ਬਸ ਕਰ ਜੀ, ਹੁਣ ਬਸ ਕਰ ਜੀæææ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਮੀਡੀਆ ਵਿਚ ਆਈਆਂ ਖ਼ਬਰਾਂ ਮੁਤਾਬਕ ਮਾਘੀ ਮੇਲੇ ‘ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣੇ ਦਲ ਦੀ ਰੈਲੀ ਵਿਚ ਉਪ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਈ ਹੋਰ ਗੱਲਾਂ ਦੇ ਨਾਲ-ਨਾਲ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਜੇ ਇਸ ਵਾਰ ਵੀ ਸਾਡੀ ਸਰਕਾਰ ਬਣਾ ਦਿਓਗੇ, ਤਾਂ ਅਸੀਂ ਪਿੰਡਾਂ ਵਿਚ ਸੀਮੈਂਟ ਵਾਲੀਆਂ ਪੱਕੀਆਂ ਗਲੀਆਂ-ਨਾਲੀਆਂ ਬਣਵਾ ਦਿਆਂਗੇ।

ਘੁੰਮ-ਫਿਰ ਕੇ ਮਾਘੀ ਮੇਲਾ ਦੇਖਣ ਵਾਲਾ ਇਕ ਸੱਜਣ ਜੋ ਤਿਹ-ਮੋਹ ਤਾਂ ਰੱਖਦਾ ਹੋਣਾ ਆਮ ਆਦਮੀ ਪਾਰਟੀ ਨਾਲ, ਪਰ ਉਹ ਬਾਦਲ ਦਲ ਦੀ ਰੈਲੀ ਵਿਚ ਵੀ ਗੇੜੀ ਮਾਰ ਆਇਆ। ਉਸ ਨੇ ਘਰੇ ਆ ਕੇ ਛੋਟੇ ਬਾਦਲ ਦੇ ਇਸ ਵਾਅਦੇ ਖਿਲਾਫ਼ ਫੇਸਬੁੱਕ ਉਤੇ ਰੱਜ ਕੇ ਭੜਾਸ ਕੱਢੀ।
ਉਸ ਨੇ ਲਿਖਿਆ-‘æææਇਨ੍ਹਾਂ ਨੂੰ ਕੋਈ ਪੁੱਛੇ, ਲਗਾਤਾਰ ਦਸ ਸਾਲ ਰਾਜ ਕਰਦਿਆਂ ਨੂੰ ਤਾਂ ਤੁਹਾਨੂੰ ਹੁਣ ਹੋ ਗਏ। ਇਸ ਤੋਂ ਪਹਿਲਾਂ ਵੀ ਵੱਡੇ ਬਾਦਲ ਜੀ ਕਈ ਵਾਰ ਪੰਜਾਬ ਦੀ ਹਕੂਮਤ ‘ਤੇ ਕਾਬਜ਼ ਰਹੇ ਨੇ। ਸੁਖ ਨਾਲ ਹੁਣ ਛੋਟੇ ਬਾਦਲ ਜੀ ਵੀ ਸਰਕਾਰ ਵਿਚ ਅਹਿਮ ਸਥਾਨ ‘ਤੇ ਸ਼ੁਸ਼ੋਭਿਤ ਹਨ; ਮਤਲਬ, ਇਕੋ ਖਾਨਦਾਨ ਦੀ ਦੂਸਰੀ ਪੁਸ਼ਤ ਰਾਜ ਭਾਗ ‘ਤੇ ਪਕੜ ਬਣਾਈ ਬੈਠੀ ਹੈ। ਜੇ ਐਨੇ ਵਰ੍ਹਿਆਂ ਵਿਚ ਵੀ ਪੰਜਾਬ ਦੇ ਪਿੰਡਾਂ ਵਿਚ ਹਾਲੇ ਗਲੀਆਂ-ਨਾਲੀਆਂ ਪੱਕੀਆਂ ਨਹੀਂ ਬਣੀਆਂ, ਉਨ੍ਹਾਂ ਨੂੰ ਸੀਮੈਂਟ ਲਾਉਣ ਦੀ ਲੋੜ ਹੈ, ਫਿਰ ਤਾਂ ਤੁਹਾਡੇæææ।’
ਅੱਗੇ ਉਸ ਸੱਜਣ ਨੇ ਦਿਲ ਦਾ ਗੁਬਾਰ ਹਲਕਾ ਕਰਦਿਆਂ ਪੰਜਾਬ ਵਿਚ ਤਬਦੀਲੀ ਦੀ ਕਾਮਨਾ ਅਧੀਨ ਕੁਝ ਅਜਿਹੀਆਂ ਸਤਰਾਂ ਲਿਖੀਆਂ ਹਨ-‘æææਮਾਲਕੋ, ਹੁਣ ਰਹਿਣ ਦਿਓ ਪੰਜਾਬ ਦੀਆਂ ਗਲੀਆਂ-ਨਾਲੀਆਂ ਦਾ ਫਿਕਰ ਕਰਨਾæææਤੁਹਾਥੋਂ ਨਹੀਂ ਇਹ ਕੰਮ ਹੋਣਾ, ਭਾਵੇਂ ਤੁਹਾਨੂੰ ਦਸ ਸਾਲ ਹੋਰ ਮਿਲ ਜਾਣæææਬਰਾਏ ਮਿਹਰਬਾਨੀ, ਹੁਣ ਤੁਸੀਂ ਆਪਣਾ ਅਮਲਾ-ਫੈਲਾ ਲਪੇਟੋ, ਤੇ ਕਿਸ ‘ਨਵੇਂ’ ਨੂੰ ਕੁਰਸੀ ‘ਤੇ ਬਹਿਣ ਦਿਓ। ਉਹ ਤੁਹਾਡੇ ਅਧੂਰੇ ਛੱਡੇ ਹੋਏ ਕਾਰਜ ਪੂਰੇ ਕਰਨ ਲਈ ਆਪੇ ਕੋਈ ਸਕੀਮ ਬਣਾ ਲਵੇਗਾæææਸ੍ਰੀ ਮਾਨ ਜੀ, ਤੁਸੀਂ ਹੁਣ ਇਸ ਸੂਬੇ ਉਤੇ ਮਿਹਰ ਹੀ ਕਰੋ।’
ਇਸ ਪੰਜਾਬੀ ਭਰਾ ਵੱਲੋਂ ਆਪਣੀ ‘ਵਾਲ’ ਉਤੇ ਜ਼ਾਹਿਰ ਕੀਤੀਆਂ ਭਾਵਨਾਵਾਂ ਦਾ ਕੀ ਸਿੱਟਾ ਨਿਕਲੇਗਾ, ਇਹਦਾ ਪਤਾ ਤਾਂ 2017 ਵਿਚ ਹੀ ਲੱਗੂ, ਪਰ ਮੈਨੂੰ ਇਹ ਸਾਰੀ ਇਬਾਰਤ ਪੜ੍ਹਦਿਆਂ ਆਪਣੇ ਸਾਹਮਣੇ ਹੋਈ-ਬੀਤੀ ਦਿਲਚਸਪ ਘਟਨਾ ਯਾਦ ਆ ਗਈ ਜਿਸ ਦੀ ਟੋਨ ਉਪਰੋਕਤ ਫੇਸਬੁੱਕੀਏ ਸੱਜਣ ਦੀ ਸੋਚ ਨਾਲ ਹੀ ਮੇਲ ਖਾਂਦੀ ਹੈ।
