ਮਾਘੀ ਮੇਲਾ: ‘ਆਪ’ ਦੀ ਕਾਨਫਰੰਸ ਨੇ ਸਿਰਜਿਆ ਨਵਾਂ ਸਿਆਸੀ ਮਾਹੌਲ

ਸ੍ਰੀ ਮੁਕਤਸਰ ਸਾਹਿਬ: ਮੁਕਤਸਰ ਵਿਖੇ ਮਾਘੀ ਦੇ ਮੇਲੇ ਉਤੇ ਸਿਆਸੀ ਕਾਨਫਰੰਸਾਂ ਵਿਚ ਆਮ ਆਦਮੀ ਪਾਰਟੀ ਦੀ ਝੰਡੀ ਨਾਲ ਪੰਜਾਬ ਦਾ ਸਿਆਸੀ ਮਾਹੌਲ ਗਰਮਾ ਗਿਆ ਹੈ। ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਇਕੱਠ ਪੱਖੋਂ ਮਾਯੂਸੀ ਦਾ ਸਾਹਮਣਾ ਹੀ ਕਰਨ ਪਿਆ। ‘ਆਪ’ ਦੀ ਰੈਲੀ ਵਿਚ ਨੌਜਵਾਨਾਂ ਦਾ ਉਤਸ਼ਾਹ ਅਤੇ ਗਿਣਤੀ, ਵਿਰੋਧੀਆਂ ਲਈ ਸਿਰਦਰਦੀ ਪੈਦਾ ਕਰਨ ਵਾਲੀ ਹੈ।

ਥੋੜ੍ਹੇ ਸਮੇਂ ਤੋਂ ਵਜੂਦ ਵਿਚ ਆਈ ਆਮ ਆਦਮੀ ਪਾਰਟੀ ਦਾ ਸੂਬੇ ਵਿਚ ਅਜਿਹਾ ਉਭਾਰ ਜਿਥੇ ਆਮ ਲੋਕਾਂ ਵੱਲੋਂ ਬੜੀ ਦਿਲਚਸਪੀ ਨਾਲ ਦੇਖਿਆ ਜਾ ਰਿਹਾ ਹੈ, ਉਥੇ ਪੈਦਾ ਹੋਈ ਇਸ ਸਥਿਤੀ ਨੇ ਰਵਾਇਤੀ ਪਾਰਟੀਆਂ ਨੂੰ ਫਿਕਰਮੰਦ ਕਰ ਦਿੱਤਾ ਹੈ।
ਮਾਘੀ ਮੇਲੇ ‘ਤੇ ਕਾਨਫਰੰਸ ਨਾਲ ਇਸ ਦਾ ਕੱਦ-ਬੁੱਤ ਹੋਰ ਵਧਿਆ ਹੈ। ਪਿਛਲੇ ਸਮੇਂ ਵਿਚ ਇਸ ਦੇ ਉਭਾਰ ਨੂੰ ਦੇਖਦਿਆਂ ਹੀ ਅਕਾਲੀ ਦਲ ਤੇ ਕਾਂਗਰਸ ਦੇ ਵੱਡੇ ਆਗੂਆਂ ਨੇ ਇਸ ਦਾ ਨੋਟਿਸ ਲੈਣਾ ਸ਼ੁਰੂ ਕੀਤਾ ਹੈ। ਇਸੇ ਲਈ ਹੀ ਉਨ੍ਹਾਂ ਨੇ ਮਾਘੀ ਦੀਆਂ ਆਪੋ-ਆਪਣੀਆਂ ਕਾਨਫਰੰਸਾਂ ਵਿਚ ਇਸ ਪਾਰਟੀ ਦੇ ਆਗੂਆਂ ਦੀ ਇਕ ਤਰ੍ਹਾਂ ਨਾਲ ਵੱਡੀ ਆਲੋਚਨਾ ਵੀ ਕੀਤੀ। ਇਸ ਨੂੰ ਦੇਖਦਿਆਂ ਆਉਣ ਵਾਲੇ ਸਮੇਂ ਵਿਚ ਸਿਆਸੀ ਮੈਦਾਨ ਦੇ ਵਧੇਰੇ ਭਖਣ ਦੀ ਸੰਭਾਵਨਾ ਬਣੀ ਨਜ਼ਰ ਆਉਂਦੀ ਹੈ। ਪਿਛਲੇ ਨੌਂ ਸਾਲ ਤੋਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ-ਭਾਜਪਾ ਗਠਜੋੜ ਸਰਕਾਰ ਸੂਬੇ ਦੀ ਸੱਤਾ ‘ਤੇ ਹੈ।
