ਜਗਤਾਰ ਸਿੰਘ ਹਵਾਰਾ ਨੇ ਜੇਲ੍ਹ ‘ਚੋਂ ਕੌਮ ਨੇ ਨਾਂ ਭੇਜਿਆ ਸੰਦੇਸ਼

ਚੰਡੀਗੜ੍ਹ: ਪੰਥਕ ਧਿਰਾਂ ਵੱਲੋਂ ‘ਸਰਬੱਤ ਖਾਲਸਾ’ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਥਾਪੇ ਗਏ ਭਾਈ ਜਗਤਾਰ ਸਿੰਘ ਹਵਾਰਾ ਨੇ ਤਖਤ ਦੇ ਜਥੇਦਾਰ ਵਜੋਂ ਤਿਹਾੜ ਜੇਲ੍ਹ ਵਿਚੋਂ ਕੌਮ ਦੇ ਨਾਮ ਸੰਦੇਸ਼ ਜਾਰੀ ਕੀਤਾ ਹੈ। ਅਜਿਹਾ ਪਹਿਲਾ ਅਧਿਕਾਰਤ ਸੰਦੇਸ਼ ਭਾਈ ਹਵਾਰਾ ਨੇ ਆਪਣੇ ਧਰਮ ਦੇ ਪਿਤਾ ਗੁਰਚਰਨ ਸਿੰਘ ਰਾਹੀਂ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਵਕੀਲਾਂ ਨੂੰ ਭੇਜਿਆ ਹੈ, ਜਿਸ ਵਿਚ ਹਵਾਰਾ ਨੇ ਇਸ ਵਰ੍ਹੇ ਵਿਸਾਖੀ ਮੌਕੇ ਪੂਰੇ ਪੰਥਕ ਏਕੇ ਨਾਲ ‘ਸਰਬੱਤ ਖਾਲਸਾ’ ਸੱਦੇ ਜਾਣ ਦੀਆਂ ਤਜਵੀਜ਼ਾਂ ਦਿੰਦੇ ਹੋਏ ਸਾਰੀਆਂ ਧਿਰਾਂ ਨੂੰ ਇਸ ਵਿਚ ਸ਼ਾਮਲ ਕਰਕੇ ਵਿਧੀ ਵਿਧਾਨ ਤਿਆਰ ਕਰਨ ਦੀ ਤਜਵੀਜ਼ ਰੱਖੀ ਹੈ।

ਹਵਾਰਾ ਨੇ ਇਹ ਹਦਾਇਤ ਕੀਤੀ ਹੈ ਕਿ ਉਨ੍ਹਾਂ ਵੱਲੋਂ ਜਾਰੀ ਬਿਆਨ ਸਿਰਫ ਐਡਵੋਕੇਟ ਚਾਹਲ ਵੱਲੋਂ ਹੀ ਪੰਥ ਨਾਲ ਸਾਂਝੇ ਕੀਤੇ ਜਾਇਆ ਕਰਨਗੇ ਤੇ ਕਿਸੇ ਹੋਰ ਦੇ ਨਾਂ ਹੇਠਾਂ ਜੇ ਮੇਰਾ ਕੋਈ ਬਿਆਨ ਜਾਰੀ ਹੁੰਦਾ ਹੈ ਤਾਂ ਉਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਵੇ।
ਉਨ੍ਹਾਂ ਦੱਸਿਆ ਕਿ ਭਾਈ ਹਵਾਰਾ ਨੇ ਸ਼੍ਰੋਮਣੀ ਕਮੇਟੀ ਵੱਲੋਂ ਪੰਜ ਪਿਆਰਿਆਂ ਨੂੰ ਬਰਖਾਸਤ ਕਰਨ ਦੀ ਕਾਰਵਾਈ ਦਾ ਸਖਤ ਨੋਟਿਸ ਲੈਂਦਿਆਂ ਇਹ ਸੁਝਾਅ ਦਿੱਤਾ ਕਿ ਪੰਜ ਪਿਆਰਿਆਂ ਨੂੰ ਆਉਣ ਵਾਲੀ ਵਿਸਾਖੀ ਮੌਕੇ ਸਰਬੱਤ ਖਾਲਸਾ ਬੁਲਾਉਣ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ‘ਤੇ ਲੈਣੀ ਚਾਹੀਦੀ ਹੈ।
