ਕੁਲਦੀਪ ਕੌਰ
ਫਿਲਮ ‘ਗਮਨ’ 1978 ਵਿਚ ਰਿਲੀਜ਼ ਹੋਈ। ਇਸ ਦੇ ਨਿਰਦੇਸ਼ਕ ਮੁਜ਼ੱਫਰ ਅਲੀ ਸਨ। ਮੁਜ਼ੱਫਰ ਅਲੀ ਨਾ ਸਿਰਫ ਫਿਲ਼ਮਸਾਜ਼ ਹਨ ਬਲਕਿ ਨਿਪੁੰਨ ਫੈਸ਼ਨ ਡਿਜ਼ਾਈਨਰ, ਚਿੱਤਰਕਾਰ, ਕਵੀ, ਸਮਾਜ ਸੇਵੀ ਵੀ ਹਨ। ਉਨ੍ਹਾਂ ਦੀਆਂ ਫਿਲਮਾਂ ਵਿਚੋਂ ਉਨ੍ਹਾਂ ਦੀ ਸ਼ਖਸੀਅਤ ਨੂੰ ਪੜ੍ਹਿਆ ਜਾ ਸਕਦਾ ਹੈ। ਉਨ੍ਹਾਂ ਅਨੁਸਾਰ, “ਮੇਰੀਆਂ ਸਾਰੀਆਂ ਫਿਲਮਾਂ ਮੇਰੀ ਜ਼ਿੰਦਗੀ ਦੇ ਪੰਨਿਆਂ ਵਾਂਗ ਹਨ। ਮੇਰੇ ਲਈ ਫਿਲਮ ਬਣਾਉਣਾ ਜ਼ਿੰਦਗੀ ਦੇ ਕੈਨਵਸ ਵਿਚ ਰੰਗ ਭਰਨ ਵਾਂਗ ਹੈ।
ਫਿਲਮ ਸਿਰਫ ਦਰਸ਼ਕਾਂ ਦੀ ਸੰਤੁਸ਼ਟੀ ਲਈ ਨਹੀਂ ਹੋਣੀ ਚਾਹੀਦੀ, ਸਗੋਂ ਫਿਲਮ ਬਣਾਉਣ ਤੋਂ ਬਾਅਦ ਨਿਰਦੇਸ਼ਕ ਦੀ ਰੂਹ ਵੀ ਰੱਜਣੀ ਚਾਹੀਦੀ ਹੈ।” ਮੁਜ਼ੱਫਰ ਅਲੀ ਦੀ ਪਹਿਲੀ ਫਿਲਮ ‘ਜੂਨੀ’ ਉਨ੍ਹਾਂ ਦੇ ਦਿਲ ਦੇ ਬਹੁਤ ਨਜ਼ਦੀਕ ਸੀ। ਫਿਲਮ ‘ਜੂਨੀ’ ਕਸ਼ਮੀਰ ਦੀ ਬੇਹੱਦ ਮਕਬੂਲ ਸ਼ਾਇਰਾ ਹੱਬਾ ਖਾਤੂਨ ਦੀ ਜ਼ਿੰਦਗੀ ‘ਤੇ ਆਧਾਰਿਤ ਸੀ। ਹੱਬਾ ਖਾਤੂਨ ਦੀ ਜ਼ਿੰਦਗੀ ‘ਤੇ ਫਿਲਮ ਬਣਾਉਣ ਦਾ ਸੁਪਨਾ ਹਿੰਦੀ ਦੇ ਕਈ ਨਿਰਦੇਸ਼ਕਾਂ ਨੇ ਦੇਖਿਆ। ਸਭ ਤੋਂ ਪਹਿਲਾਂ ‘ਮਦਰ ਇੰਡੀਆ’ ਵਰਗੀ ਯਾਦਗਾਰੀ ਫਿਲਮ ਬਣਾਉਣ ਵਾਲੇ ਨਿਰਦੇਸ਼ਕ ਮਹਿਬੂਬ ਖਾਨ ਨੇ 1960 ਵਿਚ ਅਦਾਕਾਰਾ ਸ਼ਾਇਰਾ ਬਾਨੋ ਨੂੰ ਇਸ ਭੂਮਿਕਾ ਲਈ ਸਾਈਨ ਕੀਤਾ। ਉਨ੍ਹਾਂ ਦੀ ਬੇਵਕਤ ਮੌਤ ਨਾਲ ਫਿਲਮ ਠੱਪ ਹੋ ਗਈ। ਇਸ ਤੋਂ ਬਾਅਦ ਸੰਜੇ ਦੱਤ ਨੇ 1980 ਵਿਚ ਜ਼ੀਨਤ ਅਮਾਨ ਨੂੰ ਇਹ ਭੂਮਿਕਾ ਕਰਨ ਲਈ ਮਨਾ ਲਿਆ। ਫਿਲਮ ਲਈ ਸੰਗੀਤਕਾਰ ਦੇ ਤੌਰ ‘ਤੇ ਨੌਸ਼ਾਦ ਅਤੇ ਗਾਇਕ ਦੇ ਤੌਰ ‘ਤੇ ਮੁਹੰਮਦ ਰਫੀ ਨੂੰ ਸਾਈਨ ਵੀ ਕਰ ਲਿਆ ਗਿਆ, ਪਰ ਪ੍ਰੋਜੈਕਟ ਅੱਗੇ ਨਹੀਂ ਤੁਰ ਸਕਿਆ।
ਮੁਜ਼ੱਫਰ ਅਲੀ ਨੇ ਇਸ ਫਿਲਮ ਲਈ ਕਸ਼ਮੀਰ ਵਿਚ ਜਾ ਡੇਰੇ ਲਾਏ। ਕਸ਼ਮੀਰ ਉਸ ਸਮੇਂ ਔਖੇ ਦੌਰ ਵਿਚੋਂ ਲੰਘ ਰਿਹਾ ਸੀ। ਫਿਲਮ ਦਾ ਸੰਗੀਤ ਤਿਆਰ ਹੋ ਜਾਣ ਦੇ ਬਾਵਜੂਦ ਇੱਕ ਤੋਂ ਬਾਅਦ ਇੱਕ ਕਾਰਨਾਂ ਕਰ ਕੇ ਫਿਲਮ ਵਿਚ ਦੇਰੀ ਹੁੰਦੀ ਗਈ। ਇਥੋਂ ਤੱਕ ਕਿ ਮੁਜ਼ੱਫਰ ਅਲੀ ਨੂੰ ਵੀ ਯਕੀਨ ਹੋ ਗਿਆ ਕਿ ਹੁਣ ਇਸ ਨੂੰ ਖੁਦਾ ਵੀ ਸਿਰੇ ਨਹੀਂ ਲਾ ਸਕਦਾ। ਇਉਂ ਹੱਬਾ ਖਾਤੂਨ ਦੀ ਦਾਸਤਾਂ ਫਿਰ ਇਤਿਹਾਸ ਦੀ ਧੁੰਦ ਵਿਚ ਗੁਆਚ ਗਈ।
ਫਿਲਮ ‘ਗਮਨ’ ਦੀ ਪੂਰੀ ਕਥਾ ਇਸ ਦੇ ਗਾਣੇ ‘ਸੀਨੇ ਮੇਂ ਜਲਨ ਆਂਖੋਂ ਮੇਂ ਤੂਫਾਨ ਸਾ ਕਿਉਂ ਹੈ, ਇਸ ਸ਼ਹਿਰ ਮੇਂ ਹਰ ਸ਼ਖਸ ਪਰੇਸ਼ਾਨ ਸਾ ਕਿਉਂ ਹੈ’ ਵਿਚ ਪਈ ਹੈ। ਭੁੱਖ ਦੀ ਜ਼ਲਾਲਤ ਨਾਲ ਜੂਝਦੇ ਪਿੰਡਾਂ ਦਾ ਆਵਾਮ ਜਦੋਂ ਕੀੜੀਆਂ ਦੇ ਭੌਣ ਵਾਂਗ ਸ਼ਹਿਰਾਂ ਦੀਆਂ ਸੜਕਾਂ ‘ਤੇ ਨਿਕਲਦਾ ਹੈ ਤਾਂ ਉਨ੍ਹਾਂ ਦੀਆਂ ਪਸ਼ੇਮਾਨੀਆਂ ਦੀ ਹਰ ਫਰਿਆਦ ਸ਼ਹਿਰਾਂ ਦੇ ਮੀਨਾਰਾਂ ਨਾਲ ਹੀ ਟਰਕਾ ਕੇ ਚਕਨਾਚੂਰ ਕਿਉਂ ਹੋ ਜਾਂਦੀ ਹੈ? ਦੂਜੇ ਅਰਥਾਂ ਵਿਚ ਬੰਦੇ ਵਿਚੋਂ ਬੰਦਾ ਹੋਣ ਦੀ ਭਾਵਨਾ ਦਾ ਖੁਰਨਾ ਹੀ ਤਾਂ ‘ਗਮਨ’ ਹੈ। ਮੁਜ਼ੱਫਰ ਅਲੀ ਦੀ ਅੱਖ ਇਸ ਖੋਰੇ ਦੀਆਂ ਬਾਰੀਕੀਆਂ ਨੂੰ ਬਹੁਤ ਸੂਖਮਤਾ ਨਾਲ ਫੜਦੀ ਹੈ। ਸ਼ਹਿਰ ਵਿਚ ਰੋਜ਼ੀ-ਰੋਟੀ ਕਮਾਉਣ ਆਇਆ ਗੁਲਾਮ ਹਸਨ (ਫਾਰੂਕ ਸ਼ੇਖ) ਆਪਣੇ ਦੋਸਤ ਤਿਵਾੜੀ (ਜਲਾਲਾ ਆਗਾ) ਅਤੇ ਉਸ ਦੀ ਦੋਸਤ ਯਸ਼ੋਧਰਾ (ਗੀਤਾ ਸਿਥਾਰਥ) ਦੀ ਮੁਹੱਬਤ ਦੇ ਕਤਲ ਰਾਹੀਂ ਮੁੰਬਈ ਸ਼ਹਿਰ ਦੇ ਖਾਸੇ ਨੂੰ ਸਮਝਦਾ ਹੈ। ਪਹਿਲਾਂ ਪਹਿਲ ਜਦੋਂ ਉਹ ਆਪਣੀ ਪਤਨੀ ਖੈਰੂ (ਸਮਿਤਾ ਪਾਟਿਲ) ਅਤੇ ਬਿਮਾਰ ਮਾਂ ਨੂੰ ਪਿੰਡ ਛੱਡ ਕੇ ਸ਼ਹਿਰ ਆਉਂਦਾ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਸੁਪਨਿਆਂ ਦੇ ਇਸ ਸ਼ਹਿਰ ਵਿਚ ਕੁਝ ਵੀ ਹਾਸਿਲ ਕੀਤਾ ਜਾ ਸਕਦਾ ਹੈ, ਪਰ ਛੇਤੀ ਹੀ ਉਸ ਨੂੰ ਗੁਆਉਣ ਅਤੇ ਪਾਉਣ ਦੇ ਅਸਲ ਅਰਥਾਂ ਦੀ ਸਮਝ ਆਉਣ ਲੱਗਦੀ ਹੈ। ਜਦੋਂ ਯਸ਼ੋਧਰਾ ਦਾ ਟੱਬਰ ਉਸ ਦੇ ਦੋਸਤ ਤਿਵਾੜੀ ਅਤੇ ਯਸ਼ੋਧਰਾ ਨੂੰ ਇਸ ਲਈ ਮਾਰ ਦਿੰਦਾ ਹੈ ਕਿ ਹੁਣ ਯਸ਼ੋਧਰਾ ਆਪਣੀ ਕਮਾਈ, ਆਪਣੇ ਪਤੀ ਦੇ ਹੱਥ ਦਿਆ ਕਰੇਗੀ, ਤਾਂ ਸ਼ਹਿਰੀ ਕਰੂਰਤਾਂ ਦੀਆਂ ਕਿੰਨੀਆਂ ਪਰਤਾਂ ਖੁੱਲ੍ਹ ਜਾਂਦੀਆਂ ਹਨ!
