ ਬੇਘਰੇ ਤਮਿਲ ਰਾਹਤ ਕੈਂਪਾਂ ਵਿਚ ਪੁੱਜੇ। ਅਣਗਿਣਤ ਸ਼ਰਨਾਰਥੀ ਕਿਸ਼ਤੀਆਂ ਰਾਹੀਂ ਭਾਰਤ ਪੁੱਜ ਗਏ। ਕੋਲੰਬੋ ਦੀ ਕੇਂਦਰੀ ਜੇਲ੍ਹ ਵਿਚ ਭੀੜ ਜਾ ਪੁੱਜੀ, ਤਮਿਲਾਂ ਦੀ ਬੈਰਕ ਵਿਚ ਪੁੱਜ ਕੇ 35 ਬੰਦੇ ਕਤਲ ਕੀਤੇ, ਇਹ ਸਭ ਸਿਆਸੀ ਬੰਦੇ ਸਨ। ਜੇਲ੍ਹ ਸਟਾਫ ਨੇ ਰੋਕੇ ਨਹੀਂ। ਇਨ੍ਹਾਂ ਵਿਚ ਦੋ ਤਮਿਲ ਲੀਡਰ ਕੁੱਟੀਮਣੀ ਤੇ ਥੰਗਾਦੁਰੇ ਦੋ ਸਾਲ ਤੋਂ ਬੰਦੀ ਸਨ। ਕੁੱਟੀਮਣੀ ਨੇ ਜੱਜ ਅੱਗੇ ਬਿਆਨ ਲਿਖਾਇਆ ਸੀ ਕਿ ਮਰਨ ਉਪਰੰਤ ਮੇਰੀਆਂ ਅੱਖਾਂ ਅੰਨ੍ਹੇ ਤਮਿਲ ਨੂੰ ਦਾਨ ਕੀਤੀਆਂ ਜਾਣ, ਮੈਂ ਆਜ਼ਾਦ ਤਮਿਲ ਦੇਸ ਨਾ ਦੇਖ ਸਕਿਆ, ਕੋਈ ਅੰਨ੍ਹਾ ਤਾਂ ਦੇਖ ਲਏਗਾ। ਭੀੜ ਨੂੰ ਉਸ ਦੇ ਬਿਆਨ ਦੀ ਜਾਣਕਾਰੀ ਸੀ। ਜਿਉਂਦੇ ਦੀਆਂ ਅੱਖਾਂ ਕੱਢ ਕੇ ਪਰੇ ਵਗ੍ਹਾ ਮਾਰੀਆਂ। ਸੋਲਾਂ ਸਾਲ ਦੇ ਕੈਦੀ ਮੁੰਡੇ ਨੂੰ ਜੇਲ੍ਹ ਮੁਲਾਜ਼ਮ ਨੇ ਛੁਰਾ ਮਾਰ ਕੇ ਮਾਰਿਆ। ਸੰਸਾਰ ਕੰਬ ਗਿਆ, ਪਰ ਸਰਕਾਰ ਹਿੰਸਾ ਦੀ ਨਿਖੇਧੀ ਕਰਨ ਨੂੰ ਤਿਆਰ ਨਾ ਹੋਈ। ਝੁਲਸਿਆ ਹੋਇਆ ਕੋਲੰਬੋ ਸ਼ਹਿਰ ਇਉਂ ਲਗਦਾ ਸੀ ਜਿਵੇਂ ਭਾਰੀ ਬੰਬਾਰੀ ਹੋਈ ਹੋਵੇ। ਆਖਰ ਸਰਕਾਰ ਦਾ ਬਿਆਨ ਆਇਆ- ਮਾਸਕੋ ਵਿਚ ਇਹ ਸਾਜ਼ਿਸ਼ ਰਚੀ ਗਈ, ਕਮਿਊਨਿਸਟਾਂ ਨੇ ਕਾਰਾ ਕੀਤਾ। ਇਸ ਘੱਲੂਘਾਰੇ ਦਾ ਨਾਮ ‘ਕਾਲੀ ਜੁਲਾਈ’ ਪੈ ਗਿਆ। ਸਾਰੇ ਤਮਿਲ ਸਮਝਣ ਲੱਗੇ ਕਿ ਤਮਿਲ ਖਾੜਕੂ ਠੀਕ ਕੰਮ ਕਰ ਰਹੇ ਹਨ।
ਭਾਰਤੀ ਤਮਿਲਨਾਡੂ ਪ੍ਰਾਂਤ ਵਿਚ ਲੋਕ ਸੜਕਾਂ ‘ਤੇ ਆ ਗਏ। ਭੀੜਾਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅੱਗੇ ਪੁਕਾਰਨ ਲੱਗੀਆਂ- ਲੰਕਾ ਵਿਚ ਤਮਿਲ ਬੀਜ ਨਾਸ ਬੰਦ ਕਰਾਉ। ਲੋਕ ਲੰਕਾ ਦੇ ਦੂਤਾਵਾਸ ਵੱਲ ਵਧਣ ਲੱਗੇ। ਕਈ ਥਾਂਵਾਂ ‘ਤੇ ਭਾਰਤੀ ਤਮਿਲਾਂ ਨੇ ਖੁਦ ਨੂੰ ਅੱਗ ਲਾ ਕੇ ਭਸਮ ਕਰ ਲਿਆ। ਮੰਗ ਕੀਤੀ ਕਿ ਲੰਕਾ ਨਾਲੋਂ ਕੂਟਨੀਤਕ ਸਬੰਧ ਤੋੜੋ, ਮੰਗ ਹੋਈ ਕਿ ਲੰਕਾ ਵਿਚ ਯੂæਐਨæਓæ ਦੀ ਫੌਜ ਤੈਨਾਤ ਕਰੋ।
1971 ਵਿਚ ਜਿਵੇਂ ਬੰਗਲਾਦੇਸੀ ਭਾਰਤ ਵਿਚ ਦਾਖਲ ਹੋਣ ਲੱਗੇ ਸਨ, ਹੁਣ ਲੰਕਾ ਤੋਂ ਤਮਿਲ ਆਉਣ ਲੱਗੇ। ਇੰਦਰਾ ਗਾਂਧੀ ਨੇ ਕੁਝ ਕਰਨ ਦਾ ਫੈਸਲਾ ਕੀਤਾ। ਉਸ ਨੇ ਐਲਾਨ ਕੀਤਾ ਕਿ ਉਹ ਤਮਿਲ ਦੂਤ ਲੰਕਾ ਵਿਚ ਭੇਜ ਰਹੀ ਹੈ, ਸਰਕਾਰ ਅਤੇ ਤਮਿਲ ਕੌਮ ਵਿਚ ਗਲਬਾਤ ਹੋਣੀ ਜ਼ਰੂਰੀ ਹੈ। ਇੰਦਰਾ ਨੂੰ ਕੀ ਪਤਾ ਸੀ ਹੋਣੀ ਉਸ ਦੇ ਬੇਟੇ ਰਾਜੀਵ ਗਾਂਧੀ ਦੀ ਬਲੀ ਲਵੇਗੀ! ਉਸ ਨੇ ਬੰਗਲਾ ਦੇਸ ਵਿਚ ‘ਮੁਕਤੀ ਬਾਹਿਨੀ’ ਦੇ ਨਾਮ ਹੇਠ ਭਾਰਤੀ ਸੈਨਾ ਭੇਜੀ ਸੀ। ਉਸੇ ਤਰ੍ਹਾਂ ਹੁਣ ਲੰਕਾ ਵਿਚ ਭਾਰਤੀ ਸੈਨਿਕ ਸ਼ਾਂਤੀ ਵਰਤਾਉਣ ਜਾਣਗੇ।
ਇਹ ਖਬਰਾਂ ਲੰਕਾ ਵਿਚ ਅੱਪੜੀਆਂ ਤਾਂ ਤਮਿਲ ਨੱਚਣ ਲੱਗ ਪਏ। ਆਖਰ ਭਾਰਤ ਨੇ ਦੁਖੀਆਂ ਦੀ ਬਾਂਹ ਫੜੀ। ਲਿੱਟੇ ਦੇ ਸੈਨਿਕ ਘਟ ਰਹੇ ਸਨ, ਹਜ਼ਾਰਾਂ ਦੀ ਗਿਣਤੀ ਵਿਚ ਮੁੰਡੇ ਕੁੜੀਆਂ ਭਰਤੀ ਹੋਣ ਲੱਗੇ। ਮਨੁੱਖਤਾ ਦਾ ਦਰਿਆ ਲੰਕਾ ਤੋਂ ਪਰਵਾਸ ਕਰ ਕੇ ਭਾਰਤੀ ਕਿਨਾਰਿਆਂ ਤੇ ਉਤਰਨ ਲੱਗਾ। ਪ੍ਰਭਾਕਰਨ ਦੇ ਖਾਬੋ-ਖਿਆਲ ਵਿਚ ਨਹੀਂ ਕਦੀ ਆਇਆ ਕਿ ਭਾਰਤ ਸ਼ਰੇਆਮ ਮਦਦ ‘ਤੇ ਆ ਜਾਏਗਾ ਤੇ ਲੰਕਾ ਦੇ ਤਮਿਲ ਵੱਡੇ ਯੁੱਧ ਲਈ ਤਿਆਰ ਹੋ ਜਾਣਗੇ। ਉਸ ਨੇ ਸਾਰੇ ਦੇਸਾਂ ਵਿਚ ਬੈਠੇ ਆਪਣੇ ਨੁਮਾਇੰਦਿਆਂ ਨੂੰ ਕਿਹਾ ਕਿ ਆਪੋ-ਆਪਣੇ ਦੇਸਾਂ ਦੇ ਸ਼ਾਸਕਾਂ ਨੂੰ ਮਦਦ ਲਈ ਅਪੀਲ ਭੇਜੋ, ਫੰਡ ਇਕੱਠਾ ਕਰੋ, ਤਮਿਲਾਂ ਨੂੰ ਕਹੋ, ਹੁਣ ਲੰਕਾ ਆਉਣ ਦਾ ਮੌਕਾ ਹੈ। ਧਨ ਅਤੇ ਬੰਦੇ ਲੰਕਾ ਵੱਲ ਤੁਰ ਪਏ। ਬਾਲਾਸਿੰਘਮ ਕੌਮਾਂਤਰੀ ਚਿਹਰਾ ਹੋ ਗਿਆ।
ਭਾਰਤ ਦੀ ਭੂਮਿਕਾ
ਇੰਦਰਾ ਗਾਂਧੀ ਨੇ ਲੰਕਾ ਵਿਚ ਸ਼ਾਂਤੀ ਦੂਤ ਭੇਜਣੇ ਸ਼ੁਰੂ ਕਰ ਦਿੱਤੇ। ਅੰਮ੍ਰਿਤ ਲਿੰਗਮ ਨੇ ਆਪਣੀ ਤਮਿਲ ਪਾਰਟੀ ‘ਤੁਲਫ’ ਦਾ ਹੈੱਡਕੁਆਰਟਰ ਮਦਰਾਸ ਬਣਾ ਲਿਆ ਤੇ ਸ਼ਾਨਦਾਰ ਬਿਲਡਿੰਗ ਵਿਚ ਰਹਿਣ ਲੱਗਾ। ਖਾੜਕੂਆਂ ਵਿਰੁੱਧ ਨਰਮ ਸੁਰ ਰੱਖਦਿਆਂ ਉਨ੍ਹਾਂ ਨੂੰ ਕੁਰਾਹੇ ਪਏ ਜੁਆਨ ਕਹਿਣ ਲੱਗਾ। ਜਦੋਂ ਜੀ ਕਰਦਾ, ਇੰਦਰਾ ਗਾਂਧੀ ਨੂੰ ਦਿੱਲੀ ਮਿਲ ਆਉਂਦਾ। ਜੈਵਰਧਨੇ ਨੇ ਗੱਲਬਾਤ ਦਾ ਸੱਦਾ ਦਿੱਤਾ ਤਾਂ ਉਸ ਦੀ ਹੋਰ ਚੜ੍ਹਤ ਹੋ ਗਈ। ਖਾੜਕੂਆਂ ਨੂੰ ਮਦਰਾਸ ਅਤੇ ਮਦੁਰਾਇ ਆਪਣੇ ਅੱਡੇ ਬਣਾਉਣ ਦੇ ਦਿੱਤੇ। ‘ਰਾਅ’ ਨੇ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ। ਲੰਕਾ ਸਰਕਾਰ ਨਾਲ ਤਣਾਉ ਵਧਣ ਲੱਗਾ।
‘ਰਾਅ’ ਨੇ ਛੋਟੇ-ਮੋਟੇ ਤਮਿਲ ਖਾੜਕੂ ਗਰੁੱਪਾਂ ਨੂੰ ਸਿੱਖਲਾਈ ਦੇਣੀ ਸ਼ੁਰੂ ਕੀਤੀ ਤਾਂ ਇਹ ਪ੍ਰਭਾਕਰਨ ਨੂੰ ਸਹੀ ਨਹੀਂ ਲੱਗਾ। ਉਸ ਦਾ ਆਪਣਾ ਸਭ ਤੋਂ ਵੱਡਾ ਗਰੁੱਪ ਖੂੰਜੇ ਲੱਗ ਜਾਏਗਾ। ਪ੍ਰਭਾਕਰਨ ਦਾ ਫੈਸਲਾ ਸੀ ਕਿ ਗੱਲ ਕਰਨੀ ਹੋਈ ਤਾਂ ਭਾਰਤ ਸਰਕਾਰ ਨਾਲ ਆਪ ਕਰੇਗਾ, ਲੰਕਾ ਦੇ ਕਿਸੇ ਤਮਿਲ ਵਿਚੋਲੇ ਰਾਹੀਂ ਨਹੀਂ। ਉਹ ਭਾਰਤੀ ਅਦਾਲਤ ਦਾ ਭਗੌੜਾ ਸੀ, ਤਾਮਿਲਨਾਡੂ ਗਿਆ ਕਿਤੇ ਗ੍ਰਿਫਤਾਰ ਤਾਂ ਨਹੀਂ ਕਰ ਲਿਆ ਜਾਵੇਗਾ? ਮਦਰਾਸ ਬੈਠੇ ਉਸ ਦੇ ਸਾਥੀ ਬਾਲਾਸਿੰਘਮ ਨੇ ਕਿਹਾ- ਹੁਣ ਦੇ ਹਾਲਾਤ ਵਿਚ ਤੁਹਾਡੀ ਗ੍ਰਿਫਤਾਰੀ ਸੰਭਵ ਨਹੀਂ। ਜੇ ਅਸੀਂ ਚੁੱਪ ਬੈਠੇ ਰਹੇ ਤਾਂ ਛੁਟਪੁਟ ਗਰੁੱਪ ਅਗੇ ਲੰਘ ਜਾਣਗੇ। ਪ੍ਰਭਾਕਰਨ ਪਾਂਡੀਚਰੀ ਆ ਕੇ ‘ਰਾਅ’ ਅਫਸਰਾਂ ਨੂੰ ਮਿਲਿਆ। ਉਸ ਨੂੰ ਵਧੀਆ ਜਰਮਨ ਪਿਸਤੌਲ ਅਤੇ ਕਾਰਤੂਸਾਂ ਦਾ ਡੱਬਾ ਗਿਫਟ ਦਿੱਤਾ। ਇਥੇ ਵੀ ਬਾਕੀ ਗਰੁੱਪਾਂ ਨਾਲੋਂ ਵੱਖਰੀ ਚਲਾਕੀ ਕੀਤੀ। ਜਿਹੜੇ ਲਿੱਟੇ ਸਿਪਾਹੀ ਟ੍ਰੇਨਿੰਗ ਲੈਣ ਲੱਗੇ, ਉਨ੍ਹਾਂ ਦੇ ਨਾਮ ਸਭ ਫਰਜ਼ੀ ਦਿਤੇ। ਯੂæਪੀæ ਦੀਆਂ ਪਹਾੜੀਆਂ ਵਿਚ ਸਤੰਬਰ 1983 ਨੂੰ ਟ੍ਰੇਨਿੰਗ ਸ਼ੁਰੂ ਹੋਈ। ਭਾਰਤੀ ਕੂਟਨੀਤਕਾਂ ਨੂੰ ਕੀ ਪਤਾ ਸੀ, ਸਿੱਖਲਾਈ-ਯਾਫਤਾ ਇਹੋ ਖਾੜਕੂ ਭਵਿਖ ਵਿਚ ਭਾਰਤੀ ਫੌਜਾਂ ਨੂੰ ਵਾਹਣੀ ਪਾਈ ਰੱਖਣਗੇ!
ਚਾਈਂ ਚਾਈਂ ਤਮਿਲ ਜੁਆਨੀ ਟ੍ਰੇਨਿੰਗ ਲੈਣ ਵਾਸਤੇ ਇਉਂ ਆਉਣ ਲਗੀ ਜਿਵੇਂ ਪਿਕਨਿਕ ਮਨਾਈਦੀ ਹੈ। ਲੰਕਾ ਸਰਕਾਰ ਚੌਕਸ ਹੋ ਗਈ। ਨੇਵੀ ਨੂੰ ਕਿਹਾ ਗਿਆ ਕਿ ਉਧਰ ਜਾਣ ਵਾਲਿਆਂ ਨੂੰ ਰੋਕੋ। ਨਾ ਸਮਗਲਰ ਰੁਕੇ, ਨਾ ਖਾੜਕੂ।
ਸਾਰੇ ਭਾਰਤ ਵਿਚ ਸਿਖਲਾਈ ਕੈਂਪ ਖੁੱਲ੍ਹ ਗਏ, ਇਥੋਂ ਤਕ ਕਿ ਡੇਹਰਾਦੂਨ ਵਿਚ ਵੀ। ਕੁੜੀਆਂ ਵੀ ਸਨ। ਹਰ ਕਿਸਮ ਦੇ ਹਥਿਆਰਾਂ ਦੀ ਸਿੱਖਲਾਈ। ਤੈਰਾਕੀ, ਪਾਣੀ ਦੇ ਹੇਠਾਂ ਉਤਰ ਕੇ ਸਮੁੰਦਰੀ ਜਹਾਜ਼ ਡੋਬਣ ਲਈ ਬੰਬ ਚਲਾਉਣ ਦੀ ਟ੍ਰੇਨਿੰਗ, ਦਰਖਤਾਂ ਰੱਸਿਆਂ ਉਪਰ ਚੜ੍ਹਨਾ ਉਤਰਨਾ, ਬਲਦੀ ਅੱਗ ਵਿਚੋਂ ਦੀ ਲੰਘਣਾ। ਟੈਂਕ ਤੋੜਨੇ ਅਤੇ ਲੜਾਕੂ ਜਹਾਜ਼ ਡੇਗਣੇ। ਪ੍ਰਭਾਕਰਨ ਇਕ ਵਾਰ ਕੈਂਪ ਵਿਚ ਗਿਆ, ਭਾਰਤੀ ਅਫਸਰ ਜੁਆਨਾਂ ਨੂੰ ਬੰਦੂਕਾਂ ਵੰਡ ਕੇ ਗਏ ਸਨ। ਪ੍ਰਭਾਕਰਨ ਨੇ ਕਿਹਾ- ਬਚਿਆ-ਖੁਚਿਆ ਪੁਰਾਣਾ ਸਾਮਾਨ ਦੇ ਰਹੇ ਹਨ, ਸਾਨੂੰ ਮੂਰਖ ਸਮਝਦੇ ਨੇ। ਉਹ ਜਾਣ ਰਿਹਾ ਸੀ ਕਿ ਭਾਰਤੀ ਸੈਨਾ ਉਸ ਦੇ ਖਾੜਕੂਆਂ ਨੂੰ ਆਪਣੀ ਰਿਜ਼ਰਵ ਫੌਜ ਸਮਝਦੀ ਹੈ ਜਿਸ ਨੂੰ ਆਪਣੇ ਮਕਸਦ ਲਈ ਲੰਕਾ ਵਿਰੁੱਧ ਕਦੀ ਵੀ ਵਰਤਿਆ ਜਾ ਸਕੇ। ਭਾਰਤੀਆਂ ਨੂੰ ਜਾਣਕਾਰੀ ਨਹੀਂ ਸੀ ਕਿ ਜਿਸ ਜਰਨੈਲ ਨਾਲ ਉਨ੍ਹਾਂ ਦਾ ਵਾਹ ਪਿਆ ਹੈ, ਉਸ ਨੂੰ ਮਨਮਰਜ਼ੀ ਨਾਲ ਵਰਤ ਸਕਣਾ ਸੰਭਵ ਨਹੀਂ ਹੋਵੇਗਾ।
ਮਾਰਚ 1984; ਕੁਝ ਅਖਬਾਰਾਂ ਨੇ ਪਹਿਲੀ ਵਾਰ ਬਹੁਤ ਮੁਸ਼ਕਿਲ ਨਾਲ ਉਸ ਨੂੰ ਮਨਾ ਕੇ ਪ੍ਰੈੱਸ ਮਿਲਣੀ ਕੀਤੀ। ਸਾਰੇ ਪੱਤਰਕਾਰਾਂ ਨੇ ਹੈਰਾਨੀ ਪ੍ਰਗਟਾਈ ਕਿ ਉਹ ਖਾੜਕੂ ਲਗਦਾ ਹੀ ਨਹੀਂ; ਬਹੁਤ ਸਾਊ, ਸਭਿਅ ਅਤੇ ਨਿਮਰਤਾ ਵਾਲਾ ਬੰਦਾ ਹੈ ਜਿਸ ਨੂੰ ਆਪਣੇ ਮਨੋਰਥ ਬਾਰੇ ਪੂਰੀ ਜਾਣਕਾਰੀ ਹੈ। ਹਥਿਆਰਾਂ ਦੀ ਵਰਤੋਂ ਅਤੇ ਸਿਆਸਤ ਦੇ ਹੱਥ ਕੰਡੇ ਜਾਣਦਾ ਹੈ। ਉਸ ਨੂੰ ਨਾ ਗੁੰਮਰਾਹ ਕੀਤਾ ਜਾ ਸਕਦਾ ਹੈ, ਨਾ ਵਰਤਿਆ ਜਾਣਾ ਸੰਭਵ ਹੈ। ਦੇਖਣ ਨੂੰ ਉਹ ਤਮਿਲਨਾਡੂ ਫਿਲਮ ਦਾ ਕੋਈ ਹੀਰੋ ਲਗਦਾ ਹੈ। ਸੰਡੇ ਮੈਗਜ਼ੀਨ ਨੂੰ ਇੰਟਰਵਿਊ ਦਿੰਦਿਆਂ ਉਸ ਨੇ ਇਹ ਵਾਕ ਕਿਹਾ- ‘ਜੇ ਜੈਵਰਧਨੇ ਸੱਚਾ ਬੋਧੀ ਹੁੰਦਾ, ਮੈਂ ਬੰਦੂਕ ਨੂੰ ਛੁੰਹਦਾ ਤੱਕ ਨਾ।’ ਇਸ ਅੰਕ ਦੀਆਂ ਬੇਸ਼ੁਮਾਰ ਕਾਪੀਆਂ ਦੁਨੀਆਂ ਭਰ ਨੇ ਖਰੀਦੀਆਂ, ਲੰਕਾ ਸਰਕਾਰ ਨੇ ਵਧੀਕ। ਉਸ ਨੇ ਕੀ ਕਿਹਾ, ਸਰਕਾਰ ਦੀ ਇਹ ਜਾਣਨ ਵਿਚ ਰੁਚੀ ਨਹੀਂ ਸੀ ਜਿੰਨੀ ਰੁਚੀ ਉਸ ਦਾ ਮੂੰਹ ਦੇਖਣ ਵਿਚ ਸੀ। ਸ਼ੁਕਰ ਹੈ, ਫੋਟੋ ਤਾਂ ਮਿਲੀ! ਸਰਕਾਰ ਕੋਲ ਪਾਸਪੋਰਟ ਸਾਈਜ਼ ਦੀ ਨਿੱਕੀ ਜਿਹੀ ਤਸਵੀਰ ਸੀ ਜਿਹੜੀ ਉਸ ਦੇ ਸਕੂਲ ਵਿਚੋਂ ਦਾਖਲਾ ਫਾਰਮ ਨਾਲ ਚਿਪਕੀ ਮਿਲੀ ਸੀ। ਰਿਸਾਲੇ ਦੇ ਕਵਰ ਦੀ ਫੋਟੋਕਾਪੀ ਲੰਕਾ ਦੇ ਹਰ ਥਾਣੇ ਪੁੱਜੀ।
ਪੱਤਰਕਾਰ ਨੇ ਪੁੱਛਿਆ- ਇਕ ਸੀਲਨ ਬਦਲੇ ਤੇਰਾਂ ਫੌਜੀ ਕਤਲ ਕਰਨੇ ਕਿਵੇਂ ਵਾਜਬ ਹਨ? ਪ੍ਰਭਾਕਰਨ ਨੇ ਕਿਹਾ- ਤੇਰਾਂ? ਉਹ ਸਾਡਾ ਜਰਨੈਲ ਸੀ, ਇਕ ਸੀਲਮ ਲੱਖ ਸੈਨਿਕਾਂ ਦੇ ਬਰਾਬਰ ਹੈ। ਤੇਰਾਂ ਕੀ ਗਿਣਤੀ ਹੋਈ? ਉਸ ਨੂੰ ਸਿਆਸੀ ਗਰੁੱਪ ‘ਤੁਲਫ’ ਪਸੰਦ ਨਹੀਂ ਸੀ, “ਹੁਣੇ ਇਹ ਕਹਿਣਗੇ ਵੱਖਰੇ ਤਮਿਲ ਦੇਸ ਤੋਂ ਹੇਠਾਂ ਕੋਈ ਸੌਦਾ ਨਹੀਂ, ਸੱਦਾ ਮਿਲੇ ਤਾਂ ਕੋਲੰਬੋ ਵਜ਼ਾਰਤ ਦੀ ਸਹੁੰ ਚੁਕਣ ਲਈ ਭੱਜ ਜਾਣਗੇ। ਇਨ੍ਹਾਂ ਨਾਲ ਮੈਂ ਸਿੱਝਾਂਗਾ। ਉਹ ਝੂਠੇ ਲਾਰੇ ਲਾ ਕੇ ਸਬਜ਼ਬਾਗ ਦਿਖਾ ਕੇ ਤਮਿਲਾਂ ਨੂੰ ਉਲੂ ਬਣਾਉਂਦੇ ਹਨ, ਬੰਧੂਆਂ ਮਜ਼ਦੂਰ ਹਨ। ਹੁਣ ਮੈਂ ਤਮਿਲ ਪਰਜਾ ਉਨ੍ਹਾਂ ਹੱਥੋਂ ਗੁੰਮਰਾਹ ਨਹੀਂ ਹੋਣ ਦਿਆਂਗਾ। ਦਗੇਬਾਜ਼। ਅਸੀਂ ਭਾਰਤੀ ਮਦਦ ਲੈ ਰਹੇ ਹਾਂ ਪਰ ਅੰਮ੍ਰਿਤ ਲਿੰਗਮ ਵਾਂਗ ਪਾਲਤੂ ਕੁੱਤੇ ਨਹੀਂ। ਅਮਰੀਕਾ ਲੰਕਾ ਨੂੰ ਹਥਿਆਰ ਭੇਜ ਰਿਹਾ ਹੈ, ਸਾਨੂੰ ਤਮਿਲਾਂ ਨੂੰ ਇਸ ਦਾ ਨੁਕਸਾਨ ਹੈ ਹੀ, ਭਾਰਤ ਲਈ ਵੀ ਉਸ ਦੀ ਪਾਲਿਸੀ ਸਹੀ ਨਹੀਂ। ਹਿੰਦ ਮਹਾਂਸਾਗਰ ਯੁੱਧ ਦਾ ਅੱਡਾ ਨਹੀਂ ਬਣਨਾ ਚਾਹੀਦਾ। ਤਮਿਲ ਈਲਮ ਗੁੱਟ ਨਿਰਪੇਖ ਦੇਸ ਹੋਏਗਾ ਤੇ ਭਾਰਤ ਨਾਲ ਦੋਸਤਾਨਾ ਸਬੰਧ ਰਹਿਣਗੇ। ਭਾਰਤੀ ਫੌਜ ਸ੍ਰੀ ਲੰਕਾ ਵਿਚ ਨਹੀਂ ਜਾਣੀ ਚਾਹੀਦੀ। ਅਸੀਂ ਆਪਣੀ ਲੜਾਈ ਆਪ ਲੜਾਂਗੇ। ਜੇ ਅਸੀਂ ਖੁਦ ਲੜਨ ਜੋਗੇ ਨਹੀਂ, ਫਿਰ ਅਸੀਂ ਆਜ਼ਾਦੀ ਦੇ ਹੱਕਦਾਰ ਵੀ ਨਹੀਂ।
