ਮਾਂ ਬੋਲੀ ਨੂੰ ਦੁਰਕਾਰਨ ਵਾਲਿਆਂ ਨੂੰ ਘੇਰ ਨਾ ਸਕਿਆ ਨਵਾਂ ਐਕਟ

ਚੰਡੀਗੜ੍ਹ: ਪੰਜਾਬ ਵਿਚ ਮਾਂ ਬੋਲੀ ਪੰਜਾਬੀ ਨੂੰ ‘ਮਤਰੇਈ’ ਸਮਝਣ ਵਾਲੇ ਸਕੂਲਾਂ ਦੀ ਪਛਾਣ ਦਾ ਕੰਮ ਕਿਸੇ ਤਣ-ਪੱਤਣ ਲੱਗਦਾ ਦਿਖਾਈ ਨਹੀਂ ਦੇ ਰਿਹਾ। ਲੰਘੇ ਵਰ੍ਹੇ ਨਵੰਬਰ ਮਹੀਨੇ ਵਿਚ ਸਿੱਖਿਆ ਮਹਿਕਮੇ ਨੇ ਅਜਿਹੇ ਸਕੂਲਾਂ ਦੀ ਪਛਾਣ ਦਾ ਕੰਮ ਅਰੰਭਣ ਦਾ ਦਾਅਵਾ ਕੀਤਾ ਸੀ, ਜਿਹੜੇ ਕਿ ‘ਪੰਜਾਬੀ ਤੇ ਹੋਰ ਭਾਸ਼ਾਵਾਂ ਦੀ ਸਿੱਖਿਆ ਦਾ ਪੰਜਾਬ ਐਕਟ-2008’ ਨੂੰ ਇਨ-ਬਿਨ ਲਾਗੂ ਨਹੀਂ ਕਰ ਰਹੇ।

ਅਜਿਹੇ ਸਕੂਲਾਂ ਬਾਰੇ ਮਹਿਕਮੇ ਨੇ 20 ਨਵੰਬਰ ਤੱਕ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਤੋਂ ਰਿਪੋਰਟਾਂ ਵੀ ਮੰਗੀਆਂ ਸਨ, ਪਰ 20 ਨਵੰਬਰ ਤੱਕ ਮਹਿਕਮੇ ਨੂੰ ਜ਼ਿਲ੍ਹਿਆਂ ਵਿਚੋਂ ਅਜਿਹੇ ਸਕੂਲਾਂ ਦੇ ਵੇਰਵੇ ਨਹੀਂ ਸਨ ਪੁੱਜੇ। ਵਿਭਾਗ ਦਾ ਕਹਿਣਾ ਸੀ ਕਿ ਅਜਿਹੇ ਸਕੂਲਾਂ ਦੀ ਪਛਾਣ ਦਾ ਕੰਮ ਜਾਰੀ ਹੈ। ਪਿਛਲੇ ਦਿਨੀਂ ਵਿਭਾਗ ਵੱਲੋਂ 40 ਅਜਿਹੇ ਸੀæਬੀæਐਸ਼ਈæ ਤੇ ਆਈæਸੀæਐਸ਼ਈæ ਸਕੂਲਾਂ ਦੀ ਪਛਾਣ ਦਾ ਦਾਅਵਾ ਕੀਤਾ ਗਿਆ ਸੀ, ਜਿਹੜੇ ਕਿ ਕਿਸੇ ਨਾ ਕਿਸੇ ਰੂਪ ਵਿਚ ਉਪਰੋਕਤ ਐਕਟ ਦੀ ਪਾਲਣਾ ਨਹੀਂ ਕਰ ਰਹੇ ਸਨ, ਪਰ ਇਹ 40 ਸਕੂਲ ਸਿਰਫ ਪੰਜ ਜ਼ਿਲ੍ਹਿਆਂ ਮੁਹਾਲੀ, ਪਠਾਨਕੋਟ, ਬਰਨਾਲਾ, ਰੋਪੜ ਤੇ ਲੁਧਿਆਣੇ ਨਾਲ ਹੀ ਸਬੰਧਤ ਸਨ। ਪਿਛਲੇ ਦਿਨੀਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣੇ ਦੇ ਵਫਦ ਨੇ ਅੰਮ੍ਰਿਤਸਰ ਤੇ ਬਟਾਲੇ ਦਾ ਨਾਮ ਲੈਂਦਿਆਂ ਸਿੱਖਿਆ ਮੰਤਰੀ ਡਾæ ਦਲਜੀਤ ਸਿੰਘ ਚੀਮਾ ਨਾਲ ਮੁਲਾਕਾਤ ਦੌਰਾਨ ਇਹ ਗੱਲ ਸਾਂਝੀ ਕੀਤੀ ਸੀ ਕਿ ਉਹ ਪੰਜਾਬ ਦੇ ਅਜਿਹੇ ਸਕੂਲਾਂ ਦੇ ਨਾਂ ਦੱਸ ਸਕਦੇ ਹਨ, ਜਿਥੇ ਪੰਜਾਬੀ ਨਹੀਂ ਪੜ੍ਹਾਈ ਜਾ ਰਹੀ, ਪਰ ਅੰਮ੍ਰਿਤਸਰ ਜਾਂ ਗੁਰਦਾਸਪੁਰ ਜ਼ਿਲ੍ਹੇ ਦਾ ਕੋਈ ਸਕੂਲ ਸਰਕਾਰ ਵੱਲੋਂ ਤਿਆਰ ਸੂਚੀ ਵਿਚ ਸ਼ਾਮਲ ਹੀ ਨਹੀਂ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਸਿੱਖਿਆ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਵੱਲੋਂ ਇਸ ਐਕਟ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਦੀ ਜੋ ਸੂਚੀ ਸਿੱਖਿਆ ਮੰਤਰੀ ਅੱਗੇ ਰੱਖੀ ਗਈ ਸੀ, ਉਸ ਸੂਚੀ ਵਿਚ ਸਕੂਲਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਾਰਨ ਸਥਿਤੀ ਗੁੰਝਲਦਾਰ ਹੋ ਗਈ ਸੀ। ਇਸ ਤੋਂ ਬਾਅਦ ਮਹਿਕਮੇ ਵੱਲੋਂ ਕੁਝ ਨੁਕਤਿਆਂ ਤੋਂ ਆਧਾਰ ਬਣਾ ਕੇ ਸੂਚੀ ਵਿਚੋਂ ਸਕੂਲਾਂ ਦੀ ਛਾਂਟੀ ਕੀਤੀ ਗਈ ਤੇ ਸਿਰਫ 40 ਸਕੂਲ ਸੂਚੀ ਵਿਚ ਜ਼ਾਹਰ ਕੀਤੇ ਗਏ।
ਸਿੱਖਿਆ ਮੰਤਰੀ ਡਾæ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਉਨ੍ਹਾਂ ਸਾਹਿਤ ਅਕੈਡਮੀ ਦੇ ਵਫਦ ਨੂੰ ਅਜਿਹੇ ਸਕੂਲਾਂ ਬਾਰੇ ਦੱਸਣ ਲਈ ਕਿਹਾ ਸੀ, ਜੋ ਉਪਰੋਕਤ ਐਕਟ ਦੀ ਉਲੰਘਣਾ ਕਰ ਰਹੇ ਹਨ, ਪਰ ਉਨ੍ਹਾਂ ਕੋਲ ਅਜਿਹੇ ਸਕੂਲਾਂ ਦੇ ਨਾਂ ਨਹੀਂ ਸਨ। ਡਾæ ਚੀਮਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਅਜੇ ਆਰਮੀ ਦੇ ਸਕੂਲ ਤੇ ਕੇਂਦਰੀ ਵਿਦਿਆਲੇ ਇਸ ਵਿਚ ਸ਼ਾਮਲ ਨਹੀਂ ਕੀਤੇ ਗਏ। ਸਿੱਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਦਿਨੀਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੀ ਬੈਠਕ ਵਿਚ ਇਹ ਸਪਸ਼ਟ ਆਖ ਦਿੱਤਾ ਸੀ ਕਿ ਉਹ ਉਨ੍ਹਾਂ ਦੀਆਂ ਸਕੂਲਾਂ ਸਬੰਧੀ ਰਿਪੋਰਟਾਂ ਤੋਂ ਸੰਤੁਸ਼ਟ ਨਹੀਂ, ਇਸ ਲਈ ਮੁੜ ਸਕੂਲਾਂ ਦੀ ਚੈਕਿੰਗ ਕੀਤੀ ਜਾਵੇ।
