ਹਮ ਕਤ ਲੋਹੂ ਤੁਮ ਕਤ ਦੂਧ

ਗੁਰਨਾਮ ਕੌਰ ਕੈਨੇਡਾ
ਪਾਠਕ ਸੋਚ ਸਕਦੇ ਹਨ ਕਿ ਭਗਤ ਕਬੀਰ ਦੇ ਇਸ ਸ਼ਬਦ ਦਾ ਜ਼ਿਕਰ ਪਹਿਲਾਂ ਵੀ ਕਈ ਵਾਰ ਹੋ ਚੁੱਕਾ ਹੈ, ਫਿਰ ਵਾਰ ਵਾਰ ਇਸ ਦੇ ਜ਼ਿਕਰ ਦੀ ਜ਼ਰੂਰਤ ਕਿਉਂ ਹੈ? ਪਰ ਇਸ ਦੀ ਜ਼ਰੂਰਤ ਇਸ ਲਈ ਹੈ ਕਿ ਹਰ ਨਵੇਂ ਚੰਦ ਰਿਸ਼ੀਆਂ-ਮੁਨੀਆਂ ਦੀ ਮੰਨੀ ਜਾਂਦੀ ਦੇਵ-ਧਰਤੀ ਭਾਰਤ ‘ਤੇ ਕੁਝ ਨਾ ਕੁਝ ਅਣਮਨੁੱਖੀ ਵਾਪਰ ਜਾਂਦਾ ਹੈ, ਅਣਭੋਲ ਨਹੀਂ ਸਗੋਂ ਯੋਜਨਾਬਧ ਤਰੀਕੇ ਨਾਲ ਉਸ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਕਿ ਭਗਤ ਕਬੀਰ ਦੇ ਇਸ ਸ਼ਬਦ ਨੂੰ ਦੁਹਰਾਉਣ, ਇਸ ‘ਤੇ ਸੋਚਣ ਦੀ ਲੋੜ ਪੈਂਦੀ ਹੈ।

ਮੈਨੂੰ ਯਾਦ ਆ ਰਿਹਾ ਹੈ ਕਿ ਬਹੁਤ ਸਾਲ ਹੋ ਗਏ ਵਿਭਾਗ ਵਿਚ ‘ਗੁਰੂ ਨਾਨਕ ਯਾਦਗਾਰੀ ਭਾਸ਼ਣ’ ਲੜੀ ਤਹਿਤ ਪੰਜਾਬ ਤੋਂ ਬਾਹਰੋਂ, ਸ਼ਾਇਦ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਆਏ ਹਿੰਦੀ ਦੇ ਪ੍ਰੋæ ਸਾਹਿਬ (ਜਿਨ੍ਹਾਂ ਦਾ ਸ਼ੁਭ ਨਾਮ ਹੁਣ ਜ਼ਿਹਨ ਵਿਚੋਂ ਨਿਕਲ ਗਿਆ ਹੈ) ਨੇ ਭਗਤ ਕਬੀਰ ਦੀ ਬਾਣੀ ‘ਤੇ ਬੋਲਦਿਆਂ ਕਿਹਾ ਸੀ, “ਭਗਤ ਕਬੀਰ ਕੀ ਭਾਸ਼ਾ ਬਹੁਤ ‘ਕਟੂ’ ਹੈ ਜਬ ਕਿ ਗੁਰੂ ਨਾਨਕ ਜੀ ਕੀ ਭਾਸ਼ਾ ਮੇਂ ਮਿਠਾਸ ਹੈ, ਵਹ ਕਟੂ ਭਾਸ਼ਾ ਕਾ ਪ੍ਰਯੋਗ ਨਹੀਂ ਕਰਤੇ।”
ਇਸ ਸ਼ਬਦ ਵਿਚ ਵੀ ਭਗਤ ਕਬੀਰ ਸਿੱਧੇ-ਸਪਾਟ ਸ਼ਬਦਾਂ ਵਿਚ ਬ੍ਰਾਹਮਣ ਨੂੰ, ਜੋ ਆਪਣੀ ਉਚੀ ਜਾਤ ਵਿਚੋਂ ਹੋਣ ਦੀ ਹਉਮੈ ਵਿਚ ਗ੍ਰਸਤ ਹੈ, ਸਵਾਲ ਕਰਦੇ ਹਨ ਕਿ ਮਾਤਾ ਦੇ ਗਰਭ ਵਿਚ ਬੱਚੇ ਨੂੰ ਕੋਈ ਇਲਮ ਨਹੀਂ ਹੁੰਦਾ ਕਿ ਉਹ ਕਿਸ ਜਾਤ ਨਾਲ ਸਬੰਧ ਰੱਖਦਾ ਹੈ। ਸਾਰੇ ਜੀਵ ਉਸ ਇੱਕ ਅਕਾਲ ਪੁਰਖ ਦੀ ਅੰਸ਼ ਤੋਂ ਹਨ। ਫਿਰ, ਹੇ ਬ੍ਰਾਹਮਣ! ਦੱਸ ਤੂੰ ਬ੍ਰਾਹਮਣ ਕਦੋਂ ਕੁ ਦਾ ਬਣ ਗਿਆ? ਕਿਉਂ ਆਪਣੇ ਆਪ ਨੂੰ ਵਾਰ ਵਾਰ ਬ੍ਰਾਹਮਣ ਅਰਥਾਤ ਉਚੀ ਜਾਤ ਦਾ ਕਹਿ ਕੇ ਆਪਣਾ ਇਹ ਮਨੁੱਖਾ ਜਨਮ ਵਿਅਰਥ ਗੁਆ ਰਿਹਾ ਹੈਂ? ਜੇ ਤੇਰੀ ਬ੍ਰਾਹਮਣ ਜਾਤ ਹੋਰ ਮਨੁੱਖਾਂ ਨਾਲੋਂ ਵੱਖਰੀ ਹੈ ਅਤੇ ਤੂੰ ਬ੍ਰਾਹਮਣੀ ਦੇ ਪੇਟ ਤੋਂ ਪੈਦਾ ਹੋਇਆ ਹੈਂ ਤਾਂ ਫਿਰ ਇਸ ਦੁਨੀਆਂ ‘ਤੇ ਆਉਣ ਦਾ ਤੂੰ ਕੋਈ ਹੋਰ ਵੱਖਰਾ ਰਸਤਾ ਕਿਉਂ ਨਹੀਂ ਚੁਣਿਆ? ਬ੍ਰਾਹਮਣ ਨੂੰ ਇਸ ਗੱਲ ਦਾ ਤਰਕ ਪੁੱਛਦੇ ਹਨ ਕਿ ਤੁਸੀਂ ਕਿਸ ਤਰ੍ਹਾਂ ਬ੍ਰਾਹਮਣ ਬਣ ਗਏ ਅਤੇ ਅਸੀਂ ਕਿਵੇਂ ਸ਼ੂਦਰ ਰਹਿ ਗਏ? ਇਹ ਕਿਵੇਂ ਹੈ ਕਿ ਸਾਡੇ ਸਰੀਰ ਵਿਚ ਨਿਰਾ ਲਹੂ ਹੈ ਅਤੇ ਤੁਹਾਡੇ ਸਰੀਰ ਵਿਚ ਦੁੱਧ ਹੈ?
ਭਗਤ ਕਬੀਰ ਕਹਿੰਦੇ ਹਨ ਕਿ ਅਸੀਂ ਤਾਂ ਉਸ ਮਨੁੱਖ ਨੂੰ ਬ੍ਰਾਹਮਣ ਮੰਨਦੇ ਹਾਂ ਜੋ ਉਸ ਬ੍ਰਹਮ ਅਰਥਾਤ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਦਾ ਹੈ।
ਗਰਭ ਵਾਸ ਮਹਿ ਕੁਲੁ ਨਹੀ ਜਾਤੀ॥
ਬ੍ਰਹਮ ਬਿੰਦੁ ਤੇ ਸਭ ਉਤਪਾਤੀ॥1॥æææ
ਕਹੁ ਕਬੀਰ ਜੋ ਬ੍ਰਹਮੁ ਬੀਚਾਰੈ॥
ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ॥4॥7॥ (ਪੰਨਾ 324)
ਅੱਜ ਇੱਕੀਵੀਂ ਸਦੀ ਦੇ ਦੂਸਰੇ ਦਹਾਕੇ ਵਿਚ ਵੀ ਜੇ ਬ੍ਰਾਹਮਣਵਾਦੀ ਸੋਚ ਉਵੇਂ ਦੀ ਉਵੇਂ ਆਪਣਾ ਫਣ ਤਾਣੀ ਖੜੀ ਹੈ ਅਤੇ ਛੋਟੀਆਂ ਕਹੀਆਂ ਜਾਣ ਵਾਲੀਆਂ ਜਾਤਾਂ ਲਈ ਮੁੱਖ ਤੋਂ ਜ਼ਹਿਰ ਉਗਲ ਰਹੀ ਹੈ ਤਾਂ ਉਸ ਵੇਲੇ 15-16ਵੀਂ ਸਦੀ ਵਿਚ ਭਗਤ ਕਬੀਰ, ਭਗਤ ਰਵੀਦਾਸ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਦਲਿਤ ਸਮਾਜ ਨੂੰ ਕਿਹੋ ਜਿਹੀਆਂ ਦੁਸ਼ਵਾਰੀਆਂ ਝੱਲਣੀਆਂ ਪਈਆਂ ਹੋਣਗੀਆਂ? ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਟੈਲੀਵਿਜ਼ਨ, ਅਖਬਾਰਾਂ, ਸੋਸ਼ਲ ਮੀਡੀਆ ਰਾਹੀਂ ਇਹ ਖਬਰ ਹੁਣ ਤੱਕ ਸੰਸਾਰ ਭਰ ਵਿਚ ਪਹੁੰਚ ਚੁੱਕੀ ਹੈ ਕਿ ਕਿਨ੍ਹਾਂ ਹਾਲਤਾਂ ਕਾਰਨ ਹੈਦਰਾਬਾਦ ਦੀ ਕੇਂਦਰੀ ਯੂਨੀਵਰਸਿਟੀ ਵਿਚ ਲਾਈਫ ਸਾਇੰਸਿਜ਼ ਦੇ ਦਲਿਤ ਪਰ ਹੋਣਹਾਰ ਖੋਜ ਵਿਦਿਆਰਥੀ ਰੋਹਿਤ ਵੇਮੁਲੇ ਨੂੰ ਖੁਦਕੁਸ਼ੀ ਕਰਨੀ ਪਈ ਹੈ। ਉਸ ਦਾ ਵਜ਼ੀਫਾ ਬੰਦ ਕਰਕੇ ਅਤੇ ਸਮਾਜ ਵਿਚੋਂ ਛੇਕ ਕੇ ਉਸ ਨੂੰ ਇਸ ਹੱਦ ਤੱਕ ਪਹੁੰਚਾ ਦਿੱਤਾ ਗਿਆ ਕਿ ਗ਼ਰੀਬ ਮਾਂ-ਬਾਪ ਦਾ ਹੋਣਹਾਰ ਬੱਚਾ, ਜੋ ਸਕਾਲਰਸ਼ਿਪ ਲੈ ਕੇ ਆਪਣਾ ਕੈਰੀਅਰ ਬਣਾ ਰਿਹਾ ਸੀ ਅਤੇ ਵਿਗਿਆਨ ਦਾ ਲੇਖਕ ਬਣਨਾ ਚਾਹੁੰਦਾ ਸੀ, ਆਪਣੇ 30 ਜਨਵਰੀ ਨੂੰ ਆਉਣ ਵਾਲੇ 27ਵੇਂ ਜਨਮ ਦਿਨ ਤੋਂ ਪਹਿਲਾਂ ਹੀ ਯੁਨੀਵਰਸਿਟੀ ਪ੍ਰਬੰਧਕਾਂ ਤੋਂ ਮਾਯੂਸ ਹੋ ਕੇ ਖੁਦਕੁਸ਼ੀ ਕਰ ਗਿਆ। ਇਹ ਖੁਦਕੁਸ਼ੀ ਨਹੀਂ ਬਲਕਿ ਸਮਾਜਿਕ ‘ਕਤਲ’ ਹੈ। ਜਿਸ ਤਰ੍ਹਾਂ ਦੀਆਂ ਖਬਰਾਂ ਅਖਬਾਰਾਂ ਵਿਚ ਅਤੇ ਸੋਸ਼ਲ ਮੀਡੀਆ ‘ਤੇ ਨਸ਼ਰ ਹੋਈਆਂ ਹਨ, ਉਨ੍ਹਾਂ ਅਨੁਸਾਰ ਇਸ ਜ਼ੁਲਮ ਲਈ ਯੂਨੀਵਰਸਿਟੀ ਦਾ ਪ੍ਰਬੰਧਕੀ ਢਾਂਚਾ, ਸਮੇਤ ਵਾਈਸ ਚਾਂਸਲਰ ਦੇ, ਬੀæਜੇæਪੀæ ਦੇ ਲੋਕਲ ਲੈਜਿਸਲੇਟਿਵ, ਅਖਿਲ ਭਾਰਤੀਯ ਵਿਦਿਆਰਥੀ ਪ੍ਰੀਸ਼ਦ ਦਾ ਲੀਡਰ ਅਤੇ ਲੇਬਰ ਐਂਡ ਇੰਪਲਾਇਮੈਂਟ ਦਾ ਕੇਂਦਰੀ ਸਟੇਟ ਮੰਤਰੀ ਜ਼ਿੰਮੇਵਾਰ ਹਨ। ਉਸ ਦਾ ਕਸੂਰ ਕੀ ਸੀ?
