ਪੰਜਾਬ ਵਿਚ ਪਿਛਲੀ ਸਦੀ ਦੇ ਆਖਰੀ ਪਹਿਰ ਦੌਰਾਨ ਡੇਢ-ਦੋ ਦਹਾਕੇ ਝੁੱਲੀ ਹਿੰਸਾ, ਬੇਵਸਾਹੀ ਅਤੇ ਖੌਫ ਦੀ ਹਨ੍ਹੇਰੀ ਦੀਆਂ ਬਹੁਤ ਸਾਰੀਆਂ ਪਰਤਾਂ ਅਜੇ ਵੀ ਅਣਫੋਲੀਆਂ ਪਈਆਂ ਹਨ। ਉਨ੍ਹਾਂ ਵਕਤਾਂ ਬਾਰੇ ਕੋਈ ਨਾ ਕੋਈ ਕਹਾਣੀ, ਕਿਸੇ ਨਾ ਕਿਸੇ ਸੰਸਥਾ ਜਾਂ ਸ਼ਖਸ ਰਾਹੀਂ ਆਵਾਮ ਤੱਕ ਲਗਾਤਾਰ ਪੁੱਜ ਰਹੀ ਹੈ। ਹਾਲ ਹੀ ਵਿਚ ਬਦਨਾਮ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਨੇ ਆਪਣੇ ਆਕਾਵਾਂ ਦੀ ਬੇਰੁਖੀ ਤੋਂ ਖਫਾ ਹੋ ਕੇ ਉਸ ਦੌਰ ਬਾਰੇ ਕੁਝ ਸੱਚ ਸਾਹਮਣੇ ਲਿਆਉਣ ਦਾ ਦਾਅਵਾ ਕੀਤਾ ਹੈ।
ਇਸ ਪ੍ਰਸੰਗ ਵਿਚ ਚਲਦੇ-ਫਿਰਦੇ ਇਤਿਹਾਸ ਅਤੇ ਉਸ ਦੌਰ ਨਾਲ ਡੂੰਘੇ ਜੁੜੇ ਰਹੇ ਪੱਤਰਕਾਰ ਗੁਰਦਿਆਲ ਸਿੰਘ ਬੱਲ ਨੇ ਲੰਮਾ ਲੇਖ ‘ਪੰਜਾਬ ਟਾਈਮਜ਼’ ਨੂੰ ਭੇਜਿਆ ਹੈ। ਇਸ ਲੇਖ ਵਿਚ ਉਸ ਵਕਤ ਵੱਖ-ਵੱਖ ਰੂਪ ਅਖਤਿਆਰ ਕਰ ਰਹੀਆਂ ਘਟਨਾਵਾਂ ਦੇ ਵੱਖ-ਵੱਖ ਪੱਖ ਉਜਾਗਰ ਕਰਨ ਦਾ ਯਤਨ ਕੀਤਾ ਗਿਆ ਹੈ। ਇਨ੍ਹਾਂ ਪੱਖਾਂ ਬਾਰੇ ਕਿਸੇ ਦੀ ਵੀ ਸਹਿਮਤੀ ਜਾਂ ਅਸਹਿਮਤੀ ਹੋ ਸਕਦੀ ਹੈ, ਜਾਂ ਕੋਈ ਵੱਖਰਾ ਜ਼ਾਵੀਆ ਵੀ ਸੰਭਵ ਹੈ, ਪਰ ਇਸ ਲਿਖਤ ਤੋਂ ਉਨ੍ਹਾਂ ਵਕਤਾਂ ਦੌਰਾਨ ਮੱਚੇ ਘਮਸਾਣ ਉਤੇ ਭਰਵੀਂ ਝਾਤ ਜ਼ਰੂਰ ਪੈ ਜਾਂਦੀ ਹੈ। -ਸੰਪਾਦਕ
ਗੁਰਦਿਆਲ ਸਿੰਘ ਬੱਲ
ਮੇਰੇ ਸਾਹਵੇਂ ਜਸਕਰਨ ਕੌਰ ਦੀ ‘A Judicial Blackout in Punjab: Judicial Impunity for Disappearances in Punjab’ ਨਾਂ ਦੀ ਹਾਰਵਰਡ ਹਿਊਮਨ ਰਾਈਟਸ ਜਨਰਲ 269 (ਸਮਰ 2002) ਵਾਲੀ ਰਿਪੋਰਟ ਪਈ ਹੈ। ਰਿਪੋਰਟ 146 ਨੁਕਤਿਆਂ ਵਿਚ ਚਿਣੀ ਹੋਈ ਹੈ। ਫਰਾਂਜ ਕਾਫਕਾ ਦਾ ਮਹਾਨ ਸ਼ਾਹਕਾਰ ‘ਦਿ ਟਰਾਇਲ’ ਵੀ ਸਾਹਵੇਂ ਪਿਆ ਹੈ। ਭਾਰਤੀ ਨਿਆਂ ਪਾਲਿਕਾ ‘ਤੇ ਇਸ ਤੋਂ ਵੱਡੀ ਫਿਟਕਾਰ ਕੋਈ ਹੋ ਨਹੀਂ ਸਕਦੀ, ਪਰ ਇਹੋ ਜਿਹੀ ਫਿਟਕਾਰ ਹੀ ਤਾਂ ਗੁਰਮੀਤ ਸਿੰਘ ਪਿੰਕੀ ਆਪ ਦੀਆਂ ਚਿੰਘਾੜਾਂ ਰਾਹੀਂ ਜੁਡੀਸ਼ਰੀ ਸਮੇਤ ਪੂਰੇ ਤੰਤਰ ‘ਤੇ ਹੁਣ ਆ ਕੇ ਪਾ ਰਿਹਾ ਹੈ। ਉਸ ਦੀ ਬੇਵਸੀ ਜਸਕਰਨ ਕੌਰ ਦੀ ਰਿਪੋਰਟ ਅੰਦਰ ਚਰਚਾ ਅਧੀਨ ਆਏ ਕਿਸਮਤ ਮਾਰੇ ਪਾਤਰਾਂ ਜਾਂ ਫਰਾਂਜ ਕਾਫਕਾ ਦੇ ਨਾਇਕ ਦੀ ਬੇਵਸੀ ਤੇ ਦੁਖਾਂਤ ਨਾਲੋਂ ਕਿਹੜੀ ਘੱਟ ਹੈ! ਸੁਕਰਾਤ ਦੇ ਸਮਿਆਂ ਤੋਂ ਸਵਾਲਾਂ ਦਾ ਸਵਾਲ ਤਾਂ ਉਹੀ ਹੈ, ਠੀਕ ਹੈ, ਪਰ ਕੀਤਾ ਕੀ ਜਾਵੇ! ਪਤਾ ਨਹੀਂ ਲਗਦਾ ਕਿ ਸੱਚ ਕਿਥੇ ਕੁ ਖੜ੍ਹਾ ਹੈ!
