ਅੰਮ੍ਰਿਤਾ ਸ਼ੇਰਗਿੱਲ ਦੀ ਗੁਆਚੀ ਡਾਇਰੀ ਦੇ ਵਰਕੇ

ਜਗਤਾਰ ਜੀਤ
ਫੋਨ: +91-98990-91186
ਲਾਇਬਰੇਰੀ ਦੀਆਂ ਕਿਤਾਬਾਂ ਫਰੋਲਦਿਆਂ ਇਕ ਕਿਤਾਬ ਹੱਥ ਆਈ ਜਿਸ ਵਿਚ ਅੰਮ੍ਰਿਤ ਸ਼ੇਰਗਿੱਲ ਵੱਲੋਂ ਲਿਖੀ ਡਾਇਰੀ ਦੇ ਕੁਝ ਪੰਨੇ (5 ਨਵੰਬਰ 1923 ਤੋਂ 8 ਅਗਸਤ 1932 ਤੱਕ) ਪੜ੍ਹਨ ਨੂੰ ਮਿਲੇ। ਇਹ ਡਾਇਰੀ ਕਦੋਂ ਲਿਖਣੀ ਆਰੰਭੀ ਅਤੇ ਕਦ ਤਕ ਲਿਖੀ ਗਈ, ਕੁਝ ਪਤਾ ਨਹੀਂ ਲਗਦਾ। ਇਹ ਉਸੇ ਵੱਡ-ਆਕਾਰੀ ਡਾਇਰੀ ਦੇ ਕੁਝ ਕੁ ਪੰਨੇ ਹਨ। ਇਹ ਡਾਇਰੀ ਅੰਮ੍ਰਿਤਾ ਦਾ ਵੱਖਰਾ ਰੂਪ ਸਾਹਮਣੇ ਲਿਆਉਂਦੀ ਹੈ ਜੋ ਉਸ ਦੇ ਚਿੱਤਰਕਾਰ ਰੂਪ ਤੋਂ ਘੱਟ ਨਹੀਂ ਲਗਦਾ। ਉਸ ਦੇ ਗੱਦ ਪ੍ਰਗਟਾਵੇ ਦਾ ਵਿਲੱਖਣ ਅੰਦਾਜ਼ ਗਹਿਰ-ਗੰਭੀਰ ਅਤੇ ਗਿਆਨ-ਮਈ ਹੈ।

ਕੋਈ ਵੀ ਇੰਦਰਾਜ ਪੜ੍ਹੋ-ਵਿਚਾਰੋ, ਉਹ ਛੋਹੇ ਤੱਤ ਬਾਰੇ ਭਰਪੂਰ ਬੇਲਿਹਾਜ਼ ਜਾਣਕਾਰੀ ਦਿੰਦਾ ਹੈ। ਕਿਸੇ ਵੇਲੇ ਸਿਰਫ ਇਕ ਪੰਗਤੀ ਵਾਲਾ ਇੰਦਰਾਜ ਵੀ ਮਹੱਤਵਪੂਰਨ ਹੋ ਨਿਬੜਦਾ ਹੈ।
ਅੰਮ੍ਰਿਤਾ ਸ਼ੇਰਗਿੱਲ ਨੇ ਅਲਪ ਆਯੂ (30 ਜਨਵਰੀ 1913-5 ਦਸੰਬਰ 1941) ਭੋਗੀ। ਉਸ ਦੇ ਚਿੱਤਰਾਂ ਨੇ ਭਾਰਤੀ ਕਲਾ ਵਿਚ ਵਿਚਰ ਰਹੀ ਜੜ੍ਹਤਾ ਨੂੰ ਤੋੜਿਆ। ਉਸ ਦੇ ਖ਼ਤਾਂ ਅਤੇ ਡਾਇਰੀ ਨੂੰ ਉਸ ਦੀਆਂ ਰਚੀਆਂ ਪੇਂਟਿੰਗਾਂ ਤੋਂ ਵੱਖ ਕਰ ਕੇ ਨਹੀਂ ਦੇਖਿਆ ਜਾ ਸਕਦਾ। ਉਸ ਦਾ ਲਿਖਿਆ, ਉਸ ਦੀਆਂ ਪੇਂਟਿੰਗਾਂ ਦੇ ਲੁਕਵੇਂ ਤੱਤਾਂ ਨੂੰ ਜਗਮਗ ਕਰਨੇ ਲਾ ਦਿੰਦਾ ਹੈ। ਕਈ ਵਾਰ, ਇਸ ਪੱਖੋਂ, ਉਹ ਵਾੱਨ ਗੌਗ ਦੇ ਨੇੜੇ-ਤੇੜੇ ਵਿਚਰਦੀ ਲਗਦੀ ਹੈ। ਉਂਜ ਵੀ ਉਹ ਵਾੱਨ ਗੌਗ ਦੇ ਕੰਮ ਦੀ ਪ੍ਰਸ਼ੰਸਕ ਵੀ ਰਹੀ। ਕੁਝ ਪੰਨੇ ਇਸ ਤਰ੍ਹਾਂ ਹਨ:
5 ਨਵੰਬਰ 1923: ਸ਼ਿਮਲਾ ਕਾਨਵੈਂਟ ਵਿਖੇ ਪੜ੍ਹਨ ਦੀ ਮੇਰੀ ਇੱਛਾ ਬਿਲਕੁਲ ਨਹੀਂ ਸੀ। ਇਸ ਦੇ ਬਾਵਜੂਦ ਮਾੱਮ ਦੀ ਇੱਛਾ ਸੀ ਕਿ ਮੈਂ ਉਥੇ ਪੜ੍ਹਾਂ। ਮੈਂ ਅਧਿਆਪਕ ਨੂੰ ਕਿਹਾ- ਉਥੇ ਚਰਚ ਜਾਣਾ ਲਾਜ਼ਮੀ ਹੈ, ਪਰ ਮੇਰਾ ਈਸ਼ਵਰ ਅਤੇ ਧਰਮ ਉਪਰ ਵਿਸ਼ਵਾਸ ਨਹੀਂ ਹੈ। ਮੈਂ ਚਰਚ ਨਹੀਂ ਜਾਵਾਂਗੀ। ਅਧਿਆਪਕਾ ਨੇ ਮੇਰੇ ਵੱਲ ਕੈੜੀ ਨਜ਼ਰ ਨਾਲ ਦੇਖਿਆ, ਜਿਵੇਂ ਉਹ ਕਹਿਣਾ ਚਾਹੁੰਦੀ ਸੀ ਕਿ ਇਹ ਕਹਿ ਕੇ ਮੈਂ ਆਪਣਾ ਜੀਵਨ ਅਜਾਈਂ ਗਵਾਇਆ ਹੈ। ਮੈਂ ਪਾਪਾ ਨੂੰ ਇਹਦੇ ਬਾਰੇ ਖ਼ਤ ਲਿਖਿਆ, ਪਰ ਉਹ ਮੈਡਮ ਦੇ ਹੱਥ ਆ ਗਿਆ। ਇਸ ਵਜ੍ਹਾ ਕਰ ਕੇ ਮੈਨੂੰ ਕਾਨਵੈਂਟ ਛੱਡਣਾ ਪਿਆ। ਮਾੱਮ ਨੂੰ ਤਾਂ ਗੁੱਸਾ ਆਇਆ, ਪਰ ਪਾਪਾ ਨੇ ਕੁਝ ਵੀ ਨਾ ਕਿਹਾ, ਦੂਸਰੇ ਦਿਨ ਤੋਂ ਅਧਿਆਪਕ ਹੀ ਘਰ ਪੜ੍ਹਾਉਣ ਆਉਣ ਲੱਗੇ।
15 ਦਸੰਬਰ 1923: ਮਾੱਮ ਦੇ ਬੈੱਡਰੂਮ ਵਿਚੋਂ ਚੀਕਣ ਦੀ ਆਵਾਜ਼ ਆਈ। ਪਾਪਾ ਉਨ੍ਹਾਂ ਨੂੰ ਸਮਝਾਉਣ ਦਾ ਯਤਨ ਕਰ ਰਹੇ ਸਨ। ‘ਮੇਰੀæææ ਖੁਦ ਨੂੰ ਸੰਭਾਲ’। ਉਹ ਬਾਹਰ ਨਿਕਲੇ। ਟੈਰੇਸ ਉਪਰ ਉਨ੍ਹਾਂ ਦੀ ਦੂਰਬੀਨ ਸੀ। ਉਹ ਗ੍ਰਹਿ ਤਾਰੇ ਦੇਖਦੇ ਰਹੇ। ਮਾੱਮ ਦਾ ਗੁੱਸਾ ਜਦ ਵੀ ਵਧ ਜਾਂਦਾ ਤਾਂ ਉਹ ਇੱਦਾਂ ਹੀ ਖੁਦ ਨੂੰ ਗ੍ਰਹਿ ਤਾਰਿਆਂ ਵਿਚ ਉਲਝਾ ਲੈਂਦੇ ਹਨ।
30 ਜਨਵਰੀ 1924 (ਏਥਨਜ਼): ਮੇਰਾ ਗਿਆਰ੍ਹਵਾਂ ਜਨਮ ਦਿਨ। ਮਾਰਸੇਲੇ ਨਾਲ ਉਸ ਦੇ ਤਿੰਨ ਦੋਸਤ ਅਤੇ ਤਿੰਨ ਸਹੇਲੀਆਂ ਵੀ ਆਈਆਂ। ਮਾੱਮ ਨੇ ਕੇਕ ਮੰਗਵਾਇਆ। ਵਾਇਲਨ-ਵਾਦਕ ਨੂੰ ਸੱਦਿਆ। ਉਹ ਪੂਰੀ ਤਲੀਨਤਾ ਨਾਲ ਵਾਇਲਨ ਵਜਾ ਰਿਹਾ ਸੀ। ਮਾਰਸੇਲੇ ਪਿਆਨੋ ਵਜਾ ਰਿਹਾ ਸੀ। ਸਾਰੇ ਮਸਤ ਹੋ ਨੱਚ ਰਹੇ ਸਨ। ਸਾਰਿਆਂ ਨੇ ਖੂਬ ਪੀਤੀ। ਮੈਂ ਅਤੇ ਇੰਦਰਾ ਉਬ ਗਈਆਂ ਸੀ। ਅਸੀਂ ਹਾਲ ਵਿਚੋਂ ਬਾਹਰ ਨਿਕਲ ਆਈਆਂ ਤਾਂ ਵੀ ਕਿਸੇ ਨੂੰ ਪਤਾ ਨਾ ਲੱਗਾ। ਅਸੀਂ ਦੋਹਾਂ ਨੇ ਕੇਕ ਕੱਟਿਆ। ਜੀਅ ਭਰ ਕੇ ਖਾਧਾ। ਇੰਦਰਾ ਸੌਂ ਗਈ। ਸੋਚਿਆ, ਨੱਚਣ ਵਾਲਿਆਂ ਨੂੰ ਜ਼ਰਾ ਦੇਖਿਆ ਜਾਵੇ। ਹਾਲ ਵਿਚ ਕੋਈ ਨਹੀਂ ਸੀ। ਪੋਲੇ ਪੈਰੀਂ ਚਲਦਿਆਂ ਮੈਂ ਬਾਹਰ ਵੱਲ ਝਾਕਿਆ। ਮਾੱਮ ਮਾਰਸੇਲੇ ਦੀਆਂ ਬਾਂਹਾਂ ਵਿਚ ਸੀ। ਮੈਂ ਇੰਦਰਾ ਕੋਲ ਵਾਪਸ ਆ ਗਈ। ਲੰਮੀ ਪਈ ਪਾਸੇ ਲੈਂਦੀ ਰਹੀ। ਪਾਪਾ ਕਿਥੇ ਹੋਣਗੇ? ਛੱਤ ਉਪਰ ਦੂਰਬੀਨ ਨਾਲ ਗ੍ਰਹਿ ਤਾਰੇ ਦੇਖ ਰਹੇ ਹੋਣਗੇ? ਜਾਂ ਧਿਆਨ ਮੁਦਰਾ ਵਿਚ ਅੰਤਰ-ਆਤਮਾ ਨੂੰ ਖੋਜ ਰਹੇ ਹੋਣਗੇ? ਜਾਂ ਗਿਆਨ ਤਪੱਸਿਆ ਬਾਬਤ ਗੰਗਾ ਕੰਢੇ ਵੇਦਾਂਤ ਚਰਚਾ ਵਿਚ ਮਗਨ ਹੋਣਗੇ?