ਪੰਜਾਬ ਟਾਈਮਜ਼ ਦੇ ਪਿਛਲੇ ਅੰਕ ਵਿਚ ਦਲਜੀਤ ਅਮੀ ਨੇ ਉਸ ਦੇ ਦੋ ਖੱਤ ‘ਅਣਹੋਏ ਲੇਖਕ ਦੀ ਪਲੇਠੀ ਤੇ ਆਖਰੀ ਚਿੱਠੀ’ ਸਿਰਲੇਖ ਹੇਠ ਆਪਣੀਆਂ ਟਿੱਪਣੀਆਂ ਸਮੇਤ ਪਾਠਕਾਂ ਦੇ ਰੁਬਰੂ ਕੀਤੇ ਹਨ। ਇਨ੍ਹਾਂ ਵਿਚੋਂ ਇੱਕ ਖੱਤ ਉਸ ਨੇ ਖੁਦਕੁਸ਼ੀ ਤੋਂ ਐਨ ਪਹਿਲਾਂ ਲਿਖਿਆ ਹੈ ਜੋ ਉਸ ਦੀ ਖੁਦਕੁਸ਼ੀ ਦੇ ਕਾਰਨਾਂ ‘ਤੇ ਰੋਸ਼ਨੀ ਪਾਉਂਦਾ ਹੈ ਅਤੇ ਦੂਸਰਾ ਉਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਉਪ ਕੁਲਪਤੀ ਅਰਥਾਤ ਵਾਈਸ ਚਾਂਸਲਰ ਵੱਲ ‘ਦਲਿਤ ਮੁਸ਼ਕਿਲਾਂ ਦਾ ਹੱਲ’ ਵਿਸ਼ੇ ‘ਤੇ ਲਿਖਿਆ ਖੱਤ ਹੈ, ਜਿਸ ਤੋਂ ਪਤਾ ਲਗਦਾ ਹੈ ਕਿ ਉਹ ‘ਅੰਬੇਦਕਰ ਸਟੂਡੈਂਟਸ ਐਸੋਸੀਏਸ਼ਨ’ ਵੱਲੋਂ ਯੂਨੀਵਰਸਿਟੀ ਵਿਚ ਦਲਿਤ ਵਿਦਿਆਰਥੀਆਂ ਨਾਲ ਹੋ ਰਹੇ ਵਿਤਕਰਿਆਂ ਅਤੇ ਅਖਿਲ ਭਾਰਤੀਯ ਵਿਦਿਆਰਥੀ ਪ੍ਰੀਸ਼ਦ ਦੇ ਬ੍ਰਾਹਮਣਵਾਦੀ ਸੋਚ ਨੂੰ ਪ੍ਰਣਾਏ ਆਪਣੀ ਉਚ ਜਾਤ ਦੇ ਹੰਕਾਰ ਨਾਲ ਬਿਫਰੇ ਮੈਂਬਰਾਂ ਵੱਲੋਂ ਦਲਿਤ ਵਿਦਿਆਰਥੀਆਂ ਪ੍ਰਤੀ ਘਟੀਆ ਵਤੀਰਾ ਰੱਖਣ ਦੇ ਖਿਲਾਫ ਸੰਘਰਸ਼ਸ਼ੀਲ ਸੀ। ਇਸੇ ਦਾ ਖਮਿਆਜ਼ਾ ਉਸ ਨੂੰ ਯੂਨੀਵਰਸਿਟੀ ਦੇ ਪ੍ਰਬੰਧਕਾਂ, ਖਾਸ ਕਰਕੇ ਵਾਈਸ ਚਾਂਸਲਰ ਵੱਲੋਂ ਉਸ ਦਾ ਵਜ਼ੀਫਾ ਬੰਦ ਕਰ ਦੇਣ ਦੇ ਰੂਪ ਵਿਚ ਭੁਗਤਣਾ ਪਿਆ। ਇਹ ਹੀ ਨਹੀਂ ਲੋਕਲ ਬੀæ ਜੇæ ਪੀæ ਅਤੇ ਕੇਂਦਰੀ ਮੰਤਰੀ ਦੀ ਹਦਾਇਤ ‘ਤੇ ਪੰਜ ਦਲਿਤ ਵਿਦਿਆਰਥੀਆਂ ਦਾ ਸੋਸ਼ਲ ਬਾਈਕਾਟ ਕਰ ਦਿੱਤਾ ਗਿਆ ਅਰਥਾਤ ਉਨ੍ਹਾਂ ਨੂੰ ਹੈਦਰਾਬਾਦ ਯੂਨੀਵਰਸਿਟੀ ਦੇ ਸਮਾਜ ਵਿਚੋਂ ਛੇਕ ਦਿੱਤਾ ਗਿਆ। ਇਹ ਉਸ ਦੀਆਂ ਅਖਬਾਰ ਵਿਚ ਛਪੀਆਂ ਚਿੱਠੀਆਂ ਤੋਂ ਸਪਸ਼ਟ ਹੁੰਦਾ ਹੈ ਜਿਸ ਵਿਚ ਉਸ ਨੇ ਵਾਈਸ ਚਾਂਸਲਰ ਦੇ ਇਸ ‘ਮਹਾਨ’ ਕਾਰਜ ਦੀ ਤੁਲਨਾ ਕਰਦਿਆਂ ਉਸ ਦੇ ਸਾਹਮਣੇ ਡੋਨਾਲਡ ਟਰੰਪ ਨੂੰ ਵੀ ਤੁੱਛ ਹੋਣ ਦਾ ਅਹਿਸਾਸ ਕਰਾਉਂਦਾ ਦਰਸਾਇਆ ਹੈ। ਅਮਰੀਕਾ ਵੱਸਣ ਵਾਲੇ ਇਸ ਤੱਥ ਤੋਂ ਭਲੀਭਾਂਤ ਜਾਣੂ ਹਨ ਕਿ ਡੋਨਾਲਡ ਟਰੰਪ ਰੀਪਬਲਕਿਨ ਪਾਰਟੀ ਵੱਲੋਂ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰੀ ਲਈ ਮੁਹਿੰਮ ਲੜ ਰਿਹਾ ਹੈ ਅਤੇ ਆਪਣੀ ਇਸ ਮੁਹਿੰਮ ਵਿਚ ਉਸ ਨੇ ਨਸਲੀ ਟਿੱਪਣੀ ਕਰਦਿਆਂ ਕਿਹਾ ਹੈ ਕਿ ਮੁਸਲਮਾਨਾਂ ਦਾ ਅਮਰੀਕਾ ਵਿਚ ਦਾਖਲਾ ਬੰਦ ਹੋਣਾ ਚਾਹੀਦਾ ਹੈ।
ਇਸ ਸਾਰੇ ਅਮਲ ਤੋਂ ਇਉਂ ਲਗਦਾ ਹੈ ਜਿਵੇਂ ਯੂਨੀਵਰਸਿਟੀ ਦਾ ਪ੍ਰਬੰਧਕੀ ਢਾਂਚਾ ਭਾਵ ਯੂਨੀਵਰਸਿਟੀ ਦੀ ਸਿੰਡੀਕੇਟ, ਸਿੰਡੀਕੇਟ ਨਾ ਹੋ ਕੇ ਕੋਈ ਖਾਪ ਪੰਚਾਇਤ ਹੋਵੇ ਅਤੇ ਉਪ ਕੁਲਪਤੀ ਉਸ ਖਾਪ ਪੰਚਾਇਤ ਦਾ ਘੜੰਮ ਚੌਧਰੀ ਜਾਂ ਸਰਪੰਚ ਹੋਵੇ ਜੋ ਵਿਦਿਆਰਥੀਆਂ ਨੂੰ ਵਿਦਿਆਰਥੀ ਨਾ ਸਮਝ ਕੇ ਸਿਰਫ ਪਿੰਡ ਦੇ ਦਲਿਤ ਸਮਝਦਾ ਹੋਵੇ ਜਿਸ ਨੇ ਕਿਸੇ ਉਚੀ ਜਾਤ ਦੀ ਕੁੜੀ ਨਾਲ ਪ੍ਰੇਮ ਵਿਆਹ ਕਰ ਲਿਆ ਹੋਵੇ, ਜਿਸ ਕਰਕੇ ਉਸ ਦੇ ਪਰਿਵਾਰ ਨੂੰ ਸਮਾਜ ਵਿਚੋਂ ਛੇਕ ਦਿੱਤਾ ਗਿਆ ਅਤੇ ਉਸ ਦਾ ‘ਕਤਲ’ ਹੋ ਗਿਆ।
ਡੋਨਾਲਡ ਟਰੰਪ ਤਾਂ ਸ਼ਾਇਦ ਆਪਣੀਆਂ ਨਸਲੀ ਟਿੱਪਣੀਆਂ ਕਰਕੇ ਰਾਸ਼ਟਰਪਤੀ ਲਈ ਨਾਮੀਨੇਸ਼ਨ ਹਾਰ ਹੀ ਜਾਵੇ ਕਿਉਂਕਿ ਬਹੁਤੇ ਲੋਕਾਂ ਨੇ ਉਸ ਦੀ ਇਸ ਨਸਲੀ ਟਿੱਪਣੀ ਦੀ ਨਿਖੇਧੀ ਕੀਤੀ ਹੈ, ਸਾਰੇ ਅਮਰੀਕਨ ਨਸਲਵਾਦੀ ਨਹੀਂ ਹਨ। ਪਰ ਭਾਰਤੀ ਜਨਤਾ ਪਾਰਟੀ ਅਤੇ ਸ਼ਿਵ ਸੈਨਾ, ਬਜਰੰਗ ਦਲ ਵਗੈਰਾ ਵਗੈਰਾ ਹਿੰਦੂਤਵੀ ਪਾਰਟੀਆਂ ਨਸਲੀ ਅਤੇ ਮਜ਼ਹਬੀ ਨਫਰਤ ਫੈਲਾਉਣ ਵਿਚ ਕੋਈ ਕਸਰ ਨਹੀਂ ਛੱਡ ਰਹੀਆਂ ਖਾਸ ਕਰਕੇ ਜਦ ਤੋਂ ਕੇਂਦਰ ਵਿਚ ਭਾਜਪਾ ਸਰਕਾਰ ਨੇ ਵਾਗਡੋਰ ਸੰਭਾਲੀ ਹੈ, ਹਰ ਰੋਜ਼ ਕੋਈ ਨਾ ਕੋਈ ਇਸ ਕਿਸਮ ਦਾ ਹੰਗਾਮਾ ਅਖਬਾਰਾਂ ਦੀਆਂ ਸੁਰਖੀਆਂ ਬਣਦਾ ਹੈ। ਇਹ ਭਾਵੇਂ ਗਊ ਦੇ ਮਾਸ ਖਾਤਰ ਕਿਸੇ ਗਰੀਬ ਮੁਸਲਮਾਨ ਦਾ ਕਤਲ ਹੋਵੇ, ਗਰੀਬ ਹਰੀਜਨ ਪਰਿਵਾਰ ਦੇ ਘਰ ਨੂੰ ਅੱਗ ਲਾ ਕੇ ਮਾਂ ਅਤੇ ਬੱਚਿਆਂ ਨੂੰ ਜ਼ਿੰਦਾ ਅੱਗ ਦੀ ਭੇਟ ਕਰਨਾ ਹੋਵੇ ਜਾਂ ਰੋਹਿਤ ਵੇਮੁਲੇ ਵਰਗੇ ਵਿਦਿਆਰਥੀ ਨੂੰ ਇਸ ਹੱਦ ਤੱਕ ਜ਼ਲੀਲ ਕਰਨਾ ਕਿ ਉਸ ਦਾ ‘ਖੁਦਕੁਸ਼ੀ’ ਰੂਪੀ ‘ਕਤਲ’ ਹੋ ਜਾਵੇ। ਇਹ ਕਹਾਣੀ ਰੋਹਿਤ ਵੇਮੁਲੇ ਦੇ ਭਰ ਜਵਾਨੀ ਵਿਚ ਇਸ ਦੁਨੀਆਂ ਤੋਂ ਤੁਰ ਜਾਣ ਨਾਲ ਖਤਮ ਨਹੀਂ ਹੋਈ, ਜਿਸ ਦਾ ਅਗਸਤ ਮਹੀਨੇ ਤੋਂ ਵਜ਼ੀਫਾ ਜਾਣ ਬੁੱਝ ਕੇ ਉਸ ਨੂੰ ਮਰਨ ਦੀ ਹਾਲਤ ਤੱਕ ਪਹੁੰਚਾਉਣ ਲਈ ਰੋਕਿਆ ਗਿਆ ਸੀ। ਹੁਣ ਤੱਕ ਸ਼ਡਿਊਲ ਕਾਸਟ ਅਤੇ ਸ਼ਡਿਊਲ ਟਰਾਈਬਜ਼ ਨਾਲ ਸਬੰਧਤ ਹੈਦਰਾਬਾਦ ਕੇਂਦਰੀ ਯੂਨੀਵਰਸਿਟੀ ਦੇ 13 ਪ੍ਰੋਫੈਸਰ ਅਤੇ ਲੈਕਚਰਰ ਵੱਖ ਵੱਖ ਅਹੁਦਿਆਂ, ਜਿਵੇਂ ਕੰਟਰੋਲਰ ਐਗਜ਼ਾਮੀਨੇਸ਼ਨ, ਚੀਫ ਮੈਡੀਕਲ ਅਫਸਰ, ਚੀਫ ਇੰਚਾਰਜ ਵਾਰਡਨ, 10 ਹੋਸਟਲ ਵਾਰਡਨ ਅਸਤੀਫਾ ਦੇ ਚੁੱਕੇ ਹਨ। ਇਹ ਅਸਤੀਫੇ ਉਨ੍ਹਾਂ ਪ੍ਰੋਟੈਸਟ ਵਜੋਂ ਨਹੀਂ ਦਿੱਤੇ ਸਗੋਂ ਇਸ ਭੈ ਵਿਚੋਂ ਦਿੱਤੇ ਹਨ ਕਿ ਉਨ੍ਹਾਂ ‘ਤੇ ਦੇਸ਼-ਧ੍ਰੋਹੀ ਦਾ ਇਲਜ਼ਾਮ ਨਾ ਲਾ ਦਿੱਤਾ ਜਾਵੇ। ਹਿੰਦੂਤਵ ਨੂੰ ਅਪਨਾਏ ਅਨਸਰਾਂ ਤੋਂ ਬਿਨਾਂ ਭਾਰਤ-ਭੂਮੀ ‘ਤੇ ਦੂਸਰਾ ਕੋਈ ਵੀ ਬਾਸ਼ਿੰਦਾ ਜਦੋਂ ਹੱਕ-ਸੱਚ ਦੀ ਆਵਾਜ਼ ਉਠਾਉਂਦਾ ਹੈ ਤਾਂ ਬੜੇ ਸਹਿਜ ਭਾਅ ਹੀ ਉਸ ਉਤੇ ਦੇਸ਼-ਧ੍ਰੋਹੀ ਹੋਣ ਦਾ ਠੱਪਾ ਜੜ ਦਿੱਤਾ ਜਾਂਦਾ ਹੈ। ਉਨ੍ਹਾਂ ਪੰਜ ਵਿਦਿਆਰਥੀਆਂ ‘ਤੇ ਜਿਸ ਕੇਂਦਰੀ ਮੰਤਰੀ ਦੇ ਕਹਿਣ ‘ਤੇ ਇਹ ਸਾਰੀ ਕਾਰਵਾਈ ਕੀਤੀ ਗਈ, ਨੇ ਇਹੀ ਇਲਜ਼ਾਮ ਲਾਇਆ ਸੀ। ਦਲਿਤ ਅਧਿਆਪਕ, ਅਫਸਰ ਅਤੇ ਵਿਦਿਆਰਥੀਆਂ ਨੂੰ ਡਰਾਇਆ ਜਾ ਰਿਹਾ ਹੈ ਤਾਂ ਕਿ ਉਹ ਰੋਹਿਤ ਵੇਮੁਲੇ ਨਾਲ ਹੋਈ ਬੇਇਨਸਾਫੀ ਪ੍ਰਤੀ ਹੋ ਰਹੇ ਪ੍ਰੋਟੈਸਟ ਵਿਚ ਹਿੱਸਾ ਨਾ ਲੈਣ। ਸੋਸ਼ਲ ਮੀਡੀਆ ਦੀਆਂ ਖਬਰਾਂ ਅਨੁਸਾਰ ਉਨ੍ਹਾਂ ਨੂੰ ਇਹ ਸੁਨੇਹਾ ਪਹੁੰਚਾ ਦਿੱਤਾ ਗਿਆ ਹੈ, ‘ਬੀ ਕੇਅਰਫੁਲ, ਯੂ ਆਰ ਅੰਡਰ ਵਾਚ।’
