ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਗੈਰ-ਕਾਨੂੰਨੀ ਢੰਗ ਨਾਲ ਕਿਸ਼ਤੀ ਰਾਹੀਂ ਕੋਲੰਬੀਆ ਤੋਂ ਅਮਰੀਕਾ ਜਾ ਰਹੇ ਕੁਝ ਪੰਜਾਬੀ ਨੌਜਵਾਨ ਸਮੁੰਦਰ ਦੀਆਂ ਲਹਿਰਾਂ ਵਿਚ ਗੁਆਚ ਗਏ ਹਨ। ਪਨਾਮਾ ਦੇ ਸਮੁੰਦਰ ਵਿਚ ਡੁੱਬੀ ਕਿਸ਼ਤੀ ਵਿਚ 20 ਪੰਜਾਬੀ ਨੌਜਵਾਨਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਕਿਸ਼ਤੀ ਵਿਚ ਸਵਾਰ ਇਕ ਨੌਜਵਾਨ ਜਸਵਿੰਦਰ ਸਿੰਘ ਉਰਫ ਸੋਨੂੰ ਹੀ ਜ਼ਿੰਦਾ ਬਚ ਸਕਿਆ ਤੇ ਉਸ ਨੇ ਹੀ ਫੋਨ ਰਾਹੀਂ ਘਟਨਾ ਬਾਰੇ ਘਰ ਵਾਲਿਆਂ ਨੂੰ ਜਾਣਕਾਰੀ ਦਿੱਤੀ।
ਇਸੇ ਦੌਰਾਨ ਪੁਲਿਸ ਨੇ ਦੋ ਟਰੈਵਲ ਏਜੰਟਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਟਰੈਵਲ ਏਜੰਟਾਂ ਦੀ ਪਛਾਣ ਹਰਭਜਨ ਸਿੰਘ ਵਾਸੀ ਭਟਨੂਰਾ ਲੁਬਾਣਾ ਤੇ ਕੁਲਵਿੰਦਰ ਸਿੰਘ ਮੁਲਤਾਨੀ ਵਾਸੀ ਭੋਗਪੁਰ ਵਜੋਂ ਹੋਈ ਹੈ। ਪੁਲਿਸ ਤੀਜੇ ਟਰੈਵਲ ਏਜੰਟ ਦੀ ਭਾਲ ਕਰ ਰਹੀ ਹੈ। ਇਹ ਦੋਵੇਂ ਟਰੈਵਲ ਏਜੰਟ ਉਸ ਨੂੰ ਬੰਦੇ ਇਕੱਠੇ ਕਰ ਕੇ ਦਿੰਦੇ ਸਨ। ਜ਼ਿਕਰਯੋਗ ਹੈ ਕਿ ਜੈਦਾਂ ਪਿੰਡ ਦੇ ਬਚਨ ਸਿੰਘ ਨੇ ਥਾਣਾ ਭੁਲੱਥ ਵਿਚ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਪੁੱਤਰ ਗੁਰਵਿੰਦਰ ਸਿੰਘ ਅਮਰੀਕਾ ਜਾ ਰਿਹਾ ਸੀ ਪਰ ਰਸਤੇ ਵਿਚ ਬੇੜੀ ਡੁੱਬ ਗਈ। ਇਸੇ ਤਰ੍ਹਾਂ ਟਾਂਡੀ ਔਲਖ ਦੇ ਬਲਵਿੰਦਰ ਸਿੰਘ ਦਾ ਪੁੱਤਰ ਗੁਰਜੀਤ ਸਿੰਘ ਵੀ ਇਸ ਹਾਦਸੇ ਵਿਚ ਡੁੱਬ ਗਿਆ ਸੀ।
ਗੁਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਹਰਭਜਨ ਸਿੰਘ ਵਾਸੀ ਭਟਨੂਰਾ ਤੇ ਕੁਲਵਿੰਦਰ ਸਿੰਘ ਵਾਸੀ ਭੋਗਪੁਰ ਨੂੰ ਆਪਣਾ ਲੜਕਾ ਅਮਰੀਕਾ ਭੇਜਣ ਲਈ 25 ਲੱਖ ਰੁਪਏ ਵਿਚ ਗੱਲ ਤੈਅ ਕੀਤੀ ਸੀ ਜਿਸ ਵਿਚੋਂ 10 ਲੱਖ ਰੁਪਏ ਉਨ੍ਹਾਂ ਪਹਿਲਾਂ ਦੇ ਦਿੱਤੇ ਤੇ ਬਾਕੀ 15 ਲੱਖ ਉਹ ਬਾਅਦ ਵਿਚ ਲੈ ਗਏ। ਬੀਤੀ 10 ਜਨਵਰੀ ਨੂੰ ਗੁਰਵਿੰਦਰ ਸਿੰਘ ਨੇ ਫੋਨ ‘ਤੇ ਦੱਸਿਆ ਕਿ ਉਹ ਕਵਿਟੋ ਤੋਂ ਅਮਰੀਕਾ ਜਾ ਰਹੇ ਹਨ ਤੇ 10 ਦਿਨ ਬਾਅਦ ਫੋਨ ਕਰਨਗੇ। ਇਸ ਤੋਂ ਬਾਅਦ ਉਨ੍ਹਾਂ ਨੂੰ ਕੋਈ ਫੋਨ ਨਹੀਂ ਆਇਆ। ਹੁਣ ਸੋਨੂੰ ਦੇ ਪਰਿਵਾਰਕ ਮੈਂਬਰਾਂ ਤੋਂ ਹੀ ਗੁਰਵਿੰਦਰ ਸਿੰਘ ਦੇ ਕਿਸ਼ਤੀ ਹਾਦਸੇ ਬਾਰੇ ਜਾਣਕਾਰੀ ਮਿਲੀ।
ਇਸ ਹਾਦਸੇ ਨੇ 20 ਸਾਲ ਪੁਰਾਣੇ ਮਾਲਟਾ ਕਾਂਡ ਦੀ ਯਾਦ ਦਿਵਾ ਦਿੱਤੀ ਹੈ। 25 ਦਸੰਬਰ, 1996 ਨੂੰ ਜਦੋਂ ਪੂਰੀ ਦੁਨੀਆਂ ਕ੍ਰਿਸਮਸ ਦੇ ਜਸ਼ਨ ਵਿਚ ਡੁੱਬੀ ਹੋਈ ਸੀ, ਤਾਂ ਤਕਰੀਬਨ 170 ਨੌਜਵਾਨਾਂ ਦੇ ਮਾਲਟਾ ਦੇ ਸਮੁੰਦਰ ਵਿਚ ਡੁੱਬਣ ਦੀ ਖਬਰ ਆਈ ਸੀ। ਇਨ੍ਹਾਂ ਵਿਚੋਂ ਬਹੁਤੇ ਪੰਜਾਬੀ ਸਨ। ਉਸ ਸਮੇਂ ਵੀ ਪੰਜਾਬ ਵਿਚ ਬੇਰੁਜ਼ਗਾਰੀ ਤੋਂ ਪਰੇਸ਼ਾਨ ਨੌਜਵਾਨ ਚੰਗੇ ਭਵਿੱਖ ਦੀ ਉਮੀਦ ਵਿਚ ਮਾਲਟਾ ਤੋਂ ਕਿਸ਼ਤੀ ਰਾਹੀਂ ਗਰੀਸ ਜਾ ਰਹੇ ਸਨ, ਪਰ ਕਿਸ਼ਤੀ ਸਮੁੰਦਰ ਵਿਚ ਹੀ ਡੁੱਬ ਗਈ। ਅੱਜ ਤੱਕ ਇਨ੍ਹਾਂ ਨੌਜਵਾਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ।
ਲਾਪਤਾ ਨੌਜਵਾਨਾਂ ਵਿਚੋਂ ਜ਼ਿਆਦਾਤਰ ਦੋਆਬਾ ਇਲਾਕੇ ਦੇ ਸਨ। ਹਾਦਸੇ ਤੋਂ ਬਾਅਦ ਜਾਅਲੀ ਟਰੈਵਲ ਏਜੰਟਾਂ ਦੇ ਜਾਲ ਤੋਂ ਵੀ ਪਰਦਾ ਉੱਠਿਆ ਸੀ। ਜਾਂਚ ਤੋਂ ਬਾਅਦ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਏਜੰਟਾਂ ਨੇ ਕਿਸ਼ਤੀ ਜਾਣ-ਬੁੱਝ ਕੇ ਡੋਬੀ ਸੀ, ਕਿਉਂਕਿ ਗਰੀਸ ਦੀ ਸਰਹੱਦ ਉਤੇ ਚੌਕਸੀ ਜ਼ਿਆਦਾ ਹੋਣ ਕਾਰਨ ਨੌਜਵਾਨਾਂ ਦਾ ਉਥੇ ਪਹੁੰਚਣਾ ਔਖਾ ਸੀ। ਮਾਲਟਾ ਕਾਂਡ ਸਮੇਂ ਇਹ ਮਾਮਲਾ ਸੁਰਖੀਆਂ ਵਿਚ ਰਿਹਾ। ਸਰਕਾਰ ਨੇ ਕੁਝ ਟਰੈਵਲ ਏਜੰਟਾਂ ਖਿਲਾਫ ਕਾਰਵਾਈ ਵੀ ਕੀਤੀ। ਘਟਨਾ ਦੀ ਸੀæਬੀæਆਈæ ਵੱਲੋਂ ਵੀ ਜਾਂਚ ਵੀ ਹੋਈ, ਪਰ ਅਜੇ ਤੱਕ ਪੀੜਤਾਂ ਨੂੰ ਇਨਸਾਫ ਦੀ ਉਡੀਕ ਹੈ। ਭਾਰਤ ਵਿਚੋਂ ਗਏ ਤਕਰੀਬਨ 557 ਵਿਅਕਤੀ ਬੀਤੇ ਤਿੰਨ ਵਰ੍ਹਿਆਂ ਦੌਰਾਨ ਵਿਦੇਸ਼ੀ ਧਰਤੀ ਤੋਂ ਭੇਤਭਰੇ ਢੰਗ ਨਾਲ ਗੁੰਮ ਹੋਏ ਹਨ। ਇਨ੍ਹਾਂ ਵਿਚੋਂ ਬਹੁਤਿਆਂ ਦਾ ਹਾਲੇ ਤੀਕ ਕੋਈ ਥਹੁ-ਪਤਾ ਨਹੀਂ ਲੱਗ ਰਿਹਾ। ਇਨ੍ਹਾਂ ਵਿਚ ਕਈ ਪੰਜਾਬੀ ਨੌਜਵਾਨ ਹਨ।
ਪਰਵਾਸੀ ਭਾਰਤੀ ਮੰਤਰਾਲੇ ਦੇ ਤਾਜ਼ਾ ਵੇਰਵਿਆਂ ਅਨੁਸਾਰ ਸਾਲ 2015 ਵਿਚ ਵਿਦੇਸ਼ਾਂ ਵਿਚ 207 ਭਾਰਤੀ ਗੁੰਮ ਹੋਏ ਜਿਨ੍ਹਾਂ ਵਿਚੋਂ ਸਿਰਫ 58 ਹੀ ਮਿਲੇ। ਸਾਲ 2014 ਵਿਚ 387 ਭਾਰਤੀ ਗੁੰਮ ਹੋਏ ਸਨ ਜਿਨ੍ਹਾਂ ਵਿਚੋਂ 94 ਹੀ ਲੱਭੇ। ਸਾਲ 2013 ਵਿਚ 161 ਭਾਰਤੀ ਗੁੰਮ ਹੋਏ ਜਿਨ੍ਹਾਂ ਵਿਚੋਂ 46 ਹੀ ਲੱਭੇ। ਖਾੜੀ ਮੁਲਕਾਂ ਵਿਚ ਤਾਂ ਭਾਰਤੀ ਨੌਜਵਾਨਾਂ ਨੂੰ ਹਰ ਮੋੜ ‘ਤੇ ਮੌਤ ਨਾਲ ਟੱਕਰ ਲੈਣੀ ਪੈਂਦੀ ਹੈ। ਬੀਤੇ ਸਮੇਂ ਦੌਰਾਨ ਸੈਂਕੜੇ ਪੰਜਾਬੀ ਨੌਜਵਾਨਾਂ ਦੀਆਂ ਲਾਸ਼ਾਂ ਵਿਦੇਸ਼ਾਂ ਵਿਚੋਂ ਵਾਪਸ ਭੇਜੀਆਂ ਗਈਆਂ। ਹੁਣ ਵੀ ਪੰਜਾਬੀ ਨੌਜਵਾਨ ਸਮੁੰਦਰੀ ਰਸਤੇ ਅਮਰੀਕਾ ਜਾ ਰਹੇ ਸਨ ਜਿਨ੍ਹਾਂ ਦੀ ਕਿਸ਼ਤੀ ਹਾਦਸੇ ਦਾ ਸ਼ਿਕਾਰ ਹੋ ਗਈ।
ਅਮਰੀਕਾ ਵਿਚ ਲੰਘੇ ਸਾਢੇ ਤਿੰਨ ਸਾਲਾਂ ਵਿਚ 1336 ਭਾਰਤੀਆਂ ਦੀ ਮੌਤ ਹੋਈ ਹੈ ਜਦਕਿ ਸਾਲ 2015 ਵਿਚ 139 ਭਾਰਤੀਆਂ ਦੀ ਮੌਤ ਹੋਈ ਹੈ। ਮੌਤ ਦੇ ਕਾਰਨ ਭਾਵੇਂ ਵੱਖੋ-ਵੱਖਰੇ ਸਨ ਪਰ ਕਈ ਲੋਕਾਂ ਦੀ ਮੌਤ ਭੇਤਭਰੇ ਢੰਗ ਨਾਲ ਹੋਈ। ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਮੰਗ ਕੀਤੀ ਹੈ ਕਿ ਕਿਸ਼ਤੀ ਦੁਖਾਂਤ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਇਕ ਟੀਮ ਛੇਤੀ ਹੀ ਅਮਰੀਕਾ ਰਵਾਨਾ ਕੀਤੀ ਜਾਵੇ ਤਾਂ ਜੋ ਇਨਸਾਨੀ ਤਸਕਰੀ ਵਾਲੇ ਗਰੋਹ ਦਾ ਖੁਲਾਸਾ ਹੋ ਸਕੇ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਟੈਲੀਫੋਨ ਉਤੇ ਗੱਲਬਾਤ ਕੀਤੀ ਜਿਨ੍ਹਾਂ ਨੇ ਭਰੋਸਾ ਦਿਵਾਇਆ ਕਿ ਪੀੜਤਾਂ ਨਾਲ ਤੁਰੰਤ ਰਾਬਤਾ ਕਾਇਮ ਕੀਤਾ ਜਾਵੇਗਾ।
_____________________________________
ਸਰਕਾਰੀ ਨੀਤੀਆਂ ਕਾਰਨ ਮਜਬੂਰੀ ਦਾ ਪਰਵਾਸ
ਚੰਡੀਗੜ੍ਹ: ਪੰਜਾਬ ਵਰਗੇ ਖੁਸ਼ਹਾਲ ਮੰਨੇ ਜਾਂਦੇ ਸੂਬੇ ਦੇ ਨੌਜਵਾਨਾਂ ਵੱਲੋਂ ਆਪਣੀ ਜਾਨ ਖਤਰੇ ਵਿਚ ਪਾ ਕੇ ਗੈਰਕਾਨੂੰਨੀ ਢੰਗ ਨਾਲ ਯੂਰਪੀ ਮੁਲਕਾਂ ਵਿਚ ਜਾਣ ਦਾ ਵਰਤਾਰਾ ਸਰਕਾਰ ਦੀਆਂ ਨੀਤੀਆਂ ਬਾਰੇ ਕਈ ਸਵਾਲ ਖੜ੍ਹੇ ਕਰਦਾ ਹੈ। ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਗਰੀਬੀ ਅਤੇ ਬੇਰੁਜ਼ਗਾਰੀ ਹੰਢਾ ਰਹੇ ਬਹੁ-ਗਿਣਤੀ ਨੌਜਵਾਨ ਗੈਰ-ਕਾਨੂੰਨੀ ਪਰਵਾਸ ਲਈ ਮਜਬੂਰ ਹੋ ਰਹੇ ਹਨ। ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਵੀ ਕੁਝ ਮਾਪੇ ਉਨ੍ਹਾਂ ਨੂੰ ਬਾਹਰਲੇ ਮੁਲਕਾਂ ਵਿਚ ਭੇਜਣ ਨੂੰ ਤਰਜੀਹ ਦੇ ਰਹੇ ਹਨ। ਸਿਆਸਤ ਅਤੇ ਰਾਜ ਪ੍ਰਬੰਧ ਵਿਚ ਧਨਾਢਾਂ ਤੇ ਬਾਹੂਬਲੀਆਂ ਦੇ ਦਾਖਲੇ ਕਾਰਨ ਅਮਨ-ਕਾਨੂੰਨ ਦੀ ਬਣੀ ਚਿੰਤਾਜਨਕ ਹਾਲਤ ਵੀ ਚੰਗੇ ਭਲੇ ਵਿਅਕਤੀਆਂ ਨੂੰ ਬਾਹਰ ਜਾਣ ਲਈ ਮਜਬੂਰ ਕਰ ਰਹੀ ਹੈ। ਪਰਵਾਸ ਪੱਖੋਂ ਪੰਜਾਬ ਦਾ ਦੋਆਬਾ ਇਲਾਕਾ ਸਭ ਤੋਂ ਅੱਗੇ ਹੈ। ਇਹ ਉਹ ਇਲਾਕੇ ਹੈ ਜਿਥੇ ਮਾਪੇ ਆਪਣੇ ਬੱਚਿਆਂ ਨੂੰ ਡਾਕਟਰ ਜਾਂ ਇੰਜਨੀਅਰ ਬਣਾਉਣ ਦੀ ਨਹੀਂ ਸੋਚਦੇ, ਸਗੋਂ ਉਨ੍ਹਾਂ ਨੂੰ ਕੈਨੇਡਾ ਜਾਂ ਅਮਰੀਕਾ ਭੇਜਣ ਦਾ ਸੁਪਨਾ ਲੈਂਦੇ ਹਨ। ਮਾਪਿਆਂ ਦੀ ਇਸ ਸੋਚ ਦਾ ਫਾਇਦਾ ਜਾਅਲੀ ਟਰੈਵਲ ਏਜੰਟ ਚੁੱਕਦੇ ਹਨ।