ਪੰਜਾਬ ਵਿਚ ਸਿਆਸੀ ਜੁਗਲਬੰਦੀ ਲਈ ਜ਼ੋਰ-ਅਜ਼ਮਾਈ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੀਆਂ ਰਵਾਇਤੀ ਸਿਆਸੀ ਧਿਰਾਂ ਲਈ ਚੁਣੌਤੀ ਬਣ ਰਹੀ ਹੈ। ਇਸੇ ਕਾਰਨ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਅਜੇ ਇਕ ਸਾਲ ਦਾ ਸਮਾਂ ਹੋਣ ਦੇ ਬਾਵਜੂਦ ਸੂਬੇ ਦੀ ਸਿਆਸਤ ਵਿਚ ਉਬਾਲ ਆਇਆ ਹੋਇਆ ਹੈ। ਕਾਂਗਰਸ ਦੇ ਕੁਝ ਸੀਨੀਅਰ ਆਗੂਆਂ ਦੀ ‘ਆਪ’ ਵਿਚ ਸ਼ਮੂਲੀਅਤ ਨੇ ਨਵੇਂ ਬਣੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਲਈ ਚੁਣੌਤੀ ਖੜ੍ਹੀ ਕਰ ਦਿੱਤੀ ਹੈ।

ਇਸੇ ਚੁਣੌਤੀ ਨੂੰ ਦੇਖਦੇ ਹੋਏ ਕੈਪਟਨ ਨੇ ਹਮਖ਼ਿਆਲ ਧਿਰਾਂ ਨੂੰ ਕਾਂਗਰਸ ਨਾਲ ਰਲ ਕੇ ਚੋਣਾਂ ਲੜਨ ਦਾ ਖੁੱਲ੍ਹਾ ਸੱਦਾ ਦਿੱਤਾ ਹੋਇਆ ਹੈ। ਇਸੇ ਦੌਰਾਨ ਸ਼ ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ (ਪੀæਪੀæਪੀæ) ਦਾ ਕਾਂਗਰਸ ਵਿਚ ਰਲੇਵਾਂ ਹੋ ਗਿਆ ਹੈ। ਇਸ ਪਾਰਟੀ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦਾ ਕਈ ਸੀਟਾਂ ਉਤੇ ਨੁਕਸਾਨ ਕੀਤਾ ਸੀ। ਹੁਣ ਦੋਹਾਂ ਪਾਰਟੀਆਂ ਦਾ ਰਲੇਵਾਂ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਲਈ ਵੱਡੀ ਮੁਸੀਬਤ ਖੜ੍ਹੀ ਕਰ ਸਕਦਾ ਹੈ; ਹਾਲਾਂਕਿ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਪੀæਪੀæਪੀæ ‘ਆਪ’ ਨਾਲ ਹੱਥ ਮਿਲਾ ਸਕਦੀ ਹੈ। ‘ਆਪ’ ਨੂੰ ਪੰਜਾਬ ਵਿਚ ਮਿਲ ਰਹੇ ਹੁੰਗਾਰੇ ਕਾਰਨ ਉਹ ਕਿਸੇ ਹੋਰ ਪਾਰਟੀ ਨੂੰ ਨਾਲ ਰਲਾਉਣ ਵਿਚ ਰੁਚੀ ਨਹੀਂ ਵਿਖਾ ਰਹੀ।
