ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਗਿਣਵੇਂ ਦਿਨ ਰਹਿਣ ਕਾਰਨ ਅਕਾਲੀ ਦਲ ਬਾਦਲ ਸਰਗਰਮ ਹੋ ਗਿਆ ਹੈ। ਇਹ ਚੋਣਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲਈ ਵੱਡੀ ਵੰਗਾਰ ਬਣੀਆਂ ਹੋਈਆਂ ਹਨ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਤੇ ਫਿਰ ਵਿਧਾਨ ਸਭਾ ਵਿਚ ਫਤਹਿ ਹਾਸਲ ਕਰਕੇ ਆਪਣਾ ਚੰਗਾ ਦਬਦਬਾ ਬਣਾ ਲਿਆ ਹੈ ਪਰ ਦਿੱਲੀ ਵਿਚ ਵਿਚ ਅਜੇ ਬਾਦਲ ਦਲ ਨੂੰ ‘ਮਾਨਤਾ’ ਨਹੀਂ ਮਿਲੀ।
ਇਸੇ ਕਰਕੇ ਸੁਖਬੀਰ ਸਿੰਘ ਬਾਦਲ ਇਸ ਵਾਰ ਇਨ੍ਹਾਂ ਚੋਣਾਂ ਵਿਚ ਵਿਸ਼ੇਸ਼ ਦਿਲਚਸਪੀ ਵਿਖਾ ਰਹੇ ਹਨ ਤੇ ਇਸ ਬਾਬਤ ਉਨ੍ਹਾਂ ਨੇ ਕਮੇਟੀ ‘ਤੇ ਬੀਤੇ ਲੰਬੇ ਸਮੇਂ ਤੋਂ ਕਬਜ਼ ਸਰਨਾ ਗੁੱਟ ਦਾ ਸਫਾਇਆ ਕਰਨ ਲਈ ਵਿਸ਼ੇਸ਼ ਰਣਨੀਤੀ ਬਣਾਈ ਹੈ। ਸੂਤਰਾਂ ਮੁਤਾਬਕ ਪੰਜਾਬ ਵਿਧਾਨ ਸਭਾ ਚੋਣਾਂ ਵਾਂਗ ਪ੍ਰਭਾਵਸ਼ਾਲੀ ਚੋਣ ਪ੍ਰਬੰਧ ਨਾਲ ਇਸ ਵਾਰ ਦਿੱਲੀ ਗੁਰਦੁਆਰਾ ਚੋਣਾਂ ਜਿੱਤਣਾ ਹੀ ਅਕਾਲੀ ਦਲ ਦਾ ਮੁੱਖ ਟੀਚਾ ਬਣਾਇਆ ਹੋਇਆ ਹੈ। ਸੁਖਬੀਰ ਇਹ ਗੱਲ ਵੀ ਮੰਨਦੇ ਹਨ ਕਿ ਜੇਕਰ ਇਸ ਵਾਰ ਮੁੜ ਸਰਨਾ ਦਿੱਲੀ ਕਮੇਟੀ ‘ਤੇ ਕਾਬਜ਼ ਹੋ ਗਿਆ ਤਾਂ ਭਵਿੱਖ ਵਿਚ ਉਸ ਨੂੰ ਹਟਾਉਣਾ ਮੁਸ਼ਕਲ ਹੋ ਜਾਵੇਗਾ। ਸੁਖਬੀਰ ਪਿਛਲੇ ਦਿਨੀਂ ਕੋਚੀ ਵਿਚ ਪਰਵਾਸੀ ਭਾਰਤੀ ਸੰਮੇਲਨ ਵਿਚ ਹਿੱਸਾ ਲੈਣ ਤੋਂ ਬਾਅਦ ਸਿੱਧੇ ਦਿੱਲੀ ਵਿਖੇ ਚੋਣ ਮੁਹਿੰਮ ਦੀ ਰਣਨੀਤੀ ਬਣਾਉਣ ਵਿਚ ਜੁਟ ਗਏ ਹਨ ।
