ਬਠਿੰਡਾ: ਦਹਿਸ਼ਤੀ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਕੋਲ ਪੁਰਾਣੇ ਤੇ ਕੰਡਮ ਹਥਿਆਰਾਂ ਦਾ ਮਸਲਾ ਭਖਿਆ ਹੋਇਆ ਹੈ। ਸੁਰੱਖਿਆ ਪੱਖੋਂ ਸਭ ਤੋਂ ਮਾੜਾ ਹਾਲ ਸੂਬੇ ਦੀਆਂ ਜੇਲ੍ਹਾਂ ਦਾ ਹੈ। ਜੇਲ੍ਹਾਂ ਵਿਚ ਨਾ ਪੂਰੀ ਗਾਰਦ ਹੈ ਤੇ ਨਾ ਹੀ ਆਧੁਨਿਕ ਹਥਿਆਰ। ਵਰ੍ਹਿਆਂ ਤੋਂ ਨਵੇਂ ਹਥਿਆਰਾਂ ਦੀ ਮੰਗ ਹੋ ਰਹੀ ਹੈ, ਪਰ ਸਰਕਾਰ ਨੇ ਜੇਲ੍ਹਾਂ ਖਾਤਰ ਨਵੇਂ ਹਥਿਆਰ ਅਜੇ ਤੱਕ ਨਹੀਂ ਖਰੀਦੇ।
ਕਈ ਜੇਲ੍ਹਾਂ ਵਿਚ ਤਾਂ ਮਾਸਕਟ ਰਾਈਫਲਾਂ ਹੀ ਹਨ ਅਤੇ ਕਾਫੀ ਜੇਲ੍ਹਾਂ ਵਿਚ ਥ੍ਰੀ ਨੌਟ ਥ੍ਰੀ ਰਾਈਫਲਾਂ ਨਾਲ ਹੀ ਰਾਖੀ ਕੀਤੀ ਜਾ ਰਹੀ ਹੈ ਜੋ ਤਕਰੀਬਨ ਤਿੰਨ ਦਹਾਕੇ ਪੁਰਾਣੇ ਹਥਿਆਰ ਹਨ। ਪਠਾਨਕੋਟ ਹਮਲੇ ਮਗਰੋਂ ਜੇਲ੍ਹਾਂ ਵਿਚ ਚੌਕਸੀ ਤਾਂ ਵਧਾ ਦਿੱਤੀ ਗਈ ਹੈ, ਪਰ ਹਥਿਆਰ ਪੁਰਾਣੇ ਹੀ ਹਨ। ਜੇਲ੍ਹ ਵਿਭਾਗ ਨੇ ਸੁਰੱਖਿਆ ਲਈ ਬੈਰਕਾਂ ਵਿਚ ਸੀæਸੀæਟੀæਵੀæ ਕੈਮਰੇ ਲਾਉਣ ਦਾ ਫੈਸਲਾ ਕਰ ਲਿਆ ਹੈ ਪਰ ਜੇਲ੍ਹ ਵਾਰਡਨਾਂ ਦੀ ਕਮੀ ਹੈ। ਤਕਰੀਬਨ ਇਕ ਹਜ਼ਾਰ ਜੇਲ੍ਹ ਵਾਰਡਨਾਂ ਸਮੇਤ ਅਧਿਕਾਰੀਆਂ ਦੀ ਲੋੜ ਹੈ। ਵਿੱਤ ਵਿਭਾਗ ਨੇ 600 ਜੇਲ੍ਹ ਵਾਰਡਨ ਸਮੇਤ ਅਧਿਕਾਰੀ ਰੱਖਣ ਲਈ ਹਰੀ ਝੰਡੀ ਦਿੱਤੀ ਹੋਈ ਹੈ।
ਹੁਣ ਹੋਮਗਾਰਡ ਦੇ ਜਵਾਨ ਜੇਲ੍ਹਾਂ ਦੀ ਸੁਰੱਖਿਆ ਉਤੇ ਲਗਾਏ ਗਏ ਹਨ। ਜੇਲ੍ਹ ਵਿਭਾਗ ਨੇ ਪੈਸਕੋ ਤੋਂ ਵੀ ਸੁਰੱਖਿਆ ਗਾਰਦ ਲਏ ਹੋਏ ਹਨ। ਜੇਲ੍ਹਾਂ ਲਈ ਏæਕੇ 47 ਵੀ ਪੁਲਿਸ ਵਿਭਾਗ ਤੋਂ ਉਧਾਰ ਲਈਆਂ ਹੋਈਆਂ ਹਨ। ਅਧਿਕਾਰੀਆਂ ਕੋਲ ਜੋ ਯੂæਐਸ਼ਏæ ਦੇ ਰਿਵਾਲਵਰ ਹੈ, ਸਿਰਫ ਉਹੀ ਚੰਗੀ ਹਾਲਤ ਵਿਚ ਹਨ।
ਅੱਧੀ ਦਰਜਨ ਜੇਲ੍ਹਾਂ ਕੋਲ ਤਾਂ ਮਾਸਕਟ ਰਾਈਫਲਾਂ ਹੀ ਹਨ ਜੋ ਬਹੁਤ ਪੁਰਾਣੀਆਂ ਹਨ। ਬਠਿੰਡਾ ਜੇਲ੍ਹ ਕੋਲ ਤਕਰੀਬਨ ਦੋ ਦਰਜਨ ਥ੍ਰੀ ਨੌਟ ਥ੍ਰੀ ਰਾਈਫਲਾਂ ਹਨ ਜੋ ਬਹੁਤ ਪੁਰਾਣੀਆਂ ਹਨ। ਬਠਿੰਡਾ ਜੇਲ੍ਹ ਦੇ ਸੁਪਰਡੈਂਟ ਸੁਖਵਿੰਦਰ ਸਿੰਘ ਸਹੋਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਵੇਂ ਹਥਿਆਰਾਂ ਦੀ ਮੰਗ ਬਾਰੇ ਪੱਤਰ ਲਿਖੇ ਹੋਏ ਹਨ।
ਜਾਣਕਾਰੀ ਅਨੁਸਾਰ ਫਰੀਦਕੋਟ ਜੇਲ੍ਹ ਦੀ ਰਾਖੀ ਲਈ 11 ਟਾਵਰ ਬਣੇ ਹੋਏ ਹਨ ਪਰ ਇਸ ਜੇਲ੍ਹ ਕੋਲ ਵੀ ਐਸ਼ਐਲ਼ਆਰæ ਤੋਂ ਇਲਾਵਾ ਪੁਰਾਣੇ ਹੀ ਹਥਿਆਰ ਹਨ। ਜੇਲ੍ਹ ਸੁਪਰਡੈਂਟ ਬਲਕਾਰ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਹੋਮਗਾਰਡ ਜਵਾਨਾਂ ਕੋਲ ਐਸ਼ਐਲ਼ਆਰæ ਹਨ ਅਤੇ ਜੋ ਥ੍ਰੀ ਨੌਟ ਥ੍ਰੀ ਰਾਈਫਲਾਂ ਹਨ। ਫਿਰੋਜ਼ਪੁਰ ਜੇਲ੍ਹ ਵਿਚ ਅੱਠ ਟਾਵਰ ਹਨ ਅਤੇ ਇਸ ਜੇਲ੍ਹ ਕੋਲ ਵੀ ਥ੍ਰੀ ਨੌਟ ਥ੍ਰੀ ਰਾਈਫਲਾਂ ਹਨ। ਸਬ ਜੇਲ੍ਹ ਮੋਗਾ ਕੋਲ ਵੀ ਇਹੋ ਰਾਈਫਲਾਂ ਹੀ ਹਨ, ਜਦੋਂਕਿ ਸਬ ਜੇਲ੍ਹ ਫ਼ਾਜਿਲਕਾ ਕੋਲ ਚਾਰ ਥ੍ਰੀ ਨੌਟ ਥ੍ਰੀ ਰਾਈਫਲਾਂ ਹਨ ਅਤੇ ਇਸ ਸਬ ਜੇਲ੍ਹ ਕੋਲ ਕਈ ਮਾਸਕਟ ਰਾਈਫਲਾਂ ਵੀ ਹਨ। ਪਠਾਨਕੋਟ ਦੀ ਸਬ ਜੇਲ੍ਹ ਕੋਲ ਸੱਤ ਮਾਸਕਟ ਰਾਈਫਲਾਂ ਸਨ। ਸੰਗਰੂਰ ਜੇਲ੍ਹ ਦੇ ਪ੍ਰਬੰਧਕਾਂ ਨੇ ਮਾਸਕਟ ਰਾਈਫਲਾਂ ਜਮ੍ਹਾਂ ਕਰਾ ਦਿੱਤੀਆਂ ਹਨ।
ਬਹੁ-ਗਿਣਤੀ ਜੇਲ੍ਹ ਅਫਸਰਾਂ ਕੋਲ ਤਾਂ ਸਰਕਾਰੀ ਵਾਹਨ ਵੀ ਨਹੀਂ ਹਨ। ਸੂਬਾ ਸਰਕਾਰ ਨੇ ਜੇਲ੍ਹਾਂ ਨੂੰ 1986 ਵਿਚ ਤਕਰੀਬਨ 15 ਜਿਪਸੀਆਂ ਦਿੱਤੀਆਂ ਸਨ ਜੋ ਕੰਡਮ ਹੋ ਚੁੱਕੀਆਂ ਹਨ। ਜੇਲ੍ਹ ਵਾਰਡਨ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕੁਮਾਰ ਦਾ ਕਹਿਣਾ ਹੈ ਕਿ ਭਾਵੇਂ ਕੁਝ ਐਸ਼ਐਲ਼ਆਰæ ਜੇਲ੍ਹਾਂ ਵਿਚ ਮੌਜੂਦ ਹਨ ਪਰ ਬਹੁ-ਗਿਣਤੀ ਹਥਿਆਰ ਪੁਰਾਣੇ ਹੀ ਹਨ ਜਿਨ੍ਹਾਂ ਨੂੰ ਬਦਲਣ ਦੀ ਲੋੜ ਹੈ। ਜੇਲ੍ਹ ਵਾਰਡਨਾਂ ਦੀਆਂ ਖਾਲੀ ਅਸਾਮੀਆਂ ਵੀ ਫੌਰੀ ਭਰਨ ਦੀ ਲੋੜ ਹੈ। ਜੇਲ੍ਹ ਮੰਤਰੀ ਸੋਹਣ ਸਿੰਘ ਠੰਡਲ ਨੇ ਕਿਹਾ ਕਿ ਜੇਲ੍ਹਾਂ ਵਿਚ ਨਵੇਂ ਹਥਿਆਰਾਂ ਦੀ ਬਹੁਤੀ ਲੋੜ ਨਹੀਂ ਪੈਂਦੀ, ਕਿਉਂਕਿ ਬੰਦੀਆਂ ਕੋਲ ਕੁਝ ਨਹੀਂ ਹੁੰਦਾ ਹੈ। ਟਾਵਰ ਵਾਲੇ ਸੰਤਰੀਆਂ ਕੋਲ ਹਥਿਆਰ ਹੁੰਦੇ ਹੀ ਹਨ। ਆਧੁਨਿਕ ਹਥਿਆਰਾਂ ਬਾਰੇ ਅਜੇ ਸੋਚਿਆ ਨਹੀਂ ਹੈ।
____________________________________________
ਕੌਮਾਂਤਰੀ ਸਰਹੱਦ ‘ਤੇ ਸਖਤੀ ਦੀ ਲੋੜ: ਸੁਖਬੀਰ
ਚੰਡੀਗੜ੍ਹ: ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨਸ਼ਿਆਂ ਦੇ ਅਤਿਵਾਦ ਖਿਲਾਫ ਲੜਾਈ ਲੜਨ ਲਈ ਪਾਕਿਸਤਾਨ ਨਾਲ ਲਗਦੀ ਕੌਮਾਂਤਰੀ ਸਰਹੱਦ ਉੱਤੇ ਆਧੁਨਿਕ ਨਿਗਰਾਨ ਤਰੀਕਿਆਂ ਦੀ ਵਰਤੋਂ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਸਜ਼ਾਵਾਂ ਦੇਣ ਵਿਚ ਪੰਜਾਬ ਦੇਸ਼ ਵਿਚ ਸਭ ਤੋਂ ਅੱਗੇ ਹੈ ਤੇ ਇਥੇ ਨਸ਼ਾ ਛੁਡਾਊ ਮੁਹਿੰਮ ਵੀ ਅਸਰਦਾਰ ਤਰੀਕੇ ਨਾਲ ਲਾਗੂ ਕੀਤੀ ਗਈ ਹੈ। ਉੱਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਪਾਕਿਸਤਾਨ ਨਾਲ ਲੱਗਦਾ ਸਰਹੱਦੀ ਖੇਤਰ ਨਦੀਆਂ ਨਾਲ ਘਿਰਿਆ ਹੈ ਅਤੇ ਕਈ ਖੇਤਰਾਂ ਵਿਚਲੀਆਂ ਚੋਰ-ਮੋਰੀਆਂ ਦਾ ਫਾਇਦਾ ਉਠਾਉਂਦੇ ਹੋਏ ਨਸ਼ਾ ਤਸਕਰ ਆਪਣੇ ਨਾਪਾਕ ਮਨਸੂਬਿਆਂ ਵਿਚ ਸਫਲ ਹੋ ਜਾਂਦੇ ਹਨ, ਇਸ ਲਈ ਇਹ ਸਮੇਂ ਦੀ ਲੋੜ ਬਣ ਗਿਆ ਹੈ ਕਿ ਸੁਰੱਖਿਆ ਬਲਾਂ ਨੂੰ ਢੁਕਵੀਂ ਗਿਣਤੀ ਵਿਚ ਸਰਹੱਦ ‘ਤੇ ਤਾਇਨਾਤ ਕੀਤਾ ਜਾਵੇ ਅਤੇ ਪੰਜਾਬ ਵਿਚ ਨਸ਼ਿਆਂ ਦੀ ਸਪਲਾਈ ਨੂੰ ਰੋਕਣ ਲਈ ਸਾਰਥਕ ਕਦਮ ਚੁੱਕੇ ਜਾਣ।