ਇਕ ਅਧੂਰੀ ਕਹਾਣੀ

ਅੱਜ ਕੱਲ੍ਹ ਅਮਰੀਕਾ ਵੱਸਦੀ ਹਿੰਦੀ ਲੇਖਕਾ ਸੁਸ਼ਮ ਬੇਦੀ ਦਾ ਜਨਮ ਫਿਰੋਜ਼ਪੁਰ ਵਿਚ ਹੋਇਆ। ਉਨ੍ਹਾਂ ਦੇ ਕਈ ਕਹਾਣੀ ਸੰਗ੍ਰਹਿ, ਨਾਵਲ, ਕਾਵਿ ਸੰਗ੍ਰਹਿ ਤੇ ਆਤਮ ਕਥਾ ਆਦਿ ਕਈ ਰਚਨਾਵਾਂ ਛਪ ਚੁੱਕੀਆਂ ਹਨ। ਇਨ੍ਹਾਂ ਵਿਚੋਂ ਕਈ ਰਚਨਾਵਾਂ ਦਾ ਅੰਗਰੇਜ਼ੀ, ਫਰਾਂਸੀਸੀ, ਡੱਚ, ਬੰਗਲਾ, ਉੜੀਆ, ਆਸਾਮੀ, ਪੰਜਾਬੀ ਤੇ ਉਰਦੂ ਵਿਚ ਅਨੁਵਾਦ ਹੋਇਆ ਹੈ।

‘ਇਕ ਅਧੂਰੀ ਕਹਾਣੀ’ ਵਿਚ ਉਨ੍ਹਾਂ ਅਮਰੀਕੀ ਸਮਾਜ ਦੀਆਂ ਤਹਿਆਂ ਹੇਠ ਲਗਾਤਾਰ ਸੁਲਗਦੇ ਅਤੇ ਅਕਸਰ ਭਾਂਬੜ ਬਣ-ਬਣ ਮੱਚਦੇ ਨਸਲੀ ਵਿਤਕਰੇ ਦੀ ਕਥਾ ਬਹੁਤ ਭਾਵਕ ਢੰਗ ਨਾਲ ਬਿਆਨ ਕੀਤੀ ਹੈ। -ਸੰਪਾਦਕ

ਮੂਲ: ਸੁਸ਼ਮ ਬੇਦੀ
ਤਰਜਮਾ: ਸੁਖਪਾਲ ਸਿੰਘ ਹੁੰਦਲ

ਉਹ ਮੈਨੂੰ ਅਚਾਨਕ ਹੀ ਮਿਲਿਆ ਸੀ ਤੇ ਉਹ ਵੀ ਉਮਰ ਦੇ ਇਸ ਪੜਾਅ ‘ਤੇ, ਜਦੋਂ ਮੈਨੂੰ ਕਿਸੇ ਮਰਦ ਦੀ ਤਲਾਸ਼ ਨਹੀਂ ਸੀ। ਮੈਂ ਇਕਾਂਤ ਵਿਚ ਰਮ ਚੁੱਕੀ ਸੀ ਤੇ ਮੇਰੇ ਜੀਵਨ ਦਾ ਕੇਂਦਰ ਸਿਰਫ ਮੇਰੀ ਲੇਖਣੀ ਹੀ ਸੀæææ। ਉਹ ਮੈਨੂੰ ਮਿਲਿਆ ਵੀ ਲੇਖਣੀ ਦੇ ਰਾਹੀਂ ਸੀ।
ਮੇਰਾ ਨਾਵਲ ਪੜ੍ਹ ਕੇ ਸੰਪਰਕ ਕੀਤਾ। ਉਹਨੇ ਮੈਨੂੰ ਚਿੱਠੀ ਭੇਜੀ, ਮਿਲਣ ਦੀ ਇੱਛਾ ਜ਼ਾਹਿਰ ਕੀਤੀ ਤੇ ਫਿਰ ਫੋਨ ਕੀਤਾ। ਇੰਨੀ ਦੂਰ ਆਉਣ ਦੀ ਕੀ ਲੋੜ ਐ? ਕੋਈ ਦੂਰੋਂ ਆ ਰਿਹਾ ਹੋਵੇ ਤਾਂ ਮੇਰੇ ਉਤੇ ਬੋਝ ਪੈ ਜਾਂਦਾ ਐ, ਹਿੰਦੁਸਤਾਨੀ ਆਦਤਾਂ ਜਾਂਦੀਆਂ ਨਹੀਂ। ਮਹਿਮਾਨ-ਨਿਵਾਜ਼ੀ ਆਦਿ।
ਮੈਂ ਸੋਚਿਆ, ਇੰਨੀ ਦੂਰ ਨਿਊ ਯਾਰਕ ਆ ਕੇ ਮਿਲਣ ਦੀ ਕੀ ਜ਼ਰੂਰਤ ਸੀ। ਕਦੇ ਕਿਤੇ ਜਾਵਾਂਗੀ ਤਾਂ ਮਿਲ ਲੈਣਾ,
ਪਰ ਉਹਨੇ ਤਾਂ ਮਿਲ ਕੇ ਹੀ ਗੱਲ ਕਰਨੀ ਸੀ, ਆਉਣ ਦਾ ਕਸ਼ਟ ਉਠਾਉਣਾ ਹੀ ਸੀ। ਹਾਂ ਕਰਨੀ ਪਈ, ਸਮਾਂ ਦੇਣਾ ਹੀ ਪਿਆ, ਪਰ ਉਹ ਘਰ ਨਹੀਂ ਆਇਆ, ਹੋਟਲ ਵਿਚ ਰੁਕਿਆ ਤੇ ਮੈਨੂੰ ਫੋਨ ਕੀਤਾ।
“ਤੁਸੀਂ ਮੈਨੂੰ ਲੰਚ ‘ਤੇ ਰੈਸਤਰਾਂ ਵਿਚ ਮਿਲੋ, ਪਤਾ ਦੇ ਦਿੰਦਾ ਹਾਂæææਉਸ ਰੈਸਤਰਾਂ ਦਾ ਖਾਣਾ ਵਧੀਆ ਹੁੰਦਾ ਐ।”
“ਠੀਕ।”
ਮੇਰੇ ਰੈਸਤਰਾਂ ਵਿਚ ਦਾਖਲ ਹੁੰਦਿਆਂ ਹੀ ਇਕ ਨੌਜਵਾਨ ਉਠ ਕੇ ਮੇਰੇ ਵੱਲ ਵਧਿਆ, ਤਾਂ ਮੈਂ ਸਮਝ ਗਈ ਕਿ ਇਹੋ ਉਹ ਸ਼ਖਸ ਹੋਵੇਗਾ ਜਿਸ ਨੂੰ ਮੈਂ ਮਿਲਣ ਆਈ ਆਂ। ਉਹਦਾ ਵਧਿਆ ਹੋਇਆ ਹੱਥ ਦੇਖ ਕੇ ਮੈਂ ਵੀ ਹੱਥ ਵਧਾ ਦਿੱਤਾ।
“ਰਾਜਾ।”
ਮੈਂ ਧਿਆਨ ਕੀਤਾ ਤਾਂ ਉਹ ਮੈਨੂੰ ਆਪਣੇ ਨਾਲੋਂ ਉਮਰ ਵਿਚ ਘੱਟੋ-ਘੱਟ ਦਸ ਸਾਲ ਛੋਟਾ ਜਾਪਿਆ।
ਸੱਠ ਸਾਲ ਦੀ ਉਮਰ ਵਿਚ ਪਹੁੰਚ ਕੇ ਹੁਣ ਜ਼ਿਆਦਾਤਰ ਮਿਲਣ ਵਾਲੇ ਮੈਥੋਂ ਘੱਟ ਉਮਰ ਦੇ ਹੀ ਹੁੰਦੇ ਐ। ਸੋ, ਇਹ ਕੋਈ ਨਵੀਂ ਗੱਲ ਨਹੀਂ ਲੱਗੀ। ਉਂਝ ਆਪਣੇ ਤੋਂ ਛੋਟੀ ਉਮਰ ਵਾਲਿਆਂ ਵਿਚ ਇਕ ਦਮਖਮ, ਇਕ ਊਰਜਾ ਹੁੰਦੀ ਹੈ ਜਿਸ ਦੀ ਤਲਾਸ਼ ਮੈਨੂੰ ਹਮੇਸ਼ਾ ਰਹਿੰਦੀ ਐ।
“ਤੁਸੀਂ ਜਾਣਦੇ ਓ ਨਾ ਕਿ ਮੈਂ ਤੁਹਾਨੂੰ ਕਿਉਂ ਮਿਲਣਾ ਚਾਹੁੰਨਾਂ?”
“ਤੁਸੀਂ ਸ਼ਾਇਦ ਆਪਣੇ ਪੱਤਰ ਵਿਚ ਕੁਝ ਇਸ਼ਾਰਾ ਕੀਤਾ ਸੀ, ਪਰ ਮੈਨੂੰ ਧਿਆਨ ਨਹੀਂ।”
“ਮੈਂ ਤੁਹਾਨੂੰ ਇਕ ਕਹਾਣੀ ਦੇਣੀ ਚਾਹੁੰਦਾ ਹਾਂ।”
“ਮੈਨੂੰ? ਕਿਉਂ?”
“ਕਿਉਂਕਿ ਤੁਸੀਂ ਜਿਸ ਤਰ੍ਹਾਂ ਲਿਖਦੇ ਹੋ, ਸ਼ਬਦਾਂ ਦਾ ਸਹੀ ਇਸਤੇਮਾਲ ਕਰਦੇ ਓ, ਬਹੁਤ ਪਾਰਦਰਸ਼ੀ ਤੇ ਦਲੀਲ ਵਾਲਾ ਹੁੰਦਾ ਐ। ਲੱਗਦੈ ਜਿਵੇਂ ਗੱਲ ਹੋਰ ਕਿਸੇ ਢੰਗ ਨਾਲ ਕਹੀ ਹੀ ਨਾ ਜਾ ਸਕਦੀ ਹੋਵੇ। ਉਹ ਕਹਿਣਗੇ, ਤਾਂ ਕੁਝ ਹੋਰ ਭਾਵੇਂ ਹੋ ਜਾਵੇ, ਪਰ ਉਸ ਤਰ੍ਹਾਂ ਵਾਪਰੀ ਨਹੀਂ ਹੁੰਦੀ। ਜੋ ਅਸਰ ਤੁਹਾਡੀ ਗੱਲ ਵਿਚ ਹੈ, ਉਸ ਦਾ ਕੋਈ ਸਾਨੀ ਨਹੀਂ।”
“ਲੱਗਦੈ ਤੁਸੀਂ ਕੇਵਲ ਮੈਨੂੰ ਪੜ੍ਹਿਐ?” ਉਹਨੇ ਮੇਰੀ ਟਿੱਪਣੀ ਨੂੰ ਸੁਣੀ-ਅਣਸੁਣੀ ਕਰ ਦਿੱਤਾ।
“ਫਿਰ ਤੁਹਾਡੇ ਪਾਤਰ ਇੰਜ ਲਗਦੇ ਨੇ, ਜਿਵੇਂ ਜਿਉਂਦੇ ਜਾਗਦੇ ਇਨਸਾਨ ਹੁੰਦੇ ਨੇ। ਲਗਦੈ, ਜਿਵੇਂ ਜਿਉਂਦੇ ਜਾਗਦੇ ਸਾਹਮਣੇ ਖਲੋਤੇ ਹੋਣ। ਜੋ ਚਰਿੱਤਰ ਮੈਂ ਤੁਹਾਨੂੰ ਦੇਣਾ ਚਾਹੁੰਦਾ ਹਾਂ, ਉਹਦੀ ਰੂਹ ਨੂੰ ਕੇਵਲ ਤੁਸੀਂ ਹੀ ਫੜ ਸਕਦੇ ਓ।”
“ਦੇਖੋ, ਮੈਂ ਤੁਹਾਡੇ ਨਾਲ ਕੋਈ ਵਾਅਦਾ ਨਹੀਂ ਕਰ ਸਕਦੀ ਕਿ ਤੁਹਾਡੀ ਦੱਸੀ ਹੋਈ ਕਹਾਣੀ ਲਿਖ ਸਕਾਂ। ਮੈਂ ਇੰਜ ਲਿਖਦੀ ਨਹੀਂ। ਜਦੋਂ ਕੁਝ ਮੇਰੇ ਅੰਦਰੋਂ ਉਠਦੈ, ਮੈਂ ਤਦੇ ਲਿਖਦੀ ਆਂ।”
“ਪਰ ਮੈਂ ਜੋ ਕਹਾਣੀ ਤੁਹਾਨੂੰ ਦੇਣਾ ਚਾਹੁੰਦਾ ਹਾਂ, ਉਹ ਤਾਂ ਤੁਹਾਡੇ ਇਸ ਅਮਰੀਕੀ ਸਮਾਜ ਦੀ ਹੀ ਐ। ਇਥੋਂ ਦੀ ਇਕ ਬਦਸੂਰਤ ਸੱਚਾਈ, ਤੁਸੀਂ ਵੀ ਤਾਂ ਕੁਝ ਮਹਿਸੂਸ ਕੀਤਾ ਹੋਵੇਗਾ।”
ਮੈਂ ਉਹਦੇ ਵੱਲ ਸਵਾਲੀਆ ਨਜ਼ਰਾਂ ਨਾਲ ਤੱਕਦੀ ਰਹੀ ਤੇ ਉਹਨੇ ਆਪਣੀ ਗੱਲ ਜਾਰੀ ਰੱਖੀ, “ਅੱਛਾ! ਕੀ ਕਦੇ ਤੁਸੀਂ ਮਹਿਸੂਸ ਕੀਤੈ ਕਿ ਇਥੇ ਪੁਲਿਸ ਹੱਥੋਂ ਜਦੋਂ ਵੀ ਕੋਈ ਜਵਾਨ ਮਾਰਿਆ ਜਾਂਦੈ ਤਾਂ ਉਹ ਕਾਲਾ ਹੀ ਕਿਉਂ ਹੁੰਦੈ?”
ਉਹਦੀ ਆਵਾਜ਼ ਵਿਚ ਡੂੰਘੀ ਸੱਟ ਸੁਣਾਈ ਦੇ ਰਹੀ ਸੀ। ਮੈਂ ਚੌਂਕ ਗਈ। ਇਹ ਆਦਮੀ ਤਾਂ ਹਿੰਦੁਸਤਾਨੀ ਮੂਲ ਦਾ ਐ, ਫਿਰ ਇਹਨੂੰ ਕਾਲਿਆਂ ਨਾਲ ਹਮਦਰਦੀ ਕਿਉਂ! ਅਜਿਹਾ ਮੈਂ ਬਹੁਤ ਘੱਟ ਵੇਖਿਆ ਜਾਂ ਸੁਣਿਆ ਸੀ। ਆਪਣੇ ‘ਇਸ ਲੋਕ’ ਨੂੰ ਸੁਧਾਰਨ ਲਈ ਇਥੇ ਆਉਣ ਵਾਲੇ ਸਾਰੇ ਭਾਰਤੀ, ਗੋਰਿਆਂ ਵਰਗਾ ਜੀਵਨ ਜੀਣ ਦੀ ਹੀ ਰੀਝ ਰੱਖਦੇ ਨੇ ਤੇ ਉਨ੍ਹਾਂ ਵਰਗਾ ਹੀ ਬਣਨ ਦੀ ਕਾਮਨਾ ਕਰਦੇ ਨੇ, ਤੇ ਕਾਲੀ ਲੋਕਾਈ ਨੂੰ ਉਸੇ ਤਰ੍ਹਾਂ ਦੇਖ ਕੇ ਵੀ ਅਣਡਿੱਠ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿਵੇਂ ਗੋਰੇ ਲੋਕ। ਉਨ੍ਹਾਂ ਦਾ ਦੋਸਤੀ ਦਾ ਹੱਥ ਵੀ ਗੋਰਿਆਂ ਵੱਲ ਹੀ ਵਧਦੈ। ਉਹ ਉਨ੍ਹਾਂ ਹੀ ਘਰਾਂ ਜਾਂ ਇਮਾਰਤਾਂ ਵਿਚ ਰਹਿਣਾ ਪਸੰਦ ਕਰਦੇ ਨੇ ਜਿਥੇ ਗੋਰੇ ਰਹਿੰਦੇ ਹੋਣ। ਉਹ ਉਹੋ ਜਿਹੀਆਂ ਹੀ ਨੌਕਰੀਆਂ ਕਰਨੀਆਂ ਪਸੰਦ ਕਰਦੇ ਨੇ ਜਿਵੇਂ ਅਮਰੀਕੀ ਗੋਰੇ। ਉਨ੍ਹਾਂ ਹੀ ਯੂਨੀਵਰਸਿਟੀਆਂ, ਕਾਲਜਾਂ ਵਿਚ ਪੜ੍ਹਨਾ ਪਸੰਦ ਕਰਦੇ ਨੇ ਜਿਥੇ ਜ਼ਿਆਦਾਤਰ ਗੋਰੇ ਪੜ੍ਹਦੇ ਨੇ।
“ਜਾਣਦੀ ਆਂ। ਨਿਊ ਯਾਰਕ ਵਰਗੇ ਸ਼ਹਿਰ ਵਿਚ ਰੰਗ-ਭੇਦ ਪ੍ਰਤੀ ਜਿਹੋ ਜਿਹੀ ਸਹਿਣਸ਼ੀਲਤਾ ਵੇਖਣ ਨੂੰ ਮਿਲਦੀ ਹੈ, ਉਹੋ ਜਿਹੀ ਅਮਰੀਕਾ ਵਿਚ ਹੋਰ ਕਿਤੇ ਨਹੀਂ। ਹਰ ਰੋਜ਼ ਬਾਹਰ ਵਾਲਿਆਂ ਨਾਲ ਵਾਹ ਪੈਂਦੈ, ਆਦੀ ਹੋ ਜਾਂਦੇ ਆਂ। ਫਰਕ ਹੋਣਾ ਸੁਭਾਵਕ ਲੱਗਣ ਲੱਗ ਪੈਂਦੈ, ਪਰ ਇਥੇ ਗੋਰਾ ਰੰਗ ਹੀ ਆਮ ਹੈæææਉਂਜ ਦੱਖਣ ਦੀ ਗੱਲ ਕੁਝ ਹੋਰ ਐ। ਉਨ੍ਹਾਂ ਲੋਕਾਂ ਨੇ ਸਦੀਆਂ ਤੱਕ ਕਾਲਿਆਂ ਨੂੰ ਦਾਸ ਬਣਾ ਕੇ ਰੱਖਿਐ। ਉਹ ਉਨ੍ਹਾਂ ਲਈ ਇਨਸਾਨ ਨਹੀਂ, ਖੇਤਾਂ ਵਿਚ ਜੁਤਣ ਵਾਲੇ ਪਸ਼ੂ ਸਨ, ਜਾਂ ਭਾਰ ਢੋਣ ਵਾਲੇ ਖੋਤੇ। ਉਨ੍ਹਾਂ ਨੂੰ ਇਨ੍ਹਾਂ ਦਾਸਾਂ ਵਿਚ ਨਾ ਤਾਂ ਕੋਈ ਮਾਨਵਤਾ ਦਿੱਸਦੀ ਸੀ ਤੇ ਨਾ ਹੀ ਉਹ ਉਨ੍ਹਾਂ ਵਿਚ ਮਹਿਸੂਸ ਕਰਨ ਜਾਂ ਦੇਖ ਸਕਣ ਦੀ ਸਮਰੱਥਾ ਸਮਝਦੇ ਸਨ। ਅਮਰੀਕਾ ਦਾ ਇਹ ਕਾਲਾ ਇਤਿਹਾਸ ਆਮ ਤੌਰ ‘ਤੇ ਉਸ ਦੇ ਅੱਜ, ਵਰਤਮਾਨ ‘ਤੇ ਹਾਵੀ ਹੋ ਜਾਂਦੈ। ਗੋਰੇ ਇਨ੍ਹਾਂ ਨੂੰ ਬਰਾਬਰ ਦੇ ਹੱਕਦਾਰ ਮੰਨ ਹੀ ਨਹੀਂ ਪਾਉਂਦੇ, ਕਾਨੂੰਨ ਭਾਵੇਂ ਕਿੰਨਾ ਵੀ ਕਾਲਿਆਂ ਦੇ ਹੱਕ ਵਿਚ ਹੋਵੇ! ਅਜੀਬ ਗੱਲ ਐ ਨਾ, ਇਕ ਪਾਸੇ ਤਾਂ ਇਨਸਾਨ ਦੀ ਆਜ਼ਾਦੀ ਤੇ ਬਰਾਬਰੀ ਦੇ ਮੂਲ ਸਿਧਾਂਤਾਂ ‘ਤੇ ਇਸ ਮੁਲਕ ਦੀ ਨੀਂਹ ਰੱਖੀ ਗਈ ਐ ਅਤੇ ਇਸੇ ਅਸੂਲ-ਨਿਯਮ ਨਾਲ ਇਸ ਨੂੰ ਆਜ਼ਾਦੀ ਮਿਲੀ ਹੈ, ਪਰ ਬਹੁਤੇ ਲੋਕ ਆਪਣੀ ਨਸਲ ਨੂੰ ਉਚੀ ਸਮਝਦੇ ਨੇ। ਤੁਹਾਨੂੰ ਪਤਾ ਹੈ ਕਿ ਜਦੋਂ ਇਥੇ ਸੰਵਿਧਾਨ ਤਿਆਰ ਹੋ ਰਿਹਾ ਸੀ, ਤੇ ਮੂਲ ਹੱਕਾਂ-ਅਧਿਕਾਰਾਂ, ਆਜ਼ਾਦੀ ਸੁਤੰਤਰਤਾ ਤੇ ਬਰਾਬਰੀ-ਸਮਾਨਤਾ ਦੀ ਨੀਂਹ ਰੱਖੀ ਜਾ ਰਹੀ ਸੀ ਤਾਂ ਇਹ ਸਵਾਲ ਵੀ ਉਠਿਆ ਸੀ ਕਿ ਕੀ ਅਸੀਂ ਆਪਣੇ ਕਾਲੇ ਦਾਸਾਂ ਨੂੰ ਵੀ ਉਹੋ ਸੁਤੰਤਰਤਾ ਦੇਈਏ ਜਿਹੜੀ ਅਸੀਂ ਆਪਣੇ ਲਈ ਜਾਂ ਮਾਨਵ ਜਾਤੀ ਲਈ ਮੰਗ ਰਹੇ ਹਾਂ। ਅਖੀਰ ਵਿਚ ਇਸ ਤਰ੍ਹਾਂ ਦਾ ਫੈਸਲਾ ਹੋਇਆ ਕਿ ਜਿਹੜੇ ਸਮਾਜ ਦੇ ਮੈਂਬਰ ਹਨ, ਉਨ੍ਹਾਂ ਲਈ ਹੀ ਸੁਤੰਤਰਤਾ ਤੇ ਸਮਾਨਤਾ ਦੇ ਅਧਿਕਾਰ ਹਨ, ਇਹ ਕਾਲੇ ਦਾਸ ਕਿਸੇ ਸਮਾਜ ਦੇ ਮੈਂਬਰ ਨਹੀਂ ਹਨ। ਕਿਹੋ ਜਿਹਾ ਘੋਰ ਅਨਿਆਂ ਕਿ ਜਿਵੇਂ ਉਹ ਇਨਸਾਨ ਹੀ ਨਹੀਂ ਸਨ! ਕਿਸੇ ਸਮਾਜ ਦੇ ਮੈਂਬਰ ਨਹੀਂ ਸਨ। ਉਹ ਕੋਈ ਜੰਗਲੀ ਜਾਨਵਰ ਜਾਂ ਵਣ-ਮਾਨਸ ਸਨ।”
“ਤੁਸੀਂ ਕੇਵਲ ਦੱਖਣੀ ਅਮਰੀਕਾ ਦੀ ਗੱਲ ਕਰ ਰਹੇ ਓ, ਪਰ ਦੇਖੋ, ਉਂਜ ਅਮਰੀਕਾ ਦੇ ਉਤਰ ਵਿਚ ਜ਼ਬਾਨੀ ਸੰਵੇਦਨਾ ਤੇ ਹਮਦਰਦੀ ਤਾਂ ਖੂਬ ਦਿਖਾਈ ਜਾਂਦੀ ਐ, ਪਰ ਅਸਲ ਵਿਚ ਇਹ ਲੋਕ ਕਾਲਿਆਂ ਨੂੰ ਐਨ ਆਪਣੇ ਬਰਾਬਰ ਸਮਝਣ ਵਿਚ ਆਪਣੀ ਹੇਠੀ ਮੰਨਦੇ ਹਨ। ਤੁਸੀਂ ਵੇਖਦੇ ਹੋ, ਜਿਥੇ-ਜਿਥੇ ਕਾਲੇ ਘਰ ਖਰੀਦਦੇ ਨੇ, ਉਥੋਂ ਗੋਰੇ ਨਿਕਲ ਜਾਂਦੇ ਨੇ। ਇਸ ਨਾਲ ਤਾਂ ਸਾਡੀਆਂ ਸਾਰਿਆਂ ਦੀਆਂ ਸ਼ਕਲਾਂ ਬਦਲ ਜਾਂਦੀਆਂ ਨੇ, ਜਾਇਦਾਦ ਦੀਆਂ ਕੀਮਤਾਂ ਡਿੱਗ ਜਾਂਦੀਆਂ ਨੇ ਕਿ ਇਥੇ ਤਾਂ ਕਾਲੇ ਜ਼ਿਆਦਾ ਰਹਿੰਦੇ ਨੇ। ਉਪਰੋਂ ਸਭਿਅਕ ਦਿਸਦੇ ਹੋਏ ਵੀ ਅਸੀਂ ਫਰਕ-ਭੇਦਭਾਵ ਘੱਟ ਤਾਂ ਨਹੀਂ ਕੀਤੇ।”
ਮੈਂ ਕਿਹਾ, “ਅਸੀਂ ਹਿੰਦੁਸਤਾਨੀ ਕਿਹੜਾ ਘੱਟ ਆਂ। ਸਾਡੇ ਵਿਚ ਕਿਹੜਾ ਗੋਰੇ ਕਾਲੇ ਦਾ ਫਰਕ ਕਰਨਾ ਘੱਟ ਹੈ! ਅਸੀਂ ਵੀ ਗੋਰਿਆਂ ਨਾਲ ਹੀ ਉਠਣਾ-ਬੈਠਣਾ ਪਸੰਦ ਕਰਦੇ ਹਾਂ, ਉਨ੍ਹਾਂ ਨਾਲ ਦੋਸਤੀ ‘ਤੇ ਮਾਣ ਕਰਦੇ ਹਾਂ। ਗੋਰੀ ਵਹੁਟੀ ਤਾਂ ਸ਼ੌਕ ਨਾਲ ਘਰ ਲੈ ਆਉਂਦੇ ਹਾਂ, ਹਿੰਦੁਸਤਾਨੀ ਕਾਲੀ ‘ਤੇ ਨੱਕ ਬੁੱਲ੍ਹ ਚਾੜ੍ਹਦੇ ਹਾਂ। ਇਸ ਰੰਗ ਦੇ ਅਹਿਸਾਸ ਤੋਂ ਤਾਂ ਅਸੀਂ ਵੀ ਉਪਰ ਉਠਣਾ ਹੈ।”
“ਬੱਸ ਤੁਸੀਂ ਮੇਰੀ ਗੱਲ ਨੂੰ ਸਮਝੋਗੇ, ਮੈਂ ਤੁਹਾਨੂੰ ਹੀ ਦੇਣੀ ਚਾਹੁੰਦਾ ਹਾਂ ਇਹ ਕਹਾਣੀ। ਪਲੀਜ਼ ਤੁਸੀਂ ਜ਼ਰੂਰ ਲਿਖੋ।”
“ਉਹ ਤਾਂ ਖੈਰ ਮੈਂ ਦੇਖ ਲਵਾਂਗੀ, ਪਰ ਤੁਸੀਂ ਤਾਂ ਹਿੰਦੁਸਤਾਨੀ ਲੱਗਦੇ ਓ। ਤੁਸੀਂ ਕਿਸੇ ਕਾਲੇ ਬਾਰੇæææ।”
“ਮੈਂ ਬਹੁਤ ਛੋਟਾ ਹੁੰਦਾ ਹੀ ਇਥੇ ਪਹੁੰਚ ਗਿਆ ਸੀ। ਇਥੇ ਹੀ ਵੱਡਾ ਹੋਇਆ ਹਾਂ। ਮੇਰਾ ਆਪਣਾ ਰੰਗ ਵੀ ਤਾਂ ਇੰਨਾ ਸਾਂਵਲਾ ਹੈ ਕਿ ਲੋਕ ਕਈ ਵਾਰ ਮੈਨੂੰ ਉਨ੍ਹਾਂ ਵਿਚ ਹੀ ਗਿਣ ਲੈਂਦੇ ਨੇ। ਬੱਸ ਮੇਰੇ ਵਾਲ ਘੁੰਗਰਾਲੇ ਨਹੀਂ ਹਨ।”
“ਸਹੀ।”
“ਮੇਰੇ ਮਾਂ-ਬਾਪ ਅਫਰੀਕਾ ਤੋਂ ਹੀ ਇਥੇ ਆਏ ਸਨ। ਮੈਂ ਚਾਰ-ਪੰਜ ਸਾਲ ਦਾ ਹੋਵਾਂਗਾ, ਜਦੋਂ ਉਹ ਕੀਨੀਆ ਤੋਂ ਮਿਜ਼ੂਰੀ ਆਏ ਸਨ। ਤੁਹਾਨੂੰ ਸ਼ਾਇਦ ਇਹ ਮਹਿਸੂਸ ਨਹੀਂ ਹੋਇਆ, ਕਿਉਂਕਿ ਤੁਸੀਂ ਮੇਰੇ ਹਿੰਦੁਸਤਾਨੀ ਨਾਮ ਤੋਂ ਜਾਣੂ ਹੋ। ਨਾਮ ਹਟਾ ਕੇ ਵੇਖੋ ਤਾਂæææਮੇਰੇ ਮਾਂ-ਬਾਪ ਮਿਜ਼ੂਰੀ ਵਿਚ ਹੀ ਟਿਕ ਗਏ, ਪਰ ਸਕੂਲ ਵਿਚ ਗਿਆ ਤਾਂ ਦੋਸਤੀਆਂ ਵੀ ਕਾਲਿਆਂ ਨਾਲ ਹੀ ਹੁੰਦੀਆਂ ਸਨ। ਉਨ੍ਹਾਂ ਦੇ ਨਾਲ ਹੀ ਮੈਨੂੰ ਆਪਣਾਪਣ ਲੱਗਦਾ ਸੀ। ਆਖਰਕਾਰ ਰੰਗ ਤਾਂ ਗੋਰਾ ਮੇਰਾ ਹੈ ਨਹੀਂ ਸੀ।”
ਅਸੀਂ ਇੰਨੀ ਦੇਰ ਤੱਕ ਗੱਲਾਂ ਕਰਦੇ ਰਹੇ ਕਿ ਰੈਸਤਰਾਂ ਬੰਦ ਹੋਣ ਦਾ ਸਮਾਂ ਹੋ ਗਿਆ। ਮੈਂ ਬੈਰੇ ਦੇ ਚਿਹਰੇ ‘ਤੇ ਬੇਚੈਨੀ ਮਹਿਸੂਸ ਕੀਤੀ, ਉਹ ਕਹਿ ਰਿਹਾ ਸੀ ਕਿ ਕੁਝ ਹੋਰ ਚਾਹੀਦੈ ਜਾਂ ਬਿੱਲ ਲੈ ਆਵੇ। ਮੈਨੂੰ ਚੰਗਾ ਨਹੀਂ ਲੱਗਾ ਕਿ ਮੇਜ਼ਬਾਨ ਨੂੰ ਕਿਸੇ ਪਰੇਸ਼ਾਨੀ ਵਿਚ ਪਾਵਾਂ, ਸੋ ਝੱਟ ਕਹਿ ਦਿੱਤਾ, “ਲੈ ਆਵੋ ਚੈਕ।”
ਇਥੇ ਬਿੱਲ ਨੂੰ ਚੈਕ ਕਹਿੰਦੇ ਨੇ।