ਉਨ੍ਹਾਂ ਤਜਵੀਜ਼ ਪੇਸ਼ ਕੀਤੀ ਕਿ ਸਰਬੱਤ ਖਾਲਸਾ ਕਰਵਾਉਣ ਲਈ ਇਕ ਕਾਰਜਕਾਰੀ ਕਮੇਟੀ ਕਾਇਮ ਕੀਤੀ ਜਾਵੇ। ਸਰਬੱਤ ਖਾਲਸਾ ਵੱਲੋਂ ਹਵਾਰਾ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪੇ ਜਾਣ ਤੋਂ ਬਾਅਦ ਆਪਣੇ ਹੱਥ ਨਾਲ ਲਿਖ ਕੇ ਬਾਹਰ ਭੇਜੇ ਇਸ ਪੱਤਰ ਵਿਚ ਉਸ ਨੇ ਲਿਖਿਆ ਹੈ ਕਿ ਦਿੱਲੀ ਪੁਲਿਸ ਤੇ ਜੇਲ੍ਹ ਪ੍ਰਸ਼ਾਸਨ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਕੇ ਉਸ ‘ਤੇ ਸਖਤ ਪਾਬੰਦੀਆਂ ਲਾ ਦਿੱਤੀਆਂ ਹਨ। ਉਸ ਨੂੰ ਪਿੱਠ ਦਰਦ ਵਾਸਤੇ ਦਿੱਤੀ ਜਾ ਰਹੀ ਦਵਾਈ ਮਿਲਣੀ ਬੰਦ ਹੋ ਗਈ ਹੈ।
ਉਸ ਦਾ ਦੋਸ਼ ਹੈ ਕਿ ਉਸ ਨਾਲ ਫਤਹਿ ਸਾਂਝੀ ਕਰਨ ਵਾਲੇ ਦੂਜੇ ਕੈਦੀਆਂ ਨਾਲ ਵੀ ਮਾੜਾ ਵਰਤਾਰਾ ਹੋਣ ਲੱਗਾ ਹੈ। ਉਸ ਨੇ ਸਪਸ਼ਟ ਕੀਤਾ ਕਿ ਸਮੁੱਚੀ ਕੌਮ ਨੂੰ ਇਕ ਮੰਚ ‘ਤੇ ਇਕੱਠਿਆਂ ਕਰਨ ਵਾਸਤੇ ਉਸ ਨੇ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਪ੍ਰਵਾਨ ਕੀਤੀ ਹੈ। ਸਮਝਿਆ ਜਾ ਰਿਹਾ ਹੈ ਕਿ ਹਵਾਰਾ ਦੀ ਜਥੇਦਾਰ ਵਜੋਂ ਨਿਯੁਕਤੀ ਤੋਂ ਬਾਅਦ ਜੇਲ੍ਹ ਵਿਚ ਮੁਸ਼ਕਲਾਂ ਵਧ ਗਈਆਂ ਹਨ।
______________________________________________
ਹਵਾਰਾ ਦੀਆਂ ਮੁਲਾਕਾਤਾਂ ਬੰਦ
ਚੰਡੀਗੜ੍ਹ: ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ ਦੀਆਂ ਮੁਲਾਕਾਤਾਂ ਬੰਦ ਕਰ ਦਿੱਤੀਆਂ ਹਨ ਤੇ ਉਸ ਨੂੰ ਮੈਡੀਕਲ ਸਹੂਲਤ ਦੇਣ ਤੋਂ ਵੀ ਨਾਂਹ ਕਰ ਦਿੱਤੀ ਹੈ। ਹਵਾਰਾ ਵੱਲੋਂ ਵਕੀਲ ਅਮਰ ਸਿੰਘ ਚਾਹਲ ਰਾਹੀਂ ਸਿੱਖ ਕੌਮ ਦੇ ਨਾਂ ਭੇਜੇ ਪੱਤਰ ਵਿਚ ਦੋਸ਼ ਲਾਇਆ ਗਿਆ ਹੈ ਕਿ ਪਿਛਲੇ ਸਮੇਂ ਤੋਂ ਜੇਲ੍ਹ ਅਧਿਕਾਰੀਆਂ ਨੇ ਉਸ ਨੂੰ ਮਾਨਸਿਕ ਤੌਰ ‘ਤੇ ਵੀ ਪਰੇਸ਼ਾਨ ਕਰਨਾ ਸ਼ੁਰੂ ਦਿੱਤਾ ਹੈ।