ਪੰਜਾਬ ਵਿਧਾਨ ਸਭਾ ਵਾਂਗ ਸੁਖਬੀਰ ਨੇ ਸਾਰੇ ਅਕਾਲੀ ਨੇਤਾਵਾਂ ਤੋਂ ਇਲਾਵਾ ਪਾਰਟੀ ਦੇ ਸਾਰੇ ਐਮæਪੀਜ਼ ਤੇ ਵਿਧਾਇਕਾਂ ਦੀਆਂ ਜ਼ਿੰਮੇਵਾਰੀਆਂ ਤੈਅ ਕਰ ਦਿੱਤੀਆਂ ਹਨ। ਇਹ ਸੁਖਬੀਰ ਦੀ ਰਣਨੀਤੀ ਦਾ ਹੀ ਨਤੀਜਾ ਹੈ ਕਿ ਬੀਤੇ ਦਿਨੀਂ ਸਰਨਾ ਗੁੱਟ ਦੇ ਕਈ ਮੁੱਖ ਆਗੂ ਜਿਨ੍ਹਾਂ ਵਿਚ ਕਈ ਉਮੀਦਵਾਰ ਵੀ ਸ਼ਾਮਲ ਹਨ, ਅਕਾਲੀ ਦਲ ਬਾਦਲ ਵਿਚ ਸ਼ਾਮਲ ਹੋ ਚੁੱਕੇ ਹਨ। ਦਿੱਲੀ ਗੁਰਦੁਆਰਾ ਚੋਣਾਂ ਵਿਚ ਅਕਾਲੀ ਦਲ ਸਾਰੀਆਂ 46 ਸੀਟਾਂ ‘ਤੇ ਚੋਣ ਲੜ ਰਿਹਾ ਹੈ। ਸਾਰੀਆਂ ਸੀਟਾਂ ‘ਤੇ ਸਿੱਧਾ ਮੁਕਾਬਲਾ ਸਰਨਾ ਗੁੱਟ ਨਾਲ ਹੀ ਹੈ।
ਇਸ ਵਾਰ ਕੇਂਦਰੀ ਸਿੰਘ ਸਭਾ ਨੇ ਵੀ 17 ਸੀਟਾਂ ‘ਤੇ ਆਪਣੇ ਉਮੀਦਵਾਰ ਉਤਾਰੇ ਹਨ। ਇਸ ਤੋਂ ਇਲਾਵਾ ਅਕਾਲੀ ਦਲ ਯੂæ ਦੇ ਦਿੱਲੀ ਤੇ ਦਸਮੇਸ਼ ਸੁਸਾਇਟੀ ਵੀ 22 ਸੀਟਾਂ ‘ਤੇ ਚੋਣ ਲੜ ਰਹੀ ਹੈ। ਵੋਟਾਂ ਵੰਡੇ ਜਾਣ ਦਾ ਲਾਭ ਅਕਾਲੀ ਦਲ ਬਾਦਲ ਨੂੰ ਹੀ ਹੋਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੀ ਮੋਗਾ ਵਿਧਾਨ ਸਭਾ ਲਈ ਜ਼ਿਮਨੀ ਚੋਣ ਦਾ ਵੀ ਐਲਾਨ ਹੋ ਚੁੱਕਾ ਹੈ। ਇਸ ਲਈ ਵੋਟਾਂ 23 ਫਰਵਰੀ ਨੂੰ ਪੈਣੀਆਂ ਹਨ। ਜੇਕਰ ਅਕਾਲੀ ਦਲ ਦਿੱਲੀ ਗੁਰਦੁਆਰਾ ਚੋਣਾਂ ਵਿਚ ਜੇਤੂ ਰਹਿੰਦਾ ਹੈ ਤਾਂ ਇਸ ਦਾ ਸਿੱਧਾ ਅਸਰ ਮੋਗਾ ਦੇ ਚੋਣ ਨਤੀਜਿਆਂ ‘ਤੇ ਪਵੇਗਾ। ਇਸ ਲਈ ਅਗਲੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਅਕਾਲੀ ਦਲ ਦੀ ਸ਼ਕਤੀ ਨੂੰ ਹਰ ਪੱਖ ਤੋਂ ਮਜ਼ਬੂਤ ਕਰਨ ਦੀ ਰਣਨੀਤੀ ‘ਤੇ ਚੱਲ ਰਹੇ ਹਨ ਤੇ ਦਿੱਲੀ ਚੋਣਾਂ ਉਨ੍ਹਾਂ ਦਾ ਇਕ ਸਖ਼ਤ ਟੈਸਟ ਮੰਨਿਆ ਜਾ ਰਿਹਾ ਹੈ।
_______________________________
ਦਿੱਲੀ ਗੁਰਦੁਆਰਾ ਚੋਣਾਂ ਦਾ ਮੈਦਾਨ ਭਖਿਆ
