ਦਿਲ ਹੋਣਾ ਚਾਹੀਦੈ ਜੁਆਨ-ਬਾਬਾ ਫੌਜਾ ਸਿੰਘ

ਪ੍ਰਿੰæ ਸਰਵਣ ਸਿੰਘ
ਫੋਨ: 905-799-1661
ਬਾਬਾ ਫੌਜਾ ਸਿੰਘ ਇਨ੍ਹੀਂ ਦਿਨੀਂ ਪੰਜਾਬ ਆਇਆ ਹੋਇਐ। ਉਹ ਰੌਣਕੀ ਬੰਦਾ ਹੈ। ਸਿਰੇ ਦਾ ਗਾਲੜੀ। ਬੇਫਿਕਰ, ਬੇਪਰਵਾਹ, ਦਾਨੀ ਤੇ ਦਇਆਵਾਨ। ਲੰਮੀਆਂ ਦੌੜਾਂ ਦਾ ਬਾਦਸ਼ਾਹ। ਉਹਨੇ ਗੁੰਮਨਾਮੀ ‘ਚ ਚੱਲ ਵਸਣਾ ਸੀ, ਜੇ ਲੰਮੀਆਂ ਦੌੜਾਂ ਨਾ ਲਾਉਂਦਾ। ਉਸ ਨੂੰ 2004, 2008 ਤੇ 2012 ਦੀਆਂ ਓਲੰਪਿਕ ਖੇਡਾਂ ਦੀ ਮਿਸ਼ਾਲ ਲੈ ਕੇ ਦੌੜਨ ਦਾ ਮਾਣ ਮਿਲਿਆ। ਆਸ ਹੈ ਉਹ 2016 ਦੀਆਂ ਓਲੰਪਿਕ ਖੇਡਾਂ ਦੀ ਮਿਸ਼ਾਲ ਵੀ ਫੜੇਗਾ। ਉਸ ਨੂੰ ਮਹਾਰਾਣੀ ਬਰਤਾਨੀਆ ਨੇ ਸੌ ਸਾਲ ਦਾ ਹੋ ਜਾਣ ਦੀ ਵਧਾਈ ਦਿੱਤੀ ਤੇ ਮਹਿਲਾਂ ਵਿਚ ਖਾਣੇ ‘ਤੇ ਸੱਦਿਆ। ਉਹ ਸੌ ਸਾਲ ਤੋਂ ਵਡੇਰੀ ਉਮਰ ਦਾ ਪਹਿਲਾ ਮਨੁੱਖ ਹੈ ਜਿਸ ਨੇ ਅਕਤੂਬਰ 2011 ਵਿਚ ਟੋਰਾਂਟੋ ਦੀ ਵਾਟਰ ਫਰੰਟ ਮੈਰਾਥਨ ਦੌੜਦਿਆਂ 42æ2 ਕਿਲੋਮੀਟਰ ਦਾ ਪੰਧ 8 ਘੰਟੇ 11 ਮਿੰਟ 6 ਸੈਕੰਡ ਵਿਚ ਪੂਰਾ ਕੀਤਾ। ਉਹਦਾ ਨਾਂ ਗਿੱਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਵਿਚ ਆ ਜਾਣਾ ਸੀ ਜੇ ਉਹਦੀ ਜਨਮ ਤਾਰੀਖ਼ ਦਾ ਅਸਲੀ ਸਰਟੀਫਿਕੇਟ ਲੱਭ ਜਾਂਦਾ!
ਫੌਜਾ ਸਿੰਘ ਨਾਲ ਮੇਰੀ ਪਹਿਲੀ ਮੁਲਾਕਾਤ 1999 ਵਿਚ ਲੰਡਨ ਲਾਗੇ ਈਰਥ ਵੂਲਿਚ ਦੇ ਟੂਰਨਾਮੈਂਟ ‘ਤੇ ਹੋਈ ਸੀ। ਉਥੇ ਉਹ ਕਬੱਡੀ ਦੇ ਦਾਇਰੇ ਦੁਆਲੇ ਦੌੜ ਰਿਹਾ ਸੀ। ਉਹਦੀ ਲੰਮੀ ਦਾਹੜੀ ਝੂਲ ਰਹੀ ਸੀ ਤੇ ਪੱਗ ਉਤੇ ਲਾਇਆ ਖੰਡਾ ਲਿਸ਼ਕ ਰਿਹਾ ਸੀ। ਮੈਂ ਸਮਝਿਆ ਕੋਈ ਖ਼ਬਤੀ ਬੁੱਢਾ ਪੀਤੀ ਬੀਅਰ ਖਿੜਾ ਰਿਹਾ ਹੈ ਪਰ ਪਿੱਛੋਂ ਪਤਾ ਲੱਗਾ ਕਿ ਉਹ ਤਾਂ ਮੈਰਾਥਨ ਦੌੜ ਦਾ ਵੈਟਰਨ ਵਰਲਡ ਚੈਂਪੀਅਨ ਸੀ। ਦੂਜੀ ਮੁਲਾਕਾਤ ਟੋਰਾਂਟੋ ਵਿਚ ਸਕੋਸ਼ੀਆ ਬੈਂਕ ਦੀ ਮੈਰਾਥਨ ਦੌੜ ਸਮੇਂ ਹੋਈ। ਉਥੇ ਉਸ ਨੇ 92 ਸਾਲ ਦੀ ਉਮਰ ਵਿਚ 42æ2 ਕਿਲੋਮੀਟਰ ਦੀ ਦੌੜ 5 ਘੰਟੇ 40 ਮਿੰਟ 04 ਸਕਿੰਟ ਵਿਚ ਪੂਰੀ ਕਰ ਕੇ ਵਡਉਮਰਿਆਂ ਦਾ ਨਵਾਂ ਵਿਸ਼ਵ ਰਿਕਾਰਡ ਰੱਖਿਆ ਸੀ।
ਤੀਜੀ ਮੁਲਾਕਾਤ ਬਰਮਿੰਘਮ ਲਾਗੇ ਟੈਲਫੋਰਡ ਦੇ ਟੂਰਨਾਮੈਂਟ ਵਿਚ ਹੋਈ ਜਿਥੇ ਉਹ ਐਡੀਦਾਸ ਦੇ ਬੂਟ ਪਾਈ ਫਿਰਦਾ ਸੀ ਜਿਨ੍ਹਾਂ ਦੀ ਮਸ਼ਹੂਰੀ ਲਈ ਕੰਪਨੀ ਨੇ ਉਸ ਨੂੰ ਆਪਣਾ ਬਰਾਂਡ ਅੰਬੈਸਡਰ ਬਣਾਇਆ ਸੀ। ਉਸ ਦੇ ਇਕ ਬੂਟ ਉਤੇ ‘ਫੌਜਾ’ ਛਪਿਆ ਹੋਇਆ ਸੀ ਤੇ ਦੂਜੇ ਉਤੇ ‘ਸਿੰਘ’। ਚੌਥੀ ਮੁਲਾਕਾਤ ਵੈਨਕੂਵਰ ਵਿਚ 15 ਸਤੰਬਰ 2006 ਨੂੰ ਵੈਨਕੂਵਰ ਨੇੜੇ ਨਿਊ ਵੈਸਟਮਿਨਸਟਰ ਦੇ ਕਬੱਡੀ ਟੂਰਨਾਮੈਂਟ ‘ਤੇ ਹੋਈ। ਮੈਂ ਟੋਰਾਂਟੋ ਤੋਂ ਗਿਆ ਸਾਂ ਤੇ ਉਹ ਇੰਗਲੈਂਡ ਤੋਂ ਆਇਆ ਸੀ।
ਮੈਂ ਫੌਜਾ ਸਿੰਘ ਨੂੰ ਬਾਬਾ ਕਹਿਣੋਂ ਸੰਗਦਾ ਸਾਂ ਕਿਉਂਕਿ ਉਹ ਜੁਆਨਾਂ ਵਾਂਗ ਦੌੜ ਰਿਹਾ ਸੀ। ਉਸ ਨੇ ਕਿਹਾ ਕਿ ਜਿਹੜਾ ਬੰਦਾ ਪੜਦਾਦਾ ਬਣ ਗਿਆ ਹੋਵੇ ਉਹਨੂੰ ਬਾਬਾ ਤਾਂ ਕਹਿਣਾ ਹੀ ਬਣਦੈ। ਉਦੋਂ ਉਹਦੀ ਉਮਰ 96 ਸਾਲਾਂ ਦੀ ਸੀ। ਉਹ 1 ਅਪ੍ਰੈਲ 1911 ਨੂੰ ਬਿਆਸ ਪਿੰਡ ‘ਚ ਜੰਮਿਆ ਸੀ। ਆਪਣੇ ਇਕ ਪੁੱਤਰ ਦੀ ਮੌਤ ਹੋ ਜਾਣ ਪਿੱਛੋਂ ਉਹ ਬੁਢਾਪੇ ਵਿਚ ਆਪਣੇ ਦੂਜੇ ਪੁੱਤਰ ਪਾਸ ਇੰਗਲੈਂਡ ਰਹਿਣ ਲੱਗਾ ਜਿਥੇ ਕੋਚ ਹਰਮਿੰਦਰ ਸਿੰਘ ਨੇ ਉਸ ਨੂੰ ਮੈਰਾਥਨ ਦੌੜ ਲਈ ਤਿਆਰ ਕੀਤਾ। ਲੰਡਨ ਦੀ ਮੈਰਾਥਨ ਵਿਚ 32860 ਦੌੜਾਕ ਦੌੜੇ ਜਿਨ੍ਹਾਂ ‘ਚ 65 ਸਾਲ ਤੋਂ ਵਡੇਰੀ ਉਮਰ ਵਾਲਿਆਂ ‘ਚ 85 ਸਾਲਾਂ ਦਾ ਫੌਜਾ ਸਿੰਘ ਪ੍ਰਥਮ ਰਿਹਾ।
ਵੈਨਕੂਵਰ ਵਿਚ ਅਸੀਂ ਰੇਡੀਓ ਤੋਂ ‘ਕੱਠਿਆਂ ਇੰਟਰਵਿਊ ਦਿੱਤੇ। ਉਹ ਨਹਿਲੇ ‘ਤੇ ਦਹਿਲਾ ਧਰੀ ਗਿਆ। ਕਿਸੇ ਨੇ ਵਿਆਹ ਦੀ ਪੇਸ਼ਕਸ਼ ਕਰ ਦਿੱਤੀ। ਉਹ ਬੜਾ ਹਾਜ਼ਰ ਜਵਾਬ ਨਿਕਲਿਆ। ਕਹਿੰਦਾ, “ਵਿਆਹ ਤਾਂ ਕਰਾ ਲਈਏ। ਵਿਚੋਲਾ ਵੀ ਮਿਲਜੂ ਤੇ ਸਰਬਾਲ੍ਹਾ ਵੀ। ਪਰ ਕੁੜਮ ਕਿਥੋਂ ਲੱਭਾਂਗੇ?”