ਪਿੰਕੀ ਅਤੇ ਹਿੰਸਾ ਪ੍ਰਤੀ-ਹਿੰਸਾ ਦੇ ਵਰਤਾਰੇ ਬਾਰੇ ਸੋਚਦਿਆਂ ‘ਮਹਾਂ ਭਾਰਤ’, ਐਰਿਕ ਮਾਰੀਆ ਰੀਮਾਰਕ ਦੇ ਯੁੱਧ ਦੀ ਬੇਹੂਦਗੀ ਵਿਰੁਧ ਲਿਖੇ ਨਾਵਲ ‘ਆਲ ਕੁਆਈਟ ਆਨ ਦਾ ਵੈਸਟਰਨ ਫਰੰਟ’ ਅਤੇ ਸ੍ਰੀਲੰਕਾ ਵਿਚ ਲਿੱਟਿਆਂ ਦੇ ਆਗੂ ਪ੍ਰਭਾਕਰਨ ਸਮੇਤ ਕਿੰਨੀਆਂ ਹੀ ਕਥਾ-ਕਹਾਣੀਆਂ ਮਨ ਅੰਦਰ ਉਭਰ ਰਹੀਆਂ ਹਨ।
ਸਭ ਤੋਂ ਪਹਿਲਾਂ ‘ਮਹਾਂ ਭਾਰਤ’ ਨੂੰ ਲੈਂਦੇ ਹਾਂ। ਕੌਰਵਾਂ ਦਾ ਸੈਨਾਪਤੀ ਪਿਤਾਮਾ ਭੀਸ਼ਮ ਕੁਰਕੁਸ਼ੇਤਰ ਰਣ ਤੱਤੇ ਵਿਚ ਪਹੁੰਚ ਚੁੱਕਾ ਹੈ। ਗੁਰੂ ਦਰੋਣ, ਪਿਤਾਮਾ ਅਤੇ ਕ੍ਰਿਸ਼ਨ ਨੇ ਖੁਦ, ਭਾਵ ਸਾਰੇ ਵਡੇਰਿਆਂ ਨੇ ਜੰਗ ਟਾਲਣ ਲਈ ਹਰ ਵਾਹ ਲਾ ਲਈ ਹੈ। ਕ੍ਰਿਸ਼ਨ ਨੇ ਭਰੀ ਕਚਿਹਰੀ ਅੰਦਰ ਇਥੋਂ ਤੱਕ ਵੀ ਕਹਿ ਦਿਤਾ ਕਿ ਚਲੋ ਰਾਜ ਭਾਗ ਵਿਚੋਂ ਪੂਰਾ ਹੱਕ ਨਾ ਸਹੀ, ਪਾਂਡੋਆਂ ਨੂੰ ਤੋਰੀ-ਫੁਲਕਾ ਚਲਦਾ ਰੱਖਣ ਲਈ ਪੰਜ ਪਿੰਡ ਹੀ ਦੇ ਦਿਤੇ ਜਾਣ, ਪਰ ਸਿਆਪਾ ਹੈ ਕਿ ਦੁਰਯੋਧਨ ਨੂੰ ਤਾਂ ਪਾਂਡੋ ਪਤਨੀ ਦਰੋਪਦੀ ਦਾ ਵਰ੍ਹੇ ਪਹਿਲਾਂ ਕੀਤੇ ਮਜ਼ਾਕ ਦਾ ਜ਼ਖਮ ਭੁੱਲਦਾ ਹੀ ਨਹੀਂ। ਉਹ ਪਾਂਡਵ ਭਰਾਵਾਂ ਲਈ ਸੂਈ ਦੇ ਨੱਕੇ ਜਿੰਨੀ ਜਗ੍ਹਾ ਛੱਡਣ ਲਈ ਵੀ ਰਾਜ਼ੀ ਨਹੀਂ।
ਪਿਤਾਮਾ ਬੇਵਸੀ ਵਸ ਆਖ਼ਰੀ ਤਰਲਾ ਮਾਰਦਾ ਹੈ-‘ਚਲੋ ਠੀਕ ਹੈ; ਸ਼ਮਸ਼ੀਰਾਂ ਦਾ ਵਜਦ ਤੁਹਾਨੂੰ ਟਿਕਣ ਨਹੀਂ ਦਿੰਦਾ, ਨਾ ਸਹੀ; ਪਰ ਧਰਮ ਯੁੱਧ ਸ਼ੁਰੂ ਕਰਨ ਤੋਂ ਪਹਿਲਾਂ ਘੱਟੋ-ਘੱਟ 10-12 ਨਿਯਮ ਹੀ ਮੰਨ ਲਉ; ਭਾਵ, ਕੋਈ ਨਿਹੱਥੇ ਨੂੰ ਨਾ ਮਾਰੇ; ਡਿੱਗੇ ਪਏ ਦੁਸ਼ਮਣ ‘ਤੇ ਵਾਰ ਨਾ ਕੀਤਾ ਜਾਵੇ; ਬਾਲ, ਬਿਰਧ ਜਾਂ ਕਿਸੇ ਅਬਲਾ ਔਰਤ ਨੂੰ ਕੋਈ ਕੁਝ ਨਾ ਕਹੇ’ ਵਗੈਰਾ ਵਗੈਰਾ; ਪਰ ਜੰਗ ਬੜੀ ਮਨਹੂਸ ਸ਼ੈਅ ਹੈ। ਰਣ ਤੱਤੇ ਨੇ ਜਿਉਂ-ਜਿਉਂ ਭਖਣਾ ਹੈ, ਇਨ੍ਹਾਂ ਸਭ ਨਿਯਮਾਂ ਤੇ ਅਸੂਲਾਂ ਨੇ ਟੁੱਟਦੇ ਜਾਣਾ ਹੈ। ਇਸ ਦੀ ਸਿਖਰ ਉਸ ਸਮੇਂ ਆਵੇਗੀ ਜਦੋਂ ਕ੍ਰਿਸ਼ਨ ਜੋ ਹਥਿਆਰ ਨਾ ਚੁੱਕਣ ਦੀ ਕਸਮ ਖਾ ਕੇ ਮੈਦਾਨ ਵਿਚ ਉਤਰੇ, ਨੂੰ ਖੁਦ ਰੱਥ ਦਾ ਪਹੀਆ ਉਠਾ ਕੇ ਆਪਣੇ ਵਿਰੋਧੀ ਪਾਲੇ ਵਿਚ ਖੜ੍ਹੇ ਜਰਨੈਲ ‘ਤੇ ਵਗ੍ਹਾ ਮਾਰਨ ਲਈ ਮਜਬੂਰ ਹੋਣਾ ਪਵੇਗਾ।
ਖ਼ੈਰ! ਜੰਗ ਖਤਮ ਹੋ ਗਈ। ਪਿਤਾਮਾ ਤੀਰਾਂ ਦੀ ਸੇਜ ‘ਤੇ ਪਿਆ ‘ਪੁੱਛ’ ਰਿਹਾ ਹੈ ਕਿ ਉਸ ਦੇ ਬੱਚੇ ਉਸ ਨੂੰ ਇਹ ਤਾਂ ਦੱਸ ਜਾਣ ਕਿ ਵਿਚੋਂ ਨਿਕਲਿਆ ਕੀ! ਸ਼ਮਸ਼ੀਰਾਂ ਦੇ ਵਜਦ ਨੇ ਸਾਬਤ ਕੀ ਕੀਤਾ!!
ਇਸੇ ਤਰ੍ਹਾਂ ਦੀ ਹੈ ਜਰਮਨ ਨਾਵਲਕਾਰ ਐਰਿਕ ਮਾਰੀਆ ਰੀਮਾਰਕ ਦੇ ਪਹਿਲੇ ਸੰਸਾਰ ਯੁੱਧ ਬਾਰੇ ਲਿਖੇ ਛੋਟੇ ਜਿਹੇ ਆਕਾਰ ਦੇ ‘ਆਲ ਕੁਆਈਟ ਆਨ ਦਾ ਵੈਸਟਰਨ ਫਰੰਟ’ ਨਾਵਲ ਦੀ ਕਹਾਣੀ। ਜੰਗ ਅਤੇ ਵਿਕਰਾਲ ਹਿੰਸਾ ਦੀ ਨਿਰਾਰਥਕਤਾ ਦਾ ਅਜਿਹਾ ਜ਼ੋਰਦਾਰ ਮਾਰਮਿਕ ਚਿਤਰਨ ਕਥਾਕਾਰ ਨੇ ਕੀਤਾ ਹੈ ਕਿ ਕਾਂਬੇ ਛਿੜ ਜਾਂਦੇ ਹਨ। ਜੰਗ ਦੀ ਭਿਆਨਕਤਾ ਬਾਰੇ 1929 ਵਿਚ ਛਪੇ ਇਸ ਨਾਵਲ ਅੰਦਰ ਨਿਹਿਤ ਚਿਤਾਵਨੀ ਨੂੰ ਕਿਸੇ ਗੌਲਿਆ ਨਹੀਂ ਸੀ ਅਤੇ ਮਹਿਜ਼ ਚਾਰ ਕੁ ਵਰ੍ਹਿਆਂ ਪਿਛੋਂ ਦਨਦਨਾਉਂਦੇ ਨਾਜ਼ੀ ਜੰਗਬਾਜ਼ ਤਾਕਤ ਵਿਚ ਆਏ ਤਾਂ ਗੋਇਬਲਜ ਨੇ ਸਭ ਤੋਂ ਪਹਿਲਾਂ ਇਸ ਨਾਵਲ ਨੂੰ ਸ਼ਰੇਆਮ ਜਲਾਇਆ ਸੀ! ਕੁਝ ਸਮਾਂ ਪਿਛੋਂ ਐਰਿਕ ਮਾਰੀਆ ਖੁਦ ਤਾਂ ਆਪਣੇ ਵਤਨ ‘ਤੇ ਕਾਬਜ਼ ਚੰਡਾਲਾਂ ਦੇ ਚੁੰਗਲ ‘ਚੋਂ ਬਚ ਕੇ ਭੱਜਣ ਵਿਚ ਸਫਲ ਹੋ ਗਿਆ, ਪਰ ਉਸ ਦੀ ਪਿਆਰੀ ਨਿੱਕੀ ਭੈਣ ਅਲਫਰੀਦ ਸਹਿਲੋਜ ਨੂੰ ਕੈਦ ਕਰ ਲਿਆ ਗਿਆ। ਨਿਰਮਮਤਾ ਦੀ ਹੱਦ ਵੇਖੋ, ਨਾਜ਼ੀ ਜੱਜ ਰੋਨਾਲਡ ਫਰੇਜ਼ਰ ਉਸ ਨੂੰ ਫਾਂਸੀ ਦੀ ਸਜ਼ਾ ਦਿੰਦਿਆਂ ਕਹਿ ਰਿਹਾ ਹੈ: “ਤੇਰਾ ਭਰਾ ਤਾਂ ਬਦਕਿਸਮਤੀ ਨੂੰ ਸਾਡੀ ਪਕੜ ‘ਚੋਂ ਨਿਕਲ ਗਿਆ ਹੈ, ਪਰ ਹੁਣ ਤੂੰ ਸਾਡੇ ਹੱਥੋਂ ਨਹੀਂ ਬਚ ਸਕਦੀ।” 16 ਦਸੰਬਰ, 1943 ਨੂੰ ਅਲਫਰੀਦ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਗਿਆ। ਸੰਸਾਰ ਯੁੱਧ ਵਿਚ ਨਾਜ਼ੀਆਂ ਦਾ ਬੇੜਾ ਗਰਕਣ ਪਿਛੋਂ, 1952 ਵਿਚ ਐਰਿਕ ਮਾਰੀਆ ਦਾ ਇਕ ਹੋਰ ਜ਼ੋਰਦਾਰ ਨਾਵਲ ‘ਸਪਾਰਕ ਆਫ ਲਾਈਫ’ ਆਪਣੀ ਇਸੇ ਭੈਣ ਨੂੰ ਸਮਰਪਿਤ ਹੈ।
ਐਰਿਕ ਦੀ ਵਿਸ਼ਾਲ ਸਾਹਿਤਕ ਰਚਨਾ ਦੇ ਵਿਸਥਾਰ ਵਿਚ ਜਾਣ ਦੀ ਇਥੇ ਗੁੰਜਾਇਸ਼ ਨਹੀਂ। ਨਾਇਜੀਰੀਆ, ਸੂਡਾਨ ਜਾਂ ਪਾਕਿਸਤਾਨ ਵਿਚ ਵਿਆਪਕ ਹਿੰਸਾ ਦੀ ਗੱਲ ਵੀ ਨਹੀਂ ਕਰਦੇ; ਹਾਂ, ਹਿੰਸਾ ਪ੍ਰਤੀ-ਹਿੰਸਾ ਦੀ ਵਿਕਰਾਲ ਨਿਰਾਰਥਕਤਾ ਨੂੰ ਸਮਝਣ ਲਈ ਘੱਟੋ-ਘੱਟ ਸ੍ਰੀਲੰਕਾ ਦੀ ਗੱਲ ਤਾਂ ਕੀਤੀ ਹੀ ਜਾ ਸਕਦੀ ਹੈ, ਪਰ ਸ੍ਰੀਲੰਕਾ ਦੇ ਵਰਤਾਰੇ ਨੂੰ ਫੋਕਸ ਵਿਚ ਲਿਆਉਣ ਲਈ ਪਿਛਲੀ ਕਰੀਬ ਅੱਧੀ ਸਦੀ ਤੋਂ ਸਵੀਡਨ ‘ਚ ਰਹਿ ਰਹੇ ਅਤੇ ਪੰਜਾਬੀਆਂ ਦੇ ਦੁਖਾਂਤ ਜਾਂ ਦਰਦ ਦੀ ਕਥਾ ਸੁਣਾਉਣ ਵਾਲੇ ਵਿਦਵਾਨ ਇਸ਼ਤਿਆਕ ਅਹਿਮਦ ਵਲੋਂ ਕੁਝ ਵਰ੍ਹੇ ਪਹਿਲਾਂ ਵੰਡ ਬਾਰੇ ਲਿਖੀ ਗਈ ਪੁਸਤਕ ‘ਪੰਜਾਬ: ਬਲੱਡੀਡ ਪਾਰਟੀਸ਼ਨਡ ਐਂਡ ਕਲੀਨਜ਼ਡ’ ਦਾ ਜ਼ਿਕਰ ਕੁਥਾਂ ਨਹੀਂ ਰਹੇਗਾ। ਪੁਸਤਕ ਵਿਚ ਵੰਡ ਦੇ ਦੁਖਾਂਤ ਨੂੰ ਸਮਝਣ ਦਾ ਯਤਨ ਕਰਦਿਆਂ ਉਹ ਕੁਝ ਅਹਿਮ ਸਵਾਲ ਖੜ੍ਹੇ ਕਰਦਾ ਹੈ-ਮੁਲਕ ਦੀ ਵੰਡ ਜੇ ਜ਼ਰੂਰੀ ਹੀ ਹੋ ਗਈ ਸੀ, ਤਾਂ ਕੀ ਪੰਜਾਬ ਨੂੰ ਇਕੱਠਾ ਨਹੀਂ ਸੀ ਰੱਖਿਆ ਜਾ ਸਕਦਾ? ਵੰਡ ਵੀ ਚਲੋ ਹੋ ਜਾਂਦੀ, ਭਿਆਨਕ ਖੂਨ-ਖ਼ਰਾਬਾ ਤੇ ਭਰਾ-ਮਾਰ ਕਤਲੋ-ਗਾਰਤ ਕੀ ਜ਼ਰੂਰੀ ਸੀ? ਉਹ ਹੈਰਾਨ ਹੈ ਕਿ ਕਿਸੇ ਵੀ ਮੁਸਲਮਾਨ ਜਾਂ ਸਿੱਖ ਆਗੂ ਨੂੰ ਇਹ ਖ਼ਬਰ ਹੀ ਨਹੀਂ ਸੀ ਕਿ ਜਿਸ ਕਿਸਮ ਦੀ ਰਾਜਨੀਤੀ ਉਹ ਕਰ ਰਹੇ ਹਨ, ਉਹ ਕਿਸ ਤਰ੍ਹਾਂ ਦੇ ਲਾਜ਼ਮੀ ਸਿੱਟੇ ਆਪਣੇ ਗਰਭ ਵਿਚ ਸਮੋਈ ਬੈਠੀ ਹੈ! ਪੰਜਾਬ ਦੇ ਗਵਰਨਰ ਸਰ ਬਰਟਰੈਂਡ ਗਲਾਂਸੀ ਨੂੰ ਵੰਡ ਤੋਂ ਤਿੰਨ ਵਰ੍ਹੇ ਪਹਿਲਾਂ ਹੀ ਪੰਜਾਬੀਆਂ ਦੇ ਸਿਰ ‘ਤੇ ਟੁੱਟਣ ਵਾਲੀ ਕਰੋਪੀ ਦਾ ਦ੍ਰਿਸ਼ ਨਜ਼ਰ ਆਈ ਜਾਂਦਾ ਸੀ। ਇਸ ਪ੍ਰਥਾਏ ਇਸ਼ਤਿਆਕ ਅਹਿਮਦ ਗਵਰਨਰ ਦੀ ਐਫ਼ਆਰæ ਦਾ ਅਕਤੂਬਰ, 1944 ਮਹੀਨੇ ਦਾ ਇਕ ਇੰਦਰਾਜ਼ ਪੇਸ਼ ਕਰਦਾ ਹੈ ਜਿਸ ਵਿਚ ਉਸ ਆਪਣਾ ਖਦਸ਼ਾ ਬੜੇ ਸੁਹਿਰਦ ਅਤੇ ਸਪਸ਼ਟ ਸ਼ਬਦਾਂ ਵਿਚ ਪ੍ਰਗਟਾਇਆ ਹੈ:
“ਭਾਰਤ ਅੰਦਰ ਪਿਛਲੇ 2-4 ਵਰ੍ਹਿਆਂ ਤੋਂ ਮੁਹੰਮਦ ਅਲੀ ਜਿਨਾਹ ਦੀ ਅਗਵਾਈ ਹੇਠ ਵੱਖਰੀ ਮੁਸਲਿਮ ਤਹਿਜ਼ੀਬ ਅਤੇ ਧਾਰਮਿਕ ਪਛਾਣ ਦੇ ਨਾਂ ‘ਤੇ ਜਿਸ ਕਿਸਮ ਦੀ ਰਾਜਨੀਤੀ ਪ੍ਰਚੰਡ ਹੋ ਗਈ ਹੈ, ਉਸ ਦੇ ਮੱਦੇਨਜ਼ਰ ਸੰਸਾਰ ਯੁੱਧ ਦੇ ਖ਼ਤਮ ਹੁੰਦਿਆਂ ਹੀ ਪੂਰੇ ਭਾਰਤੀ ਖਿੱਤੇ ਲਈ ਮੈਨੂੰ ਮਾੜੇ ਸਿੱਟੇ ਨਜ਼ਰ ਆ ਰਹੇ ਹਨ, ਪਰ ਪੰਜਾਬੀ ਮੁਸਲਮਾਨ ਤੇ ਇਥੇ ਵਸਦੇ ਜੱਟ ਸਿੱਖਾਂ ਨੂੰ ਵਿੰਹਦਿਆਂ ਜਿਸ ਕਿਸਮ ਦੀ ਤਬਾਹੀ ਅਤੇ ਕਤਲੋਗਾਰਤ ਇਸ ਖਿੱਤੇ ਵਿਚ ਬਰਪਾ ਹੋਵੇਗੀ, ਉਸ ਨੂੰ ਕਿਆਸ ਕਰਦਿਆਂ ਹੀ ਕਾਂਬੇ ਚੜ੍ਹਦੇ ਹਨ।”
