ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਮੇਰੇ ਸਾਹਮਣੇ ਇੰਗਲੈਂਡ ਤੋਂ ਛਪਦੀ ਇਕ ਪੰਜਾਬੀ ਅਖਬਾਰ ਪਈ ਹੈ। ਇਸ ਦੇ ਪਹਿਲੇ ਸਫੇ ਉਤੇ ਇਕ ਮੁਟਿਆਰ ਦੀ ਫੋਟੋ ਹੈ ਜੋ ਕਿਸੇ ਨੂੰ ਆਪਣੇ ਮੋਬਾਈਲ ਫੋਨ ਤੋਂ ਫੋਟੋਆਂ ਦਿਖਾ ਰਹੀ ਜਾਪਦੀ ਹੈ। ਉਸ ਦੇ ਨਾਲ ਇਕ ਸਰਦਾਰ ਜੀ ਦੀ ਫੋਟੋ ਹੈ ਜਿਸ ਦੇ ਸਿਰ ‘ਤੇ ਬੱਝੀ ਹੋਈ ਠੋਕਵੀਂ ਪਟਿਆਲਾ ਸ਼ਾਹੀ ਪੱਗ ਦਾ ‘ਕੱਲਾ-ਕੱਲਾ ਪੇਚ ਸਾਫ ਗਿਣਿਆ ਜਾ ਸਕਦਾ ਹੈ। ਉਸ ਦੀ ਛਾਂਗਵੀਂ ਦਾੜ੍ਹੀ, ਪਰ ਮੁੱਛਾਂ ਪੂਰਾ ਤਾਅ ਦੇ ਕੇ ‘ਤਾਂਹ ਨੂੰ ਖੜ੍ਹੀਆਂ ਕੀਤੀਆਂ ਹੋਈਆਂ ਹਨ। ਅਫੀਮਚੀਆਂ ਵਰਗੀਆਂ ਉਸ ਦੀਆਂ ਅੱਖਾਂ ਫੋਟੋ ਵਿਚ ਵੀ ਪੂਰੀਆਂ ਚੜ੍ਹੀਆਂ ਹੋਈਆਂ ਦਿਖਾਈ ਦਿੰਦੀਆਂ ਹਨ। ਇਨ੍ਹਾਂ ਦੋਹਾਂ ਦਾ ਰਿਸ਼ਤਾ ਪਿਉ-ਧੀ ਵਾਲਾ ਦੱਸਿਆ ਗਿਆ ਹੈ। ਧੀ ਦਾ ਨਾਂ ਬੀਬਾ ਰਵਨੀਤ ਕੌਰ ਅਤੇ ਬਾਪ ਦਾ ਨਾਂ ਸ਼ ਸਲਵਿੰਦਰ ਸਿੰਘ ਲਿਖਿਆ ਹੋਇਆ ਹੈ।
ਜੀ ਹਾਂ, ਉਹੀ ਐਸ਼ਪੀæ ਸਲਵਿੰਦਰ ਸਿੰਘ ਜਿਸ ਬਾਰੇ ਅੱਜ ਕੱਲ੍ਹ ਸ਼ੱਕ ਦਾ ਬਾਜ਼ਾਰ ਗਰਮ ਹੈ ਕਿ ਮੁਲਕ ਦੀ ਫੌਜ ਦੇ ਪਠਾਨਕੋਟ ਵਾਲੇ ਏਅਰਬੇਸ ‘ਤੇ ਹੋਏ ਦਹਿਸ਼ਤੀ ਹਮਲੇ ਵਿਚ ਉਸ ਦਾ ਵੀ ਕੋਈ ਨਾ ਕੋਈ ਲਾਗਾ-ਦੇਗਾ ਹੋ ਸਕਦਾ ਹੈ। ਜਦੋਂ ਇਹ ਸਤਰਾਂ ਲਿਖੀਆਂ ਜਾ ਰਹੀਆਂ ਨੇ, ਉਦੋਂ ਵੀ ਇਸ ਅਫਸਰ ਬਾਰੇ ਲਗਾਤਾਰ ਖਬਰਾਂ ਆ ਰਹੀਆਂ ਨੇ।
ਕਿਤੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦੇ ਵੱਡੇ ਅਫਸਰ ਇਸ ਤੋਂ ਪੁੱਛ-ਪੜਤਾਲ ਕਰ ਰਹੇ ਹਨ। ਕਦੇ ਦੱਸਿਆ ਜਾਂਦਾ ਹੈ ਕਿ ਪੁੱਛ-ਗਿਛ ਲਈ ਉਸ ਨੂੰ ਦਿੱਲੀ ਲਿਜਾਇਆ ਗਿਆ ਹੈ। ਦਿੱਲੀਓਂ ਆ ਰਹੀ ਜਾਣਕਾਰੀ ਅਨੁਸਾਰ ਉਸ ਦੀ ਜਾਂਚ-ਪੜਤਾਲ ‘ਲਾਈ ਡਿਟੈਕਟਰ’ ਭਾਵ ਝੂਠ ਫੜਨ ਵਾਲੀ ਮਸ਼ੀਨ ਨਾਲ ਕੀਤੀ ਗਈ ਹੈ। ਉਸ ਨੇ ਇਹ ਵੀ ਇਕਬਾਲ ਕਰ ਲਿਆ ਹੈ ਕਿ ਉਸ ਨੇ ਸਰਹੱਦ ਪਾਰੋਂ ਆਏ ਦਹਿਸ਼ਤਗਰਦਾਂ ਦੀ ਟੋਲੀ ਨੂੰ ਨਸ਼ਿਆਂ ਦੇ ਸਮਗਲਰ ਸਮਝ ਲਿਆ ਸੀ, ਇਸ ਲਈ ਉਨ੍ਹਾਂ ਦੀ ਕੋਈ ਰੋਕ-ਟੋਕ ਨਹੀਂ ਕੀਤੀ, ਕਿਉਂਕਿ ਇਸ ਕਾਰੋਬਾਰ ਵਿਚ ਲੱਗੇ ਹੋਏ ਸੌਦਾਗਰਾਂ ਪਾਸੋਂ ਉਸ ਨੂੰ ਹੀਰੇ ਮਿਲਦੇ ਸਨ। ਉਚ ਪੱਧਰੀ ਜਾਂਚ ਏਜੰਸੀਆਂ ਵੱਲੋਂ ਸਲਵਿੰਦਰ ਸਿੰਘ ਦੀ ਕੀਤੀ ਜਾ ਰਹੀ ਪੁੱਛ-ਗਿੱਛ ਵਿਚੋਂ ਕੀ ਨਿਕਲਦਾ ਹੈ, ਇਹ ਤਾਂ ਏਜੰਸੀਆਂ ਜਾਣਨ ਜਾਂ ਸਰਕਾਰ; ਸਾਰਾ ਕੁਝ ਮੀਡੀਆ ਵਿਚ ਆ ਹੀ ਜਾਣਾ ਹੈ।
ਹਥਲਾ ਲੇਖ ਨਾ ਤਾਂ ਸਲਵਿੰਦਰ ਸਿੰਘ ਦੀ ਪਠਾਨਕੋਟ ਕਾਂਡ ਵਿਚ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਹੋਣ ਦੀ ਚਿੰਤਾ ਵਿਚ ਲਿਖਿਆ ਜਾ ਰਿਹਾ ਹੈ ਅਤੇ ਨਾ ਹੀ ਉਹਦੇ ਬਾਰੇ ਛਪੀਆਂ ਕੁਝ ਹੋਰ ਐਸੀਆਂ ਜਾਣਕਾਰੀਆਂ ‘ਤੇ ਟਿੱਪਣੀ ਹੀ ਕਰਨੀ ਹੈ ਕਿ ਜਦ ਉਸ ਦਾ ਟਾਕਰਾ ਦਹਿਸ਼ਤਗਰਦਾਂ ਨਾਲ ਹੋਇਆ, ਉਦੋਂ ਉਸ ਨਾਲ ਹੀਰਿਆਂ ਦਾ ਕੋਈ ਪ੍ਰਸਿੱਧ ਵਪਾਰੀ ਵੀ ਸੀ। ਠਾਠ-ਬਾਠ ਨਾਲ ਜ਼ਿੰਦਗੀ ਬਿਤਾ ਰਹੇ ਇਸ ਅਫਸਰ ‘ਤੇ ਇਸ ਗੱਲੋਂ ਵੀ ਕੋਈ ਹੈਰਾਨੀ ਨਹੀਂ ਪ੍ਰਗਟਾਉਣੀ ਕਿ ਸ਼ਾਦੀ-ਸ਼ੁਦਾ ਹੋਣ ਦੇ ਬਾਵਜੂਦ ਇਸ ਨੂੰ ਰਸੋਈਆ ਮਿਲਿਆ ਹੋਇਆ ਸੀ ਜੋ ਹਰ ਸਮੇਂ ਆਪਣੇ ਇਸ ‘ਸ਼ਾਹੀ ਅਫਸਰ’ ਦੀ ਤਾਬਿਆਦਾਰੀ ਵਿਚ ਰਹਿੰਦਾ ਸੀ। ਇਸ ਐਸ਼ਪੀæ ਸਾਹਿਬ ਦੀ ਕਿਸੇ ਸਥਾਨਕ ਸਿਆਸੀ ਆਗੂ ਨਾਲ ਯਾਰੀ ਦੇ ਪਿਛੋਕੜ ਦਾ ਚੀਰ-ਫਾੜ ਕਰਨਾ ਵੀ ਮੇਰਾ ਵਿਸ਼ਾ ਨਹੀਂ ਹੈ।
ਕਹਿਣ ਦਾ ਭਾਵ ਕਿ ਖਤਰਨਾਕ ਤੇ ਗੰਭੀਰ ਸ਼ੱਕ ਨਾਲ ਭਰਪੂਰ ਇਸ ਕਾਂਡ ਵਿਚ ਹੈ ਤਾਂ ਬਹੁਤ ਕੁਝ ਹੈਰਤ-ਅੰਗੇਜ਼, ਪਰ ਆਪਣੀ ਸੋਚ ਮੁਤਾਬਕ, ਮੇਰੇ ਲਈ ਸਿਤਮਜ਼ਰੀਫੀ ਇਹ ਹੈ ਕਿ ਆਪਣੇ ਆਪ ਨੂੰ ਸਿੱਖ ਕਹਾਉਣ ਵਾਲਾ ਸਲਵਿੰਦਰ ਸਿੰਘ ਬਾਰਡਰ ਏਰੀਏ ਵਿਚ ਸਥਿਤ ਕਿਸੇ ਕਬਰ ਦਾ ਪੁਜਾਰੀ ਹੈ। ਇੰਗਲੈਂਡ ਵਾਲੀ ਅਖਬਾਰ ਵਿਚ ਛਪੀ ਖਬਰ ਅਨੁਸਾਰ ਇਸ ਅਫਸਰ ਦੀ ਬੇਟੀ ਬੜੇ ਦਾਅਵੇ ਨਾਲ ਕਹਿ ਰਹੀ ਹੈ, “ਮੇਰੇ ਪਾਪਾ ਹਰ ਸਾਲ ਅਜਮੇਰ ਸ਼ਰੀਫ ਮੱਥਾ ਟੇਕਣ ਜਾਂਦੇ ਹਨæææਅਸੀਂ ਘਰ ਵਿਚ ਵੀ ਪੀਰ ਬਾਬਾ ਦੀ ਜਗ੍ਹਾ ਬਣਾਈ ਹੋਈ ਹੈ। ਮੇਰੇ ਪਾਪਾ ਉਸ ਰਾਤ ਵੀ ਦਰਗਾਹ ‘ਤੇ ਮੱਥਾ ਟੇਕਣ ਗਏ ਸਨ।” ਲੜਕੀ ਇਹ ਵੀ ਦੱਸਦੀ ਹੈ ਕਿ ਪਾਪਾ ਧਰਮ ਅਤੇ ਇਨਸਾਨੀਅਤ ਵਿਚ ਵਿਸ਼ਵਾਸ ਰੱਖਣ ਵਾਲੇ ਹਨ।