ਉਸ ਨੂੰ ਗੁਰੂ ਘਰ ਨੇ ਸਿਰੋਪੇ ਨਾਲ 1100 ਡਾਲਰ ਬਖ਼ਸ਼ਸ਼ ਕੀਤੇ ਤਾਂ ਉਸ ਨੇ ਉਥੇ ਹੀ ਗੋਲਕ ਵਿਚ ਪਾ ਦਿੱਤੇ। ਮੈਂ ਆਖਿਆ, “ਜੇ ਤੁਹਾਡਾ ਗਿਆਰਾਂ ਲੱਖ ਰੁਪਏ ਨਾਲ ਮਾਨ ਸਨਮਾਨ ਹੋਵੇ ਤਾਂ ਪੈਸੇ ਕਿਵੇਂ ਵਰਤੋਗੇ?” ਉਸ ਨੇ ਪੁੱਛਿਆ, “ਕਿਥੋਂ ਦੁਆਓਂਗੇ ਗਿਆਰਾਂ ਲੱਖ?” ਮੈਂ ਕਿਹਾ, “ਕੀ ਪਤਾ ਸ਼੍ਰੋਮਣੀ ਕਮੇਟੀ ਹੀ ਦੇ ਦੇਵੇ?” ਫੌਜਾ ਸਿੰਘ ਦਾ ਉਤਰ ਸੀ, “ਚਮਕੌਰ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਤਕ ਦੌੜਨ ਵੇਲੇ ਪੰਜਾਬ ਸਰਕਾਰ ਨੇ ਲੱਖ ਰੁਪਿਆ ਦਿੱਤਾ ਸੀ। ਉਹ ਆਪਾਂ ਓਥੇ ਈ ਵੰਡ ਦਿੱਤਾ। ਹੁਣ ਜੇ ਕੋਈ ਗਿਆਰਾਂ ਲੱਖ ਦੀ ਥਾਂ ਗਿਆਰਾਂ ਕਰੋੜ ਵੀ ਦੇਵੇ ਤਾਂ ਆਪਾਂ ਓਹ ਵੀ ਓਥੇ ਈ ਲੋੜਵੰਦਾਂ ‘ਚ ਵੰਡ ਦਿਆਂਗੇ। ਆਪਾਂ ਨੂੰ ਤਾਂ ਆਪਣੀ ਪਿਲਸ਼ਨ ਨੀ ਮੁੱਕਦੀ।”
ਕਿਥੇ ਫੌਜਾ ਸਿੰਘ ਤੇ ਕਿਥੇ ਕਰੋੜਾਂ ਰੁਪਏ ‘ਕੱਠੇ ਕਰਨ ਵਾਲੇ ਨੇਤਾ ਤੇ ਵੱਡੇ ਵੱਡੇ ਅਫਸਰ! ਉਹ ਕਰੋੜਾਂ ਰੁਪਏ ਕੋਲ ਹੋਣ ਨਾਲ ਵੀ ਨਹੀਂ ਰੱਜਦੇ ਜਦ ਕਿ ਫੌਜਾ ਸਿੰਘ ਬਿਨਾਂ ਬੈਂਕ ਬੈਲੈਂਸ ਦੇ ਰੱਜਿਆ ਫਿਰਦਾ ਹੈ। ਉਸ ਦੇ ਪੁੱਤਰ ਹਨ, ਧੀਆਂ, ਅੱਗੋਂ ਪੋਤਰੇ ਤੇ ਦੋਹਤਰੇ ਹਨ। ਜੇ ਉਹ ਚਾਹੁੰਦਾ ਤਾਂ ਦੌੜਾਂ ਦੇ ਸਿਰ ‘ਤੇ ਜਿੰਨੇ ਮਰਜ਼ੀ ਪੈਸੇ ਕਮਾ ਲੈਂਦਾ। ਉਸ ਨੇ ਲੰਮੀ ਦੌੜ ਦਾ ਰਿਕਾਰਡ ਹੀ ਨਹੀਂ ਰੱਖਿਆ ਮਾਇਆ ਦੇ ਤਿਆਗ ਦਾ ਰਿਕਾਰਡ ਵੀ ਰੱਖਿਆ ਹੈ।
