ਸਿੱਖ ਸਿਆਸਤ ਦਾ ਬੋਲਬਾਲਾ ਇਸ ਹੱਦ ਤੱਕ ਹੋ ਗਿਆ ਹੈ ਕਿ ਸਿੱਖ ਚੇਤਿਆਂ ਵਿਚ ਜਿਸ ਤਰ੍ਹਾਂ ‘ਰਾਜ ਬਿਨਾ ਨਹੀਂ ਧਰਮ ਚਲਹਿ ਹੈ’ ਨੂੰ ਪੱਕਿਆਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਸ ਤਰ੍ਹਾਂ ਇਸੇ ਬੰਦ ਦੇ ਦੂਜੇ ਹਿੱਸੇ ‘ਧਰਮ ਬਿਨਾ ਸਭ ਦਲਹਿ ਮਲਹਿ ਹੈ’ ਵੱਲ ਧਿਆਨ ਨਹੀਂ ਦਿੱਤਾ ਗਿਆ। ਇਸ ਨਾਲ ਧਰਮ ਨਾਲੋਂ ਸਿਆਸਤ ਨੂੰ ਪਹਿਲ ਦੇਣ ਦੀ ਸਿੱਖ ਮਾਨਸਿਕਤਾ, ਆਪਣੇ ਆਪ ਵਿਚ ਚੁਣੌਤੀ ਹੁੰਦੀ ਜਾ ਰਹੀ ਹੈ।
ਇਹ ਸਥਿਤੀ ਸਿੱਖ ਸਿਆਸਤ ਦੀ ਅਗਵਾਈ ਵਿਚ ਸਿੱਖ ਧਰਮ ਨੂੰ ਤੋਰਨ ਦੀ ‘ਅਸਿੱਖ’ ਪੈਂਤੜਬਾਜ਼ੀ ਨਾਲ ਜੁੜੀ ਹੋਈ ਹੈ। ਇਸੇ ਹੀ ਦ੍ਰਿਸ਼ਟੀ ਤੋਂ ਸਿੱਖ ਸੰਸਥਾਵਾਂ ਦਾ ਸਿਆਸੀ ਅਪਹਰਨ ਸਿੱਖ ਸਿਆਸਤ ਦਾ ਹਿੱਸਾ ਹੋ ਗਿਆ ਹੈ ਅਤੇ ਇਸ ਦੀ ਕੀਮਤ ਆਮ ਸਿੱਖ ਨੂੰ ਚੁਕਾਉਣੀ ਪੈ ਰਹੀ ਹੈ। ਸਿੱਖ ਸੰਸਥਾਵਾਂ ਨੂੰ ਅਪੰਥਕ ਸੁਰ ਵਿਚ ਚਿਤਵਿਆ ਹੀ ਨਹੀਂ ਜਾ ਸਕਦਾ, ਕਿਉਂਕਿ ਇਹ ਪੰਥ ਵੱਲੋਂ ਅਤੇ ਪੰਥ ਵਾਸਤੇ ਹੀ ਚਿਤਵੀਆਂ ਤੇ ਉਸਾਰੀਆਂ ਗਈਆਂ ਹਨ, ਪਰ ਸਿੱਖ ਸਿਆਸਤ ਨੂੰ ਪੰਥਕ ਸੁਰ ਵਿਚ ਨਿਭਾਇਆ ਨਹੀਂ ਜਾ ਸਕਦਾ, ਕਿਉਂਕਿ ਇਸ ਨੂੰ ਮੁਲਕ ਦੇ ਵਿਧਾਨ ਮੁਤਾਬਿਕ ਹੀ ਚਿਤਵਿਆ ਅਤੇ ਉਸਾਰਿਆ ਜਾ ਸਕਦਾ ਹੈ। ਤਾਂ ਹੀ ਤਾਂ ਸੰਸਥਾਈ ਪ੍ਰਬੰਧਨ ਦੀ ਪ੍ਰਤੀਨਿਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਥਕ ਉਸਾਰ ਦੀਆਂ ਸੰਭਾਵਨਾਵਾਂ ਨੂੰ ਕਿਸੇ ਵੀ ਕਿਸਮ ਦੇ ਸਿਆਸੀ ਦਖਲ ਤੋਂ ਬਚਾਏ ਜਾਣ ਦੀ ਲੋੜ ਪੈਦਾ ਹੋ ਗਈ ਹੈ। ਇਸ ਦਾ ਆਰੰਭ ਸਿੱਖ ਸੰਸਥਾਵਾਂ ਵਿਚ ਸਿੱਖ ਸਿਆਸਤ ਦੇ ਦਖਲ ਨੂੰ ਬੰਦ ਕਰ ਕੇ ਹੀ ਕੀਤਾ ਜਾ ਸਕਦਾ ਹੈ।
ਪ੍ਰੋæ ਬਲਕਾਰ ਸਿੰਘ
ਫੋਨ: +91-93163-01328
ਜਿੰਨਾ ਪਾਣੀ ਸਿੱਖ ਸੰਸਥਾਵਾਂ ਦੇ ਪੁਲਾਂ ਹੇਠੋਂ ਲੰਘ ਚੁੱਕਿਆ ਹੈ, ਉਨਾ ਸਿੱਖ ਸਿਆਸਤ ਦੇ ਪੁਲਾਂ ਹੇਠ ਦੀ ਨਹੀਂ ਲੰਘਿਆ, ਕਿਉਂਕਿ ਸਿੱਖ ਸਿਆਸਤ ਦੀ ਉਮਰ ਸਿੱਖ ਧਰਮ ਨਾਲੋਂ ਬਹੁਤ ਛੋਟੀ ਹੈ। ਇਸ ਨਾਲ ਇਹ ਸੱਚ ਸਾਹਮਣੇ ਆ ਜਾਂਦਾ ਹੈ ਕਿ ਸਿੱਖ ਧਰਮ ਦਾ ਕੇਂਦਰੀ ਸਰੋਕਾਰ, ਸਿੱਖ ਅਮਲ ਦੀਆਂ ਪਹਿਰੇਦਾਰ ਸਿੱਖ ਸੰਸਥਾਵਾਂ ਹਨ ਅਤੇ ਸਿੱਖ ਸਿਆਸਤ ਨੂੰ ਸਿੱਖ ਪ੍ਰਸੰਗ ਵਿਚ ਹਾਸ਼ੀਆ ਸਰੋਕਾਰਾਂ ਵਿਚ ਰੱਖ ਕੇ ਹੀ ਵਿਚਾਰਿਆ ਜਾ ਸਕਦਾ ਹੈ, ਪਰ ਇਸ ਵੇਲੇ ਇਹ ਸਿੱਖ ਕ੍ਰਮ ਉਲਟ-ਪੁਲਟ ਹੋ ਗਿਆ ਲੱਗਦਾ ਹੈ, ਕਿਉਂਕਿ ਸਿੱਖ ਸਿਆਸਤ, ਸਿੱਖ ਸੰਸਥਾਵਾਂ ਨੂੰ ਹਾਸ਼ੀਏ ਤੇ ਧੱਕ ਕੇ ਆਪ ਕੇਂਦਰ ਵਿਚ ਸਥਾਪਤ ਹੋ ਚੁੱਕੀ ਹੈ। ਇਸ ਵਿਚ ਸੰਸਥਾਈ ਪ੍ਰਬੰਧ ਨਾਲ ਜੁੜੇ ਹੋਏ ਅਹੁਦੇਦਾਰ ਮਰਜ਼ੀ ਨਾਲ ਭਾਈਵਾਲ ਹੋ ਗਏ ਹਨ। ਇਸ ਨਾਲ ਸਿੱਧੇ ਅਤੇ ਅਸਿੱਧੇ ਰੂਪ ਵਿਚ ਸਿਆਸਤਦਾਨਾਂ ਦੀਆਂ ਬਹੁਤ ਸਾਰੀਆਂ ਸਿੱਖ ਕੋਟੀਆਂ ਪੈਦਾ ਹੋ ਗਈਆਂ ਹਨ। ਇਸ ਦੇ ਵਿਸਥਾਰ ਵਿਚ ਜਾਏ ਬਿਨਾਂ ਇਹ ਕਹਿਣਾ ਚਾਹੁੰਦਾ ਹਾਂ ਕਿ ਰਾਜ ਕਰਦੇ ਸਿੱਖ, ਰਾਜ ਉਡੀਕਦੇ ਸਿੱਖ, ਰਾਜ ਸਮਰਥਕ ਸਿੱਖ, ਰਾਜ ਵਿਰੋਧੀ ਸਿੱਖ ਅਤੇ ਰਾਜ ਕਰਨ ਲਈ ਵਰਤੇ ਜਾ ਰਹੇ ਵੋਟ ਬੈਂਕ ਸਿੱਖ, ਕਿਸੇ ਨਾ ਕਿਸੇ ਰੂਪ ਵਿਚ ਸਿੱਖ ਸਿਆਸਤ ਦੀਆਂ ਪਰਤਾਂ ਹੀ ਤਾਂ ਹਨ। ਇਸ ਦੇ ਬਾਵਜੂਦ ਇਹੋ ਜਿਹੇ ਸਿੱਖ, ਗਿਣਤੀ ਦੇ ਹਿਸਾਬ ਨਾਲ ਬਿਲਕੁਲ ਘੱਟ-ਗਿਣਤੀ ਹਨ, ਪਰ ਬਹੁ-ਗਿਣਤੀ ਸਿੱਖਾਂ ਦੇ ਪ੍ਰਤੀਨਿਧ ਹੋਣ ਦੀ ਸਿਆਸਤ ਜਿਨ੍ਹਾਂ ਨੂੰ ਮੁਆਫਕ ਆ ਗਈ ਹੈ। ਉਹ ਸਿੱਖਾਂ ਦੇ ਵੋਟ ਬੈਂਕ ਵਾਂਗ ਹੀ ਸਿੱਖ ਸੰਸਥਾਵਾਂ ਨੂੰ ਵੀ ਆਪਣੀ-ਆਪਣੀ ਸਿਆਸਤ ਮੁਤਾਬਿਕ ਚਲਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆਉਣ ਲੱਗ ਪਏ ਹਨ। ਗੁਰਦੁਆਰਾ ਸੰਸਥਾ ਨੂੰ ਜਿਸ ਤਰ੍ਹਾਂ ਸਿਆਸੀ ਸਰੋਕਾਰਾਂ ਵਾਸਤੇ ਵਰਤਿਆ ਜਾਣ ਲੱਗ ਪਿਆ ਹੈ, ਇਸ ਨਾਲ ਸਿੱਖ ਸਿਆਸਤ ਵਾਸਤੇ ਚੁਣੌਤੀਆਂ ਹੀ ਚੁਣੌਤੀਆਂ ਪੈਦਾ ਹੋ ਗਈਆਂ ਨਜ਼ਰ ਆਉਣ ਲੱਗ ਪਈਆਂ ਹਨ। ਚੁਣੌਤੀਆਂ ਦਾ ਆਧਾਰ ਇਹ ਬਣ ਗਿਆ ਹੈ ਕਿ ਸਿੱਖ ਸੰਗਤ ਵਿਚਕਾਰ ਸੇਹ ਦਾ ਤੱਕਲਾ ਗੱਡਿਆ ਗਿਆ ਹੈ। ਸਿੱਖ ਸੁਰ ਵਿਚ ਸਹਿਮਤੀ ਸਰੋਕਾਰਾਂ ਦੀ ਥਾਂ ਤੇ ਸਿਆਸੀ ਸੁਰ ਵਿਚ ਅਸਹਿਮਤੀ ਸਰੋਕਾਰ ਭਾਰੂ ਹੁੰਦੇ ਜਾ ਰਹੇ ਹਨ। ਸਰਬੱਤ ਖਾਲਸਾ, ਗੁਰਮਤਾ ਅਤੇ ਪੰਜ ਪਿਆਰਿਆਂ ਵਰਗੇ ਸਥਾਪਤ ਮਸਲਿਆਂ ਤੇ ਕਿਰਪਾਨਾਂ ਪਹਿਲਾਂ ਕੱਢੀਆਂ ਜਾ ਰਹੀਆਂ ਅਤੇ ਗੱਲ ਪਿੱਛੋਂ ਕੀਤੀ ਜਾ ਰਹੀ ਹੈ। ਜਿੰਨਾ ਕਿਸੇ ਨੂੰ ਘੱਟ ਪਤਾ ਹੈ, ਉਨਾ ਹੀ ਉਹ ਵੱਧ ਤੇ ਉਚੀ ਬੋਲਣ ਦੀ ਕੋਸ਼ਿਸ਼ ਕਰ ਰਿਹਾ ਵੇਖਿਆ ਤੇ ਸੁਣਿਆ ਜਾ ਸਕਦਾ ਹੈ। ਮਾਧਿਅਮ ਨੂੰ ਮੰਜ਼ਲ ਸਮਝਣ ਦੀ ਗਲਤੀ ਕਰਾਂਗੇ ਜਾਂ ਪੰਥਕ ਜੁਗਤਾਂ ਨੂੰ ਸੰਸਥਾ ਸਮਝਣ ਦੀ ਵਧੀਕੀ ਕਰਾਂਗੇ, ਤਾਂ ਨਤੀਜੇ ਇਹੋ ਜਿਹੇ ਹੀ ਨਿਕਲਣਗੇ, ਜਿਨ੍ਹਾਂ ਨੂੰ ਧਿਆਨ ਵਿਚ ਰੱਖ ਕੇ ਗੱਲ ਕੀਤੀ ਜਾ ਰਹੀ ਹੈ। ਮੂਲ ਮਸਲਾ ਇਹ ਹੋ ਗਿਆ ਹੈ ਕਿ ਸਿੱਖ ਸਿਆਸਤ ਅਤੇ ਸਿੱਖ ਸੰਸਥਾਵਾਂ ਨੂੰ ਇਕੱਠੇ ਤੋਰਨ ਦੇ ਲਾਲਚ ਵਿਚ ਜਾਂ ਮਜਬੂਰੀ ਅਧੀਨ ਜੋ ਕੁਝ ਪੱਲੇ ਪੈਂਦਾ ਜਾ ਰਿਹਾ ਹੈ, ਜਾਂ ਜੋ ਕੁਝ ਭੁਗਤਣਾ ਪੈ ਰਿਹਾ ਹੈ, ਉਸ ਨਾਲ ਕਿਵੇਂ ਨਜਿੱਠਿਆ ਜਾਵੇ? ਲੱਗਦਾ ਇਹੀ ਹੈ ਕਿ ਜੇ ਇਸ ਹਾਲਤ ਵਿਚੋਂ ਬਾਹਰ ਨਿਕਲਣਾ ਹੈ ਤਾਂ ਇਸ ਚੁਣੌਤੀ ਦੇ ਸਨਮੁਖ ਹੋਣਾ ਪਵੇਗਾ ਕਿ ਸਿੱਖ ਸੰਸਥਾਵਾਂ ਨੂੰ ਸਿੱਖ ਸਿਆਸਤਦਾਨਾਂ ਤੋਂ ਕਿਵੇਂ ਬਚਾਇਆ ਜਾਵੇ? ਇਹ ਮਸਲਾ ਸਾਰੇ ਸਿੱਖ ਭਾਈਚਾਰੇ ਦਾ ਹੈ ਅਤੇ ਇਸ ਨੂੰ ਹੱਕ ਜਾਂ ਵਿਰੋਧ ਦੀ ਆੜ ਵਿਚ ਹੋਰ ਉਲਝਾਏ ਜਾਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
ਸਿੱਖ ਵਿਰਾਸਤ ਵਿਚ ਜੋ ਕੁਝ ਸੁਰੱਖਿਅਤ ਪਿਆ ਹੈ, ਜੇ ਉਸ ਦੇ ਹਵਾਲੇ ਨਾਲ ਗੱਲ ਕਰਨੀ ਹੋਵੇ ਤਾਂ ਸ਼ੁਰੂਆਤ ਇਥੋਂ ਕੀਤੀ ਜਾ ਸਕਦੀ ਹੈ ਕਿ ਸਿੱਖ ਚਿੰਤਕਾਂ ਨੇ ਆਪਣੀਆਂ ਲਿਖਤਾਂ ਰਾਹੀਂ ਸਿੰਘ ਸਭਾ ਲਹਿਰ ਦੇ ਨਤੀਜਿਆਂ ਨੂੰ ਸਾਹਮਣੇ ਲਿਆਂਦਾ ਸੀ ਅਤੇ ਇਹੋ ਨਤੀਜੇ, ਉਸ ਅਕਾਲੀਅਤ ਦਾ ਆਧਾਰ ਬਣੇ ਸਨ ਜਿਸ ਅਕਾਲੀਅਤ ਦੀ ਇਕ ਪਰਤ ਨੂੰ ਇਥੇ ਸਿੱਖ ਸਿਆਸਤ ਕਿਹਾ ਜਾ ਰਿਹਾ ਹੈ। ਸਿੱਖ ਸਿਆਸਤ ਦੇ ਪ੍ਰਸੰਗ ਵਿਚ ਅਕਾਲੀਅਤ ਨੇ ਇਕ ਪਾਸੇ ਰਣਜੀਤ ਸਿੰਘੀਅਨ ਸਿੱਖ ਸਿਆਸਤ ਦੀ ਨਿਰੰਤਰਤਾ ਵਿਚ ਤੁਰਨ ਦੀ ਥਾਂ ਸਿੱਖ-ਲੋਕ-ਤੰਤ੍ਰ ਦੀਆਂ ਪੈੜਾਂ ਪਾਈਆਂ ਸਨ ਅਤੇ ਦੂਜੇ ਪਾਸੇ ਸਿੱਖ ਸੰਸਥਾਵਾਂ ਦੇ ਪ੍ਰਬੰਧ ਨੂੰ ਇਸੇ ਸੁਰ ਵਿਚ ਚਲਾਉਣ ਦਾ ਸਿੱਖ ਅਧਿਕਾਰ ਮੰਗਿਆ ਸੀ। ਇਸ ਸਾਰੇ ਵਰਤਾਰੇ ਨੂੰ ਕਲੋਨੀਅਲ-ਕੂਟਨੀਤੀ ਧਿਆਨ ਨਾਲ ਵੇਖ ਵੀ ਰਹੀ ਸੀ ਅਤੇ ਇਸ ਨੂੰ ਮਨ ਮਰਜ਼ੀ ਦੀ ਸਿਆਸਤ ਵਲ ਤੋਰਨ ਦੀਆਂ ਨੀਤੀਆਂ ਵੀ ਘੜ ਰਹੀ ਸੀ। ਅਕਾਲੀਅਤ, ਸਿੱਖ ਮਾਨਸਿਕਤਾ ਦਾ ਚੂਲਕ ਆਧਾਰ ਹੈ ਅਤੇ ਇਸ ਦਾ ਕੁਦਰਤੀ ਅਤੇ ਨਿਸ਼ੰਗ ਪ੍ਰਗਟਾਵਾ ਗੁਰਦੁਆਰਾ ਸੁਧਾਰ ਲਹਿਰ ਵੇਲੇ ਹੋ ਗਿਆ ਸੀ। ਇਸੇ ਲਹਿਰ ਨੂੰ ਸਿੱਖ ਸਿਆਸਤ ਦਾ ਆਰੰਭਕ ਪੜਾਅ ਮੰਨਿਆ ਜਾ ਸਕਦਾ ਹੈ। ਸਿੱਖ ਬਚਨਬੱਧਤਾ ਵਿਚੋਂ ਪੈਦਾ ਹੋਈ ਸਿੱਖ ਸਿਆਸਤ ਆਪਣੇ ਇਸ ਆਰੰਭਕ ਪੜਾਅ ਵਿਚ ਹੀ ਸਿੱਖ ਰਾਜ ਦੇ ਉਦਰੇਵੇਂ ਦਾ ਸ਼ਿਕਾਰ ਹੋ ਕੇ ਗੁਰਮਤਿ ਦੇ ਵਿਰਾਸਤੀ ਰੰਗ ਨਾਲੋਂ ਪਾਸੇ ਹੋਣਾ ਸ਼ੁਰੂ ਹੋ ਗਈ ਸੀ। ਇਸ ਨਾਲ ਸਿੱਖ ਸਿਆਸਤ ਦਾ ਜੋ ਰੰਗ ਉਘੜਨਾ ਸ਼ੁਰੂ ਹੋ ਗਿਆ ਸੀ, ਉਹ ਸਮਕਾਲੀ ਸਿਆਸੀ ਰੰਗਾਂ ਨਾਲੋਂ ਉਸ ਤਰ੍ਹਾਂ ਵਿਲੱਖਣ ਨਹੀਂ ਰਹਿ ਸਕਿਆ ਸੀ, ਜਿਸ ਤਰ੍ਹਾਂ ਸਿੱਖ ਧਰਮ, ਆਪਣੇ ਸਮਕਾਲੀ ਧਰਮਾਂ ਨਾਲੋਂ ਵੱਖਰੇ ਹੋਣ ਦਾ ਬਿਰਦ ਪਾਲਦਾ ਆ ਰਿਹਾ ਸੀ। ਇਥੋਂ ਹੀ ਸਿੱਖ ਪ੍ਰਸੰਗ ਵਿਚ ਧਰਮ ਅਤੇ ਸਿਆਸਤ ਦਾ ਉਹ ਵਰਤਾਰਾ ਸ਼ੁਰੂ ਹੋ ਜਾਂਦਾ ਹੈ, ਜਿਸ ਵਿਚੋਂ ਨਿਕਲ ਸਕਣ ਦੀਆਂ ਸੰਭਾਵਨਾਵਾਂ ਦਿਨੋਂ ਦਿਨ ਮੱਧਮ ਪੈਂਦੀਆਂ ਗਈਆਂ ਹਨ ਅਤੇ ਇਸ ਵੇਲੇ ਇਹ ਸਿੱਖ ਵੰਗਾਰ ਬਣ ਗਈਆਂ ਹਨ।