ਭਾਰਤ ਵਿਚ ਰਹਿੰਦਿਆਂ ਪ੍ਰਭਾਕਰਨ ਦੀ ਸਭ ਤੋਂ ਵੱਡੀ ਪ੍ਰਾਪਤੀ ਤਮਿਲਨਾਡੂ ਦੇ ਮੁੱਖ ਮੰਤਰੀ ਐਮæਜੀæ ਰਾਮਾਚੰਦਰਨ (ਐਮæਜੀæਆਰæ) ਨਾਲ ਦੋਸਤੀ ਸੀ। 1967 ਵਿਚ ਉਸ ਦੀ ਪਾਰਟੀ ਡੀæਐਮæਕੇæ ਨੇ ਤਮਿਲਨਾਡੂ ਵਿਚੋਂ ਕਾਂਗਰਸ ਪਾਰਟੀ ਦਾ ਪੱਤਾ ਪੂਰਾ ਸਾਫ ਕਰ ਕੇ ਇਤਿਹਾਸ ਸਿਰਜ ਦਿੱਤਾ ਸੀ। 1977 ਵਿਚ ਫਿਰ ਉਸ ਦੀ ਸਰਕਾਰ ਬਣੀ। ‘ਲਿੱਟੇ’ ਨੂੰ ਪੈਸੇ ਦੀ ਘਾਟ ਸੀ। ਪ੍ਰਭਾਕਰਨ ਨੇ ਬਾਲਾਸਿੰਘਮ ਨੂੰ ਐਮæਜੀæਆਰæ ਕੋਲ ਭੇਜਿਆ। ਐਮæਜੀæਆਰæ ਬਿਮਾਰ ਸੀ, ਲੇਟਿਆ ਹੋਇਆ ਸੀ। ਬਾਲਾ ਨੇ ਲਿੱਟੇ ਦੀਆਂ ਮੁਸ਼ਕਿਲਾਂ ਦੱਸਦਿਆਂ ਪੈਸੇ ਦੀ ਮੰਗ ਕੀਤੀ। ਐਮæਜੀæਆਰæ ਨੇ ਪੁੱਛਿਆ- ਕਿੰਨੇ ਨਾਲ ਕੰਮ ਚੱਲ ਜਾਏਗਾ? ਬਾਲਾ ਨੇ ਕਿਹਾ- ਜੀ ਜਿੰਨੇ ਕੁ ਖੁਸ਼ ਹੋ ਕੇ ਦੇ ਸਕੋ। ਉਸ ਨੇ ਦੋ ਉਂਗਲਾਂ ਦਿਖਾਉਂਦਿਆਂ ਕਿਹਾ- ਕਾਫੀ ਹੋਣਗੇ? ਬਾਲਾ ਨੇ ਸਮਝਿਆ ਦੋ ਲੱਖ ਮਿਲਣਗੇ, ਹਾਂ ਕਰ ਦਿੱਤੀ। ਐਮæਜੀæਆਰæ ਨੇ ਦੋ ਕਰੋੜ ਰੁਪਏ ਦਿੱਤੇ। ਏਡੀ ਵੱਡੀ ਰਕਮ ਮੁੰਡਿਆਂ ਨੇ ਕਦੀ ਦੇਖੀ ਨਹੀਂ ਸੀ, ਸੰਭਾਲਾਂਗੇ ਕਿਵੇਂ? ਬਾਲਾ ਨੇ ਕਿਹਾ- ਜੀ ਆਗਿਆ ਹੋਵੇ, ਲੋੜ ਅਨੁਸਾਰ ਥੋੜ੍ਹੇ ਥੋੜ੍ਹੇ ਕਰ ਕੇ ਲੈ ਜਾਇਆ ਕਰੀਏ? ਐਮæਜੀæਆਰæ ਨੂੰ ਕੀ ਦਿੱਕਤ? ਹਾਂ ਕਰ ਦਿੱਤੀ।
ਐਮæਜੀæਆਰæ ਤੋਂ ਬਿਨਾਂ ਪ੍ਰਭਾਕਰਨ ਨੇ ਕਿਸੇ ਭਾਰਤੀ ਨਾਲ ਦੋਸਤੀ ਨਾ ਕੀਤੀ। ਉਸ ਦੇ ਸਿਆਸੀ ਵਿਰੋਧੀ ਕਰੁਨਾਨਿਧੀ ਨੇ ਪ੍ਰਭਾਕਰਨ ਨੂੰ ਕਿਹਾ- ਇਕ ਵਾਰ ਮਿਲਣ ਆ ਜਾਹ, ਤੇਰੇ ਹਰ ਸਿਪਾਹੀ ਵਾਸਤੇ ਪੱਚੀ ਹਜ਼ਾਰ ਦੀ ਰਕਮ ਰੱਖੀ ਹੋਈ ਹੈ। ਪ੍ਰਭਾਕਰਨ ਨਹੀਂ ਮਿਲਿਆ।
ਪ੍ਰਭਾਕਰਨ ਨੂੰ ਭਾਰਤੀ ਮਦਦ ਚਾਹੀਦੀ ਸੀ, ਪਰ ਉਸ ਨੇ ਆਤਮ ਸਨਮਾਨ ਨਹੀਂ ਖੋਇਆ। ਜੇ ਭਾਰਤ ਨੇ ਮਦਦ ਬੰਦ ਕਰ ਦਿੱਤੀ? ਉਸ ਨੇ ਵੱਖਰਾ ਖੁਫੀਆ ਵਿੰਗ ਕਾਇਮ ਕੀਤਾ ਜੋ ਹਥਿਆਰ ਇਕੱਠੇ ਕਰੇਗਾ, ਪਰ ਭਾਰਤੀ ਫੌਜ ਨੂੰ ਪਤਾ ਨਹੀਂ ਲੱਗੇਗਾ। ਉਸ ਨੇ ਸਮੁੰਦਰੀ ਜਹਾਜ਼ਾਂ ਦੀ ਫਲੀਟ ਬਣਾਉਣੀ ਵਿਉਂਤੀ ਜਿਸ ਦਾ ਪਤਾ ਲਿੱਟੇ ਨੂੰ ਵੀ ਨਾ ਲੱਗੇ। ਇਹ ਮਾਲ ਢੋਣ ਵਾਲੇ ਵਪਾਰਕ ਜਹਾਜ਼ ਹੋਣਗੇ ਜਿਨ੍ਹਾਂ ਵਿਚ ਹਥਿਆਰ ਵੀ ਆਉਣਗੇ। ਚੀਨ ਤੋਂ ਪੁਰਾਣਾ ਜਹਾਜ਼ ਖਰੀਦ ਕੇ ਪਾਨਾਮਾ ਵਿਚ ਰਜਿਸਟਰ ਕਰਵਾਇਆ। ਇਸ ਜਹਾਜ਼ ਵਿਚੋਂ ਰੇਡੀਓ ਰਾਹੀਂ ਪ੍ਰਭਾਕਰਨ ਨਾਲ ਸੰਪਰਕ ਰਹਿੰਦਾ। ਵਿਦੇਸ਼ਾਂ ਵਿਚੋਂ ਸੋਨੇ ਦੀ ਸਮਗਲਿੰਗ ਵੀ ਕੀਤੀ। ਸਾਇਨਾਈਡ ਦੇ ਕੈਪਸੂਲ 1984 ਵਿਚ ਪਹਿਲੀ ਵਾਰ ਮੰਗਵਾ ਕੇ ਹੁਕਮ ਦਿੱਤਾ ਗਿਆ ਕਿ ਲਿੱਟੇ ਦਾ ਹਰ ਸਿਪਾਹੀ ਤਵੀਤ ਵਾਂਗ ਗਰਦਣ ਨਾਲ ਕੈਪਸੂਲ ਬੰਨ੍ਹ ਕੇ ਰੱਖੇ। ਫੜੇ ਜਾਣ ਦੀ ਸੂਰਤ ਵਿਚ ਕੈਪਸੂਲ ਖਾਧਾ ਜਾਵੇ। ਪਹਿਲੀ ਵਾਰ ਲਿਬਨਾਨ ਤੋਂ ਅਸਲਾ ਖਰੀਦਿਆ ਜਿਸ ਬਾਰੇ ਨਾ ਭਾਰਤ ਨੂੰ ਪਤਾ ਲੱਗਾ, ਨਾ ਲੰਕਾ ਨੂੰ। ਜਹਾਜ਼ ਤਾਮਿਲਨਾਡੂ ਦੀ ਬੰਦਰਗਾਹ ‘ਤੇ ਪੁੱਜਾ, ਕਿਸ਼ਤੀਆਂ ਰਾਹੀਂ ਅਸਲਾ ਜਾਫਨਾ ਪੁਚਾਇਆ ਗਿਆ। ਪ੍ਰਭਾਕਰਨ ਨੇ ਹਿੰਦੂ ਮੰਦਰ ਵਿਚ ਜਾ ਕੇ ਦੇਵਤਿਆਂ ਦਾ ਸ਼ੁਕਰਾਨਾ ਕੀਤਾ।
ਹਥਿਆਰਾਂ ਦੀ ਖੇਪ ਮਿਲਣ ਪਿੱਛੋਂ ਲਿੱਟੇ ਗੁਰੀਲਿਆਂ ਨੇ ਕਤਲਾਂ ਅਤੇ ਬੈਂਕ ਡਕੈਤੀਆਂ ਨਾਲ ਲੰਕਾ ਵਿਚ ਉਹ ਕੁਹਰਾਮ ਮਚਾਇਆ ਕਿ ਸਰਕਾਰ ਨੂੰ ਅੰਦਰੂਨੀ ਸੁਰੱਖਿਆ ਦਾ ਨਵਾਂ ਮੰਤਰਾਲਾ ਬਣਾਉਣਾ ਪਿਆ। ਸੀਲਨ ਦੇ ਕਾਤਲ ਸਿਪਾਹੀ ਨੂੰ ਗੋਲੀਆਂ ਨਾਲ ਫੁੰਡ ਕੇ ਉਸ ਦਾ ਸਿਰ ਇਕ ਸ਼ਹਿਰ ਵਿਚ, ਧੜ ਦੂਜੇ ਸ਼ਹਿਰ ਦਰਖਤ ਨਾਲ ਟੰਗਿਆ। ਦਿਨ ਢਲੇ ਗਲੀਆਂ ਬਾਜ਼ਾਰ ਸੁੰਨੇ ਹੋ ਜਾਂਦੇ, ਕੇਵਲ ਮਿਲਟਰੀ ਟਰੱਕ ਫਿਰਦੇ ਦਿਸਦੇ। ਜਦੋਂ ਪੁਲਿਸ ਜਾਂ ਮਿਲਟਰੀ ਦੇ ਟਰੱਕ ਉਪਰ ਬੰਬ ਸੁੱਟਿਆ ਜਾਂਦਾ; ਗੋਲੀਬਾਰੀ ਹੁੰਦੀ, ਸਿਪਾਹੀ ਮਰਦੇ, ਤੇ ਫੌਜ ਆਮ ਤਮਿਲਾਂ ਉਪਰ ਟੁੱਟ ਪੈਂਦੀ। ਭਾਰਤ ਸਰਕਾਰ ਵਲੋਂ ਵਿਰੋਧ ਹੁੰਦਾ ਤੇ ਲੰਕਾ ਨੂੰ ਕਿਹਾ ਜਾਂਦਾ ਕਿ ਹਿੰਸਾ ਰੋਕੋ, ਸਮਝੌਤੇ ਦਾ ਰਸਤਾ ਕੱਢੋ। ਵਾਰ ਵਾਰ ਇਹੀ ਹੁੰਦਾ।
ਲੰਕਾ ਸਰਕਾਰ ਗੁਸੈਲੇ ਲਫ਼ਜ਼ਾਂ ਵਿਚ ਖਬਰ ਰਿਲੀਜ਼ ਕਰਦੀ ਕਿ ਭਾਰਤ ਉਸ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਦੇਣ ਤੋਂ ਬਾਜ਼ ਆਏ। ਖਾੜਕੂ ਖੁਸ਼ੀ ਮਨਾਉਂਦੇ ਕਿ ਦੁਨੀਆਂ ਨੂੰ ਪਤਾ ਲੱਗ ਰਿਹੈ, ਅਸੀਂ ਇਨਸਾਫ ਲਈ ਲੜ ਰਹੇ ਹਾਂ। ਅਮਰੀਕਾ ਨੇ ਭਾਰਤ ਨੂੰ ਤਾੜਨਾ ਕੀਤੀ ਕਿ ਗਵਾਂਢੀਆਂ ਨਾਲ ਛੇੜ-ਛਾੜ ਨਾ ਕਰੇ।
