ਗੁਰਮੀਤ ਪਿੰਕੀ ਦੀਆਂ ‘ਚਿੰਘਾੜਾਂ’ ਦੇ ਪ੍ਰਸੰਗ

ਹਿੰਸਾ ਪ੍ਰਤੀ-ਹਿੰਸਾ ਅਤੇ ਸਿਆਸਤ ਦੀਆਂ ਸਿਮਰਤੀਆਂ
ਪੰਜਾਬ ਵਿਚ ਪਿਛਲੀ ਸਦੀ ਦੇ ਆਖਰੀ ਪਹਿਰ ਦੌਰਾਨ ਡੇਢ-ਦੋ ਦਹਾਕੇ ਝੁੱਲੀ ਹਿੰਸਾ, ਬੇਵਸਾਹੀ ਅਤੇ ਖੌਫ ਦੀ ਹਨ੍ਹੇਰੀ ਦੀਆਂ ਬਹੁਤ ਸਾਰੀਆਂ ਪਰਤਾਂ ਅਜੇ ਵੀ ਅਣਫੋਲੀਆਂ ਪਈਆਂ ਹਨ। ਉਨ੍ਹਾਂ ਵਕਤਾਂ ਬਾਰੇ ਕੋਈ ਨਾ ਕੋਈ ਕਹਾਣੀ, ਕਿਸੇ ਨਾ ਕਿਸੇ ਸੰਸਥਾ ਜਾਂ ਸ਼ਖਸ ਰਾਹੀਂ ਆਵਾਮ ਤੱਕ ਲਗਾਤਾਰ ਪੁੱਜ ਰਹੀ ਹੈ। ਹਾਲ ਹੀ ਵਿਚ ਬਦਨਾਮ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਨੇ ਆਪਣੇ ਆਕਾਵਾਂ ਦੀ ਬੇਰੁਖੀ ਤੋਂ ਖਫਾ ਹੋ ਕੇ ਉਸ ਦੌਰ ਬਾਰੇ ਕੁਝ ਸੱਚ ਸਾਹਮਣੇ ਲਿਆਉਣ ਦਾ ਦਾਅਵਾ ਕੀਤਾ ਹੈ।

ਇਸ ਪ੍ਰਸੰਗ ਵਿਚ ਚਲਦੇ-ਫਿਰਦੇ ਇਤਿਹਾਸ ਅਤੇ ਉਸ ਦੌਰ ਨਾਲ ਡੂੰਘੇ ਜੁੜੇ ਰਹੇ ਪੱਤਰਕਾਰ ਗੁਰਦਿਆਲ ਸਿੰਘ ਬੱਲ ਨੇ ਲੰਮਾ ਲੇਖ ‘ਪੰਜਾਬ ਟਾਈਮਜ਼’ ਨੂੰ ਭੇਜਿਆ ਹੈ। ਇਸ ਲੇਖ ਵਿਚ ਉਸ ਵਕਤ ਵੱਖ-ਵੱਖ ਰੂਪ ਅਖਤਿਆਰ ਕਰ ਰਹੀਆਂ ਘਟਨਾਵਾਂ ਦੇ ਵੱਖ-ਵੱਖ ਪੱਖ ਉਜਾਗਰ ਕਰਨ ਦਾ ਯਤਨ ਕੀਤਾ ਗਿਆ ਹੈ। ਇਨ੍ਹਾਂ ਪੱਖਾਂ ਬਾਰੇ ਕਿਸੇ ਦੀ ਵੀ ਸਹਿਮਤੀ ਜਾਂ ਅਸਹਿਮਤੀ ਹੋ ਸਕਦੀ ਹੈ, ਜਾਂ ਕੋਈ ਵੱਖਰਾ ਜ਼ਾਵੀਆ ਵੀ ਸੰਭਵ ਹੈ, ਪਰ ਇਸ ਲਿਖਤ ਤੋਂ ਉਨ੍ਹਾਂ ਵਕਤਾਂ ਵਿਚ ਮੱਚੇ ਘਮਸਾਣ ਉਤੇ ਭਰਵੀਂ ਝਾਤ ਜ਼ਰੂਰ ਪਾਈ ਗਈ ਹੈ। -ਸੰਪਾਦਕ

ਗੁਰਦਿਆਲ ਸਿੰਘ ਬੱਲ
ਗੁਰਮੀਤ ਸਿੰਘ ਪਿੰਕੀ ਵੱਲੋਂ ਸਿੱਖ ਖਾੜਕੂ ਲਹਿਰ ਦੌਰਾਨ ਸੁਰੱਖਿਆ ਬਲਾਂ ਦੀਆਂ ਵਧੀਕੀਆਂ ਅਤੇ ਝੂਠੇ ਪੁਲਿਸ ਮੁਕਾਬਲਿਆਂ ਬਾਰੇ ਕੀਤੇ ਗਏ ਸਨਸਨੀਖੇਜ਼ ਪ੍ਰਗਟਾਵਿਆਂ ਨੇ ਸਿੱਖ ਭਾਈਚਾਰੇ ਨੂੰ ਝਟਕੇ ਤਾਂ ਦਿੱਤੇ ਹੀ ਹਨ, ਹਿੰਸਾ ਪ੍ਰਤੀ-ਹਿੰਸਾ ਦੀ ਸਾਰਥਿਕਤਾ ਨੂੰ ਵੀ ਚਰਚਾ ਅਧੀਨ ਲਿਆ ਦਿਤਾ ਹੈ। ਪਿੰਕੀ ਮੁਤਾਬਕ, ਉਸ ਨੇ ਜੋ ਕੀਤਾ, ਉਸ ਦੀ ਸਜ਼ਾ ਬਥੇਰੀ ਪਾ ਲਈ; ਅੱਗੇ ਜੋ ਹੋਣਾ ਹੈ, ਉਸ ਨੂੰ ਕੋਈ ਪ੍ਰਵਾਹ ਨਹੀਂ, ਪਰ ਪੰਜਾਬ ਅੰਦਰ ਡੇਢ-ਦੋ ਦਹਾਕੇ ਜੋ ਘਮਸਾਣ ਮੱਚਿਆ, ਜਿਸ ਦਾ ਉਹ ਚਸ਼ਮਦੀਦ ਗਵਾਹ ਹੈ, ਦੇ ਝੂਠ-ਸੱਚ ਦਾ ਨਿਤਾਰਾ ਜਰੂਰ ਹੋਣਾ ਚਾਹੀਦਾ ਹੈ।
ਪਿੰਕੀ 1987 ਵਿਚ ਪੰਜਾਬ ਪੁਲਿਸ ਵਿਚ ਭਰਤੀ ਹੋਇਆ। ਵਕਤ ਦੇ ਤਕਾਜ਼ੇ ਮੁਤਾਬਕ, ਜਾਨ ਜੋਖੋਂ ਵਿਚ ਪਾ ਕੇ ਕੰਮ ਕਰਨ ਬਦਲੇ ਦੋ ਕੁ ਵਰ੍ਹਿਆਂ ਵਿਚ ਪਹਿਲਾਂ ਉਹ ਏæਐਸ਼ਆਈ ਅਤੇ ਜਲਦੀ ਹੀ ਇੰਸਪੈਕਟਰ ਬਣ ਗਿਆ। ਇਕੱਲੇ ਲੁਧਿਆਣਾ ਜ਼ਿਲ੍ਹੇ ਵਿਚ ਹੀ ਨਹੀਂ, ਸਗੋਂ ਮੁਲਕ ਭਰ ਵਿਚ ਖਾੜਕੂਆਂ ਵਿਰੁਧ ਚੱਲੇ ਓਪਰੇਸ਼ਨਾਂ ਦਾ ਉਹ ਧੁਰਾ ਸੀ। ਆਪਣੀ ਦਲੇਰੀ ਸਦਕਾ ਉਸ ਨੂੰ ਅਨੇਕਾਂ ਮਾਣ ਸਨਮਾਨ ਮਿਲੇ, ਪਰ ਇਸੇ ਕਾਰਨ ਉਹ ਈਰਖਾ ਤੇ ਸਾੜੇ ਦਾ ਕੇਂਦਰ ਵੀ ਬਣਿਆ। ਪਹਿਲੀ ਵਾਰ ਉਸ ਦਾ ਨਾਂ ਅਗਸਤ 1991 ਵਿਚ ਸੁਮੇਧ ਸੈਣੀ ‘ਤੇ ਹੋਏ ਹਮਲੇ ਦੇ ਬਦਲੇ ਵਜੋਂ ਰੋਪੜ ਜ਼ਿਲ੍ਹੇ ਅੰਦਰ ਉਘੇ ਖਾੜਕੂ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਦੀ ਹੱਤਿਆ ਕਰਕੇ ਚਰਚਾ ਵਿਚ ਆਇਆ, ਜਿਸ ਲਈ (ਖੁਦ ਉਸ ਦੇ ਦੱਸਣ ਅਨੁਸਾਰ) ਉਹ ਨਹੀਂ, ਬਲਕਿ ਨਿਹੰਗ ਮੁਖੀ ਅਜੀਤ ਸਿੰਘ ਪੂਹਲਾ ਜ਼ਿੰਮੇਵਾਰ ਸੀ।
