ਵਾਸ਼ਿੰਗਟਨ: ਨਵੇਂ ਸਿਰਿਓਂ ਆਪਣਾ ਦੋ ਸਾਲ ਦਾ ਕਾਰਜਕਾਲ ਆਰੰਭ ਕਰਨ ਵਾਲੀ ਅਮਰੀਕੀ ਕਾਂਗਰਸ ਇਸ ਵਾਰ ਧਰਮ ਪੱਖੋਂ ਜ਼ਿਆਦਾ ਮੋਕਲੀ ਹੈ। ਐਤਕੀਂ ਇਸ ਵਿਚ ਦੇਸ਼ ਦਾ ਪਹਿਲਾ ਬੋਧੀ ਸੈਨੇਟਰ ਤੇ ਪਹਿਲਾ ਹਿੰਦੂ ਮੈਂਬਰ ਵੀ ਸ਼ਾਮਲ ਹੈ। ਪਿਊ ਰਿਸਰਚ ਵੱਲੋਂ ਕੀਤੇ ਸਰਵੇਖਣ ਵਿਚ ਇਹ ਖੁਲਾਸਾ ਹੋਇਆ ਹੈ। ਨਵੀਂ 113ਵੀਂ ਕਾਂਗਰਸ ਵਿਚ ਇਕ ਬੋਧੀ ਸੈਨੇਟਰ ਤੇ ਇਕ ਹਿੰਦੂ ਦੇ ਨਾਲ-ਨਾਲ ਇਕ ਅਜਿਹਾ ਮੈਂਬਰ ਵੀ ਚੈਂਬਰ ਵਿਚ ਆਇਆ ਹੈ ਜਿਸ ਨੇ ਕਿਹਾ ਹੈ ਕਿ ਉਸ ਦਾ ਕੋਈ ਧਰਮ ਨਹੀਂ। ਇਸ ਨਾਲ ਕਾਂਗਰਸ ਧਾਰਮਿਕ ਪੱਖੋਂ ਹੋਰ ਬਹੁਰੰਗੀ ਹੋਈ ਹੈ ਜਿਸ ਤੋਂ ਅਸਲ ਵਿਚ ਸਮੁੱਚੇ ਦੇਸ਼ ਦਾ ਝਲਕਾਰਾ ਮਿਲਦਾ ਹੈ।
ਭਾਵੇਂ ਕਾਂਗਰਸ ਵਿਚ ਅਜੇ ਵੀ ਪ੍ਰੋਟੈਸਟੈਂਟ ਬਹੁਗਿਣਤੀ ਹਨ ਪਰ ਪੰਜਾਹ ਸਾਲ ਪਹਿਲਾਂ ਵਾਲੀ ਹਾਲਤ ਨਾਲੋਂ ਹੁਣ ਇਹ ਕਿਤੇ ਵੱਖਰੀ ਹੈ। 50 ਸਾਲ ਪਹਿਲਾਂ ਅਮਰੀਕੀ ਕਾਂਗਰਸ ਦੇ ਤਿੰਨ ਚੌਥਾਈ ਮੈਂਬਰ ਪ੍ਰੋਟੈਸਟੈਂਟ ਸਨ। 533 ਮੈਂਬਰਾਂ ਵਿਚੋਂ ਕੈਥੋਲਿਕਾਂ ਦੀ ਗਿਣਤੀ (30 ਫੀਸਦੀ ਤੋਂ ਵੱਧ) ਸਭ ਤੋਂ ਜ਼ਿਆਦਾ ਵਧੀ ਹੈ। ਪਿਊ ਰਿਸਰਚ ਅਨੁਸਾਰ ਗਿਣਤੀ ਪੱਖੋਂ ਪ੍ਰੋਟੈਸਟੈਂਟਾਂ ਤੇ ਯਹੂਦੀਆਂ ਨੂੰ ਵੱਡੇ ਪੱਧਰ ‘ਤੇ ਖੋਰਾ ਲੱਗਿਆ ਹੈ। ਯਹੂਦੀਆਂ ਕੋਲ ਹੁਣ 33 ਸੀਟਾਂ (ਛੇ ਫੀਸਦੀ) ਜੋ 112ਵੀਂ ਕਾਂਗਰਸ ਨਾਲੋਂ ਛੇ ਘੱਟ ਹਨ।
