ਸ਼ਹੀਦ ਬਾਬਾ ਦੀਪ ਸਿੰਘ

ਰਮੇਸ਼ ਬੱਗਾ ਚੋਹਲਾ
ਫੋਨ: 91-94631-32719
ਸ਼ਹੀਦ ਉਸ ਕੌਮ ਦਾ ਸਰਮਾਇਆ ਅਤੇ ਉਸ ਮਿੱਟੀ ਦਾ ਮਾਣ ਹੁੰਦੇ ਹਨ, ਜਿਸ ਵਿਚ ਉਨ੍ਹਾਂ ਦਾ ਜਨਮ ਹੁੰਦਾ ਹੈ। ਉਹ ਕੌਮਾਂ ਵੀ ਧੰਨਤਾ ਦੇ ਯੋਗ ਹੁੰਦੀਆਂ ਹਨ, ਜਿਹੜੀਆਂ ਆਪਣੇ ਪੁਰਖਿਆਂ ਦੀਆਂ ਘਾਲਣਾਵਾਂ ਅਕਸਰ ਚਿਤਵਦੀਆਂ ਰਹਿੰਦੀਆਂ ਹਨ। ਕਿਸੇ ਸ਼ਾਇਰ ਦਾ ਕਥਨ ਹੈ:
ਉਸ ਕੌਮ ਨੂੰ ਸਮਾਂ ਨਹੀਂ ਮੁਆਫ ਕਰਦਾ, ਜਿਹੜੀ ਮੁੱਲ ਨਾ ਤਾਰੇ ਕੁਰਬਾਨੀਆਂ ਦਾ।

ਸ਼ਹੀਦ ਅਤੇ ਸ਼ਹਾਦਤ ਅਰਬੀ ਜ਼ਬਾਨ ਦੇ ਸ਼ਬਦ ਹਨ। ਸ਼ਹਾਦਤ ਦਾ ਸ਼ਬਦੀ ਅਰਥ ਗਵਾਹੀ ਦੇਣੀ ਜਾਂ ਸਾਖੀ ਭਰਨੀ ਹੁੰਦਾ ਹੈ। ਇਸ ਤਰ੍ਹਾਂ ਸ਼ਹੀਦ ਕਿਸੇ ਕੌਮ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਦੇ ਸਦੀਵੀ ਅਤੇ ਸੱਚੇ ਗਵਾਹ ਹੁੰਦੇ ਹਨ।
ਦੀਨ ਦੁਖੀਆਂ ਦੀ ਰਖਵਾਲੀ, ਸਤਿ ਧਰਮ ਤੇ ਮਨੁੱਖਤਾ ਦੀ ਖਾਤਰ ਸਮੇਂ-ਸਮੇਂ ਦੇਸ਼ ਕੌਮ ਅਤੇ ਸਮਾਜ ਉਪਰ ਆਏ ਸੰਕਟਾਂ ਦਾ ਖਿੜੇ ਮੱਥੇ ਸਵਾਗਤ ਕਰਨਾ, ਇਨ੍ਹਾਂ ਸੰਕਟਾਂ ਦਾ ਡੱਟ ਕੇ ਮੁਕਾਬਲਾ ਕਰਨਾ, ਇਸ ਮੁਕਾਬਲੇ ਨੂੰ ਕਿਸੇ ਨਿਰਣਾਇਕ ਮੌੜ ‘ਤੇ ਲੈ ਜਾਣ ਤੱਕ ਆਪਣੇ ਕਦਮ ਪਿਛਾਂਹ ਨਾ ਪੁੱਟਣੇ ਅਤੇ ਆਪਣੇ ਮਨੋਰਥ ਦੀ ਸਿੱਧੀ ਲਈ ਆਪਾ ਤੱਕ ਵਾਰ ਦੇਣਾ ਹੀ ਸ਼ਹੀਦਾਂ ਦੀ ਪਹਿਚਾਣ ਹੁੰਦੀ ਹੈ। ਇਹ ਪਹਿਚਾਣ ਮੌਤ ਦੀਆਂ ਵਾਦੀਆਂ ਵਿਚੋਂ ਲੰਘ ਕੇ ਹੀ ਕਰਵਾਈ ਜਾ ਸਕਦੀ ਹੈ। ਕਿਉਂਕਿ,
ਸੂਰਾ ਸੋ ਪਹਿਚਾਨੀਐ ਜੂ ਲਰੇ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੇ ਕਬਹੁ ਨ ਛਾਡੈ ਖੇਤ॥
ਇਸ ਤਰ੍ਹਾਂ ਸ਼ਹੀਦ ਦੀ ਆਤਮਾ ਨਿਰਮਲ ਅਤੇ ਉਦੇਸ਼ ਸਪਸ਼ਟ ਹੁੰਦਾ ਹੈ, ਜਿਸ ਨੂੰ ਭਾਈ ਗੁਰਦਾਸ ਜੀ ਇਸ ਤਰ੍ਹਾਂ ਤਸਦੀਕ ਕਰਦੇ ਹਨ,
ਸਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ॥
ਸ਼ਹੀਦ ਫੌਲਾਦੀ ਇਰਾਦੇ ਦਾ ਮਾਲਕ ਹੁੰਦਾ ਹੈ, ਜਿਸ ਦੇ ਵਿਚਾਰਾਂ ਨੂੰ ਬਦਲਿਆ ਨਹੀਂ ਜਾ ਸਕਦਾ। ਇਸ ਤਰ੍ਹਾਂ ਦੇ ਇਰਾਦੇ ਅਤੇ ਵਿਚਾਰਾਂ ਦੇ ਮਾਲਕ ਸਨ-ਬਾਬਾ ਦੀਪ ਸਿੰਘ ਜੀ ਸ਼ਹੀਦ।
ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ 26 ਜਨਵਰੀ 1682 ਈæ ਨੂੰ ਅੰਮ੍ਰਿਤਸਰ ਜ਼ਿਲ੍ਹੇ (ਹੁਣ ਤਰਨਤਾਰਨ) ਦੀ ਤਹਿਸੀਲ ਪੱਟੀ ਦੇ ਪਿੰਡ ਪਹੂਵਿੰਡ ਵਿਖੇ ਇਕ ਸਧਾਰਨ ਪਰਿਵਾਰ ਭਾਈ ਭਗਤੂ ਅਤੇ ਮਾਤਾ ਜਿਊਣੀ ਦੇ ਘਰ ਹੋਇਆ। ਆਮ ਬਾਲਕਾਂ ਵਾਂਗ ਬਾਬਾ ਜੀ ਦੇ ਬਚਪਨ ਦਾ ਨਾਮ ਵੀ ਦੀਪਾ ਰੱਖਿਆ ਗਿਆ। ਜਦੋਂ ਦੀਪੇ ਦੀ ਉਮਰ 18 ਸਾਲ ਹੋਈ ਤਾਂ ਉਹ ਆਪਣੇ ਮਾਤਾ-ਪਿਤਾ ਨਾਲ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨ ਗਿਆ। ਕੱਝ ਦਿਨ ਰਹਿ ਕੇ ਦੀਪੇ ਦੇ ਮਾਤਾ-ਪਿਤਾ ਤਾਂ ਵਾਪਸ ਪਹੂਵਿੰਡ ਆ ਗਏ ਪਰ ਦੀਪਾ ਉਥੇ ਹੀ ਰਹਿ ਪਿਆ। ਕਲਗੀਧਰ ਪਾਤਸ਼ਾਹ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਦੀਪੇ ਦੇ ਜੀਵਨ ਵਿਚ ਇੱਕ ਅਹਿਮ ਮੋੜ ਆ ਗਿਆ ਅਤੇ ਉਹ ਦੀਪੇ ਤੋਂ ਦੀਪ ਸਿੰਘ ਬਣ ਗਿਆ।
