ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਲੋਕਾਂ ਨੂੰ ਕਾਨਫਰੰਸ ਵਿਚ ਲੋਕਾਂ ਨੂੰ ਢੋਣ ਲਈ ਬੱਸ ਤੇ ਹੋਰ ਵਾਹਨਾਂ ਦਾ ਪ੍ਰਬੰਧ ਕੀਤਾ ਸੀ ਪਰ ਅਕਾਲੀ ਵਾਹਨਾਂ ਵਿਚ ਆਏ ਬਹੁਤੇ ਲੋਕਾਂ ਨੇ ਰੈਲੀ ਨੇੜਲੀ ਪਾਰਕਿੰਗ ਵਿਚ ਉਤਰਨ ਮਗਰੋਂ ਕੇਜਰੀਵਾਲ ਦੀ ਕਾਨਫਰੰਸ ਵੱਲ ਚਾਲੇ ਪਾ ਦਿੱਤੇ। ਜਦੋਂ ਸੁਖਬੀਰ ਬਾਦਲ ਤਕਰੀਬਨ ਇਕ ਵਜੇ ਸਟੇਜ ‘ਤੇ ਆਏ ਤਾਂ ਉਦੋਂ ਪੰਡਾਲ ਦਾ ਇਕ ਹਿੱਸਾ ਖਾਲੀ ਪਿਆ ਸੀ।
ਸੁਖਬੀਰ ਬਾਦਲ ਦੋ ਦਫਾ ਸਟੇਜ ਤੋਂ ਇਸੇ ਪਰੇਸ਼ਾਨੀ ਕਾਰਨ ਉਤਰ ਕੇ ਗਏ ਅਤੇ ਪ੍ਰਬੰਧ ਕਰਨ ਵਾਲੇ ਆਗੂਆਂ ਨੂੰ ਹਦਾਇਤਾਂ ਕਰਦੇ ਰਹੇ। ਬਾਕੀ ਪ੍ਰਮੁੱਖ ਸਿਆਸੀ ਧਿਰਾਂ ਦੇ ਮੁਕਾਬਲੇ ਬਾਦਲ ਪਰਿਵਾਰ ਆਪਣੇ ਹੀ ਜ਼ਿਲ੍ਹੇ ਵਿਚ ਵੱਡਾ ਇਕੱਠ ਕਰਨ ਵਿਚ ਫਾਡੀ ਰਹਿ ਗਿਆ। ਕਾਨਫਰੰਸ ਦੇ ਪੰਡਾਲ ਦਾ ਇਕ ਪਾਸੇ ਦਾ ਖਾਲੀ ਪਿਆ ਹਿੱਸਾ ਅਕਾਲੀ ਲੀਡਰਸ਼ਿਪ ਨੂੰ ਅਖੀਰ ਤੱਕ ਰੜਕਦਾ ਰਿਹਾ। ਸ਼੍ਰੋਮਣੀ ਅਕਾਲੀ ਦਲ ਨੇ ਤਕਰੀਬਨ 15 ਏਕੜ ਵਿਚ ਪਿੰਡ ਰੁਪਾਣਾ ਨੇੜੇ ਪੰਡਾਲ ਸਜਾਇਆ ਸੀ, ਜਿਸ ਦੇ ਛੇ ਸੈਕਟਰ ਬਣਾਏ ਗਏ ਸਨ। ਪੰਡਾਲ ਦੇ ਇਕ ਪਾਸੇ ਦੇ ਸੈਕਟਰ ਖਾਲੀ ਹੀ ਰਹਿ ਗਏ। ਪੂਰੀ ਕਾਨਫਰੰਸ ਦੌਰਾਨ ਅਕਾਲੀ ਲੀਡਰਸ਼ਿਪ ਨੂੰ ਵਾਰ-ਵਾਰ ਸਟੇਜ ਤੋਂ ਖਾਲੀ ਪੰਡਾਲ ਬਾਰੇ ਸਫਾਈ ਦੇਣੀ ਪਈ। ਪਹਿਲੀ ਵਾਰ ਹੈ ਕਿ ਅਕਾਲੀ ਮੈਨੇਜਮੈਂਟ ਆਪਣੇ ਘਰ ਵਿਚ ਹੀ ਅਸਫਲ ਹੋਈ ਹੈ।
____________________________________________
ਖਰਚੇ ਪੱਖੋਂ ਸਿਆਣੀ ਨਿਕਲੀ ‘ਆਪ’