1992 ਦੀਆਂ ਚੋਣਾਂ ਤਕ ਪੰਜਾਬ ਦੇ ਲੋਕ, ਪੁਲਿਸ ਅਤੇ ਖਾੜਕੂਆਂ ਦੀਆਂ ਵਧੀਕੀਆਂ ਕਾਰਨ ਤਰਾਹ-ਤਰਾਹ ਕਰ ਉਠੇ ਸਨ। ਖਾੜਕੂਆਂ ਦੇ ਸਲਾਹਕਾਰ ਲੋਕਾਂ ਦੇ ਮਨ ਪੜ੍ਹ ਨਾ ਸਕੇ, ਉਨ੍ਹਾਂ ਚੋਣਾਂ ਦਾ ਬਾਈਕਾਟ ਕਰਵਾ ਦਿਤਾ। ਸ਼ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਾਥੀ ਸਮਾਂ ਵਿਚਾਰਦਿਆਂ ਚੋਣ ਮੈਦਾਨ ਵਿਚੋਂ ਪਾਸੇ ਹੋ ਗਏ। ਸ਼ ਬੇਅੰਤ ਸਿੰਘ ਦੀ ਅਗਵਾਈ ਹੇਠ ਕਾਂਗਰਸ ਲਈ ਮੈਦਾਨ ਸਾਫ ਹੋ ਗਿਆ। ਕੇਂਦਰ ਸਰਕਾਰ ਨੇ ਪੁਲਿਸ ਮੁਖੀ ਵਜੋਂ ਕੇæਪੀæਐਸ਼ ਗਿੱਲ ਨੂੰ ਪਹਿਲਾਂ ਹੀ ਤੈਨਾਤ ਕਰ ਦਿਤਾ ਸੀ। ਗਿੱਲ ਤੇ ਬੇਅੰਤ ਸਿੰਘ ਦੀ ਤਾਰ ਜੁੜ ਗਈ ਅਤੇ ਆਮ ਲੋਕਾਂ ਦੇ ਰੌਂਅ ਦਾ ਵੀ ਉਨ੍ਹਾਂ ਨੂੰ ਪੂਰਾ ਪਤਾ ਸੀ। ਸਖਤੀ ਦਾ ਦੌਰ ਚਲਾਉਣ ਦੇ ਮਾਮਲੇ ਵਿਚ ਉਨ੍ਹਾਂ ਕੋਈ ਢਿੱਲ ਨਾ ਕੀਤੀ। ਸਾਲ ਦੇ ਅੰਦਰ-ਅੰਦਰ ਲਹਿਰ ‘ਤੇ ਕਾਬੂ ਪਾ ਲਿਆ, ਪਰ ਪਲਟ ਵਾਰ ਕਰਦਿਆਂ ਖਾੜਕੂ 31 ਅਗਸਤ, 1995 ਨੂੰ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਕਰਨ ਵਿਚ ਸਫਲ ਹੋ ਗਏ। ਇਸ ਕੇਸ ਵਿਚ ਬੱਬਰ ਖਾਲਸਾ ਦੇ ਖਾੜਕੂ ਜਗਤਾਰ ਸਿੰਘ ਹਵਾਰਾ ਨੂੰ ਫੜਨ ਦੀ ਮੁਹਿੰਮ ਵਿਚ ਗੁਰਮੀਤ ਸਿੰਘ ਪਿੰਕੀ ਮੋਹਰੀ ਸੀ। ਦੋ ਕੁ ਵਰ੍ਹੇ ਪਿੱਛੋਂ ਖਾੜਕੂ ਲਹਿਰ ਦੇ ਮੁੱਖ ਜਰਨੈਲਾਂ-ਭਾਈ ਦਲਜੀਤ ਸਿੰਘ ਬਿੱਟੂ ਤੇ ਗੁਰਨਾਮ ਸਿੰਘ ਗਾਮੇ ਦੀ ਛੁਪਣਗਾਹ ‘ਤੇ ਜਾ ਕੇ ਉਨ੍ਹਾਂ ਨੂੰ ਵੀ ਸਭ ਤੋਂ ਪਹਿਲਾਂ ਹੱਥ ਪਿੰਕੀ ਨੇ ਹੀ ਪਾਇਆ। ਇਹ ਸਭ ਗੱਲਾਂ ਉਹੀ ਹਨ ਜੋ ਪੁਲਿਸ ਵਿਭਾਗ ‘ਚ ਉਚ ਅਹੁਦਿਆਂ ‘ਤੇ ਬੈਠੇ ਆਪਣੇ ਆਕਾਵਾਂ ਦੀ ‘ਬੇਵਫਾਈ’ ਤੋਂ ਹਤਾਸ਼ ਹੋ ਕੇ ਉਹ ਦੁਨੀਆਂ ਭਰ ਵਿਚ ਅਨੇਕਾਂ ਚੈਨਲਾਂ ‘ਤੇ ਸੁਣਾ ਚੁੱਕਾ ਹੈ।
1997 ਦੀਆਂ ਚੋਣਾਂ ਜਿੱਤ ਕੇ ਸ਼ ਪ੍ਰਕਾਸ਼ ਸਿੰਘ ਬਾਦਲ ਤੀਜੀ ਵਾਰ ਮੁੱਖ ਮੰਤਰੀ ਬਣੇ। ਅਗਲੇ ਚਾਰ ਵਰ੍ਹੇ ਪਿੰਕੀ ਦੀ ਕਿਸੇ ਨੂੰ ਖ਼ਬਰ ਨਹੀਂ ਸੀ, ਪਰ 2001 ਚੜ੍ਹਦਿਆਂ ਹੀ ਕਿਸਮਤ ਦੇ ਕੁੱਤਿਆਂ ਨੇ ਉਸ ਦੀ ਪੈੜ ਜਾ ਨੱਪੀ, ਜਦੋਂ 7 ਜਨਵਰੀ ਦੀ ਰਾਤ ਲੁਧਿਆਣੇ ਗੋਲਾ ਨਾਂ ਦੇ ਨੌਜਵਾਨ ਦੀ ਹੱਤਿਆ ਦੇ ਕੇਸ ਵਿਚ ਉਸ ਦਾ ਨਾਂ ਟਾਂਕ ਹੋ ਗਿਆ। ਇਸ ਕੇਸ ਵਿਚ ਉਸ ਨੂੰ ਸਜ਼ਾ ਹੋ ਗਈ ਅਤੇ ਕਈ ਵਰ੍ਹੇ ਕੈਦ ਕੱਟ ਕੇ ਅਗਸਤ 2014 ਵਿਚ ਉਹ ਬਾਹਰ ਆਇਆ। ਉਸ ਦੀ ਰਿਹਾਈ ਵਾਦ-ਵਿਵਾਦ ਦਾ ਵਿਸ਼ਾ ਬਣੀ ਰਹੀ।
ਅਸੀਂ ਉਦੋਂ ਪਿੰਕੀ ਦੇ ਨਾਲ ਹੀ ਚੰਡੀਗੜ੍ਹ ‘ਚ 1987 ਵਿਚ ਦਿਨ-ਦਿਹਾੜੇ ਉਘੇ ਖਾੜਕੂ ਕੇæਸੀæ ਸ਼ਰਮਾ ਨੂੰ ਮਾਰ ਕੇ ਪਨਾਹ ਲੈਣ ਲਈ ਤਤਕਾਲੀ ਡੀæਜੀæਪੀæ ਰਿਬੈਰੋ ਦੀ ਕੋਠੀ ਵਿਚ ਜਾ ਵੜਨ ਵਾਲੇ ਦਲਬੀਰੇ ‘ਕੈਟ’, ਅੰਮ੍ਰਿਤਸਰ ਜ਼ਿਲ੍ਹੇ ਵਿਚ ‘ਆਲਮ ਸੈਨਾ’ ਦੇ ‘ਕਮਾਂਡਰ’ ਸੰਤੋਖ ਕਾਲੇ ਅਤੇ ਬਟਾਲਾ-ਗੁਰਦਾਸਪੁਰ ਦੇ ਦੰਤ ਕਥਾਈ ‘ਪੁਲਿਸ ਕੈਟ’ ਲੱਖੇ ਮੂਰਤੀ ਦੇ ਹਵਾਲੇ ਨਾਲ ਉਨ੍ਹਾਂ ਸਮਿਆਂ ਦੇ ‘ਬਲੈਕ ਕੈਟ’ ਵਰਤਾਰੇ ਬਾਰੇ ਲਿਖਿਆ ਸੀ ਅਤੇ ਤਵੱਕੋ ਕੀਤੀ ਸੀ ਕਿ ਸ਼ਾਇਦ ਉਸ ਹੋ-ਹੱਲੇ ਦੇ ਨਤੀਜੇ ਵਜੋਂ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਖਾਹਮਖਾਹ ਜੇਲ੍ਹਾਂ ਵਿਚ ਬੰਦ ਬੈਠੇ ਹੋਰ ਲੋਕਾਂ ਦੀ ਵੀ ਸੁਣੀ ਜਾਵੇਗੀ।
ਹੁਣ ਕੁਝ ਕੁ ਸਮੇਂ ਤੋਂ ਪਿੰਕੀ ਮੁੜ ਚਰਚਾ ਵਿਚ ਹੈ।
ਇਸ ਵਰਤਾਰੇ ਦੀ ਤਹਿ ਤਕ ਪੁੱਜਣ ਲਈ ਅਕਾਲੀ ਸੱਤਾ ਸਿਆਸਤ ਅੰਦਰ ਮਰਹੂਮ ਗੁਰਚਰਨ ਸਿੰਘ ਟੌਹੜਾ ਅਤੇ ਸ਼ ਪ੍ਰਕਾਸ਼ ਸਿੰਘ ਬਾਦਲ ਦੀ ਭੂਮਿਕਾ ਤਾਂ ਧਿਆਨ ਵਿਚ ਰਹੇ ਹੀ, ਨਾਲ ਹੀ ਗਿਆਨੀ ਜੈਲ ਸਿੰਘ, ਸੰਤ ਹਰਚੰਦ ਸਿੰਘ ਲੌਂਗੋਵਾਲ, ਜਥੇਦਾਰ ਜੀਵਨ ਸਿੰਘ ਉਮਰਾਨੰਗਲ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸੀਨੀਅਰ ਪੱਤਰਕਾਰ ਦਲਬੀਰ ਸਿੰਘ ਵਰਗੇ ਸਲਾਹਕਾਰਾਂ, ਪੱਤਰਕਾਰ ਕਰਮਜੀਤ ਸਿੰਘ, ਕੇæਪੀæਐਸ਼ ਗਿੱਲ, ਕੇਂਦਰੀ ਮੰਤਰੀ ਬੂਟਾ ਸਿੰਘ ਅਤੇ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਜਸਵੰਤ ਸਿੰਘ ਖਾਲੜਾ ਦੇ ਪੈਂਤੜਿਆਂ ਦੀ ਵੀ ਚਰਚਾ ਜ਼ਰੂਰ ਹੋਵੇ। ਨਾਲ ਹੀ ਗਵਾਂਢੀ ਮੁਲਕਾਂ ਵਿਚੋਂ ਘੱਟੋ-ਘੱਟ ਕਿਸੇ ਇਕ ਦੀ ਐਸੀ ਹੀ ਸਥਿਤੀ ਵੀ ਹਰ ਹਾਲ ਵਿਚ ਵਿਚਾਰ ਅਧੀਨ ਲਿਆਂਦੀ ਜਾਵੇ।