ਉਧਰ, ਪੰਥਕ ਧਿਰਾਂ ਵੀ ‘ਆਪ’ ਨੂੰ ਹਮਾਇਤ ਲਈ ਪਹਿਲ ਦੇ ਰਹੀਆਂ ਹਨ। ਸਰਬੱਤ ਖਾਲਸਾ ਕਰਨ ਵਾਲੀਆਂ ਪੰਥਕ ਧਿਰਾਂ ਦੇ ਆਗੂ ਭਾਵੇਂ ਜੇਲ੍ਹ ਵਿਚ ਬੈਠੇ ਹਨ, ਪਰ ਉਨ੍ਹਾਂ ਦੇ ਸਮਰਥਕ ਇਸ ਵੇਲੇ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਨ ਦੇ ਯਤਨਾਂ ਵਿਚ ਹਨ। ਦੂਜੇ ਪਾਸੇ, ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਭਾਈ ਹਰਪਾਲ ਸਿੰਘ ਚੀਮਾ ਤੇ ਕੁਝ ਹੋਰ ਪੰਥਕ ਨੇਤਾ ਵੀ ਆਮ ਆਦਮੀ ਪਾਰਟੀ ਦੇ ਸਿਖਰਲੇ ਨੇਤਾਵਾਂ ਦੇ ਸੰਪਰਕ ਵਿਚ ਹਨ। ਦੋਵਾਂ ਧਿਰਾਂ ਵਿਚ ਫਰਕ ਇਹ ਹੈ ਕਿ ਯੂਨਾਈਟਿਡ ਅਕਾਲੀ ਦਲ ਦੇ ਨੇਤਾ ‘ਆਪ’ ਨਾਲ ਸਮਝੌਤਾ ਕਰ ਕੇ ਚੋਣ ਮੈਦਾਨ ਵਿਚ ਉਤਰਨਾ ਚਾਹੁੰਦੇ ਹਨ, ਜਦੋਂ ਕਿ ‘ਪੰਚ ਪ੍ਰਧਾਨੀ’ ਦੇ ਨੇਤਾ ਬੇਸ਼ੱਕ ‘ਆਪ’ ਨੇਤਾਵਾਂ ਦੇ ਸੰਪਰਕ ਵਿਚ ਹਨ, ਪਰ ਉਹ ‘ਆਪ’ ਨਾਲ ਮਿਲ ਕੇ ਚੋਣ ਮੈਦਾਨ ਵਿਚ ਨਹੀਂ ਕੁੱਦਣਾ ਚਾਹੁੰਦੇ, ਸਗੋਂ ਪਿੱਛੇ ਰਹਿ ਕੇ ਮਦਦ ਕਰਨਾ ਚਾਹੁੰਦੇ ਹਨ। ਆਮ ਆਦਮੀ ਪਾਰਟੀ ਭਾਵੇਂ ਬਾਦਲ ਵਿਰੋਧੀ ਪੰਥਕ ਧਿਰਾਂ ਦਾ ਸਮਰਥਨ ਲੈਣਾ ਚਾਹੁੰਦੀ ਹੈ, ਪਰ ਇਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਗੱਠਜੋੜ ਕਰਨ ਤੋਂ ਹਿਚਕਚਾ ਰਹੀ ਹੈ।
ਪੰਜਾਬ ਕਾਂਗਰਸ ਲਈ ਸਭ ਤੋਂ ਵੱਡੀ ਚੁਣੌਤੀ ਆਮ ਆਦਮੀ ਪਾਰਟੀ ਹੈ, ਕਿਉਂਕਿ ਇਹੀ ਅਜਿਹੀ ਪਾਰਟੀ ਹੈ ਜੋ ਹੁਕਮਰਾਨ ਅਕਾਲੀ ਦਲ ਦੇ ਰਾਜ ਖਿਲਾਫ ਉਭਰੇ ਸਥਾਪਤੀ ਵਿਰੋਧੀ ਰੁਝਾਨ ਦੀਆਂ ਵੋਟਾਂ ਸਿੱਧੀਆਂ ਕਾਂਗਰਸ ਵੱਲ ਜਾਣ ਤੋਂ ਰੋਕ ਸਕਦੀ ਹੈ। ਆਮ ਆਦਮੀ ਪਾਰਟੀ ਜਿਥੇ ਭ੍ਰਿਸ਼ਟਾਚਾਰ ਨੂੰ ਮੁੱਖ ਮੁੱਦਾ ਬਣਾ ਰਹੀ ਹੈ, ਉਥੇ ਉਹ ਪਰਿਵਾਰਵਾਦ ‘ਤੇ ਵੀ ਤਿੱਖਾ ਹਮਲਾ ਕਰਦੀ ਹੈ। ਇਸੇ ਕਾਰਨ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਐਲਾਨ ਕਰਨਾ ਪਿਆ ਕਿ ਆਪਣੇ ਪਰਿਵਾਰ ਵਿਚੋਂ ਸਿਰਫ ਉਹ ਇਕੱਲੇ ਹੀ ਚੋਣ ਲੜਨਗੇ।
‘ਆਪ’ ਦੇ ਸ੍ਰੀ ਮੁਕਤਸਰ ਸਾਹਿਬ ਮਾਘੀ ਮੇਲੇ ਵਿਚ ਭਰਵੇਂ ਇਕੱਠ ਨੇ ਵੀ ਕਾਂਗਰਸ ਤੇ ਸ਼੍ਰ੍ਰੋਮਣੀ ਅਕਾਲੀ ਦਲ ਦੀ ਨੀਂਦ ਜ਼ਰੂਰ ਉਡਾ ਦਿੱਤੀ ਹੈ। ਮੁੱਖ ਸਿਆਸੀ ਪਾਰਟੀਆਂ- ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਮਾਘੀ ਦੇ ਪੁਰਬ ਉਤੇ ਇਕ ਦੂਜੇ ਤੋਂ ਵੱਧ ਇਕੱਠ ਕਰਨ ਦੇ ਦਾਅਵੇ ਤੇ ਯਤਨ ਕੀਤੇ ਸਨ, ਪਰ ਇਸ ਪੱਖੋਂ ‘ਆਪ’ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਨੂੰ ਨਮੋਸ਼ੀ ਦਾ ਹੀ ਸਾਹਮਣਾ ਕਰਨਾ ਪਿਆ। ਇਹੀ ਕਾਰਨ ਹੈ ਕਿ ਇਨ੍ਹਾਂ ਦੋਵਾਂ ਰਵਾਇਤੀ ਪਾਰਟੀਆਂ ਦੇ ਨੇਤਾਵਾਂ ਵੱਲੋਂ ਵੱਧ ਜ਼ੋਰ ‘ਆਪ’ ਨੂੰ ਭੰਡਣ ‘ਤੇ ਲਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਪਿਛਲੇ ਨੌਂ ਸਾਲਾਂ ਤੋਂ ਸੱਤਾ ‘ਤੇ ਕਾਬਜ਼ ਹੈ, ਪਰ ਇਸ ਬਾਰੇ ਇਹ ਪ੍ਰਭਾਵ ਆਮ ਹੈ ਕਿ ਇਹ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਵਿਚ ਅਸਫਲ ਰਿਹਾ ਹੈ।
ਗਿਣਤੀ ਦੇ ਸਾਲ ਪਹਿਲਾਂ ਹੋਂਦ ਵਿਚ ਆਈ ਆਮ ਆਦਮੀ ਪਾਰਟੀ ਦਾ ਭਾਵੇਂ ਹਾਲੇ ਨਾ ਕੋਈ ਠੋਸ ਜਥੇਬੰਦਕ ਢਾਂਚਾ ਹੈ ਅਤੇ ਨਾ ਹੀ ਉਸ ਕੋਲ ਲੋੜੀਂਦੇ ਚਰਚਿਤ ਚਿਹਰੇ ਤੇ ਨੇਤਾ ਹਨ, ਫਿਰ ਵੀ ਉਹ ਲੋਕਾਂ ਦੀ ਦਿਲਚਸਪੀ ਦਾ ਕੇਂਦਰ ਬਣ ਚੁੱਕੀ ਹੈ। ਜ਼ਾਹਿਰ ਹੈ ਕਿ ਰਵਾਇਤੀ ਸਿਆਸੀ ਪਾਰਟੀਆਂ ਹੁਣ ਆਪਣੀ ਖਿੱਚ ਗੁਆ ਬੈਠੀਆਂ ਹਨ। ਮਾਘੀ ਮੇਲੇ ਦੀ ਕਾਨਫਰੰਸ ਵਿਚ ਅਰਵਿੰਦ ਕੇਜਰੀਵਾਲ ਵੱਲੋਂ ਨਸ਼ਿਆਂ ਦੇ ਵਪਾਰੀਆਂ ਤੇ ਪੰਜਾਬ ਦੇ ਦੁਸ਼ਮਣਾਂ ਨੂੰ ਸਬਕ ਸਿਖਾਉਣ ਦੇ ਨਾਲ-ਨਾਲ ਚੰਗਾ ਪ੍ਰਬੰਧ ਦੇਣ ਦੇ ਐਲਾਨ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਹਨ।