ਪੰਜਾਬ ਦੀ ਬੇਚੈਨੀ ਦਾ ਕੀ ਹੋਵੇ ਜਵਾਬæææ

ਮੁਕਤਸਰ ਵਿਚ ਮਾਘੀ ਮੇਲੇ ਮੌਕੇ ਹੋਈਆਂ ਸਿਆਸੀ ਰੈਲੀਆਂ ਨੇ ਪੰਜਾਬ ਅਤੇ ਪੰਜਾਬ ਦੀ ਸਿਆਸਤ ਬਾਰੇ ਨਵੀਂ ਚਰਚਾ ਛੇੜ ਦਿੱਤੀ ਹੈ। ਇਸ ਮੇਲੇ ਵਿਚ ਜੋ ਹੁੰਗਾਰਾ ਲੋਕਾਂ ਨੇ ਆਮ ਆਦਮੀ ਪਾਰਟੀ (ਆਪ) ਨੂੰ ਦਿੱਤਾ ਹੈ, ਉਸ ਨੇ ਮੁੱਖ ਸਿਆਸੀ ਧਿਰਾਂ ਵਿਚ ਖਲਬਲੀ ਮਚਾ ਦਿੱਤੀ ਹੈ ਅਤੇ ਇਹ ਨਵੇਂ ਸਿਰਿਓਂ ਰਣਨੀਤੀਆਂ ਘੜਨ ਵਿਚ ਰੁੱਝ ਗਈਆਂ ਹਨ। ਇਸ ਬਾਰੇ ਵੱਖ-ਵੱਖ ਲੇਖਕਾਂ, ਬੁੱਧੀਜੀਵੀਆਂ, ਪੱਤਰਕਾਰਾਂ ਤੇ ਪੰਜਾਬ ਨਾਲ ਲਾਗਾ-ਦੇਗਾ ਰੱਖਣ ਵਾਲਿਆਂ ਨੇ ਖੁੱਲ੍ਹ ਕੇ ਲਿਖਿਆ ਹੈ।

ਪੰਜਾਬ ਅਤੇ ਆਲੇ-ਦੁਆਲੇ ਦੇ ਖਿੱਤੇ ਵਿਚ ਖਾਸ ਅਸਰ ਰੱਖਣ ਵਾਲੀ ਅੰਗਰਜ਼ੀ ਅਖਬਾਰ ‘ਦਿ ਟ੍ਰਿਬਿਊਨ’ ਦੇ ਮੁੱਖ ਸੰਪਾਦਕ ਹਰੀਸ਼ ਖਰੇ ਨੇ ਵੀ ਇਸ ਬਾਰੇ ਖਾਸ ਟਿੱਪਣੀ ਕੀਤੀ ਹੈ। -ਸੰਪਾਦਕ

ਹਰੀਸ਼ ਖਰੇ
ਪੰਜਾਬ ਹੁਣ ਤਬਦੀਲੀ ਦੇ ਰੌਂਅ ਵਿਚ ਆ ਗਿਆ ਜਾਪਦਾ ਹੈ। ਲੰਘੇ ਵੀਰਵਾਰ ਨੂੰ ਮੁਕਤਸਰ ਵਿਚ ਮਾਘੀ ਦੇ ਮੇਲੇ ਤੋਂ ਇਹ ਗੱਲ ਪੂਰੀ ਤਰ੍ਹਾਂ ਸਾਫ਼ ਹੋ ਗਈ ਹੈ। ਪੰਜਾਬ ਦੀਆਂ ਤਿੰਨ ਵੱਡੀਆਂ ਸਿਆਸੀ ਧਿਰਾਂ- ਸੱਤਾਧਾਰੀ ਅਕਾਲੀ ਦਲ, ਕਾਂਗਰਸ ਅਤੇ ਨਵੀਂ-ਨਵੇਲੀ ਆਮ ਆਦਮੀ ਪਾਰਟੀ (ਆਪ) ਨੇ ਤਿਉਹਾਰ ਦੇ ਇਸ ਮੌਕੇ ਨੂੰ ਗਿਣ-ਮਿੱਥ ਕੇ ਸ਼ਕਤੀ ਪ੍ਰਦਰਸ਼ਨ ਵਿਚ ਬਦਲ ਕੇ ਰੱਖ ਦਿੱਤਾ। ਅਜਿਹੀ ਕੋਈ ਸੰਵਿਧਾਨਿਕ ਬੰਦਸ਼ ਨਹੀਂ ਹੈ ਜਿਸ ਕਰ ਕੇ ਇਨ੍ਹਾਂ ਸਿਆਸੀ ਪਾਰਟੀਆਂ ਨੂੰ ਮਾਘੀ ਮੇਲੇ ‘ਤੇ ਇਵੇਂ ਆਪਣੇ ਹੱਥ ਦਿਖਾਉਣੇ ਪੈਣ, ਪਰ ਰਵਾਇਤੀ ਸੂਝ ਦੇ ਤਕਾਜ਼ੇ ਤੋਂ ਆਗੂਆਂ ਨੂੰ ਇੰਜ ਕਰਨਾ ਪੈਂਦਾ ਹੈ।
ਮੇਲੇ ‘ਤੇ ਬਾਦਲਾਂ ਨੇ ਇੱਕ ਵਾਰ ਫਿਰ ਆਪਣੇ ਕੁਨਬੇ ਦੀ ਏਕਤਾ ਦੀ ਨੁਮਾਇਸ਼ ਕੀਤੀ। ਅਮਰਿੰਦਰ ਸਿੰਘ ਚੰਗੇ ਕਪਤਾਨ ਵਾਂਗ ਆਪਣੇ ਝੁੰਡ ਨੂੰ ਸੰਭਾਲਣ ਦਾ ਵਿਖਾਵਾ ਕਰਦੇ ਦਿਸੇ। ‘ਆਪ’ ਦੇ ਖ਼ੇਮੇ ਦੀ ਅਗਵਾਈ ਮਾਰਖੁੰਡਾ ਮਹੰਤ ਅਰਵਿੰਦ ਕੇਜਰੀਵਾਲ ਕਰ ਰਿਹਾ ਸੀ ਜਿਸ ਨੇ ਪੰਜਾਬ ਦੀ ਧਰਤੀ ਤੋਂ ਗੁਨਾਹਾਂ ਤੇ ਭ੍ਰਿਸ਼ਟਾਚਾਰ ਦੇ ਘੁਰਨਿਆਂ ਨੂੰ ਸਾੜ ਕੇ ਸੁਆਹ ਕਰ ਦੇਣ ਦਾ ਅਹਿਦ ਲਿਆ।
ਮਾਘੀ ਮੇਲੇ ‘ਤੇ ਹੋਈਆਂ ਤਿੰਨੇ ਇਕੱਤਰਤਾਵਾਂ ਦੇ ਆਕਾਰ ਅਤੇ ਰੁਖ਼ ਬਾਰੇ ਵੱਖੋ-ਵੱਖਰੇ ਅਨੁਮਾਨ ਅਤੇ ਵਿਸ਼ਲੇਸ਼ਣ ਪੇਸ਼ ਕੀਤੇ ਜਾ ਰਹੇ ਹਨ, ਪਰ ਵੱਡੀ ਗੱਲ ਇਹ ਹੈ ਕਿ ਪੰਜਾਬ ਵਿਚ ਵੱਡੇ ਪੱਧਰ ‘ਤੇ ਸਰੋਕਾਰ ਅਤੇ ਬੇਚੈਨੀਆਂ ਨਜ਼ਰ ਆ ਰਹੀਆਂ ਹਨ।
‘ਆਪ’ ਦੇ ਪੰਡਾਲ ਵਿਚ ਜ਼ਬਰਦਸਤ ਹਾਜ਼ਰੀ ਤੋਂ ਕਈ ਲੋਕ ਸੋਚਣ ਲਈ ਮਜਬੂਰ ਹੋ ਗਏ ਹਨ ਕਿ ਆਖ਼ਿਰ ਇਸ ਨਵੀਂ ਪਾਰਟੀ ਕੋਲ ਕਿਹੜੀ ਗਿੱਦੜਸਿੰਗੀ ਆ ਗਈ ਹੈ। ਹਾਲਾਂਕਿ ਬਾਦਲਾਂ ਤੇ ਕਾਂਗਰਸ ਦੀਆਂ ਰੈਲੀਆਂ ਵਿਚ ਵੀ ਖ਼ਾਸਾ ਇਕੱਠ ਸੀ, ਪਰ ‘ਆਪ’ ਦੀ ਰੈਲੀ ਨੂੰ ਦੇਖ ਕੇ ਵਿਰੋਧੀ ਵੀ ਦੰਗ ਰਹਿ ਗਏ ਹਨ। ਜ਼ਾਹਿਰ ਹੈ ਕਿ ਪੰਜਾਬ ਦੀ ਰੂਹ ਨੂੰ ਕੋਈ ਚੀਜ਼ ਬੇਚੈਨ ਕਰ ਰਹੀ ਹੈ।