15 ਮਾਰਚ 1924 (ਸ਼ਿਮਲਾ): ਮਾੱਮ ਦਾ ਭਰਮ ਖੇਰੂੰ-ਖੇਰੂੰ ਹੋ ਗਿਆ। ਮਾਰਸੇਲੇ ਆਪਣੇ ਪਿੰਡ ਆਪਣੀ ਘਰਵਾਲੀ ਕੋਲ ਸਿੱਸਲੀ ਚਲਾ ਗਿਆ। ਮਾੱਮ ਨੇ ਉਸ ਦੀਆਂ ਖੂਬ ਮਿੰਨਤਾਂ ਕੀਤੀਆਂ, ਖੂਬ ਹੰਝੂ ਕੇਰੇ, ਪਰ ਉਹ ਨਾ ਰੁਕਿਆ। ਵਾਪਸੀ ਵੇਲੇ ਜਹਾਜ਼ ਵਿਚ, ਮਾੱਮ ਬਿਲਕੁਲ ਚੁੱਪ ਰਹੀ। ਉਸ ਹਾਲਾਤ ਵਿਚ ਮੈਂ ਉਨ੍ਹਾਂ ਦੀਆਂ ਕਈ ਤਸਵੀਰਾਂ ਉਲੀਕੀਆਂ, ਪਰ ਉਹ ਮੈਨੂੰ ਉਜੜੀ ਹਵੇਲੀ ਵਾਂਗ ਲੱਗ ਰਹੇ ਸਨ। ਇੰਦਰਾ ਨੂੰ ਛਾਤੀ ਨਾਲ ਲਾ ਰੋਂਦੇ ਰਹਿੰਦੇ। ਇੰਦਰਾ ਮੈਥੋਂ ਪੁੱਛਦੀ- ਮਾੱਮ ਕਿਉਂ ਰੋਂਦੀ ਰਹਿੰਦੀ ਹੈ? ਮੈਂ ਕਿਹਾ- ਇੰਦਰਾ, ਜਹਾਜ਼ੀ ਸਫ਼ਰ ਕਰ ਕੇ ਉਨ੍ਹਾਂ ਦਾ ਸਿਰ ਦਰਦ ਕਰ ਰਿਹਾ ਹੈ। ਉਨ੍ਹਾਂ ਨੂੰ ਬਹੁਤ ਤਕਲੀਫ਼ ਹੁੰਦੀ ਹੈ, ਇਸੇ ਲਈ ਰੋਂਦੇ ਹਨ। ਸ਼ਿਮਲਾ ਪੁੱਜੇ ਤਾਂ ਪਾਪਾ ਨੇ ਹੱਸ ਕੇ ਸੁਆਗਤ ਕੀਤਾ। ਮਾੱਮ ਨੂੰ ਆਪਣੀਆਂ ਬਾਂਹਾਂ ਵਿਚ ਘੁੱਟ ਲਿਆ।
1 ਜੂਨ 1927 (ਸ਼ਿਮਲਾ): ਕੱਲ੍ਹ ਰਾਤ ਰੋਟੀ ਖਾਣ ਵੇਲੇ ਪਾਪਾ ਅਤੇ ਮਾੱਮ ਵਿਚਾਲੇ ਗਰਮਾ-ਗਰਮ ਬਹਿਸ ਹੋ ਗਈ। ਇਰਵਿਨ ਅੰਕਲ ਦੇ ਸੁਝਾਅ ਨੂੰ ਮਾੱਮ ਨੇ ਗੰਭੀਰਤਾ ਨਾਲ ਲਿਆ। ਉਨ੍ਹਾਂ ਪਾਪਾ ਨੂੰ ਕਿਹਾ- ਕੁੜੀਆਂ ਨੂੰ ਲੈ ਕੇ ਮੈਂ ਯੂਰਪ ਜਾਵਾਂਗੀ। ਪਾਪਾ ਦੀਆਂ ਅੱਖਾਂ ਵਿਚ ਬੇਗਾਨੇਪਣ ਦਾ ਭਾਵ ਉਭਰਿਆ। ਮਾੱਮ ਦੀਆਂ ਅੱਖਾਂ ਵਿਚ ਵੀ ਉਹੀ ਭਾਵ ਸੀ। ਉਸ ਕਿਹਾ, “ਕੁੜੀਆਂ ਦੇ ਭਵਿੱਖ ਬਾਰੇ ਤੁਹਾਨੂੰ ਕੋਈ ਚਿੰਤਾ ਨਹੀਂ ਹੈ। ਜ਼ਰੂਰੀ ਹੋਇਆ ਤਾਂ ਮੈਂ ਅੰਮ੍ਰਿਤਾ ਦੇ ਨਾਲ ਪੈਰਿਸ ਹੀ ਰਹਾਂਗੀ। ਉਥੇ ਇਹ ਨੂੰ ਕਿਸੇ ਅੱਛੇ ਆਰਟਸ ਸਕੂਲ ਵਿਚ ਦਾਖਲਾ ਮਿਲ ਜਾਵੇਗਾ। ਇਰਵਿਨ ਕਹਿ ਰਿਹਾ ਸੀ।” ਉਨ੍ਹਾਂ ਨੂੰ ਵਿਚਾਲਿਓਂ ਰੋਕਦਿਆਂ ਹੋਇਆਂ ਪਾਪਾ ਬੋਲੇ, “ਦੇਖ ਮੇਰੀ, ਮੈਂ ਵੀ ਚਾਹੁੰਦਾ ਹਾਂ ਕਿ ਕੁੜੀਆਂ ਖੂਬ ਪੜ੍ਹਨ, ਅੱਗੇ ਵਧਣ। ਉਮਰ ਖਿਆਮ ਦੀਆਂ ਰੁਬਾਈਆਂ ‘ਤੇ ਆਧਾਰਿਤ ਅੰਮ੍ਰਿਤਾ ਦੇ ਬਣਾਏ ਜਲ-ਰੰਗ ਚਿੱਤਰ ਮੈਂ ਇਥੋਂ ਦੇ ਬ੍ਰਿਟਿਸ਼ ਅਧਿਆਪਕਾਂ ਨੂੰ ਦਿਖਾਏ ਹਨ। ਉਹ ਕਹਿੰਦੇ ਹਨ ਕਿ ਉਸ ਨੂੰ ਲਾਹੌਰ ਭੇਜੋ। ਲਾਹੌਰ ਦਾ ਆਰਟਸ ਸਕੂਲ ਵੀ ਅੱਛਾ ਹੈ।” ਪਰ ਮਾੱਮ ਨੇ ਜ਼ਿੱਦ ਕੀਤੀ, “ਮੇਰੀ ਬੇਟੀ, ਪੈਰਿਸ ਹੀ ਜਾਵੇਗੀ।” ਪਾਪਾ ਨੇ ਮਾੱਮ ਨੂੰ ਬਹੁਤ ਦੁਖੀ ਹਿਰਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਿਸੇ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਸੀ।