ਪ੍ਰੋਟੈਸਟੈਂਟਾਂ ਨੇ ਅੱਠ ਸੀਟਾਂ ਗੁਆਈਆਂ ਹਨ ਹਾਲਾਂਕਿ ਉਨ੍ਹਾਂ ਕੋਲ ਸੀਟਾਂ ਦਾ ਅਨੁਪਾਤ ਉਹੀ ਹੈ। ਪਿਊ ਅਨੁਸਾਰ ਪਿਛਲੇ ਕੁਝ ਸਾਲਾਂ ਤੋਂ ਬੋਧੀ, ਮੁਸਲਿਮ ਤੇ ਹਿੰਦੂ ਵੀ ਅਮਰੀਕਾ ਵਿਚ ਆਪਣੀ ਬਾਲਗ ਆਬਾਦੀ ਦੇ ਅਨੁਸਾਰ ਪ੍ਰਤੀਨਿਧਤਾ ਲੈ ਰਹੇ ਹਨ ਪਰ ਕੁਝ ਛੋਟੇ ਧਾਰਮਿਕ ਸਮੂਹ ਜਿਵੇਂ ਜਿਓਵਾਹ ਆਦਿ ਦੀ ਕਾਂਗਰਸ ਵਿਚ ਕੋਈ ਪ੍ਰਤੀਨਿਧਤਾ ਨਹੀਂ ਹੈ। ਹਵਾਈ ਤੋਂ ਡੈਮੋਕਰੈਟ ਤੁਲਸੀ ਗਾਬਾਰਡ ਪ੍ਰਤੀਨਿਧ ਸਦਨ ਜਾਂ ਸੈਨੇਟ ਵਿਚ ਪਹਿਲੀ ਹਿੰਦੂ ਮੈਂਬਰ ਹੈ।
2006 ਵਿਚ ਹਿਰੋਨੋ ਤੇ ਕਾਂਗਰਸ ਦੇ ਹੈਂਕ ਜੌਹਨਸਨ (ਜਾਰਜੀਆ ਤੋਂ) ਸਦਨ ਲਈ ਚੁਣੇ ਗਏ ਪਹਿਲੇ ਬੋਧੀ ਮੈਂਬਰ ਸਨ। ਚਾਰ ਸਾਲ ਮਗਰੋਂ ਹਵਾਈ ਤੋਂ ਕੋਲੀਨ ਹਾਨਾਬੁਸਾ ਤੀਜੇ ਮੈਂਬਰ ਵਜੋਂ ਸ਼ਾਮਲ ਹੋਈ। ਜੌਹਨਸਨ ਤੇ ਹਾਨਾਬੁਸਾ 113ਵੀਂ ਕਾਂਗਰਸ ਲਈ ਵੀ ਚੁਣੇ ਗਏ ਹਨ। ਸੈਨੇਟ ਵਿਚ ਚੁਣਿਆ ਗਿਆ ਪਹਿਲਾ ਮੁਸਲਿਮ ਲੀਥ ਐਲਿਸਨ ਮਿਨੀਸੋਟਾ ਤੋਂ 2006 ਵਿਚ ਚੁਣਿਆ ਗਿਆ ਸੀ।
ਪਹਿਲਾ ਮੋਰਮੋਨ ਜੌਹਨ ਮਿਲਟਨ ਬਰਨਹਿਜ਼ੇਲ 1851 ਵਿਚ ਉਟਾਹ ਤੋਂ ਚੁਣਿਆ ਗਿਆ ਸੀ। ਕੈਲੀਫੋਰਨੀਆ ਤੋਂ ਡੈਮੋਕਰੈਟ ਦਲੀਪ ਸਿੰਘ ਸੌਂਧ ਹੁਣ ਤਕ ਦਾ ਪਹਿਲਾ ਸਿੱਖ ਮੈਂਬਰ ਹੈ। ਉਹ 1957 ਤੋਂ ਲੈ ਕੇ ਤਿੰਨ ਵਾਰ ਕਾਂਗਰਸ ਮੈਂਬਰ ਬਣਿਆ। 1973 ‘ਚ ਕੈਲੀਫੋਰਨੀਆ ਤੋਂ ਚੁਣੇ ਪੀਟ ਸਟਾਰਕ ਨੇ ਪਹਿਲੀ ਵਾਰ 2007 ਵਿਚ ਕਿਹਾ ਸੀ ਕਿ ਉਹ ਰੱਬ ਵਿਚ ਯਕੀਨ ਨਹੀਂ ਰੱਖਦਾ।
Leave a Reply