ਤਸਕਰਾਂ ਤੇ ਸਿਆਸੀ ਗੱਠਜੋੜ ਬਾਰੇ ਵੱਡੇ ਖੁਲਾਸਿਆਂ ਦੇ ਆਸਾਰ

ਚੰਡੀਗੜ੍ਹ: ਪੰਜਾਬ ਪੁਲਿਸ ਦੇ ਐਸ਼ਪੀæ ਸਲਵਿੰਦਰ ਸਿੰਘ ਤੋਂ ਪਠਾਨਕੋਟ ਅਤਿਵਾਦੀ ਹਮਲੇ ਬਾਰੇ ਕੀਤੀ ਗਈ ਤਫਤੀਸ਼ ਦੌਰਾਨ ਤਸਕਰਾਂ, ਪੁਲਿਸ ਅਤੇ ਸਿਆਸਤਦਾਨਾਂ ਵਿਚਲੇ ਗੱਠਜੋੜ ਦੇ ਬੇਪਰਦ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ। ਸੂਤਰਾਂ ਮੁਤਾਬਕ ਇੰਟੈਲੀਜੈਂਸ ਬਿਊਰੋ (ਆਈæਬੀæ) ਤੇ ਐਨæਆਈæਏæ ਦੇ ਅਫਸਰਾਂ ਨੇ ਸੂਬਾ ਸਰਕਾਰ ਦੇ ਵੱਡੇ ਅਧਿਕਾਰੀਆਂ ਨਾਲ ਕੁਝ ਅਜਿਹੀ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਨਾਲ ਸਰਕਾਰ ਦੀ ਸਿਰਦਰਦੀ ਵਧਣ ਦੇ ਸੰਕੇਤ ਵੀ ਦਿੱਤੇ ਗਏ ਹਨ।

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੌਮਾਂਤਰੀ ਸਰਹੱਦ ‘ਤੇ ਚੌਕਸੀ ਵਰਤਣ ਲਈ ਕੇਂਦਰ ਮੂਹਰੇ ਦੁਹਾਈ ਪਾਉਣ ਨੂੰ ਸਰਕਾਰ ਦੀ ਵਧ ਰਹੀ ਸਿਰਦਰਦੀ ਦੇ ਨਜ਼ਰੀਏ ਤੋਂ ਹੀ ਦੇਖਿਆ ਜਾ ਰਿਹਾ ਹੈ। ਰੋਚਕ ਤੱਥ ਇਹ ਵੀ ਹੈ ਕਿ ਜਦੋਂ ਕਦੇ ਪੰਜਾਬ ਦੇ ਸਿਆਸਤਦਾਨਾਂ ਜਾਂ ਪੁਲਿਸ ਅਫਸਰਾਂ ‘ਤੇ ਸ਼ੱਕ ਦੀ ਉਂਗਲ ਉਠਦੀ ਹੈ ਤਾਂ ਸਰਕਾਰ ਵੱਲੋਂ ਸਰਹੱਦ ‘ਤੇ ਤਾਇਨਾਤ ਬਾਰਡਰ ਸਕਿਉਰਿਟੀ ਫੋਰਸ (ਬੀæਐਸ਼ਐਫ਼) ਉਤੇ ਨਿਸ਼ਾਨਾ ਸੇਧਿਆ ਜਾਂਦਾ ਹੈ। ਇਕ ਸਾਲ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਨੇ ਅੰਮ੍ਰਿਤਸਰ ਜ਼ਿਲ੍ਹੇ ਵਿਚ ‘ਨਸ਼ੇ ਵਿਰੁੱਧ ਜਾਗਰੂਕਤਾ’ ਦੇ ਬਹਾਨੇ ਬੀæਐਸ਼ਐਫ਼ ਨੂੰ ਜਗਾਉਣ ਲਈ ਰੈਲੀ ਕੀਤੀ ਸੀ।
ਪਠਾਨਕੋਟ ਹਮਲੇ ਤੋਂ ਬਾਅਦ ਜਾਂਚ ਦੇ ਪਹਿਲੂਆਂ ਸਬੰਧੀ ਕੇਂਦਰੀ ਏਜੰਸੀਆਂ ਨਾਲ ਰਾਬਤਾ ਕਾਇਮ ਰੱਖਣ ਵਾਲੇ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਸਮੇਂ ਪੰਜਾਬ ਪੁਲਿਸ ਤੇ ਸੂਬਾ ਸਰਕਾਰ ਦੀ ਭਰੋਸੇਯੋਗਤਾ ਵੀ ਦਾਅ ‘ਤੇ ਲੱਗੀ ਹੋਈ ਹੈ। ਇਕ ਸੀਨੀਅਰ ਅਧਿਕਾਰੀ ਦਾ ਤਾਂ ਇਥੋਂ ਤੱਕ ਕਹਿਣਾ ਹੈ ਕਿ ਜੇਕਰ ਸਲਵਿੰਦਰ ਸਿੰਘ ਤੋਂ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ ਕੌਮਾਂਤਰੀ ਤਸਕਰਾਂ, ਪੁਲਿਸ ਅਤੇ ਸਿਆਸਤਦਾਨਾਂ ਦੇ ਗੱਠਜੋੜ ਦਾ ਭਾਂਡਾ ਭੱਜ ਗਿਆ ਤਾਂ ਪੁਲਿਸ ਦੇ ਕਈ ਅਧਿਕਾਰੀ ਤੇ ਕਈ ਸਿਆਸਤਦਾਨਾਂ ਦੇ ਚਿਹਰਿਆਂ ਤੋਂ ਨਕਾਬ ਉਤਰ ਜਾਵੇਗਾ, ਜੋ ਸਰਕਾਰ ਲਈ ਵੀ ਬਹੁਤ ਵੱਡਾ ਸੰਕਟ ਹੋਵੇਗਾ।
ਪੰਜਾਬ ਪੁਲਿਸ ਅਤੇ ਖੁਫੀਆ ਵਿੰਗ ਦੇ ਅਧਿਕਾਰੀਆਂ ਨੇ ਅਧਿਕਾਰਤ ਤੌਰ ‘ਤੇ ਕੁਝ ਵੀ ਕਹਿਣ ਤੋਂ ਕਿਨਾਰਾ ਹੀ ਕਰ ਲਿਆ ਹੈ ਹਾਲਾਂਕਿ ਕੌਮੀ ਏਜੰਸੀਆਂ ਵੱਲੋਂ ਸਲਵਿੰਦਰ ਸਿੰਘ ਦੀ ਪੁੱਛਗਿੱਛ ਦੌਰਾਨ ਹੋ ਰਹੇ ਸ਼ੱਕੀ ਖੁਲਾਸਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਸਲਵਿੰਦਰ ਸਿੰਘ ਦੇ ਸ਼ੱਕੀ ਬਿਆਨਾਂ ਕਾਰਨ ਐਨæਆਈæਏæ ਦਾ ਸ਼ੱਕ ਹੋਰ ਵੀ ਵਧਦਾ ਜਾ ਰਿਹਾ ਹੈ ਤੇ ਇਸ ਲਈ ਉਸ ਦਾ ਲਾਈ ਡਿਟੈਕਟਰ ਟੈਸਟ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਪੁਲਿਸ ਅਫਸਰ ਦਾ ਰਸੋਈਆ ਮਦਨ ਗੋਪਾਲ ਅਤੇ ਮਜ਼ਾਰ ਦੇ ਸੇਵਾਦਾਰ ਦੇ ਬਿਆਨ ਵੀ ਆਪਸ ਵਿਚ ਮੇਲ ਨਾ ਖਾਂਦੇ ਹੋਣ ਕਾਰਨ ਸਾਰਾ ਮਾਮਲਾ ਗੁੰਝਲਦਾਰ ਬਣਦਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਤਾਇਨਾਤ ਪੁਲਿਸ ਅਫਸਰਾਂ ਤੇ ਸਰਹੱਦੀ ਖੇਤਰ ਦੇ ਸਿਆਸਤਦਾਨਾਂ ਦੇ ਤਸਕਰਾਂ ਨਾਲ ਸਬੰਧ ਹੋਣ ਦੀ ਗੱਲ ਕਈ ਵਾਰੀ ਉੱਠੀ ਹੈ। ਇਸ ਵਾਰੀ ਮਾਮਲਾ ਫਿਦਾਇਨਾਂ ਨਾਲ ਜੁੜਨ ਕਾਰਨ ਕੇਂਦਰ ਸਰਕਾਰ ਕੁਝ ਜ਼ਿਆਦਾ ਗੰਭੀਰ ਹੈ। ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਖਾਸਕਰ ਡੀæਜੀæਪੀæ ਸੁਰੇਸ਼ ਅਰੋੜਾ ਵੱਲੋਂ ਐਸ਼ਪੀæ ਸਲਵਿੰਦਰ ਸਿੰਘ ਨੂੰ ਦਿੱਤੀ ‘ਕਲੀਨ ਚਿਟ’ ਨੂੰ ਵੀ ਸਰਕਾਰੀ ਹਲਕਿਆਂ ਵੱਲੋਂ ਗਲਤ ਫੈਸਲਾ ਕਰਾਰ ਦਿੱਤਾ ਜਾ ਰਿਹਾ ਹੈ।
ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਦਾ ਕਹਿਣਾ ਹੈ ਕਿ ਜਾਂਚ ਏਜੰਸੀ ਦੇ ਅਧਿਕਾਰੀਆਂ ਵੱਲੋਂ ਪਠਾਨਕੋਟ ਘਟਨਾ ਦੀ ਜਾਂਚ ਸਬੰਧੀ ਪੰਜਾਬ ਪੁਲਿਸ ਨਾਲ ਲਗਾਤਾਰ ਰਾਬਤਾ ਬਣਾਇਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਇਹ ਮਾਮਲਾ ਬੜਾ ਸੰਵੇਦਨਸ਼ੀਲ ਤੇ ਮੁਲਕ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ, ਇਸ ਲਈ ਜਾਂਚ ਏਜੰਸੀ ਤੇ ਪੰਜਾਬ ਪੁਲਿਸ ਦਰਮਿਆਨ ਹੁੰਦੀ ਗੱਲ ਮੀਡੀਆ ਨਾਲ ਸਾਂਝੀ ਨਹੀਂ ਕੀਤੀ ਜਾ ਸਕਦੀ। ਉਧਰ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪੰਜਾਬ ਪੁਲੀਸ ਦੇ ਖੁਫੀਆ ਵਿੰਗ ਦੀ ਕਾਰਗੁਜ਼ਾਰੀ ਤੋਂ ਮਾਯੂਸ ਹਨ।
ਉਪ ਮੁੱਖ ਮੰਤਰੀ ਨੇ ਖੁਫੀਆ ਵਿੰਗ ਪ੍ਰਤੀ ਨਾਖੁਸ਼ੀ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨਾਲ ਕਰਦਿਆਂ ਇਥੋਂ ਤੱਕ ਕਹਿ ਦਿੱਤਾ ਕਿ ਸੀæਆਈæਡੀæ ਨੂੰ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਹੁੰਦੀ।
________________________________________________
ਨਸ਼ੇ ਬਦਲੇ ਸਲਵਿੰਦਰ ਸਿੰਘ ਨੂੰ ਮਿਲਦਾ ਸੀ ਸੋਨਾ?
ਨਵੀਂ ਦਿੱਲੀ: ਪਠਾਨਕੋਟ ਹਮਲੇ ਤੋਂ ਬਾਅਦ ਸ਼ੱਕ ਦੇ ਘੇਰੇ ਵਿਚ ਆਏ ਪੰਜਾਬ ਪੁਲਿਸ ਦੇ ਐਸ਼ਪੀæ ਸਲਵਿੰਦਰ ਸਿੰਘ ਨੇ ਵੱਡਾ ਖੁਲਾਸਾ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸਲਵਿੰਦਰ ਸਿੰਘ ਨੇ ਮੰਨਿਆ ਹੈ ਕਿ ਉਸ ਨੂੰ ਡਰਗਜ਼ ਦੀ ਹਰ ਖੇਪ ਦੇ ਬਦਲੇ ਵਿਚ ਸੋਨਾ ਅਤੇ ਹੀਰੇ ਮਿਲਦੇ ਸਨ। ਸਲਵਿੰਦਰ ਸਿੰਘ ਦਾ ਦੋਸਤ ਰਾਜੇਸ਼ ਵਰਮਾ ਇਹ ਚੈੱਕ ਕਰਦਾ ਸੀ ਕਿ ਸੋਨਾ ਅਸਲੀ ਹੈ ਜਾਂ ਨਕਲੀ। ਰਾਜੇਸ਼ ਵਰਮਾ ਦਾ ਗ੍ਰਹਿਣੇ ਬਣਾਉਣ ਦਾ ਕਾਰੋਬਾਰ ਹੈ, ਜਿਸ ਦਿਨ ਐੱਸ਼ਪੀæ ਨੂੰ ਅਗਵਾ ਕੀਤਾ ਗਿਆ ਸੀ ਉਸ ਦਿਨ ਰਾਜੇਸ਼ ਵਰਮਾ ਵੀ ਸਲਵਿੰਦਰ ਸਿੰਘ ਦੇ ਨਾਲ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਰਾਜੇਸ਼ ਹੀ ਸਲਵਿੰਦਰ ਸਿੰਘ ਦੇ ਸੋਨੇ ਨੂੰ ਆਪਣੀ ਦੁਕਾਨ ਤੋਂ ਵੇਚਦਾ ਸੀ। ਇਸ ਦੌਰਾਨ ਆਉਣ ਵਾਲੇ ਦਿਨਾਂ ਵਿਚ ਐਨæਆਈæਏæ ਰਾਜੇਸ਼ ਵਰਮਾ ਨੂੰ ਦਿੱਲੀ ਤਲਬ ਕਰ ਸਕਦੀ ਹੈ। ਸਲਵਿੰਦਰ ਸਿੰਘ ਆਪਣੇ ਲਾਂਗਰੀ ਅਤੇ ਦੋਸਤ ਰਾਜੇਸ਼ ਵਰਮਾ ਨਾਲ ਇਕ ਦਰਗਾਹ ਉਤੇ ਮੱਥਾ ਟੇਕ ਕੇ ਪਹਿਲੀ ਜਨਵਰੀ ਨੂੰ ਵਾਪਸ ਆ ਰਿਹਾ ਸੀ। ਰਸਤੇ ਵਿਚ ਉਸ ਨੂੰ ਛੇ ਪਾਕਿਸਤਾਨੀ ਦਹਿਸ਼ਤਗਰਦਾਂ ਨੇ ਅਗਵਾ ਕਰ ਲਿਆ ਸੀ।
__________________________________________________
ਭਾਰਤ-ਪਾਕਿ ਸਰਹੱਦ ਉਤੇ ਬਣੇਗੀ ਲੇਜ਼ਰ ਕੰਧ
ਨਵੀਂ ਦਿੱਲੀ: ਪਠਾਨਕੋਟ ਏਅਰ ਬੇਸ ‘ਤੇ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਹਰਕਤ ਵਿਚ ਆਏ ਗ੍ਰਹਿ ਮੰਤਰਾਲਾ ਨੇ ਫੈਸਲਾ ਕੀਤਾ ਹੈ ਕਿ ਭਾਰਤ-ਪਾਕਿਸਤਾਨ ਸਰਹੱਦ ‘ਤੇ ਪੈਂਦੇ 40 ਤੋਂ ਵੱਧ ਦਰਿਆਈ ਖੇਤਰਾਂ ਦੀ ਛੇਤੀ ਹੀ ‘ਲੇਜ਼ਰ ਵਾਲਸ’ ਨਾਲ ਮੁਸਤੈਦੀ ਕੀਤੀ ਜਾਵੇਗੀ। ਇਹ ਖੇਤਰ ਕਮਜ਼ੋਰ ਵਾੜ ਰਹਿਤ ਹਿੱਸੇ ਹਨ, ਜਿਥੋਂ ਅਤਿਵਾਦੀ ਭਾਰਤ ਵਿਚ ਘੁਸਪੈਠ ਕਰਦੇ ਹਨ। ਇਸੇ ਲਈ ਪੰਜਾਬ ਦੇ ਸਾਰੇ ਦਰਿਆਈ ਖੇਤਰਾਂ ਲਈ ਇਸ ਤਕਨੀਕ ਨੂੰ ਬੀæਐਸ਼ਐਫ਼ ਨੇ ਤਿਆਰ ਕੀਤਾ ਹੈ। ਇਨ੍ਹਾਂ ਲੇਜ਼ਰ ਦੀਵਾਰਾਂ ਦਾ ਮਕਸਦ ਪੂਰੀ ਤਰ੍ਹਾਂ ਨਾਲ ਅਤਿਵਾਦੀਆਂ ਨੂੰ ਭਾਰਤ ਵਿਚ ਘੁਸਪੈਠ ਕਰਨ ਤੋਂ ਰੋਕਣਾ ਹੈ। ਫਿਲਹਾਲ ਸਿਰਫ 5-6 ਅਸੁਰੱਖਿਅਤ ਵਾੜ ਰਹਿਤ ਹਿੱਸੇ ਲੇਜ਼ਰ ਦੀਵਾਰਾਂ ਨਾਲ ਸੁਰੱਖਿਅਤ ਹਨ। ਇਨ੍ਹਾਂ ਦਰਿਆਈ ਖੇਤਰਾਂ ‘ਚ ਲੇਜ਼ਰ ਦੀਵਾਰ ਲਾਉਣ ਤੋਂ ਬਾਅਦ ਘੁਸਪੈਠ ਹੋਣ ਦੀ ਸੂਰਤ ਵਿਚ ਇਥੋਂ ਬਹੁਤ ਉੱਚਾ ਸਾਇਰਨ ਵੱਜੇਗਾ।