ਇਹ ਠੀਕ ਹੈ ਕਿ ਨੌਂ ਸਾਲਾਂ ਤੋਂ ਇੱਕ ਹੀ ਖ਼ਾਨਦਾਨ ਦੇ ਰਾਜ ਤੋਂ ਬਾਅਦ ਪੰਜਾਬ ਨੂੰ ਨਵੀਂ ਪੰਜਾਲੀ ਦੀ ਲੋੜ ਹੈ; ਇਹ ਵੀ ਕਿ ਸੂਬੇ ਨੂੰ ਸਨਕ ਤੇ ਭ੍ਰਿਸ਼ਟਾਚਾਰ ਦੇ ਮਾਹੌਲ ਤੋਂ ਰਾਹਤ ਮਿਲਣੀ ਚਾਹੀਦੀ ਹੈ, ਪਰ ਸਵਾਲ ਇਹ ਵੀ ਹੈ ਕਿ ਪੰਜਾਬ ਜਿਹੜੇ ਨਵੇਂ ਹਾਕਮਾਂ ਨੂੰ ਹੁਣ ਤਲਾਸ਼ ਰਿਹਾ ਹੈ, ਕੀ ‘ਆਪ’ ਉਸ ਦਾ ਜਵਾਬ ਪੇਸ਼ ਕਰਦੀ ਹੈ?
ਕੁਲ ਮਿਲਾ ਕੇ ਦਿੱਲੀ ਵਿਚ ‘ਆਪ’ ਦਾ ਤਜਰਬਾ ਰਲਿਆ-ਮਿਲਿਆ ਰਿਹਾ ਹੈ। ਇਹ ਵੀ ਸਵਾਲ ਉੱਠਦਾ ਹੈ ਕਿ ‘ਟੋਪੀ ਵਾਲਿਆਂ’ (ਜਿਸ ਸ਼ਬਦ ਦੀ ਵਰਤੋਂ ਇੱਕ ਅਕਾਲੀ ਆਗੂ ਨੇ ‘ਆਪ’ ਲਈ ਕੀਤੀ ਸੀ) ਦੀ ਟੋਲੀ ਕਿੰਨੇ ਕੁ ਸਮੇਂ ਤਕ ‘ਆਪ’ ਦੇ ਹਮਾਇਤੀ ਲੋਕਾਂ ਦਾ ਉਤਸ਼ਾਹ ਤੇ ਰੋਸ ਜਗਾ ਕੇ ਰੱਖ ਸਕਦੀ ਹੈ। ਪੰਜਾਬ ਦੀਆਂ ਚੋਣਾਂ ਨੂੰ ਅਜੇ ਸਾਲ ਪਿਆ ਹੈ। ‘ਆਪ’ ਦੇ ਘਰ ਵਿਚ ਵੀ ਲੜਾਈ ਮਘ ਰਹੀ ਹੈ ਅਤੇ ਕਈ ਅਹਿਮ ਆਗੂ ਇਸ ਤੋਂ ਪਾਸੇ ਹੋ ਗਏ ਹਨ।
ਦੂਜੇ ਪਾਸੇ, ਅਰਵਿੰਦ ਕੇਜਰੀਵਾਲ ਨੂੰ ਨਿੱਤ ਨਵੇਂ ਤੇ ਗ਼ੈਰ-ਰਵਾਇਤੀ ਪੈਂਤੜੇ ਅਜ਼ਮਾਉਣ ਦੀ ਕਲਾ ਆਉਂਦੀ ਹੈ। ਮੁਕਤਸਰ ਵਿਚ ਉਸ ਨੇ ਆਪਣੇ ਕਿਸੇ ਵੀ ਵਿਰੋਧੀ ਨੂੰ ਨਹੀਂ ਬਖ਼ਸ਼ਿਆ। ਇਹੀ ਉਸ ਦੇ ਕਸਬ ਦਾ ਖ਼ਾਸਾ ਹੈ ਤੇ ਇਹੀ ਗੱਲ ਲੋਕਾਂ ਨੂੰ ਖਿੱਚ ਪਾਉਂਦੀ ਹੈ। ਅਰਵਿੰਦ ਕੇਜਰੀਵਾਲ ਅਤੇ ਉਸ ਦੇ ਰਣਨੀਤੀਕਾਰਾਂ ਸਾਹਮਣੇ ਪੰਜਾਬ ਦੇ ਲੋਕਾਂ ਦੀ ਇਹ ਯਕੀਨਦਹਾਨੀ ਕਰਾਉਣ ਦਾ ਕਾਰਜ ਹੋਵੇਗਾ ਕਿ ‘ਆਪ’ ਦੇ ਅਫ਼ਲਾਤੂਨਾਂ ਨੂੰ ਅਜਿਹੇ ਅਨੁਸ਼ਾਸਿਤ ਬਲ ਵਿਚ ਤਬਦੀਲ ਕੀਤਾ ਜਾ ਸਕਦਾ ਹੈ ਜਿਸ ਨੂੰ ਸ਼ਾਸਨ ਦੀ ਜ਼ਿੰਮੇਵਾਰੀ ਦਿੱਤੀ ਜਾ ਸਕੇ। ਦਿੱਲੀ ਵਿਚ ਸ਼ਾਸਕਾਂ ਨੂੰ ਜਿਹੋ ਜਿਹੀਆਂ ਗਸ਼ੀਆਂ ਪੈ ਰਹੀਆਂ ਹਨ, ਉਸ ਦੇ ਮੱਦੇਨਜ਼ਰ ਇਹ ਕੋਈ ਸੌਖਾ ਕੰਮ ਨਹੀਂ ਹੈ।
ਮਨਪ੍ਰੀਤ ਸਿੰਘ ਬਾਦਲ: ਹੁਣੇ-ਹੁਣੇ ਕਾਂਗਰਸ ਵਿਚ ਸ਼ਾਮਲ ਹੋਏ, ਵੱਡੇ ਬਾਦਲ ਦੇ ‘ਨਾਰਾਜ਼ ਭਤੀਜੇ’ ਮਨਪ੍ਰੀਤ ਸਿੰਘ ਬਾਦਲ ਨੇ ‘ਆਦਰਸ਼ਵਾਦ ਨੂੰ ਇੱਕ ਮੌਕਾ’ ਦਿੱਤੇ ਜਾਣ ਦੀ ਗੱਲ ਕੀਤੀ ਹੈ। ਮਨਪ੍ਰੀਤ ਚੰਗਾ ਬੰਦਾ ਹੈ ਤੇ ਸ਼ਾਇਦ ਕੁਝ ਜ਼ਿਆਦਾ ਹੀ ਸਮਝਦਾਰ ਤੇ ਸੰਜੀਦਾ ਵੀ ਹੈ ਜਿਸ ਨੂੰ ਨਵੇਂ ਸਿਆਸੀ ਘਰ ਸੌਖਿਆ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਉਂਜ, ਅਕਾਲੀ ਦਲ ਵਿਚ ਹੁੰਦਿਆਂ ਉਸ ਨੂੰ ਦਰਮਿਆਨੇ ਕਿਸਮ ਦੇ ਆਗੂਆਂ ਹੇਠ ਕੰਮ ਕਰਨ ਦਾ ਤਜਰਬਾ ਹਾਸਲ ਹੋ ਚੁੱਕਿਆ ਹੈ। ਹੁਣ ਉਸ ਨੂੰ ਇਹ ਗੱਲ ਸਮਝ ਆ ਗਈ ਹੈ ਕਿ ਮੋਰਚੇ ਤੋਂ ਲਾਂਭੇ ਹੋਣ ਦਾ ਕੀ ਮਤਲਬ ਹੈ ਅਤੇ ਮੁੱਖ ਧਾਰਾ ਦੀ ਕੀ ਅਹਿਮੀਅਤ ਹੁੰਦੀ ਹੈ ਜਿਸ ਕਰ ਕੇ ਉਸ ਨੂੰ ਨਵੀਂ ਥਾਂ ਵਿਚਾਰਾਂ ਤੇ ਖਿਆਲਾਂ ਦਾ ਚੰਗਾ ਤਾਲਮੇਲ ਬਿਠਾਉਣ ਵਿਚ ਮਦਦ ਮਿਲੇਗੀ। ਉਸ ਦੇ ਵਿਚਾਰਾਂ ਤੇ ਉਤਸ਼ਾਹ ਦਾ ਦੇਸ਼ ਦੀ ਸਭ ਤੋਂ ਪੁਰਾਣੀ, ਪਰ ਬੌਧਿਕ ਤੌਰ ‘ਤੇ ਮੰਦੜੇ ਹਾਲੀਂ ਗੁਜ਼ਰ ਰਹੀ ਪਾਰਟੀ ਵਿਚ ਮੁੱਲ ਪੈ ਸਕਦਾ ਹੈ।
ਵੱਡੀ ਗੱਲ ਇਹ ਹੈ ਕਿ ਮਨਪ੍ਰੀਤ ਅਜਿਹੇ ਸਮੇਂ ਕਾਂਗਰਸ ਵਿਚ ਸ਼ਾਮਲ ਹੋਇਆ ਹੈ ਜਦੋਂ ਪੰਜਾਬ ਵਿਚ ਚੋਣਾਂ ਨੂੰ ਸਾਲ ਕੁ ਰਹਿੰਦਾ ਹੈ। ਕਾਂਗਰਸ ਦੇ ਪੁਸ਼ਤੈਨੀ ਕਲਚਰ ਦੇ ਲਿਹਾਜ਼ ਤੋਂ ਤਿਆਰੀ ਲਈ ਇਹ ਬਹੁਤਾ ਸਮਾਂ ਨਹੀਂ ਹੈ। ਮਨਪ੍ਰੀਤ ਦੀ ਮੌਜੂਦਗੀ ਨਾਲ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਸੂਬੇ ਨੂੰ ਦਰਪੇਸ਼ ਗੰਭੀਰ ਮੁੱਦਿਆਂ ‘ਤੇ ਆਪਣੀਆਂ ਪੁਜ਼ੀਸ਼ਨਾਂ ਸੰਵਾਰਨ ਦਾ ਚੰਗਾ ਮੌਕਾ ਮਿਲ ਸਕੇਗਾ। ਪੰਜਾਬ ਦੇ ਲੋਕਾਂ ਦਾ ਬੁਰਾ ਹਾਲ ਹੈ। ਉਨ੍ਹਾਂ ਨੂੰ ਸੰਵੇਦਨਸ਼ੀਲ ਤੇ ਸੰਜੀਦਾ ਆਗੂਆਂ ਅਤੇ ਕੁਸ਼ਲ ਤੇ ਕਾਰਗ਼ਰ ਪ੍ਰਸ਼ਾਸਨ ਦੀ ਬੇਹੱਦ ਲੋੜ ਹੈ। ਮਨਪ੍ਰੀਤ ਦੇ ਆਉਣ ਨਾਲ ਅਜਿਹਾ ਫ਼ਰਕ ਤਾਂ ਪੈ ਹੀ ਸਕਦਾ ਹੈ।
ਇਕਨਾਮਿਕ ਐਂਡ ਪੁਲੀਟੀਕਲ ਵੀਕਲੀ: ‘ਇਕਨਾਮਿਕ ਐਂਡ ਪੁਲੀਟੀਕਲ ਵੀਕਲੀ’ (ਈæਪੀæਡਬਲਿਊæ) ਭਾਰਤ ਦਾ ਸਭ ਤੋਂ ਵੱਧ ਸਤਿਕਾਰਿਆ ਜਾਂਦਾ ਅਤੇ ਵਿਚਾਰਾਂ ਦੇ ਪ੍ਰਵਾਹ ਤੇ ਵਿਸ਼ਲੇਸ਼ਣ ਦਾ ਅਨੂਠਾ ਰਸਾਲਾ ਹੈ। ਪਿਛਲੇ ਦਿਨੀਂ ਇਸ ਰਸਾਲੇ ਵਿਚ ਪੁਆੜਾ ਪੈਣ ਦੀ ਖ਼ਬਰ ਆਈ ਹੈ। ਸਮੁੱਚੇ ਦੱਖਣੀ ਏਸ਼ੀਆ ਦੇ ਵਿਦਵਾਨ ਤੇ ਮਾਹਿਰ ਇਸ ਨੂੰ ਈæਪੀæਡਬਲਿਊæ ਦੇ ਨਾਂ ਨਾਲ ਸੱਦਦੇ ਹਨ ਅਤੇ ਇਸ ਵਿਚ ਛਪਣਾ ਬੌਧਿਕ ਕਾਮਯਾਬੀ ਮੰਨਿਆ ਜਾਂਦਾ ਹੈ।
