ਮਾਘੀ ਮੇਲੇ ਦਾ ਸੁਨੇਹਾ

ਇਸ ਵਾਰ ਦਾ ਮਾਘੀ ਮੇਲਾ ਪੰਜਾਬ ਵਿਚ ਨਵਾਂ ਸਿਆਸੀ ਸੁਨੇਹਾ ਲੈ ਕੇ ਆਇਆ ਹੈ। ਇਸ ਸੁਨੇਹੇ ਦੀ ਪੈੜ-ਚਾਲ ਸਿਆਸੀ ਕਾਨਫਰੰਸਾਂ ਤੋਂ ਭਲੀ-ਭਾਂਤ ਮਿਲ ਜਾਂਦੀ ਹੈ। ਬਿਨਾਂ ਸ਼ੱਕ, ਸਿਆਸਤ ਦੇ ਕੋਣ ਤੋਂ ਐਤਕੀਂ ਵਾਲਾ ਮੇਲਾ ਆਮ ਆਦਮੀ ਪਾਰਟੀ (ਆਪ) ਦੇ ਨਾਂ ਰਿਹਾ ਹੈ। ਆਮ ਸਿਆਸੀ ਪਾਰਟੀਆਂ ਤੋਂ ਉਲਟ ਇਸ ਪਾਰਟੀ ਨੇ ਮੇਲੇ ਵਿਚ ਭੀੜ ਜੁਟਾਉਣ ਜਾਂ ਦਿਖਾਉਣ ਲਈ ਕੋਈ ਖਾਸ ਤਰੱਦਦ ਨਹੀਂ ਕੀਤਾ, ਫਿਰ ਵੀ ਲੋਕ ਆਪ-ਮੁਹਾਰੇ ‘ਆਪ’ ਦੇ ਪੰਡਾਲ ਵੱਲ ਵਾਹੋ-ਦਾਹੀ ਗਏ। ਲੋਕਾਂ ਦੇ ਇਸ ਆਪ-ਮੁਹਾਰੇਪਣ ਬਾਰੇ ਤਾਂ ਮੁੱਖ ਮੰਤਰੀ ਪ੍ਰਕਾਸ਼ ਬਾਦਲ ਨੂੰ ਵੀ ਟਿੱਪਣੀ ਕਰਨੀ ਪਈ।

ਇਸ ਟਿੱਪਣੀ ਵਿਚ ਬੇਵਸੀ ਦੀ ਝਲਕ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਪਤਾ ਨਹੀਂ ਕਿਉਂ ਲੋਕ ‘ਆਪ’ ਵੱਲ ਉਲਰ ਰਹੇ ਹਨ! ਅਸਲ ਵਿਚ ਉਹ ਸਿਆਸੀ ਖੇਤਰ ਵਿਚ ਆਪਣੀ ਹਾਰ ਚਿਤਵ ਕੇ ਦਿਲ ਨੂੰ ਤਸੱਲੀਆਂ ਦੇ ਰਹੇ ਜਾਪਦੇ ਹਨ। ਸਿਆਸਤ ਵਿਚ ਰੁਚੀ ਰੱਖਣ ਵਾਲਿਆਂ ਨੇ ਤਾਂ ‘ਆਪ’ ਦੀ ਇਸ ਚੜ੍ਹਤ ਦਾ ਵਿਸ਼ਲੇਸ਼ਣ ਕਰਦਿਆਂ ਸਿੱਟੇ ਵੀ ਕੱਢ ਦਿਖਾਏ ਹਨ। ਇਥੇ ਮਸਲਾ ਚੋਣਾਂ ਵਿਚ ਜਿੱਤ ਜਾਂ ਹਾਰ ਦਾ ਨਹੀਂ, ਸਗੋਂ ਉਸ ਤਬਦੀਲੀ ਦਾ ਹੈ ਜੋ ਪੰਜਾਬ ਵਿਚ ਹੁਣ ਨਜ਼ਰੀਂ ਪੈਣ ਲੱਗ ਪਈ ਹੈ। ‘ਆਪ’ ਦੀ ਆਮਦ ਨੇ ਸਿਆਸਤ ਦੇ ਪਿੜ ਦਾ ਰੰਗ-ਢੰਗ ਬਦਲ ਕੇ ਰੱਖ ਦਿੱਤਾ ਹੈ ਅਤੇ ਰਵਾਇਤੀ ਸਿਆਸੀ ਪਾਰਟੀਆਂ ਨੂੰ ਨਵੇਂ ਸਿਰਿਓਂ ਨੀਤੀਆਂ-ਰਣਨੀਤੀਆਂ ਬਣਾਉਣੀਆਂ ਪੈ ਰਹੀਆਂ ਹਨ। ਇਹ ਗੱਲ ਵੱਖਰੀ ਹੈ ਕਿ ਸੱਤਾਧਾਰੀਆਂ ਨੂੰ ਇਹ ਨਵੀਂ ਸਿਆਸੀ ਪੈਂਠ ਅਜੇ ਹਜ਼ਮ ਨਹੀਂ ਹੋ ਰਹੀ। ਇਸ ਲਈ ਉਹ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੀ ਮੇਲਾ ਮਾਘੀ ਕਾਨਫਰੰਸ ਦਾ ਜ਼ਿਕਰ ਵਾਰ-ਵਾਰ ਕਰ ਰਹੇ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਉਦੋਂ ਮਨਪ੍ਰੀਤ ਸਿੰਘ ਬਾਦਲ ਦੀ ਕਾਰਫਰੰਸ ਵੀ ਮਿਸਾਲੀ ਹੋ ਨਿਬੜੀ ਸੀ, ਪਰ ਉਹ ਵਿਧਾਨ ਸਭਾ ਚੋਣਾਂ ਵਿਚ ਇਕ ਵੀ ਸੀਟ ਹਾਸਲ ਨਹੀਂ ਸਨ ਕਰ ਸਕੇ। ਉਂਜ, ਥੋੜ੍ਹੀ ਜਿਹੀ ਘੋਖ ਕੀਤਿਆਂ ਸਪਸ਼ਟ ਹੋ ਜਾਂਦਾ ਹੈ ਕਿ ਉਦੋਂ ਵਾਲੇ ਅਤੇ ਹੁਣ ਵਾਲੇ ਵਕਤ ਵਿਚ ਜ਼ਮੀਨ-ਅਸਮਾਨ ਦਾ ਫਰਕ ਹੈ। ਅੱਜ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੇ ਪੈਰਾਂ ਹੇਠੋਂ ਜ਼ਮੀਨ ਖਿਸਕੀ ਹੋਈ ਹੈ। ਲੋਕ ਰੋਹ ਅਤੇ ਰੋਸ ਕਾਰਨ ਇਸ ਨੂੰ ਕਈ ਰੁਟੀਨ ਵਾਲੇ ਸਮਾਗਮ ਵੀ ਮੁਲਤਵੀ ਕਰਨੇ ਪੈ ਰਹੇ ਹਨ। ਜਿਹੜੇ ਸਮਾਗਮ ਡੰਡੇ ਦੇ ਜ਼ੋਰ ਕਰਵਾਏ ਵੀ ਜਾ ਰਹੇ ਹਨ, ਉਨ੍ਹਾਂ ਵੱਲ ਲੋਕ ਮੂੰਹ ਨਹੀਂ ਕਰ ਰਹੇ। ਸੱਤਾ ਧਿਰ ਖਿਲਾਫ ਲੋਕਾਂ ਦਾ ਗੁੱਸਾ ਆਏ ਦਿਨ ਕਿਸੇ ਨਾ ਕਿਸੇ ਰੂਪ ਵਿਚ ਉਜਾਗਰ ਹੋ ਰਿਹਾ ਹੈ ਅਤੇ ਸੱਤਾਧਾਰੀਆਂ ਵੱਲੋਂ ਹਰ ਹੀਲਾ ਕਰਨ ਦੇ ਬਾਵਜੂਦ ਇਸ ਨੂੰ ਠੱਲ੍ਹ ਨਹੀਂ ਪੈ ਰਹੀ, ਨਾ ਹੀ ਕਿਸੇ ਪਾਸੇ ਪੈਰ ਅੜਾਉਣ ਲਈ ਜਗ੍ਹਾ ਹੀ ਮਿਲ ਰਹੀ ਹੈ।
