ਚਰਨਜੀਤ ਸਿੰਘ ਪੰਨੂੰ
ਦਾਮਿਨੀ ਹੋਵੇ, ਨਿਰਭੈ, ਖ਼ੁਸ਼ਬੂ ਜਾਂ ਅਮਾਨਤ; ਨਾਂ ਕੋਈ ਵੀ ਹੋਵੇ, ਉਹ ਲੜਕੀ ਸੀ। ਭਾਰਤ ਦੀ ਰਾਜਧਾਨੀ ਦਿੱਲੀ ਵਿਚ ਮੈਡੀਕਲ ਦੀ ਵਿਦਿਆਰਥਣ, ਬਹਾਦਰ ਹੋਣਹਾਰ ਭਾਰਤੀ ਲੜਕੀ, ਦੁਸ਼ਟਤਾ ਨਾਲ ਲੜਦੀ ਆਪਣੇ ਅਰਮਾਨਾਂ ਦੀ ਆਹੂਤੀ ਦੇ ਗਈ। ਉਸ ਨੂੰ ਸਲਾਮ! ਮੀਡੀਆ ਦੀ ਨਜ਼ਰੀਂ ਚੜ੍ਹੀ ਇਹ ਖ਼ਬਰ ਦੁਨੀਆਂ ਭਰ ਵਿਚ ਅੱਗ ਵਾਂਗ ਫੈਲ ਗਈ।
ਅਜਿਹੇ ਕੁਕਰਮ ਅਮਰੀਕਾ, ਕੈਨੇਡਾ ਜਾਂ ਹੋਰ ਹਰ ਮੁਲਕ ਵਿਚ ਹੁੰਦੇ ਹਨ ਤਾਂ ਕਾਨੂੰਨ ਅਨੁਸਾਰ ਇਨ੍ਹਾਂ ਨਾਲ ਨਜਿੱਠਿਆ ਜਾਂਦਾ ਹੈ। ਅਰਬ ਦੇਸ਼ਾਂ ਵਿਚ ਕਾਨੂੰਨ ਇੰਨੇ ਸਖ਼ਤ ਹਨ ਕਿ ਹੱਥ ਪੈਰ ਕੱਟਣ ਤੱਕ ਦੀ ਸਜ਼ਾ ਹੋਣ ਕਰ ਕੇ ਅਪਰਾਧ ਕਰਨ ਵਾਲਾ ਪਹਿਲਾਂ ਲੱਖ ਵਾਰ ਸੋਚਦਾ ਹੈ ਕਿ ਇਸ ਦਾ ਕੀ ਅੰਜ਼ਾਮ ਹੋਵੇਗਾ। ਭਾਰਤ ਵਿਚ ਵੀ ਇਸ ਵਾਸਤੇ ਕਾਨੂੰਨ ਹੈ ਪਰ ਇਸ ‘ਤੇ ਅਮਲ ਬੜੇ ਪਰਹੇਜ਼ ਨਾਲ ਹੁੰਦਾ ਹੈ। ਜੇ ਕਦੇ ਅਮਲ ਹੁੰਦਾ ਹੈ ਤਾਂ ਇਨਸਾਫ਼ ਦੀ ਤੋਰ ਇੰਨੀ ਮੱਧਮ ਧੀਮੀ ਹੈ ਕਿ ਅਖੀਰ ਤੱਕ ਪਹੁੰਚਦੇ ਸਮੇਂ ਫਾਈਲਾਂ ਵਿਚ ਕੀ ਦਾ ਕੀ ਬਣ ਜਾਂਦਾ ਹੈ।
ਮੈਨੂੰ ਯਾਦ ਹੈ, 1959 ਵਿਚ ਅੰਮ੍ਰਿਤਸਰ ਦੇ ਪਿੰਡ ਜਗਦੇਵ ਕਲਾਂ ਵਿਚ ਇੱਕ ਕੁੜੀ ਨਾਲ ਪਿੰਡ ਦੇ ਹੀ ਇੱਕ ਲੋਫਰ ਨੇ ਛੇੜਖ਼ਾਨੀ ਕੀਤੀ ਸੀ। ਕਈ ਲੋਕਾਂ ਦਾ ਵਿਚਾਰ ਸੀ ਕਿ ਇਸ ਦੇ ਹੱਥ ਪੈਰ ਜਾਂ ਗੁਪਤ ਅੰਗ ਵੱਢ ਕੇ ਯਾਦਗਾਰੀ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਅਜਿਹੀ ਹਮਾਕਤ ਕਰਨ ਦੀ ਜੁਰਅਤ ਨਾ ਕਰੇ। ਸਿਆਣਿਆਂ ਦੀ ਦਖ਼ਲਅੰਦਾਜ਼ੀ ਨਾਲ ਉਸ ਨੂੰ ਫੜ ਕੇ ਪੰਚਾਇਤ ਨੇ ਮੂੰਹ ਕਾਲਾ ਕਰ ਕੇ ਖੋਤੇ ‘ਤੇ ਚੜ੍ਹਾ ਕੇ ਗਲ ਛਿੱਤਰਾਂ ਦੇ ਹਾਰ ਪਾ ਕੇ ਸਾਰੇ ਪਿੰਡ ਵਿਚ ਫੇਰਨ ਦਾ ਫ਼ੈਸਲਾ ਕੀਤਾ। ਢੋਲ ਨਾਲ ਉਸ ਦਾ ਪੂਰਾ ਜਲੂਸ ਨਿਕਲਿਆ ਸੀ। ਉਹ ਹਰ ਚੌਕ ਵਿਚ ਕਾਲੇ ਕੀਤੇ ਮੂੰਹ ਵਿਚੋਂ ਚਿੱਟੇ ਡੇਲੇ ਤੇ ਦੰਦ ਬਾਹਰ ਕੱਢਦਾ ਕੰਨ ਫੜ ਕੇ ਬੈਠਕਾਂ ਮਾਰਦਾ ਹਾੜ੍ਹੇ ਕੱਢ ਰਿਹਾ ਸੀ, ‘ਮੈਂ ਬੱਜਰ ਗੁਨਾਹ ਕੀਤਾ ਹੈ, ਮੈਨੂੰ ਮੁਆਫ਼ ਕਰੋ, ਹੋਰ ਕੋਈ ਅਜਿਹਾ ਕੁਕਰਮ ਨਾ ਕਰੇ।’ ਉਸ ਨੂੰ ਵੇਖਣ ਲਈ ਆਸੇ ਪਾਸੇ ਪਿੰਡਾਂ ਦੇ ਲੋਕ ਵੀ ਉਮਡ ਆਏ ਸਨ। ਪੁਲਿਸ ਵਾਲੇ ਵੀ ਖ਼ੁਸ਼ ਸਨ ਕਿ ਉਨ੍ਹਾਂ ਦਾ ਕੰਮ ਜਨਤਾ ਨੇ ਨਬੇੜ ਦਿੱਤਾ ਹੈ। ਫਿਰ ਕਈ ਸਾਲ ਅਜਿਹੀ ਹਰਕਤ ਵੇਖਣ ਸੁਣਨ ਨੂੰ ਨਹੀਂ ਮਿਲੀ।
ਕਦੇ ਪੰਜਾਬ ਦੇ ਥਾਣਿਆਂ ਵਿਚ ਸਾਡੀਆਂ ਮਾਂਵਾਂ ਭੈਣਾਂ ਧੀਆਂ ਨਾਲ ਵੀ ਇੰਜ ਹੀ ਹੁੰਦਾ ਸੀæææਤੇ ਹੁਣ ਵੀ ਹੋ ਰਿਹਾ ਹੈ। ਇੱਥੇ ਕੇæਪੀæਐਸ ਗਿੱਲ ਵਰਗੇ ਆਈæਏæਐਸ਼ ਅਫ਼ਸਰ ਕਿਸੇ ਬਿਗਾਨੀ ਔਰਤ ਨਾਲ ਛੇੜਖ਼ਾਨੀ ਕਰਨਾ ਆਪਣੀ ਸ਼ਾਨ ਸਮਝਦੇ ਸਨ ਤੇ ਹਕੂਮਤੀ ਤੰਤਰ ਨੇ ਗਿੱਲ ਦੀ ਹਮਾਇਤ ਕੀਤੀ ਸੀ। ਪੰਜਾਬ ਦੇ ਸੰਤਾਪ ਸਮੇਂ ਬਹੁਤ ਪੁਲਿਸ ਅਧਿਕਾਰੀਆਂ ਨੇ ਖਾੜਕੂਆਂ ਦੇ ਨਾਮ ‘ਤੇ ਕਈ ਸਿੰਘਣੀਆਂ, ਨੌਜੁਆਨ ਔਰਤਾਂ ਨੂੰ ਤਸੀਹੇ ਦੇ ਕੇ ਮਨਮਾਨੀਆਂ ਕੀਤੀਆਂ ਸਨ।
1984 ਦੇ ਮਨਹੂਸ ਸਾਲ ਵਿਚ ਦਿੱਲੀ ਵਿਖੇ ਕੀ ਹੋਇਆ ਸੀ? ਅਪਰਾਧੀ ਨੰਗੇ ਹੋ ਗਏ ਪਰ ਉਹ ਅਜੇ ਤੱਕ ਸਿਰ ਉਚੇ ਕਰ ਕੇ ਸ਼ੱਰੇਆਮ ਕਾਨੂੰਨ ਦੇ ਮੂੰਹ ‘ਤੇ ਥੁੱਕ ਰਹੇ ਹਨ ਤੇ ਉਚੀਆਂ ਪਦਵੀਆਂ ‘ਤੇ ਬਿਰਾਜਮਾਨ ਹਨ। ਦਿੱਲੀ ਦੇ ਜੰਗਲ ਰਾਜ ਵੇਲੇ ਸਰਕਾਰ ਨੇ ਅੱਖਾਂ ਮੀਟੀ ਰੱਖੀਆਂ ਤੇ ਅਪਰਾਧੀ ਬੇਖ਼ੌਫ ਕਾਲੀਆਂ ਕਰਤੂਤਾਂ ਕਰਦੇ ਰਹੇ। ਸਰਕਾਰੀ ਦਰਿੰਦਿਆਂ ਨੇ ਮਰਦਾਂ ਦੇ ਸਾਹਮਣੇ ਨੌਜੁਆਨ ਧੀਆਂ ਭੈਣਾਂ ਨੂੰ ਹਵਸ ਦਾ ਸ਼ਿਕਾਰ ਬਣਾਇਆ ਤੇ ਫਿਰ ਘਰ ਜਾਇਦਾਦਾਂ ਲੁੱਟ ਪੁੱਟ ਕੇ ਅੱਗ ਦੇ ਹਵਾਲੇ ਕਰ ਦਿੱਤੇ। ਮਰਦਾਂ ਦੇ ਗਲ ਟਾਇਰ ਪਾ ਕੇ ਸਾੜੇ ਗਏ। ਤੀਹ ਸਾਲ ਬੀਤਣ ‘ਤੇ ਵੀ ਅਜੇ ਤੱਕ ਕਾਨੂੰਨ ਗੰਭੀਰਤਾ ਨਾਲ ਹਰਕਤ ਵਿਚ ਨਹੀਂ ਆਇਆ।
ਹੁਣ ਵੀ ਇੱਕ ਰਿਪੋਰਟ ਅਨੁਸਾਰ ਦਿੱਲੀ ਵਿਚ ਹਰ ਚਾਲੀ ਮਿੰਟ ਪਿੱਛੇ ਇੱਕ ਜਬਰ-ਜਨਾਹ ਹੁੰਦਾ ਹੈ। ਭਾਰਤ ਵਿਚ 2009 ਤੋਂ 2911 ਤੱਕ ਜ਼ੋਰਾ-ਜਬਰੀ ਦੇ ਸੱਤਰ ਹਜ਼ਾਰ ਕੇਸ ਦਰਜ ਹੋਏ। ਇਨ੍ਹਾਂ ਵਿਚ ਗਰੀਬ ਜਾਂ ਪਛੜੇ ਵਰਗ ਦੀ ਗਿਣਤੀ ਜ਼ਿਆਦਾ ਹੈ। ਸਿਰਫ਼ ਇੱਕ ਚੌਥਾਈ ਨੂੰ ਹੀ ਮਾਮੂਲੀ ਸਜ਼ਾ ਹੋਈ। ਇਹ ਗੱਲ ਰਾਜਧਾਨੀ ਦੀ ਹੈ, ਫੈਲ ਗਈ; ਨਹੀਂ ਤਾਂ ਪੰਜਾਬ, ਹਰਿਆਣਾ, ਬਿਹਾਰ, ਮਨੀਪੁਰ, ਕਸ਼ਮੀਰ ਤੇ ਹੋਰ ਸੂਬਿਆਂ ਵਿਚ ਵੀ ਕੀ ਕੀ ਨਹੀਂ ਹੋ ਰਿਹਾ? ਕਿਸੇ ਦਾ ਦਾਮਨ ਵੀ ਪਾਕ ਨਹੀਂ। ਭਾਰਤੀ ਫ਼ੌਜ ਵੀ ਇਸ ਦੋਸ਼ ਤੋਂ ਬਚੀ ਨਹੀਂ। ਕਸ਼ਮੀਰ ਵਿਚ ਜ਼ੋਰਾ-ਜਬਰੀ ਹੋਣ ਦੀਆਂ ਖਬਰਾਂ ਮਿਲਦੀਆਂ ਰਹਿੰਦੀਆਂ ਹਨ। ਕਿਸੇ ਭਾਰਤੀ ਫ਼ੌਜੀ ਨੂੰ ਮਨੀਪੁਰ ਜਾਂ ਕਸ਼ਮੀਰ ਵਿਚ ‘ਭਾਰਤ ਦੀ ਮਹਾਨਤਾ’ ਦਿਖਾਉਣ ਦਾ ਝੱਲ ਚੜ੍ਹਿਆ ਹੋ ਸਕਦਾ ਹੈ। ਜਿਸ ਦੇਸ਼ ਵਿਚ ਬਲਾਤਕਾਰ ਨੂੰ ਸਰਕਾਰੀ ਸ਼ਹਿ ਪ੍ਰਾਪਤ ਹੋਵੇ, ਜਿੱਥੇ ਮੀਡੀਆ ਹਰ ਵੇਲੇ ਕਾਮੁਕ ਅੱਗ ਭੜਕਾਉਣ ਵਿਚ ਮਸਰੂਫ਼ ਹੋਵੇ, ਜਿੱਥੇ ਗੀਤਕਾਰ ਇਸ਼ਕ ਮੁਸ਼ਕ ਦੀ ਅਸ਼ਲੀਲਤਾ ਸਟੇਜਾਂ ‘ਤੇ ਸ਼ਰੇਆਮ ਪ੍ਰਦਰਸ਼ਨ ਕਰਨ ਦੀ ਖੁੱਲ੍ਹ ਰੱਖਦੇ ਹਨ, ਉਥੇ ਜੋ ਦਿੱਲੀ ਵਿਚ ਹੋਇਆ, ਉਹੋ ਕੁੱਝ ਮੁਲਕ ਦੇ ਹੋਰ ਕੋਨਿਆਂ ਵਿਚ ਹੋਣਾ ਹੀ ਹੈ ਤੇ ਸ਼ੱਰੇਆਮ ਹੋ ਰਿਹਾ ਹੈ।
ਇਸੇ ਸਮੇਂ ਪਾਤੜਾਂ ਦੀ ਇੱਕ ਹੋਰ ਪੀੜਤ ਲੜਕੀ ਜਿਸ ਨਾਲ ਹੋਈ ਵਧੀਕੀ ਦੀ ਕਿਸੇ ਸੁਣਵਾਈ ਨਹੀਂ ਕੀਤੀ, ਉਹ ਮਾਂ ਬਾਪ ਦੀ ਜ਼ਲਾਲਤ ਨੂੰ ਨਾ ਸਹਾਰਦੀ ਹੋਈ ਆਤਮਘਾਤ ਕਰ ਗਈ। ਅਜਿਹੀ ਹੀ ਇੱਕ ਘਟਨਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ ਦੀ ਸਾਹਮਣੇ ਆ ਗਈ ਹੈ। ਦਿੱਲੀ ਦੀ ਦਾਮਿਨੀ ਆਪਣੇ ਜਿਹੀਆਂ ਹੋਰ ਲੱਖਾਂ ਦਾਮਿਨੀਆਂ ਦੀ ਪੀੜਾ ਮਨੁੱਖਤਾ ਸਾਹਮਣੇ ਰੱਖ ਗਈ ਹੈ। ਅੰਮ੍ਰਿਤਸਰ ਛੇਹਰਟੇ ਵਿਚ ਲੜਕੀ ਆਪਣੇ ਥਾਣੇਦਾਰ ਬਾਪ ਦੀ ਆਹੂਤੀ ਦੇ ਕੇ ਬਚ ਗਈ।
ਇਸ ਕਾਂਡ ਤੋਂ ਉਪਜੇ ਜਨਤਾ ਦੇ ਪ੍ਰਚੰਡ ਰੋਹ ਨੇ ਦਿੱਲੀ ਵਿਖੇ ਸਾੜ ਫ਼ੂਕ ਵੀ ਕੀਤੀ। ਅਪਰਾਧੀਆਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੋਨਾਂ ਨੇ ਵਿਚਾਰਗੀ ਦਰਸਾਉਂਦੇ ਯਕੀਨ ਦਿਵਾਇਆ ਹੈ ਕਿ ਉਹ ਆਪ ਵੀ ਤਿੰਨ ਬੇਟੀਆਂ ਦੇ ਬਾਪ ਹਨ ਤੇ ਭਾਰਤ ਦੀਆਂ ਸਾਰੀਆਂ ਬੇਟੀਆਂ ਵੀ ਉਨ੍ਹਾਂ ਦੀਆਂ ਪੁੱਤਰੀਆਂ ਹਨ। ਕੀ ਡਾæ ਮਨਮੋਹਨ ਸਿੰਘ ਕੋਲ ਇੰਨੀ ਸੰਵਿਧਾਨਿਕ ਪਾਵਰ ਹੈ ਕਿ ਉਹ ਅਪਰਾਧੀਆਂ ਨੂੰ ਆਪਣੀ ਮਰਜ਼ੀ ਨਾਲ ਫਾਹੇ ਲਗਾ ਦੇਵੇ, ਜਿਵੇਂ ਲੋਕ ਕਹਿੰਦੇ ਹਨ? ਫਾਂਸੀ ਕਾਨੂੰਨ ਅਨੁਸਾਰ ਹੀ ਦਿੱਤੀ ਜਾ ਸਕਦੀ ਹੈ ਤੇ ਅਜਿਹਾ ਕੋਈ ਕਾਨੂੰਨ ਹੈ ਹੀ ਨਹੀਂ। ਇਸ ਨਾਲ ਸੰਵਿਧਾਨ ਵਿਚ ਤਰਮੀਮ ਦੀ ਜ਼ਰੂਰਤ ਹੈ ਅਤੇ ਇਹ ਤਰਮੀਮ ਕੋਈ ਸੁਖਾਲੀ ਨਹੀਂ। ਅਸੀਂ ਹਮੇਸ਼ਾ ਵੇਖਦੇ ਹੀ ਹਾਂ ਕਿ ਪਾਰਲੀਮੈਂਟ ਕਿਵੇਂ ਮੱਛੀ ਮੰਡੀ ਬਣਦੀ ਹੈ। ਜੇ ਕਾਨੂੰਨ ਪਾਸ ਹੋ ਵੀ ਗਿਆ ਤਾਂ ਅਜਿਹੇ ਸਖ਼ਤ ਕਾਨੂੰਨ ਦਾ ਗ਼ਲਤ ਇਸਤੇਮਾਲ ਹੋਣ ਦਾ ਡਰ ਜ਼ਿਆਦਾ ਹੈ।