ਸ੍ਰੀ ਅਨੰਦਪੁਰ ਸਾਹਿਬ ਰਹਿ ਕੇ ਦੀਪ ਸਿੰਘ ਨੇ ਸ਼ਸਤਰ ਤੇ ਸ਼ਾਸਤਰ ਵਿਦਿਆ ਵਿਚ ਬਰਾਬਰੀ ਨਾਲ ਮੁਹਾਰਤ ਹਾਸਲ ਕਰ ਲਈ। 20-22 ਸਾਲ ਦੀ ਉਮਰ ਤੱਕ ਦੀਪ ਸਿੰਘ ਨੇ ਜਿੱਥੇ ਭਾਈ ਮਨੀ ਸਿੰਘ ਵਰਗੇ ਉਸਤਾਦ ਕੋਲੋਂ ਗੁਰਬਾਣੀ ਦਾ ਚੋਖਾ ਗਿਆਨ ਹਾਸਲ ਕਰ ਲਿਆ ਉਥੇ ਉਹ ਇੱਕ ਨਿਪੁੰਨ ਸਿਪਾਹੀ ਵੀ ਬਣ ਗਿਆ। ਕੁਝ ਸਮੇਂ ਬਾਅਦ ਦੀਪ ਸਿੰਘ ਆਪਣੇ ਪਿੰਡ ਪਹੂਵਿੰਡ ਆ ਗਿਆ। ਪਿੰਡ ਆ ਕੇ ਉਸ ਨੇ ਆਸ-ਪਾਸ ਦੇ ਇਲਾਕੇ ਵਿਚ ਧਰਮ ਪ੍ਰਚਾਰ ਦਾ ਕਾਰਜ ਬੜੀ ਹੀ ਲਗਨ ਨਾਲ ਅਰੰਭ ਕਰ ਦਿੱਤਾ, ਜਿਸ ਦਾ ਨੌਜਵਾਨ ਤਬਕੇ ‘ਤੇ ਬਹੁਤ ਹੀ ਸਾਰਥਿਕ ਅਤੇ ਸੁਚੱਜਾ ਪ੍ਰਭਾਵ ਪੈਣ ਲੱਗਾ।
ਜਦੋਂ ਦਸਵੇਂ ਪਾਤਸ਼ਾਹ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਨ ਦੀ ਵਿਉਂਤਬੰਦੀ ਕੀਤੀ ਤਾਂ ਉਨ੍ਹਾਂ ਨੇ ਭਾਈ ਮਨੀ ਸਿੰਘ ਦੇ ਨਾਲ-ਨਾਲ ਬਾਬਾ ਦੀਪ ਸਿੰਘ ਦਾ ਵੀ ਸਹਿਯੋਗ ਲਿਆ। ਬਾਬਾ ਜੀ ਤੋਂ ਕਲਮਾਂ, ਸਿਆਹੀ ਅਤੇ ਕਾਗਜ਼ ਆਦਿ ਤਿਆਰ ਕਰਵਾਉਣ ਦੀ ਸੇਵਾ ਲਈ ਗਈ। ਬਾਬਾ ਦੀਪ ਸਿੰਘ ਨੇ ਸ੍ਰੀ ਗ੍ਰੰਥ ਸਾਹਿਬ ਦੇ ਚਾਰ ਉਤਾਰੇ ਕਰਕੇ ਚਾਰੇ ਤਖਤਾਂ ਨੂੰ ਭੇਜੇ। ਦੱਖਣ ਵੱਲ ਰਵਾਨਾ ਹੋਣ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸ੍ਰੀ ਦਮਦਮਾ ਸਾਹਿਬ ਦੀ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਪੂਰਨ ਰੂਪ ਵਿਚ ਬਾਬਾ ਦੀਪ ਸਿੰਘ ਨੂੰ ਸੌਂਪ ਦਿੱਤੀ। ਇਹ ਜ਼ਿੰਮੇਵਾਰੀ ਉਨ੍ਹਾਂ ਬੜੀ ਸਿਦਕਦਿਲੀ ਨਾਲ ਨਿਭਾਈ।