ਲਓ ਜੀ, ਕਰ ਲਓ ਗੱਲ! ਖੜ੍ਹੀਆਂ ਮੁੱਛਾਂ ਤੇ ਪਟਿਆਲਾ ਸ਼ਾਹੀ ਦਸਤਾਰ ਵਾਲੇ ਸਰਦਾਰ ਸਲਵਿੰਦਰ ਸਿੰਘ ਜੀ (ਪੱਕੀ ਉਮੀਦ ਹੈ ਕਿ ਉਨ੍ਹਾਂ ਨੇ ਸਰਕਾਰੀ ਰਿਕਾਰਡ ਵਿਚ ਖੁਦ ਨੂੰ ਮੁਸਲਮਾਨ ਨਹੀਂ, ਸਿੱਖ ਹੀ ਲਿਖਵਾਇਆ ਹੋਵੇਗਾ) ਇਸਲਾਮਿਕ ਸਥਾਨ ਅਜਮੇਰ ਸ਼ਰੀਫ਼ ਵੀ ਹਰ ਸਾਲ ਜਾਂਦੇ ਨੇæææਸਰਹੱਦੀ ਖੇਤਰ ਦੇ ਪਿੰਡ ਤਲੂਰ ਦੀ ਦਰਗਾਹ ਦੇ ਪੁਜਾਰੀ ਵੀ ਨੇæææਘਰੇ ਪੀਰ ਬਾਬੇ ਦੀ ‘ਜਗ੍ਹਾ’ ਵੀ ਬਣਾਈ ਹੋਈ ਹੈæææ। ਪੜ੍ਹੀ ਲਿਖੀ ਬੇਟੀ ਮੂਜਬ, ਐਸ਼ਪੀæ ਸਾਹਿਬ ਦਾ ਧਰਮ ਤੇ ਇਨਸਾਨੀਅਤ ਵਿਚ ਅਟੁੱਟ ਵਿਸ਼ਵਾਸ ਹੈ। ਵਾਹ!
ਚੰਦਾ ਦੇਤੇ ਹੈਂ ਮਸਜਿਦ ਮੇਂ, ਪੀਤੇ ਹੈਂ ਮੈਅਖਾਨੇ ਮੇਂ,
ਸ਼ੈਤਾਨ ਭੀ ਰਾਜ਼ੀ ਰਹੇ, ਔਰ ਖ਼ੁਦਾ ਵੀ ਨਾਰਾਜ਼ ਨਾ ਹੋ।
ਪੁਲਿਸ, ਥਾਣੇ, ਧਰਮ ਅਤੇ ਕਬਰ ਆਦਿ ਸ਼ਬਦਾਂ ਦਾ ਜ਼ਿਕਰ ਹੋਣ ‘ਤੇ ਮੈਨੂੰ ਆਪਣੇ ਜ਼ਿਲ੍ਹਾ ਨਵਾਂ ਸ਼ਹਿਰ ਦੇ ਬੰਗਾ ਥਾਣੇ ਦਾ ਚੇਤਾ ਆ ਗਿਆ। ਇਸ ਥਾਣੇ ਵਿਚ ਵੀ ਧਾਰਮਿਕ ਸਥਾਨ ਸਥਾਪਤ ਹੈ ਜਿਥੇ ਹਰ ਸਾਲ ਪਾਠ-ਪੂਜਾ ਦਾ ਕੋਈ ਮੇਲਾ ਵੀ ਲੱਗਦਾ ਹੈ। ਸੁਣਿਆ ਹੈ, ਇਹ ਜਗ੍ਹਾ ਇੰਨੀ ‘ਕਰੜੀ’ ਹੈ ਕਿ ਉਥੇ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਅਫਸਰ ਆ ਲੱਗੇ, ਉਹ ਸਾਰੇ ਮੁਲਾਜ਼ਮਾਂ ਅਤੇ ਸ਼ਹਿਰ ਦੇ ਸਹਿਯੋਗ ਨਾਲ ਮਿਥੇ ਹੋਏ ਸਾਲਾਨਾ ਦਿਨ ‘ਤੇ ਥਾਣੇ ਵਿਚਲੇ ਸਥਾਨ ‘ਤੇ ਪੂਜਾ-ਅਰਚਨਾ ਜ਼ਰੂਰ ਕਰਦਾ ਹੈ। ਧਾਰਮਿਕ ਨਜ਼ਰੀਏ ਤੋਂ ਇਸ ਥਾਣੇ ਵਿਚ ਇਹ ਬਾਬਾ ਜੀ, ਚੌਵੀ ਘੰਟੇ ਹਾਜ਼ਰ-ਨਾਜ਼ਰ ਰਹਿੰਦੇ ਹੋਣਗੇ। ਭਲਾ ਫਿਰ ਇਸ ਥਾਣੇ ਦੀ ਚਾਰਦੀਵਾਰੀ ਵਿਚ ਸਾਰਾ ਕੰਮ-ਕਾਜ ਜਾਂ ਵਰਤੋਂ-ਵਿਹਾਰ ਸਥਾਪਤ ਬਾਬਾ ਜੀ ਦੇ ਧਰਮੀ ਨਿਯਮਾਂ ਅਨੁਸਾਰ ਹੀ ਹੁੰਦਾ ਹੋਵੇਗਾ? ਕੀ ਇਸ ਚੌਗਿਰਦੇ ਵਿਚ ਸਚਮੁੱਚ ‘ਸਤਿਯੁਗ’ ਵਰਤਦਾ ਰਹਿੰਦਾ ਹੋਵੇਗਾ?
ਬੰਗਾ ਥਾਣੇ ਵਿਚਲੇ ਅਜੋਕੇ ਮਾਹੌਲ ਦਾ ਤਾਂ ਮੈਨੂੰ ਪਤਾ ਨਹੀਂ, ਪਰ ਇਕ ਸਮੇਂ ਬੰਗਾ ਇਲਾਕੇ ਦੇ ਹੀ ਜੁਝਾਰੂ ਸ਼ਾਇਰ ਦਰਸ਼ਨ ਖਟਕੜ ਨੇ ਆਪਣੇ ਸਾਥੀ ਦਰਸ਼ਨ ਦੁਸਾਂਝ ਦੀ ਇਸੇ ਥਾਣੇ ਵਿਚ ਹੋਈ ਦੁਰਗਤੀ ਬਾਰੇ ਕੁਝ ਅਜਿਹੀਆਂ ਸਤਰਾਂ ਲਿਖੀਆਂ ਸਨ:
ਸਰਹੰਦ ਦੀ ਦੀਵਾਰ ਹੋਵੇ ਜਾਂ ਥਾਣਾ ਬੰਗਿਆਂ ਦਾ,
ਲੱਤਾਂ ਚੂਰ ਕਰਵਾਈਏ, ਜਾਂ ਚਿਣੇ ਨੀਂਹਾਂ ਵਿਚ ਜਾਈਏæææ
ਸੋਚਣ ਵਾਲੀ ਗੱਲ ਹੈ ਕਿ ਜਦੋਂ ਇਨ੍ਹਾਂ ਸਤਰਾਂ ਮੁਤਾਬਕ ਬੰਗਾ ਥਾਣੇ ਵਿਚ ਆਪਣੇ ਹੱਕ ਮੰਗਦੇ ਕਿਸੇ ਗੱਭਰੂ ਦੀਆਂ ਲੱਤਾਂ ਚੂਰ-ਚੂਰ ਕੀਤੀਆਂ ਗਈਆਂ ਹੋਣਗੀਆਂ, ਤਾਂ ਉਸ ਦੀਆਂ ਦਰਦ ਭਰੀਆਂ ਲੇਰਾਂ ਥਾਣੇ ਵਿਚ ਸੁਭਾਇਮਾਨ ਬਾਬਾ ਜੀ ਦੇ ਕੰਨੀਂ ਵੀ ਪਈਆਂ ਹੋਣਗੀਆਂ ਅਤੇ ਲੱਤਾਂ ਚਕਨਾਚੂਰ ਕਰਨ ਦੀ ‘ਸੇਵਾ’ ਨਿਭਾਉਣ ਵਾਲੇ ਪੁਲਸੀਏ ਜਵਾਨਾਂ ਨੇ ਪੂਰੀ ‘ਸ਼ਰਧਾ ਭਾਵਨਾ’ ਨਾਲ ਸਾਲਾਨਾ ਮੇਲੇ ਵਿਚ ਬਾਬਾ ਜੀ ਨੂੰ ਵੀ ਅਰਾਧਿਆ ਹੋਵੇਗਾ!