“ਤੁਸੀਂ ਚਾਹੋ ਤਾਂ ਮੇਰੇ ਘਰ ਚੱਲ ਸਕਦੇ ਓ। ਗੱਲਬਾਤ ਉਥੇ ਚੱਲਦੀ ਰਵ੍ਹੇਗੀ।”
ਉਹ ਥੋੜ੍ਹਾ ਜਿਹਾ ਚੌਂਕ ਗਿਆ। ਪਹਿਲਾਂ ਮੈਂ ਜਾਣਬੁੱਝ ਕੇ ਉਹਨੂੰ ਘਰ ਨਹੀਂ ਸੀ ਬੁਲਾਇਆ, ਅਣਜਾਣੇ ਬੰਦਿਆਂ ਨੂੰ ਮੈਂ ਘਰ ਨਹੀਂ ਬੁਲਾਉਂਦੀ, ਪਰ ਹੁਣ ਉਹ ਮੈਨੂੰ ਬਹੁਤ ਦਇਆਵਾਨ ਜਿਹਾ ਇਨਸਾਨ ਜਾਪਿਆ ਜਿਹੜਾ ਆਪਣੇ ਲਈ ਨਹੀਂ, ਕਿਸੇ ਹੋਰ ਲਈ ਸੋਚ ਰਿਹਾ ਸੀ। ਮੈਨੂੰ ਇਹੋ ਜਿਹੇ ਲੋਕ ਬਹੁਤ ਘੱਟ ਮਿਲਦੇ ਨੇ। ਜਿਸ ਤਰ੍ਹਾਂ ਦੇ ਲੇਖਕਾਂ ਨੂੰ ਮੈਂ ਮਿਲਦੀ ਹਾਂ, ਉਨ੍ਹਾਂ ਨੂੰ ਮਿਲ ਕੇ ਹਮੇਸ਼ਾ ਇਹੋ ਮਹਿਸੂਸ ਹੁੰਦਾ ਐ ਕਿ ਲੇਖਕ ਸਵਾਰਥੀ ਜੀਵ ਹੁੰਦੇ ਨੇ। ਮੇਰਾ ਆਪਣੇ ਵੱਲ ਧਿਆਨ ਜਾਂਦੈ। ਹਮੇਸ਼ਾ ਆਪਣੀਆਂ ਜ਼ਰੂਰਤਾਂ ਦਾ ਧਿਆਨ ਰੱਖਦੀ ਆਂ, ਆਪਣੇ ਸਮੇਂ ਵੱਲੋਂ ਕੰਜੂਸੀ, ਆਪਣੇ ਸਾਧਨਾਂ ਦੀ ਬੱਚਤ ਕਿ ਬੱਸ ਕੁਝ ਨਾ ਕਰਨਾ ਪਵੇ, ਦੁਨੀਆਂ ਦਾ ਸਾਰਾ ਸਮਾਂ ਸਿਰਫ ਲਿਖਣ ਵਿਚ ਲਗਾ ਦੇਵਾਂ। ਉਂਜ ਦੇਖਿਆ ਜਾਵੇ ਤਾਂ ਕਿਸੇ ਨੂੰ ਕੀ ਫਰਕ ਪੈਂਦੈ ਕਿ ਫਲਾਣੀ ਕਿਤਾਬ ਤੁਸੀਂ ਲਿਖੀ ਜਾਂ ਕਿਸੇ ਹੋਰ ਨੇ। ਦੁਨੀਆਂ ਤੁਹਾਡੇ ਲਿਖਣ ਨਾਲ ਤਾਂ ਚੱਲਦੀ ਨਹੀਂ, ਨਾ ਰੁਕਦੀ ਐ। ਫਿਰ ਮਾਰਕਸ ਅਤੇ ਫਰਾਇਡ ਨੇ ਦੁਨੀਆਂ ਵਿਚ ਕਿੰਨਾ ਕੁ ਫਰਕ ਪਾ ਦਿੱਤਾ? ਇਹ ਕਹਾਣੀਆਂ, ਕਵਿਤਾਵਾਂ, ਨਾਵਲ ਲਿਖ ਕੇ ਭਲਾ ਅਸੀਂ ਦੁਨੀਆਂ ਨੂੰ ਕੀ ਦੇ ਦੇਵਾਂਗੇ! ਤੇ ਘੁਮੰਡ ਇੰਨਾ ਕਿ ਸਾਨੂੰ ਪੂਜੋ, ਸਨਮਾਨ ਕਰੋ ਸਾਡਾ, ਕਿ ਅਸੀਂ ਫਲਾਣੀ ਕਿਤਾਬ ਲਿਖੀ ਹੈ, ਫਲਾਣੀ ਗੱਲ ਕਹਿ ਦਿੱਤੀ ਜੋ ਪਹਿਲਾਂ ਕਿਸੇ ਨੇ ਨਹੀਂ ਕਹੀ। ਆਪਣੀਆਂ ਸਰਕਾਰਾਂ ਤੋਂ ਮੰਗ ਕਰਦੇ ਹਾਂ ਕਿ ਕਿਉਂ ਨਹੀਂ ਕਲਾਵਾਂ ਦੇ ਵਿਕਾਸ ਲਈ ਕੁਝ ਕਰਦੀਆਂ। ਜਨਤਾ ਭਾਵੇਂ ਕਿੰਨੀ ਵੀ ਗਰੀਬੀ ਕਿਉਂ ਨਾ ਭੋਗ ਰਹੀ ਹੋਵੇ, ਸਾਡੇ ਲਈ ਖਰਚਾ ਜ਼ਰੂਰ ਕੱਢਣਾ ਚਾਹੀਦੈ; ਤੇ ਜਦੋਂ ਕਿਸੇ ਨੂੰ ਇਨਾਮ ਮਿਲ ਜਾਵੇ ਤਾਂ ਅਸੀਂ ਸੜ-ਭੁੱਜ ਕੇ ਸੁਆਹ ਹੋ ਜਾਂਦੇ ਹਾਂ ਜਾਂ ਫਿਰ ਦਾਅਵਾ ਕਰਨ ਲੱਗਦੇ ਹਾਂ ਕਿ ਅਸੀਂ ਤਾਂ ਇਨ੍ਹਾਂ ਇਨਾਮਾਂ ਤੋਂ ਕਿਤੇ ਉਚੇ ਹਾਂ।
ਤੇ ਕਦੇ-ਕਦੇ ਇਹ, ਰਾਜਾ ਵਰਗੇ ਸਿਰਫਿਰੇ ਆ ਕੇ ਸਾਡੇ ਹੰਕਾਰ ਨੂੰ ਪੱਠੇ ਪਾ ਜਾਂਦੇ ਨੇ, ਤੇ ਅਸੀਂ ਇਸ ਤਰ੍ਹਾਂ ਭੜਕਣ ਲੱਗ ਜਾਂਦੇ ਹਾਂ ਜਿਵੇਂ ਸਾਰੀ ਦੁਨੀਆਂ ਦਾ ਉਜਾਲਾ ਸਾਡੇ ਨਾਲ ਹੀ ਕਾਇਮ ਹੋਵੇ।
ਉਹ ਚਲਾ ਗਿਆ ਤੇ ਮੈਂ ਆਪਣੇ ਆਪ ਨੂੰ ਸਵਾਲ ਕਰਦੀ ਰਹੀ ਕਿ ਮੇਰੀ ਸੰਵੇਦਨਾ ਇੰਨੀ ਨਹੀਂ ਵਧ-ਬਣ ਚੁੱਕੀ ਕਿ ਮੈਂ ਉਨ੍ਹਾਂ ਦੁੱਖਾਂ ਦੀ ਕਹਾਣੀ ਲਿਖ ਸਕਾਂ ਜਿਨ੍ਹਾਂ ਨੂੰ ਮੈਂ ਆਪ ਨਹੀਂ ਝੱਲਿਆ? ਪਰ ਮੇਰੇ ਵਰਗੇ ਇਕ ਹੋਰ ਇਨਸਾਨ ਨੇ ਝੱਲਿਆ ਹੈ। ਜਿਹੋ ਜਿਹਾ ਕਾਲੇ ਗੋਰੇ ਦਾ ਫਰਕ-ਭੇਦ ਇਥੇ ਹੈ, ਉਸ ਤੋਂ ਕਿਤੇ ਭੈੜਾ ਵਿਹਾਰ ਤਾਂ ਮੈਂ ਵੱਡੀ ਹੁੰਦਿਆਂ ਆਪਣੇ ਹੀ ਮੁਲਕ ਵਿਚ ਅਛੂਤਾਂ ਨਾਲ ਹੁੰਦਾ ਵੇਖਿਆ ਹੈ। ਰੱਖਿਆ ਹੋਇਆ ਜਮਾਂਦਾਰ ਜਦੋਂ ਆਉਂਦਾ ਸੀ ਤਾਂ ਬਾਹਰੋਂ ਹੀ ਟੱਟੀ ਸਾਫ ਕਰ ਕੇ ਚਲਿਆ ਜਾਂਦਾ ਸੀ। ਰਾਤ ਦੀ ਬੇਹੀ ਰੋਟੀ ਅਸੀਂ ਉਸ ਦੀ ਝੋਲੀ ਵਿਚ ਪਾ ਦਿੰਦੇ ਸੀ, ਪਰ ਕਦੇ ਉਹਨੂੰ ਛੂਹਿਆ ਨਹੀਂ। ਦੂਰ-ਦੂਰ ਰਹਿਣਾ ਕਿ ਕਿਧਰੇ ਗਲਤੀ ਨਾਲ ਛੂਹ ਨਾ ਜਾਵੇ। ਉਸ ਤੋਂ ਬੋ ਆਉਂਦੀ ਸੀ ਸਾਨੂੰ। ਗੁਸਲਖਾਨਾ ਮਾਈ ਹੀ ਸਾਫ ਕਰਦੀ ਸੀ। ਉੁਹਦੀ ਜਾਤ ਕੁਝ ਉਪਰ ਹੋਵੇਗੀ, ਪਰ ਕਿਥੇ ਸੀ ਸਾਡੇ ਮਨ ਵਿਚ ਸਨਮਾਨ? ਉਨ੍ਹਾਂ ਸਭ ਨੂੰ ਆਪਣੇ ਤੋਂ ਛੋਟੇ ‘ਤੇ ਹੀਣ ਸਮਝਣਾ! ਉਹ ਵਿਚਾਰੇ ਸਨਮਾਨ ਦੀ ਆਸ ਵੀ ਕਿਥੇ ਕਰਦੇ ਸੀ!! ਇਹ ਚੇਤਨਾ ਤਾਂ ਮੇਰੇ ਅੰਦਰ ਇਥੇ ਆ ਕੇ ਹੀ ਆਈ ਕਿ ਘਰ ਦਾ ਨੌਕਰ ਸਾਡੇ ਲਈ ਨੌਕਰ, ਯਾਨੀ ਹੀਣ ਸੀ, ਉਹਨੂੰ ਗਾਲੀ ਵੀ ਦਿੱਤੀ ਜਾ ਸਕਦੀ ਸੀ, ਬੇਇੱਜ਼ਤੀ ਭਰੇ ਸ਼ਬਦ ਵੀ ਆਖੇ ਜਾ ਸਕਦੇ ਸਨ, ਤੇ ਇਹਦੇ ਲਈ ਸਾਡੇ ਅੰਦਰ ਕੋਈ ਅਪਰਾਧ-ਗੁਨਾਹ ਦੀ ਭਾਵਨਾ ਪੈਦਾ ਨਹੀਂ ਸੀ ਹੁੰਦੀ।
ਹੁਣ ਮੈਂ ਇਸ ਤਰ੍ਹਾਂ ਸੋਚਦੀ ਹਾਂ ਕਿ ਸਾਡੇ ਵਿਚ ਪੂਰਨ ਮਾਨਵਤਾ ਨਹੀਂ ਬਣਨ ਦਿੱਤੀ ਜਾਂਦੀ। ਜਿਵੇਂ ਇਥੋਂ ਦੇ ਗੋਰਿਆਂ ਨੇ ਇਹ ਢੰਗ ਕੱØਢਿਆ ਹੈ ਕਿ ਕਾਲੇ ਸਭਿਅਕ ਸਮਾਜ ਦੇ ਮੈਂਬਰ ਨਹੀਂ ਹੁੰਦੇ, ਉਸੇ ਤਰ੍ਹਾਂ ਸਾਡੇ ਸ਼ਾਸਤਰਾਂ ਨੇ ਵੀ ਇਹ ਦਲੀਲ ਦਿੱਤੀ ਹੈ ਕਿ ਉਨ੍ਹਾਂ ਦਾ ਕੰਮ ਹੀ ਉਚੀਆਂ ਜਾਤਾਂ ਦੀ ਸੇਵਾ ਕਰਨਾ ਹੈ, ਜੇ ਅਸੀਂ ਉਨ੍ਹਾਂ ਨੂੰ ਆਪਣੇ ਉਚ ਅਸਥਾਨਾਂ ਮੰਦਰਾਂ ਆਦਿ ਵਿਚ ਨਹੀਂ ਜਾਣ ਦਿੰਦੇ ਜਾਂ ਸ਼ਾਸਤਰ ਪੜ੍ਹਨ ਦਾ ਹੱਕ ਨਹੀਂ ਦਿੰਦੇ ਤਾਂ ਸਹੀ ਹੈ; ਉਨ੍ਹਾਂ ਦਾ ਤਾਂ ਬੱਸ ਇਹੋ ਕੰਮ ਹੈ ਕਿ ਜੋ ਘ੍ਰਿਣਤ ਜਾਂ ਮਾਮੂਲੀ ਕੰਮ ਅਸੀਂ ਨਹੀਂ ਕਰਨਾ ਚਾਹੁੰਦੇ, ਉਨ੍ਹਾਂ ਕੋਲੋਂ ਕਰਵਾਏ ਜਾਣ। ਉਪਰੋਂ ਝਿੜਕ-ਝੰਬ ਸਭ ਜਾਇਜ਼। ਘਰ ਦਾ ਕੁਝ ਚੋਰੀ ਹੋਣ ‘ਤੇ ਨੌਕਰਾਂ ‘ਤੇ ਇਲਜ਼ਾਮ ਲਗਾ ਦੇਣੇ, ਨੌਕਰੀ ਤੋਂ ਕੱਢ ਦੇਣਾ, ਇਹ ਸਭ ਆਪਣੇ ਘਰ ਵਿਚ ਹੀ ਤਾਂ ਦੇਖਿਆ ਸੀ ਮੈਂ, ਪਰ ਉਦੋਂ ਉਨ੍ਹਾਂ ਨਾਲ ਹੋ ਰਹੀ ਬੇਇਨਸਾਫੀ ਨੂੰ ਠੀਕ ਤਰ੍ਹਾਂ ਦੇਖ ਨਹੀਂ ਸੀ ਸਕਦੀ। ਮਾਂ ਨੇ ਘਰ ਸੰਭਾਲਣਾ ਹੁੰਦਾ ਸੀ। ਝਿੜਕ-ਝਾੜ ਕੇ ਉਨ੍ਹਾਂ ਕੋਲੋਂ ਕੰਮ ਨਾ ਲੈਂਦੀ ਤਾਂ ਕੌਣ ਸੰਭਾਲਦਾ ਇੰਨਾ ਵੱਡਾ ਘਰ? ਸਾਡੇ ਸਭ ਸਕੂਲ ਜਾਣ ਵਾਲੇ ਬੱਚਿਆਂ ਦੇ ਕੰਮ। ਬੱਸ ਇਕ ਹੀ ਦਲੀਲ-ਇਨ੍ਹਾਂ ਬਿਨਾਂ ਕੰਮ ਵੀ ਤਾਂ ਨਹੀਂ ਸਰਦਾ। ਇਸੇ ਤਰ੍ਹਾਂ ਕੁਝ ਅਮਰੀਕੀ ਗੋਰਿਆਂ ਨੇ ਕਿਹਾ ਸੀ ਕਿ ਦਾਸ ਪ੍ਰਥਾ ਖਤਮ ਕਰਨੀ ਵਾਜਬ ਨਹੀਂ, ਕਿਉਂਕਿ ਇਸ ਬਿਨਾਂ ਸਮਾਜ ਦਾ ਗੁਜ਼ਾਰਾ ਨਹੀਂ। ਸਾਰਾ ਅਰਥਚਾਰਾ ਵਿਗੜ ਜਾਵੇਗਾ। ਜੇ ਖੇਤ ਵਾਹੁਣੇ ਹਨ ਤਾਂ ਕਾਲੇ ਦਾਸ ਵਾਹੁਣਗੇ, ਫੈਕਟਰੀਆਂ ਵਿਚ ਉਹੋ ਹੀ ਪਿਸਦੇ ਸਨ, ਭਾਰ ਉਹੀ ਢੋਂਦੇ ਸਨ, ਇਨ੍ਹਾਂ ਦੇ ਮਹਿਲਾਂ ਵਰਗੇ ਮਕਾਨ ਉਹੀ ਬਣਾਉਂਦੇ ਹਨ, ਘਰ ਦੀ ਸਫਾਈ, ਖਾਣਾ-ਸਭ ਉਨ੍ਹਾਂ ਦੇ ਜ਼ਿੰਮੇ। ਗੋਰੇ ਕੇਵਲ ਪ੍ਰਬੰਧ ਕਰਦੇ, ਵੱਡੇ-ਵੱਡੇ ਕੰਮ, ਲੇਖਾ ਰੱਖਣਾ, ਵਪਾਰ ਵਧਾਉਣਾ, ਕਾਲਿਆਂ ‘ਤੇ ਹੰਟਰ ਚਲਾਉਣੇ, ਜ਼ਬਰਦਸਤੀ ਕੰਮ ਲੈਣੇ।
ਉਸ ਰਾਤ ਮੈਂ ਸੌਂ ਨਹੀਂ ਸਕੀ। ਸੌਣ ਤੋਂ ਪਹਿਲਾਂ ਟੀæਵੀæ ਉਤੇ ਖਬਰਾਂ ਦੇਖਣ ਲੱਗੀ ਤਾਂ ਉਸੇ ਕਾਲੇ ਲੜਕੇ ਦਾ ਚਿਹਰਾ ਸਕਰੀਨ ‘ਤੇ ਛਪਿਆ ਹੋਇਆ ਸੀ। ਉਸ ਨਿਹੱਥੇ ਗਭਰੇਟ ਦੇ ਚਿਹਰੇ ‘ਤੇ ਮੈਨੂੰ ਭੋਲਾਪਣ ਦਿਖਾਈ ਦੇ ਰਿਹਾ ਸੀ। ਸਰੀਰ ਜ਼ਰੂਰ ਵੱਡਾ ਸੀ ਉਸ ਦਾ। ਛੇ ਫੁੱਟ ਤੋਂ ਕੁਝ ਉਤੇ ਹੀ ਕੱਦ। ਲੰਬਾ ਉਚਾ। ਤਾਂਬੇ ਵਰਗਾ ਚਮਕਦਾ ਗੂੜ੍ਹਾ ਰੰਗ, ਵਾਲ ਘੁੰਗਰਾਲੇ। ਫਿਨਸੀਆਂ ਨਾਲ ਭਰਿਆ ਚਿਹਰਾ ਸੁੰਦਰ ਨਹੀਂ ਸੀ, ਪਰ ਡਰਾਉਣਾ ਵੀ ਨਹੀਂ ਸੀ।
ਇੰਜ ਅਕਸਰ ਹੁੰਦਾ ਹੈ ਕਿ ਲੋਕ ਲੰਬੇ-ਉਚੇ, ਕਾਲੇ ਗਭਰੇਟਾਂ ਦੇ ਵੱਡੇ ਕੱਦ-ਕਾਠ ਤੋਂ ਡਰ ਜਾਂਦੇ ਹਨ। ਕੀ ਇਸੇ ਕਰ ਕੇ ਪੁਲਿਸਮੈਨ ਡਰ ਗਿਆ ਤੇ ਉਸ ਵਿਚਾਰੇ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਬੇਪਰਵਾਹੀ ਜ਼ਰੂਰ ਸੀ ਉਸ ਦੇ ਚਿਹਰੇ ਉਤੇ, ਲਾਪਰਵਾਹੀ ਵੀ ਤੇ ਘੁਮੰਡ ਵੀ, ਜਵਾਨੀ ਦਾ ਤੇ ਖਾਸ ਕਰ ਕੇ ਕੱਚੀ ਜਵਾਨੀ ਦਾ। ਡਰ ਵੀ ਤਾਂ ਸੀ; ਨਹੀਂ ਤਾਂ ਭੱਜਦਾ ਕਿਉਂ? ਪਰ ਕਿਉਂ ਨਫਰਤ ਭਰੀ ਹੈ ਇਨ੍ਹਾਂ ਦੇ ਦਿਲਾਂ ਵਿਚ, ਸਮਝ ਨਹੀਂ ਸਕਦਾ ਉਹ। ਨਫਰਤ ਜੋ ਇਤਿਹਾਸਕ ਹੈ, ਪੈਦਾਇਸ਼ੀ ਹੈ; ਇਸ ਲਈ ਹੈ ਕਿ ਬਚਪਨ ਤੋਂ ਉਨ੍ਹਾਂ ਨੂੰ ਸਿੱਖਾਇਆ ਗਿਆ ਹੈ ਕਿ ਤੁਸੀਂ ਚੰਗੇਰੀ ਨਸਲ ਦੇ ਹੋ, ਤੁਹਾਡਾ ਗੋਰਾਪਣ ਹੀ ਤੁਹਾਡੇ ਉਤਮ ਹੋਣ ਦਾ ਸਬੂਤ ਹੈ। ਕੇਵਲ ਸਰੀਰ ਦਾ ਰੰਗ ਹੀ ਇਹ ਦੱਸਣ ਲਈ ਕਾਫੀ ਹੈ ਕਿ ਤੁਹਾਨੂੰ ਦੁਨੀਆਂ ਦੇ ਵਧੀਆ, ਅਹਿਮ ਕੰਮਾਂ ਲਈ ਚੁਣਿਆ ਗਿਆ ਹੈ। ਇਥੇ ਉਂਜ ਤਾਂ ਲੋਕਤੰਤਰ ਹੈ, ਪਰ ਕਿਸ ਕੋਲ ਤਾਕਤ ਹੋਵੇਗੀ ਤੇ ਕਿਸ ਕੋਲ ਨਹੀਂ, ਇਹ ਸਰੀਰ ਦੇ ਰੰਗ ਦੇ ਆਧਾਰ ‘ਤੇ ਫੈਸਲਾ ਕੀਤਾ ਜਾਵੇਗਾ। ਤੁਹਾਡੇ ਬੱਚੇ ਉਤਮ ਸਕੂਲਾਂ ਵਿਚ ਨਹੀਂ ਜਾ ਸਕਣਗੇ, ਕਿਉਂਕਿ ਉਨ੍ਹਾਂ ਦਾ ਰੰਗ ਤੁਹਾਡੇ ਵਰਗਾ ਹੈ, ਉਹ ਵੀ ਉਸੇ ਤਰ੍ਹਾਂ ਸਮਾਜ ਦੀ ਉਤਮਤਾ ਤੋਂ ਵਾਂਝੇ ਰਹਿਣਗੇ ਜਿਵੇਂ ਤੁਸੀਂ।
ਘਰ ਆ ਕੇ ਗੱਲਬਾਤ ਜਾਰੀ ਰਹੀ ਤਾਂ ਮੈਂ ਪੁੱਛਿਆ, “ਤੁਸੀਂ ਜਾਣਦੇ ਸੀ ਉਸ ਲੜਕੇ ਨੂੰ?”
ਜਾਣਦਾ ਸੀ?æææਹਾਂ ਜ਼ਰੂਰ ਜਾਣਦਾ ਸੀ। ਜਾਣਦਾ ਸੀ ਕਿ ਉਹ ਕਿੰਨਾ ਭੋਲਾ ਤੇ ਨਰਮ ਦਿਲ ਲੜਕਾ ਸੀ। ਗੁਸੈਲ ਜ਼ਰੂਰ ਸੀ, ਬਿਲਕੁਲ ਅੱਲ੍ਹੜਾਂ ਵਾਂਗ, ਪਰ ਫਾਲਤੂ ਝਗੜਿਆਂ ਵਿਚ ਨਹੀਂ ਸੀ ਪੈਂਦਾ। ਦੋਸਤਾਂ ਨਾਲ ਮਿਲ ਕੇ ਭਾਵੇਂ ਕਿੰਨਾ ਹੀ ਖੱਪਖਾਨਾ ਮਚਾ ਲਵੇ, ਪਰ ਅਪਰਾਧ ਵਰਗੀ ਕਿਸੇ ਚੀਜ਼ ਨਾਲ ਉਸ ਦੀ ਕੋਈ ਵਾਕਫ਼ੀਅਤ ਨਹੀਂ ਸੀ। ਮਾਂ ਸਿੱਖਾਉਂਦੀ ਰਹਿੰਦੀ ਸੀ, ਸਕੂਲ ਦਾ ਕੰਮ ਠੀਕ ਤਰ੍ਹਾਂ ਨਾਲ ਕਰਿਆ ਕਰ, ਕਿਸੇ ਬੁਰੀ ਸੰਗਤ ਵਿਚ ਨਹੀਂ ਪੈਣਾ। ਦੋਸਤ ਤਾਂ ਉਸ ਦੇ ਸਾਰੇ ਗੁਆਂਢ ਦੇ ਕਾਲੇ ਲੜਕੇ ਹੀ ਸਨ। ਕੁਝ ਸ਼ੈਤਾਨ ਸਨ, ਕੁਝ ਭੋਲੇ, ਪਰ ਉਹਨੇ ਕੋਈ ਗਲਤ ਕੰਮ ਨਹੀਂ ਕੀਤਾ। ਕੋਈ ਇਹੋ ਜਿਹੀ ਸ਼ਿਕਾਇਤ ਕਦੇ ਨਹੀਂ ਆਈ। ਹਾਂ! ਭੱਜਿਆ ਜ਼ਰੂਰ ਸੀ, ਪੁਲਿਸ ਦੇ ਡਰ ਤੋਂ ਭੱਜਿਆ ਸੀ। ਇਹੋ ਉਸ ਦਾ ਕਸੂਰ ਸੀ। ਕਾਸ਼! ਮੈਂ ਉਥੇ ਹੁੰਦਾ ਤੇ ਉਹਨੂੰ ਸਲਾਹ ਦੇ ਸਕਦਾ ਕਿ ਬੱਚੇ, ਭੱਜਣ ਦੀ ਕੋਈ ਜ਼ਰੂਰਤ ਨਹੀਂ। ਤੂੰ ਕੋਈ ਅਪਰਾਧ ਨਹੀਂ ਕੀਤਾ। ਮੈਦਾਨ ਵਿਚ ਖੇਡਣਾ, ਹੱਸਣਾ, ਸ਼ੋਰ ਮਚਾਉਣਾ ਵੀ ਜੇ ਅਪਰਾਧ ਹਨ, ਤਾਂ ਲਾਹਨਤ ਹੈ ਇਸ ਮੁਲਕ ਉਤੇ, ਤੇ ਇਥੋਂ ਦੀ ਆਜ਼ਾਦੀ ਉਤੇ!
ਉਸ ਰਾਤ ਮੈਂ ਸੌਂ ਨਹੀਂ ਸਕੀ। ਫਿਰ ਵੀ ਲੱਗਾ ਕਿ ਇਹ ਕਹਾਣੀ ਨਹੀਂ ਲਿਖ ਸਕਦੀ ਮੈਂ। ਮੈਨੂੰ ਕੀ ਪਤਾ, ਉਹ ਲੜਕਾ ਜਦੋਂ ਭੱਜਿਆ ਤਾਂ ਉਸ ਦੇ ਮਨ ਵਿਚ ਕੀ ਸੀ! ਹੋ ਸਕਦਾ ਹੈ ਕਿ ਉਹ ਆਪਸ ਵਿਚ ਮਿਲ ਕੇ ਕੋਈ ਸ਼ੈਤਾਨੀ ਕਰਨ ਬਾਰੇ ਸੋਚ ਰਹੇ ਹੋਣ, ਇਸੇ ਕਰ ਕੇ ਪੁਲਿਸ ਦੀ ਗੱਡੀ ਵੇਖ ਕੇ ਭੱਜ ਖਲੋਤੇ। ਰੋਕਿਆ ਤਾਂ ਉਹ ਤੇਜ਼ੀ ਨਾਲ ਭੱਜ ਪਏ ਤਾਂ ਉਨ੍ਹਾਂ ਨੂੰ ਰੋਕਣ ਲਈ ਪੁਲਿਸ ਨੂੰ ਗੋਲੀ ਚਲਾਉਣੀ ਪਈ। ਉਂਝ ਖਬਰਾਂ ਵਿਚ ਤਾਂ ਇਹ ਕਿਹਾ ਗਿਆ ਹੈ ਕਿ ਪੁਲਿਸ ਕਾਂਸਟੇਬਲ ਨੂੰ ਜਾਪਿਆ ਕਿ ਲੜਕਾ ਉਸ ਉਤੇ ਹਮਲਾ ਕਰਨ ਲੱਗਾ ਹੈ, ਤਾਂ ਗੋਲੀ ਚਲਾਈ। ਜਦੋਂ ਚਲਾਈ ਤਾਂ ਇਕ ਨਹੀਂ, ਚਾਰ-ਪੰਜ ਇਕੱਠੀਆਂ ਚਲਾਈਆਂ ਤਾਂ ਜੋ ਮਿੰਟਾਂ ਵਿਚ ਹੀ ਖਤਰਾ ਟਲ ਜਾਵੇ। ਜਵਾਨ ਲੜਕਿਆਂ ਦਾ ਟੋਲਾ ਅਧੇੜ-ਅਧਖੜ ਕਿਸਮ ਦੇ ਹੰਢੇ-ਵਰਤੇ ਪੁਲਿਸ ਅਫਸਰਾਂ ਨੂੰ ਡਰਾ ਵੀ ਤਾਂ ਦਿੰਦਾ ਹੈ, ਤੇ ਫਿਰ ਆਪਣੀ ਸੁਰੱਖਿਆ ਲਈ ਦੂਜਿਆਂ ਨੂੰ ਮਾਰ ਸੁੱਟਣਾ ਤਾਂ ਗੈਰ-ਕਾਨੂੰਨੀ ਵੀ ਨਹੀਂ।
ਇਨ੍ਹਾਂ ਗਭਰੇਟਾਂ ਵਿਚ ਪੁਲਿਸ ਦੀ ਇੰਨੀ ਦਹਿਸ਼ਤ! ਪੁਲਿਸ ਇਨ੍ਹਾਂ ਦੀ ਰੱਖਿਅਕ ਨਹੀਂ, ਇਨ੍ਹਾਂ ਲਈ ਰਾਖਸ਼ੀ ਸ਼ਕਤੀ ਹੈ ਜਿਸ ਕੋਲੋਂ ਕੇਵਲ ਡਰਿਆ ਹੀ ਜਾ ਸਕਦਾ ਹੈ, ਸੁਰੱਖਿਆ ਦਾ ਕੋਈ ਭਰੋਸਾ ਨਹੀਂ।
ਮੈਂ ਜਦੋਂ ਪੁਲਿਸ ਦੀ ਗੱਡੀ ਦੇਖਦੀ ਹਾਂ ਤਾਂ ਭਰੋਸਾ ਜਿਹਾ ਬੱਝਦਾ ਹੈ। ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀ ਹਾਂ। ਜੇ ਰਸਤਾ ਭੁੱਲ ਜਾਵਾਂ ਤਾਂ ਜਾਣਦੀ ਹਾਂ ਕਿ ਇਹ ਸਹੀ ਰਸਤੇ ‘ਤੇ ਪਾ ਦੇਣਗੇ, ਪਰ ਇਨ੍ਹਾਂ ਗਭਰੇਟਾਂ ਦੀ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਕਿਉਂ ਨਹੀਂ ਹੁੰਦੀ?
ਇਨ੍ਹਾਂ ਸੋਚਾਂ ਵਿਚਕਾਰ ਮੈਂ ਉਸ ਤੋਂ ਪੁੱਛਿਆ, “ਤੁਹਾਨੂੰ ਇਸ ਲੜਕੇ ਨਾਲ ਇੰਨੀ ਹਮਦਰਦੀ ਕਿਉਂ ਹੈ? ਤੁਹਾਡਾ ਰਿਸ਼ਤੇਦਾਰ ਹੈ?”
“ਮੈਂ ਤਾਂ ਨਿਆਂ ਦੀ ਮੰਗ ਕਰ ਰਿਹਾ ਹਾਂ, ਉਹਨੂੰ ਨਿਆਂ ਦਿਵਾਉਣ ਲਈ ਲੜ ਰਿਹਾ ਹਾਂ। ਬੱਸ, ਤੁਸੀਂ ਅਜਿਹੀ ਕਹਾਣੀ ਲਿਖੋ ਕਿ ਲੋਕ ਉਹਦੀ ਅੰਤਰ-ਆਤਮਾ ਨੂੰ ਸਮਝ ਸਕਣ, ਉਹਦੇ ਅੰਦਰਲੀ ਮਾਸੂਮ ਸੱਚਾਈ ਨੂੰ ਸਮਝ ਸਕਣ, ਉਸ ਦੀ ਜਵਾਨੀ ‘ਤੇ ਟੁੱਟੇ ਕਹਿਰ ਤੇ ਬੇਇਨਸਾਫੀ ਬਾਰੇ ਜਾਣ ਸਕਣ। ਆਖਰਕਾਰ ਕਿਉਂ, ਕਿਉਂ ਹਰ ਕਾਲਾ ਲੜਕਾ ਜਵਾਨ ਹੁੰਦੇ-ਹੁੰਦੇ ਇਸ ਸਮਾਜ ਦਾ ਸਰਾਪ ਬਣ ਜਾਂਦਾ ਹੈ। ਕਿਉਂ ਉਹਨੂੰ ਸਾਧਾਰਨ ਜੀਵਨ ਜੀਣ ਦੇ ਹੱਕ ਤੋਂ ਵਾਂਝਾ ਕਰ ਦਿੱਤਾ ਜਾਂਦਾ ਹੈ? ਉਹਦਾ ਗਲਾ ਖੁੱਲ੍ਹਣ ਤੋਂ ਪਹਿਲਾਂ ਹੀ ਕਿਉਂ ਘੁੱਟ ਦਿੱਤਾ ਜਾਂਦਾ ਹੈ। ਜਾਂ ਤਾਂ ਉਹ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਜਾਂਦੇ ਨੇ, ਤੇ ਜਾਂ ਫਿਰ ਜੇਲ੍ਹਾਂ ਵਿਚ ਸੜ ਕੇ ਸਾਰੀ ਉਮਰ ਕੱਟ ਦਿੰਦੇ ਨੇ। ਕਿਉਂ?”
ਮੈਂ ਉਸ ਬੰਦੇ ਪ੍ਰਤੀ ਸੰਵੇਦਨਸ਼ੀਲ ਹੋ ਰਹੀ ਸੀ, ਜਦੋਂ ਕਿ ਮੇਰੇ ਅੰਦਰ ਕੋਈ ਕਹਾਣੀ ਆਕਾਰ ਨਹੀਂ ਸੀ ਲੈ ਰਹੀ। ਮੈਂ ਅਜਿਹਾ ਕੋਈ ਵਚਨ ਨਹੀਂ ਦੇਣਾ ਚਾਹੁੰਦੀ ਸੀ ਕਿ ਮੈਂ ਉਸ ਬਾਰੇ ਲਿਖਾਂਗੀ। ਫਿਰ ਵੀ ਮੇਰਾ ਉਹਦੇ ਨਾਲ ਡੂੰਘਾ ਰਿਸ਼ਤਾ ਬਣੀ ਗਿਆ।
“ਉਹ ਮੇਰੇ ਘਰ ਠਹਿਰ ਸਕਦਾ ਹੈ।” ਮੈਂ ਆਖਿਆ।
ਅਸੀਂ ਅਕਸਰ ਲੰਬਾ ਸਮਾਂ ਬਿਤਾਉਂਦੇ। ਮੈਨੂੰ ਉਹਦੀ ਉਡੀਕ ਰਹਿਣ ਲੱਗ ਪਈ, ਕਦੇ ਕਦਾਈਂ ਉਹਨੂੰ ਆਪਣੇ ਕੋਲ ਬੁਲਾ ਲੈਂਦੀ। ਉਹ ਹਮੇਸ਼ਾ ਕੋਈ ਨਾ ਕੋਈ ਢੰਗ ਲੱਭ ਲੈਂਦਾ, ਨਾਲ ਸਮਾਂ ਬਿਤਾਉਣ ਦਾ। ਕੋਈ ਗੁੰਮਨਾਮ ਜਿਹਾ ਰਿਸ਼ਤਾ ਬਣ ਰਿਹਾ ਸੀ ਸਾਡੇ ਦੋਵਾਂ ਵਿਚਕਾਰ! ਉਹਦਾ ਆਉਣਾ ਮੈਨੂੰ ਚੰਗਾ ਲੱਗਦਾ। ਕਿਧਰੇ ਨਾ ਕਿਧਰੇ ਮਨ ਵਿਚ ਉਡੀਕ ਬਣੀ ਰਹਿੰਦੀ।
ਫਿਰ ਇਕ ਵਾਰੀ ਮੈਂ ਉਹਨੂੰ ਪੁੱਛਿਆ, “ਅਮਰੀਕਾ ਦੇ ਕਈ ਸ਼ਹਿਰਾਂ ਵਿਚ ਬੇਇਨਸਾਫੀ ਵਾਲੇ ਅਜਿਹੇ ਹਾਦਸੇ ਹੋਏ ਹਨ, ਤੁਹਾਡੀ ਮਾਈਕਲ ਵਿਚ ਹੀ ਦਿਲਚਸਪੀ ਕਿਉਂ ਹੈ?”
ਉਹ ਚੁੱਪ ਰਿਹਾ, ਪਰ ਉਸ ਦੀਆਂ ਅੱਖਾਂ ਕਾਫੀ ਕੁਝ ਕਹਿ ਰਹੀਆਂ ਸਨ। ਕਿੰਨੀ ਪੀੜ, ਕਿੰਨਾ ਖਾਲੀਪਣ, ਕਿੰਨੀ ਲਾਚਾਰੀ ਸੀ ਉਹਦੀਆਂ ਅੱਖਾਂ ਵਿਚ! ਪਲਾਂ ਵਿਚ ਹੀ ਜਿਵੇਂ ਦੁੱਖਾਂ ਦੇ ਪਰਨਾਲੇ ਵਗ ਉਠੇ।
“ਤੁਸੀਂ ਸੱਚੀਂ ਜਾਣਨਾ ਚਾਹੁੰਦੇ ਓ?”
ਮੈਂ ਉਹਦੀਆਂ ਅੱਖਾਂ ਵਿਚ ਝਲਕਦੇ ਪੀੜ ਦੇ ਪਰਛਾਵਿਆਂ ਵਿਚੋਂ ਕੁਝ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ।
“ਮੇਰਾ ਬੇਟਾ ਸੀ ਉਹ।”
“ਓਹ? ਅੱਛਾ ਤਾਂæææ?”
“ਅਫਰੀਕੀ ਅਮਰੀਕਨ ਨਾਲ ਸ਼ਾਦੀ ਕੀਤੀ ਸੀ। ਮੇਰੇ ਨਾਲ ਕਾਲਜ ਵਿਚ ਸੀ। ਬਹੁਤ ਪਿਆਰ ਸੀ ਅਸਾਡਾ, ਸਾਡੇ ਪਿਆਰ ਦੀ ਸੰਤਾਨ ਸੀ ਉਹ।”
ਮੈਂ ਚੁੱਪ ਸੀ।
ਕਿਵੇਂ ਬਰਦਾਸ਼ਤ ਕੀਤਾ ਹੋਵੇਗਾ ਦੋਵਾਂ ਨੇ, ਇਕੋ-ਇਕ ਸੰਤਾਨ ਨੂੰ ਇਸ ਤਰ੍ਹਾਂ ਗੁਆ ਦੇਣਾ। ਬੇਕਸੂਰ ਬੱਚੇ ਦਾ ਪੁਲਿਸ ਹੱਥੋਂ ਬਲੀ ਹੋਣਾ।
“ਮੈਨੂੰ ਅਫਸੋਸ ਹੈ। ਇੰਨਾ ਕੁਝ ਬੀਤ ਗਿਆ ਤੁਹਾਡੇ ਨਾਲ਼ææ ਤੇ ਤੁਹਾਡੀ ਪਤਨੀ?”
