ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਸੱਥ ਦੇ ਚੌਂਤੇ ‘ਤੇ ਚੜ੍ਹਦੀ ਧੁੱਪ ਆ ਗਈ ਸੀ ਤੇ ਨਾਲ ਹੀ ਗਾਲ੍ਹੜੀ ਬੰਦੇ ਜੁੜ ਗਏ ਸਨ। ਮੁਕਤਸਰ ਦੀ ਮਾਘੀ ਤੋਂ ਜੈਲਾ ਤੇ ਪਾਲਾ ਜਾ ਕੇ ਆਏ ਸਨ। ਉਨ੍ਹਾਂ ਦੇ ਦਿਲ ਦੀਆਂ ਜਾਣਨ ਲਈ ਸਭ ਕਾਹਲੇ ਪਏ ਹੋਏ ਸਨ। ਇੰਨੇ ਨੂੰ ਪਿੰਡ ਦਾ ਸਰਪੰਚ ਤੁਰਿਆ ਆਉਂਦਾ ਬੋਲਿਆ, “ਜੈਲਿਆ! ਬਾਈ ਚੰਗਾ ਨਹੀਂ ਕੀਤਾæææਕੁੜ-ਕੁੜ ਕਿਤੇ, ਆਂਡੇ ਕਿਤੇ। ਗਏ ਸਾਡੇ ਨਾਲ, ਬੈਠੇ ਤੁਸੀਂ ਟੋਪੀ ਵਾਲਿਆਂ ਦੇ ਪੰਡਾਲ ਵਿਚ। ਮੈਂ ਪਿੰਡੋਂ ਚਾਰ ਬੱਸਾਂ ਭਰ ਕੇ ਲੈ ਕੇ ਗਿਆ, ਤੇ ਸਾਡੇ ਪੰਡਾਲ ਵਿਚ ਸਤਾਰਾਂ ਬੰਦੇ ਈ ਪਹੁੰਚੇ। ਜਥੇਦਾਰ ਦੇਖ ਕੇ ਅੱਖਾਂ ਕੱਢਦਾ ਸੀ। ਜੇ ਨਹੀਂ ਪਹੁੰਚਣਾ ਸੀ ਤਾਂ ਜਾਂਦੇ ਹੀ ਨਾ, ਟੋਪੀ ਵਾਲਿਆਂ ਦਾ ਪੰਡਾਲ ਤਾਂ ਨਾ ਭਰਦਾ। ਖਾਧਾ-ਪੀਤਾ ਮੇਰੇ ਕੋਲੋਂ ਤੇ ਨਾਅਰੇ ‘ਆਪ’ ਵਾਲਿਆਂ ਦੇ ਲਾਏ।”
“ਸਰਪੰਚਾ! ਜੇ ਅਸੀਂ ਇਕ ਵਾਰੀ ਇੱਦਾਂ ਕਰ ਦਿੱਤੀ, ਤੂੰ ਰੌਲਾ ਪਾਉਣ ਲੱਗ ਪਿਆ। ਸਾਡੇ ਨਾਲ ਤਾਂ ਹਮੇਸ਼ਾ ਹੁੰਦੀ ਰਹੀ ਹੈ। ਬਿਜਲੀ ਦਾ ਲਾਰਾ, ਖਾਦ ਦਾ ਲਾਰਾ, ਜਿਣਸਾਂ ਦੇ ਭਾਅ ਦਾ ਲਾਰਾæææਅਸੀਂ ਤਾਂ ਇਕ ਲਾਰਾ ਹੀ ਵਾਪਸ ਕੀਤਾ ਤੁਹਾਡਾ, ਆਹ ਹਾਲ ਹੋ ਗਿਆ।” ਪਾਲਾ ਬੋਲਿਆ।
“ਸਰਪੰਚਾ! ਅਕਾਲੀਆਂ ਤੇ ਕਾਂਗਰਸੀਆਂ ਕੋਲ ਤਾਂ ਉਹੀ ਗੱਲਾਂ-ਬਾਤਾਂ ਨੇ, ‘ਆਪੇ ਮੈਂ ਮੱਥਾ ਟੇਕਾਂ, ਆਪੇ ਬੁੱਢ ਸੁਹਾਗਣ।’ ਦੋਵੇਂ ਰਲੇ ਹੋਏ ਨੇ ਤੇ ਘਾਣੀ ਸਾਡੀ ਕਰੀ ਜਾਂਦੇ ਨੇ। ਐਤਕੀਂ ‘ਆਪ’ ਵਾਲਿਆਂ ਦਾ ਝਾੜੂ ਫੜ ਲਿਆ। ਜੇ ਕੁਝ ਦੇਣਗੇ ਨਹੀਂ, ਤਾਂ ਲੁੱਟਣਗੇ ਵੀ ਨਹੀਂ।” ਜੈਲਾ ਕੰਧ ਦੀ ਆੜ ਵਿਚ ਬੈਠਦਾ ਬੋਲਿਆ।
“ਵਾਹਿਗੁਰੂ! ਓ ਸਿੱਖੋ, ਬਾਜਾਂ ਵਾਲੇ ਦੀ ਗੱਲ ਕੋਈ ਸੁਣਾ ਦਿਉ, ਮਾਘੀ ‘ਤੇ ਨ੍ਹਾ ਕੇ ਆਏ ਹੋ।” ਪਾਠੀ ਰਾਮ ਸਿਉਂ ਬੋਲਿਆ।
“ਬਾਬਾ ਜੀ! ਸੱਚ ਦੱਸੀਏæææਨਾ ਤਾਂ ਮੱਥਾ ਟੇਕਿਆ, ਨਾ ਇਸ਼ਨਾਨ ਕੀਤਾ। ਬੱਸਾਂ ਵਿਚੋਂ ਉਤਰ ਕੇ ਕੋਡੇ-ਕੋਡੇ ‘ਆਪ’ ਵਾਲਿਆਂ ਵਿਚ ਜਾ ਰਲੇ। ਅਗਲਿਆਂ ਨੇ ਸਭ ਪਾਰਟੀਆਂ ਦੀ ਚੰਗੀ ਮੰਜੀ ਠੋਕੀ। ਹੁਣ ਯਕੀਨ ਜਿਹਾ ਹੋ ਗਿਆ ਕਿ ਕਿਹਰੂ, ਮੀਤੇ ਤੇ ਜਾਗਰ ਵਾਂਗੂੰ ਕੋਈ ਵੀ ਜ਼ਿਮੀਂਦਾਰ ਫਾਹਾ ਲੈ ਕੇ ਨਹੀਂ ਮਰੂਗਾ।” ਪਾਲਾ ਸੱਚ ਬਿਆਨ ਕਰ ਗਿਆ।
“ਟੋਪੀ ਵਾਲਿਆਂ ਤੁਹਾਨੂੰ ਕੁਝ ਨਹੀਂ ਦੇਣਾ। ਪਹਿਲੀ ਗੱਲ ਤਾਂ ਇਨ੍ਹਾਂ ਦਾ ਹਾਲ ਪੀæਪੀæਪੀæ ਵਾਲਾ ਹੋਣੈ। ਜ਼ਮਾਨਤਾਂ ਜ਼ਬਤ ਹੋ ਜਾਣੀਆਂ। ਚਾਰ ਦਿਨ ‘ਆਪ’ ‘ਆਪ’ ਹੋਣੀ ਐ, ਫਿਰ ਕਿਸੇ ਨਹੀਂ ਪੁੱਛਣਾ।” ਸਰਪੰਚ ਬੋਲਿਆ।
“ਸਰਪੰਚਾ! ਆ ਜਾ ਬੈਠ, ਤੈਨੂੰ ਦੱਸਾਂ ਸਿਆਸਤ ਕੀ ਹੁੰਦੀ ਐ।” ਪਾਲਾ ਪੈਰਾਂ ਭਾਰ ਹੋ ਕੇ ਬੈਠ ਗਿਆ।
“ਮਨਪ੍ਰੀਤ ਦਾ ਅਕਾਲੀ ਦਲ ਛੱਡ ਕੇ ਜਾਣਾ, ਨਵੀਂ ਪਾਰਟੀ ਬਣਾਉਣਾ, ਫਿਰ ਕਾਂਗਰਸ ਦੇ ਚੋਣ ਨਿਸ਼ਾਨ ‘ਤੇ ਚੋਣ ਲੜਨੀ ਤੇ ਹਾਰਨਾ, ਫਿਰ ਚੁੱਪ ਵੱਟੀ ਰੱਖਣੀ, ਫਿਰ ਸਤਾਰਾਂ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਛੱਤਰੀ ‘ਤੇ ਬੈਠ ਜਾਣਾæææਇਹ ਸਭ ਫੈਸਲੇ ਮਨਪ੍ਰੀਤ ਦੇ ਨਹੀਂ। ਇਹ ਮਿਲੀਭੁਗਤ ਵੱਡੇ ਬਾਪੂ ਦੇ ਕਹਿਣ ‘ਤੇ ਹੋ ਰਹੀ ਐ। ਅਕਾਲੀ ਦਲ ਦਾ ਪ੍ਰਧਾਨ ਤਾਂ ਪਹਿਲਾਂ ਹੀ ਛੋਟਾ ਬਾਦਲ ਹੈ, ਹੁਣ ਭਤੀਜਾ ਕਾਂਗਰਸ ਦਾ ਪ੍ਰਧਾਨ ਬਣ ਜਾਊ। ਕੈਪਟਨ ਤਾਂ ਆਇਆ ਹੀ ਅਕਾਲੀਆਂ ਨੂੰ ਜਤਾਉਣ ਲਈ ਹੈ। ਕਾਂਗਰਸ ਹਾਰੀ ਤੇ ਕੈਪਟਨ ਦੀ ਪ੍ਰਧਾਨੀ ਗਈ। ਅਗਲਾ ਪ੍ਰਧਾਨ ਮਨਪ੍ਰੀਤ। ਵੱਡੇ ਬਾਪੂ ਦੇ ਦੋਵੇਂ ਹੱਥੀਂ ਮੋਤੀਚੂਰ ਦੇ ਲੱਡੂ; ਤੇ ਅਸੀਂ ਮੇਲੇ ਤੋਂ ਬਾਅਦ ਵਾਲੇ ਖਾਲੀ ਲਿਫ਼ਾਫ਼ੇ। ਕਦੇ ਉਸ ਝਾੜੀ ਵਿਚ ਤੇ ਕਦੇ ਉਸ ਖੂੰਜੇ ਲੱਗੇ ਹੋਵਾਂਗੇ। ਹੁਣ ਪੱਕਾ ਯਕੀਨ ਹੋ ਗਿਐ, ਇਹ ਦੋਵੇਂ ਪਾਰਟੀਆਂ ਸਾਂਝਾ ਮੰਚ ਹੈ ਤੇ ਅਸੀਂ ਆਪੋ ਵਿਚ ਪੱਕੇ ਦੁਸ਼ਮਣ ਬਣੀ ਜਾਂਦੇ ਆਂ। ਹੁਣ ਦੋਵਾਂ ਪਾਰਟੀਆਂ ਨੂੰ ਛੱਡ ਕੇ ‘ਆਪ’ ਵਾਲਿਆਂ ਨੂੰ ਵੋਟਾਂ ਪਾਉਣੀਆਂ ਹਨ।” ਪਾਲਾ ਆਪਣੀ ਸਿਆਣਪ ਦਾ ਸਬੂਤ ਦੇ ਗਿਆ।
“ਆਪ ਵਾਲੇ ਤਾਂ ਖੱਖੜੀ-ਕਰੇਲੇ ਹੋਏ ਪਏ ਨੇ, ਤੁਹਾਡਾ ਉਨ੍ਹਾਂ ਨੇ ਕੀ ਕਰਨਾ!” ਸਰਪੰਚ ਬੋਲਿਆ।
“ਸਰਪੰਚਾ! ਘਰ ਵਿਚ ਭਾਂਡੇ ਵੀ ਆਪਸ ਵਿਚ ਖੜਕਦੇ ਨੇ, ‘ਆਪ’ ਵਾਲਿਆਂ ਵਿਚੋਂ ਸਭ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ। ਤੁਹਾਡੇ ਵਾਂਗੂ ਵੱਡੇ ਬਾਪੂ ਦੀ ਘੂਰੀ ਨਾਲ ਬੈਠਣ ਦਾ ਰਿਵਾਜ਼ ਨਹੀਂ।” ਜੈਲਾ ਬੋਲਿਆ।
“ਪਹਿਲਾਂ ਸੁਣਿਆ ਸੀ ਮਨਪ੍ਰੀਤ ਵੀ ‘ਆਪ’ ਵਾਲਿਆਂ ਵਿਚ ਜਾਣ ਨੂੰ ਫਿਰਦੈ, ਫਿਰ ਕੀ ਬਿੱਲੀ ਸੁੰਘ’ਗੀ।” ਭੋਲਾ ਅਮਲੀ ਬੋਲਿਆ।
“ਭੋਲਿਆ! ਤੂੰ ਸੱਚ ਸੁਣਿਆ ਹੋਊ, ਅਗਲਿਆਂ ਸਰਦਲ ਨਹੀਂ ਚੜ੍ਹਨ ਦਿੱਤਾ। ਨਿੱਕੇ ਤੋਂ ਵੱਡਾ ਪਾਰਟੀ ਵਰਕਰ ਮਨਪ੍ਰੀਤ ਵਿਰੁੱਧ ਬੋਲਿਆ। ਉਹ ਕਹਿੰਦੇ, ਜੇ ਇਸ ਨੂੰ ਪਾਰਟੀ ਵਿਚ ਰਲਾਉਣਾ ਹੈ, ਫਿਰ ਇਹ ਪਾਰਟੀ ‘ਆਮ ਆਦਮੀ ਪਾਰਟੀ’ ਨਹੀਂ ਰਹਿਣੀ, ਇਹ ਤਾਂ ਬਾਦਲਾਂ ਦੀ ਪਾਰਟੀ ਬਣ ਜਾਣੀ। ਫਿਰ ਅਗਲੇ ਨੇ ਰਾਹੁਲ ਗਾਂਧੀ ਦੇ ਹੱਥਾਂ ‘ਤੇ ਚੋਗ ਚੁਗ ਲਈ। ਡੁੱਬਦੀ ਕੀ ਨਾ ਕਰਦੀ! ਅਖੀਰ ਜੇਠ ਨਾਲ ਲਾਉਣੀ ਪੈ ਗਈ।” ਜੈਲਾ ਸਵਾਦ ਲੈਂਦਾ ਬੋਲਿਆ।
“ਜੈਲਿਆ! ਗੱਲ ਸੁਣ, ਫਿਰ ਖਹਿਰਾ ਕਿਉਂ ਰਲਾਇਆ ਇਨ੍ਹਾਂ ਨੇ। ਉਹ ਵੀ ਹਾਰਿਆ ਹੋਇਆ ਤੇ ਕਾਂਗਰਸ ਦਾ ਪੁਰਾਣਾ ਲੀਡਰ ਸੀ।” ਸਰਪੰਚ ਨੇ ਕਿਹਾ।
“ਸਰਪੰਚ ਸਾਬ੍ਹ! ਖਹਿਰਾ ਸਿਰਕੱਢ ਆਗੂ ਹੈ। ਕਾਂਗਰਸ ਨੇ ਉਸ ਨੂੰ ਅੱਖੋਂ-ਪਰੋਖੇ ਕਰ ਦਿੱਤਾ। ਅੱਜ ਤੱਕ ਜੇ ਕੋਈ ਬਾਦਲਾਂ ਦੇ ਖਿਲਾਫ਼ ਬੋਲਿਆ, ਉਹ ਇਕੱਲਾ ਕਾਂਗਰਸ ਦਾ ਖਹਿਰਾ ਹੀ ਬੋਲਿਆ। ਕਾਂਗਰਸ ਨੇ ਉਸ ਦਾ ਸਾਥ ਨਹੀਂਂ ਦਿੱਤਾ, ਉਲਟਾ ਉਸ ਉਪਰ ਵੀ ਝੂਠੇ ਕੇਸ ਪਵਾ ਦਿੱਤੇ। ਉਸ ਨੇ ਮੌਜੂਦਾ ਹਾਕਮਾਂ ਨੂੰ ਘੇਰਨ ਲਈ ਕਈ ਵਾਰ ਰਣਨੀਤੀ ਬਣਾਈ, ਪਰ ਨਾ ਬਾਜਵੇ ਤੇ ਨਾ ਕੈਪਟਨ ਨੇ ਉਸ ਦਾ ਸਾਥ ਦਿੱਤਾ।æææਫਿਰ ਉਹ ਕੀ ਕਰਦਾ? ਜਿਥੇ ਬੋਲਣ ਦੀ ਵੀ ਕਦਰ ਨਾ ਹੋਵੇ, ਦਮ ਘੁੱਟ ਹੁੰਦਾ ਹੋਵੇæææ’ਆਪ’ ਵਾਲਿਆਂ ਨੂੰ ਵੀ ਉਸ ਦੇ ਸਾਥ ਦਾ ਲਾਭ ਜ਼ਰੂਰ ਹੋਵੇਗਾ। ਬਾਕੀ ਉਹ ਬਾਦਲਾਂ ਦੀਆਂ ਪ੍ਰਾਪਰਟੀਆਂ ਬਾਰੇ ਨਿਧੜਕ ਬੋਲਦਾ ਰਿਹਾ, ਦੂਜੇ ਪਾਸੇ ਵੱਡੇ ਬਾਪੂ ਦਾ ਭਤੀਜਾ ਇਕ ਦਿਨ ਵੀ ਉਨ੍ਹਾਂ ਦੇ ਵਿਰੁੱਧ ਨਹੀਂ ਬੋਲਿਆ। ਖਹਿਰਾ ਪੰਜਾਬ ਦਾ ਭਲਾ ਚਾਹੁੰਦੈ। ਉਸ ਦੇ ਬੋਲਾਂ ਵਿਚ ਦਰਦ ਸਾਫ਼ ਸੁਣਾਈ ਦਿੰਦਾ ਹੈ। ਬਾਕੀ ਕੈਪਟਨ ਦੋ ਵਾਰੀ ਚੋਣਾਂ ਵਿਚ ਪਾਰਟੀ ਨੂੰ ਹਾਰ ਦਿਵਾ ਸਕਦਾ ਹੈ ਤਾਂ ਖਹਿਰਾ ‘ਆਪ’ ਵਾਲਿਆਂ ਨਾਲ ਕਿਉਂ ਨਹੀਂ ਰਲ ਸਕਦਾ?” ਗਿਆਨੀ ਮਾਸਟਰ ਵੀ ਆਪਣੀ ਹਾਜ਼ਰੀ ਲਵਾਉਂਦਾ ਬੋਲਿਆ।
“ਸਰਪੰਚਾ! ਤੂੰ ਛੱਡ ਇਨ੍ਹਾਂ ਗੱਲਾਂ ਨੂੰæææਇਉਂ ਦੱਸ ‘ਆਪ’ ਵਾਲਿਆਂ ਦਾ ਇਕੱਠ ਕਿੰਨਾ ਕੁ ਸੀ?” ਜੈਲਾ ਬੋਲਿਆ।
“ਜੈਲਿਆ! ਇਕੱਠ ਤਾਂ ਮਨਪ੍ਰੀਤ ਵੀ ਬਹੁਤ ਕਰ ਲੈਂਦਾ ਸੀ, ਪਰ ਇਕੱਠ ਵੋਟਾਂ ਵਿਚ ਨਹੀਂ ਬਦਲਦਾ। ਐਤਕੀਂ ਸਰਕਾਰ ਫਿਰ ਸਾਡੀ ਹੀ ਬਣਨੀ ਐ। ਵੱਡੇ ਬਾਪੂ ਨੇ ਅਖੀਰ ਧੋਬੀ ਪਟਕਾ ਮਾਰ ਜਾਣੈ।” ਸਰਪੰਚ ਦੀਆਂ ਮੁੱਛਾਂ ਹੱਸੀਆਂ।
“ਪਾਲਿਆ! ਦੇਖ ਹੁਣ ਤਿੰਨ ਪਾਰਟੀਆਂ ਮੈਦਾਨ ਵਿਚ ਆ। ਬਾਕੀ ਤਿੰਨ-ਚਾਰ ਹੋਰ ਨੇ ਜਿਨ੍ਹਾਂ ਨੇ ‘ਨਾ ਜਿੱਤਣਾ ਤੇ ਨਾ ਜਿੱਤਣ ਦੇਣਾ’ ਵਾਲੀ ਸਹੁੰ ਖਾਧੀ ਹੋਈ ਐ। ਬਾਕੀ ਇਕ ਪਾਰਟੀ ਹੋਰ ਵੱਡੇ ਬਾਪੂ ਨੇ ਬਣਾ ਦੇਣੀ ਹੈ, ਗਰਮ-ਖਿਆਲ ਵੋਟਾਂ ਉਧਰ ਭੁਗਤ ਜਾਣੀਆਂ।”
“ਮਾਸਟਰਾ ਉਹ ਕਿਵੇਂ? ਜੈਲਾ ਮਾਸਟਰ ਨੂੰ ਟੋਕਦਾ ਬੋਲਿਆ।
“ਸਰਬੱਤ ਖਾਲਸੇ ਵਿਚੋਂ ਇਕ ਪਾਰਟੀ ਦਾਦੂਵਾਲ ਹੋਰੀਂ ਬਣਾਉਣਗੇ” ਮਾਸਟਰ ਨੇ ਕਿਹਾ।
“ਜਾਹ ਉਏ ਮਾਸਟਰਾ, ਕਰ’ਤੀ ਲੱਸੀæææਪੱਟਿਆ ਪਹਾੜ, ਤੇ ਨਿਕਲਿਆ ਚੂਹਾ!” ਭੋਲਾ ਅਮਲੀ ਬੋਲਿਆ।
“ਮਾਸਟਰ ਜੀ! ਉਹ ਤਾਂ ਜੇਲ੍ਹ ਵਿਚ ਹੈ, ਫਿਰ ਪਾਰਟੀ ਕਿਵੇਂ ਬਣੂਗੀ।” ਪਾਲਾ ਕੁਝ ਸੋਚਦਾ ਹੋਇਆ ਬੋਲਿਆ।
“ਪਾਲਿਆ! ਸਮਾਂ ਦੱਸੂਗਾ, ਹੁੰਦਾ ਕੀ ਐ।” ਮਾਸਟਰ ਨੇ ਚੁੱਪ ਵੱਟ ਲਈ ਸੀ।
“ਕੁਲਫੀ ਵਾਲਾ ਕੀ ਕਹਿੰਦਾ ਜੈਲਿਆ?” ਭੋਲਾ ਅਮਲੀ ਬੋਲਿਆ।
“ਕੁਲਫ਼ੀ ਵਾਲਾ ਤਾਂ ਉਨ੍ਹਾਂ ਗੱਲਾਂ ਦਾ ਗੇੜਾ ਦੇਈ ਜਾਂਦਾ, ਜਿਹੜੀਆਂ ਨਾਲ ਉਹ ਜਿੱਤਿਆ ਸੀ। ਹੁਣ ਮੁੱਖ ਮੰਤਰੀ ਦੀ ਕੁਰਸੀ ਦੀ ਝਾਕ ਜਿਹੀ ਕਰਦੈæææਮੈਨੂੰ ਉਸ ਦੀਆਂ ਗੱਲਾਂ ਵਿਚੋਂ ਇਹੀ ਲੱਗਿਐ।” ਜੈਲਾ ਬੋਲਿਆ।
“ਕੁਲਫ਼ੀ ਵਾਲਾ ਕਿਹੜੈ ਬਈ?” ਸਰਪੰਚ ਬੋਲਿਆ।
“ਸਰਪੰਚਾ! ਭਗਵੰਤ ਮਾਨ ਕੁਲਫ਼ੀ ਗਰਮਾ-ਗਰਮ ਵਾਲਾ।” ਭੋਲਾ ਜਵਾਬ ਦੇ ਗਿਆ।
“ਉਹਨੇ ਵੀ ਪੂਰਾ ਜ਼ੋਰ ਲਾਇਆ ਸੀ ਮਨਪ੍ਰੀਤ ਨੂੰ ਆਪਣੇ ਖੁੱਡੇ ਵਿਚ ਲਿਆਉਣ ਲਈ, ਪਰ ਜੱਸੀ ਜਸਰਾਜ ਲੱਗ ਪਿਆ ਰੌਲਾ ਪਾਉਣ ਕਿ ਜਿਸ ਨੇ ਸਾਡੇ ਖਿਲਾਫ਼ ਚੋਣ ਲੜੀ ਹੋਵੇ, ਉਸ ਨੂੰ ਪਾਰਟੀ ਵਿਚ ਨਹੀਂ ਲਿਆਉਣਾ ਚਾਹੀਦਾ। ਜੱਸੀ ਦੀ ਵੀਡੀਓ ਨੇ ਹੀ ਮਨਪ੍ਰੀਤ ਦੀ ਬੇੜੀ ਵਿਚ ਵੱਟੇ ਪਾਏ ਸੀ।” ਮਾਸਟਰ ਬੋਲਿਆ।
“ਜੈਲਿਆ! ਕੇਜਰੀਵਾਲ ਕੀ ਕਹਿੰਦਾ, ਉਹ ਦੱਸ ਤੂੰ।” ਰਾਜ ਡਾਕਟਰ ਨੇ ਆਉਂਦਿਆਂ ਹੀ ਪੁੱਛਿਆ।
“ਉਹ ਕਹਿੰਦਾ, ਸਭ ਤੋਂ ਪਹਿਲਾਂ ਨੌਜਵਾਨਾਂ ਦੇ ਮੱਚਦੇ ਸਿਵੇ ਬੰਦ ਹੋਣਗੇ, ਤੇ ਗਰੀਬ ਦੇ ਚੁੱਲ੍ਹੇ ਅੱਗ ਮੱਚੂਗੀ। ਦਰੱਖ਼ਤਾਂ ਨਾਲ ਲਟਕਦਾ ਕਿਸਾਨ, ਹੁਣ ਆਪਣੇ ਖੇਤਾਂ ਵਿਚ ਫਿਰ ਹੀਰ ਗਾਇਆ ਕਰੂਗਾ। ਥਾਣਿਆਂ ਨੂੰ ਲੀਡਰਾਂ ਕੋਲੋਂ ਮੁਕਤ ਕਰਵਾ ਕੇ ਹਰ ਬੰਦੇ ਦੀ ਸ਼ਿਕਾਇਤ ਸੁਣੀ ਜਾਇਆ ਕਰੂਗੀ। ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਸਭ ਤੋਂ ਪਹਿਲਾਂ ਦੂਰ ਕੀਤੀ ਜਾਵੇਗੀ। ਅਪਰਾਧੀ ਬੰਦੇ ਨੂੰ ਸੀਖਾਂ ਪਿੱਛੇ ਕੀਤਾ ਜਾਵੇਗਾ। ਜਿਵੇਂ ਦਿੱਲੀ ਵਾਲਿਆਂ ਨੇ ਸਿਆਣਪ ਦਾ ਸਬੂਤ ਦੇ ਕੇ ਆਮ ਆਦਮੀ ਪਾਰਟੀ ਦੀ ਝੋਲੀ ਸਤਾਹਟ ਸੀਟਾਂ ਪਾਈਆਂ ਸਨ, ਤੁਸੀਂ ਵੀ ਸਾਰੀਆਂ ਸੀਟਾਂ ‘ਤੇ ਆਮ ਆਦਮੀ ਪਾਰਟੀ ਨੂੰ ਜਿਤਾਓ, ਫਿਰ ਤੁਹਾਡੀ ਆਪਣੀ ਸਰਕਾਰ ਹੋਵੇਗੀ।” ਜੈਲਾ ਕੇਜਰੀਵਾਲ ਦੇ ਬੋਲ ਸੁਣਾਉਂਦਾ ਬੋਲਿਆ।
“ਵਾਹਿਗੁਰੂæææਕੋਈ ਤਾਂ ਆਵੇ ਜੋ ਪੰਜਾਬ ਨੂੰ ਬਚਾਅ ਲਵੇæææ।” ਪਾਠੀ ਰਾਮ ਸਿਉਂ ਨੇ ਹਉਕਾ ਭਰਿਆ।