ਟੈਕਸੀ ਚਲਾਉਂਦਿਆਂ ਗੁਲਾਮ ਹਸਨ ਦਾ ਵਾਸਤਾ ਸ਼ਹਿਰ ਦੇ ਹਰ ਤਬਕੇ ਨਾਲ ਪੈਂਦਾ ਹੈ। ਉਹਦੀ ਟੈਕਸੀ ਵਿਚ ਅਮੀਰ, ਪਰ ਅੱਯਾਸ਼ ਗਾਹਕਾਂ ਦਾ ਖੋਖਲਾਪਣ, ਬਦਲ ਰਹੀਆਂ ਕਦਰਾਂ-ਕੀਮਤਾਂ ਦਾ ਰੋਣਾ ਰੋਂਦੇ ਪਾਰਸੀ (ਜੋ ਸ਼ਹਿਰ ਦੀ ਬਦਲ ਰਹੀ ਆਵੋ-ਹਵਾ ਤੋਂ ਦੁਖੀ ਹਨ), ਸ਼ਹਿਰ ਦੇ ਉਚੀ ਨੱਕ ਵਾਲੇ ਲੋਕਾਂ ਦੀਆਂ ਘਟੀਆ ਕਾਨਾਫੂਸੀਆਂ, ਜ਼ਰੂਰਤਮੰਦਾਂ ਦੀਆਂ ਦੁਸ਼ਵਾਰੀਆਂ ਦਾ ਰੋਣਾ ਰੋਇਆ ਜਾਂਦਾ ਹੈ; ਭਾਵ ਟੈਕਸੀ ਅਜਿਹੀ ਜਗ੍ਹਾ ਬਣ ਜਾਂਦੀ ਹੈ ਜਿੱਥੇ ਸ਼ਹਿਰ ਦੀਆਂ ਸਾਰੀਆਂ ਨਾਜ਼ੁਕ ਰਗਾਂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ।
ਟੈਕਸੀ ਚਲਾਉਣ ਦੌਰਾਨ ਹੀ ਗੁਲਾਮ ਹਸਨ ਆਕਾਸ਼ ਚੁੰਮਦੀਆਂ ਇਮਾਰਤਾਂ ਵਿਚਕਾਰ ਵਸਦੀਆਂ ਗੰਦੀਆਂ ਬਸਤੀਆਂ ਵਿਚ ਰਹਿੰਦੇ ਮਜ਼ਦੂਰਾਂ ਦੇ ਸੁਪਨਿਆਂ ਨਾਲ ਰੂ-ਬ-ਰੂ ਹੁੰਦਾ ਹੈ। ਉਸ ਨੂੰ ਮਹਿਸੂਸ ਹੁੰਦਾ ਹੈ ਕਿ ਇਹ ਸ਼ਹਿਰ ਵੱਡਾ ਜੂਆਖਾਨਾ ਹੈ ਜਿੱਥੇ ਹਰ ਬੰਦਾ ਆਪਣੀ ਜ਼ਿੰਦਗੀ ਦਾ ਸੱਟਾ ਖੇਡਦਾ ਹੈ, ਪਰ ਅੰਤ ਹਾਰ ਜਾਂਦਾ ਹੈ। ਬਹੁਤ ਵਾਰ ਸ਼ਹਿਰ ਹਾਰ ਕੇ ਵੀ ਜਿੱਤ ਜਾਂਦਾ ਹੈ। ਇਹ ਸ਼ਹਿਰ ਤਿਵਾੜੀ (ਜਲਾਲਾ ਆਗਾ) ਅਤੇ ਉਸ ਦੀ ਦੋਸਤ ਯਸ਼ੋਧਰਾ (ਗੀਤਾ ਸਿਥਾਰਥ) ਵਰਗੀਆਂ ਮੁਹੱਬਤਾਂ ਦੀ ਕਤਲਗਾਹ ਹੀ ਤਾਂ ਹੈ ਜਿੱਥੇ ਦਿਲਾਂ ਨੂੰ ਜ਼ਿੰਦਾ ਹੀ ਦਫਨ ਕਰ ਦਿੱਤਾ ਗਿਆ ਹੈ। ਇਸ ਸੱਚ ਨੂੰ ਜ਼ੁਬਾਨ ਦਿੰਦਿਆਂ ਉਹ ਆਖਦਾ ਹੈ-
ਦਿਲ ਹੈ ਤੋ ਧੜਕਨੇ ਕਾ ਬਹਾਨਾ ਕੋਈ ਢੂੰਡੇ,
ਪੱਥਰ ਕੀ ਤਰਹ ਬੇਹਿੱਸ ਔਰ ਬੇਜਾਨ ਸਾ ਕਿਉਂ ਹੈ?
ਤਨਹਾਈ ਕੀ ਯੇ ਕੌਨ ਸੀ ਮੰਜ਼ਿਲ ਹੈ ਰਫੀਕੋਂ,
ਤਾ ਹੱਦ-ਏ-ਨਜ਼ਰ ਏਕ ਬਿਆਂਬਾਨ ਸਾ ਕਿਉਂ ਹੈ?