ਸਵਾਲ ਉਠਦਾ ਹੈ ਕਿ ਕੋਈ ਪੀਰ-ਫਕੀਰ, ਸਾਈਂ-ਧਰਮੀ ਬਾਬਾ ਅਜਿਹਾ ਵੀ ਹੋਵੇਗਾ ਜੋ ਆਪਣੇ ਪੈਰੋਕਾਰਾਂ ਨੂੰ ਇਹ ਇਜਾਜ਼ਤ ਦਿੰਦਾ ਹੋਵੇ ਕਿ ਨਸ਼ਿਆਂ ਦੇ ਸਮਗਲਰਾਂ ਪਾਸੋਂ ਹੀਰੇ-ਜਵਾਹਰਾਤ ਜਾਂ ਮੋਟੀਆਂ ਰਕਮਾਂ ਲੈ ਕੇ, ਉਨ੍ਹਾਂ ਨੂੰ ਮੌਤ ਦਾ ਵਪਾਰ ਕਰ ਲੈਣ ਦਿਆ ਕਰੋ! ਮੁਲਕ, ਕੌਮ ਜਾਂ ਮਨੁੱਖਤਾ ਨਾਲ ਧ੍ਰੋਹ ਕਮਾਉਣ ਦੀ ਖੁੱਲ੍ਹ ਦੇਣ ਵਾਲੇ ਕਿਸੇ ਕਥਿਤ ਬਾਬੇ ਨੂੰ ਧਰਮੀ ਕਿਹਾ ਜਾ ਸਕਦਾ ਹੈ? ਨਾਲੇ ਕਿਹੜਾ ਰਹਿਬਰ ਹੋਵੇਗਾ ਜੋ ਆਪਣੇ ਸ਼ਰਧਾਲੂਆਂ ਨੂੰ ਆਵਾਰਾ ਕੁੱਤਿਆਂ ਵਾਂਗ ਦਰ-ਦਰ ਭਟਕਦੇ ਫਿਰਦੇ ਦੇਖ ਕੇ ਖੁਸ਼ ਹੁੰਦਾ ਹੋਵੇਗਾ? ਇਤਿਹਾਸਕ ਹਵਾਲਾ ਹੈ ਕਿ ਆਪਣੇ ਘਰ ਵਿਚ ਬਣਾਈ ਬਾਬੇ ਦੀ ਮੜ੍ਹੀ ਦਾ ਪੁਜਾਰੀ ਭਾਈ ਮੰਞ ਜਦ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਸਿੱਖੀ ਦੀ ਦਾਤ ਲੈਣ ਗਿਆ ਤਾਂ ਗੁਰੂ ਜੀ ਨੇ ਸਪਸ਼ਟ ਕਹਿ ਦਿੱਤਾ ਸੀ ਕਿ ਇਕ ਮਿਆਨ ਵਿਚ ਦੋ ਤਲਵਾਰਾਂ ਨਾ ਪਾਓ ਭਾਈ ਮੰਞ ਜੀ! ਜੇ ਗੁਰੂ ਨਾਨਕ ਦਾ ਸਿੱਖ ਬਣਨਾ ਚਾਹੁੰਨੈ, ਤਾਂ ਮੜ੍ਹੀਆਂ ਮਲੀਅਮੇਟ ਕਰਨੀਆਂ ਪੈਣਗੀਆਂ।
