ḔਜੁਗਨੀḔ ਨਿੱਘੀ, ਇਮਾਨਦਾਰ ਤੇ ਸੁੱਚੀ ਪਿਆਰ ਕਹਾਣੀ ਹੈ। ਇਸ ਵਿਚ ਸੰਗੀਤ ਦੀ ਰੂਹ ਧੜਕਦੀ ਹੈ। ḔਜੁਗਨੀḔ ਸ਼ੈਫਾਲੀ ਭੂਸ਼ਨ ਦੀ ਪਲੇਠੀ ਫੀਚਰ ਫਿਲਮ ਹੈ ਅਤੇ ਇਸ ਫਿਲਮ ਨਾਲ ਉਸ ਨੇ ਦਰਸਾ ਦਿੱਤਾ ਹੈ ਕਿ ਉਸ ਕੋਲ ਕਲਾ ਦਾ ਭਰਪੂਰ ਖਜ਼ਾਨਾ ਹੈ। ਫਿਲਮ ਦੇ ਪੰਜਾਬੀ ਰੰਗ ਨੇ ਪੂਰਾ ਰੰਗ ਬੰਨ੍ਹ ਦਿੱਤਾ ਹੈ।
ਹਰ ਪਾਸਿਉਂ ਉਸ ਨੂੰ ਸ਼ਾਬਾਸ਼ ਮਿਲ ਰਹੀ ਹੈ। ਸ਼ੈਫਾਲੀ ਅਲਾਹਾਬਾਦ ਜੰਮੀ ਅਤੇ ਦਿੱਲੀ ਵਿਚ ਵੱਡੀ ਹੋਈ। ਦਿੱਲੀ ਨੇ ਹੀ ਉਸ ਨੂੰ ਫਿਲਮਾਂ ਦੇ ਲੜ ਲਾਇਆ। ਉਸ ਨੇ ਕਲਾਸੀਕਲ ਗਾਇਨ ਦੀ ਬਾਕਾਇਦਾ ਸਿਖਲਾਈ ਵੀ ਲਈ ਹੋਈ ਹੈ, ਇਸ ਲਈ ਸੰਗੀਤ ਹਰ ਪਲ ਉਸ ਦੇ ਦਿਲ ਅੰਦਰ ਤਰਬਾਂ ਛੇੜਦਾ ਰਹਿੰਦਾ ਹੈ। ਉਹਨੇ Ḕਬੀਟ ਆਫ ਇੰਡੀਆḔ ਨਾਂ ਦਾ ਸੰਗੀਤ ਗਰੁੱਪ ਵੀ ਬਣਾਇਆ ਸੀ। ਇਸ ਗਰੁੱਪ ਦਾ ਮੁੱਖ ਕੰਮ ਮੁਲਕ ਭਰ ਵਿਚ ਘੁੰਮ-ਫਿਰ ਕੇ ਮੁਕਾਮੀ (ਸਥਾਨਕ) ਸੰਗੀਤ ਨਾਲ ਸਾਂਝ ਪਾਉਣਾ ਸੀ। ਇਸ ਤੋਂ ਹੀ ਅਗਾਂਹ ḔਜੁਗਨੀḔ ਵਾਲਾ ਪ੍ਰੋਜੈਕਟ ਨਿਕਲਿਆ।
ਕਈ ਸਾਲ ਪਹਿਲਾਂ ਸ਼ੈਫਾਲੀ ਜਦੋਂ ਇਕ ਲੋਕ ਗਾਇਕ Ḕਤੇ ਕੰਮ ਕਰ ਰਹੀ ਸੀ ਤਾਂ ਉਸ ਨੇ ਇਸ ਬਾਰੇ ਮਸ਼ਹੂਰ ਸੰਗੀਤ ਹਸਤੀ ਏæਆਰæ ਰਹਿਮਾਨ ਵੱਲ ਚਿੱਠੀ ਘੱਲ ਦਿੱਤੀ। ਇਹ ਚਿੱਠੀ ਖਾਸ ਹੋ ਨਿਬੜੀ ਅਤੇ ਦੋਹਾਂ ਦੀ ਮਿਲਣੀ ਲਈ ਰਾਹ ਖੁੱਲ੍ਹ ਗਿਆ।
ਫਿਲਮ ḔਜੁਗਨੀḔ ਦਾ ਨਾਂ ਪਹਿਲਾਂ ḔਧੁਨḔ ਸੋਚਿਆ ਗਿਆ ਸੀ। ਇਹਦੇ ਲਈ ਪਹਿਲਾਂ ਕਿਸੇ ਅਸਲ ਗਾਇਕ ਤੋਂ ਅਦਾਕਾਰੀ ਕਰਵਾਉਣ ਦਾ ਫੈਸਲਾ ਹੋਇਆ, ਪਰ ਗੱਲ ਸਿਰੇ ਨਾ ਲੱਗੀ। ਫਿਰ ਕਿਸੇ ਅਦਾਕਾਰ ਨੂੰ ਹੀ ਸਾਈਨ ਕਰਨ ਦਾ ਫੈਸਲਾ ਹੋਇਆ ਅਤੇ ਸਿਧਾਂਤ ਬਹਿਲ ਅਤੇ ਸੁਗੰਧਾ ਗਰਗ ਦੇ ਰੂਪ ਵਿਚ ਫਿਲਮ ਲਈ ਜੋੜੀ ਤੈਅ ਹੋ ਗਈ। ਸੰਗੀਤ ਦੀ ਜ਼ਿੰਮੇਵਾਰੀ ਦਾ ਗੁਣਾ ਪ੍ਰਤਿਭਾਸ਼ਾਲੀ ਸੰਗੀਤਕਾਰ ਕਲਿੰਟਨ ਸੇਰੇਜੋ ਉਤੇ ਪੈ ਗਿਆ। ਉਹਨੇ ḔਜੁਗਨੀḔ ਦਾ ਖਿਆਲ ਫੜ ਲਿਆ ਸੀ ਅਤੇ ਜਦੋਂ ਇਸ ਫਿਲਮ ਦਾ ਸੰਗੀਤ ਤਿਆਰ ਹੋਇਆ, ਸੱਚ-ਮੁੱਚ ਧੰਨ-ਧੰਨ ਹੋ ਗਈ।
ਫਿਲਮ ਵਿਚ ਸੰਗੀਤ ਦੀ ਸ਼ੈਦਾਈ ਮੁਟਿਆਰ ਵੱਖ-ਵੱਖ ਥਾਈਂ ਸੰਗੀਤ ਦੀ ਰੂਹ ਲੱਭਦੀ ਫਿਰਦੀ ਹੈ। ਆਖਰਕਾਰ ਉਸ ਨੂੰ ਸੰਗੀਤ ਨੂੰ ਸਮਰਪਿਤ ਇਕ ਔਰਤ ਲੱਭ ਜਾਂਦੀ ਹੈ, ਪਰ ਇਸ ਔਰਤ ਦਾ ਮੁੰਡਾ ਵੀ ਸੰਗੀਤ ਦਾ ਉਨਾ ਹੀ ਸ਼ੈਦਾਈ ਹੈ ਅਤੇ ਇਥੋਂ ਹੀ ਪਿਆਰ ਕਹਾਣੀ ਦੀ ਜਾਗ ਲੱਗ ਜਾਂਦੀ ਹੈ। ਇਸ ਪਿਆਰ ਕਹਾਣੀ ਨੂੰ ਸ਼ੈਫਾਲੀ ਨੂੰ ਰੂਹ ਨਾਲ ਬਿਆਨ ਕੀਤਾ ਹੈ।
-ਸਿਮਰਨ ਕੌਰ