ਹੁਣ ਸਵਾਲ ਹੈ ਕਿ ਗੁਰਮੀਤ ਪਿੰਕੀ ਦੇ ਇੰਕਸ਼ਾਫਾਂ ਦਾ ਅਰਥ ਕੀ ਹੈ, ਇਨ੍ਹਾਂ ਨੂੰ ਕਿੰਜ ਸਮਝਿਆ ਜਾਵੇ।
000
ਹਿੰਸਾ ਪ੍ਰਤੀ-ਹਿੰਸਾ, ਪੁਲਿਸ ਵਧੀਕੀਆਂ ਜਾਂ ਮਾਨਵੀ ਅਧਿਕਾਰਾਂ ਦੀ ਉਲੰਘਣਾ ਅਜਿਹੇ ਮੁੱਦੇ ਹਨ ਜੋ ਮਨੁੱਖ ਦੇ ਸਭਿਆ ਹੋਣ ਨਾਲ ਹੋਣੇ ਤਾਂ ਖਤਮ ਚਾਹੀਦੇ ਸਨ, ਪਰ ਹੋਇਆ ਇਹ ਕਿ ਕੀ ਰੂਸ, ਕੀ ਚੀਨ, ਭਾਰਤ, ਪਾਕਿਸਤਾਨ, ਅਫਰੀਕਾ ਜਾਂ ਲਾਤੀਨੀ ਅਮਰੀਕਾ-ਸਭ ਥਾਂਈਂ ਇਹ ਸਿਰਦਰਦੀ ਦਾ ਬਾਇਸ ਬਣੇ ਹੋਏ ਹਨ! ਸਵਾਲਾਂ ਦਾ ਸਵਾਲ ਸਰਕਾਰਾਂ ਵਿਰੁੱਧ ਆਪਣੇ ਹੱਕਾਂ ਲਈ ਲੜ ਰਹੇ ਲੋਕਾਂ ਦੀ ਹਿੰਸਾ ਅਤੇ ਸਰਕਾਰੀ ਧਿਰਾਂ ਦੀ ਮੋੜਵੀਂ ਹਿੰਸਾ ਦੇ ਉਲਾਰ ਤਨਾਸਬ ਦਾ ਹੀ ਨਹੀਂ, ਇਸ ਗੱਲ ਦਾ ਵਧੇਰੇ ਹੈ ਕਿ ਸੱਚ-ਝੂਠ ਦਾ ਨਿਤਾਰਾ ਕਿਨ੍ਹਾਂ ਕਦਰਾਂ ਦੇ ਆਧਾਰ ‘ਤੇ ਕੀਤਾ ਜਾਵੇ?
ਜਸਵੰਤ ਸਿੰਘ ਖਾਲੜਾ ਖਾੜਕੂ ਲਹਿਰ ਦੌਰਾਨ ਬੇਪਛਾਣ ਲਾਸ਼ਾਂ ਦਾ ਕੇਸ ਕੌਮਾਂਤਰੀ ਪੱਧਰ ‘ਤੇ ਉਠਾਉਣ ਕਰਕੇ ਮਾਨਵ ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ ਦਾ ਪ੍ਰਤੀਕ ਬਣ ਗਿਆ ਹੋਇਆ ਹੈ। ਉਸ ਦੀ ਜ਼ਿੰਦਗੀ ਦੇ ਆਖਰੀ ਦੋ-ਤਿੰਨ ਵਰ੍ਹਿਆਂ ਦੌਰਾਨ ਉਸ ਨਾਲ ਮੁਲਾਕਾਤਾਂ ਅਕਸਰ ਹੁੰਦੀਆਂ ਰਹੀਆਂ ਅਤੇ ਇਨ੍ਹਾਂ ਮੁਲਾਕਾਤਾਂ ਸਮੇਂ ਇਕ ਵਾਰੀ ਨਹੀਂ, ਅਨੇਕ ਵਾਰੀ 70ਵਿਆਂ ‘ਚ ਬਾਦਲ ਸਰਕਾਰ ਸਮੇਂ ਬਾਬਾ ਬੂਝਾ ਸਿੰਘ ਵਰਗੇ ਬਜ਼ੁਰਗ ਆਗੂ, ਤੇ ਫਿਰ ਖਾੜਕੂ ਸਿੱਖ ਸੰਘਰਸ਼ ਦੇ ਸ਼ੁਰੂਆਤੀ ਦੌਰ ਵਿਚ ਹੀ ਭਾਈ ਕੁਲਵੰਤ ਸਿੰਘ ਨਾਗੋਕੇ ਦੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰੇ ਜਾਣ ਨਾਲ ਸਬੰਧਤ ਇਖ਼ਲਾਕੀ ਪਹਿਲੂਆਂ ‘ਤੇ ਅਕਸਰ ਗੱਲਬਾਤ ਹੁੰਦੀ ਰਹੀ।
ਕੇਰਾਂ ਗੱਲ ਨਕਸਲੀ ਨਾਇਕ ਤਰਸੇਮ ਬਾਵਾ ਦੀ ਝੂਠੇ ਮੁਕਾਬਲੇ ਵਿਚ ਸ਼ਹਾਦਤ ਦੀ ਹੋ ਰਹੀ ਸੀ। ਬਾਵੇ ਉਪਰ ਸੁਤੰਤਰ ਪਾਰਟੀ ਦੇ ਵਿਧਾਇਕ ਬਸੰਤ ਸਿੰਘ ਨੂੰ ਵਿਸ਼ਵਾਸ ਵਿਚ ਲੈ ਕੇ ਮਾਰਨ ਦਾ ਦੋਸ਼ ਸੀ। ਬਾਵੇ ਦੀ ਕਾਰਵਾਈ ਦੀ ਸਾਰਥਿਕਤਾ ‘ਤੇ ਮੈਨੂੰ ਬੁਨਿਆਦੀ ਸੰਦੇਹ ਸੀ, ਜਦੋਂ ਕਿ ਖਾਲੜਾ ਅਨੁਸਾਰ ਬਾਵਾ ਸੱਚਾ-ਸੁੱਚਾ ਸ਼ਹੀਦ ਸੀ ਅਤੇ ਉਸ ਦੇ ਐਕਸ਼ਨ ਵਿਚ ਕੋਈ ਗਲਤ ਗੱਲ ਨਹੀਂ ਸੀ। ਅਖੇ, ਜਿੱਥੇ ਕਿਤੇ ਵੀ ਅੜਿੱਕੇ ਆਉਣ, ‘ਜਮਾਤੀ ਦੁਸ਼ਮਣ’ ਦਾ ਸਫਾਇਆ ਕਰ ਦੇਣ ਦੀ ਉਦੋਂ ਪਾਰਟੀ ਦੀ ਲਾਈਨ ਸੀ।
ਖਾੜਕੂ ਸਿੱਖ ਲਹਿਰ ਦੌਰਾਨ ਝੂਠੇ ਪੁਲਿਸ ਮੁਕਾਬਲੇ ‘ਚ ਮਾਰੇ ਗਏ ਭਾਈ ਕੁਲਵੰਤ ਸਿੰਘ ਨਾਗੋਕੇ ਨਾਂ ਦੇ ਸਭ ਤੋਂ ਪਹਿਲੇ ਸ਼ਹੀਦ ਅਤੇ ਉਸ ਨਾਲ ਸਬੰਧਤ ਬਾਅਦ ਦੇ ਘਟਨਾਕ੍ਰਮ ਬਾਰੇ ਵੀ ਖਾਲੜਾ ਨਾਲ ਬਾਹਲੀ ਸਹਿਮਤੀ ਨਹੀਂ ਸੀ। ਦਰਅਸਲ, ਖਾਲੜਾ ਨੂੰ ਭਾਈ ਨਾਗੋਕੇ ਬਾਰੇ ਕੁਝ ਪਤਾ ਨਹੀਂ ਸੀ-ਸਿਵਾਏ ਇਸ ਦੇ ਕਿ ਪੁਲਿਸ ਨੇ ਅੰਮ੍ਰਿਤਧਾਰੀ ਹੋਣ ਕਰ ਕੇ ਉਸ ਨੂੰ ਐਵੇਂ ਕਿਸੇ ਸ਼ੱਕ ਦੀ ਬਿਨਾ ‘ਤੇ ਸਿੱਖਾਂ ਵਿਚ ਦਹਿਸ਼ਤ ਫੈਲਾਉਣ ਲਈ ਮਾਰ ਦਿੱਤਾ ਸੀ। ਕਹਾਣੀ ਇੰਨੀ ਸਰਲ ਨਹੀਂ ਸੀ, ਬਲਕਿ ਤੰਦਾਂ 1978 ਦੀ ਵਿਸਾਖੀ ਵਾਲੇ ਨਿਰੰਕਾਰੀ ਕਾਂਡ ਅਤੇ ਉਸ ਦਿਨ ਭਾਈ ਫ਼ੌਜਾ ਸਿੰਘ ਦੀ ਸ਼ਹੀਦੀ ਦੇ ਬਦਲੇ ਨਾਲ ਜੁੜੀਆਂ ਹੋਈਆਂ ਸਨ। ਭਾਈ ਨਾਗੋਕੇ ਅਤੇ ਉਨ੍ਹਾਂ ਦੇ 10-12 ਹੋਰ ਸਾਥੀਆਂ ਨੇ ਫ਼ੌਜਾ ਸਿੰਘ ਦੀ ਪਤਨੀ ਅਮਰਜੀਤ ਕੌਰ ਦੇ ਥਾਪੜੇ ਨਾਲ ਬਦਲਾ ਲੈਣ ਲਈ ਪੰਜਾਬ ਵਿਚ ਨਿਰੰਕਾਰੀਆਂ ਨੂੰ ਸੋਧਣ ਲਈ ਚੱਕਰਵਰਤੀ ਜਥਾ ਬਣਾ ਲਿਆ ਸੀ ਜਿਸ ਨੇ ਜਥੇ ਵਲੋਂ ਆਪਣੀ ਮੁਹਿੰਮ ਦਾ ਸ੍ਰੀਗਣੇਸ਼ ਅਪਰੈਲ-ਮਈ 1982 ਵਿਚ ਅਨੰਦਪੁਰ ਸਾਹਿਬ ਵਿਖੇ ਨਿਰੰਕਾਰੀ ਰੁਕਨ ਸ਼ਾਦੀ ਲਾਲ ਆਗਰਾ ਦੀ ਹੱਤਿਆ ਨਾਲ ਕਰ ਦਿਤਾ ਸੀ। ਪੁਲਿਸ ਨੇ ਜਲਦੀ ਹੀ ਜਥੇ ਦੇ ਸਾਰੇ ਮੈਂਬਰਾਂ ਦੀ ਪੈੜ ਨੱਪ ਲਈ। ਇਹ ਵੱਖਰੀ ਗੱਲ ਹੈ ਕਿ ਬਾਕੀ ਮੈਂਬਰ ਵਕਤ ਸਿਰ ਰੂਪੋਸ਼ ਹੋ ਗਏ, ਭਾਈ ਨਾਗੋਕੇ ਨੂੰ ਵਕਤ ਸਿਰ ਸੁਨੇਹਾ ਨਾ ਲੱਗਿਆ ਅਤੇ 27 ਮਈ ਨੂੰ ਖਲਚੀਆਂ ਕਸਬੇ ਨੇੜੇ ਟਰੈਕਟਰ ਮੁਰੰਮਤ ਕਰਵਾਉਂਦਿਆਂ ਪੁਲਿਸ ਨੇ ਦਬੋਚ ਲਿਆ। ਸਵਾਲ ਹੈ ਕਿ ਪੁਲਿਸ ਨੇ ਸਬੂਤਾਂ ਸਮੇਤ ਕੇਸ ਪਾ ਕੇ ਤੁਰਤ ਕਚਿਹਰੀ ਵਿਚ ਪੇਸ਼ ਕਿਉਂ ਨਾ ਕੀਤਾ! ਉਲਟਾ ਸਬੂਤ ਉਨ੍ਹਾਂ ਦੇ ਇਕਬਾਲੀਆ ਬਿਆਨ ਵਿਚੋਂ ਕੱਢਣ ਲਈ ਅੰਨ੍ਹੇਵਾਹ ਮੜ੍ਹਾਂਗਾ ਸ਼ੁਰੂ ਕਰ ਦਿੱਤਾ। ਪੁਲਿਸ ਨੂੰ ਗੋਲੀ ਕਾਂਡਾਂ ਵਿਚ ਉਨ੍ਹਾਂ ਦੀ ਸ਼ਮੂਲੀਅਤ ਬਾਰੇ ਪਤਾ ਸੀ, ਪਰ ਸਖਤ ਜਾਨ ਹੋਣ ਕਾਰਨ ਭਾਈ ਨਾਗੋਕੇ ਨੇ ਕੱਖ ਦੱਸਣਾ ਨਹੀਂ ਸੀ। ਕਿਸੇ ਨਾ-ਤਜਰਬਾਕਾਰ ਸਿਪਾਹੀ ਕੋਲੋਂ ਇਸੇ ਖਿੱਚ-ਧੂਹ ਦੌਰਾਨ ਸੱਟ ਉਨ੍ਹਾਂ ਦੇ ਕਸੂਤੀ ਜਗ੍ਹਾ ‘ਤੇ ਲੱਗ ਗਈ। ਪੁਲਿਸ ਨੇ 4 ਜੂਨ ਨੂੰ ਤਰਨਤਾਰਨ ਜੁਡੀਸ਼ਲ ਮੈਜਿਸਟਰੇਟ ਚੰਨਣ ਸਿੰਘ ਦੀ ਅਦਾਲਤ ਵਿਚ ਉਨ੍ਹਾਂ ਨੂੰ ਪੇਸ਼ ਕੀਤਾ ਅਤੇ 5 ਦਿਨਾਂ ਦਾ ਰਿਮਾਂਡ ਲੈ ਲਿਆ-ਇਹ ਸੋਚ ਕੇ ਕਿ ਉਦੋਂ ਤੱਕ ਸੱਟਾਂ ਸੇਕ-ਸੂਕ ਦੇ ਕੇ ਉਹ ਠੀਕ ਕਰ ਲੈਣਗੇ, ਪਰ ਗੱਲ ਬਣ ਨਾ ਸਕੀ। ਉਸੇ ਭੰਬਲਭੂਸੇ ਵਿਚ ਉਨ੍ਹਾਂ ਨੇ 10-11 ਜੂਨ ਦੀ ਰਾਤ ਨੂੰ ਹਸਪਤਾਲ ਲਿਜਾਂਦਿਆਂ ਅੰਮ੍ਰਿਤਸਰ ਕੰਪਨੀ ਬਾਗ਼ ਲਾਗੇ ਕਿਧਰੇ ਫਰਾਰ ਹੋ ਗਿਆ ਦਿਖਾ ਦਿਤਾ। ਸੰਤ ਭਿੰਡਰਾਂਵਾਲੇ ਉਦੋਂ ਦਰਬਾਰ ਸਾਹਿਬ ਕੰਪਲੈਕਸ ਵਿਚ ਅਜੇ ਗਏ ਨਹੀਂ ਸਨ। ਜਥੇਦਾਰ ਗੁਰਚਰਨ ਸਿੰਘ ਟੌਹੜਾ ਤੁਰਤ ਨਾਗੋਕੇ ਪਹੁੰਚ ਗਏ। ਭਾਈ ਨਾਗੋਕੇ ਦੇ ਸਸਕਾਰ ‘ਤੇ ਉਨ੍ਹਾਂ ਦੀ ਅਰਥੀ ਨੂੰ ਮੋਢਾ ਸੰਤਾਂ ਅਤੇ ਉਨ੍ਹਾਂ ਦੇ ਨਾਲ ਜਥੇਦਾਰ ਟੌਹੜਾ ਨੇ ਦਿਤਾ ਸੀ। ਫਿਰ ਸੰਤ ਜਦੋਂ ਕੰਪਲੈਕਸ ਵਿਚ ਚਲੇ ਗਏ ਤਾਂ ਜ਼ਾਹਿਰ ਹੈ ਕਿ ਡੀæਐਸ਼ਪੀæ ਗਿਆਨੀ ਬਚਨ ਸਿੰਘ ਦੀ ਕਥਿਤ ਦੇਖ-ਰੇਖ ਵਿਚ ਭਾਈ ਨਾਗੋਕੇ ਦੀ ਇਹੋ ਸ਼ਹਾਦਤ ਸਿੱਖਾਂ ਨਾਲ ਵਧੀਕੀਆਂ ਦੇ ਅਨੇਕਾਂ ਸਬੂਤਾਂ ਵਜੋਂ ਸਭ ਤੋਂ ਨਿੱਗਰ ਸਬੂਤ ਦੇ ਤੌਰ ‘ਤੇ ਉਨ੍ਹਾਂ ਦੇ ਪ੍ਰਵਚਨਾਂ ਦੇ ਕੇਂਦਰ ਵਿਚ ਆ ਗਈ।
ਮੋਰਚਾ ਜਿਉਂ-ਜਿਉਂ ਭਖਿਆ, ਡੀæਐਸ਼ਪੀæ ਗਿਆਨੀ ਬਚਨ ਸਿੰਘ ਅਤੇ ਉਸ ਦੇ ਪਰਿਵਾਰ ਦੀ ਸ਼ਾਮਤ ਕਿੰਝ ਆਉਂਦੀ ਚਲੀ ਗਈ-ਉਹ ਹੁਣ ਪੰਜਾਬ ਦੇ ਇਤਿਹਾਸ ਦਾ ਹਿੱਸਾ ਹੈ। ਚਿਰਾਂ ਤੋਂ ਅੰਮ੍ਰਿਤਸਰ ਰਹਿਣ ਕਾਰਨ ਖਾਲੜਾ ਨੂੰ ਉਸ ਬਾਰੇ ਵੱਧ ਪਤਾ ਸੀ ਕਿ ਗਿਆਨੀ ਬਚਨ ਸਿੰਘ ਬੇਹੱਦ ਸਹਿਜ ਅਤੇ ਫੂਕ-ਫੂਕ ਕੇ ਪੈਰ ਧਰਨ ਵਾਲਾ ਅਫਸਰ ਸੀ। 1983 ‘ਚ ਭਾਈ ਅਮਰੀਕ ਸਿੰਘ ਦੀ ਜੇਲ੍ਹ ਵਿਚੋਂ ਰਿਹਾਈ ਸਮੇਂ ਕਚਿਹਰੀ ਵਿਚ ਦੁਬਾਰਾ ਉਨ੍ਹਾਂ ਨੂੰ ਕਿਸੇ ਹੋਰ ਕੇਸ ਵਿਚ ਫੜ ਲਿਆਉਣ ਦੀ ਡਿਊਟੀ ਗਿਆਨੀ ਦੀ ਹੀ ਲੱਗੀ ਸੀ, ਪਰ ਉਹ ਦੂਜੇ ਪਾਸੇ ਮੂੰਹ ਕਰੀ ਖੜ੍ਹਾ ਰਿਹਾ ਅਤੇ ਉਸੇ ਕੇਸ ਵਿਚ ਮਹਿਕਮੇ ਨੇ ਉਸ ਨੂੰ ਘਰ ਭੇਜ ਦਿਤਾ ਸੀ। ਨਤੀਜੇ ਵਜੋਂ ਗਿਆਨੀ ਬਹੁਤ ਡਰ ਗਿਆ। ਉਸ ਜਾਨ ਬਖਸ਼ੀ ਲਈ ਸੰਤਾਂ ਕੋਲ ਬਥੇਰੇ ਦੂਤ ਭੇਜੇ-ਪਰ ਉਨ੍ਹਾਂ ਸਾਹਮਣੇ ਉਸ ਦਾ ਪੱਖ ਸਹੀ ਪ੍ਰਸੰਗ ਵਿਚ ਕਿਸੇ ਕੋਲੋਂ ਰੱਖਿਆ ਨਾ ਗਿਆ। ਫਿਰ ਖਾੜਕੂਆਂ ਨੇ ਬਚਨ ਸਿੰਘ ਨੂੰ ਉਸ ਦੇ ਕੀਤੇ ਦੀ ਸਜ਼ਾ ਦੇਣ ਲਈ ਉਪਰੋਥਲੀ ਕਈ ਹਮਲੇ ਕੀਤੇ। ਪਹਿਲੇ ਹਮਲੇ ਵਿਚ ਉਸ ਦਾ ਲੜਕਾ ਆਪਣੇ ਮੈਡੀਕਲ ਸਟੋਰ ‘ਤੇ ਬੈਠਾ ਆਪਣੇ ਗੰਨਮੈਨ ਸਮੇਤ ਮਾਰਿਆ ਗਿਆ। ਪੰਜਵੇਂ ਹਮਲੇ ਵਿਚ ਰਿਕਸ਼ੇ ‘ਤੇ ਆਪਣੀ ਪਤਨੀ ਅਤੇ ਧੀ ਨਾਲ ਜਾਂਦਿਆਂ ਡੀæਐਸ਼ਪੀæ ਸਿੰਘਾਂ ਦੇ ਆੜੇ ਆ ਗਿਆ। ਉਹ ਆਪ ਤੇ ਉਸ ਦੀ ਪਤਨੀ ਤਾਂ ਮਰੇ ਹੀ, ਉਸ ਦੀ ਧੀ ਬਾਪ ਨੂੰ ਬਚਾਉਣ ਲਈ ਤਰਲੇ ਲੈਂਦੀ ਮਾਰੀ ਗਈ। ਗਿਆਨੀ ਬਚਨ ਸਿੰਘ ਦੀ ਨੂੰਹ, ਉਨ੍ਹਾਂ ਦੇ ਪੋਤਰੇ ਨਾਲ ਅੱਜ ਕੱਲ੍ਹ ਅੰਮ੍ਰਿਤਸਰ ਰਹਿੰਦੀ ਹੈ। ਘਟਨਾ ਤੋਂ 25 ਵਰ੍ਹੇ ਬਾਅਦ ਉਸ ਦੇ ਘਰੇ ਜਾ ਕੇ ਗੱਲ ਕੀਤੀ ਤਾਂ ਉਹ ਅਜੇ ਵੀ ਖ਼ੌਫ਼ਜ਼ਦਾ ਸੀ।
ਖਾਲੜਾ ਨਾਲ 1978 ਦੇ ਨਿਰੰਕਾਰੀ ਕਾਂਡ ਬਾਰੇ ਵੀ ਅਕਸਰ ਗੱਲਬਾਤ ਹੁੰਦੀ। ਇੱਕ ਗੱਲ ‘ਤੇ ਮੁਕੰਮਲ ਸੰਮਤੀ ਸੀ ਕਿ ਵਿਸਾਖੀ ਵਰਗੇ ਅਹਿਮ ਸਿੱਖ ਤਿਉਹਾਰ ‘ਤੇ ਅੰਮ੍ਰਿਤਸਰ ਵਰਗੇ ਸ਼ਹਿਰ ਵਿਚ ਵਿਸ਼ਾਲ ਸਮਾਗਮ ਕਰਨ ਦਾ ਨਿਰੰਕਾਰੀਆਂ ਨੂੰ ਪੰਗਾ ਕੱਤਈ ਨਹੀਂ ਸੀ ਲੈਣਾ ਚਾਹੀਦਾ। ਖਾਲੜਾ ਦੀ ਪੁਜੀਸ਼ਨ ਸੀ ਕਿ ਸਿੱਖਾਂ ਦਾ ਜਥਾ ਸ਼ਾਂਤਮਈ ਤਰੀਕੇ ਨਾਲ ਉਨ੍ਹਾਂ ਨੂੰ ਰੋਕਣ ਗਿਆ ਸੀ, ਉਨ੍ਹਾਂ ਅੱਗਿਓਂ ਜਾਂਦੇ ਸਾਰ ਨਿਹੱਥੇ ਸਿੱਖਾਂ ਨੂੰ ਮਾਰਿਆ ਕਿਉਂ? ਇਸ ‘ਤੇ ਵੀ ਸਾਡੀ ਪੂਰਨ ਸੰਮਤੀ ਸੀ, ਪਰ ਮੇਰਾ ਸਵਾਲ ਸੀ ਕਿ ਰੋਸ ਪ੍ਰਗਟਾਉਣ ਜਾ ਰਿਹਾ ਜਥਾ ਤੁਰਨ ਸਮੇਂ ਇਸ ਬਾਰੇ ਸਪਸ਼ਟ ਬਿਲਕੁਲ ਨਹੀਂ ਸੀ ਕਿ ਉਨ੍ਹਾਂ ਨੇ ਸਮਾਗਮ ਬੰਦ ਕਰਵਾਉਣਾ ਕਿਵੇਂ ਹੈ? ਸਮਾਗਮ ਦੇ ਬਾਹਰ ਸ਼ਾਂਤਮਈ ਰੋਸ ਧਰਨਾ ਮਾਰਨਾ ਹੈ, ਪ੍ਰਬੰਧਕਾਂ ਨੂੰ ਯਾਦ ਪੱਤਰ ਦੇਣਾ ਹੈ ਜਾਂ ਕੀ ਕਰਨਾ ਹੈ? ਸਭ ਨੂੰ ਪਤਾ ਹੈ ਕਿ ਉਥੇ ਤਾਇਨਾਤ ਡੀæਐਸ਼ਪੀæ ਜੋਸ਼ੀ ਘੰਟਾ ਭਰ ਭਾਈ ਫ਼ੌਜਾ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਗੱਲਬਾਤ ਕਰਦਾ ਰਿਹਾ ਸੀ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋæ ਮਨਜੀਤ ਸਿੰਘ ਭਾਈ ਫ਼ੌਜਾ ਸਿੰਘ ਦੇ ਉਨ੍ਹੀਂ ਦਿਨੀਂ ਨੇੜਲੇ ਮਿੱਤਰ ਸਨ ਅਤੇ ਹਿੰਸਕ ਝੜਪ ਵਾਪਰਨ ਸਮੇਂ ਉਹ ਬਿਲਕੁਲ ਉਨ੍ਹਾਂ ਦੇ ਨੇੜੇ ਖੜ੍ਹੇ ਸਨ। ਉਨ੍ਹਾਂ ਨੂੰ ਕਈ ਵਾਰ ਪੁੱਛਿਆ ਕਿ ਉਹ ਜਦੋਂ ਤੁਰੇ ਸਨ, ਤਾਂ ਕੀ ਸੋਚ ਕੇ ਤੁਰੇ ਸਨ? ਉਨ੍ਹਾਂ ਅਨੁਸਾਰ ਭਾਈ ਫ਼ੌਜਾ ਸਿੰਘ ਨੇ ਤੁਰਨ ਲੱਗਿਆਂ ਇਹੋ ਗੱਲ ਸੰਤਾਂ ਨੂੰ ਪੁੱਛੀ ਸੀ ਕਿ ਉਨ੍ਹਾਂ ਉਥੇ ਜਾ ਕੇ ਕਰਨਾ ਕੀ ਹੈ? ਭਾਈ ਫ਼ੌਜਾ ਸਿੰਘ ਬਹੁਤ ਜਜ਼ਬਾਤੀ ਤੇ ਜੋਸ਼ੀਲੇ ਸੁਭਾਅ ਦੇ ਸਨ। ਸਾਡਾ ਸਵਾਲ ਸੀ, ਸੰਤਾਂ ਨੇ ਜਥੇ ਦੀ ਕਮਾਂਡ ਟਕਸਾਲ ਦੀ ਤਰਫੋਂ ਭਾਈ ਤ੍ਰਿਲੋਚਨ ਸਿੰਘ ਮੱਲਾਂ ਵਾਲਾ ਸਣੇ ਅਖੰਡ ਕੀਰਤਨੀ ਜਥੇ ਦੀ ਤਰਫੋਂ ਜਦੋਂ ਭਾਈ ਫ਼ੌਜਾ ਸਿੰਘ ਨੂੰ ਸੌਂਪੀ, ਤਾਂ ਉਨ੍ਹਾਂ ਨੂੰ ਫ਼ੌਜਾ ਸਿੰਘ ਦੀ ਸਿਰੇ ਦੀ ਜਜ਼ਬਾਤੀ ਸ਼ਖਸੀਅਤ ਬਾਰੇ ਕੁਝ ਪਤਾ ਸੀ? ਇਸ ਸਵਾਲ ਦਾ ਜਵਾਬ ਵੀ ਪ੍ਰੋਫੈਸਰ ਮਨਜੀਤ ਸਿੰਘ ਵੱਲੋਂ ਨਾਂਹ ਵਿਚ ਹੀ ਸੀ। ਖਾਲੜਾ ਨਾਲ ਜਦੋਂ ਵੀ ਗੱਲ ਹੁੰਦੀ, ਉਨ੍ਹਾਂ ਦਾ ਇਕੋ ਹੀ ਪ੍ਰਤੀਕਰਮ ਹੁੰਦਾ-ਤੂੰ ਤਾਂ ਯਾਰ ਵਾਲ ਦੀ ਖੱਲ ਲਾਹੁਣ ਨੂੰ ਫਿਰਦੈਂ!
ਵਧੇਰੇ ਮੁਲਾਕਾਤਾਂ ਦੌਰਾਨ ਖਾਲੜਾ ਨਾਲ ਉਨ੍ਹਾਂ ਦਾ ਭਰੋਸੇਯੋਗ ਅਤੇ ਉਤਸ਼ਾਹੀ ਸ਼ਾਗਿਰਦ ਰਜੀਵ ਸਿੰਘ ਵੀ ਅਕਸਰ ਹੁੰਦਾ ਸੀ। ਪੁਲਿਸ ਵੱਲੋਂ ਅਗਵਾ ਕੀਤੇ ਜਾਣ ਤੋਂ ਕੁਝ ਹੀ ਸਮਾਂ ਪਹਿਲਾਂ ਉਨ੍ਹਾਂ ਜਸਵੰਤ ਸਿੰਘ ਖਾਲੜਾ ਵਲੋਂ ਮਾਨਵ ਅਧਿਕਾਰਾਂ ਬਾਰੇ ‘ਕੇæਪੀæਐਸ਼ ਗਿੱਲ ਨੂੰ ਬਹਿਸ ਲਈ ਖੁੱਲ੍ਹੀ ਚੁਣੌਤੀ’ ਸਿਰਲੇਖ ਹੇਠਲੀ ਖ਼ਬਰ ‘ਪੰਜਾਬੀ ਟ੍ਰਿਬਿਊਨ’ ਵਿਚ ਮੈਨੂੰ ਖੁਦ ਆਖ ਕੇ ਛਪਵਾਈ ਸੀ। ਮੁੱਖ ਮੰਤਰੀ ਬੇਅੰਤ ਸਿੰਘ ਦੇ ਮਾਰੇ ਜਾਣ ਪਿੱਛੋਂ ਪੁਲਿਸ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ ਤਾਂ ਰਜੀਵ ਸਿੰਘ ਉਸ ਸਮੇਂ ਉਨ੍ਹਾਂ ਦੇ ਘਰ ਹੀ ਸੀ। ਇਹ ਉਹੀ ਸੀ ਜਿਸ ਨੇ ਸ਼੍ਰੋਮਣੀ ਕਮੇਟੀ ਦੇ ਕਿਸੇ ਅਧਿਕਾਰੀ ਰਾਹੀਂ ਜਥੇਦਾਰ ਟੌਹੜਾ ਦੀ ਤਰਫੋਂ ਸ਼ਿਕਾਇਤ, ਰਾਤ ਪੈਣ ਤੋਂ ਪਹਿਲਾਂ-ਪਹਿਲਾਂ ਹੀ ਸੁਪਰੀਮ ਕੋਰਟ ਤੱਕ ਅੱਪੜਦੀ ਕਰ ਦਿਤੀ ਸੀ।
ਰਜੀਵ ਸਿੰਘ, ਸੁਰਿੰਦਰ ਸਿੰਘ ਘਰਿਆਲਾ, ਗੁਰਭੇਜ ਸਿੰਘ ਪਲਾਸੌਰ, ਬਲਵਿੰਦਰ ਸਿੰਘ ਝਬਾਲ-ਸਾਰੇ ਹੀ ਸਾਬਕਾ ਕਾਮਰੇਡ ਉਦੋਂ ਵੀ ਨੇੜਲੇ ਮਿੱਤਰ ਸਨ ਅਤੇ ਅੱਜ ਵੀ ਹਨ। ਆਪਣੇ ਮੋਹਤਬਰ ਅਤੇ ਮਿੱਤਰ ਦੀ ਪੁਲਿਸ ਹਿਰਾਸਤ ਵਿਚ ਸ਼ਹਾਦਤ ਦਾ ਬਦਲਾ ਲੈਣ ਲਈ ਜਿਵੇਂ ਸਿਰ ‘ਤੇ ਕੱਫਣ ਬੰਨ੍ਹ ਕੇ ਉਨ੍ਹਾਂ ਨੇ ਭਾਰਤੀ ਅਦਾਲਤ ‘ਚ ਯੁੱਧ ਲੜਿਆ, ਉਸ ਬਾਰੇ ਸਹਿਜੇ ਹੀ ਮਹਾਂਕਾਵਿ ਲਿਖਿਆ ਜਾ ਸਕਦਾ ਹੈ। ਸੀæਬੀæਆਈæ ਦੀ ਵਿਸ਼ੇਸ਼ ਕਚਿਹਰੀ ਵਿਚ ਇਹ ‘ਯੁੱਧ’ ਪਟਿਆਲਾ ਸ਼ਹਿਰ ਵਿਚ ਕਈ ਵਰ੍ਹੇ ਚਲਦਾ ਰਿਹਾ। ਹਰ ਤਰੀਕ ‘ਤੇ ਅੰਮ੍ਰਿਤਸਰ ਤੋਂ ਇਕ ਦਿਨ ਪਹਿਲਾਂ ਹੀ ਪਟਿਆਲੇ ਗੁਰਦੁਆਰਾ ਦੂਖ ਨਿਵਾਰਨ ਵਿਚ ਕਮਰੇ ਬੁੱਕ ਕਰਵਾ ਕੇ ਅਕਸਰ ਅਰਬਨ ਅਸਟੇਟ, ਦਾਸ ਦੇ ਘਰ ਪਹੁੰਚ ਜਾਂਦੇ। ਕਈ ਅਹਿਮ ਮੁੱਦਿਆਂ ‘ਤੇ ਉਨ੍ਹਾਂ ਨਾਲ ਉਦੋਂ ਵੀ ਅਸਹਿਮਤੀ ਸੀ ਅਤੇ ਅੱਜ ਵੀ ਹੈ; ਰਜੀਵ ਸਿੰਘ, ਸੁਰਿੰਦਰ ਸਿੰਘ ਘਰਿਆਲਾ ਤੇ ਗੁਰਭੇਜ ਸਿੰਘ, ਸਾਰਿਆਂ ਨੂੰ ਇਸ ਦਾ ਪਤਾ ਹੈ।
ਖਾਲੜਾ ਨੂੰ ਆਪਣੀ ਜ਼ਿੰਦਗੀ ਦੇ ਆਖਰੀ ਸਾਲਾਂ ਦੌਰਾਨ ਧਰਮਾਂ ਦੀ ਤੁਲਨਾਤਮਿਕ ਖੋਜ ਵਿਚ ਦਿਲਚਸਪੀ ਹੋ ਗਈ ਸੀ। ਇਕ ਵਾਰੀ ਹਲਕੇ ਜਿਹੇ ਰੌਂਅ ਵਿਚ ਉਨ੍ਹਾਂ ਨੂੰ ਸ਼ੀਆ ਅਤੇ ਸੁੰਨੀ ਮੁਸਲਮਾਨਾਂ ਦੀ ਸਦੀਆਂ ਤੋਂ ਚਲੀ ਆ ਰਹੀ ਦੁਸ਼ਮਣੀ ਬਾਰੇ ਪੁੱਛਿਆ। ਉਨ੍ਹਾਂ ਗੱਲ ਦਾ ਸਿੱਧਾ ਜਵਾਬ ਦੇਣ ਦੀ ਬਜਾਏ ਮਜ਼ਾਕੀਆ ਅੰਦਾਜ਼ ਵਿਚ ਆਪਣੇ ਪੈਰੋਕਾਰ ਰਜੀਵ ਸਿੰਘ ਨੂੰ ਇਸ ਮੁੱਦੇ ਦੀ ਖੋਜ ਲਈ ਆਖ ਦਿਤਾ। ਘਰੀਂ ਬੈਠੇ ਨਿਰੰਕਾਰੀਆਂ ਦੇ ਕਤਲਾਂ ਦੀ ਗੱਲ ਸ਼ਾਇਦ ਬਹੁਤੀ ਠੀਕ ਨਹੀਂ ਸੀ, ਪਰ ਖਾਲੜਾ ਦਾ ਇਸ ਸਬੰਧੀ ਜਵਾਬ ਜਮਾਤੀ ਦੁਸ਼ਮਣਾਂ ਦੇ ਸਫਾਏ ਦੀ ਲਾਈਨ ਵਾਲਾ ਹੀ ਸੀ। ਉਨ੍ਹਾਂ ਦਾ ਕਹਿਣਾ ਸੀ, ਕਈ ਵਾਰੀ ਸੰਘਰਸ਼ ਨੂੰ ਪ੍ਰਚੰਡ ਕਰਨ ਲਈ ਵੀ ਇਉਂ ਕਰਨਾ ਪੈਂਦਾ ਹੈ। ਬੜੀ ਮੌਜ ਨਾਲ ਉਹ ਇਥੋਂ ਤੱਕ ਕਹਿ ਗਏ ਕਿ ਨਾਜ਼ੀਆਂ ਨੇ ਜਰਮਨ ਕੌਮ ਅੰਦਰ ਜੋਸ਼ ਪੈਦਾ ਕਰਨ ਲਈ ਹੀ ਉਨ੍ਹਾਂ ਨੂੰ ਯਹੂਦੀਆਂ ਪਿੱਛੇ ਪਾਇਆ ਸੀ। ਹਿਟਲਰ ਜਦੋਂ ਤਾਕਤ ਵਿਚ ਆਇਆ ਤਾਂ ਜਰਮਨਾਂ ਕੋਲ ਸਿਵਾਏ ਭੁੱਖ-ਨੰਗ ਤੋਂ ਬਿਨਾਂ ਹੋਰ ਹੈ ਕੀ ਸੀ! ਪਿਛੋਂ ਹਾਰ ਗਿਆ, ਤਦ ਵੀ ਕੀ ਹੋਇਆ, ਪਰ ਇਕ ਵਾਰੀ ਤਾਂ 10 ਸਾਲਾਂ ਦੇ ਅੰਦਰ-ਅੰਦਰ ਉਸ ਯੂਰਪ ਦੇ ਬਾਹਮਣ-ਬਾਣੀਏ ਅੰਗਰੇਜ਼ਾਂ ਦੀ ਨਾਂਹ ਕਰਵਾ ਦਿਤੀ ਸੀ। ਬਾਬਿਆਂ ਦਾ ਦਾਅਵਾ ਸੀ ਕਿ ਅੰਗਰੇਜ਼ਾਂ ਨੂੰ ਕਮਜ਼ੋਰ ‘ਬਾਣੀਆਂ ਪੁੱਤਰ’ ਮਹਾਤਮਾ ਗਾਂਧੀ ਨੇ ਨਹੀਂ, ਬਲਕਿ ਅਡੋਲਫ ਹਿਟਲਰ ਨੇ ਹੀ ਕੀਤਾ ਸੀ; ਭਾਰਤ ਨੂੰ ਆਜ਼ਾਦੀ ਵੀ ਇਸੇ ਕਰਕੇ ਮਿਲੀ ਸੀ। ਜ਼ਾਹਿਰ ਹੈ ਕਿ ਖਾਲੜਾ ਦੇ ਪੈਰੋਕਾਰਾਂ ਦੀ ਸੰਤ ਜਰਨੈਲ ਸਿੰਘ ਦੇ ਸਭ ਤੋਂ ਪ੍ਰਮੁੱਖ ਸਲਾਹਕਾਰ ਪੱਤਰਕਾਰ ਦਲਬੀਰ ਸਿੰਘ ਨਾਲ ਭਾਵੇਂ ਪਿਛੋਂ ਪੂਰੀ ਤਰ੍ਹਾਂ ਖੜਕ ਗਈ, ਪਰ ਬਾਹਮਣ-ਬਾਣੀਆਂ ਦੀ ਨਾਂਹ ਕਰਵਾਉਣ ਦੀ ਰੀਝ ਦੇ ਮਾਮਲੇ ਵਿਚ ਦੋਵਾਂ ਧਿਰਾਂ ਦੀ ਸੁਰ ਬੇਹੱਦ ਰਲਦੀ ਸੀ!
ਜਸਵੰਤ ਸਿੰਘ ਖਾਲੜਾ ਦਲੀਲ ਨਾਲ ਗੱਲ ਕਰਦੇ ਸਨ, ਬਲਕਿ ਦਲਬੀਰ ਸਿੰਘ ਤੇ ਪਿਛੋਂ ਜਾ ਕੇ ਅਜਮੇਰ ਸਿੰਘ ਦੀ ਤਰ੍ਹਾਂ ਹੀ ਸਾਰੀ ਜਵਾਨੀ ਕਾਮਰੇਡਾਂ ਦੀ ਸੰਗਤ ਵਿਚ ਗੁਜ਼ਾਰਨ ਕਾਰਨ ਵਿਰੋਧ-ਵਿਕਾਸੀ ਤਰਕ ਸ਼ਾਸਤਰ ਦੇ ਤਾਂ ਉਹ ਹਾਤਮ ਸਨ, ਪਰ ਉਨ੍ਹਾਂ ਦੇ ਅਜਿਹੇ ਤਰਕ ਖ਼ਤਰਨਾਕ ਬੜੇ ਸਨ। ‘ਕੇਰਾਂ ਉਨ੍ਹਾਂ ਨੂੰ ਪੁਛਿਆ ਕਿ ਨਿਰੰਕਾਰੀਆਂ ਦੇ ਦੇਹਧਾਰੀ ਗੁਰੂ ਬਾਰੇ ਇਤਰਾਜ਼ ਦੀ ਗੱਲ ਤਾਂ ਚਲੋ ਮੰਨੀ, ਉਨ੍ਹਾਂ ਦੇ ਪ੍ਰਵਚਨਾਂ ਦੀ ਹੋਰ ਕਿਹੜੀ ਗੱਲ ਨਾਲ ਉਨ੍ਹਾਂ ਦਾ ਵੱਡਾ ਰੌਲਾ ਸੀ। ‘ਅਵਤਾਰਬਾਣੀ’ ਦੀਆਂ ਦੋ-ਚਾਰ ਸਤਰਾਂ ਜੋ ਉਨ੍ਹਾਂ ਨੂੰ ਯਾਦ ਸਨ, ਉਨ੍ਹਾਂ ਸੁਣਾ ਦਿਤੀਆਂ, ਪਰ ਸਾਡਾ ਕਹਿਣਾ ਸੀ ਕਿ ਇਹ ਤਾਂ ਸ਼ਾਇਦ ਕਰਮ ਕਾਂਡ ਦੀ ਸਾਰਥਿਕਤਾ ‘ਤੇ ਇਤਰਾਜ਼ ਵਾਲੀਆਂ ਗੱਲਾਂ ਸਨ। ਕੀ ਗੁਰੂ ਨਾਨਕ ਸੱਚੇ ਪਾਤਿਸ਼ਾਹ ਦੀ ‘ਆਸਾ ਦੀ ਵਾਰ’ ਦੀ ਸਾਰੀ ਬਾਣੀ ਅਤੇ ਉਨ੍ਹਾਂ ਨਾਲ ਜੁੜੀਆਂ ਸਾਰੀਆਂ ਹੀ ਅਹਿਮ ਸਾਖੀਆਂ ਕਰਮ ਕਾਂਡ ਦਾ ਕਰੜਾ ਨਿਖੇਧ ਨਹੀਂ ਹਨ?
ਰਹੀ ਗੱਲ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਦੇ ਡੀਫੈਂਸ ਜਾਂ ਉਨ੍ਹਾਂ ਦੀ ਸ਼ਖਸੀਅਤ ਦੀ; ਵਿਸਾਖੀ ਵਾਲੇ ਕਾਂਡ ਤੋਂ ਮਹੀਨਾ ਕੁ ਪਹਿਲਾਂ ਨਿਰੰਕਾਰੀਆਂ ਨੇ ਜਲੰਧਰ ਵਿਖੇ ਵੱਡਾ ਸਮਾਗਮ ਕੀਤਾ ਸੀ। ਸ਼ਾਮ ਨੂੰ ਪੱਤਰਕਾਰਾਂ ਨਾਲ ਮਿਲਣੀ ‘ਤੇ ‘ਨਵਾਂ ਜ਼ਮਾਨਾ’ ਦੇ ਨਿਊਜ਼ ਐਡੀਟਰ ਸੁਰਜਨ ਸਿੰਘ ਜ਼ੀਰਵੀ ਨੇ ਹੋਰ ਕੋਈ ਕੇਂਦਰੀ ਬੰਦਾ ਨਾ ਮਿਲਣ ‘ਤੇ ਮੱਲੋ-ਮੱਲੀ ਮੈਨੂੰ ਉਸ ਪ੍ਰੈਸ ਮਿਲਣੀ ਲਈ ਭੇਜ ਦਿਤਾ। ਨਿਰੰਕਾਰੀ ਮੁਖੀ ਨਾਲ ਉਸ ਦੀ ਪਤਨੀ ਵੀ ਸੀ। ਪੱਤਰਕਾਰ ਉਨ੍ਹਾਂ ਨੂੰ ਉਨ੍ਹਾਂ ਦੇ ਮਿਸ਼ਨ ਅਤੇ ਮਾਨਵ ਮੁਕਤੀ ਬਾਰੇ ਮਰੇ ਤੇ ਬਕਲੇ ਹੋਏ ਸਵਾਲ ਪੁੱਛ ਰਹੇ ਸਨ, ਤੇ ਮਰੇ-ਮਰੇ ਹੀ ਉਹ ਜਵਾਬ ਦੇ ਰਹੇ ਸਨ। ਮੈਨੂੰ ਤਾਂ ਕੈਅ ਹੀ ਆ ਗਈ। ਡੇਢ-ਦੋ ਦਹਾਕੇ ਬਾਅਦ ਆਪਣੇ ਮਿੱਤਰ ਡਾæ ਬਲਕਾਰ ਸਿੰਘ ਦੇ ਘਰੇ ਪਹਿਲੀ ਵਾਰੀ ਯੋਗੀ ਹਰਭਜਨ ਸਿੰਘ ਨੂੰ ਮਿਲਣ ਅਤੇ ਉਸ ਤੋਂ ਪਿਛੋਂ ਆਪਣੇ ਬਚਪਨ ਦੇ ਸਭ ਤੋਂ ਕਰੀਬੀ ਮਿੱਤਰ ਪ੍ਰਿਥੀਪਾਲ ਸਿੰਘ ਪੰਨੂ ਦੀ ਖ਼ਬਰ ਲੈਣ ਲਈ ਪਹਿਲੀ ਵਾਰੀ ਨੂਰ ਮਹਿਲ ਵਾਲੇ ‘ਮਹਾਂ ਪੁਰਖ’ ਦੇ ਡੇਰੇ ਜਾਣ ਸਮੇਂ ਦੇ ਤਜਰਬੇ ਵੀ ਇਸ ਤਰ੍ਹਾਂ ਦੇ ਹੀ ਰਹੇ ਸਨ-ਇਹ ਲੋਕ ਨਿਰੇ ਖੱਚ ਸਨ!
ਹੁਣ ਤਿੰਨ ਕੁ ਮਹੀਨੇ ਪਹਿਲਾਂ ਟੋਰਾਂਟੋ, ਮਿਸੀਸਾਗਾ ਵਿਖੇ ਨਿਰੰਕਾਰੀਆਂ ਦੇ ਸਮਾਗਮ ਵਿਚ ਜਾਣਾ ਪਿਆ ਤਾਂ ਨਜ਼ਾਰਾ ਵੇਖਿਆਂ ਹੀ ਬਣਦਾ ਸੀ। ਬਹੁਤ ਵੱਡੇ ਹਾਲ ਅੰਦਰ ਬਹੁਤ ਵੱਡਾ ਇਕੱਠ ਸੀ। ਪ੍ਰਬੰਧ ਅਜਿਹਾ, ਕਿ ਹੈਰਾਨੀ ਹੁੰਦੀ ਸੀ। ਦੋ-ਤਿੰਨ ਵਾਰੀ ਵਿਚਾਰ ਆਇਆ- ਕਾਸ਼! ਜਸਵੰਤ ਸਿੰਘ ਖਾਲੜਾ ਨਾਲ ਹੁੰਦੇ, ਉਨ੍ਹਾਂ ਨੂੰ ਪੁੱਛਦੇ ਕਿ ਲੋਕਾਂ ਨੂੰ ਜ਼ੋਰੀਂ-ਜਬਰੀਂ ਭਲਾ ਹਟਾਇਆ ਜਾ ਸਕਦਾ ਹੈ?
ਖ਼ੈਰ! ਨਿਰੰਕਾਰੀਆਂ ਨਾਲ ਝੜਪ ਹੋਈ, ਝਗੜੇ ਦਾ ਮੁੱਢ ਬੱਝ ਗਿਆ। ਨਿਰਦੋਸ਼ ਸਿੰਘਾਂ ਦੀ ਮੌਤ ਦਾ ਬਦਲਾ ਲੈਣ ਲਈ ਚੱਕਰਵਰਤੀ ਜਥੇ ਨੇ ਨਿਰੰਕਾਰੀਆਂ ਦਾ ਚੁਣ-ਚੁਣ ਕੇ ਮੜ੍ਹਾਂਗਾ ਸ਼ੁਰੂ ਕਰ ਦਿਤਾ। ਭਾਈ ਕੁਲਵੰਤ ਸਿੰਘ ਨਾਗੋਕੇ ਦਾ ਨਾਂ ਉਸ ਮੁਹਿੰਮ ਦੇ ਮੋਹਰੀਆਂ ਵਜੋਂ ਬੋਲ ਗਿਆ ਅਤੇ ਪੁਲਿਸ ਹਿਰਾਸਤ ਵਿਚ ਉਨ੍ਹਾਂ ਦੀ ਜਾਨ ਜਾਂਦੀ ਰਹੀ। ਸੰਘਰਸ਼ ਨੂੰ ਪ੍ਰਚੰਡ ਕਰਨ ਲਈ ਮਿਥਕਾਂ ਦੀ ਜ਼ਰੂਰਤ ਹੁੰਦੀ ਹੈ, ਤੇ ਲੜਨ ਵਾਲਿਆਂ ਨੂੰ ਬਹੁਤ ਵੱਡਾ ਮਿੱਥਕ ਮਿਲ ਗਿਆ।
ਸਿੱਖ ਕੌਮ ਦੀ ਆਨ ਤੇ ਸ਼ਾਨ ਦੀ ਬਹਾਲੀ ਲਈ ਧਰਮ ਯੁੱਧ ਸ਼ੁਰੂ ਹੋ ਗਿਆ ਜਿਸ ਦੀ ਸਿਖਰ ਸਾਕਾ ਨੀਲਾ ਤਾਰਾ ਦੌਰਾਨ ਸੰਤਾਂ ਦੀ ਸ਼ਹਾਦਤ ਨਾਲ ਹੋਈ। ਜਦੋਂ ਇੰਦਰਾ ਗਾਂਧੀ ਮਾਰੀ ਗਈ, ਦਿੱਲੀ ਵਿਚ ਨਿਰਦੋਸ਼ ਸਿੱਖ ਖਾਹਮਖਾਹ ਬਲੀ ਦਾ ਬੱਕਰਾ ਬਣੇ। ਜੋ ਵੀ ਹੈ, ਇਸ ਦਾ ਬਦਲਾ ਲੈਣ ਲਈ ਮਨਵੀਰ ਸਿੰਘ ਚਹੇੜੂ, ਜਨਰਲ ਲਾਭ ਸਿੰਘ ਅਤੇ ਭਾਈ ਦਲਜੀਤ ਸਿੰਘ ਬਿੱਟੂ ਨੇ ਨਿਸਚੇ ਹੀ ਬਹਾਦਰੀ ਦੇ ਨਵੇਂ ਪ੍ਰਤੀਮਾਨ ਲਿਖੇ ਹੀ ਲਿਖੇ। ਸੰਤਾਂ ਦੇ ਸਮੇਂ ਗਿਆਨੀ ਬਚਨ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਮਾਰ ਕੇ ਖਾੜਕੂਆਂ ਨੇ ਪੁਲਿਸ ਨੂੰ ਜਿਵੇਂ ਥਾਣਿਆਂ ਅੰਦਰ ਵਾੜਿਆ ਸੀ; ਜਨਰਲ ਲਾਭ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਉਹੀ ਕਹਾਣੀ ਫਿਰ ਦੁਹਰਾ ਦਿਤੀ। ਪੁਲਿਸ ਦੇ ਮੁਲਾਜ਼ਮਾਂ ਤੋਂ ਪਿੱਛੋਂ ਜਦੋਂ ਦੋ-ਚਾਰ ਜੱਜ ਖਾੜਕੂਆਂ ਨੇ ਮਾਰੇ, ਸਾਰੀ ਜੁਡੀਸ਼ਰੀ ਦੜ ਵੱਟ ਗਈ।
ਅਗਲਿਆਂ ਨੇ ਜੇæਐਫ਼ ਰਿਬੇਰੋ ਨੂੰ ਠੰਢਾ ਜਾਣ, ਉਸ ਨੂੰ ਪਾਸੇ ਬਹਾਇਆ ਅਤੇ ਕੇæਪੀæਐਸ਼ ਗਿੱਲ ਨੂੰ ਅੱਗੇ ਲੈ ਆਂਦਾ। ਸੁਮੇਧ ਸੈਣੀ, ਇਜ਼ਹਾਰ ਆਲਮ ਅਤੇ ਫਿਰ ਉਨ੍ਹਾਂ ਦੇ ਮਗਰੇ-ਮਗਰ ਆ ਗਿਆ ਗੁਰਮੀਤ ਸਿੰਘ ਪਿੰਕੀ।
(ਚਲਦਾ)