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਵੱਲੋਂ ਮਾਘੀ ਮੇਲੇ ਮੌਕੇ ਮੁਫਤੋ-ਮੁਫਤੀ ਸ਼੍ਰੋਮਣੀ ਅਕਾਲੀ ਦਲ ਤੋਂ ਸੱਤ ਗੁਣਾਂ ਵੱਡੀ ਰੈਲੀ ਕਰਨ ਦਾ ਦਾਅਵਾ ਕੀਤਾ ਹੈ। ਪਾਰਟੀ ਦਾ ਦਾਅਵਾ ਹੈ ਕਿ ਬਿਨਾਂ ਕੋਈ ਪੈਸਾ ਖਰਚਿਆਂ ਨਵੀਂ ਤਕਨੀਕ ਰਾਹੀਂ ਪ੍ਰਚਾਰ-ਪ੍ਰਸਾਰ ਕੀਤਾ ਗਿਆ, ਉਥੇ ਆਮ ਆਦਮੀ ਨੂੰ ਆਪਣੇ ਸਾਧਨ ਅਤੇ ਲੰਗਰ ਸਮੇਤ ਰੈਲੀ ਵਿਚ ਪੁੱਜਣ ਲਈ ਕਿਹਾ ਗਿਆ ਸੀ। ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਧੇ ਕੁ ਮਿੰਟ ਦੀ ਪੰਜਾਬੀ ਵਿਚ ਆਡੀਓ ਰਾਹੀਂ ਲੋਕਾਂ ਨੂੰ ਆਪਣੇ ਨਾਲ ਰਿਓੜੀਆਂ ਲੈ ਕੇ ਆਉਣ ਦਾ ਦਿੱਤਾ ਸੱਦਾ ਗਿਆ ਸੀ। ਰੈਲੀ ਦੇ ਮੁੱਖ ਪ੍ਰਬੰਧਕ ਤੇ ਪੰਜਾਬ ਇਕਾਈ ਨੂੰ ਜਥੇਬੰਦ ਕਰਨ ਦੀ ਭੂਮਿਕਾ ਨਿਭਾ ਰਹੇ ਦੁਰਗੇਸ਼ ਪਾਠਕ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੁਫਤੋ-ਮੁਫਤੀ ਸ਼੍ਰੋਮਣੀ ਅਕਾਲੀ ਦਲ ਤੋਂ ਸੱਤ ਗੁਣਾ ਵੱਡੀ ਰੈਲੀ ਕੀਤੀ ਹੈ।
_________________________________________
ਸੱਤ ਕਰੋੜ ਵਿਚ ਪਈਆਂ ਸਿਆਸੀ ਕਾਨਫਰੰਸਾਂ
ਸ੍ਰੀ ਮੁਕਤਸਰ ਸਾਹਿਬ: ਮਾਘੀ ਮੇਲੇ ‘ਤੇ ਹੋਈਆਂ ਤਿੰਨ ਪ੍ਰਮੁੱਖ ਸਿਆਸੀ ਕਾਨਫਰੰਸਾਂ ਤਕਰੀਬਨ ਸੱਤ ਕਰੋੜ ਵਿਚ ਪਈਆਂ ਹਨ ਤੇ ਸਰਕਾਰੀ ਖਜ਼ਾਨੇ ਨੂੰ 35 ਲੱਖ ਦਾ ਚੂਨਾ ਲੱਗਿਆ ਹੈ। ਤਿੰਨ ਪ੍ਰਮੁੱਖ ਸਿਆਸੀ ਧਿਰਾਂ ਵੱਲੋਂ ਕਾਨਫਰੰਸਾਂ ਵਿਚ ਵੱਡੀ ਗਿਣਤੀ ਲੋਕਾਂ ਨੂੰ ਲਿਆਉਣ ਲਈ ਅੱਠ ਹਜ਼ਾਰ ਛੋਟੀਆਂ-ਵੱਡੀਆਂ ਬੱਸਾਂ ਲਈਆਂ ਗਈਆਂ ਸਨ, ਜਿਨ੍ਹਾਂ ਦਾ ਤਕਰੀਬਨ ਚਾਰ ਕਰੋੜ ਰੁਪਏ ਕਿਰਾਇਆ ਤਾਰਿਆ ਗਿਆ ਹੈ। ਕਾਨਫੰਰਸਾਂ ਵਿਚ ਤਕਰੀਬਨ ਸੱਤ ਹਜ਼ਾਰ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਮੁਲਾਜ਼ਮ ਅਤੇ ਅਫਸਰ ਤਾਇਨਾਤ ਸਨ, ਜਿਨ੍ਹਾਂ ਦੀ ਇਕ ਦਿਨ ਦੀ ਤਨਖਾਹ ਇਕ ਕਰੋੜ ਦੇ ਕਰੀਬ ਬਣਦੀ ਹੈ। ਰੈਲੀਆਂ ਦੇ ਟੈਂਟ ਅਤੇ ਸਾਊਂਡ ‘ਤੇ ਵੀ ਵੱਡਾ ਖਰਚਾ ਹੋਇਆ ਹੈ। ਸਿਆਸੀ ਧਿਰਾਂ ਵੱਲੋਂ ਬੱਸਾਂ ਲਈ ਪੰਜ ਤੋਂ ਅੱਠ ਹਜ਼ਾਰ ਰੁਪਏ ਤੱਕ ਦਾ ਕਿਰਾਇਆ ਦਿੱਤਾ ਗਿਆ। ਪੁਲਿਸ ਦੀਆਂ ਗੱਡੀਆਂ ਦਾ ਤੇਲ ਖਰਚ ਵੱਖਰਾ ਹੈ। ਸੱਤ ਹਜ਼ਾਰ ਪ੍ਰਾਈਵੇਟ ਬੱਸਾਂ ਨੇ ਸਰਕਾਰੀ ਖਜ਼ਾਨੇ ਨੂੰ ਵੀ ਰਗੜਾ ਲਾਇਆ ਹੈ। ਕਿਸੇ ਵੀ ਵਾਹਨ ਵੱਲੋਂ ਸਪੈਸ਼ਲ ਪਰਮਿਟ ਨਹੀਂ ਲਿਆ ਗਿਆ ਸੀ। ਸਪੈਸ਼ਲ ਪਰਮਿਟ ਦੀ ਪ੍ਰਤੀ ਦਿਨ ਫੀਸ 300 ਰੁਪਏ ਹੈ ਅਤੇ 2æ73 ਰੁਪਏ ਪ੍ਰਤੀ ਕਿਲੋਮੀਟਰ ਵੱਖਰੀ ਫੀਸ ਭਰਨੀ ਪੈਂਦੀ ਹੈ। ਤਕਰੀਬਨ 35 ਲੱਖ ਰੁਪਏ ਦੀ ਫੀਸ ਦੀ ਚੋਰੀ ਇਨ੍ਹਾਂ ਵਾਹਨਾਂ ਨਾਲ ਹੋਈ ਹੈ।
______________________________________________
ਕੈਪਟਨ ਵੱਲੋਂ ਪੰਜਾਬ ਦੇ ਮਸਲਿਆਂ ‘ਤੇ ਕੇਜਰੀਵਾਲ ਨੂੰ ਸਵਾਲ
ਸ੍ਰੀ ਮੁਕਤਸਰ ਸਾਹਿਬ: ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਾਨਫਰੰਸ ਵਿਚ ਸਵਾਲ ਕੀਤਾ ਕਿ ਅਰਵਿੰਦ ਕੇਜਰੀਵਾਲ ਸਪਸ਼ਟ ਕਰਨ ਕਿ ਉਹ ਦਿੱਲੀ, ਹਰਿਆਣਾ ਤੇ ਪੰਜਾਬ ਵਿਚੋਂ ਕਿਹੜੇ ਸੂਬੇ ਦੇ ਮੁੱਦਿਆਂ ਨੂੰ ਪਹਿਲ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਦਰਿਆਵਾਂ ਦੇ ਪਾਣੀ, ਅਬੋਹਰ-ਫਾਜ਼ਿਲਕਾ ਅਤੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਹਰਿਆਣਾ ਤੇ ਦਿੱਲੀ ਨਾਲ ਸਿੱਧਾ ਟਕਰਾਅ ਹੈ ਅਤੇ ਕਈ ਕੇਸ ਸੁਪਰੀਮ ਕੋਰਟ ਵਿਚ ਹਨ। ਉਨ੍ਹਾਂ ਕਿਹਾ ਪੰਜਾਬ ਵਿਚ ਕੰਮ ਕਰ ਰਹੇ ‘ਆਪ’ ਆਗੂ ਸੰਜੇ ਸਿੰਘ, ਦੁਰਗੇਸ਼ ਪਾਠਕ ਆਦਿ ਸਾਰੇ ਗੈਰ ਪੰਜਾਬੀ ਹਨ। ਇਨ੍ਹਾਂ ਆਗੂਆਂ ਨੂੰ ਪੰਜਾਬੀ ਸਭਿਆਚਾਰ, ਲੋੜਾਂ, ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ ਬਾਰੇ ਕੁਝ ਵੀ ਪਤਾ ਨਹੀਂ ਹੈ। ਇਸ ਲਈ ‘ਆਪ’ ਤੋਂ ਪੰਜਾਬ ਦੇ ਭਲੇ ਦੀ ਕੋਈ ਆਸ ਨਹੀਂ ਕੀਤੀ ਜਾ ਸਕਦੀ।