ਉਂਜ, ਬਹੁਤੇ ਲੋਕੀਂ ਇਸ ਰਸਾਲੇ ਬਾਰੇ ਅਣਜਾਣ ਹੀ ਹਨ । ਇਸ ‘ਤੇ ਹੈਰਾਨੀ ਵੀ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਆਮ ਲੋਕਾਂ ਲਈ ਜਾਂ ਫਿਰ ਕੋਈ ਲੋਕਪ੍ਰਿਆ ਰਸਾਲਾ ਨਹੀਂ ਹੈ। ਵੈਸੇ, ਪਿਛਲੇ ਪੰਜ ਦਹਾਕਿਆਂ ਦੀਆਂ ਕੋਸ਼ਿਸ਼ਾਂ ਸਦਕਾ ਇਹ ਭਾਰਤ ਦੀ ਅਕਾਦਮਿਕ ਬਰਾਦਰੀ ਦਾ ਸਭ ਤੋਂ ਸ਼ਕਤੀਸ਼ਾਲੀ ਮੰਚ ਬਣ ਚੁੱਕਾ ਹੈ।
ਇਹ ਅੰਤਾਂ ਦਾ ਸੁਤੰਤਰ, ਪ੍ਰਤੀਬੱਧ, ਉਦਾਰਵਾਦੀ ਅਤੇ ਖੱਬੇ ਪੱਖੀ ਝੁਕਾਅ ਵਾਲਾ ਮੰਚ ਹੈ। ਇਹ ਅਜਿਹਾ ਪ੍ਰਕਾਸ਼ਨ ਹੈ ਜੋ ਹੁੱਬ ਕੇ ਦੱਸਦਾ ਹੈ ਕਿ ਉਹ ਕੇਂਦਰ ਜਾਂ ਰਾਜ ਸਰਕਾਰਾਂ ਤੋਂ ਕੋਈ ਚੰਦਾ ਨਹੀਂ ਲੈਂਦੇ। ਇਸ ਦੇ ਸੰਪਾਦਕਾਂ ਦੇ ਫ਼ੈਸਲਿਆਂ ਤੇ ਫ਼ਤਵਿਆਂ ਦੀ ਬੌਧਿਕ ਦਿਆਨਤਦਾਰੀ ‘ਤੇ ਕਦੇ ਕਿਸੇ ਨੇ ਕਿੰਤੂ ਨਹੀਂ ਕੀਤਾ।
ਮੁੰਬਈ ਆਧਾਰਿਤ ‘ਸਮੀਕਸ਼ਾ ਟਰੱਸਟ’ ਇਸ ਦੇ ਮਾਮਲਿਆਂ ਦੀ ਦੇਖ-ਰੇਖ ਕਰਦਾ ਹੈ ਜਿਸ ਵਿਚ ਦੀਪਕ ਨਈਅਰ, ਆਂਦਰੇ ਬੇਤੀਲ, ਰੋਮਿੱਲਾ ਥਾਪਰ, ਯਾਂ ਦ੍ਰੀਜ਼ ਅਤੇ ਰਾਜੀਵ ਭਾਰਗਵ ਜਿਹੇ ਮੰਨੇ-ਪ੍ਰਮੰਨੇ ਤੇ ਸਤਿਕਾਰਤ ਵਿਦਵਾਨ ਸ਼ਾਮਲ ਹਨ। ਕੀ ਇਸ ਤੋਂ ਵੱਧ ਕੋਈ ਸ਼ਾਨਦਾਰ ਟਰੱਸਟ ਹੋ ਸਕਦਾ ਹੈ?