ਸਰਕਾਰ ਆਪਣੀਆਂ ਪ੍ਰਾਪਤੀਆਂ ਜ਼ਰੂਰ ਗਿਣਾਉਂਦੀ ਹੈ, ਪਰ ਇਸ ਲੰਬੇ ਸਮੇਂ ਵਿਚ ਕਈ ਪੱਖਾਂ ਤੋਂ ਉਸ ਦੀ ਗੈਰ-ਤਸੱਲੀਬਖਸ਼ ਸਮਝੀ ਜਾਂਦੀ ਕਾਰਗੁਜ਼ਾਰੀ ਦੀ ਆਲੋਚਨਾ ਵੀ ਹੁੰਦੀ ਰਹੀ ਹੈ, ਜਿਸ ਦੀ ਸੁਰ ਹੁਣ ਵਧੇਰੇ ਉੱਚੀ ਹੋਈ ਦਿਖਾਈ ਦਿੰਦੀ ਹੈ। ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿਚ ਕਾਂਗਰਸ ਇਕ ਤਰ੍ਹਾਂ ਨਾਲ ਲੜਖੜਾਉਂਦੀ ਨਜ਼ਰ ਆਉਂਦੀ ਰਹੀ ਹੈ। ਇਸ ਦਾ ਵੱਡਾ ਕਾਰਨ ਇਸ ਪਾਰਟੀ ਦੇ ਸਥਾਨਕ ਆਗੂਆਂ ਦੀ ਆਪਸੀ ਖਹਿਬਾਜ਼ੀ ਹੈ। ਇਸ ਦੇ ਨਾਲ-ਨਾਲ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਵੀ ਆਪਣੀਆਂ ਸੋਚਾਂ ਤੇ ਨੀਤੀਆਂ ਕਾਰਨ ਸੂਬੇ ਦੀ ਪਾਰਟੀ ਵਿਚ ਲੰਬੇ ਸਮੇਂ ਤੱਕ ਅਨਿਸ਼ਚਿਤਤਾ ਬਣਾਈ ਰੱਖੀ ਸੀ।
ਹੁਣ ਇਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਦੇ ਪਾਰਟੀ ਪ੍ਰਧਾਨ ਬਣਨ ਤੋਂ ਬਾਅਦ ਸੂਬੇ ਦੇ ਆਗੂਆਂ ਨੇ ਆਪਸੀ ਏਕਤਾ ਦਾ ਪ੍ਰਭਾਵ ਦੇਣ ਦਾ ਯਤਨ ਕੀਤਾ ਹੈ। ਜੇਕਰ ਉਹ ਇਸ ਯਤਨ ਵਿਚ ਸਫਲ ਹੋ ਜਾਂਦੇ ਹਨ ਤਾਂ ਇਹ ਪਾਰਟੀ ਸਥਿਰ ਹੋ ਕੇ ਚੋਣ ਮੈਦਾਨ ਵਿਚ ਉਤਰਨ ਦੇ ਸਮਰਥ ਹੋ ਸਕੇਗੀ। ਆਮ ਆਦਮੀ ਪਾਰਟੀ ਨੇ ਸੂਬੇ ਵਿਚ ਕੁਝ ਸਮੇਂ ਤੋਂ ਹੀ ਪੈਰ ਪਸਾਰਨੇ ਸ਼ੁਰੂ ਕੀਤੇ ਹਨ। ਆਉਂਦੇ ਸਮੇਂ ਵਿਚ ਇਹ ਕਿਸ ਤਰ੍ਹਾਂ ਆਪਣੇ-ਆਪ ਨੂੰ ਸੰਗਠਿਤ ਕਰ ਸਕੇਗੀ, ਇਹ ਵੇਖਣ ਵਾਲੀ ਗੱਲ ਹੋਵੇਗੀ, ਕਿਉਂਕਿ ਇਸ ਦੇ ਉਭਾਰ ਤੋਂ ਕੁਝ ਸਮੇਂ ਬਾਅਦ ਹੀ ਇਸ ਦੇ ਆਗੂਆਂ ਵਿਚ ਪਿਆ ਬਖੇੜਾ ਵੱਡਾ ਨਿਰਾਸ਼ ਕਰਨ ਵਾਲਾ ਰਿਹਾ ਹੈ। ਅਜੇ ਵੀ ਇਸ ਦੇ ਕਈ ਆਗੂ ਪੰਜਾਬ ਵਿਚ ਇਕ ਦੂਜੇ ਦੇ ਸਾਹਮਣੇ ਤਲਵਾਰਾਂ ਸੂਤ ਕੇ ਖੜ੍ਹੇ ਦਿਖਾਈ ਦਿੰਦੇ ਹਨ।
_______________________________________
ਜਗਮੀਤ ਬਰਾੜ ਨੇ ਗਾਏ ‘ਆਪ’ ਦੇ ਸੋਹਲੇ
ਚੰਡੀਗੜ੍ਹ: ਕਾਂਗਰਸ ਦੇ ਸੀਨੀਅਰ ਲੀਡਰ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਮੈਂਬਰ ਜਗਮੀਤ ਸਿੰਘ ਬਰਾੜ ਨੇ ਮਾਘੀ ਮੇਲੇ ਵਿਚ ਰਿਕਾਰਡ ਇਕੱਠ ਲਈ ਆਮ ਆਦਮੀ ਪਾਰਟੀ ਦੀ ਸ਼ਲਾਘਾ ਕੀਤੀ ਹੈ। ਟਵੀਟ ਕਰ ਕੇ ਜਗਮੀਤ ਬਰਾੜ ਨੇ ਮੁਕਤਸਰ ਵਿਚ ਮਾਘੀ ਮੇਲੇ ਉਤੇ ਪਾਰਟੀ ਦੀ ਸਿਆਸੀ ਕਾਨਫਰੰਸ ਵਿਚ ਲੋਕਾਂ ਦੇ ਹਜੂਮ ‘ਤੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਬਰਾੜ ਨੇ ਟਵੀਟਰ ‘ਤੇ ਲਿਖਿਆ ਕਿ”‘ਆਪ’ ਦੀ ਕਾਨਫਰੰਸ ਰਿਕਾਰਡ ਤੋੜ ਸੀ। ਅਜਿਹਾ ਮੁਕਤਸਰ ਵਿਚ ਕਦੇ ਨਹੀਂ ਹੋਇਆ ਕਿ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਨੇ ਪੰਜਾਬ ਜਾਂ ਭਾਰਤ ਵਿਚੋਂ ਕਿਸੇ ਲੀਡਰ ਨੂੰ ਸੁਣਿਆ ਹੋਵੇ।
_____________________________________
ਅਕਾਲੀ ਦਲ ਨੇ ਮੰਗਿਆ ‘ਸੇਵਾ’ ਲਈ ਤੀਜਾ ਮੌਕਾ
ਸ੍ਰੀ ਮੁਕਤਸਰ ਸਾਹਿਬ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਰਵਿੰਦ ਕੇਜਰੀਵਾਲ ਤੇ ਠੰਢੀ ਸੁਰ ਵਿਚ ਨਿਸ਼ਾਨੇ ਲਾਏ ਜਦਕਿ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਤਿੱਖੇ ਸ਼ਬਦਾਂ ਨਾਲ ਹਮਲਾ ਕੀਤਾ। ਸ਼੍ਰੋਮਣੀ ਅਕਾਲੀ ਦਲ ਨੇ ‘ਆਪ’ ਨੂੰ ਸ਼ਹਿਰੀ ਪਾਰਟੀ ਵਜੋਂ ਪੇਸ਼ ਕਰ ਕੇ ਨਵਾਂ ਪੱਤਾ ਖੇਡਿਆ। ਮੁੱਖ ਮੰਤਰੀ ਨੇ ਆਪਣੇ ਆਪ ਨੂੰ ਜਵਾਨ ਦੱਸਦੇ ਹੋਏ ਪੰਜਾਬ ਦੇ ਲੋਕਾਂ ਤੋਂ ਤੀਸਰਾ ਮੌਕਾ ਮੰਗਿਆ ਤੇ ਵਾਅਦਾ ਕੀਤਾ ਕਿ ਉਹ ਅਗਲੀ ਪਾਰੀ ਵਿਚ ਰਾਜ ਦਾ ਇਨਕਲਾਬੀ ਵਿਕਾਸ ਕਰਨਗੇ। ਸਿਆਸੀ ਕਾਨਫਰੰਸ ਵਿਚ ਲੋਕ ਮਸਲਿਆਂ ਦੀ ਚਰਚਾ ਕਾਫੀ ਘੱਟ ਹੋਈ।
