-ਗੁਲਜ਼ਾਰ ਸਿੰਘ ਸੰਧੂ
ਭਗਤ ਪੂਰਨ ਸਿੰਘ ਵੱਲੋਂ ਸਥਾਪਿਤ ਕੀਤਾ ਪਿੰਗਲਵਾੜਾ ਸਮਾਜ ਸੇਵਕਾਂ ਦੀ ਦੁਨੀਆਂ ਵਿਚ ਇਨਾ ਪ੍ਰਸਿੱਧ ਹੋ ਚੁੱਕਿਆ ਹੈ ਕਿ ਇਸ ਬਾਰੇ ਜਾਣਕਾਰੀ ਦੇਣ ਦੀ ਕੋਈ ਗੁੰਜਾਇਸ਼ ਨਹੀਂ। ਇਥੇ ਬੇਸਹਾਰਾ ਤੇ ਅਪਾਹਜ ਲੋਕਾਂ ਦੀਆਂ ਔਕੜਾਂ ਨੂੰ ਮਨ ਚਿੱਤ ਲਾ ਕੇ ਦੂਰ ਕਰਨ ਦੇ ਯਤਨ ਕੀਤੇ ਜਾਂਦੇ ਹਨ। ਭਗਤ ਜੀ ਦੀ ਸੋਚ ਤੇ ਦ੍ਰਿਸ਼ਟੀ ਏਨੀ ਮਾਨਵਵਾਦੀ ਸੀ ਕਿ ਉਨ੍ਹਾਂ ਦਾ ਹੱਥ ਵਟਾਉਣ ਲਈ ਦੂਰ ਨੇੜੇ ਦੇ ਪੜ੍ਹੇ-ਲਿਖੇ ਡਾਕਟਰ ਵੀ ਉਥੇ ਢੁੱਕਣ ਲੱਗੇ।
ਉਨ੍ਹਾਂ ਵਿੱਚੋਂ ਇਕ ਬੀਬੀ ਇੰਦਰਜੀਤ ਕੌਰ ਹੈ ਜਿਸ ਨੇ ਡਾਕਟਰੀ ਵਾਲੀ ਸਰਕਾਰੀ ਨੌਕਰੀ ਛੱਡ ਕੇ ਅੰਤਕਾਰ ਏਸ ਸੰਸਥਾ ਨਾਲ ਜੁੜਨ ਨੂੰ ਤਰਜੀਹ ਦਿੱਤੀ। ਡਾæ ਇੰਦਰਜੀਤ ਦੇ ਪਿਤਾ ਹਰਬੰਸ ਸਿੰਘ ਆਯੁਰਵੈਦਿਕ ਡਾਕਟਰ ਸਨ ਤੇ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਅਜਿਹੀ ਵਿੱਦਿਆ ਦਿਤੀ ਜੋ ਹਰ ਪੱਖ ਤੋਂ ਮਾਨਵਤਾ ਦੇ ਭਲੇ ਹਿੱਤ ਹੈ।
ਭਗਤ ਪੂਰਨ ਸਿੰਘ ਦੇ ਅਕਾਲ ਚਲਾਣੇ ਤੋਂ ਪਿੱਛੋਂ ਲੋਕਾਂ ਨੂੰ ਪਿੰਗਲਵਾੜਾ ਦੇ ਭਵਿੱਖ ਬਾਰੇ ਬੜੀ ਚਿੰਤਾ ਸੀ ਪਰ ਜਿਸ ਗਰਮਜੋਸ਼ੀ ਤੇ ਉਤਸ਼ਾਹ ਨਾਲ ਡਾæ ਇੰਦਰਜੀਤ ਕੌਰ ਨੇ ਇਸ ਦੀ ਵਾਗਡੋਰ ਸੰਭਾਲੀ। ਉਹ ਬੱਚੇ ਬੱਚੇ ਦੀ ਜ਼ਬਾਨ ‘ਤੇ ਹੈ। ਬੀਬੀ ਜੀ ਨੇ ਅਪਾਹਜਾਂ ਤੇ ਨਥਾਵਿਆਂ ਦੀ ਬਾਂਹ ਏਨੀ ਦ੍ਰਿੜ੍ਹਤਾ ਨਾਲ ਫੜੀ ਕਿ ਅੱਜ ਦੇ ਦਿਨ ਇਹ ਸੰਸਥਾ ਪਾਕਿਸਤਾਨ ਦੀ ਈਦੀ ਫਾਊਂਡੇਸ਼ਨ ਵਾਂਗ ਜਾਣੀ ਜਾਂਦੀ ਹੈ ਤੇ ਲੋੜਵੰਦਾਂ ਨੂੰ ਡਾæ ਇੰਦਰਜੀਤ ਦੇ ਚਿਹਰੇ ਵਿਚੋਂ ਮਦਰ ਟੈਰੇਸਾ ਦਾ ਚਿਹਰਾ ਦਿਖਾਈ ਦੇਣ ਲੱਗ ਪਿਆ ਹੈ। ਉਸ ਦੀ ਕਾਰਗੁਜ਼ਾਰੀ ਇਹ ਵੀ ਸਿੱਧ ਕਰਦੀ ਹੈ ਕਿ ਸਮਾਜ ਸੇਵਾ ਦੀ ਲਗਨ ਕਿਸੇ ਇਕ ਫਿਰਕੇ ਤੱਕ ਹੀ ਸੀਮਤ ਨਹੀਂ ਹੁੰਦੀ, ਇਥੇ ਹਿੰਦੂ, ਮੁਸਲਿਮ, ਸਿੱਖ, ਇਸਾਈ ਸਾਰੇ ਬਰਾਬਰ ਹਨ।
ਉਘੇ ਅਰਥ ਸ਼ਾਸਤਰੀ ਅਤੇ ਕਾਲਮ ਨਵੀਨ ਡਾæ ਐਸ਼ ਐਸ਼ ਛੀਨਾ ਨੇ ਡਾæ ਇੰਦਰਜੀਤ ਕੌਰ ਦੀ ਜੀਵਨੀ ਅੰਗਰੇਜ਼ੀ ਭਾਸ਼ਾ ਵਿਚ ਲਿਖ ਕੇ ਪਿੰਗਲਵਾੜੇ ਅਤੇ ਡਾæ ਇੰਦਰਜੀਤ ਦੀਆਂ ਗਤੀਵਿਧੀਆਂ ਤੋਂ ਦੇਸ਼ ਪ੍ਰਦੇਸ਼ ਵਸਦੇ ਸਮਾਜ ਸੇਵਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ। ਡਾæ ਛੀਨਾ ਅਨੁਸਾਰ ਡਾਕਟਰ ਇੰਦਰਜੀਤ ਦਾ ਕਮਾਲ ਕੇਵਲ ਏਸ ਵਿਚ ਹੀ ਨਹੀਂ ਕਿ ਉਸ ਨੇ ਸਰਕਾਰੀ ਨੌਕਰੀ ਛੱਡ ਕੇ ਸਮਾਜ ਸੇਵਾ ਕਰਨ ਨੂੰ ਪਹਿਲ ਦਿੱਤੀ, ਸਗੋਂ ਇਸ ਵਿਚ ਵੀ ਹੈ ਕਿ ਉਸ ਨੇ ਏਸ ਲਗਨ ਨੂੰ ਪਾਲਣ ਵਾਸਤੇ ਵਿਆਹ ਨਹੀਂ ਕਰਵਾਇਆ ਅਤੇ ਲੋੜ ਪੈਣ ‘ਤੇ ਮਾਲਵੇ ਦੇ ਸੁਖਦਾਇਕ ਜੀਵਨ ਨੂੰ ਅਲਵਿਦਾ ਕਹਿ ਕੇ ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਵਾਸ ਕੀਤਾ ਹੈ। ਪੁਸਤਕ ਵਿਚ ਬੀਬੀ ਜੀ ਨੂੰ ਉਨ੍ਹਾਂ ਦੀ ਮਾਤਾ ਵੱਲੋਂ ਮਿਲੇ ਉਤਸ਼ਾਹ ਨੂੰ ਵੀ ਖੂਬ ਉਭਾਰਿਆ ਹੈ। ਅੰਗਰੇਜ਼ੀ ਭਾਸ਼ਾ ਵਿਚ ਲਿਖੀ ਗਈ ਇਹ ਪੁਸਤਕ ਸਿਟੀਜ਼ਨਜ਼ ਵੈਲਫੇਅਰ ਟਰੱਸਟ ਅੰਮ੍ਰਿਤਸਰ ਨੇ ਪ੍ਰਕਾਸ਼ਿਤ ਕੀਤੀ ਹੈ। ਚੰਗਾ ਹੋਵੇ ਜੇ ਇਸ ਦਾ ਅਨਵਾਦ ਦੂਜੀਆਂ ਭਾਸ਼ਾਵਾਂ ਵਿਚ ਵੀ ਛਪੇ। ਇਸ ਵਿਚ ਇਕੱਲੇ ਪੰਜਾਬ ਦਾ ਮਾਣ ਨਹੀਂ ਵਧਦਾ ਸਾਰੇ ਭਾਰਤ ਦਾ ਗੌਰਵ ਹੈ।