ਜਾਫਨਾ ਯੂਨੀਵਰਸਿਟੀ ਦੇ ਗੇਟ ਉਪਰ ਦਸ ਵਿਦਿਆਰਥੀਆਂ ਨੇ ਆਪਣੀਆਂ ਮੰਗਾਂ ਦੇ ਹੱਕ ਵਿਚ ਧਰਨਾ ਦੇ ਕੇ ਭੁੱਖ ਹੜਤਾਲ ਦਾ ਐਲਾਨ ਕਰ ਦਿੱਤਾ, ਛੇ ਮੁੰਡੇ ਸਨ ਚਾਰ ਕੁੜੀਆਂ। ਪ੍ਰਭਾਕਰਨ ਦਾ ਬਿਆਨ ਆਇਆ- ਭੁੱਖ ਹੜਤਾਲਾਂ ਦੀ ਅੱਯਾਸ਼ੀ ਵਾਸਤੇ ਸਾਡੇ ਕੋਲ ਫੁਰਸਤ ਨਹੀਂ। ਸਰਕਾਰ ਨੂੰ ਕੀ ਪ੍ਰਵਾਹ ਤਮਿਲ ਭੁੱਖੇ ਮਰਦੇ ਨੇ, ਮਰੀ ਜਾਣ। ਲਿੱਟੇ ਦੀ ਗੱਡੀ ਆਈ, ਸਾਰਿਆਂ ਨੂੰ ਜਬਰਨ ਚੁੱਕ ਕੇ ਲੈ ਗਈ, ਕਿਹਾ- ਜੇ ਮਰਨਾ ਹੈ ਤਾਂ ਲੜਦਿਆਂ ਮਰੋ। ਸਾਰੇ ਮਦਰਾਸ ਪੁਚਾ ਦਿੱਤੇ। ਕੁੜੀਆਂ ਵਾਸਤੇ ਵੱਖਰਾ ਇੰਤਜ਼ਾਮ ਨਾ ਹੋਣ ਕਰ ਕੇ ਬਾਲਾਸਿੰਘਮ ਦੀ ਪਤਨੀ ਆਡੀਲ ਦੀ ਨਿਗਰਾਨੀ ਵਿਚ ਕੁੜੀਆਂ ਰੱਖ ਦਿੱਤੀਆਂ। ਇਨ੍ਹਾਂ ਵਿਚ ਮੱਤੀ ਨਾਮ ਦੀ ਕੁੜੀ ਖੇਤੀ ਵਿਗਿਆਨ ਦੀ ਵਿਦਿਆਰਥਣ ਪ੍ਰਭਾਕਰਨ ਵੱਲ ਰੁਚਿਤ ਹੋ ਗਈ। ਪ੍ਰਭਾਕਰਨ ਉਸ ਉਪਰ ਮੋਹਿਤ ਹੋ ਗਿਆ। ਆਡੀਲ ਨੇ ਵਿਆਹ ਦੀ ਸਲਾਹ ਦਿੱਤੀ।
ਜਥੇਬੰਦੀ ਵਿਚ ਤੁਰੰਤ ਖਬਰਾਂ ਅੱਪੜ ਗਈਆਂ। ਆਪਣਾ ਬਣਾਇਆ ਕਾਨੂੰਨ ਹੁਣ ਪ੍ਰਭਾਕਰਨ ਆਪ ਤੋੜੇਗਾ? ਬਗਾਵਤ ਦੀਆਂ ਸੁਰਾਂ ਉਠੀਆਂ। ਮੱਤੀ ਦੇ ਮਾਪੇ ਮਦਰਾਸ ਪਤਾ ਕਰਨ ਗਏ, ਆਖਰ ਮਾਜਰਾ ਕੀ ਹੈ। ਪ੍ਰਭਾਕਰਨ ਨੇ ਚਾਚੇ ਨੂੰ ਸੁਨੇਹਾ ਭੇਜਿਆ- ਚਾਰ ਗ੍ਰਾਮ ਸੋਨੇ ਦਾ ਮੰਗਲ-ਸੂਤਰ ਬਣਵਾ ਕੇ ਭੇਜੋ। ਚਾਚਾ ਖੁਸ਼ ਹੋ ਗਿਆ। ਪ੍ਰਭਾਕਰਨ ਆਪ ਕਿਹੜਾ ਬਣਵਾ ਨਹੀਂ ਸਕਦਾ ਸੀ, ਇੱਜ਼ਤ ਕਰਨੀ ਸੀ ਨਾ ਚਾਚੇ ਦੀ। ਚਾਚੇ ਚਾਚੀ ਨੇ ਅੱਠ ਗ੍ਰਾਮ ਦਾ ਮੰਗਲ-ਸੂਤਰ ਬਣਵਾ ਕੇ ਮਦਰਾਸ ਭੇਜਿਆ, ਗਣੇਸ਼ ਦੀ ਤਸਵੀਰ ਵਾਲਾ। ਥੋੜ੍ਹੇ ਕੁ ਖਾਸ ਦੋਸਤਾਂ ਅਤੇ ਮਾਪਿਆਂ ਦੀ ਹਾਜ਼ਰੀ ਵਿਚ ਪਹਿਲੀ ਅਕਤੂਬਰ 1984 ਨੂੰ ਖੁਸ਼ੀ ਨਾਲ ਵਿਆਹ ਹੋ ਗਿਆ। ਨੁਕਤਾਚੀਨ ਚੁੱਪ ਹੋ ਗਏ।
ਇਕ ਛੋਟੇ ਮਾਰਕਸੀ ਖਾੜਕੂ ਗਰੁੱਪ ਨੇ ਅਮਰੀਕਨ ਪਤੀ ਪਤਨੀ ਅਗਵਾ ਕਰ ਲਏ ਜੋ ਲੰਕਾ ਵਿਚ ਨੌਕਰੀ ਕਰਦੇ ਸਨ। ਦੋਸ਼ ਲਾਇਆ ਕਿ ਇਹ ਸੀæਆਈæਏæ ਦੇ ਜਾਸੂਸ ਹਨ। ਰਿਹਾਈ ਵਾਸਤੇ ਭਾਰੀ ਫਿਰੌਤੀ ਦੀ ਰਕਮ ਮੰਗੀ ਤੇ ਅਮਰੀਕਾ ਨੂੰ ਹੁਕਮ ਦਿੱਤਾ ਕਿ ਰਕਮ ਕਿਸੇ ਭਾਰਤੀ ਬੈਂਕ ਵਿਚ ਜਮ੍ਹਾਂ ਕਰਵਾਉ। ਭਾਰਤ ਸਰਕਾਰ ਕ੍ਰੋਧ ਵਿਚ ਆ ਗਈ ਤੇ ਕਿਹਾ- ਜੇ ਇਹ ਜੋੜਾ ਰਿਹਾਅ ਨਾ ਕੀਤਾ ਤਾਂ ਭਾਰਤ ਜਾਣਦਾ ਹੈ, ਕਿਵੇਂ ਰਿਹਾਅ ਕਰਵਾਉਣਾ ਹੈ। ਛੱਡ ਦਿੱਤੇ।