ਲੰਮੀ ਉਮਰ ਦਾ ਭੇਤ ਦੱਸਦਿਆਂ ਉਹ ਕਹਿੰਦਾ ਹੈ ਕਿ ਘੱਟ ਖਾਓ ਤੇ ਵੱਧ ਤੁਰੋ। ਹੱਸੋ ਖੇਡੋ ਤੇ ਖ਼ੁਸ਼ ਰਹੋ। ਆਪਣੇ ਆਪ ਨੂੰ ਕਿਸੇ ਆਹਰੇ ਲਾਈ ਰੱਖੋ। ਦਵਾਈ ਦੀ ਥਾਂ ਪ੍ਰਹੇਜ਼ ਕਰੋ। ਉਹ ਆਪ ਸਾਰੇ ਦਿਨ ‘ਚ ਦੋ ਫੁਲਕੇ ਖਾਂਦਾ ਹੈ ਤੇ ਇਕ ਦੋ ਕੱਪ ਚਾਹ ਦੁੱਧ ਦੇ ਪੀਂਦਾ ਹੈ। ਕਦੇ ਕਦੇ ਸੁੰਢ ਦੀ ਤਰੀ ਪੀ ਲੈਂਦਾ ਤੇ ਅਲਸੀ ਦੀ ਪਿੰਨੀ ਖਾ ਲੈਂਦਾ ਹੈ। ਉਸ ਦੀ ਅਸਲੀ ਖੁਰਾਕ ਹਾਸਾ ਮਜ਼ਾਕ ਹੈ ਜਿਸ ਵਿਚ ਉਹ ਆਪਣੇ ਆਪ ਨੂੰ ਵੀ ਨਹੀਂ ਬਖ਼ਸ਼ਦਾ। ਭਾਰ ਬਵੰਜਾ ਕਿੱਲੋ ਹੈ, ਨੈਣ ਪ੍ਰਾਣ ਕਾਇਮ ਹਨ ਤੇ ਬਣਦੀ ਸਰਦੀ ਸ਼ੁਕੀਨੀ ਵੀ ਲਾਉਂਦਾ ਹੈ। ਉਸ ਦਾ ਨਿਸ਼ਾਨਾ ਉਸ ਗੋਰੇ ਦਾ ਰਿਕਾਰਡ ਤੋੜਨਾ ਸੀ ਜਿਸ ਨੇ 98 ਸਾਲ ਦੀ ਉਮਰ ਵਿਚ ਮੈਰਾਥਨ ਪੂਰੀ ਕੀਤੀ ਸੀ। ਫੌਜਾ ਸਿੰਘ ਨੇ ਮੈਨੂੰ ਕਿਹਾ ਸੀ, “ਜੇ ਮੈਂ ਜੀਂਦਾ ਰਿਹਾ ਤਾਂ ਸੌ ਸਾਲ ਦੀ ਉਮਰ ਭੋਗ ਕੇ ਵੀ ਮੈਰਾਥਨ ਲਾਵਾਂਗਾ, ਭਾਵੇਂ ਓਥੋਂ ਸਿੱਧਾ ਈ ਸਿਵਿਆਂ ਨੂੰ ਜਾਣਾ ਪਵੇ!” ਉਹ ਸੌ ਸਾਲ ਤੋਂ ਟੱਪ ਗਿਆ ਹੈ ਤੇ ਅਜੇ ਵੀ ਦੌੜੀ ਜਾਂਦਾ ਹੈ।
ਬਾਬੇ ਨਾਲ ਮੇਰੀ ਪੰਜਵੀਂ ਮੁਲਾਕਾਤ ਟੋਰਾਂਟੋ ਵਿਚ 2012 ‘ਚ ਹੋਈ ਤਾਂ ਮੈਂ ਪੁੱਛਿਆ, “ਇਸ ਉਮਰ ‘ਚ ਕੀ ਚੰਗਾ ਲੱਗਦੈ?” ਜਵਾਬ ਸੀ, “ਬੱਚੇ। ਬੱਚੇ ਰੱਬ ਦਾ ਰੂਪ ਹੁੰਦੇ ਨੇ। ਜਦੋਂ ਮੈਨੂੰ ਸਕੂਲਾਂ ‘ਚ ਜਾਣ ਦਾ ਮੌਕਾ ਮਿਲਦੈ ਤਾਂ ਬੱਚਿਆਂ ਨੂੰ ਦੇਖ ਕੇ ਮੇਰੀ ਰੂਹ ਖਿੜ ਜਾਂਦੀ ਐ। ਮੈਂ ਆਪ ਤਾਂ ਸਕੂਲ ਗਿਆ ਨੀ, ਪਰ ਕਿੰਨੇ ਚੰਗੇ ਭਾਗ ਆ ਮੇਰੇ ਕਿ ਹੁਣ ਸਕੂਲਾਂ ‘ਚ ਜਾਣ ਦਾ ਮੌਕਾ ਮਿਲ ਰਿਹੈ। ਬੱਚਿਆਂ ਵਾਂਗ ਮੈਂ ਵੀ ਲੋਭ-ਲਾਲਚ ਤੋਂ ਪਰੇ ਆਂ। ਤਾਂਹੀਓਂ ਉਹ ਮੈਨੂੰ ਭਾਉਂਦੇ ਆ। ਮੈਂ ਨਵੀਆਂ ਜੰਮੀਆਂ ਬੱਚੀਆਂ ਲਈ ਚੈਰਿਟੀ ਦੌੜਾਂ ਦੌੜਦਾਂ। ਮੇਰਾ ਸੁਭਾਗ ਐ ਕਿ ਬੁੱਢੀ ਉਮਰ ਦਾ ਆਦਮੀ ਨਿੱਕੀ ਉਮਰ ਵਾਲਿਆਂ ਲਈ ਦੌੜਦੈ। ਵੈਸੇ ਮੈਂ ਬੁੱਢਾ ਨਹੀਂ, ਲੋਕਾਂ ਨੂੰ ਐਵੇਂ ਵਹਿਮ ਈ ਐਂ। ਧੁਰ ਅੰਦਰੋਂ ਤਾਂ ਮੈਂ ਬੱਚਾ ਈ ਆਂ।”
“ਜੀਵਨ ਜਿਥੇ ਲੈ ਆਇਆ, ਉਸ ਮੁਕਾਮ ‘ਤੇ ਕੀ ਮਹਿਸੂਸ ਕਰਦੇ ਓ?”
“ਰੱਬ ਦਾ ਸ਼ੁਕਰ ਐ। ਕਦੇ ਚਿੱਤ ਚੇਤੇ ਵੀ ਨਾ ਸੀ ਕਿ ਉਹ ਐਨੀਆਂ ਰਹਿਮਤਾਂ ਦੀ ਬਰਖਾ ਕਰੇਗਾ। ਜਦੋਂ ਮੈਂ ਸਦਮੇ ‘ਚੋਂ ਗੁਜ਼ਰ ਰਿਹਾ ਸੀ ਉਹਨੇ ਮੇਰੇ ਅੰਦਰ ਦੌੜਨ ਦੀ ਚੁਆਤੀ ਲਾਈ ਤੇ ਆਪਣੀ ਬੁੱਕਲ ‘ਚ ਸਮੋ ਲਿਆ। ਮੈਂ ਕੌਣ ਆਂ ਦੌੜਨ ਵਾਲਾ? ਹਾਂ, ਇਕ ਗੱਲ ਪੱਕੀ ਐ ਕਿ ਮੈਂ ਕਦੇ ਲਾਲਚ ਲਈ ਨ੍ਹੀਂ ਦੌੜਿਆ। ਜੋ ਪੈਸਾ ਧੇਲਾ ਦੌੜਾਂ ‘ਚੋਂ ਮਿਲਿਆ, ਉਹ ਚੈਰਿਟੀ ਦੇ ਕੰਮਾਂ ਨੂੰ ਦਾਨ ਦੇ ਦਿੱਤਾ। ਸੋਚਦਾਂ ਖੌਰੇ ਕਦੇ ਕਿਸੇ ਗ਼ਰੀਬ ਦਾ ਭਲਾ ਕੀਤਾ ਹੋਊ ਜੀਹਦੀਆਂ ਅਸੀਸਾਂ ਨਾਲ ਦੌੜੀ ਜਾ ਰਿਹਾਂ।”
“ਕਦੇ ਤੰਗਦਿਲ ਲੋਕਾਂ ਨਾਲ ਵੀ ਵਾਹ ਪਿਆ?”