ਜਦੋਂ ਵੀ ਸਿੱਖ ਸੰਸਥਾਵਾਂ ਨੂੰ ਸਿੱਖ ਸੁਰ ਅਤੇ ਸੰਗਤੀ ਰੀਝ ਦੇ ਖਿਲਾਫ ਵਰਤੇ ਜਾਣ ਦੀ ਸਥਿਤੀ ਕਿਸੇ ਵੀ ਕਾਰਨ ਪੈਦਾ ਹੁੰਦੀ ਰਹੀ ਹੈ, ਇਸ ਦਾ ਪੰਥਕ ਅਹਿਸਾਸ ਸਮੇਂ-ਸਮੇਂ ਸਿੱਖ ਚੇਤਨਾ ਨੂੰ ਵਿਚਲਤ ਵੀ ਕਰਦਾ ਰਿਹਾ ਹੈ ਅਤੇ ਉਤੇਜਿਤ ਵੀ ਕਰਦਾ ਰਿਹਾ ਹੈ। ਇਸ ਸਿੱਖ ਅਹਿਸਾਸ ਨੂੰ ਭਾਈ ਵੀਰ ਸਿੰਘ ਨੇ ਆਪਣੇ ਨਾਵਲਾਂ ਰਾਹੀਂ ਆਮ ਸਿੱਖ ਮਾਨਸਿਕਤਾ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੋਈ ਹੈ। ਇਹ ਮਸਲਾ ਵਿਚਾਰੇ ਜਾਣ ਦੀ ਲੋੜ ਹੈ ਕਿ ਭਾਈ ਵੀਰ ਸਿੰਘ ਦੇ ਨਾਵਲਾਂ ਵਿਚੋਂ ਸਮਕਾਲੀ ਸਿੱਖ ਪਾਤਰ ਕਿਉਂ ਗੁੰਮ ਹਨ ਅਤੇ ਭਾਈ ਸਾਹਿਬ ਨੂੰ ਲੋੜੀਂਦੇ ਸਿੱਖ ਪਾਤਰ 18ਵੀਂ ਸਦੀ ਵਿਚੋਂ ਕਿਉਂ ਲੈਣੇ ਪਏ ਸਨ? ਇਸ ਸਵਾਲ ਦਾ ਉਤਰ ਤਲਾਸ਼ਣ ਨਾਲ ਵਰਤਮਾਨ ਸਿੱਖ ਸਥਿਤੀ ਨੂੰ ਸਮਝਣ ਵਾਸਤੇ ਸਹਾਇਤਾ ਮਿਲ ਸਕਦੀ ਹੈ। ਸਿਧਾਂਤਕ ਸੁਰ ਵਿਚ ਸਿੱਖ ਧਰਮ ਬੇਸ਼ੱਕ ਕਿਸੇ ਵੀ ਸਮਕਾਲ ਦਾ ਧਰਮ ਹੋ ਸਕਣ ਦੀ ਸਮਰਥਾ ਰੱਖਦਾ ਹੈ ਅਤੇ ਕਿਸੇ ਵੀ ਸਮਕਾਲ ਨੂੰ ਭੂਤ ਦੇ ਹੇਰਵੇ ਜਾਂ ਭਵਿਖ ਦੇ ਲਾਰੇ ਵਿਚ ਗੁਆਚਣ ਤੋਂ ਰੋਕ ਸਕਦਾ ਹੈ। ਅਜਿਹਾ ਤਦ ਹੀ ਸੰਭਵ ਹੋ ਸਕਦਾ ਹੈ ਜੇ ਸਿੱਖ ਆਪਣੇ ਵਿਰਾਸਤੀ ਫਖਰ ਨੂੰ ਸਮਕਾਲੀ ਉਸਾਰ ਵਾਸਤੇ ਵਰਤਣ ਦਾ ਇਤਿਹਾਸ ਵਿਚ ਨਿਰੰਤਰ ਪ੍ਰਗਟਾਵਾ ਉਸ ਤਰ੍ਹਾਂ ਕਰਨ ਜਿਸ ਤਰ੍ਹਾਂ ਦੀ ਆਸ ਗੁਰੂਕਿਆਂ ਤੋਂ ਕੀਤੀ ਜਾਂਦੀ ਰਹੀ ਹੈ। ਸਿੱਖ ਭਾਈਚਾਰਾ ਇਸ ‘ਤੇ ਧਰਮ ਨੂੰ ਅੰਗ ਸੰਗ ਰੱਖ ਕੇ ਪੂਰਾ ਉਤਰਦਾ ਰਿਹਾ ਹੈ ਅਤੇ ਧਰਮ ਨਾਲੋਂ ਟੁੱਟੀ ਹੋਈ ਸਿਆਸਤ ਦੀ ਅਗਵਾਈ ਵਿਚ ਪੂਰਾ ਨਹੀਂ ਵੀ ਉਤਰਦਾ ਰਿਹਾ। ਧਰਮ ਦੀ ਅਗਵਾਈ ਵਿਚ ਚੱਲਦਿਆਂ ਭਾਈ ਵੀਰ ਸਿੰਘ ਦੇ ਨਾਵਲਾਂ ਦੇ ਮੁੱਖ ਪਾਤਰ ਸੁੰਦਰੀ, ਬਾਬਾ ਨੌਧ ਸਿੰਘ ਅਤੇ ਸਤਵੰਤ ਕੌਰ ਜਿਸ ਤਰ੍ਹਾਂ ਦੀ ਭੂਮਿਕਾ ਨਿਭਾਉਂਦੇ ਹਨ, ਉਹੋ ਜਿਹੀ ਭੂਮਿਕਾ ਸਿੱਖ ਸਿਆਸਤ ਦੀ ਅਗਵਾਈ ਵਿਚ ਨਿਭਦੀ ਕਿਧਰੇ ਨਜ਼ਰ ਨਹੀਂ ਆਉਂਦੀ? ਸਿੱਖ ਸਿਆਸਤ ਦੇ ਮਹਾਂ ਯੋਗਦਾਨੀ ਅਕਾਲੀ ਫੂਲਾ ਸਿੰਘ, ਸ਼ ਸ਼ਾਮ ਸਿੰਘ ਅਟਾਰੀ ਵਾਲਾ ਅਤੇ ਸ਼ ਹਰੀ ਸਿੰਘ ਨਲੂਆ, ਸਿੱਖ ਰਾਜ ਨੂੰ ਸਿੱਖ ਸੁਰ ਵਿਚ ਨਹੀਂ ਰੱਖ ਸਕੇ ਸਨ। ਇਨ੍ਹਾਂ ਤਿੰਨਾਂ ਨੂੰ ਕਿਸੇ ਨਾ ਕਿਸੇ ਰੂਪ ਵਿਚ ਸਿੱਖ ਸਿਆਸਤ ਦਾ ਸ਼ਿਕਾਰ ਵੀ ਹੋਣਾ ਪਿਆ ਸੀ। ਇਸ ਪ੍ਰਸੰਗ ਵਿਚ ਇਹ ਵਿਚਾਰੇ ਜਾਣ ਦੀ ਲੋੜ ਹੈ ਕਿ ਸਿੰਘ ਸਭਾ ਲਹਿਰ ਦੇ ਮਹਾਂਰਥੀਆਂ ਵਿਚੋਂ ਸਿੱਖ ਸਿਆਸਤ ਵੱਲ ਲਗਭਗ ਕੋਈ ਵੀ ਕਿਉਂ ਨਹੀਂ ਗਿਆ ਸੀ। ਇਸ ਦੇ ਬਾਵਜੂਦ 20ਵੀਂ ਸਦੀ ਦੀ ਸਿੱਖ ਸਿਆਸਤ, ਸਿੰਘ ਸਭਾ ਲਹਿਰ ਦੀ ਨਿਰੰਤਰਤਾ ਵਿਚ ਹੀ ਪੈਦਾ ਹੋਈ ਪਰਵਾਨ ਕੀਤੀ ਜਾਂਦੀ ਹੈ ਅਤੇ ਇਸ ਵਾਸਤੇ ਸਿੰਘ ਸਭਾਈ ਚਿੰਤਕਾਂ ਦੀ ਅਸਿੱਧੀ ਭੂਮਿਕਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਦੇ ਹਵਾਲੇ ਨਾਲ ਇਹ ਨੁਕਤਾ ਸਾਹਮਣੇ ਲਿਆਂਦਾ ਜਾ ਰਿਹਾ ਹੈ ਕਿ ਸਿੱਖ ਸਿਆਸਤ, ਸਿੱਖ ਸੰਸਥਾਵਾਂ ਦੇ ਪੰਥਕ ਉਸਾਰ ਵਾਸਤੇ ਲੋੜੀਂਦੀ ਭੂਮਿਕਾ ਨਿਭਾਉਣ ਤੋਂ ਅਸਮਰਥ ਰਹਿੰਦੀ ਰਹੀ ਹੈ? ਵਰਤਮਾਨ ਸਥਿਤੀ ਵਿਚ ਇਹ ਮਸਲਾ ਜਿਸ ਤਰ੍ਹਾਂ ਉਘੜ ਕੇ ਸਾਹਮਣੇ ਆ ਗਿਆ ਹੈ, ਇਸ ਤਰ੍ਹਾਂ ਪਹਿਲਾਂ ਕਦੇ ਨਹੀਂ ਆਇਆ ਸੀ। ਇਸ ਨਾਲ ਧਾਰਮਿਕ ਮਸਲਿਆਂ ਦਾ ਸਿਆਸੀ ਹੱਲ ਲੱਭਣ ਅਤੇ ਸਿਆਸੀ ਮਸਲਿਆਂ ਦਾ ਧਾਰਮਿਕ ਹੱਲ ਲੱਭਣ ਦੀ ਰਾਜਨੀਤੀ ਨੇ ਸਿੱਖ ਭਾਈਚਾਰੇ ਨੂੰ ਚੁਣੌਤੀਆਂ ਦੇ ਜੰਗਲ ਵੱਲ ਧੱਕ ਦਿੱਤਾ ਹੈ। ਇਸੇ ਦਾ ਨਤੀਜਾ ਹੈ ਕਿ ਸਿੱਖ ਸੰਸਥਾਵਾਂ ਦੇ ਪ੍ਰਬੰਧਕ, ਸਿਆਸਤਨੁਮਾ ਧਰਮੀ ਹੋਣ ਵਾਲੇ ਰਾਹੇ ਪੈ ਗਏ ਹਨ ਅਤੇ ਸਿੱਖ ਸਿਆਸਤਦਾਨ, ਧਰਮਨੁਮਾ ਸਿਆਸੀ ਹੋਣ ਦੇ ਰਾਹ ਪੈ ਗਏ ਹਨ। ਇਹ ਰਾਹ, ਦੋਹਾਂ ਧਿਰਾਂ ਵਾਸਤੇ ਇਕ ਦੂਜੇ ਦੇ ਹੱਕ ਵਿਚ ਭੁਗਤਣ ਦੀ ਥਾਂ ਇਕ ਦੂਜੇ ਦੇ ਵਿਰੋਧ ਵਿਚ ਭੁਗਤ ਰਿਹਾ ਨਜ਼ਰ ਆ ਜਾਂਦਾ ਹੈ। ਇਸ ਦਾ ਹੱਲ ਦੋਹਾਂ ਧਿਰਾਂ ਵੱਲੋਂ ਆਪਣੇ ਆਪਣੇ ਰਾਹ ਤੁਰ ਕੇ ਹੀ ਕੱਢਿਆ ਜਾ ਸਕਦਾ ਹੈ। ਮੀਰੀ-ਪੀਰੀ ਦਾ ਸਿੱਖ ਸਿਧਾਂਤ ਧਰਮ ਅਤੇ ਸਿਆਸਤ ਦੇ ਸੁਤੰਤਰ ਉਸਾਰ ਵਾਸਤੇ ਤਾਂ ਸਹਾਇਤਾ ਕਰ ਸਕਦਾ ਹੈ, ਪਰ ਦੋਹਾਂ ਨੂੰ ਇਕ ਦੂਜੇ ਦਾ ਨੁਕਸਾਨ ਕਰਨ ਤੋਂ ਨਹੀਂ ਬਚਾ ਸਕਦਾ। ਦੋਹਾਂ ਧਿਰਾਂ ਨੇ ਇਕ ਦੂਜੇ ਦੇ ਪ੍ਰਸੰਗ ਵਿਗਾੜ ਨੂੰ ਸਾਹਮਣੇ ਲੈ ਆਂਦਾ ਹੈ ਅਤੇ ਇਸੇ ਨੂੰ ਸਿੱਖ ਸੰਸਥਾਵਾਂ ਬਨਾਮ ਸਿੱਖ ਸਿਆਸਤਦਾਨ ਵਜੋਂ ਵਿਚਾਰਿਆ ਜਾ ਰਿਹਾ ਹੈ।
ਸਿੱਖ ਸਿਆਸਤ ਦਾ ਬੋਲਬਾਲਾ ਇਸ ਹੱਦ ਤੱਕ ਹੋ ਗਿਆ ਹੈ ਕਿ ਸਿੱਖ ਚੇਤਿਆਂ ਵਿਚ ਜਿਸ ਤਰ੍ਹਾਂ ‘ਰਾਜ ਬਿਨਾ ਨਹੀਂ ਧਰਮ ਚਲਹਿ ਹੈ’ ਨੂੰ ਪੱਕਿਆਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਸ ਤਰ੍ਹਾਂ ਇਸੇ ਬੰਦ ਦੇ ਦੂਜੇ ਹਿੱਸੇ ‘ਧਰਮ ਬਿਨਾ ਸਭ ਦਲਹਿ ਮਲਹਿ ਹੈ’ ਵੱਲ ਧਿਆਨ ਨਹੀਂ ਦਿੱਤਾ ਗਿਆ। ਇਸ ਨਾਲ ਧਰਮ ਨਾਲੋਂ ਸਿਆਸਤ ਨੂੰ ਪਹਿਲ ਦੇਣ ਦੀ ਸਿੱਖ ਮਾਨਸਿਕਤਾ, ਆਪਣੇ ਆਪ ਵਿਚ ਚੁਣੌਤੀ ਹੁੰਦੀ ਜਾ ਰਹੀ ਹੈ। ਇਹ ਸਥਿਤੀ ਸਿੱਖ ਸਿਆਸਤ ਦੀ ਅਗਵਾਈ ਵਿਚ ਸਿੱਖ ਧਰਮ ਨੂੰ ਤੋਰਨ ਦੀ ‘ਅਸਿੱਖ’ ਪੈਂਤੜਬਾਜ਼ੀ ਨਾਲ ਜੁੜੀ ਹੋਈ ਹੈ। ਇਸੇ ਹੀ ਦ੍ਰਿਸ਼ਟੀ ਤੋਂ ਸਿੱਖ ਸੰਸਥਾਵਾਂ ਦਾ ਸਿਆਸੀ ਅਪਹਰਨ ਸਿੱਖ ਸਿਆਸਤ ਦਾ ਹਿੱਸਾ ਹੋ ਗਿਆ ਹੈ ਅਤੇ ਇਸ ਦੀ ਕੀਮਤ ਆਮ ਸਿੱਖ ਨੂੰ ਚੁਕਾਉਣੀ ਪੈ ਰਹੀ ਹੈ। ਸਿੱਖ ਸੰਸਥਾਵਾਂ ਨੂੰ ਅਪੰਥਕ ਸੁਰ ਵਿਚ ਚਿਤਵਿਆ ਹੀ ਨਹੀਂ ਜਾ ਸਕਦਾ, ਕਿਉਂਕਿ ਇਹ ਪੰਥ ਵੱਲੋਂ ਅਤੇ ਪੰਥ ਵਾਸਤੇ ਹੀ ਚਿਤਵੀਆਂ ਤੇ ਉਸਾਰੀਆਂ ਗਈਆਂ ਹਨ, ਪਰ ਸਿੱਖ ਸਿਆਸਤ ਨੂੰ ਪੰਥਕ ਸੁਰ ਵਿਚ ਨਿਭਾਇਆ ਨਹੀਂ ਜਾ ਸਕਦਾ, ਕਿਉਂਕਿ ਇਸ ਨੂੰ ਮੁਲਕ ਦੇ ਵਿਧਾਨ ਮੁਤਾਬਿਕ ਹੀ ਚਿਤਵਿਆ ਅਤੇ ਉਸਾਰਿਆ ਜਾ ਸਕਦਾ ਹੈ। ਤਾਂ ਹੀ ਤਾਂ ਸੰਸਥਾਈ ਪ੍ਰਬੰਧਨ ਦੀ ਪ੍ਰਤੀਨਿਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਥਕ ਉਸਾਰ ਦੀਆਂ ਸੰਭਾਵਨਾਵਾਂ ਨੂੰ ਕਿਸੇ ਵੀ ਕਿਸਮ ਦੇ ਸਿਆਸੀ ਦਖਲ ਤੋਂ ਬਚਾਏ ਜਾਣ ਦੀ ਲੋੜ ਪੈਦਾ ਹੋ ਗਈ ਹੈ। ਇਸ ਦਾ ਆਰੰਭ ਸਿੱਖ ਸੰਸਥਾਵਾਂ ਵਿਚ ਸਿੱਖ ਸਿਆਸਤ ਦੇ ਦਖਲ ਨੂੰ ਬੰਦ ਕਰ ਕੇ ਹੀ ਕੀਤਾ ਜਾ ਸਕਦਾ ਹੈ। ਜਿੰਨੀ ਕੁ ਥਾਂ ਭਾਰਤੀ ਵਿਧਾਨ ਵਿਚ ਧਰਮ ਨਿਰਪੇਖ ਸਿਆਸਤ ਨੂੰ ਦਿੱਤੀ ਹੋਈ ਹੈ, ਉਨੀ ਕੁ ਥਾਂ ਤਾਂ ਸਿਆਸਤ ਨਿਰਪੇਖ ਧਰਮ ਨੂੰ ਸਿੱਖ ਸਿਆਸਤਦਾਨਾਂ ਵੱਲੋਂ ਦਿੱਤੀ ਹੀ ਜਾ ਸਕਦੀ ਹੈ। ਚੰਗਾ ਹੋਵੇ, ਜੇ ਕੋਈ ਵੀ ਸਿਆਸੀ ਪਾਰਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਾਸਤੇ ਸਿਆਸੀ ਚੋਣ ਨਿਸ਼ਾਨ ਦੀ ਵਰਤੋਂ ਨਾ ਕਰੇ। ਇਸ ਦਾ ਰਾਹ ਪੱਧਰਾ ਕਰਨ ਵਾਸਤੇ ਇਹ ਫੈਸਲਾ ਕਰਨ ਦੀ ਲੋੜ ਹੈ ਕਿ ਜੋ ਕੋਈ ਸ਼੍ਰੋਮਣੀ ਕਮੇਟੀ ਦੀ ਚੋਣ ਲੜੇਗਾ, ਉਹ ਹਲਫਨਾਮਾ ਦੇਵੇਗਾ ਕਿ ਉਹ ਕਿਸੇ ਵੀ ਸਿਆਸੀ ਪਾਰਟੀ ਵਿਚ ਹਿੱਸਾ ਨਹੀਂ ਲਵੇਗਾ ਅਤੇ ਸਿੱਖ ਸੰਸਥਾਵਾਂ ਦੇ ਪ੍ਰਬੰਧਨ ਦੀ ਸੇਵਾ ਨੂੰ ਹੀ ਸਮਰਪਿਤ ਰਹੇਗਾ। ਇਸ ਸੋਚ ‘ਤੇ ਪਹਿਰਾ ਦੇਣ ਵਾਲੀ ਜਥੇਬੰਦੀ ਉਸਾਰੇ ਜਾਣ ਦਾ ਸਮਾਂ ਆ ਗਿਆ ਹੈ। ਇਹ ਸੋਚ ਕੇ ਇਸ ਵਾਸਤੇ ਲਹਿਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਜੋ ਕੋਈ ਧਰਮ ਅਤੇ ਸਿਆਸਤ ਨੂੰ ਇਕ ਦੂਜੇ ਵਾਸਤੇ ਵਰਤਣ ਲਈ ਸਿੱਖ ਸੰਸਥਾਵਾਂ ਦਾ ਪ੍ਰਬੰਧਕ ਬਣਨਾ ਚਾਹੁੰਦਾ ਹੈ, ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣਨ ਤੋਂ ਰੋਕਣਾ ਚਾਹੀਦਾ ਹੈ। ਆ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ (ਜਦੋਂ ਵੀ ਹੋਣ), ਸਿੱਖ ਸੰਸਥਾਵਾਂ ਨੂੰ ਸਿੱਖ ਸਿਆਸਤਦਾਨਾਂ ਤੋਂ ਮੁਕਤ ਕਰਵਾਉਣ ਦੇ ਮੁੱਦੇ ਨੂੰ ਲੈ ਕੇ ਲੜੀਆਂ ਜਾਣੀਆਂ ਚਾਹੀਦੀਆਂ ਹਨ। ਜੇ ਅਜਿਹਾ ਸੰਭਵ ਨਾ ਹੋ ਸਕਿਆ ਤਾਂ ਸਿੱਖ ਸੰਸਥਾਵਾਂ ਉਸੇ ਤਰ੍ਹਾਂ ਲੜਾਈ ਦਾ ਅਖਾੜਾ ਬਣੀਆਂ ਰਹਿਣਗੀਆਂ ਜਿਸ ਤਰ੍ਹਾਂ ਇਸ ਵੇਲੇ ਬਣੀਆਂ ਹੋਈਆਂ ਨਜ਼ਰ ਆ ਰਹੀਆਂ ਹਨ।