ਭਾਰਤ ਸਰਕਾਰ ਲਈ ਬੜਾ ਤਕੜਾ ਇਮਤਿਹਾਨ ਹੈ, ਰੱਬ ਖ਼ੈਰ ਕਰੇ। ਹੋਰ ਕਈ ਵੰਗਾਰਾਂ ਨਾਲ ਬਲਾਤਕਾਰ ਦੀ ਇਹ ਦੁਰਘਟਨਾ ਬਹੁਤ ਉਭਰ ਕੇ ਨਿਕਲੀ ਹੈ। ਜਿਉਂ ਜਿਉਂ ਸਮੂਹਕ ਬਲਾਤਕਾਰੀ ਕੇਸ ਬਾਰੇ ਮੀਡੀਆ ਨੇ ਗੱਲ ਮਘਾਈ, ਇਸ ਬਾਰੇ ਹੋਰ ਵੀ ਕਈ ਪਰਤਾਂ ਖੁੱਲ੍ਹ ਰਹੀਆਂ ਹਨ। ਪਿਛਲੇ ਸਮੇਂ ਦੀਆਂ ਪੀੜਤ ਔਰਤਾਂ ਵੀ ਆਪਣੀਆਂ ਸ਼ਿਕਾਇਤਾਂ ਲੈ ਕੇ ਬਾਹਰ ਆ ਰਹੀਆਂ ਹਨ ਜੋ ਪਹਿਲਾਂ ਕਿਸੇ ਕਾਰਨ ਇਹ ਵਧੀਕੀਆਂ ਅੰਦਰ ਵੜ ਕੇ ਪੀ ਗਈਆਂ ਸਨ। ਡੇਰਿਆਂ, ਆਸ਼ਰਮਾਂ ਵਿਚੋਂ ਬਹੁਤ ਸਾਰੀਆਂ ਸ਼ਿਕਾਇਤਾਂ/ਉਦਾਹਰਨਾਂ ਧੂੰਏਂ ਵਾਂਗ ਬਾਹਰ ਨਿਕਲ ਰਹੀਆਂ ਹਨ।
ਮਰਹੂਮ ਦਾਮਿਨੀ ਅਤੇ ਹਜ਼ਾਰਾਂ ਹੋਰ ਅਜਿਹੀਆਂ ਔਰਤਾਂ ਜੋ ਬੀਤੇ ਸਮੇਂ ਦੀ ਕੁੱਖ ਵਿਚ ਅਣਗੌਲੀਆਂ ਵਿੱਸਰ ਗਈਆਂ, ਵਾਸਤੇ ਆਪਣੀ ਸੱਚੀ ਸ਼ਰਧਾਂਜਲੀ ਅਰਦਾਸਾਂ ਅਤੇ ਸ਼ਾਂਤਮਈ ਕੈਂਡਲ ਮਾਰਚ ਹੀ ਕਾਫ਼ੀ ਨਹੀਂ। ਦਾਮਿਨੀ ਦੀ ਜਗਾਈ ਜਾਗਰੂਕਤਾ ਵਾਲੀ ਇਹ ਜੋਤ ਜਗਦੀ ਰਹਿਣੀ ਚਾਹੀਦੀ ਹੈ। ਵਹਿਸ਼ਤ ਦੀ ਭੇਟ ਚੜ੍ਹੀ ਔਰਤ ਦੀ ਰੂਹ ਲਲਕਾਰ ਰਹੀ ਹੈ। ‘ਜਾਗੋ ਭੈਣੋ, ਜਾਗੋ! ਫੋਕੇ ਨਾਅਰਿਆਂ ਨਾਲ ਨਹੀਂ, ਸ਼ਕਤੀ ਅਜ਼ਮਾਉ। ਨਾਰੀ ਆਪ ਸ਼ਕਤੀ ਹੈ, ਚੰਡੀ ਹੈ। ਕਾਲਕਾ ਹੈ, ਇਸ ਨੂੰ ਪ੍ਰਗਟਾਉ। ਐਸਾ ਸਬਕ ਸਿਖਾਉ ਕਿ ਕਿਸੇ ਹੋਰ ਦਾਮਿਨੀ ਦਾ ਦਾਮਨ ਵਹਿਸ਼ਤ ਦੀ ਭੇਟ ਨਾ ਚੜ੍ਹੇ ਤੇ ਇਹ ਸਾਕਾ ਕੋਈ ਦੁਹਰਾਉਣ ਦੀ ਜੁਰਅਤ ਨਾ ਕਰੇ।’
Leave a Reply