ਨਵੀਂ ਦਿੱਲੀ: ਅਕਾਲੀ-ਭਾਜਪਾ ਸਰਕਾਰ ਵਿਚ ਵਿੱਤ ਮੰਤਰੀ ਰਹੇ ਤੇ ਅੱਠ ਮਹੀਨੇ ਪਹਿਲਾਂ ਕਾਂਗਰਸ ਦੇ ਚੋਣ ਨਿਸ਼ਾਨ ਉਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਨ ਵਾਲੇ ਮਨਪ੍ਰੀਤ ਬਾਦਲ ਨੇ ਪੀਪਲਜ਼ ਪਾਰਟੀ ਆਫ ਪੰਜਾਬ (ਪੀæਪੀæਪੀæ) ਦਾ ਕਾਂਗਰਸ ਵਿਚ ਰਲੇਵਾਂ ਕਰ ਦਿੱਤਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਨੇ ਇਹ ਰਲੇਵਾਂ ਬਗੈਰ ਸ਼ਰਤ ਕੀਤਾ ਹੈ।
ਮਨਪ੍ਰੀਤ ਇਥੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਰਿਹਾਇਸ਼ ‘ਤੇ ਆਪਣੇ ਤਕਰੀਬਨ 100 ਸਮਰਥਕਾਂ ਸਮੇਤ ਕਾਂਗਰਸ ਵਿਚ ਸ਼ਾਮਲ ਹੋਏ। ਪੰਜਾਬ ਨੂੰ ਤਰੱਕੀ ਵੱਲ ਲਿਜਾਣ ਬਾਰੇ ਪੀæਪੀæਪੀæ ਦੇ 11 ਨੁਕਾਤੀ ਮੈਮੋਰੰਡਮ ਨੂੰ ਰਾਹੁਲ ਵੱਲੋਂ ਕਾਂਗਰਸ ਦਾ ਏਜੰਡਾ ਮੰਨਣ ਬਾਅਦ ਇਹ ਰਸਮੀ ਰਲੇਵਾਂ ਹੋਇਆ। ਕਾਂਗਰਸ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼ਕੀਲ ਅਹਿਮਦ ਨੇ ਮਨਪ੍ਰੀਤ ਦੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਆਮ ਆਦਮੀ ਪਾਰਟੀ (ਆਪ) ਦੀ ਚੜ੍ਹਤ ਤੇ 2017 ਵਿਧਾਨ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਵਿਰੋਧੀ ਵੋਟ ਬੈਂਕ ਨੂੰ ਵੰਡਣ ਤੋਂ ਬਚਾਉਣ ਲਈ ਕੈਪਟਨ ਅਮਰਿੰਦਰ ਨੇ ਧਰਮ ਨਿਰਪੱਖ ਪਾਰਟੀਆਂ ਨਾਲ ਹੱਥ ਮਿਲਾਉਣ ਦਾ ਸੰਕੇਤ ਦਿੰਦਿਆਂ ਕਿਹਾ ਕਿ 2012 ਚੋਣਾਂ ਅਸੀਂ ਮਹਿਜ਼ 0æ1 ਫੀਸਦੀ ਵੋਟਾਂ ਦੇ ਫਰਕ ਨਾਲ ਹਾਰੇ ਸੀ। ਅਸੀਂ ਕੱਟੜਪੰਥੀ ਅਕਾਲੀਆਂ ਤੇ ਖਾਰੂਦੀ ਆਮ ਆਦਮੀ ਪਾਰਟੀ ਨੂੰ ਥੰਮ੍ਹਣ ਲਈ ਬਸਪਾ ਅਤੇ ਖੱਬੇ ਪੱਖੀਆਂ ਸਮੇਤ ਹੋਰ ਧਰਮ ਨਿਰਪੱਖ ਪਾਰਟੀਆਂ ਨਾਲ ਗੱਠਜੋੜ ਬਾਰੇ ਗੱਲਬਾਤ ਕਰ ਰਹੇ ਹਾਂ। ਗੱਲਬਾਤ ਦੇ ਬਾਵਜੂਦ ‘ਆਪ’ ਵਿਚ ਸ਼ਾਮਲ ਨਾ ਹੋਣ ਬਾਰੇ ਮਨਪ੍ਰੀਤ ਨੇ ਕਿਹਾ ਕਿ ਪੰਜਾਬ ਵਿਚ ਤਬਦੀਲੀ ਲਈ ‘ਆਪ’ ਕੋਲ ਕੋਈ ਖਾਕਾ ਨਹੀਂ ਹੈ। ਸਾਲ 2011 ਵਿਚ ਪੀæਪੀæਪੀæ ਰਾਹੀਂ ਜੋ ਕੁਝ ਹਾਸਲ ਕਰਨ ਬਾਰੇ ਸੋਚਿਆ ਸੀ, ਅਸੀਂ ਮਹਿਸੂਸ ਕੀਤਾ ਕਿ ਉਹ ਸਭ ਹਾਸਲ ਕਰਨ ਲਈ ਕਾਂਗਰਸ ਮਜ਼ਬੂਤ ਮੰਚ ਹੈ। ਕੈਪਟਨ ਅਮਰਿੰਦਰ ਨੇ ਅਹਿਦ ਲਿਆ ਹੈ ਕਿ ਸੱਤਾ ਵਿਚ ਆਉਣ ‘ਤੇ ਉਹ ਚਾਰ ਹਫਤਿਆਂ ਵਿਚ ਪੰਜਾਬ ਵਿਚੋਂ ਨਸ਼ਿਆਂ ਦੀ ਸਪਲਾਈ ਬੰਦ ਕਰ ਦੇਣਗੇ। ਇਸ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਰਾਜਸੀ ਇੱਛਾ ਸ਼ਕਤੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦਾ ਮਿਲਾਪੜਾ ਸੁਭਾਅ ਵੀ ਉਨ੍ਹਾਂ ਦੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਇਕ ਕਾਰਨ ਹੈ। ਸਾਲ 2012 ਵਿਚ ਸਾਨੂੰ ਮਹਿਜ਼ ਪੰਜ ਫੀਸਦੀ ਵੋਟਾਂ ਮਿਲੀਆਂ ਸਨ, ਪਰ ਰਾਹੁਲ ਫਿਰ ਵੀ ਸਾਡੇ ਪ੍ਰਤੀ ਬੇਹੱਦ ਉਦਾਰ ਹੈ। ਉਨ੍ਹਾਂ ਨਾਲੋਂ ਤਾਂ ਪੰਜਾਬ ਦਾ ਤਹਿਸੀਲਦਾਰ ਵੀ ਆਪਣੇ ਆਪ ਨੂੰ ਉੱਚਾ ਸਮਝਦਾ ਹੈ। ਉਧਰ, ਮਨਪ੍ਰੀਤ ਬਾਦਲ ਦੇ ਕਾਂਗਰਸ ਵਿਚ ਆਉਣ ਨਾਲ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਲਈ ਚਿੰਤਾ ਖੜ੍ਹੀ ਹੋ ਗਈ ਹੈ ਕਿਉਂਕਿ ਸ੍ਰੀ ਵੜਿੰਗ ਦੇ ਹਲਕੇ ਗਿੱਦੜਬਾਹਾ ਦੀ ਸਾਬਕਾ ਅਕਾਲੀ ਆਗੂ ਚਾਰ ਵਾਰ ਨੁਮਾਇੰਦਗੀ ਕਰ ਚੁੱਕਾ ਹੈ। ਸਾਲ 2012 ਦੀਆਂ ਚੋਣਾਂ ਵਿਚ ਰਾਜਾ ਵੜਿੰਗ ਨੇ ਮਨਪ੍ਰੀਤ ਨੂੰ ਹਰਾਇਆ ਸੀ। ਜੇਕਰ ਹਾਈਕਮਾਨ ਨੇ ਮਨਪ੍ਰੀਤ ਨੂੰ ਚੋਣ ਲੜਾਉਣ ਦਾ ਫੈਸਲਾ ਕੀਤਾ ਤਾਂ ਰਾਜਾ ਵੜਿੰਗ ਨੂੰ ਇਹ ਸੀਟ ਛੱਡਣੀ ਵੀ ਪੈ ਸਕਦੀ ਹੈ।
___________________________________________________
ਪੀæਪੀæਪੀæ ਦੇ ਤਿੰਨ ਵੱਡੇ ਆਗੂ ਕਾਂਗਰਸ ਨਾਲ ਨਾ ਰਲੇ
ਜਲੰਧਰ: ਮਨਪ੍ਰੀਤ ਸਿੰਘ ਬਾਦਲ ਦੇ ਕਾਂਗਰਸ ਵਿਚ ਸ਼ਾਮਲ ਹੋਣ ਨਾਲ ਉਸ ਦੇ ਕਈ ਭਰੋਸੇਯੋਗ ਸਾਥੀ ਸਾਥ ਛੱਡ ਗਏ ਹਨ। ਉਹ ਦਿੱਲੀ ਤਾਂ ਗਏ, ਪਰ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਉਨ੍ਹਾਂ ਨੂੰ ਸੋਚਣ ਦਾ ਅਜੇ ਹੋਰ ਸਮਾਂ ਚਾਹੀਦਾ ਹੈ। ਪੀæਪੀæਪੀæ ਦੇ ਮੀਤ ਪ੍ਰਧਾਨ ਤੇ ਮੁੱਖ ਬੁਲਾਰੇ ਡਾæ ਨਵਜੋਤ ਸਿੰਘ ਦਾਹੀਆ ਘਰੋਂ ਤਾਂ ਮਨਪ੍ਰੀਤ ਸਿੰਘ ਬਾਦਲ ਨਾਲ ਕਾਂਗਰਸ ਵਿਚ ਸ਼ਾਮਲ ਹੋਣ ਲਈ ਹੀ ਗਏ ਸਨ, ਪਰ ਦਿੱਲੀ ਪਹੁੰਚਦਿਆਂ-ਪਹੁੰਚਦਿਆਂ ਉਨ੍ਹਾਂ ਦਾ ਮਨ ਬਦਲ ਗਿਆ ਤੇ ਮਨਪ੍ਰੀਤ ਸਿੰਘ ਬਾਦਲ ਕੋਲੋਂ ਸੋਚਣ ਲਈ ਹੋਰ ਸਮਾਂ ਮੰਗਦਿਆਂ ਉਹ ਕਾਂਗਰਸ ਵਿਚ ਨਹੀਂ ਸ਼ਾਮਿਲ ਹੋਏ। ਇਸੇ ਤਰ੍ਹਾਂ ਪੀæਪੀæਪੀæ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਖਹਿਰਾ ਤੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਜਾ ਵੀ ਕਾਂਗਰਸ ਵਿਚ ਸ਼ਾਮਲ ਨਹੀਂ ਹੋਏ। ਸਾਲ 2011 ਵਿਚ ਪੀæਪੀæਪੀæ ਬਣਾਉਣ ਵਾਲਿਆਂ ਵਿਚ ਮੋਹਰੀ ਰਹੇ ਆਗੂਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਪਾਰਟੀ ਦੇ ਨਾਂ ‘ਤੇ ਹੀ ਚੋਣ ਫੰਡ ਇਕੱਠੇ ਕੀਤੇ ਸਨ ਤੇ ਲੋਕਾਂ ਨੂੰ ਬਦਲਵੀਂ ਰਾਜਨੀਤੀ ਲਿਆਉਣ ਦਾ ਭਰੋਸਾ ਦਿੱਤਾ ਸੀ ਜਿਸ ਕਰਕੇ ਉਹ ਉਨ੍ਹਾਂ ਨਾਲ ਸਲਾਹ ਕੀਤੇ ਬਿਨਾਂ ਉਹ ਕਾਂਗਰਸ ਵਿਚ ਸ਼ਾਮਲ ਨਹੀਂ ਹੋ ਸਕਦੇ।
_____________________________________________
ਰਲੇਵਾਂ ਅਚਾਨਕ ਨਹੀਂ ਹੋਇਆ: ਮਨਪ੍ਰੀਤ
ਚੰਡੀਗੜ੍ਹ: ਪ੍ਰੈੱਸ ਕਾਨਫਰੰਸ ਦੌਰਾਨ ਮਨਪ੍ਰੀਤ ਨੇ ਕਿਹਾ ਕਿ ਇਹ ਰਲੇਵਾਂ ਅਚਾਨਕ ਨਹੀਂ ਹੋਇਆ। ਇਹ ਰਾਹੁਲ ਗਾਂਧੀ ਨਾਲ ਪਿਛਲੇ ਛੇ ਮਹੀਨਿਆਂ ਦੇ ਮੇਲ-ਜੋਲ ਦਾ ਨਤੀਜਾ ਹੈ। ਇਹ ਪੰਜਾਬ ਦੇ ਮਸਲਿਆਂ ਦੇ ਹੱਲ ਲਈ ਹੈ। ਕਾਂਗਰਸ ਮੀਤ ਪ੍ਰਧਾਨ ਨੇ ਸਾਡੇ ਏਜੰਡੇ ਨੂੰ ਆਪਣਾ ਦੱਸਿਆ ਹੈ। ਅਸੀਂ ਕਾਂਗਰਸ ਵਿਚ ਬਗੈਰ ਕਿਸੇ ਸ਼ਰਤ ਦੇ ਸ਼ਾਮਲ ਹੋਏ ਹਾਂ।