ਯੂਨੀਵਰਸਿਟੀ ਕੰਸਟਰਕਸ਼ਨ ਇੰਜੀਨੀਅਰ ਦਾ ਕਹਿਣਾ ਹੈ, “ਉਹ ਪਹਿਲਾਂ ਤੋਂ ਵੀ ਵੱਧ ਅਸੁਰੱਖਿਅਤ ਅਤੇ ਭੈਭੀਤ ਮਹਿਸੂਸ ਕਰ ਰਹੇ ਹਨ।” ਇੱਕ ਹੋਰ ਸੀਨੀਅਰ ਫੈਕਲਿਟੀ ਮੈਂਬਰ ਦਾ ਕਹਿਣਾ ਹੈ, “ਕੁਝ ਅਫਸਰਾਂ, ਜਿਨ੍ਹਾਂ ਵਿਚ ਉਪਕੁਲਪਤੀ ਵੀ ਸ਼ਾਮਲ ਹੈ, ਨੇ ਬਹੁਤ ਹੀ ਯੋਜਨਾਬਧ ਢੰਗ ਨਾਲ ਦਲਿਤ ਸਟਾਫ ਨੂੰ ਅਲੱਗ-ਥਲੱਗ ਕਰ ਦਿੱਤਾ ਹੈ, ਸੁਨੇਹੇ ਅਤੇ ਅਹਿਸਾਸ ਭੇਜ ਕੇ। ਸੁਨੇਹੇ ਇਸ ਕਿਸਮ ਦੇ ਹਨ, ਅਸਤੀਫੇ ਦੇ ਕੇ ਅਤੇ ਵਿਰੋਧ ਪ੍ਰਗਟਾ ਕੇ ਸਾਨੂੰ ਡਰਾਉ ਨਾ।”
ਅਫਸਰਾਂ ਅਨੁਸਾਰ ਕੁਝ ਮੱਧ ਦਰਜੇ ਦੇ ਅਫਸਰਾਂ ਰਾਹੀਂ, ਜਿਨ੍ਹਾਂ ਨੂੰ ਯੂਨੀਵਰਸਿਟੀ ਵਿਚ ਕੁਝ ਖਾਸ ਅਹੁਦੇ ਦੇ ਕੇ ਨਿਵਾਜਿਆ ਗਿਆ ਹੈ, ਨੂੰ ਵਰਤ ਕੇ ਦਲਿਤ ਸਟਾਫ ਨੂੰ ਥਾਂ ਸਿਰ ਰੱਖਣ ਲਈ ਡਰਾਇਆ ਜਾ ਰਿਹਾ ਹੈ। ਉਹ “ਉਨ੍ਹਾਂ ਗੁਣਵਾਨ ਦਲਿਤ ਅਫਸਰਾਂ ਤੋਂ ਵੀ ਭੈ-ਭੀਤ ਹਨ, ਜਿਹੜੇ ਯੂਨੀਵਰਸਿਟੀ ਤੋਂ ਕਿਸੇ ਕਿਸਮ ਦੀ ਰਿਆਇਤ ਨਹੀਂ ਭਾਲਦੇ, ਆਪਣੇ ਮੈਰਿਟ ‘ਤੇ ਆਏ ਹਨ ਅਤੇ ਰੋਹਿਤ ਵੇਮੁਲੇ ਦੀ ਮੌਤ ਦੇ ਖ਼ਿਲਾਫ ਵਿਰੋਧ ਵਿਚ ਹਿੱਸਾ ਲੈ ਰਹੇ ਹਨ।”
ਇੱਕ ਅਫਸਰ ਅਨੁਸਾਰ ਇਹ ‘ਨਸਲ-ਆਧਾਰਤ ਦਰਜਾਬੰਦੀ’ ਹੈ। ਜਦੋਂ ਆਰੀਆ ਭਾਰਤ ਵਿਚ ਆਏ, ਉਦੋਂ ਉਨ੍ਹਾਂ ਨੇ ਇਹ ਵਰਣ-ਆਸ਼ਰਮ ਵੰਡ ਨਸਲ ਆਧਾਰਤ ਹੀ ਤਾਂ ਕੀਤੀ ਸੀ। ਇਥੋਂ ਦੇ ਅਸਲੀ ਵਸਨੀਕਾਂ ਭਾਵ ਦਰਾਵੜ ਨਸਲ ਦੇ ਬਾਸ਼ਿੰਦਿਆਂ ਨੂੰ ਖੇਤੀ-ਵਪਾਰ, ਮਿਹਨਤ-ਮਜ਼ਦੂਰੀ ਅਤੇ ਉਪਰਲਿਆਂ ਦੀ ‘ਸੇਵਾ’ ਸੰਭਾਲ ਵਰਗੇ ਹੇਠਲੇ ਦਰਜੇ ਦੇ ਕੰਮ ਦੇ ਕੇ ‘ਸ਼ੂਦਰ’ ਐਲਾਨ ਦਿੱਤਾ ਅਤੇ ਆਪ ਉਪਰਲੇ ਦਰਜੇ ਦੇ ਪੜ੍ਹਨ-ਲਿਖਣ, ਧਾਰਮਿਕ ਕਾਰਜ ਅਤੇ ਰਾਜ-ਕਾਜ ਦੇ ਕੰਮ ਸਾਂਭ ਕੇ ਸਵਰਨ ਜਾਤਾਂ ਬਣ ਬੈਠੇ। ਸੋਨੇ ‘ਤੇ ਸੁਹਾਗਾ ਇਹ ਕਿ ਇਸ ਨੂੰ ਧਾਰਮਿਕ ਮਾਨਤਾ ਦੇਣ ਲਈ ਅਤੇ ਪੱਕਾ ਪ੍ਰਬੰਧ ਕਰਨ ਲਈ ਮਨੁੱਖੀ ਪੈਦਾਇਸ਼ ਦਾ ਉਤਪਤੀ ਦੇ ਦੇਵਤਾ ‘ਬ੍ਰਹਮਾ’ ਦੇ ਵੱਖ ਵੱਖ ਅੰਗਾਂ ਤੋਂ ਪੈਦਾ ਹੋਣ ਦਾ ਸਿਧਾਂਤ ਦੇ ਦਿੱਤਾ। ਇਹ ਨਸਲੀ ਵੰਡ ਇਸ ਕਿਸਮ ਨਾਲ ਕੀਤੀ ਕਿ ਹਜ਼ਾਰਾਂ ਸਾਲ ਬੀਤ ਜਾਣ ‘ਤੇ ਵੀ ਇਥੋਂ ਦੇ ਅਸਲੀ ਵਸਨੀਕਾਂ ਦੀ ਹੋਣੀ, ਲੱਖਾਂ ਉਪਰਾਲਿਆਂ ਦੇ ਬਾਵਜੂਦ ਨਹੀਂ ਬਦਲ ਸਕੀ। ਗੌਤਮ ਬੁੱਧ ਵੱਲੋਂ ਚਲਾਇਆ ਬੁੱਧ ਧਰਮ, ਭਗਤੀ ਲਹਿਰ, ਗੁਰੂ ਨਾਨਕ ਸਾਹਿਬ ਦਾ ਸਥਾਪਤ ਕੀਤਾ ਸਿੱਖ ਧਰਮ ਵੀ ਇਸ ਨਸਲੀ ਵਿਤਕਰੇ ਨੂੰ ਜੜਾਂ ਤੋਂ ਨਹੀਂ ਪੁੱਟ ਸਕਿਆ। ਡਾæ ਭੀਮਰਾਉ ਰਾਮਜੀ ਅੰਬੇਦਕਰ ਦੇ ਉਪਰਾਲੇ ਅਤੇ ਭਾਰਤੀ ਸੰਵਿਧਾਨ ਵੀ ਬੇਬੱਸ ਹੋ ਗਏ ਹਨ। ਸੰਵਿਧਾਨ ਦੀ ਧਾਰਾ 15 ਅਨੁਸਾਰ ਛੋਟੀਆਂ ਜਾਤਾਂ ਪ੍ਰਤੀ ਕਿਸੇ ਕਿਸਮ ਦਾ ਵੀ ਵਿਤਕਰਾ ਕਰਨਾ ਗੈਰ-ਕਾਨੂੰਨੀ ਹੈ। ਵਿਡੰਬਨਾ ਇਹ ਹੈ ਕਿ ਕੇਂਦਰੀ ਮੰਤਰੀ ਜਿਹੜਾ ਇਸੇ ਭਾਰਤੀ ਸੰਵਿਧਾਨ ਦੀ ਸਹੁੰ ਚੁੱਕ ਕੇ ਮੰਤਰੀ ਬਣਿਆ ਹੈ, ਉਸ ਦੇ ਹੁਕਮਾਂ ਅਨੁਸਾਰ ਰੋਹਿਤ ਵੇਮੁਲੇ ਨਾਲ ਇਹ ਸਾਰਾ ਕੁਝ ਵਾਪਰਿਆ ਜਿਸ ਦੀ ਚਰਚਾ ਹੁਣ ਤੱਕ ਟੈਲੀਵਿਜ਼ਨ ਚੈਨਲਾਂ, ਅਖਬਾਰਾਂ ਅਤੇ ਸੋਸ਼ਲ ਮੀਡੀਆ ਵਿਚ ਖੁਲ੍ਹ ਕੇ ਹੋ ਚੁੱਕੀ ਹੈ।
ਇਥੇ ਮਹਾਂਭਾਰਤ ਵਿਚ ਦਰਜ ਉਸ ਘਟਨਾ ਦਾ ਜ਼ਿਕਰ ਕੁਥਾਂ ਨਹੀਂ ਹੋਵੇਗਾ ਜਿਸ ਅਨੁਸਾਰ ਭੀਲ-ਪੁੱਤਰ ਏਕਲਵਯ ਗੁਰੂ ਦਰੋਣਾਚਾਰੀਆ ਦੀ ਮੂਰਤੀ ਸਥਾਪਤ ਕਰਕੇ ਹੀ ਉਸ ਨੂੰ ਗੁਰੂ ਧਾਰ ਲੈਂਦਾ ਹੈ ਅਤੇ ਜੰਗਲ ਵਿਚ ਸ਼ਸਤਰ ਅਭਿਆਸ, ਖਾਸ ਕਰਕੇ ਤੀਰ-ਅੰਦਾਜ਼ੀ ਵਿਚ ਬਹੁਤ ਨਿਪੁੰਨ ਹੋ ਜਾਂਦਾ ਹੈ। ਅਚਾਨਕ ਇੱਕ ਦਿਨ ਜੰਗਲ ਵਿਚ ਅਭਿਆਸ ਕਰਦੇ ਪਾਂਡੋਆਂ ਨਾਲ ਤੁਰੇ ਫਿਰਦਿਆਂ ਜਦੋਂ ਦਰੋਣਾਚਾਰੀਆ ਨੂੰ ਇਸ ਗੱਲ ਦਾ ਗਿਆਨ ਹੁੰਦਾ ਹੈ ਕਿ ਭੀਲ-ਪੁੱਤਰ ਏਕਲਵਯ ਪਾਂਡੋ-ਪੁੱਤਰ ਅਰਜਨ ਤੋਂ ਵੀ ਵਧੀਆ ਤੀਰ-ਅੰਦਾਜ਼ ਬਣ ਗਿਆ ਹੈ ਤਾਂ ਉਸ ਨੂੰ ਨਕਾਰਾ ਕਰਨ ਲਈ ਗੁਰੂ-ਦਖਸ਼ਣਾ ਵਜੋਂ ਦਰੋਣਾਚਾਰੀਆ ਉਸ ਤੋਂ ਸੱਜੇ ਹੱਥ ਦਾ ਅੰਗੂਠਾ ਮੰਗ ਲੈਂਦਾ ਹੈ।