1709 ਈ: ਵਿਚ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਾਲਮਾਂ ਦੀਆਂ ਧੱਕੇਸ਼ਾਹੀਆਂ ਦਾ ਹਿਸਾਬ ਚੁਕਤਾ ਕਰਨ ਲਈ ਪੰਜਾਬ ਨੂੰ ਮੁਹਾਰਾਂ ਮੋੜੀਆਂ ਤਾਂ ਬਾਬਾ ਦੀਪ ਸਿੰਘ ਨੇ ਸੈਂਕੜੇ ਮਰਜੀਵੜਿਆਂ ਦੀ ਫੌਜ ਨਾਲ ਲੈ ਕੇ ਉਨ੍ਹਾਂ ਦਾ ਡੱਟਵਾਂ ਸਾਥ ਦਿੱਤਾ। ਇਸ ਸਾਥ ਸਦਕਾ ਹੀ ਸਿੰਘਾਂ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ। ਬਾਬਾ ਦੀਪ ਸਿੰਘ ਵੱਲੋਂ ਇਸ ਜੰਗ ਵਿਚ ਨਿਭਾਈ ਗਈ ਅਹਿਮ ਭੂਮਿਕਾ ਕਾਰਨ ਹੀ ਉਨ੍ਹਾਂ ਨੂੰ ਜਿੰਦਾ ਸ਼ਹੀਦ ਦੇ ਖਿਤਾਬ ਨਾਲ ਨਿਵਾਜਿਆ ਜਾਂਦਾ ਹੈ। ਉਹ ਸ਼ਹੀਦੀ ਮਿਸਲ ਦੇ ਜਥੇਦਾਰ ਵੀ ਸਨ।
ਅਹਿਮਦ ਸ਼ਾਹ ਅਬਦਾਲੀ ਨੇ ਹਿੰਦੋਸਤਾਨ ‘ਤੇ ਕਈ ਹਮਲੇ ਕੀਤੇ। ਇਨ੍ਹਾਂ ਹਮਲਿਆਂ ਦੌਰਾਨ ਉਸ ਦੀਆਂ ਫੌਜਾਂ ਦਾ ਰਾਹ ਰੋਕਣ ਵਾਲੇ ਸਿੱਖਾਂ ਤੋਂ ਉਹ ਬਹੁਤ ਪ੍ਰੇਸ਼ਾਨ ਅਤੇ ਦੁਖੀ ਸੀ। ਆਪਣੀ ਪ੍ਰੇਸ਼ਾਨੀ ਅਤੇ ਦੁੱਖ ਨੂੰ ਘੱਟ ਕਰਨ ਭਾਵ ਸਿੱਖੀ ਦਾ ਖੁਰਾ ਖੋਜ ਮਿਟਾਉਣ ਲਈ ਉਸ ਨੇ ਆਪਣੇ ਪੁੱਤਰ ਤੈਮੁਰ ਨੂੰ ਪੰਜਾਬ ਦਾ ਗਵਰਨਰ ਥਾਪ ਦਿੱਤਾ ਅਤੇ ਉਸ ਦੇ ਸਹਿਯੋਗ ਲਈ ਇੱਕ ਜਾਲਮ ਸੁਭਾਅ ਸੈਨਾਪਤੀ ਜਹਾਨ ਖਾਂ ਲਾ ਦਿੱਤਾ।
ਜਹਾਨ ਖਾਂ ਨੂੰ ਕਿਸੇ ਨੇ ਦੱਸਿਆ ਕਿ ਜਦ ਤੱਕ ਅੰਮ੍ਰਿਤਸਰ ਵਿਚ ਪਵਿੱਤਰ ਸਰੋਵਰ ਅਤੇ ਸ੍ਰੀ ਦਰਬਾਰ ਸਾਹਿਬ ਦੀ ਹੋਂਦ ਕਾਇਮ ਹੈ, ਸਿੱਖਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਨ੍ਹਾਂ ਦੋਹਾਂ ਸੋਮਿਆਂ ਤੋਂ ਉਨ੍ਹਾਂ ਨੂੰ ਨਵਾਂ ਜੀਵਨ ਅਤੇ ਉਤਸ਼ਾਹ ਮਿਲਦਾ ਹੈ। 1760 ਈæ ਵਿਚ ਜਹਾਨ ਖਾਂ ਨੇ ਅੰਮ੍ਰਿਤਸਰ ਨੂੰ ਸਦਰ ਮੁਕਾਮ ਬਣਾ ਲਿਆ। ਇਸ ਮੁਕਾਮ ਦੌਰਾਨ ਉਸ ਨੇ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਨੂੰ ਢਾਹ ਕੇ ਪਵਿੱਤਰ ਸਰੋਵਰ ਨੂੰ ਪੂਰ ਦਿੱਤਾ।
ਜਦੋਂ ਜਹਾਨ ਖਾਂ ਦੀ ਇਸ ਵਧੀਕੀ ਦੀ ਖਬਰ ਜਥੇਦਾਰ ਭਾਗ ਸਿੰਘ ਨੇ ਤਲਵੰਡੀ ਸਾਬੋ ਬਾਬਾ ਦੀਪ ਸਿੰਘ ਨੂੰ ਦਿੱਤੀ ਤਾਂ ਉਨ੍ਹਾਂ ਦਾ ਖੂਨ ਉਬਾਲੇ ਖਾਣ ਲੱਗਾ। ਅਰਦਾਸਾ ਸੋਧ ਕੇ ਬਾਬਾ ਦੀਪ ਸਿੰਘ ਨੇ 18 ਸੇਰ ਦਾ ਖੰਡਾ ਉਠਾ ਲਿਆ ਅਤੇ ਅੰਮ੍ਰਿਤਸਰ ਨੂੰ ਚਾਲੇ ਪਾ ਦਿੱਤੇ।
ਦਮਦਮਾ ਸਾਹਿਬ ਤੋਂ ਚੱਲਣ ਸਮੇਂ ਉਨ੍ਹਾਂ ਨਾਲ ਕੁਝ ਗਿਣਤੀ ਦੇ ਹੀ ਸਿੰਘ ਸਨ ਪਰ ਰਸਤੇ ਵਿਚ ਜਥੇਦਾਰ ਗੁਰਬਖਸ਼ ਸਿੰਘ ਅਨੰਦਪੁਰੀ ਵੀ ਆ ਰਲਿਆ। ਚੱਲਦਿਆਂ-ਚਲਦਿਆਂ ਕਾਫਲਾ ਵੱਧਦਾ ਗਿਆ। ਬਾਬਾ ਦੀਪ ਸਿੰਘ ਨੇ ਇਸ ਢੰਗ ਨਾਲ ਵੰਗਾਰਿਆ ਕਿ ਤਰਨਤਾਰਨ ਤੱਕ ਪਹੁੰਚ ਕੇ ਲਾੜੀ ਮੌਤ ਨੂੰ ਵਰਨ ਜਾ ਰਹੇ ਸਿੰਘਾਂ ਦੀ ਗਿਣਤੀ ਸੈਂਕੜਿਆਂ ਤੋਂ ਹਜਾਰਾਂ ਤੱਕ ਪਹੁੰਚ ਗਈ। ਇੱਥੇ ਆ ਕੇ ਉਨ੍ਹਾਂ ਆਪਣੇ ਖੰਡੇ ਨਾਲ ਇੱਕ ਲਕੀਰ ਵਾਹੁੰਦਿਆਂ ਕਿਹਾ, “ਜਿਸ ਨੂੰ ਪ੍ਰੇਮ ਦੀ ਖੇਡ ਖੇਡਣ ਦਾ ਚਾਅ ਹੈ, ਉਹ ਟੱਪ ਜਾਵੇ ਅਤੇ ਜਿਸ ਨੂੰ ਮੌਤ ਤੋਂ ਡਰ ਲੱਗਦਾ ਹੈ, ਉਹ ਪਿਛਾਂਹ ਹੱਟ ਜਾਵੇ।” ਪਰ ਜਿਹੜਾ ਵੀ ਕਾਫ਼ਲਾ ਹੁਣ ਤੱਕ ਉਨ੍ਹਾਂ ਨਾਲ ਜੁੜ ਚੁਕਾ ਸੀ, ਉਹ ਸਾਰਾ ਹੀ ਸ਼ਹੀਦੀਆਂ ਦਾ ਚਾਅ ਲੈ ਕੇ ਆਇਆ ਸੀ। ਇਸ ਕਰਕੇ ਸਾਰਾ ਕਾਫ਼ਲਾ ਹੀ ਲਕੀਰ ਪਾਰ ਕਰ ਗਿਆ ਅਤੇ ਬਾਬਾ ਦੀਪ ਸਿੰਘ ਨੇ ਖੁਸ਼ੀ ਵਿਚ ਜੈਕਾਰਾ ਛੱਡ ਦਿੱਤਾ।