_________________________________________________
ਕੌਮਾਂਤਰੀ ਪੁਸਤਕ ਮੇਲੇ ‘ਚ ਮਿਲਿਆ ਪੰਜਾਬੀ ਨੂੰ ਮਾਣ
ਨਵੀਂ ਦਿੱਲੀ: ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿਖੇ ਨੈਸ਼ਨਲ ਬੁੱਕ ਟਰੱਸਟ ਵੱਲੋਂ ਲਗਾਏ ਗਏ ਕੌਮਾਂਤਰੀ ਪੁਸਤਕ ਮੇਲੇ ਵਿਚ ਪੰਜਾਬੀ ਪ੍ਰਕਾਸ਼ਕਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਪੁਸਤਕ ਮੇਲੇ ਵਿਚ ਨਵਯੁਗ ਪਬਲਿਸ਼ਰਜ਼, ਨੈਸ਼ਨਲ ਬੁੱਕ ਸ਼ਾਪ, ਸ਼ਿਲਾਲੇਖ, ਮਨਪ੍ਰੀਤ ਪ੍ਰਕਾਸ਼ਨ ਤੇ ਆਰਸੀ ਪਬਲਿਸ਼ਰਜ਼ ਨੇ ਹਾਲ ਨੰਬਰ 12 ਵਿਚ ਲਗਾਏ ਗਏ ਸਟਾਲਾਂ ‘ਤੇ ਪੁਸਤਕਾਂ ਨੂੰ ਪ੍ਰਦਰਸ਼ਿਤ ਕੀਤਾ। ਪਾਠਕਾਂ ਵੱਲੋਂ ਪੁਸਤਕਾਂ ਵਿਚ ਦਿਲਚਸਪੀ ਵਿਖਾਈ ਗਈ। ਨਾਵਲ, ਕਹਾਣੀਆਂ ਦੀਆਂ ਪੁਸਤਕਾਂ ਦੀ ਮੰਗ ਵੱਧ ਰਹੀ। ਮਨਪ੍ਰੀਤ ਪ੍ਰਕਾਸ਼ਨ ਦੇ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਕਾਲਜਾਂ ਦੇ ਵਿਦਿਆਰਥੀ ਆਪਣੇ ਵਿਸ਼ੇ ਦੀਆਂ ਪੁਸਤਕਾਂ ਨੂੰ ਖਰੀਦਣ ਵੱਲ ਉਤਸ਼ਾਹਿਤ ਹੋ ਰਹੇ ਹਨ ਤੇ ਇਹ ਪੰਜਾਬੀ ਭਾਸ਼ਾ ਦੀ ਤਰੱਕੀ ਦਾ ਸੂਚਕ ਹੈ। ਸ਼ਿਲਾਲੇਖ ਅਦਾਰੇ ਦੇ ਮਾਲਕ ਸਤੀਸ਼ ਕੁਮਾਰ ਦਾ ਕਹਿਣਾ ਹੈ ਕਿ ਪੰਜਾਬੀ ਦਾ ਪਾਠਕ ਪੁਸਤਕਾਂ ਪੜ੍ਹਨਾ ਚਾਹੁੰਦਾ ਹੈ, ਬੱਸ ਜ਼ਰੂਰਤ ਹੈ ਕਿ ਉਨ੍ਹਾਂ ਤੱਕ ਪਹੁੰਚ ਕਰਨ ਦੀ ਤੇ ਉਨ੍ਹਾਂ ਦੇ ਸਟਾਲ ‘ਤੇ ਵੀ ਪੰਜਾਬੀ ਭਾਸ਼ਾ ਦੀਆਂ ਪੁਸਤਕਾਂ ਖਰੀਦੀਆਂ ਜਾ ਰਹੀਆਂ ਹਨ।