ਜੇ ਤੁਸੀਂ ਈæਪੀæਡਬਲਿਊæ ਪੜ੍ਹਦੇ ਹੋ ਤਾਂ ਤੁਸੀਂ ਖ਼ੁਦ ਨੂੰ ਵਿਦਵਾਨਾਂ ਦੀ ਵੱਖਰੀ ਤੇ ਉੱਚ ਪਾਏ ਦੀ ਬਰਾਦਰੀ ਦਾ ਹਿੱਸਾ ਸਮਝਣ ਲੱਗ ਪੈਂਦੇ ਹੋ। ਜੇ ਤੁਸੀਂ ਸਮਾਜ ਵਿਗਿਆਨ ਦੇ ਗਹਿਰ-ਗੰਭੀਰ ਵਿਦਿਆਰਥੀ ਹੋ ਤਾਂ ਤੁਸੀਂ ਈæਪੀæਡਬਲਿਊæ ਵਿਚ ਛਪਣ ਦਾ ਖ਼ਵਾਬ ਜ਼ਰੂਰ ਦੇਖਦੇ ਹੋਵੋਗੇ। ਕੁਝ ਤਾਂ ਇਸ ਰਸਾਲੇ ਦੇ ਸਹਾਇਕ ਸੰਪਾਦਕ ਬਣਨ ਦਾ ਖ਼ਵਾਬ ਵੀ ਲੈਂਦੇ ਹੋਣਗੇ। ਇਸ ਦਾ ਸੰਪਾਦਕ ਹੋਣਾ ਅਕਾਦਮਿਕ ਸੰਤੁਸ਼ਟੀ ਤੇ ਪ੍ਰਾਪਤੀ ਦਾ ਸਿਖਰ ਮੰਨਿਆ ਜਾਂਦਾ ਹੈ।
‘ਦਿ ਹਿੰਦੂ’ ਅਖ਼ਬਾਰ ਵਿਚ ਹੁੰਦਿਆਂ ਮੇਰੇ ਸਹਿਕਰਮੀ ਰਹੇ ਸੀæ ਰਾਮ ਮਨੋਹਰ ਰੈੱਡੀ 10 ਸਾਲਾਂ ਤੋਂ ਇਹ ਹਫ਼ਤਾਵਾਰੀ ਰਸਾਲੇ ਦਾ ਸੰਪਾਦਨ ਕਰਦੇ ਰਹੇ ਸਨ। ਹੁਣ ਅਚਾਨਕ ਇਹ ਖ਼ਬਰ ਆਈ ਹੈ ਕਿ ਉਨ੍ਹਾਂ ਆਪਣਾ ਅਸਤੀਫ਼ਾ ਦੇ ਦਿੱਤਾ ਹੈ, ਕਿਉਂਕਿ ਉਨ੍ਹਾਂ ਦੇ ਖਿਆਲ ਵਿਚ ‘ਸੰਪਾਦਕ ਦੀ ਖ਼ੁਦਮੁਖ਼ਤਾਰੀ’ ਵਿਚ ਦਖ਼ਲਅੰਦਾਜ਼ੀ ਕੀਤੀ ਗਈ ਹੈ।
ਉਂਜ, ਇਹ ਕੋਈ ਰੇੜਕਾ ਨਹੀਂ, ਸਗੋਂ ਮੱਤਭੇਦਾਂ ਦਾ ਮਾਮਲਾ ਹੈ। ਈæਪੀæਡਬਲਿਊæ ਦੀ 50ਵੀਂ ਵਰ੍ਹੇਗੰਢ ਕਿਸ ਤਰ੍ਹਾਂ ਮਨਾਈ ਜਾਣੀ ਚਾਹੀਦੀ ਹੈ (ਜਿਸ ਦੀ ਤਾਰੀਖ਼ ਅਗਲੇ ਅਪਰੈਲ ਵਿਚ ਆ ਰਹੀ ਹੈ), ਮਤਭੇਦਾਂ ਦੀ ਮੂਲ ਵਜ੍ਹਾ ਹੈ। ਸੁਣਨ ਵਿਚ ਆਇਆ ਹੈ ਕਿ ਰਾਮ ਮਨੋਹਰ ਰੈੱਡੀ ਨੇ ਟਰੱਸਟ ਦੇ ਬਾਹਰੋਂ ਕੁਝ ਫੰਡ ਇਕੱਠੇ ਕੀਤੇ ਸਨ ਅਤੇ ਸਮੀਕਸ਼ਾ ਟਰੱਸਟ ਦੇ ਮੈਂਬਰ ਉਸ ਦੇ ਇਸ ਕਦਮ ਨਾਲ ਸਹਿਮਤ ਨਹੀਂ ਸਨ। ਟਰੱਸਟ ਮੈਂਬਰ ਮਹਿਸੂਸ ਕਰਦੇ ਸਨ ਕਿ ਸੰਪਾਦਕ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ, ਜਦਕਿ ਸੰਪਾਦਕ ਦਾ ਮੱਤ ਸੀ ਕਿ ਜਵਾਬਦੇਹੀ ਉਸ ਦੇ ਅਧਿਕਾਰ ਖੇਤਰ ਵਿਚ ਅਣਪ੍ਰਵਾਨਿਤ ਦਖ਼ਲਅੰਦਾਜ਼ੀ ਹੈ।
ਰਾਬਤੇ ਦੀ ਲੜੀ ਟੁੱਟ ਗਈ। ਇੱਕ ਟਰੱਸਟੀ (ਯਾਂ ਦ੍ਰੀਜ਼) ਨੇ ਸੰਪਾਦਕ ਦੀ ਪੈਰਵੀ ਕਰਦਿਆਂ ਟਰੱਸਟ ਤੋਂ ਅਸਤੀਫ਼ਾ ਦੇ ਦਿੱਤਾ। ਇਸ ਬਖੇੜੇ ਕਾਰਨ ਸਮੁੱਚੀ ਉਦਾਰਵਾਦੀ ਬਰਾਦਰੀ ਨੂੰ ਤਕਲੀਫ਼ ਹੋਈ ਹੈ। ਈæਪੀæਡਬਲਿਊæ ਦੇ ਇਸ ਕਾਂਡ ਨੇ ਸਾਡੀ ਬੁੱਧੀਜੀਵੀ ਬਰਾਦਰੀ ਅੰਦਰ ਝਾਕਣ ਦਾ ਬੇਮਿਸਾਲ ਮੌਕਾ ਦਿੱਤਾ ਹੈ। ਇੱਕੋ ਜਿਹੇ ਬੌਧਿਕ ਮਿਆਰ, ਮਿਲਦੇ-ਜੁਲਦੇ ਸੁਭਾਅ ਤੇ ਨਿਸਬਤਨ ਇੱਕੋ ਜਿਹੀਆਂ ਪ੍ਰਾਪਤੀਆਂ ਵਾਲੇ ਸੱਤ-ਅੱਠ ਕੁ ਜਣਿਆਂ ਲਈ ਵੀ ਕਈ ਵਾਰ ਮਿਲ-ਜੁਲ ਕੇ ਚੱਲਣਾ ਕਿੰਨਾ ਔਖਾ ਤੇ ਪ੍ਰੇਸ਼ਾਨਕੁਨ ਹੋ ਜਾਂਦਾ ਹੈ। ਉਦਾਰਵਾਦੀਆਂ ਦੀ ਇਹ ਸ਼ਕਤੀ ਵੀ ਹੈ ਅਤੇ ਕਮਜ਼ੋਰੀ ਵੀ।