ਉਰਦੂ ਅਫ਼ਸਾਨੇ ਦਾ ਸੁਨਹਿਰੀ ਕਾਲ: ਪਿਛਲੇ ਐਤਵਾਰ ਚੰਡੀਗੜ੍ਹ ਸਾਹਿਤ ਅਕਾਡਮੀ ਨੇ ਉਰਦੂ ਕਹਾਣੀਕਾਰਾਂ ਦੇ ਸੁਨਹਿਰੀ ਕਾਲ ਨੂੰ ਚੇਤੇ ਕਰਦਿਆਂ ਚੰਡੀਗੜ੍ਹ ਪ੍ਰਸ਼ਾਸਨ ਦੇ ਗੈਸਟ ਹਾਊਸ ਵਿਚ ਇਕ ਅਰਥ ਭਰਪੂਰ ਬੈਠਕ ਕਰਵਾਈ, ਜਿਸ ਵਿਚ ਸਆਦਤ ਹਸਨ ਮੰਟੋ ਬਾਰੇ ਸਰਦ ਦੱਤ ਦਾ ਪਰਚਾ ਸੀ ਅਤੇ ਕ੍ਰਿਸ਼ਨ ਚੰਦਰ ਬਾਰੇ ਜ਼ਮੁਰਦ ਖਾਨ ਤੇ ਰਾਜਿੰਦਰ ਸਿੰਘ ਬੇਦੀ ਬਾਰੇ ਫਰਹਤ ਉਲਾ ਖਾਨ ਦਾ, ਤਿੰਨੋਂ ਵਿਦਵਾਨ ਦਿੱਲੀ ਦੇ ਸਨ। ਇਸਮਤ ਚੁਗਤਾਈ ਦੀ ਨਬਜ਼ ਪਹਿਚਾਨਣ ਵਾਲੀ ਮੈਡਮ ਰੇਣੂ ਬਹਿਲ ਸੀ। ਸਾਰੇ ਵਿਦਵਾਨਾਂ ਨੇ ਬੜੇ ਗੰਭੀਰ ਤੇ ਅਰਥ ਭਰਪੂਰ ਨੁਕਤੇ ਉਠਾਏ। ਬੈਠਕ ਦਾ ਰੰਗ ਬੰਨ੍ਹਣ ਵਿਚ ਪੰਜਾਬੀ ਯੂਨੀਵਰਸਿਟੀ ਦੇ ਪ੍ਰੋæ ਨਾਸਿਰ ਨਕਵੀ ਨੇ ਆਪਣੇ ਉਦਘਾਟਨੀ ਭਾਸ਼ਨ ਵਿੱਚ ਪਹਿਲਾਂ ਹੀ ਬਾਨ੍ਹਣੂ ਬੰਨ੍ਹ ਦਿੱਤਾ ਸੀ।
ਕ੍ਰਿਸ਼ਨ ਚੰਦਰ ਦੀ ਕਹਾਣੀ ਕਲਾ ਦੀ ਉਸਤਤ ਕਰਦਿਆਂ ਜਮੁਰਦ ਖਾਨ ਨੇ ਠੋਕ ਕੇ ਕਿਹਾ ਕਿ ਚੰਗੀ ਭਾਸ਼ਾ ਕਿਸੇ ਇੱਕ ਫਿਰਕੇ ਜਾਂ ਧਰਮ ਦੀ ਨਹੀਂ ਹੁੰਦੀ। ਇਹ ਸਭ ਦੀ ਸਾਂਝੀ ਹੁੰਦੀ ਹੈ।
ਉਰਦੂ ਕਹਾਣੀਕਾਰੀ ਦੇ ਇਹ ਮਹਾਰਥੀ 1912 ਤੇ 1915 ਵਿਚ ਪੈਦਾ ਹੋਏ ਤੇ ਇੱਕ ਦੂਜੇ ਨਾਲ ਮਤਭੇਦ ਰੱਖਣ ਦੇ ਬਾਵਜੂਦ ਸਮਾਜ, ਭਾਈਚਾਰੇ ਤੇ ਵਾਸਨਾ ਸਬੰਧੀ ਨਿਸ਼ਚਿਤ ਦ੍ਰਿਸ਼ਟੀਕੋਣ ਰੱਖਦੇ ਸਨ। ਜਿਥੋਂ ਤੱਕ ਜ਼ਮੁਰਦ ਖਾਨ ਦੀ ਟਿੱਪਣੀ ਦਾ ਸਬੰਧ ਹੈ ਉਸਦੀ ਪੁਸ਼ਟੀ ਪਰਚਾ ਲਿਖਣ ਲਈ ਸੁਭਾਵਿਕ ਹੀ ਚੁਣੇ ਗਏ ਵਿਦਵਾਨਾਂ ਤੋਂ ਹੋ ਗਈ। ਕ੍ਰਿਸ਼ਨ ਚੰਦਰ ਅਤੇ ਬੇਦੀ ਬਾਰੇ ਲਿਖਣ ਵਾਲੇ ਦੋਨੋਂ ਮੁਸਲਮਾਨ ਸਨ ਤੇ ਇਸਮਤ ਚੁਗਤਾਈ ਤੇ ਮੰਟੋ ਬਾਰੇ ਲਿਖਣ ਵਾਲੇ ਦੋਵੇਂ ਹਿੰਦੂ। ਸ਼ਾਇਦ ਇਹੀਓ ਕਾਰਨ ਹੈ ਕਿ ਇਸ ਬੈਠਕ ਨੂੰ ਸਰੋਤਿਆਂ ਨੇ ਰੱਜ ਕੇ ਮਾਣਿਆ। ਇਸ ਤਰ੍ਹਾਂ ਦੀਆਂ ਬੈਠਕਾਂ ਭਾਈਚਾਰਕ ਸਾਂਝ ਵਧਾਉਾਂਦੀਆਂ ਹਨ।
ਬੈਠਕ ਦਾ ਵਿਦਾਇਗੀ ਭਾਸ਼ਨ ਵੀæ ਕੇæ ਸਿੱਬਲ ਵੱਲੋਂ ਸੀ ਜਿਹੜਾ ਆਪਣੇ ਪਿਤਾ ਹੀਰਾ ਲਾਲ ਸਿੱਬਲ ਦੇ ਮੰਟੋ ਤੇ ਇਸਮਤ ਦਾ ਮੁਕੱਦਮਾ ਲੜਦੇ ਸਮੇਂ ਸਾਰੇ ਅਫਸਾਨਾ ਨਿਗਾਰਾ ਨੂੰ ਵੇਖਦਾ ਤੇ ਮਿਲਦਾ ਰਿਹਾ ਸੀ।
ਦਿੱਲੀ ਵਾਲੇ ਫਰਹਤ ਉਲਾ ਖਾਨ ਉਥੋਂ ਦੀ ਰੇਖਤਾ (ਉਰਦੂ) ਵਿਕਾਸ ਸੰਸਥਾ ਦੇ ਕਰਤਾ ਧਰਤਾ ਹਨ ਤੇ ਜ਼ਮੁਰਦ ਖਾਨ ਨੇ ਕ੍ਰਿਸ਼ਨ ਚੰਦਰ ਦੀ ਜੀਵਨੀ ਤੇ ਰਚਨਾ ਬਾਰੇ ਡਾਕੂਮੈਂਟਰੀ ਫਿਲਮ ਵੀ ਬਣਾ ਰੱਖੀ ਹੈ। ਬੈਠਕ ਦੇ ਅੰਤ ਵਿਚ ਮੈਨੂੰ ਟੀ ਐਨæ ਰਾਜ਼ ਦੀ ਧਾਰਨਾ ਵੀ ਚੇਤੇ ਆਈ, ਜਿਹੜੀ ਸੰਤਾਲੀ ਦੀ ਵੰਡ ਪਿਛੋਂ ਉਰਦੂ ਦੇ ਭਵਿੱਖ ਬਾਰੇ ਹੈ।
ਉਰਦੂ ਦਾ ਮੁਹਾਫਿਜ਼ ਹੈ ਹਿੰਦੂ ਨਾ ਮੁਸਲਮਾਂ ਹੀ,
ਬੇਗੋਦ ਸੇ ਬੱਚੇ ਕੋ ਅਬ ਕਿਸਨੇ ਉਠਾਨਾ ਹੈ।
ਰਾਜ਼ ਦੀ ਸੋਚ ਸਿਰ ਮੱਥੇ ਪਰ ਭਾਰਤ ਵਿਚ ਉਰਦੂ ਨਵੇਂ ਸਿਰਿਉਂ ਵੱਧ ਫੁੱਲ ਰਹੀ ਹੈ।
ਅੰਤਿਕਾ: (ਤਖਤ ਸਿੰਘ)
ਇਉਂ ਕੋਸ ਹਨੇਰੇ ਨੂੰ ਐਵੇਂ ਨਾ ਮਿਸ਼ਾਲਚੀਆ,
ਏਸੇ ‘ਚੋਂ ਚੜ੍ਹਨ ਤਾਰੇ ਏਸੇ ‘ਚੋਂ ਸ਼ਮਾ ਨਿਕਲੇ।