ਅੰਮ੍ਰਿਤਸਰ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦਾ ਮੈਦਾਨ ਪੂਰੀ ਤਰ੍ਹਾਂ ਭਖ਼ ਗਿਆ ਹੈ। ਦੋਵੇਂ ਮੁੱਖ ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਦਲ (ਬ) ਤੇ ਦਿੱਲੀ ਅਕਾਲੀ ਦਲ ਨੇ ਸਿੱਖ ਕੌਮ ਦੀ ਬਿਹਤਰੀ ਲਈ ਕੀਤੇ ਉਪਰਾਲੇ ਗਿਣਾਉਣੇ ਸ਼ੁਰੂ ਕਰ ਦਿੱਤੇ ਹਨ। ਦੋਵਾਂ ਧਿਰਾਂ ਵੱਲੋਂ ਇਸ ਵਾਰ ਗੁਰਦੁਆਰਿਆਂ ਦੇ ਚੰਗੇ ਪ੍ਰਬੰਧ ਦੇਣ ਦਾ ਭਰੋਸਾ ਤੇ ਇਕ ਦੂਜੇ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਦੇ ਦੋਸ਼ ਦੇ ਮੁੱਦੇ ਉਭਾਰੇ ਜਾ ਰਹੇ ਹਨ।
ਚੋਣ ਪ੍ਰਚਾਰ ਦੌਰਾਨ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਦਿੱਲੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਦੀ ਤੁਲਨਾ ਕੀਤੀ ਜਾ ਰਹੀ ਹੈ। ਉਹ ਦਾਅਵਾ ਕਰ ਰਹੇ ਹਨ ਕਿ ਦਿੱਲੀ ਅਕਾਲੀ ਦਲ ਵੱਲੋਂ ਗੁਰਦੁਆਰਿਆਂ ਦੇ ਪ੍ਰਬੰਧ ਬਿਹਤਰ ਬਣਾਏ ਗਏ ਹਨ ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਚੱਲ ਰਹੀ ਸ਼੍ਰੋਮਣੀ ਕਮੇਟੀ ਬਿਹਤਰ ਪ੍ਰਬੰਧ ਦੇਣ ਵਿਚ ਅਸਫ਼ਲ ਸਾਬਤ ਹੋਈ ਹੈ। ਸ਼ ਸਰਨਾ ਦਾ ਕਹਿਣਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਛੱਡ ਕੇ ਹੋਰ ਇਤਿਹਾਸਕ ਗੁਰਦੁਆਰਿਆਂ ਦੀ ਸਥਿਤੀ ਠੀਕ ਨਹੀਂ ਹੈ ਜਦਕਿ ਦਿੱਲੀ ਦੇ ਸਮੂਹ ਇਤਿਹਾਸਕ ਗੁਰਦੁਆਰਿਆਂ ਦੀ ਸਥਿਤੀ ਬਿਹਤਰ ਹੈ। ਇਸੇ ਤਰ੍ਹਾਂ ਦਿੱਲੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੀਆਂ ਵਿਦਿਅਕ ਸੰਸਥਾਵਾਂ ਦੀ ਸਥਿਤੀ ਵੀ ਬਿਹਤਰ ਹੈ ਤੇ ਉਥੇ ਵਧੇਰੇ ਵਿਕਾਸ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਈ ਵਾਰ ਸ੍ਰੀ ਅਕਾਲ ਤਖ਼ਤ ਦੇ ਆਦੇਸ਼ਾਂ ਨੂੰ ਅਣਦੇਖਿਆ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਕਮੇਟੀ ਨੇ ਦੇਸ਼ ਵਿਦੇਸ਼ ਦੇ ਸਿੱਖ ਮਸਲਿਆਂ ਨੂੰ ਕੌਮਾਂਤਰੀ ਪੱਧਰ ‘ਤੇ ਉਭਾਰਨ ਦਾ ਯਤਨ ਕੀਤਾ ਹੈ ਤੇ ਇਹ ਮਸਲੇ ਹੱਲ ਵੀ ਕਰਵਾਏ ਹਨ।
ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੱਤਾ ਦੌਰਾਨ ਪੰਜਾਬ ਵਿਚ ਸਿੱਖੀ ਨਿਘਾਰ ਵੱਲ ਗਈ ਹੈ। ਰਾਜ ਵਿਚ ਨਸ਼ਿਆਂ ਤੇ ਪਤਿਤਪੁਣੇ ਦਾ ਰੁਝਾਨ ਵਧਿਆ ਹੈ। ਸ਼੍ਰੋਮਣੀ ਕਮੇਟੀ ਇਸਨੂੰ ਰੋਕਣ ਵਿਚ ਅਸਫ਼ਲ ਰਹੀ ਹੈ। ਸ਼ ਸਰਨਾ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀ ਸਾਖ ਮਜ਼ਬੂਤ ਕਰਨ ਲਈ ਚੋਣਾਂ ਵਿਚ ਪੈਸੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਤੇ ਪੈਸੇ ਦੇ ਬਲਬੂਤੇ ਆਗੂ ਖਰੀਦੇ ਜਾ ਰਹੇ ਹਨ। ਇਸ ਦੇ ਬਾਵਜੂਦ ਦਿੱਲੀ ਅਕਾਲੀ ਦਲ ਦੀ ਸਥਿਤੀ ਮਜ਼ਬੂਤ ਹੈ ਤੇ ਉਹ ਜਿੱਤ ਪ੍ਰਾਪਤ ਕਰਨਗੇ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਸਰਨਾ ‘ਤੇ ਸ੍ਰੀ ਅਕਾਲ ਤਖ਼ਤ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਗਿਆ ਹੈ। ਅਕਾਲੀ ਦਲ ਦਾ ਕਹਿਣਾ ਹੈ ਕਿ ਦਿੱਲੀ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਦੇ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰਪੁਰਬ ਨਹੀਂ ਮਨਾਏ ਜਾ ਰਹੇ। ਦਿੱਲੀ ਕਮੇਟੀ ‘ਤੇ ਗੁਰਧਾਮਾਂ ਦੀ ਜਾਇਦਾਦ ਖੁਰਦ ਬੁਰਦ ਕਰਨ ਦਾ ਵੀ ਦੋਸ਼ ਲਾਇਆ ਜਾ ਰਿਹਾ ਹੈ ਜਿਸ ਤਹਿਤ ਉਹ ਗੁਰਦੁਆਰਾ ਬਾਲਾ ਸਾਹਿਬ ਨਾਲ ਸਬੰਧਤ ਜਾਇਦਾਦ ਦਾ ਮਾਮਲਾ ਸੰਗਤ ਸਾਹਮਣੇ ਰੱਖ ਰਹੇ ਹਨ। ਇਸ ਤੋਂ ਇਲਾਵਾ ਦਿੱਲੀ ਕਮੇਟੀ ਵਿਚ ਭ੍ਰਿਸ਼ਟਾਚਾਰ ਹੋਣ ਦੇ ਦੋਸ਼ ਵੀ ਲਾਏ ਜਾ ਰਹੇ ਹਨ।
Leave a Reply