ਫਿਰ ਲੇਖਕ ਪੰਜਾਬੀਆਂ ਦੀ ਸਾਂਝੀ ਪਛਾਣ ਅਤੇ ਆਪਸੀ ਪਿਆਰ ਮੁਹੱਬਤ ਦੀ ਗਵਾਹੀ ਵਜੋਂ ਦੱਸਦਾ ਹੈ ਕਿ ਵੰਡ ਦੇ ਕਤਲੇਆਮ ਪਿੱਛੋਂ ਜਨਵਰੀ 1955 ਵਿਚ ਪਾਕਿਸਤਾਨੀ ਹਾਈ ਕਮਿਸ਼ਨਰ ਨੇ ਲਾਹੌਰ ਵਿਚ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਲਈ ਪੂਰਬੀ ਪੰਜਾਬ ਦੇ ਲੋਕਾਂ ਨੂੰ ਜਦੋਂ ਸੱਦਾ ਦਿਤਾ ਤਾਂ ਲੋਕ ਕਿਸ ਚਾਅ ਨਾਲ ਲਾਹੌਰ ਜਾਣ ਲਈ ਉਮੜੇ ਸਨ, ਤੇ ਮੁਸਲਮਾਨ ਭਰਾਵਾਂ ਨੇ ਕਿਵੇਂ ਉਨ੍ਹਾਂ ਨੂੰ ਅੱਖਾਂ ‘ਤੇ ਬਹਾਈ ਰੱਖਿਆ ਸੀ, ਪਰ ਵੰਡ ਲਈ ਜ਼ਿੰਮੇਵਾਰ ਕਾਰਨਾਂ ਦੀ ਨਿਸ਼ਾਨਦੇਹੀ ਕਰਦਿਆਂ ਉਹ ਵੀ ਅੰਗਰੇਜ਼ ਹਾਕਮ ਦੀ ‘ਪਾੜੋ ਤੇ ਰਾਜ ਕਰੋ’ ਦੀ ਰਾਜਨੀਤੀ ਵਾਲੇ ਘਸੇ-ਪਿਟੇ ਪ੍ਰਵਚਨ ਨੂੰ ਮੁੱਖ ਕਾਰਨ ਵਜੋਂ ਗਿਣਾ ਜਾਂਦਾ ਹੈ, ਜੋ ਕੱਤਈ ਸਹੀ ਨਹੀਂ ਹੈ।
ਲੋੜ ਇਥੇ ਇਹ ਸਪਸ਼ਟ ਕਰਨ ਦੀ ਸੀ ਕਿ ਬੇਲੋੜੀ ਵੰਡ ਦਾ ਦੁਖਾਂਤ ਪੰਜਾਬ ਅੰਦਰ ਆਧੁਨਿਕ ਦੌਰ ਦੀ ਸ਼ੁਰੂਆਤ ਹੁੰਦਿਆਂ ਹੀ ਅਲੱਗ ਫਿਰਕੂ ਪਛਾਣ ‘ਤੇ ਆਧਾਰਿਤ ਪ੍ਰਵਚਨ ਜੋ ਸਾਹਮਣੇ ਆਏ, ਉਨ੍ਹਾਂ ਨੇ ਸਿੱਧੇ-ਸਾਦੇ ਹਿੰਦੂ, ਸਿੱਖ, ਮੁਸਲਮਾਨ ਪੰਜਾਬੀਆਂ ਦੇ ਮਨਾਂ ਅੰਦਰ ਜ਼ਹਿਰ ਭਰੀ ਅਤੇ ਵੰਡ ਦਾ ਡਗਾ ਖੜਕਦਿਆਂ ਹੀ ਉਨ੍ਹਾਂ ਹਲਕੇ ਹੋਏ ਜਾਨਵਰਾਂ ਵਾਂਗ ਇਕ ਦੂਸਰੇ ਨੂੰ ਕੱਟਣਾ ਸ਼ੁਰੂ ਕਰ ਦਿੱਤਾ। ਇਹ ਕੀ ਹੋਇਆ ਕਿ ਵੰਡ ਦੀ ਗਰਦੋ-ਗੁਬਾਰ ਹੇਠਾਂ ਬਹਿੰਦਿਆਂ ਹੀ ਉਨ੍ਹਾਂ ਦੇ ਮਨਾਂ ਅੰਦਰ ਇਕ ਦੂਸਰੇ ਲਈ ਮੋਹ ਦੇ ਸੋਮੇ ਆਪ ਮੁਹਾਰੇ ਹੀ ਫੁੱਟ ਆਏ!
ਇਸ਼ਤਿਆਕ ਅਹਿਮਦ ਦੀ ਸੁਹਿਰਦਤਾ ‘ਤੇ ਕੋਈ ਸੰਦੇਹ ਨਹੀਂ। ਉਂਜ ਉਸ ਦੀ ਪੁਸਤਕ ਪੜ੍ਹਦਿਆਂ ਪੰਜਾਬ ਦੇ ਮਹਾਨ ਸਪੂਤ ਸਾਅਦਤ ਹਸਨ ਮੰਟੋ ਦੇ ਅਫ਼ਸਾਨੇ ਯਾਦ ਆਈ ਜਾਂਦੇ ਹਨ। ਵੰਡ ਦੀ ਲਾਹਨਤ ‘ਤੇ ਫਿਟਕਾਰ ਪਾਉਂਦੀ ਉਸ ਦੀ ‘ਟੋਭਾ ਟੇਕ ਸਿੰਘ’ ਵਾਲੀ ਕਹਾਣੀ ਦਾ ਤਾਂ ਸਭ ਨੂੰ ਚੰਗੀ ਤਰ੍ਹਾਂ ਪਤਾ ਹੀ ਹੈ, ‘ਖੋਲ੍ਹ ਦੋ’ ਕਹਾਣੀ ਵਿਚ ਉਸ ਤੋਂ ਵੀ ਤਿੱਖੀ ਫਿਟਕਾਰ ਹੈ: ਬਟਵਾਰਾ ਹੋ ਚੁੱਕਾ ਹੈ। ਭੱਜ-ਨੱਠ ਕੇ ਜਾਨ ਬਚਾਉਣ ਦੇ ਸਭ ਨੂੰ ਲਾਲੇ ਪਏ ਹੋਏ ਹਨ। ਸਟੇਸ਼ਨ ਉਪਰ ਮੁਸਲਮਾਨ ਬਜ਼ੁਰਗ ਦੀ ਪਤਨੀ ਛੁਰੇਬਾਜ਼ੀ ਦਾ ਸ਼ਿਕਾਰ ਹੋ ਜਾਂਦੀ ਹੈ। ਆਪਣੀ ਅਤਿਅੰਤ ਖ਼ੂਬਸੂਰਤ ਮੁਟਿਆਰ ਧੀ ਨੂੰ ਬਚਾ ਕੇ ਉਹ ਵਾਹੋ-ਦਾਹ ਭੱਜਿਆ ਜਾ ਰਿਹਾ ਹੈ। ਅੱਖ ਦੇ ਫੋਰ ਵਿਚ ਮੁਸ਼ਟੰਡੇ ਕੁੜੀ ਨੂੰ ਉਠਾ ਕੇ ਨਿਕਲ ਜਾਂਦੇ ਹਨ। ਇਹ ਤਾਂ ਭਾਰਤ ਵਾਲੇ ਪਾਸੇ ਕਥਾ ਦਾ ਪਹਿਲਾ ਸੀਨ ਹੈ। ਇਸੇ ਦੌਰਾਨ ਮੁਸਲਿਮ ਲੜਕੀਆਂ ਦੀ ਇੱਜ਼ਤ ਦੀ ਰਾਖੀ ਲਈ ਸਿਰਾਂ ‘ਤੇ ਕੱਫਨ ਬੰਨ ਕੇ ਨਿਕਲੇ ਕੁਝ ਨੌਜਵਾਨ ਆਪਣੀ ਧਰਮ ਭੈਣ ਨੂੰ ਸਿੱਖ ਜਾਂ ਹਿੰਦੂ ਮੁਸ਼ਟੰਡਿਆਂ ਦੇ ਚੁੰਗਲ ‘ਚੋਂ ਤਾਂ ਛੁਡਾ ਲੈਂਦੇ ਹਨ, ਪਰ ਜਿਸ ਤਰ੍ਹਾਂ ਫਿਰ ਉਹ ਉਸ ਦੀ ‘ਇੱਜ਼ਤ ਬਹਾਲ’ ਕਰਦੇ ਹਨ, ਉਹ ਹੈਵਾਨੀਅਤ ਦੀਆਂ ਸਭ ਹੱਦਾਂ ਤੋਂ ਪਾਰ ਹੈ। ਜ਼ਾਹਿਰ ਹੈ ਕਿ ਛੋਟੀ ਜਿਹੀ ਕਹਾਣੀ ਦਾ ਦੂਸਰਾ ਸੀਨ ਨਵੇਂ ਬਣੇ ਪਾਕਿਸਤਾਨ ਦੀ ਧਰਤੀ ‘ਤੇ ਘਟਦਾ ਹੈ। ਕਿਸੇ ਉਜਾੜ ਜਗ੍ਹਾ ‘ਤੇ ਅਰਧ-ਮ੍ਰਿਤ ਅਵਸਥਾ ਵਿਚ ਉਠਾ ਕੇ ਲਿਆਂਦੀ ਲੜਕੀ ਹਸਪਤਾਲ ਦੇ ਕਮਰੇ ਵਿਚ ਬੇਹੋਸ਼ ਪਈ ਹੈ। ਲੋਕਾਂ ਦੀ ਭੀੜ ਤੋਂ ਮਿਲ ਰਹੇ ਕੁਝ ਸੰਕੇਤਾਂ ਕਾਰਨ ਬਜ਼ੁਰਗ ਇਤਫਾਕਵਸ ਉਸੇ ਕਮਰੇ ਤੱਕ ਪੁੱਜ ਜਾਂਦਾ ਹੈ। ਬਟਵਾਰੇ ਦੇ ਦਿਨਾਂ ਵਿਚ ਹੁੰਮਸ ਬੜਾ ਸੀ। ਡਾਕਟਰ ਕਿਸੇ ਮੁਲਾਜ਼ਮ ਨੂੰ ਬਾਰੀ ਵੱਲ ਸੰਕੇਤ ਕਰ ਕੇ ‘ਖੋਲ੍ਹ ਦੇ’ ਦਾ ਆਦੇਸ਼ ਦਿੰਦਾ ਹੈ। ਲੜਕੀ ਇਹ ਬੋਲ ਸੁਣ ਕੇ ਜਦੇ ਹੀ ਆਪਣੀ ਸਲਵਾਰ ਖੋਲ੍ਹਣੀ ਸ਼ੁਰੂ ਕਰ ਦਿੰਦੀ ਹੈ। ਬਜ਼ੁਰਗ, ਧੀ ਦੇ ਜਿਸਮ ਵਿਚ ਜਾਨ ਹੋਣ ਦਾ ਸੰਕੇਤ ਮਿਲਦਿਆਂ ਹੀ ਖੁਸ਼ੀ ਨਾਲ ਖੀਵਾ ਹੋ ਜਾਂਦਾ ਹੈ।
ਕੋਈ ਇਸ਼ਤਿਆਕ ਅਹਿਮਦ ਕੀ ਲਿਖੇਗਾ, ਤੇ ਧਰਮ ਦੇ ਨਾਂ ਉਤੇ ਪਛਾਣ ਦੀ ਰਾਜਨੀਤੀ ‘ਤੇ ਇਸ ਤੋਂ ਵੱਧ ਕਹਿਰਾਂ ਦੇ ਗੁੱਸੇ ਨਾਲ ਮੰਟੋ ਤੋਂ ਵੱਧ ਫਿਟਕਾਰ ਭਲਾ ਕੋਈ ਕੀ ਪਾਵੇਗਾ! ਫਿਰ ਵੀ ਇਸ਼ਤਿਆਕ ਅਹਿਮਦ ਦੀ ਪੁਸਤਕ ਕਲਾਸਿਕ ਹੈ ਅਤੇ ਸਾਡੇ ਹਾਲੀਆ ਬਿਰਤਾਂਤ ਵਿਚ ਉਸ ਦੀ ਸ਼ਮੂਲੀਅਤ ਜ਼ਰੂਰੀ ਹੈ।
ਅੰਗਰੇਜ਼ ਭਾਰਤੀ ਖਿੱਤੇ ਨੂੰ ਨਿਰਧਾਰਤ ਸਮੇਂ ਤੋਂ ਕਰੀਬ ਇਕ ਵਰ੍ਹਾ ਪਹਿਲਾਂ ਹੀ ਛੱਡ ਗਏ। ਉਨ੍ਹਾਂ ਬਰਮਾ ਵੀ ਛੱਡਿਆ ਅਤੇ ਸ੍ਰੀਲੰਕਾ ਨੂੰ ਵੀ ਅਲਵਿਦਾ ਆਖ ਗਏ। ਬਰਮਾ ਦੇ ਸੁਤੰਤਰਤਾ ਸੰਗਰਾਮ ਦੇ ਮੋਹਰੀ ਆਂਗ ਸੇਨ, ਯੂ ਨੂੰ, ਨੇ-ਵਿੰਨ ਅਤੇ ਸ੍ਰੀਲੰਕਾ ਦਾ ਪਹਿਲਾ ਮੁਖੀ ਡੀæਐਸ਼ ਸੈਨਾਨਾਇਕੇ ਸਾਰੇ ਹੀ ਸੰਤ ਸਿਆਸਤਦਾਨ ਸਨ। ਕੋਈ ਉਨ੍ਹਾਂ ਦੀਆਂ ਜੀਵਨ ਕਥਾਵਾਂ ਪੜ੍ਹ ਕੇ ਤਾਂ ਵੇਖੇ। ਸੈਨਾਨਾਇਕੇ ਤੋਂ ਬਾਅਦ ਪ੍ਰਧਾਨ ਮੰਤਰੀ ਐਸ਼ਡਬਲਯੂæਆਰæਡੀæ ਭੰਡਾਰਨਾਇਕੇ ਵੀ ਕ੍ਰਿਸ਼ਮਈ ਸਿਆਸਤਦਾਨ ਸੀ। ਈਸਾਈ ਪਰਿਵਾਰ ਵਿਚ ਪੈਦਾ ਹੋਏ ਇਸ ਇਨਸਾਨ ਨੇ ਮਗਰੋਂ ਭਲੇ ਹੀ ਬੁੱਧ ਧਰਮ ਅਪਨਾ ਲਿਆ ਅਤੇ ਆਪਣੇ ਸੀਨੀਅਰ ਸਾਥੀ ਸੈਨਾਨਾਇਕੇ ਤੋਂ ਸਿਆਸੀ ਦੂਰੀ ਸਿਰਜਣ ਲਈ ਸਿਨਹਾਲੀ ਪਛਾਣ ਦੀ ਰਾਜਨੀਤੀ ਵੀ ਕੀਤੀ, ਪਰ ਕਿਸੇ ਵੀ ਕਿਸਮ ਦੀ ਧਾਰਮਿਕ ਜਾਂ ਭਾਈਚਾਰਕ ਤੰਗਨਜ਼ਰੀ ਦੀ ਉਸ ਦੇ ਭਾਵ-ਜਗਤ ਅੰਦਰ ਭੋਰਾ ਲੇਸ ਨਹੀਂ ਸੀ। ਸਥਿਤੀ ਦਾ ਵਿਅੰਗ ਵੇਖੋ ਕਿ 26 ਸਤੰਬਰ 1959 ਦੀ ਸਵੇਰ ਨੂੰ ਇਕ ਸਿਨਹਾਲਾ ਬੋਧੀ ਭਿਖਸ਼ੂ ਨੇ ਭੰਡਾਰਨਾਇਕੇ ਦੀ ਗੋਲੀ ਮਾਰ ਕੇ ਜਦੋਂ ਹੱਤਿਆ ਕੀਤੀ ਤਾਂ ਉਨ੍ਹਾਂ ਦੀ ਰਿਹਾਇਸ਼ ‘ਤੇ ਸੁਰੱਖਿਆ ਗਾਰਦ ਦਾ ਇਕ ਸਿਪਾਹੀ ਵੀ ਮੌਜੂਦ ਨਹੀਂ ਸੀ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਉਨ੍ਹਾਂ ਨੂੰ ਰੱਖਿਆ ਦੀ ਜ਼ਰੂਰਤ ਨਹੀਂ।
ਘੱਟ-ਗਿਣਤੀ ਤਾਮਿਲ ਭਾਈਚਾਰੇ ਦੇ ਗਿਲੇ-ਸ਼ਿਕਵੇ ਹੈਗੇ ਸਨ, ਪਰ ਐਨੇ ਵੀ ਨਹੀਂ ਸਨ। ਫਿਰ ਗਿਲੇ-ਸ਼ਿਕਵੇ ਤਾਂ ਬਹੁ-ਗਿਣਤੀ ਸਿਨਹਾਲੀ ਮੂਲ ਦੇ ਨਵੇਂ ਪੜ੍ਹ ਰਹੇ ਗ਼ਰੀਬ ਕਿਸਾਨ ਵਰਗ ਨਾਲ ਸਬੰਧਤ ਨੌਜਵਾਨਾਂ ਦੇ ਵੀ ਘੱਟ ਨਹੀਂ ਸਨ। ਜ਼ਾਹਿਰ ਹੈ ਕਿ ਅਗਲੀ ਅੱਧੀ ਸਦੀ ਸ੍ਰੀਲੰਕਾ ਨੂੰ ਜਿਸ ਅੰਨ੍ਹੀ, ਬੇਮੁਹਾਰ, ਅਰੋਕ ਹਿੰਸਾ ਨੇ ਬੁਰੀ ਤਰ੍ਹਾਂ ਵਿਹੜੀ ਰੱਖਿਆ, ਉਸ ਬਗਾਵਤ ਦੀ ਸ਼ੁਰੂਆਤ ਤਾਮਿਲਾਂ ਨੇ ਨਹੀਂ, ਬਲਕਿ 1970-71 ਵਿਚ ਕਾਮਰੇਡ ਰੋਹਾਨ ਵਿਜੈਵੀਰਾ ਦੀ ਅਗਵਾਈ ਹੇਠਲੇ ਬੋਧੀ ਸਿਨਹਾਲਾ ਨੌਜਵਾਨਾਂ ‘ਤੇ ਆਧਾਰਿਤ ਜੇæਵੀæਪੀæ ਨਾਂ ਦੀ ਜਥੇਬੰਦੀ ਨੇ ਕੀਤੀ।
ਚੀ ਗੁਵੇਰਾ ਦੇ ਵਿਚਾਰਾਂ ਤੋਂ ਪ੍ਰੇਰਿਤ ਹੋਣ ਦਾ ਦਾਅਵਾ ਕਰਨ ਵਾਲੇ ਵਿਜੈਵੀਰਾ ਨੇ ਬਗਾਵਤ ਦਾ ਸੱਦਾ ਦਿਤਾ ਤਾਂ ਸਰਕਾਰ ਨੇ ਉਦੋਂ ਮੁਕਾਬਲਤਨ ਆਸਾਨੀ ਨਾਲ ਹੀ ਉਸ ਅਤੇ ਉਸ ਦੇ ਕਈ ਹਜ਼ਾਰ ਸਾਥੀਆਂ ਨੂੰ ਗ੍ਰਿਫਤਾਰ ਕਰ ਕੇ ਬਗਾਵਤ ‘ਤੇ ਕਾਬੂ ਪਾ ਲਿਆ। ਵਿਜੈਵੀਰਾ ਨੂੰ ਉਦੋਂ ਕਿਸੇ ਫੁੱਲ ਦੀ ਵੀ ਨਾ ਮਾਰੀ, ਕੋਈ ਲੋੜ ਹੀ ਨਾ ਸੀ। ਉਸ ‘ਤੇ ਮੁਕੱਦਮਾ ਚੱਲਿਆ ਅਤੇ ਸ਼ਹੀਦ ਭਗਤ ਸਿੰਘ ਵਾਂਗ ਉਸ ਨੂੰ ਆਪਣੇ ਵਿਚਾਰਾਂ ਦੇ ਪ੍ਰਾਪੇਗੰਡਾ ਕਰਨ ਦਾ ਮੌਕਾ ਵੀ ਦਿਤਾ ਗਿਆ। ਉਸ ਨੂੰ ਉਮਰ ਕੈਦ ਹੋਈ ਪਰ ਜੇਲ੍ਹ ਅੰਦਰ ਮੌਜਾਂ ਲੱਗੀਆਂ ਰਹੀਆਂ। ਉਂਜ ਵੀ ਪੜ੍ਹਨ-ਲਿਖਣ, ਮਿਲਣ-ਮਿਲਾਉਣ ਦੀ ਪੂਰਨ ਖੁੱਲ੍ਹ ਸੀ। ਸੱਤ ਸਾਲ ਪਿਛੋਂ ਹੀ ਉਸ ਦੀ ਰਿਹਾਈ ਹੋ ਗਈ।
ਵਿਸ਼ੇਸ਼ ਕ੍ਰਿਮੀਨਲ ਜਸਟਿਸ ਅੱਗੇ ਦਿਤਾ ਉਸ ਦਾ ਭਾਸ਼ਨ ਸ੍ਰੀਲੰਕਾ ਹੀ ਨਹੀਂ, ਬਲਕਿ ਦੁਨੀਆਂ ਭਰ ਵਿਚ ਪਹੁੰਚਿਆ ਅਤੇ ਸੰਸਾਰ ਦੀਆਂ ਅਨੇਕਾਂ ਭਾਸ਼ਾਵਾਂ ਵਿਚ ਇਸ ਦਾ ਤਰਜਮਾ ਹੋਇਆ। 1977 ਵਿਚ ਜੇਲ੍ਹ ਤੋਂ ਬਾਹਰ ਆ ਕੇ ਵਿਜੈਵੀਰਾ ਦੇ ਪੁਰਾਣੇ ਬਹੁਤੇ ਸਾਥੀ ਤਾਂ ਉਸ ਨੂੰ ਅਲਵਿਦਾ ਆਖ ਗਏ, ਪਰ ਤਰਕ ਦਾ ਧਨੀ ਅਤੇ ਭਾਸ਼ਨ ਕਲਾ ਦਾ ਬੇਜੋੜ ਹਾਤਮ ਹੋਣ ਕਾਰਨ ਉਹਨੇ ਪਹਿਲਾਂ ਨਾਲੋਂ ਕਿਤੇ ਵੱਧ ਪ੍ਰਤੀਬੱਧ ਕਿਸਮ ਦੇ ਅਨੇਕਾਂ ਪੜ੍ਹੇ-ਲਿਖੇ ਸਿਨਹਾਲੀ ਨੌਜਵਾਨ ਆਪਣੇ ਨਾਲ ਜੋੜ ਲਏ। 5-7 ਵਰ੍ਹੇ ਤਾਂ ਉਸ ਆਪਣੀ ਪੈਂਠ ਬਣਾਉਣ ਲਈ ਠੰਢੀ ਰਾਜਨੀਤੀ ਕੀਤੀ, ਪਰ ਮੂਲ ਰੂਪ ਵਿਚ ਅੰਦਰੋਂ ਕਾਹਲਾ ਸੁਭਾਅ ਦਾ ਹੋਣ ਕਾਰਨ ਉਸ ਕੋਲੋਂ ਜ਼ਿਆਦਾ ਦੇਰ ਤੱਕ ਸਬਰ ਕੀਤਾ ਨਾ ਗਿਆ ਅਤੇ 1987 ਵਿਚ ਉਸ ਦੂਜੀ ਵਾਰੀ ਸਰਕਾਰ ਵਿਰੁੱਧ ਬਗਾਵਤ ਦਾ ਬਿਗਲ ਵਜਾ ਦਿਤਾ। ਅਗਲੇ ਦੋ ਵਰ੍ਹਿਆਂ ਤੱਕ ਪ੍ਰਚੰਡ ਰੂਪ ਵਿਚ ਚੱਲੀ ਹਿੰਸਕ ਅਤੇ ਪ੍ਰਤੀ-ਹਿੰਸਕ ਲਹਿਰ ਵਿਚ ਸੱਤਰ ਹਜ਼ਾਰ ਬੰਦੇ ਨਿਹੱਕੇ ਮਾਰੇ ਗਏ, ਪਰ ਕਾਮਰੇਡ ਜੋ ਸੰਗਰਾਮ ਦੇ ਇਸ ਦੂਜੇ ਗੇੜ ਵਿਚ ਸਹੂਲਤ ਵਜੋਂ ਸਿਨਹਾਲੀ/ਬੋਧੀ ਕੌਮਪ੍ਰਸਤ ਸਮਾਜਵਾਦੀ ਬਣ ਗਏ ਹੋਏ ਸਨ, ਦੇ ਕ੍ਰੋਧ ਦੀ ਸਿਖਰ 16 ਫਰਵਰੀ, 1988 ਦੀ ਸਵੇਰ ਨੂੰ ਉਸ ਸਮੇਂ ਆਈ ਜਦੋਂ ਉਨ੍ਹਾਂ ਨੇ ਵਿਜੈ ਕੁਮਾਰਾਤੁੰਗਾ ਨਾਂ ਦੇ ਸ੍ਰੀਲੰਕਾ ਦੇ ਮਹਾਨ ਦਰਵੇਸ਼ ਨਾਇਕ ਦੀ ਹੱਤਿਆ ਕਰ ਦਿਤੀ। ਉਹ ਮੁਲਕ ਦੀ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਮਾਵੋ ਭੰਡਾਰਨਾਇਕੇ ਦਾ ਦਾਮਾਦ, ਭਾਵ ਅਗਲੀ ਪ੍ਰਧਾਨ ਮੰਤਰੀ ਕੁਮਾਰਤੁੰਗਾ ਭੰਡਾਰਨਾਇਕੇ ਦਾ ਖਾਵੰਦ ਸੀ। ਉਹ ਜੇæਵੀæਪੀæ ਦੇ ਕਾਜ ਦਾ ਹਮਦਰਦ ਸੀ, ਸ਼ਾਇਰ ਸੀ ਅਤੇ ਮਹਾਨ ਕਲਾਕਾਰ ਸੀ। ਉਸ ਦੀ ਅਹਿਮਕਾਨਾ ਹੱਤਿਆ ਦੇ ਇਸ ਕਾਰੇ ਨੇ ਹੀ ਸ਼ਾਇਦ ਹੁਣ ਬੜੀ ਜਲਦੀ ਜੇæਵੀæਪੀæ ਨੂੰ ਲੱਕੋਂ ਲੈ ਜਾਣਾ ਸੀ। ਇਹੋ ਉਹ ਮੋੜ ਸੀ ਜਦੋਂ ਰਾਸ਼ਟਰਪਤੀ ਜੈਵਰਧਨੇ ਦੀ ਜਗ੍ਹਾ ਪ੍ਰੇਮਦਾਸਾ ਹਕੂਮਤ ਦੀ ਵਾਗਡੋਰ ਸੰਭਾਲ ਰਿਹਾ ਸੀ।