“ਇਹ ਭਾਈ ਸਭ ਥਾਂਵਾਂ ਉਤੇ ਈ ਮਿਲਦੇ ਆ। ਇਨ੍ਹਾਂ ਪਿੱਛੇ ਲੱਗ ਕੇ ਕੋਈ ਕੰਮ ਪੂਰਾ ਨਹੀਂ ਕੀਤਾ ਜਾ ਸਕਦਾ। ਮੈਂ ਆਪਣੇ ਸਾਥੀ ਬਜ਼ੁਰਗਾਂ ਨੂੰ ਆਮ ਆਖਦਾਂ ਕਿ ਮਿਹਨਤ ਕਰਨ ਵਾਲੇ ਦੇ ਦਿਲ ਦੀ ਹਾਲਤ ਵਿਹਲੜ ਨਹੀਂ ਸਮਝ ਸਕਦੇ। ਇਸ ਕਰਕੇ ਉਲਟੀਆਂ ਸਿੱਧੀਆਂ ਗੱਲਾਂ ਕਰਨ ਵਾਲਿਆਂ ਵੱਲ ਧਿਆਨ ਈ ਨਾ ਦਿਓ। ਜੇ ਕੁਝ ਆਖੋਗੇ ਤਾਂ ਇਹ ਭੱਦਰ ਪੁਰਸ਼ ਔਖੇ ਹੋਣਗੇ ਤੇ ਜੇ ਕੁਝ ਨਾ ਆਖਿਆ ਤਾਂ ਔਖੇ ਹਨ ਹੀ। ਇਨ੍ਹਾਂ ਬਾਰੇ ਤਾਂ ਏਹੋ ਆਖਿਆ ਜਾ ਸਕਦੈ ‘ਜੇ ਨਾ ਬੋਲਾਂ ਤਾਂ ਕਹਿੰਦੇ ਨੇ ਲੜੀ ਹੋਈ ਏ, ਜੇ ਕੁਝ ਬੋਲਾਂ ਤਾਂ ਕਹਿੰਦੇ ਨੇ ਰਲੀ ਹੋਈ ਏ!’ ਇਕ ਵਾਰ ਸੱਸੀ ਦੇ ਕਮੀਜ਼ ਨੂੰ ਵੇਖ ਕੇ ਇਕ ਮਨਚਲਾ ਆਖਣ ਲੱਗਾ ਕਿ ਕਮੀਜ਼ ਕਿੰਨਾ ਭਾਗਾਂ ਵਾਲਾ ਹੈ ਜੀਹਨੂੰ ਸੱਸੀ ਨਿੱਤ ਪ੍ਰੇਮ ਨਾਲ ਗਲੇ ਲਾਉਂਦੀ ਹੈ। ਆਖਦੇ ਹਨ ਕਿ ਕਮੀਜ਼ ਨੇ ਜਵਾਬ ਦਿੱਤਾ, ਜੇਕਰ ਤੂੰ ਵੀ ਮੇਰੇ ਵਾਂਗ ਪਹਿਲਾਂ ਬੀਜ ਬਣ ਕੇ ਮਿੱਟੀ ਵਿਚ ਮਿਲਣ, ਡਾਲੀਓਂ ਟੁੱਟਣ, ਪੇਂਜੇ ਦੀਆਂ ਤੁਣਕਾਂ ਸਹਿਣ ਤੇ ਹੋਰ ਜੱਫਰਾਂ ਵਿਚੋਂ ਦੀ ਲੰਘਣ ਲਈ ਤਿਆਰ ਏਂ ਤਾਂ ਸ਼ਰਤੀਆ ਸੱਸੀ ਤੈਨੂੰ ਵੀ ਗਲੇ ਲਾ ਸਕਦੀ ਹੈ। ਇਹ ਜਲਣ ਵਾਲੇ ਨਹੀਂ ਜਾਣਦੇ ਕਿ ਸਫਲਤਾ ਲਈ ਕਿੰਨੇ ਜਫ਼ਰ ਜਾਲਣੇ ਪੈਂਦੇ ਨੇ। ਇਸ ਕਰਕੇ ਕਦੇ ਵੀ ਇਨ੍ਹਾਂ ਵੱਲ ਧਿਆਨ ਨਾ ਦਿਓ। ਬੱਸ ਸ਼ੁਕਰ-ਸ਼ੁਕਰ ਕਰਦੇ ਆਪਣੀ ਚਾਲੇ ਤੁਰਦੇ ਜਾਓ। ਜੇ ਜੀਵਨ ਦੌੜ ਬਣ ਜਾਵੇ ਤਾਂ ਕਹਿਣੇ ਹੀ ਕੀ?”
“ਤੁਸੀਂ ਦੁਨੀਆਂ ਦੇਖੀ ਹੈ, ਸਭ ਤੋਂ ਚੰਗੀ ਥਾਂ ਕਿਹੜੀ ਹੈ।”
ਮੈਰਾਥਨ ਦਾ ਮਹਾਂਰਥੀ ਮੁਸਕਰਾਇਆ, “ਜਿਥੇ ਤੁਸੀਂ ਵਸਦੇ ਓ, ਓਹੀ ਥਾਂ ਸਭ ਤੋਂ ਚੰਗੀ ਐ। ਗੁਰਦਾਸ ਮਾਨ ਦਾ ਗੀਤ ‘ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨ੍ਹੀਂ ਮੰਗੀਦਾ’ ਮੇਰਾ ਪਸੰਦੀਦਾ ਗੀਤ ਐ। ਇਹ ਜੀਵਨ ਦਾ ਸੱਚ ਬਿਆਨਦੈ। ਵੈਸੇ ਬੱਚੇ ਨੂੰ ਉਹ ਥਾਂ ਚੰਗੀ ਲੱਗਦੀ ਐ ਜਿਥੇ ਉਹਦੇ ਮਾਪੇ ਹੋਣ, ਬਾਲਗ ਨੂੰ ਉਹ ਥਾਂ ਚੰਗੀ ਲੱਗਦੀ ਐ ਜਿਥੇ ਉਹਨੂੰ ਰੁਜ਼ਗਾਰ ਮਿਲੇ ਤੇ ਪ੍ਰੇਮੀ ਨੂੰ ਉਹ ਥਾਂ ਪਿਆਰੀ ਜਿਥੇ ਉਹਦਾ ਪਿਆਰਾ ਵੱਸਦਾ ਹੋਵੇ।”
“ਹੋਰ ਕਿੰਨੀ ਕੁ ਉਮਰ ਜਿਊਣ ਦਾ ਇਰਾਦੈ?”
ਬਾਬਾ ਖੇੜੇ ਵਿਚ ਸੀ, “ਦਿਲ ਹੋਣਾ ਚਾਹੀਦੈ ਜੁਆਨ ਉਮਰਾਂ ‘ਚ ਕੀ ਰੱਖਿਐ?”

Be the first to comment

Leave a Reply

Your email address will not be published.