“ਹਾਂ ਮੇਰੀ ਪਤਨੀæææ।” ਉਹਨੇ ਭਰੇ ਗਲੇ ਨਾਲ ਹਉਕਾ ਲਿਆ। ਲੱਗਾ, ਹੁਣੇ ਫੁੱਟ-ਫੁੱਟ ਕੇ ਰੋ ਪਵੇਗਾ। ਉਹਨੂੰ ਆਪਣਾ ਦਰਦ ਸੰਭਾਲਣਾ ਬੇਹੱਦ ਮੁਸ਼ਕਿਲ ਲੱਗ ਰਿਹਾ ਸੀ।
“ਉਹæææ ਉਹæææ।” ਇਸ ਤੋਂ ਅੱਗੇ ਉਹਦੇ ਮੂੰਹ ਵਿਚੋਂ ਸ਼ਬਦ ਨਹੀਂ ਸਨ ਨਿਕਲ ਰਹੇ। ਉਹ ਚੁੱਪ-ਚਾਪ ਜ਼ਮੀਨ ‘ਤੇ ਅੱਖਾਂ ਟਿਕਾਈ ਬੈਠਾ ਸੀ। ਮੇਰੀ ਹਿੰਮਤ ਨਹੀਂ ਪਈ ਕਿ ਉਸ ਕੋਲੋਂ ਅੱਗੇ ਕੋਈ ਸਵਾਲ ਪੁੱਛਾਂ।
“ਪਾਗਲ ਹੋ ਗਈ ਸੀ ਉਹ!” ਉਹਨੇ ਕਿਹਾ।
ਮੇਰੀਆਂ ਸਵਾਲੀਆ ਨਜ਼ਰਾਂ ਉਸ ‘ਤੇ ਟਿਕੀਆਂ ਹੋਈਆਂ ਸਨ।
“ਮੇਰੇ ਨਾਲੋਂ ਕਿਧਰੇ ਜ਼ਿਆਦਾ ਪਿਆਰ ਕਰਦੀ ਸੀ ਉਹ ਉਹਨੂੰ, ਮਾਂ ਸੀ ਨਾ! ਮਾਂ ਦਾ ਦਿਲ ਕਮਜ਼ੋਰ ਹੁੰਦੈ, ਜਵਾਨ ਹਸਮੁਖ ਜਿਉਂਦਾ ਜਾਗਦਾ, ਹੱਸਦਾ ਖੇਡਦਾ ਬੇਟਾ ਜਦੋਂ ਸ਼ਾਮ ਨੂੰ ਘਰ ਵਾਪਸ ਨਹੀਂ ਆਉਂਦਾ ਤੇ ਘਰ ਵਾਪਸ ਆਉਂਦੀ ਹੈ ਉਹਦੀ ਖੂਨ ਨਾਲ ਲਥਪਥ ਲੋਥ। ਉਹ ਵੀ ਸਿੱਧੀ ਘਰ ਨਹੀਂ ਆਉਂਦੀ, ਲੱਭਣ ਲਈ ਪੁਲਿਸ ਸਟੇਸ਼ਨ ਜਾਣਾ ਪੈਂਦੈ। ਲਾਵਾਰਿਸ ਨੰਗੀ ਲਾਸ਼ ਪਈ ਰਹਿੰਦੀ ਐ ਜ਼ਮੀਨ ‘ਤੇ, ਘੰਟਿਆਂ ਬਾਅਦ ਬੜੇ ਆਰਾਮ ਨਾਲ ਜਾਂਦੀ ਹੈ ਲਾਸ਼ ਉਠਾਉਣ ਵਾਲੀ ਗੱਡੀ। ਸ਼ਾਇਦ ਜੇ ਕੁਝ ਸਮਾਂ ਪਹਿਲਾਂ ਹਸਪਤਾਲ ਲਿਜਾਇਆ ਜਾਂਦਾ ਤਾਂ ਬਚ ਵੀ ਸਕਦਾ ਸੀ। ਸਰੀਰ ਦਾ ਸਾਰਾ ਖੂਨ ਨੁੱਚੜ ਚੁੱਕਾ ਸੀ, ਨਬਜ਼ ਠੰਢੀ ਪੈ ਚੁੱਕੀ ਸੀ। ਠੰਢੀ ਮੌਤ ਦਾ ਐਲਾਨ। ਉਨ੍ਹਾਂ ਰਗਾਂ ਵਿਚ ਵਗਦੇ ਗਰਮ ਖੂਨ ਦਾ ਇਸ ਹੱਦ ਤੱਕ ਠੰਢਾਪਣ, ਜਿਵੇਂ ਅੱਗ ਦੇ ਗੋਲੇ ਨੂੰ ਬਰਫ ਦੀ ਠੰਢੀ ਝੀਲ ਵਿਚ ਗੱਡ ਦਿੱਤਾ ਗਿਆ ਹੋਵੇ। ਤੁਸੀਂ ਆਪ ਹੀ ਸੋਚੋ, ਕੀ ਹੋਇਆ ਹੋਵੇਗਾ ਉਸ ਦਾ ਹਾਲ!”
ਮੈਂ ਆਪਣਾ ਸਾਹ ਰੋਕ ਕੇ ਸੁਣਨ ਵਾਲੀ ਮਸ਼ੀਨ ਬਣੀ ਹੋਈ ਸਾਂ। ਸਰੀਰ ਦੇ ਰੌਂਗਟੇ ਕਿੱਲਾਂ ਵਾਂਗ ਸਖਤ ਹੋ ਗਏ ਸਨ।
“ਉਹæææ ਉਹ।” ਰੋਣ ਛੁੱਟਣ ਨਾਲ ਉਹਦੀ ਆਵਾਜ਼ ਘਿਗਿਆ ਗਈ ਸੀ।
“ਪਤਾ ਨਹੀਂ ਕਿੰਨਾ ਕੁ ਵੱਡਾ ਦਿਲ ਹੋਵੇਗਾ ਉਹਦਾ! ਮੁਆਫ ਕਰ ਦਿੱਤੈ ਉਹਨੇ। ਰੋਂਦੀ ਰਹਿੰਦੀ ਏ ਤੇ ਰੱਬ ਕੋਲੋਂ ਮਨ ਦੀ ਸ਼ਾਂਤੀ ਮੰਗਦੀ ਰਹਿੰਦੀ ਐ। ਬੜੀ ਧਾਰਮਿਕ ਹੈ। ਹਰ ਐਤਵਾਰ ਚਰਚ ਜਾਂਦੀ ਐ। ਪਾਦਰੀ ਵੀ ਉਹਨੂੰ ਤਸੱਲੀ ਦਿੰਦੈ ਕਿ ਤੇਰੇ ਬੇਟੇ ਦਾ ਬਲੀਦਾਨ ਜ਼ਰੂਰ ਅੱਛਾ ਨਤੀਜਾ ਲੈ ਕੇ ਆਵੇਗਾ। ਦੇਖੋ ਨਾ, ਉਹਦੇ ਕੋਲ ਵੀ ਲਾਚਾਰੀ ਦੇ ਸਿਵਾਏ ਹੋਰ ਕੀ ਏ? ਅਕਸਰ ਘੋਰ ਉਦਾਸੀ ਵਿਚ ਚਲੀ ਜਾਂਦੀ ਏ। ਅੱਜ ਕੱਲ੍ਹ ਇਲਾਜ ਲਈ ਉਹ ਮਨੋਵਿਸ਼ਲੇਸ਼ਕ ਕੋਲ ਜਾ ਰਹੀ ਹੈ। ਬੜੀ ਅਜੀਬ ਹਾਲਤ ਹੈ ਉਸ ਦੀ। ਕਦੇ-ਕਦੇ ਬਹੁਤ ਵਿਸ਼ਾਲ ਹਿਰਦੇ ਵਾਲੀ ਬਣ ਜਾਂਦੀ ਹੈ ਤੇ ਕਦੇ-ਕਦੇ ਬੌਖਲਾ ਕੇ ਕਹਿੰਦੀ ਐ- “ਮੈਂ ਵੀ ਇਨ੍ਹਾਂ ਨੂੰ ਛੱਡਣ ਵਾਲੀ ਨਹੀਂ।” ਪਰ ਵਿਚਾਰੀ ਕਰੇ ਵੀ ਤਾਂ ਕੀ ਕਰੇ! ਹਰ ਕਿਸੇ ਦੇ ਬੱਚੇ ਦੀ ਤਾਂ ਮਦਦ ਕਰਦੀ ਸੀ। ਉਨ੍ਹਾਂ ਨੂੰ ਸਹੀ ਰਸਤੇ ਉਤੇ ਚੱਲਣ ਦੀ ਸਿੱਖਿਆ ਦਿੰਦੀ ਸੀ ਤੇ ਆਪਣਾ ਹੀ ਬੇਟਾæææ ਕਿਵੇਂ ਸਹਿਣ ਕਰੇ।”
“ਬੱਸ਼ææ ਜਿਸ ਦਿਨ ਤੋਂ ਅਰਥੀ ਉਠੀ ਐ, ਉਹਦੀ ਜ਼ਿੰਦਗੀ ਤਹਿਸ-ਨਹਿਸ ਹੀ ਹੋ ਗਈ ਐ। ਕਦੇ ਪੂਜਾ, ਕਦੇ ਸ਼ਿਕਾਇਤਾਂ, ਕਦੇ ਪਾਗਲਾਂ ਵਰਗਾ ਵਿਰਲਾਪ ਤੇ ਕਈ ਦਿਨਾਂ ਤੱਕ ਮੌਤ ਵਰਗੀ ਚੁੱਪ, ਇਸੇ ਲਈ ਤਾਂ ਤੁਹਾਡੇ ਕੋਲ਼ææ।”
ਉਹਨੇ ਕਿਸੇ ਤਰ੍ਹਾਂ ਨਾਲ ਸਿਰ ਚੁੱਕ ਕੇ ਮੇਰੇ ਵੱਲ ਦੇਖ ਕੇ ਅੱਖ ਮਿਲਾਈ ਤੇ ਬੋਲਿਆ, “ਦੱਸੋæææ ਲਿਖੋਗੇ ਮੇਰੀ ਕਹਾਣੀ?”
ਮੇਰੀਆਂ ਅੱਖਾਂ ਭਰੀਆਂ ਹੋਈਆਂ ਸਨ। ਸ਼ਬਦ ਤਾਂ ਸਨ ਹੀ ਨਹੀਂ ਮੇਰੇ ਕੋਲ। ਉਸ ਸਮੇਂ ਮੇਰੀ ਭਾਸ਼ਾ ਕੇਵਲ ਰੋ ਸਕਦੀ ਸੀ, ਕਿਸੇ ਛਟਪਟਾਉਂਦੇ ਝਰਨੇ ਵਾਂਗ ਵਹਿ ਸਕਦੀ ਸੀ। ਉਹਨੂੰ ਕਹਾਣੀ ਵਿਚ ਕਿਵੇਂ ਢਾਲ ਸਕਦੀ ਸੀ?
ਕਿਵੇਂ ਲਿਖਾਂਗੀ ਇਹਦੀ ਕਹਾਣੀ। ਇਹ ਤਾਂ ਇਹਦੀ ਲੜਾਈ ਐ, ਜੀਹਨੂੰ ਜਾਰੀ ਰੱਖਣ ਲਈ ਉਹਨੇ ਕਹਾਣੀ ਕਹਿਣੀ ਐ, ਪਰ ਮੈਂ ਕੀ ਛੂਹ ਪਾਵਾਂਗੀ ਉਸ ਦੇ ਦਰਦ ਦੇ ਭੇਤ ਨੂੰ! ਕਿਵੇਂ ਲਿਖੀ ਜਾਵੇਗੀ ਇਹ ਕਹਾਣੀ। ਕਿਥੇ ਅਤੇ ਕਿਵੇਂ ਖਤਮ ਕਰਨੀ ਹੋਵੇਗੀ ਇਹ ਕਹਾਣੀ!