ਸਰਹੱਦੀ ਖੇਤਰ ਦੇ ਹੀ ਇਕ ਹੋਰ ਧਾਰਮਿਕ ਸਥਾਨ ਦੀ ਵਾਰਤਾ ਨਾਲ ਲੇਖ ਦੀ ਸਮਾਪਤੀ ਕਰਦੇ ਹਾਂ। ਸ੍ਰੀ ਅਕਾਲ ਤਖਤ ਸਾਹਿਬ ਦੇ ਇਕ ਸਾਬਕਾ ਜਥੇਦਾਰ ਅਕਸਰ ਇਹ ਗੱਲ ਸਟੇਜਾਂ ‘ਤੇ ਸੁਣਾਉਂਦੇ ਹੁੰਦੇ ਹਨ। ਬਤੌਰ ਜਥੇਦਾਰ ਅਕਾਲ ਤਖਤ, ਉਹ ਸਰਹੱਦ ਲਾਗਲੇ ਇਕ ਡੇਰੇ ਵਿਚ ਗਏ। ਸਾਲ ਕੁ ਪਹਿਲਾਂ ਵੀ ਉਨ੍ਹਾਂ ਇਸ ‘ਧਾਰਮਿਕ ਡੇਰੇ’ ਦੀ ਯਾਤਰਾ ਕੀਤੀ ਹੋਈ ਸੀ। ਉਦੋਂ ਇਹ ਡੇਰਾ ਇੰਨਾ ‘ਵਿਕਸਤ’ ਨਹੀਂ ਸੀ ਹੋਇਆ, ਪਰ ਸਾਲ ਕੁ ਦੇ ਸਮੇਂ ਵਿਚ ਉਥੇ ਆਲੀਸ਼ਾਨ ਇਮਾਰਤ ਅਤੇ ਲਹਿਰਾਂ-ਬਹਿਰਾਂ ਲੱਗੀਆਂ ਦੇਖ ਕੇ ਜਥੇਦਾਰ ਜੀ ਨੇ ਹੈਰਾਨ ਹੋ ਕੇ ਡੇਰੇਦਾਰ ਨੂੰ ਪੁੱਛਿਆ ਕਿ ਇਸ ‘ਤਰੱਕੀ’ ਦਾ ਕੀ ਕਾਰਨ?
“ਓ ਜੀ ਬਾਰਡਰ ਟੱਪਣ ਵਾਲੇ ਜਾਂਦੇ ਹੋਏ ਇਥੇ ਸੁੱਖਣਾ ਸੁੱਖ ਜਾਂਦੇ ਨੇ, ਕਿ ਹੇ ਬਾਬਾ ਜੀ! ਆਹ ਗੇੜਾ ‘ਕਾਮਯਾਬ’ ਹੋ ਜੇ, ਐਨੇ ਹਜ਼ਾਰ ਦਾ ਮੱਥਾ ਟੇਕਾਂਗੇ!æææਬੱਸ ਜੀ, ਇਉਂ ਫਿਰ ਉਹ ਮੁੜਦੀ ਵਾਰੀ ਗੋਲਕਾਂ ਨੂੰ ਗੱਫਿਆਂ ਨਾਲ ਭਰਪੂਰ ਕਰ ਛੱਡਦੇ ਨੇ।” ਬਾਰਡਰ ਵਾਲੇ ਧਰਮ ਸਥਾਨ ਦੇ ਬਾਬੇ ਦਾ ਜਵਾਬ ਸੀ।
ਇਹੋ ਜਿਹੇ ‘ਧਰਮੀ ਵਰਤਾਰਿਆਂ’ ਬਾਬਤ ਪੰਜਵੇਂ ਗੁਰੂ ਨੇ ਡੰਕੇ ਦੀ ਚੋਟ ਨਾਲ ਕਿਹਾ ਹੋਇਆ-ਕਰਮ ਧਰਮ ਪਾਖੰਡ ਜੋ ਦੀਸਹਿ।