ਦੂਜੇ ਪਾਸੇ ਜਹਾਨ ਖਾਂ ਨੂੰ ਜਦੋਂ ਬਾਬਾ ਜੀ ਦੇ ਕਾਫਲੇ ਦੀ ਅੰਮ੍ਰਿਤਸਰ ਵੱਲ ਆਉਣ ਦੀ ਖਬਰ ਮਿਲੀ ਤਾਂ ਉਸ ਨੇ ਆਪਣੇ ਇੱਕ ਜਰਨੈਲ ਅਤੱਈ ਖਾਂ ਦੀ ਅਗਵਾਈ ਵਿਚ ਇੱਕ ਵੱਡੀ ਫੌਜ ਸਿੰਘਾਂ ਦਾ ਰਾਹ ਰੋਕਣ ਲਈ ਭੇਜ ਦਿੱਤੀ। ਗੋਹਲਵੜ ਦੇ ਸਥਾਨ ‘ਤੇ ਲਹੂ ਡੋਲ੍ਹਵੀਂ ਲੜਾਈ ਹੋਈ। ਸਿੰਘਾਂ ਦੇ ਜੈਕਾਰਿਆਂ ਨਾਲ ਅਫਗਾਨ ਫੌਜਾਂ ਦੇ ਹੌਂਸਲੇ ਪਸਤ ਹੋਣ ਲੱਗੇ ਅਤੇ ਉਹ ਪਿਛਲਖੁਰੀ ਹੋਣ ਲੱਗੀਆਂ।
ਇਸ ਸਮੇਂ ਦੌਰਾਨ ਯਾਕੂਬ ਖਾਂ ਅਤੇ ਸਾਬਕ ਅਲੀ ਖਾਂ ਵੀ ਬਾਬਾ ਦੀਪ ਸਿੰਘ ਨਾਲ ਮੁਕਾਬਲੇ ‘ਤੇ ਆ ਗਏ। ਯਾਕੂਬ ਖਾਂ ਅਤੇ ਬਾਬਾ ਜੀ ਵਿਚਲੇ ਫਸਵੀਂ ਟੱਕਰ ਹੋਈ ਪਰ ਯਾਕੂਬ ਖਾਂ ਬਾਬਾ ਜੀ ਦੇ ਵਾਰ ਦੀ ਤਾਬ ਨਾ ਝੱਲ ਸਕਿਆ। ਯਾਕੂਬ ਖਾਂ ਨੂੰ ਢੇਰੀ ਹੁੰਦਿਆਂ ਦੇਖ ਕੇ ਇੱਕ ਹੋਰ ਅਫਗਾਨੀ ਜਵਾਨ ਅਸਮਾਨ ਖਾਂ ਵੀ ਮੈਦਾਨ-ਏ-ਜੰਗ ਵਿਚ ਆ ਨਿੱਤਰਿਆ। ਦੋਹਾਂ ਦੇ ਸਾਂਝੇ ਵਾਰ ਨਾਲ ਬਾਬਾ ਜੀ ਦਾ ਸੀਸ ਧੜ ਨਾਲੋਂ ਵੱਖ ਹੋ ਗਿਆ। ਨਾਲ ਦੇ ਇੱਕ ਸਿੰਘ ਨੇ ਜਦੋਂ ਬਾਬਾ ਦੀਪ ਸਿੰਘ ਨੂੰ ਅਰਦਾਸ ਸਮੇਂ ਕੀਤਾ ਹੋਇਆ ਪ੍ਰਣ ਯਾਦ ਕਰਵਾਇਆ ਤਾਂ ਉਹ ਕੱਟੇ ਹੋਏ ਸੀਸ ਨੂੰ ਆਪਣੇ ਖੱਬੇ ਹੱਥ ਦਾ ਆਸਰਾ ਦੇ ਕੇ ਸੱਜੇ ਹੱਥ ਵਿਚ ਫੜੇ ਖੰਡੇ ਨਾਲ ਦੁਸ਼ਮਣਾਂ ਦੇ ਆਹੂ ਲਾਹੁਣ ਲੱਗੇ। ਆਪਣਾ ਕੀਤਾ ਪ੍ਰਣ ਨਿਭਾ ਕੇ ਬਾਬਾ ਦੀਪ ਸਿੰਘ ਨੇ ਆਪਣਾ ਸੀਸ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਭੇਟ ਕਰ ਦਿੱਤਾ। 11 ਨਵੰਬਰ 1760 ਈæ ਨੂੰ ਉਹ ਸ਼ਹਾਦਤ ਦਾ ਜਾਮ ਪੀ ਗਏ।