“ਬਾਬਾ ਜੀ! ਪੰਜਾਬ ਕਿਤੇ ਨਹੀਂ ਜਾਂਦਾ, ਇਹ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ, ਤੁਸੀਂ ਫਿਕਰ ਨਾ ਕਰੋ।” ਮਾਸਟਰ ਧਰਾਸ ਦੇ ਗਿਆ।
“ਸਰਪੰਚਾ! ਚੱਲ ਛੱਡ ਇਨ੍ਹਾਂ ਵੋਟਾਂ ਤੇ ਰੈਲੀਆਂ ਨੂੰæææਸੁਣਿਆæææ ਵੀਹ ਮੁੰਡੇ ਸਮੁੰਦਰ ਵਿਚ ਡੁੱਬ ਗਏ, ਜਿਹੜੇ ਅਮਰੀਕਾ ਜਾ ਰਹੇ ਸੀ।” ਪਾਲਾ ਗੱਲ ਪਲਟਾ ਗਿਆ।
“ਪਾਲਿਆ! ਖਬਰਾਂ ਵਿਚ ਦੱਸਦੇ ਸੀ, ਪੱਚੀ-ਪੱਚੀ ਲੱਖ ਦੇ ਕੇ ਗਏ ਸੀ।” ਸਰਪੰਚ ਹਉਕਾ ਭਰ ਗਿਆ।
“ਜੈਲਿਆ! ਜੇ ਸਾਡੇ ਮੁੰਡਿਆਂ ਨੂੰ ਇਥੇ ਰੁਜ਼ਗਾਰ ਦੇ ਸਾਧਨ ਮਿਲ ਜਾਣ, ਫਿਰ ਕੌਣ ਬਾਡਰ ਟੱਪੇ। ਪੜ੍ਹੇ-ਲਿਖੇ ਮੁੰਡੇ ਹਰਲ-ਹਰਲ ਕਰਦੇ ਫਿਰਦੇ ਨੇ, ਨੌਕਰੀਆਂ ਮਿਲਦੀਆਂ ਨਹੀਂ, ਫਿਰ ਕੀ ਕਰਨ ਵਿਚਾਰੇ?” ਮਾਸਟਰ ਬੋਲਿਆ।
“ਕੋਠੀਆਂ, ਕਲੋਨੀਆਂ, ਮਾਲਾਂ ਤੇ ਚੌੜੀਆਂ ਸੜਕਾਂ ਨੇ ਜ਼ਮੀਨਾਂ ਦੇ ਘੇਰੇ ਛੋਟੇ ਕਰ ਦਿੱਤੇ। ਛੋਟੇ-ਮੋਟੇ ਕੰਮ ਅੱਜ ਕੱਲ੍ਹ ਦੇ ਮੁੰਡੇ ਕਰ ਕੇ ਰਾਜ਼ੀ ਨਹੀਂ। ਫੈਸ਼ਨਾਂ ਨੇ ਇਨ੍ਹਾਂ ਦੀ ਮੱਤ ਮਾਰ ਦਿੱਤੀ ਹੈ। ਸਿਰ ਮੁੰਨੀ ਫਿਰਦੇ ਹਨ ਤੇ ਦਾੜ੍ਹੀ ਵਧਾਈ ਫਿਰਦੇ ਨੇ। ਨਾ ਹਿੰਦੂ, ਨਾ ਮੁਸਲਮਾਨ ਤੇ ਨਾ ਸਿੱਖ ਦਿਖਾਈ ਦਿੰਦੇ ਨੇ। ਗੁਰਦੁਆਰੇ ਕੋਈ ਜਾ ਕੇ ਰਾਜ਼ੀ ਨਹੀਂ। ਗਾਉਣ ਵਾਲੇ ਸੁਣਨ ਲਈ ਵੀਹ ਕੋਹ ਚਲੇ ਜਾਂਦੇ ਆ। ਇਨ੍ਹਾਂ ਮੁੰਡਿਆਂ ਦੀ ਮੱਤ ਗਾਉਣ ਵਾਲਿਆਂ ਨੇ ਮਾਰੀ ਐ। ਬੰਦੂਕ ਤੇ ਕੁੜੀ ਤੋਂ ਬਿਨਾਂ ਕੋਈ ਗਾਣਾ ਗਾਉਂਦੇ ਨਹੀਂ। ਚੰਗਾ ਗਾਣਾ ਮੁੰਡੇ ਸੁਣਦੇ ਨਹੀਂ। ਬੱਸ ਗਾਉਣ ਵਾਲਿਆਂ ਵਾਂਗ ਸਿਰ-ਮੂੰਹ ਬਣਾ ਲੈਂਦੇ ਹਨ। ਪਾਲੇ ਦਾ ਮੁੰਡਾ ਨਾਈ ਦੀ ਦੁਕਾਨ ‘ਤੇ ਬੈਠਾ, ਮੈਂ ਕਿਹਾ, ‘ਕੀ ਕਰਦਾਂ ਉਏ’। ਕਹਿੰਦਾ, ‘ਚਾਚਾ, ਕੱਲ੍ਹ ਨੂੰ ਜਾਣਾ ਫਤਿਹਗੜ੍ਹ ਸਾਹਿਬ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲ ‘ਤੇæææ।’ ਇਨ੍ਹਾਂ ਨੂੰ ਦੇਖ ਕੇ ਕੀ ਕਹਿੰਦੇ ਹੋਣਗੇ ਛੋਟੇ ਸਾਹਿਬਜ਼ਾਦੇ ਕਿ ਇਨ੍ਹਾਂ ਦੀ ਖਾਤਰ ਅਸੀਂ ਸ਼ਹੀਦੀਆਂ ਦਿੱਤੀਆਂ ਸਨ। ਸਾਡੇ ਪਿਤਾ ਨੇ ਇਨ੍ਹਾਂ ਲਈ ਪਰਿਵਾਰ ਵਾਰਿਆ ਸੀ। ਇਨ੍ਹਾਂ ਨੇ ਕੌਮ ਦੀ ਖਾਤਰ ਖੂਨ ਕਿਥੇ ਡੋਲ੍ਹਣਾ, ਇਨ੍ਹਾਂ ਕੋਲ ਤਾਂ ਖੂਨ ਟੈਸਟ ਕਰਵਾਉਣ ਜੋਗਾ ਵੀ ਨਹੀਂ।” ਸਰਪੰਚ ਅੰਦਰਲਾ ਗੁੱਸਾ ਕੱਢ ਗਿਆ।
“ਸਰਪੰਚਾ! ਪੰਜਾਬ ਨੂੰ ਕੈਲੀਫਰੋਨੀਆ ਬਣਾਉਣ ਨਾਲੋਂ ਚੁਰਾਸੀ ਤੋਂ ਪਹਿਲਾਂ ਵਾਲਾ ਪੰਜਾਬ ਹੀ ਬਣਾ ਦੇਵੇ ਕੋਈ। ਸਾਡੀਆਂ ਟੁੱਟੀਆਂ ਬਾਹਾਂ ਮੁੜ ਗਲੇ ਨੂੰ ਆ ਜਾਣ। ਜਦੋਂ ਇਕ ਘਰ ਦੁੱਖ ਹੁੰਦਾ ਸੀ ਤਾਂ ਸਾਰਾ ਪਿੰਡ ਛਾਂਵਾਂ ਕਰ ਦਿੰਦਾ ਸੀ ਆਣ ਕੇ। ਹਰ ਇਕ ਦੀ ਖੁਸ਼ੀ ਵਿਚ ਖੁਸ਼ੀ ਮਨਾਈ ਜਾਂਦੀ ਸੀ।” ਮਾਸਟਰ ਬੋਲਿਆ।
“ਵਾਹਿਗੁਰੂæææਸਿੱਖੋ, ਉਹ ਮਾਘੀ ਤੇ ਵਿਸਾਖੀ ਮੁੜ ਆ ਜਾਵੇ। ਲੋਕ ਪੈਦਲ ਅਤੇ ਸਾਇਕਲ ‘ਤੇ ਜਾ ਕੇ ਗੁਰੂ ਨਾਲ ਟੁੱਟੀ ਗੰਢ ਆਉਂਦੇ ਸੀ। ਅੰਮ੍ਰਿਤ ਦੀਆਂ ਦਾਤਾਂ ਲੈ ਆਉਂਦੇ, ਗੁਰੂਆਂ ਦੀਆਂ ਕੁਰਬਾਨੀਆਂ ਨੂੰ ਸਾਹ-ਸਾਹ ਨਾਲ ਯਾਦ ਕਰਦੇ ਹੋਏ ਆਪਣਾ ਜੀਵਨ ਜਿਉਂਦੇ ਸਨ। ਹੁਣ ਤਾਂ ਧਰਮ ਵੀ ਸਿਆਸਤ ਨੇ ਆਪਣੇ ਕਬਜ਼ੇ ਵਿਚ ਕਰ ਲਿਆ। ਬਾਜਾਂ ਵਾਲਿਆæææਇਨ੍ਹਾਂ ਭੁਲੱਕੜਾਂ ਨੂੰ ਮੁਆਫ਼ ਕਰ ਦੇਵੀਂ।” ਪਾਠੀ ਰਾਮ ਸਿਉਂ ਕਹਿ ਕੇ ਤੁਰ ਗਿਆ।