29 ਅਗਸਤ 1927 (ਸ਼ਿਮਲਾ): ਪੂਰੇ ਦੋ ਮਹੀਨਿਆਂ ਬਾਅਦ ਇਰਵਿਨ ਅੰਕਲ ਦੀ ਚਿੱਠੀ ਆਈ। ਪਾਪਾ-ਮਾੱਮ ਦੀ ਮਹਿਮਾਨ-ਨਿਵਾਜ਼ੀ ਤੋਂ ਉਹ ਕਾਫ਼ੀ ਖ਼ੁਸ਼ ਸਨ। ਅੱਧੇ ਤੋਂ ਵੱਧ ਚਿੱਠੀ ਮੇਰੇ ਬਾਬਤ ਸੀ, ਪਰ ਉਸ ਦਾ ਆਧਾਰ ਕਲਪਨਾ ਅਤੇ ਯਾਦ ਉਪਰ ਸੀ। ਉਸ ਨੂੰ ਮਾਡਲ ਨਾਲ ਕੰਮ ਕਰਨ ਲਈ ਕਹੋ। ਭੀੜ ਨੂੰ ਦੇਖਣ ਦੇਵੋ। ਬਾਜ਼ਾਰ ਵਿਚ ਸਬਜ਼ੀ ਵਾਲਿਆਂ, ਮੀਟ ਵਾਲਿਆਂ ਨੂੰ ਦੇਖਣ ਦੇਵੋ। ਇਸਤਰੀ-ਪੁਰਸ਼ ਦੀਆਂ ਸਰੀਰਕ ਮੁਦਰਾਵਾਂ, ਹਾਵ-ਭਾਵ, ਅਨੰਦ, ਈਰਖਾ, ਕਰੋਧ-ਸਾਰਿਆਂ ਦਾ ਅਧਿਐਨ ਕਰਨ ਦੇਵੋ। ਮੇਰਾ ਮਨ ਤਾਂ ਵਿਆਕੁਲ ਹੋ ਗਿਆ। ਮੈਂ ਆਸਮਾਨ ਵਿਚ ਉਡਣ ਲੱਗੀ, ਜਿਵੇਂ ਪੰਖ ਲੱਗ ਗਏ ਹੋਣ। ਦੌੜਦੀ ਹੋਈ ਜਦ ਮੈਂ ਵਿਹੜੇ ਵਿਚ ਆਈ ਤਾਂ ਸਾਡੀ ਨੌਕਰਾਣੀ ਕੁਸ਼ੀ ਸਾਫ-ਸਫ਼ਾਈ ਕਰ ਰਹੀ ਸੀ। ਮੈਂ ਉਸ ਦੇ ਕਈ ਚਿੱਤਰ ਬਣਾਏ। ਲੱਗਿਆ ਮੇਰੀਆਂ ਅੱਖਾਂ ਵਸਤ ਦੇ ਪਾਰ, ਚੰਮ ਦੇ ਅੰਦਰ ਵੀ ਝਾਤ ਮਾਰ ਸਕਦੀਆਂ ਹਨ। ਕੁਸ਼ੀ ਨੂੰ ਝਾੜੂ ਇਕ ਪਾਸੇ ਰੱਖ ਖਾਲੀ ਬੈਠਿਆਂ ਦੇਖਿਆ ਤਾਂ ਮਾੱਮ ਨੇ ਆਸਮਾਨ ਸਿਰ ‘ਤੇ ਚੁੱਕ ਲਿਆ।
ਮੈਂ ਆਉਣ-ਜਾਣ ਵਾਲਿਆਂ ਦੇ ਚਿਹਰੇ ਧਿਆਨ ਨਾਲ ਦੇਖਣ ਲੱਗੀ। ਪਾਪਾ ਨੂੰ ਅਧਿਐਨ ਵਿਚ ਖੁੱਭਿਆਂ ਦੇਖ ਕੇ ਉਨ੍ਹਾਂ ਦਾ ਚਿੱਤਰ ਬਣਾਇਆ। ਲੰਮੀ ਦਾਹੜੀ, ਝੁੱਕੀ ਹੋਈ ਗਰਦਨ, ਸਿਰ ਉਪਰ ਸਰਦਾਰਾਂ ਵਾਲੀ ਪੱਗ। ਉਨ੍ਹਾਂ ਦੇ ਆਲੇ-ਦੁਆਲੇ ਕਿਤਾਬਾਂ ਦਾ ਢੇਰ।
20 ਅਪਰੈਲ 1929 (ਪੈਰਿਸ): ਅਸੀਂ ਸਾਰੇ ਪਾਪਾ, ਮਾੱਮ, ਇੰਦਰਾ ਪੈਰਿਸ ਪਹੁੰਚ ਗਏ। ਇਹ ਇਕਦਮ ਵੱਖਰੀ ਦੁਨੀਆਂ ਸੀ। ਇਥੋਂ ਦੇ ਲੋਕ ਫਰੈਂਚ ਤੋਂ ਇਲਾਵਾ ਕੋਈ ਦੂਸਰੀ ਭਾਸ਼ਾ ਨਹੀਂ ਬੋਲਦੇ। ਮੈਨੂੰ ਜਰਮਨ ਆਉਂਦੀ ਹੈ, ਇਸ ਦਾ ਮੈਨੂੰ ਮਾਣ ਸੀ। ਹੰਗੇਰੀਅਨ ਅਤੇ ਅੰਗਰੇਜ਼ੀ ਵੀ ਆਉਂਦੀ ਹੈ। ਆਪਣੇ ਵਤਨ ਦੀ ਹਿੰਦੀ ਤੇ ਪੰਜਾਬੀ ਵੀ ਬੋਲ ਸਕਦੀ ਹਾਂ, ਪਰ ਪੰਜ ਭਾਸ਼ਾਵਾਂ ਦਾ ਗਿਆਨ ਵੀ ਇਥੇ ਬੇਕਾਰ ਸੀ। ਫਰੈਂਚ ਸਿੱਖੇ ਬਿਨਾਂ ਇਥੋਂ ਦੀ ਜੀਵਨ-ਜਾਚ ਵਿਚ ਸ਼ਾਮਲ ਹੋਣਾ ਮੁਸ਼ਕਿਲ ਹੈ। ਮੈਂ ਪਾਪਾ ਨੂੰ ਆਪਣੀ ਸਮੱਸਿਆ ਦੱਸੀ ਤਾਂ ਬੋਲੇ, “ਅੰਮੂ, ਕਲਾ ਦੀ ਭਾਸ਼ਾ ਸੰਸਾਰਕ ਹੁੰਦੀ ਹੈ। ਯੂਨੀਵਰਸਲ। ਤੂੰ ਇਥੇ ਚਿੱਤਰ ਕਲਾ ਸਿੱਖਣ ਆਈ ਹੈਂ। ਕਲਾ ਦਾ ਰਿਆਜ਼ ਕਰਦੇ ਸਮੇਂ ਭਾਸ਼ਾ ਦੀ ਰੁਕਾਵਟ ਨਹੀਂ ਆਵੇਗੀ ਅਤੇ ਫਰੈਂਚ ਤਾਂ ਮਿੱਠੀ ਭਾਸ਼ਾ ਹੈ।” ਪਾਪਾ ਪਿਆਰ ਨਾਲ ਅੰਮੂ ਕਹਿੰਦੇ ਹਨ। ਮਾਂ ਮੈਨੂੰ ਰਿਤੂ ਕਹਿੰਦੀ ਹੈ। ਮੈਂ ਅੰਮ੍ਰਿਤਾ ਹਾਂ।
27 ਅਪਰੈਲ 1929 (ਪੈਰਿਸ): ਪਾਪਾ ਨੇ ਸਿਟੀ ਯੂਨੀਵਰਸਿਟੀ ਵਿਚ ਵੱਡਾ ਘਰ ਲਿਆ ਹੈ। ‘ਬਸਾਨੋ’ ਮਹਾਮਾਰਗ ਤੋਂ ਹਟ ਕੇ ਬਣੇ ਇਸ ਘਰ ਨੂੰ ਸਜਾਇਆ ਗਿਆ। ਉਨ੍ਹਾਂ ਨੇ ਆਪਣੀ ਮਨਪਸੰਦ ਦਾ ਫਰਨੀਚਰ ਮੰਗਵਾਇਆ ਹੈ।æææ ਹਿੰਦੋਸਤਾਨ ਤੋਂ ਲਿਆਂਦੇ ਗਲੀਚੇ ਡਰਾਇੰਗ ਰੂਮ ਅਤੇ ਬੈਡਰੂਮ ਵਿਚ ਵਿਛਾਏ। ਮਾੱਮ ਵਾਸਤੇ ਪਿਆਨੋ ਖਰੀਦਿਆ। ਛੱਤ ਨਾਲ ਝਾੜ-ਫਨੂਸ ਟੰਗੇ ਗਏ। ਦਰਵਾਜ਼ੇ ਖਿੜਕੀਆਂ ਉਤੇ ਪਰਦੇ ਸਜ ਗਏ। ਪਾਪਾ ਨੂੰ ਤਾਲਸਤੋਏ ਨਾਲ ਪਿਆਰ ਹੈ। ਉਨ੍ਹਾਂ ਦੀ ਅਲਮਾਰੀ ਵਿਚ ਤਾਲਸਤੋਏ ਦੀਆਂ ਕਿਤਾਬਾਂ ਤੋਂ ਇਲਾਵਾ ਤੱਤ ਗਿਆਨ, ਧਰਮ, ਇੰਡੌਲੋਜੀ ਬਾਰੇ ਬਹੁਤ ਸਾਰੇ ਗ੍ਰੰਥ ਹਨ। ਸੰਸਕ੍ਰਿਤ ਦੀਆਂ ਕਿਤਾਬਾਂ ਅਤੇ ਫਾਰਸੀ ਕਵਿਤਾਵਾਂ ਦੇ ਗ੍ਰੰਥ ਹਨ। ਉਨ੍ਹਾਂ ਦਾ ਖਗੋਲ ਸ਼ਾਸਤਰੀ ਗਿਆਨ ਗਹਿਰ-ਗੰਭੀਰ ਹੈ। ਖਗੋਲ ਸ਼ਾਸਤਰ ਸਬੰਧੀ ਉਨ੍ਹਾਂ ਪਾਸ ਬਹੁਤ ਸਾਰੀਆਂ ਪੁਸਤਕਾਂ ਹਨ। ਤਾਰਿਆਂ ਦੀ ਸਥਿਤੀ ਤੋਂ ਉਹ ਮਹਾਭਾਰਤ ਦੀ ਲੜਾਈ ਦੀ ਗਿਣਤੀ ਕਰ ਸਕਦੇ ਸਨ। ਆਪਣੀ ਇਸ ਵਿਰਾਸਤ ਉਪਰ ਉਨ੍ਹਾਂ ਨੂੰ ਗੌਰਵ ਸੀ। ਕਿਸੇ ਅਣਜਾਣ ਨੂੰ ਉਹ ਪਹਿਲੀ ਨਜ਼ਰੇ ਆਪਣੇ ਕੰਮ ਵਿਚ ਹੁਸ਼ਿਆਰ ਹੀ ਲਗਣਗੇ। ਉਸ ਉਮਰੇ ਵੀ ਉਨ੍ਹਾਂ ਦੀ ਗਿਆਨ ਪ੍ਰਤੀ ਪਿਆਸ ਈਰਖਾ ਕਰਨ ਲਾਇਕ ਸੀ।
5 ਜੂਨ 1929: ਜੋਸੇਫ ਨਿਮਾਸ ਦੇ ਨਾਲ ਗ੍ਰਾਂਡ ਸ਼ਾਮਿਏ ਕਲਾ ਸਕੂਲ ਵਿਚ ਮੈਂ ਪ੍ਰੋਫੈਸਰ ਪੇਰ ਵੇਲਾਨ ਨੂੰ ਮਿਲੀ। ਉਨ੍ਹਾਂ ਨੇ ਮੇਰੇ ਚਿੱਤਰ ਦੇਖੇ। ਮੇਰੇ ਚਿੱਤਰਾਂ ਨੂੰ ਦੇਖ ਕੇ ਉਨ੍ਹਾਂ ਅਗਲੇ ਹੀ ਛਿਣ ਆਪਣੀ ਐਨਕ ਦੇ ਲੈਂਜ਼ ਰਾਹੀਂ ਮੈਨੂੰ ਘੂਰ ਕੇ ਦੇਖਿਆ ਅਤੇ ਪੁੱਛਿਆ, “ਤੇਰੀ ਉਮਰ ਕਿੰਨੀ ਏ?” ਮੈਂ ਕਿਹਾ “ਸੋਲਾਂ।” ਤਦ ਉਨ੍ਹਾਂ ਕਿਹਾ, ਉਮਰ ਦੇ ਹਿਸਾਬ ਤੋਂ ਤੇਰਾ ਅਨੁਭਵ ਪ੍ਰੌੜ ਹੈ। ਕਿਸੇ ਨੂੰ ਵੀ ਪ੍ਰਭਾਵਿਤ ਕਰ ਲੈਣ ਦਾ ਕੌਸ਼ਲ ਤੇਰੇ ਚਿੱਤਰਾਂ ਵਿਚ ਹੈ। ਵਸਤੂ ਜਿਵੇਂ ਦਿਸਦੀ ਹੈ, ਉਹੋ ਜਿਹੀ ਚਿੱਤਰ-ਰਚਨਾ ਕਰ ਲੈਣੀ ਔਖੀ ਨਹੀਂ ਹੈ। ਅਸਲ ਗੱਲ ਹੈ ਤੁਹਾਨੂੰ ਕਿਵੇਂ ਦੀ ਦਿਸੀ, ਇਹ ਮਹੱਤਵਪੂਰਨ ਹੈ।
ਇਹੋ ਕੁਝ ਸੁਣਨ ਲਈ ਤਾਂ ਮੈਂ ਹਿੰਦੋਸਤਾਨ ਤੋਂ ਪੈਰਿਸ ਪਹੁੰਚੀ ਹਾਂ। ਇਹ ਸੁਣਦਿਆਂ ਹੀ ਉਨ੍ਹਾਂ ਮੇਰੀ ਪਿੱਠ ‘ਤੇ ਥਾਪੜਾ ਦਿੱਤਾ। ਮੈਨੂੰ ਦਾਖਲਾ ਮਿਲ ਗਿਆ।
28 ਅਕਤੂਬਰ 1929 (ਪੈਰਿਸ): ਅਚਾਨਕ ਢਿੱਡ ਪੀੜ ਹੋਈ। ਲੱਗਿਆ ਜਿਵੇਂ ਕੋਈ ਚਾਕੂ ਨਾਲ ਆਂਦਰਾਂ ਕੱਟ ਰਿਹਾ ਹੈ। ਮਾੱਮ ਨੇ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ। ਡਾਕਟਰ ਨੇ ਐਮਰਜੈਂਸੀ ਅਪਰੇਸ਼ਨ ਕੀਤਾ। ਜੋਸੇਫ ਨੇਮਿਸ ਮਿਲਣ ਆਏ। ਉਹ ਫੁੱਲ ਲੈ ਕੇ ਆਏ ਸਨ। ਮੇਰੀ ਹਿੰਮਤ ਵਧਾਉਂਦਿਆਂ ਕਿਹਾ, “ਘਬਰਾਈਂ ਨਾ। ਇਹ ਸਾਧਾਰਨ ਅਪੈਂਡਿਕਸ ਦਾ ਅਪਰੇਸ਼ਨ ਹੈ। ਇਕ ਹਫਤੇ ਵਿਚ ਠੀਕ ਹੋ ਜਾਵੇਂਗੀ।” ਜਾਣ ਵੇਲੇ ਮੈਂ ਰੋਕ ਕੇ ਪੁੱਛਿਆ, “ਜ਼ਖ਼ਮ ਭਰ ਜਾਣਗੇ, ਪਰ ਨਿਸ਼ਾਨ ਰਹਿ ਜਾਣਗੇ। ਉਨ੍ਹਾਂ ਨੂੰ ਕਿਵੇਂ ਮਿਟਾਇਆ ਜਾਵੇ?” ਉਨ੍ਹਾਂ ਨੇ ਹਵਾ ਵਿਚ ਉਂਗਲੀਆਂ ਘੁਮਾਈਆਂ ਜਿਵੇਂ ਕਹਿ ਰਹੇ ਹੋਣ ਕਿ ਕੀ ਕੀਤਾ ਜਾ ਸਕਦਾ ਹੈ!
11 ਨਵੰਬਰ 1929 (ਪੈਰਿਸ): ਮੇਰਾ ਬਿਸਤਰ ਖਿੜਕੀ ਦੇ ਕੋਲ ਹੈ। ਬਾਹਰ ਘੁੰਮਣ-ਫਿਰਨ ਦੀ ਮੈਨੂੰ ਅਜੇ ਮਨਾਹੀ ਹੈ। ਖਿੜਕੀ ਥਾਣੀਂ ਆਸਮਾਨ ਦੇਖਦੀ ਰਹਿੰਦੀ ਹਾਂ। ਉਡਦੇ ਪਰਿੰਦਿਆਂ ਨੂੰ ਦੇਖਣਾ ਚੰਗਾ ਲੱਗਦਾ ਹੈ।
15 ਨਵੰਬਰ 1929 (ਪੈਰਿਸ): ਮੈਨੂੰ ਫਰੈਂਚ ਬੋਲਣੀ ਆ ਗਈ ਹੈ। ਮਾੱਮ ਨੂੰ ਅੱਜ ਸਾਫ-ਸਾਫ ਕਹਿ ਦਿੱਤਾ ਹੈ ਕਿ ਮੈਂ ਪਿਆਨੋ ਨਹੀਂ ਸਿੱਖਣਾ, ਉਨ੍ਹਾਂ ਦੀ ਜ਼ਿਦ ਕਾਰਨ ਮੈਂ ਅਲਫਰੈਡ ਕੋਰੋ ਦੀ ਸੰਗੀਤਸ਼ਾਲਾ ਵਿਚ ਦਾਖਲਾ ਲਿਆ ਸੀ। ਚਿੱਤਰਕਲਾ ਜਾਂ ਸੰਗੀਤ? ਚਿੱਤਰਕਲਾ ਸਿੱਖਣਾ ਤੈਅ ਹੋਣ ਬਾਅਦ ਸੰਗੀਤ ਵਾਸਤੇ ਸਮਾਂ ਕੱਢਣਾ ਮੁਸ਼ਕਿਲ ਸੀ। ਦੋ ਕਿਸ਼ਤੀਆਂ ਦੀ ਸਵਾਰੀ ਮੁਸ਼ਕਿਲ ਹੈ। ਹੁਣ ਮੈਂ ਬਾਹਰ ਜਾ ਸਕਦੀ ਹਾਂ। ਲੂਵਰ ਗੈਲਰੀ ਵਿਚ ਗੈਰਿਕਾ ਦਾ ‘ਸਾਫਟ ਆਫ ਮੇਡੁਸਾ’ ਚਿੱਤਰ ਦੇਖਿਆ। ਉਸ ਛੋਟੀ ਜਿਹੀ ਕਿਸ਼ਤੀ ਵਿਚ ਬਾਕੀ ਬਚੇ ਲੋਕਾਂ ਦੀ ਕਿੰਨੀ ਤੀਬਰ ਇੱਛਾ ਹੈ ਜਿਉਣ ਦੀ। ਮਨ ਵਿਆਕੁਲ ਹੋਵੇ ਤਾਂ ਲੂਵਰ ਆਉਣਾ ਚਾਹੀਦਾ ਹੈ। ਇਥੋਂ ਦੇ ਚਿੱਤਰ ਤੇ ਸ਼ਿਲਪ ਦੇਖ ਮਨ ਨੂੰ ਤਸੱਲੀ ਮਿਲਦੀ ਹੈ। ਪਲ-ਛਿਣ ਲਈ ਤੁਸੀਂ ਖੁਦ ਨੂੰ ਭੁੱਲ ਜਾਂਦੇ ਹੋ। ਭੁੱਲ ਜਾਣਾ ਕਦੇ-ਕਦੇ ਵਰਦਾਨ ਸਿੱਧ ਹੁੰਦਾ ਹੈ।
10 ਜਨਵਰੀ 1930 (ਪੈਰਿਸ): ਪਿਛਲੇ ਕੁਝ ਦਿਨਾਂ ਤੋਂ ਮੈਂ ‘ਇਕੋਲ ਡਿਬਯੋ ਆਰਟ’ ਜਾਣ ਲੱਗੀ ਹਾਂ। ਦਾਖਲੇ ਲਈ ਜੋਸੇਫ ਨੇਮਿਸ ਮੈਨੂੰ ਅਧਿਆਪਕ ਲਿਊਮੇਨ ਸਿਮੋਨ ਦੇ ਕੋਲ ਲੈ ਗਏ। ਡਿਬਓ ਆਰਟਸ ਵਿਚ ਉਨ੍ਹਾਂ ਦਾ ਦਬਦਬਾ ਹੈ। ਉਹ ਉਥੇ ਪੜ੍ਹਾਉਂਦੇ ਹਨ। ਉਨ੍ਹਾਂ ਮੇਰੇ ਚਿੱਤਰ ਦੇਖੇ ਹਨ। ਉਨ੍ਹਾਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਇਹ ਚਿੱਤਰ ਮੇਰੇ ਹਨ। ਦਾਖਲੇ ਵਾਸਤੇ ਘੱਟ ਤੋਂ ਘੱਟ ਉਮਰ ਅਠਾਰਾਂ ਸਾਲ ਹੋਣੀ ਚਾਹੀਦੀ ਹੈ। ਇਸ ਹਿਸਾਬ ਨਾਲ ਮੈਂ ਦਾਖਲੇ ਦੇ ਯੋਗ ਨਹੀਂ ਸੀ। ਉਨ੍ਹਾਂ ਨੇ ਆਪਣੇ ਅਖ਼ਤਿਆਰ ਵਰਤਦਿਆਂ ਹੋਇਆਂ ਮੈਨੂੰ ਦਾਖਲਾ ਦਿਵਾ ਦਿੱਤਾ। ਕਲਾ ਜਗਤ ਵਿਚ ਸਿਮੋਨ ਖਾਸ ਥਾਂ ਰੱਖਦੇ ਹਨ। ਇਸ ਨਵੀਂ ਪੀੜ੍ਹੀ ਵਾਸਤੇ ਸਿਮੋਨ ਮਹੱਤਵਪੂਰਨ ਨਾਂ ਹੈ। ਉਨ੍ਹਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਪੜ੍ਹਾਉਂਦੇ ਨਹੀਂ ਹਨ। ਉਨ੍ਹਾਂ ਦੀ ਸਿਰਫ ਮੌਜੂਦਗੀ, ਇਕ ਕਟਾਖ, ਬੁੱਲਾਂ ‘ਤੇ ਆਇਆ ਇਕ-ਅੱਧ ਸ਼ਬਦ ਬਹੁਤ ਕੁਝ ਕਹਿ ਦਿੰਦਾ ਹੈ, ਸਿੱਖਾ ਦੇਂਦਾ ਹੈ। ਇਕੋਲ ਡਿਬਯੋ ਆਰਟ ਦੇ ਵਿਦਿਆਰਥੀ ਸਿਰਫ ਚਿੱਤਰ ਹੀ ਨਹੀਂ ਬਣਾਉਂਦੇ ਬਲਕਿ ਉਹ ਪਰੰਪਰਾ ਦਾ ਅਭਿਆਸ ਕਰ ਕੇ ਨਵੇਂ-ਨਵੇਂ ਦੁਮੇਲ ਵੀ ਲੱਭ ਰਹੇ ਹੁੰਦੇ ਹਨ। ਉਂਜ ਵੀ ਪੈਰਿਸ ਵਿਚ ਪਰੰਪਰਾ ਅਤੇ ਆਧੁਨਿਕਤਾ ਦਾ ਨੇੜ ਸਮਾਜਕ ਜੀਵਨ ਵਿਚ ਪਲ-ਪਲ ਹੁੰਦਾ ਰਹਿੰਦਾ ਹੈ।
ਮੈਂ ਇਸ ਘੁਲੇ-ਮਿਲੇ ਵਾਤਾਵਰਣ ਵਿਚ ਗੁਆਚੀ ਰਹਿੰਦੀ ਹਾਂ। ਮਿੱਤਰਾਂ ਦੇ ਨਾਲ ਲੈਟਿਨ ਕੁਆਰਟਰ ਦੇ ਧੰਏਂ ਨਾਲ ਕੈਫੇ ਅੰਦਰ ਬੈਠ ਕਲਾ, ਸ਼ਿਲਪ, ਮਾਹਿਰ ਅਤੇ ਸਮਾਜਕ ਜੀਵਨ ਨਾਲ ਜੁੜੇ ਵਿਸ਼ਿਆਂ ਉਪਰ ਹੁੰਦੀਆਂ ਚਰਚਾਵਾਂ ਵਿਚ ਮੈਂ ਖਾਸ ਤੌਰ ‘ਤੇ ਹਿੱਸਾ ਲੈਂਦੀ ਹਾਂ। ਇਸ ਤਰ੍ਹਾਂ ਲਗਦਾ ਹੈ, ਮੇਰੀ ਬੋਲਚਾਲ ਵਿਚ ਕਾਫੀ ਬਦਲਾਅ ਆਇਆ ਹੈ। ਬਚਪਨ ਤੋਂ ਹੀ ਮੈਂ ਕਿਸੇ ਨਾਲ ਗੱਲ ਨਹੀਂ ਕਰਦੀ ਸੀ। ਸਾਰੇ ਕਹਿੰਦੇ ਅੰਮ੍ਰਿਤਾ ਇੰਟਰੋਵਰਟ ਹੈ। ਹੀਣ-ਭਾਵਨਾ ਦੀ ਗ੍ਰਸੀ ਹੈ। ਇਥੋਂ ਦੇ ਮਸਤ ਵਾਤਾਵਰਣ ਨੇ ਮੈਨੂੰ ਨੂੜ ਕੇ ਬੈਠੇ ਪਰੰਪਰਾਵਾਂ ਦੇ ਕਵਚ ਨੂੰ ਭੰਨ-ਤੋੜ ਦਿੱਤਾ ਹੈ। ਮੈਨੂੰ ਲੱਗਦਾ ਹੈ, ਮੇਰਾ ਪੁਨਰਜਨਮ ਹੋਇਆ ਹੈ। ਮੈਂ ਨਵੀਂ ਅੰਮ੍ਰਿਤਾ ਬਣ ਗਈ ਹਾਂ। ਮੁਕਤ ਹਾਂ। ਦਿਮਾਗ ਵਿਚ ਵਾੱਨ ਗੌਗ ਘੁੰਮ ਰਿਹਾ ਹੈ। ਉਸ ਨੇ ਜੀਵਨ ਦੇ ਵਿਅਕਤੀਗਤ ਦੁਖਾਂ ਅਤੇ ਅਸਫਲਤਾਵਾਂ ਨੂੰ ਕਦੇ ਮਹੱਤਵ ਨਹੀਂ ਦਿੱਤਾ। ਉਹ ਕਹਿੰਦਾ ਹੁੰਦਾ ਸੀ: ਇਹ ਦੁਖ ਤਾਂ ਖਾਲੀ, ਸੁੱਕੀ ਸਿੱਪੀ ਜਿਹੇ ਹਨ। ਉਹ ਦੇ ਲਈ ਚਿੱਤਰ ਬਣਾਉਣਾ ਹੀ ਮਹੱਤਵਪੂਰਨ ਸੀ। ਭੋਜਨ ਤੋਂ ਵੀ ਵੱਧ ਮਹੱਤਵਪੂਰਨ ਚਿੱਤਰ ਬਣਾਉਣਾ ਸੀ। ਉਹਨੂੰ ਛਾਂ ਵਿਚ ਵੀ ਰੰਗ ਨਜ਼ਰ ਆਉਂਦੇ ਸਨ। ਰੰਗ ਊਰਜਾ ਦੇ ਸਰੋਤ, ਭਾਵਨਾਵਾਂ ਵਿਅਕਤ ਕਰਨ ਵਾਲੇ ਅਤੇ ਪਾਰਲੌਕਿਕ ਸੱਚ ਦੀ ਖੋਜ ਕਰਨ ਦਾ ਮਾਧਿਅਮ। ਸੱਚ, ਇਹੋ ਹੈ।
14 ਮਾਰਚ 1930 (ਪੈਰਿਸ): ਭੀੜ ਵਿਚ ਵੀ ਇਕੱਲ ਜਕੜ ਲੈਂਦੀ ਹੈ, ਅੱਜ ਕੱਲ੍ਹ। ਇੱਦਾਂ ਮਹਿਸੂਸ ਹੋ ਰਿਹਾ ਹੈ।
23 ਦਸੰਬਰ 1932 (ਪੈਰਿਸ): ਕ੍ਰਿਸਮਸ ਵਾਸਤੇ ਮਨ ਵਿਚ ਕੋਈ ਉਤਸ਼ਾਹ ਨਹੀਂ। ਸਭ ਪਾਸੇ ਤਿਉਹਾਰ ਦਾ ਮਾਹੌਲ ਹੈ। ਦੁਖ ਇਸ ਗੱਲ ਦਾ ਹੈ ਕਿ ਮਾਰੀ ਲੂਸੀ ਇਸ ਸੰਸਾਰ ਵਿਚ ਨਹੀਂ ਹੈ। ਬ੍ਰੇਨ ਟਿਊਮਰ ਸੀ, ਉਸ ਨੂੰ। ਉਸ ਦੇ ਨਾਲ ਹੀ ਉਸ ਦੀ ਮੌਤ ਹੋਈ ਸੀ। ਰਾਤ ਨੂੰ ਪਾਪਾ ਦੂਰਬੀਨ ਨਾਲ ਗ੍ਰਹਿ ਤਾਰੇ ਦੇਖਦੇ ਹੁੰਦੇ ਸੀ, ਛੱਤ ‘ਤੇ ਚੜ੍ਹ ਕੇ। ਉਨ੍ਹਾਂ ਨੂੰ ਕਿਹਾ- ”ਦੇਖੋ ਪਾਪਾ। ਉਨ੍ਹਾਂ ਤਾਰਿਆਂ ਵਿਚ ਕੀ ਕਿਤੇ ਮਾਰੀ ਲੂਸੀ ਦਿਖਾਈ ਦੇ ਰਹੀ ਹੈ?” ਉਨ੍ਹਾਂ ਦੂਰਬੀਨ ਮੇਰੀਆਂ ਅੱਖਾਂ ਨਾਲ ਲਗਾਈ। ਸਿਤਾਰਿਆਂ ਨਾਲ ਭਰਿਆ ਆਸਮਾਨ, ਸਟਾਰੀ ਨਾਈਟ- ਵਿਨਸੈਂਟ ਦੀ ਸਟਾਰੀ ਨਾਈਟ ਵਿਚ ਮਾਰੀ ਲੂਸੀ ਵਿਲੀਨ ਹੋ ਗਈ ਸੀ।