_____________________________________
ਸਿਆਸੀ ਧਿਰਾਂ ਵੱਲੋਂ ਪੰਜਾਬੀਆਂ ਨਾਲ ਵਾਅਦਿਆਂ ਦੀ ਝੜੀ
ਸੁਖਬੀਰ ਨੇ ਪਾਇਆ ਲੋਕਾਂ ਨੂੰ ‘ਵਿਕਾਸ’ ਦਾ ਵਾਸਤਾ
ਸ੍ਰੀ ਮੁਕਤਸਰ ਸਾਹਿਬ: ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ 2017 ਵਿਚ ਦੁਬਾਰਾ ਅਕਾਲੀ-ਭਾਜਪਾ ਸਰਕਾਰ ਬਣਨ ‘ਤੇ ਪੰਜਾਬ ਦੇ ਸਾਰੇ ਪਿੰਡਾਂ ਦੀਆਂ ਗਲੀਆਂ ਸੀਮੈਂਟ ਦੀਆਂ ਬਣਾ ਦਿੱਤੀਆਂ ਜਾਣਗੀਆਂ। ਪੰਜਾਬ ਵਿਚ ਇਸ ਸਮੇਂ ਵਿਕਾਸ ਦੀ ਹਨੇਰੀ ਚੱਲ ਰਹੀ ਹੈ ਤੇ ਰਾਜ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ, ਕਿਸਾਨਾਂ ਤੇ ਵਪਾਰੀਆਂ ਲਈ ਵਿਕਾਸ ਪੱਖੀ ਸਕੀਮਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਹਰੇਕ ਹਲਕੇ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ 30-40 ਕਰੋੜ ਜਾਰੀ ਕੀਤੇ ਜਾਣਗੇ। ਇਸ ਸਮੇਂ ਸੂਬੇ ਵਿਚ 4-6 ਮਾਰਗੀ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ ਤੇ 20000 ਕਰੋੜ ਦੀ ਲਾਗਤ ਨਾਲ ਸੂਬੇ ਦੀਆਂ ਸੜਕਾਂ ਦੀ ਕਾਇਆ-ਕਲਪ ਕਰ ਦਿੱਤੀ ਜਾਵੇਗੀ।
____________________________________
ਮਾਨ ਨੇ ਅਕਾਲੀ-ਭਾਜਪਾ ਸਰਕਾਰ ਨੂੰ ਘੇਰਿਆ
ਸ੍ਰੀ ਮੁਕਤਸਰ ਸਾਹਿਬ: ਮਾਘੀ ਮੇਲੇ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਕਾਨਫਰੰਸ ਕੀਤੀ ਗਈ। ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਜ਼ਾ ਭੁਗਤ ਚੁੱਕੇ ਕੈਦੀਆਂ ਦੀ ਰਿਹਾਈ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਗੰਭੀਰ ਨਹੀਂ ਹਨ ਅਤੇ ਭਾਜਪਾ, ਆਰæਐਸ਼ਐਸ ਦਾ ਸਿੱਖ ਮੁੱਦਿਆਂ ਵਿਚ ਦਖਲ ਜਾਰੀ ਹੈ। ਉਨ੍ਹਾਂ ਪੰਜਾਬ ਨੂੰ ਕੰਗਾਲ ਕਰਨ ਲਈ ਅਕਾਲੀ-ਭਾਜਪਾ ਸਰਕਾਰ ਨੂੰ ਦੋਸ਼ੀ ਦੱਸਿਆ। ਸ਼ ਮਾਨ ਨੇ ਕਿਹਾ ਕਿ ਬਾਦਲ ਸਰਕਾਰ ਦੇ ਅੱਤਿਆਚਾਰ ਤੋਂ ਬਚਾਉਣ, ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ, ਕਿਸਾਨਾਂ ਦੀਆਂ ਆਤਮ ਹੱਤਿਆਵਾਂ ਦੀਆਂ ਘਟਨਾਵਾਂ ਨੂੰ ਰੋਕਣ ਤਹਿਤ 25 ਤੇ 26 ਜਨਵਰੀ ਨੂੰ ਤਰਨਤਾਰਨ ਤੋਂ ਖਡੂਰ ਸਾਹਿਬ ਤੱਕ ਮਾਰਚ ਕੀਤਾ ਜਾਵੇਗਾ।
____________________________________
‘ਆਪ’ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਅਹਿਦ
ਸ੍ਰੀ ਮੁਕਤਸਰ ਸਾਹਿਬ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਾਘੀ ਮੇਲੇ ਮੌਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਾਦਲ ਸਰਕਾਰ ਨੂੰ ਚੱਲਦਾ ਕਰਕੇ ‘ਆਪ’ ਦੀ ਸਰਕਾਰ ਬਣਾਉਣ। ਕੇਜਰੀਵਾਲ ਨੇ ਬੜੇ ਭਾਵੁਕ ਹੋ ਕੇ ਕਿਹਾ ਕਿ ਮਿਹਨਤੀ ਸੁਭਾਅ ਵਾਲੇ ਪੰਜਾਬ ਦੇ ਲੋਕਾਂ ਨੂੰ ਮੌਜੂਦਾ ਸਰਕਾਰ ਨੇ ਖੁਦਕੁਸ਼ੀਆਂ ਦੇ ਰਾਹ ਤੋਰ ਦਿੱਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਅਗਲੇ ਵਰ੍ਹੇ ਪੰਜਾਬ ਵਿਚ ‘ਆਪ’ ਦੀ ਸਰਕਾਰ ਬਣਨ ‘ਤੇ ਅਕਾਲੀ-ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਦੀ ਜਾਂਚ ਲਈ ਕਮਿਸ਼ਨ ਬਿਠਾਇਆ ਜਾਵੇਗਾ ਤੇ ਦੋਸ਼ੀ ਲੋਕਾਂ ਨੂੰ ਜੇਲ੍ਹ ਦਾ ਰਾਹ ਵਿਖਾਇਆ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ‘ਤੇ ਨਸ਼ਾ ਤਸਕਰਾਂ ਤੇ ਉਨ੍ਹਾਂ ਨੂੰ ਸਰਪ੍ਰਸਤੀ ਦੇਣ ਵਾਲੇ ਆਗੂਆਂ ਨੂੰ ਵੀ ਜੇਲ੍ਹ ਭੇਜਿਆ ਜਾਵੇਗਾ।