ਭਾਰਤ ਵਿਚ ‘ਆਪ’ ਦੀ ਆਮਦ ਇਕ ਖਾਸ ਦੌਰ ਦੌਰਾਨ ਹੋਈ ਸੀ। ਉਦੋਂ ਅਜੇ ਕੇਂਦਰ ਵਿਚ ਕਾਂਗਰਸ ਦੀ ਅਗਵਾਈ ਵਾਲੇ ਯੂæਪੀæਏæ ਦੀ ਸਰਕਾਰ ਸੀ ਅਤੇ ਸਮਾਜ ਸੇਵੀ ਅੰਨਾ ਹਜ਼ਾਰੇ ਤੇ ਉਨ੍ਹਾਂ ਦੀ ਟੀਮ ਦੀ ਅਗਵਾਈ ਹੇਠ ਭ੍ਰਿਸ਼ਟਾਚਾਰ ਵਿਰੁਧ ਅੰਦੋਲਨ ਸ਼ੁਰੂ ਹੋਇਆ ਸੀ। ਦਿੱਲੀ ਵਿਚ ਸ਼ੁਰੂ ਕੀਤੇ ਅੰਦੋਲਨ ਨੂੰ ਬਹੁਤ ਤੇਜ਼ੀ ਨਾਲ ਮੁਲਕ ਭਰ ਵਿਚ ਹੁੰਗਾਰਾ ਮਿਲਿਆ। ਉਸ ਵਕਤ ਵੀ ਲੋਕ ਹੁਣ ਵਾਂਗ ਆਪ-ਮੁਹਾਰੇ ਹੀ ਇਸ ਅੰਦੋਲਨ ਵੱਲ ਖਿੱਚੇ ਗਏ ਸਨ। ਵਿਚਾਰਨ ਵਾਲਾ ਨੁਕਤਾ ਸਿਰਫ ਇੱਕੋ ਹੀ ਹੈ ਕਿ ਭਾਰਤ ਦੇ ਸਿਆਸੀ ਢਾਂਚੇ ਵਿਚ ਤਬਦੀਲੀ ਦੀ ਤਾਂਘ ਕਰ ਕੇ ਹੀ ਇਸ ਅੰਦੋਲਨ ਨੂੰ ਇੰਨੇ ਵੱਡੇ ਪੱਧਰ ਉਤੇ ਹੁੰਗਾਰਾ ਮਿਲਿਆ ਸੀ। ਤਬਦੀਲੀ ਦੀ ਇਸ ਤਾਂਘ ਵਿਚੋਂ ਹੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦਾ ਆਗਾਜ਼ ਹੋਇਆ। ਕੁਝ ਨੁਕਤਾਚੀਨ ਇਹ ਨਘੋਚਾਂ ਕੱਢ ਰਹੇ ਹਨ ਕਿ ‘ਆਪ’ ਦੀ ਆਮਦ ਭਾਰਤੀ ਸਿਆਸਤ ਵਿਚ ਸਿਫਤੀ ਤਬਦੀਲੀ ਦੇ ਟੀਚੇ ਨਾਲ ਹੋਈ ਸੀ, ਪਰ ਹੁਣ ਹੋਰ ਪਾਰਟੀਆਂ ਵਾਂਗ ਇਸ ਨੇ ਆਪਣਾ ਟੀਚਾ ਚੋਣਾਂ ਜਿੱਤਣ ਨੂੰ ਬਣਾ ਲਿਆ ਜਾਪਦਾ ਹੈ। ਬਿਨਾਂ ਸ਼ੱਕ, ਸਿਆਸਤ ਦੇ ਪਿੜ ਲਈ ਅੱਜ ਇਹ ਵੱਡਾ ਸਵਾਲ ਹੈ। ਢਾਂਚੇ ਵਿਚ ਜਿੰਨਾ ਨਿਘਾਰ ਆ ਚੁੱਕਾ ਹੈ, ਉਸ ਦਾ ਤੋੜ ਵੱਡੀ ਤਬਦੀਲੀ ਨਾਲ ਹੀ ਸੰਭਵ ਹੈ, ਪਰ ਫਿਲਹਾਲ ਮੌਜੂਦਾ ਹਾਲਾਤ ਵਿਚ ਇਸ ਤਬਦੀਲੀ ਲਈ ਰਾਹ, ਚੋਣਾਂ ਵਾਲਾ ਮੈਦਾਨ ਜਿੱਤਣ ਤੋਂ ਬਾਅਦ ਬਣ ਵੀ ਸਕਦਾ ਹੈ। ਰਵਾਇਤੀ ਸਿਆਸੀ ਪਾਰਟੀਆਂ ਚੋਣਾਂ ਜਿੱਤਣ ਲਈ ਜੋ ਹਰਬੇ ਵਰਤਦੀਆਂ ਹਨ, ਉਸ ਨੇ ਆਵਾਮ ਨੂੰ ਮੂਲੋਂ ਹੀ ਬੇਵੱਸ ਅਤੇ ਨਿੱਸਲ ਕਰ ਦਿੱਤਾ ਹੋਇਆ ਹੈ। ਅਜਿਹੇ ਮਾਹੌਲ ਵਿਚ ‘ਆਪ’ ਜਿਸ ਤਰ੍ਹਾਂ ਦਸਤਕ ਦੇ ਰਹੀ ਹੈ, ਉਸ ਨੇ ਆਵਾਮ ਦੇ ਜ਼ਿਹਨ ਵਿਚ ਤਬਦੀਲੀ ਦੇ ਚਿਰਾਗ ਬਾਲੇ ਹਨ। ਅਜਿਹਾ ਮਾਹੌਲ ਬੱਝਣ ਦੀ ਉਡੀਕ ਵਿਚ ਸਾਲਾਂ ਦੇ ਸਾਲ ਲੰਘ ਗਏ ਸਨ। ਹੁਣ ਜੇ ‘ਆਪ’ ਸਿਆਸੀ ਖੇਤਰ ਵਿਚ ਰਵਾਇਤੀ ਪਾਰਟੀਆਂ ਦੀ ਜਕੜ ਤੋੜਨ ਵਿਚ ਸਹਾਈ ਹੋ ਰਹੀ ਹੈ ਤਾਂ ਇਸ ਦਾ ਸਵਾਗਤ ਕਰਨਾ ਬਣਦਾ ਹੈ। ਘੱਟੋ-ਘੱਟ ਪੰਜਾਬ ਵਿਚ ਤਾਂ ਤਬਦੀਲੀ ਦੀ ਲਹਿਰ ਨੂੰ ਜ਼ਰਬਾਂ ਜ਼ਰੂਰ ਆਈਆਂ ਹਨ। ਪੰਜਾਬ ਵਿਚ ਚੋਣਾਂ ਨੂੰ ਅਜੇ ਭਾਵੇਂ ਤਕਰੀਬਨ ਸਾਲ ਪਿਆ ਹੈ ਅਤੇ ਉਦੋਂ ਤੱਕ ਕਈ ਸਿਆਸੀ ਸਫਬੰਦੀਆਂ ਸੰਭਵ ਹਨ, ਪਰ ਇਕ ਤੱਥ ਐਨ ਸਪਸ਼ਟ ਹੋ ਗਿਆ ਹੈ ਕਿ ਐਤਕੀਂ ਵਾਲੀਆਂ ਚੋਣਾਂ ਪਹਿਲਾਂ ਹੋਈਆਂ ਸਭ ਚੋਣਾਂ ਤੋਂ ਵੱਖਰੀਆਂ ਹੋਣਗੀਆਂ ਅਤੇ ਇਨ੍ਹਾਂ ਦੇ ਨਤੀਜੇ ਵੀ ਵੱਖਰੇ ਆਉਣ ਦੀ ਸੰਭਾਵਨਾ ਹੈ। ਇਸ ਨਾਲ ਸੂਬੇ ਵਿਚ ਵੱਖਰੀ ਸਿਆਸਤ ਲਈ ਰਾਹ ਖੁੱਲ੍ਹਣ ਲਈ ਰਾਹ ਮੋਕਲੇ ਹੋ ਰਹੇ ਹਨ। ਹੁਣ ਦੇਖਣ ਅਤੇ ਵਿਚਾਰਨ ਵਾਲਾ ਮੁੱਦਾ ਇਹ ਹੈ ਕਿ ਪੰਜਾਬ ਦੀਆਂ ਚੋਣਾਂ ਤੋਂ ਬਾਅਦ ਮੁਲਕ ਦੀ ਸਿਆਸਤ ਉਤੇ ਕੀ ਅਸਰ ਪਵੇਗਾ। ਅਜੇ ਕੁਝ ਮਹੀਨੇ ਪਹਿਲਾਂ ਹੀ ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਮੁਲਕ ਦੀ ਸਿਆਸਤ ਨੂੰ ਰਤਾ ਕੇ ਵੱਖਰਾ ਮੋੜਾ ਦਿੱਤਾ ਸੀ। ਕੇਂਦਰ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਇਸ ਦੀ ਮਾਂ-ਜਥੇਬੰਦੀ ਆਰæਐਸ਼ਐਸ਼ ਦੀ ਪੰਜਾਬ ਉਤੇ ਅੱਖ ਬੜੇ ਚਿਰਾਂ ਦੀ ਹੈ। ਹੁਣ ‘ਆਪ’ ਦੀ ਸਿਆਸਤ ਦੇ ਜ਼ਰੀਏ ਪੰਜਾਬ ਇਕ ਵਾਰ ਫਿਰ ਦਿੱਲੀ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਤੁਰਨ ਜੋਗਾ ਹੋ ਰਿਹਾ ਹੈ।