ਇਸ ਦੇ ਨਾਲ ਹੀ ਸਤਰ੍ਹਵਿਆਂ ਦੇ ਕਿਸੇ ਪੰਜਾਬੀ ਕਵੀ ਦੀ ਜਿਸ ਦਾ ਨਾਮ ਚੇਤੇ ਨਹੀਂ ਰਿਹਾ, ਕਵਿਤਾ ਦੀ ਪੰਕਤੀ ਯਾਦ ਆ ਰਹੀ ਹੈ, ਜੋ ਵੇਲੇ ਦੇ ਸਾਡੇ ਵਿੱਦਿਅਕ ਅਤੇ ਪ੍ਰਬੰਧਕੀ ਢਾਂਚੇ ‘ਤੇ ਵਿਅੰਗ ਸੀ। ਸ਼ਾਇਦ ਕਵਿਤਾ ਦਾ ਸਿਰਲੇਖ ਸੀ, ‘ਗੁਰੂ ਦਰੋਣਾਚਾਰੀਆ ਦੇ ਨਾਂ’ ਅਤੇ ਕਵਿਤਾ ਦੀ ਪੰਕਤੀ ਸੀ, “ਮੇਰੇ ਗੁਰੂਦੇਵ ਜੇ ਤੁਸੀਂ ਉਦੋਂ ਹੀ ਇੱਕ ਭੀਲ ਬੱਚਾ ਸਮਝ ਕੇ ਮੇਰਾ ਅੰਗੂਠਾ ਕੱਟ ਦਿੰਦੇ ਤਾਂ ਕਹਾਣੀ ਹੋਰ ਸੀ” ਅਤੇ ਅੱਜ ਵਿੱਦਿਅਕ ਪ੍ਰਬੰਧ ਅਤੇ ਪ੍ਰਬੰਧਕੀ ਢਾਂਚਾ ਸੁਧਰਨ ਦੀ ਥਾਂ ਹੋਰ ਵੀ ਬਦਤਰ ਹੋ ਗਿਆ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਰਾਜ-ਕਾਜ ਵਿਚ ਸਭ ਕੁਝ ਦਾ ‘ਭਗਵਾਂਕਰਣ’ ਕਰਨ ਦੀ ਕੋਸ਼ਿਸ਼ ਬੜੇ ਯੋਜਨਾਬਧ ਤਰੀਕੇ ਨਾਲ ਹੋ ਰਹੀ ਹੈ।
ਪੰਜਾਬ ਟਾਈਮਜ਼ ਵਿਚ ਹੀ ਛਪੀ ਇੱਕ ਖਬਰ ਅਨੁਸਾਰ ਸੂਰਤ ਵਿਚ ਕਿਸੇ ਇਕੱਠ ਦੌਰਾਨ ਪ੍ਰਵੀਨ ਤੋਗੜੀਆ ਨੇ ਦਾਅਵਾ ਕੀਤਾ ਹੈ ਕਿ ਸਾਢੇ ਸੱਤ ਲੱਖ ਲੋਕਾਂ ਨੂੰ ‘ਘਰ ਵਾਪਸੀ’ ਦੇ ਅਭਿਆਨ ਤਹਿਤ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਪਿਛਲੇ 10 ਸਾਲਾਂ ਵਿਚ ਹਿੰਦੂ ਬਣਾਇਆ ਹੈ। ਇਨ੍ਹਾਂ ਵਿਚ 5 ਲੱਖ ਈਸਾਈ ਅਤੇ 2æ5 ਲੱਖ ਮੁਸਲਮਾਨ ਸ਼ਾਮਲ ਹਨ। ਪ੍ਰਵੀਨ ਤੋਗੜੀਆ ਨੂੰ ਪੁੱਛਣਾ ਬਣਦਾ ਹੈ ਕਿ ਕੀ ਉਹ ਇਨ੍ਹਾਂ ਕਥਿਤ ‘ਹਿੰਦੂਆਂ’ ਨੂੰ ਉਚ-ਜਾਤੀ ਬ੍ਰਾਹਮਣ ਦਾ ਦਰਜਾ ਦੇਣ ਵਿਚ ਵੀ ਸਫਲ ਹੋਇਆ ਹੈ? ਇਸ ਤੱਥ ਤੋਂ ਸਾਰੇ ਭਲੀ ਭਾਂਤ ਜਾਣੂ ਹਨ ਕਿ ਹਿੰਦੂ ਧਰਮ ਤੋਂ ਦੂਸਰੇ ਧਰਮਾਂ ਖਾਸ ਕਰਕੇ ਈਸਾਈ ਅਤੇ ਇਸਲਾਮ ਧਰਮ ਵਿਚ ਲੋਕ ਬਹੁਤਾ ਕਰਕੇ ਇਸ ਲਈ ਸ਼ਾਮਲ ਹੁੰਦੇ ਰਹੇ ਹਨ ਤੇ ਹੋ ਰਹੇ ਹਨ ਤਾਂ ਕਿ ਉਹ ਦਲਿਤ ਹੋਣ ਦੇ ਤ੍ਰਿਸਕਾਰ ਦੇ ਅਹਿਸਾਸ ਤੋਂ ਛੁਟਕਾਰਾ ਪਾ ਕੇ ਮਨੁੱਖੀ ਬਰਾਬਰੀ ਦੇ ਅਹਿਸਾਸ ਨੂੰ ਹੰਢਾ ਸਕਣ। ਸਭ ਤੋਂ ਅਹਿਮ ਗੱਲ ਇਹ ਨਹੀਂ ਕਿ ਉਹ ਵਾਪਸ ਹਿੰਦੂ ਧਰਮ ਵਿਚ ਆਉਣ; ਅਹਿਮ ਸਵਾਲ ਹੈ ‘ਮਾਨਵ ਕੀ ਜਾਤਿ ਸਭੈ ਏਕੈ ਪਹਿਚਾਨਵੋ’ ਜਿਸ ਦੀ ਸਮਝ ਤੋਗੜੀਆ ਵਰਗਿਆਂ ਨੂੰ ਕਦੇ ਨਹੀਂ ਆਉਣੀ।