ਆਪਣੇ ਇਲਾਕੇ ਵਿਚ ਹੋਣ ਵਾਲੇ ਸਿਆਸੀ, ਧਾਰਮਿਕ ਜਾਂ ਸਮਾਜਕ ਸਮਾਗਮਾਂ ਮੌਕੇ ਮੈਂ ਅਕਸਰ ਸਟੇਜ ਸਕੱਤਰ ਦੇ ਫਰਜ਼ ਨਿਭਾਇਆ ਕਰਦਾ ਸਾਂ। ਇਕ ਵਾਰ ਬਲਾਚੌਰ ਲਾਗੇ ਇਕ ਡੇਰੇ ਵਿਚ ਦੋ-ਤਿੰਨ ਦਿਨਾਂ ਦਾ ਧਾਰਮਿਕ ਸਮਾਗਮ ਚੱਲਿਆ। ਇਕ ਰਾਤ ਇਕ ਰਾਗੀ ਜਥਾ ਸਾਡੇ ਪਾਸ ਆਇਆ ਤੇ ਸਵੇਰੇ ਸੁਵਖਤੇ ਆਸਾ ਦੀ ਵਾਰ ਦਾ ਕੀਰਤਨ ਕਰਨ ਲਈ ਸਮਾਂ ਮੰਗਣ ਲੱਗਾ। ਡੇਰੇ ਦਾ ਮੁਖੀ ਬਾਬਾ ਇਸ ਜਥੇ ਦੇ ਇਕ-ਦੋ ਮੈਂਬਰਾਂ ਨਾਲ ਮੋੜੀ-ਮੋਟੀ ਜਾਣ-ਪਛਾਣ ਰੱਖਦਾ ਸੀ; ਸੋ, ਸੰਤ ਦੇ ਕਹਿਣ ‘ਤੇ ਮੈਂ ਰਾਤ ਦੇ ਦੀਵਾਨ ਦੀ ਸਮਾਪਤੀ ‘ਤੇ ਉਸ ਰਾਗੀ ਜਥੇ ਦਾ ਨਾਂ ਲੈ ਕੇ ਅਨਾਊਂਸਮੈਂਟ ਕਰ ਦਿੱਤੀ ਕਿ ਉਹ ਤੜਕੇ ‘ਆਸਾ ਦੀ ਵਾਰ’ ਦਾ ਕੀਰਤਨ ਕਰਨਗੇ।
ਇਸ ਗੱਲ ਦਾ ਸਾਨੂੰ ਬਾਅਦ ਵਿਚ ਪਤਾ ਲੱਗਾ ਕਿ ਇਹ ਜਥਾ ਹਾਲੇ ਸਿੱਖਾਂਦਰੂ ਹੀ ਸੀ ਅਤੇ ਨਵਾਂ-ਨਵਾਂ ਬਣਿਆ ਹੈ। ਚਲੋ, ਰਵਾਇਤ ਮੁਤਾਬਕ ਉਨ੍ਹਾਂ ਤੜਕੇ ਸਾਢੇ ਕੁ ਤਿੰਨ ਵਜੇ ਆਸਾ ਦੀ ਵਾਰ ਅਰੰਭ ਕਰ ਲਈ। ਉਨ੍ਹਾਂ ਰਾਗੀਆਂ ਦਾ ਟੌਹਰ-ਟੱਪਾ ਵੀ ਭਾਵੇਂ ਵਧੀਆ ਸੀ, ਤੇ ਆਵਾਜ਼ ਵੀ ਸੁਰੀਲੀ ਸੀ, ਪਰ ਪਾਠ ਬੋਧ ਦਾ ਗਿਆਨ ਰੱਖਣ ਵਾਲਿਆਂ ਨੂੰ ਸਾਫ਼ ਪਤਾ ਲੱਗ ਰਿਹਾ ਸੀ ਕਿ ਉਹ ਕੀਰਤਨ ਕਰਦਿਆਂ ਭੁੱਲਦੇ ਵੀ ਸਨ ਤੇ ਉਕ ਵੀ ਰਹੇ ਸਨ। ਆਮ ਸੰਗਤ ਤਾਂ ਅਨੰਦ ਵਿਭੋਰ ਹੋ ਰਹੀ ਸੀ, ਪਰ ਉਨ੍ਹਾਂ ਦਾ ਹਾਲ ਇਹ ਸੀ ਕਿ ਜੇ ਉਹ ‘ਛੱਕਾ’ ਪੜ੍ਹ ਲੈਂਦੇ ਤਾਂ ਪਉੜੀ ਭੁੱਲ ਜਾਂਦੇ ਅਤੇ ਜੇ ਪਉੜੀ ਪੜ੍ਹ ਲੈਂਦੇ ਤਾਂ ਛੰਤ ਛੱਡ ਜਾਂਦੇ।
ਕਿਤੇ-ਕਿਤੇ ਤਬਲੇ ਵਾਲਾ ਸਾਥੀ ਪਹਿਲੋਂ ਗਾਈ ਜਾ ਚੁੱਕੀ ਪਉੜੀ ਜਾਂ ਛੰਤ ਦੁਬਾਰਾ ਗਾਉਣ ਲੱਗ ਜਾਂਦਾ ਤਾਂ ਵਿਚਕਾਰਲਾ ਮੁਖੀਆ ਰਾਗੀ ਗੋਡਾ ਮਾਰ ਕੇ ਇਸ਼ਾਰਾ ਕਰਦਾ ਕਿ ਅਗਲੀ ਪਉੜੀ ਬੋਲ! ਕਈ ਵਾਰੀ ਉਹ ਅੱਖਾਂ ਦੇ ਇਸ਼ਾਰਿਆਂ ਨਾਲ ਇਕ-ਦੂਜੇ ਨੂੰ ਦੁਰਸਤ ਕਰਦੇ। ਲਾਊਡ ਸਪੀਕਰ ਲੱਗੇ ਹੋਣ ਕਰ ਕੇ ਸੰਤ ਜੀ ਵੀ ਆਪਣੇ ਕਮਰੇ ਵਿਚ ਬੈਠੇ ਇਹ ਸਭ ਸੁਣ ਰਹੇ ਸਨ।
ਰਾਗੀਆਂ ਦਾ ਅਜਿਹਾ ਭੁੱਲ-ਭੁਲੱਈਆ ਚਲਦਿਆਂ ਘੜੀ ਦੀ ਸੂਈ ਸਾਢੇ ਸੱਤ ‘ਤੇ ਜਾ ਪਹੁੰਚੀ, ਪਰ ਆਸਾ ਦੀ ਵਾਰ ਹਾਲੇ ਤੱਕ ਸਮਾਪਤ ਨਹੀਂ ਸੀ ਹੋ ਰਹੀ। ਤੈਅਸ਼ੁਦਾ ਪ੍ਰੋਗਰਾਮ ਅਨੁਸਾਰ ਅਗਲਾ ਜਥਾ ਦੀਵਾਨ ਵਿਚ ਆ ਕੇ ਬਹਿ ਗਿਆ ਤੇ ਮੇਰੇ ਵੱਲ ਦੇਖਣ ਲੱਗਾ, ਪਰ ਨਵੇਂ ਜਥੇ ਨੂੰ ਮੈਂ ਤਦੇ ਟਾਈਮ ਦਿੰਦਾ, ਜੇ ਪਹਿਲਾ ਜਥਾ ਸਟੇਜ ਵਿਹਲੀ ਕਰਦਾ। ਸੋ, ਅਚਾਨਕ ਆ ਬਣੀ ਇਸ ਸਮੱਸਿਆ ਦਾ ਕੋਈ ਯੋਗ ਹੱਲ ਕੱਢਣ ਲਈ ਮੈਂ ਸੋਚ ਹੀ ਰਿਹਾ ਸਾਂ ਕਿ ਕਾਹਲੀ-ਕਾਹਲੀ ਤੁਰਦਾ ਇਕ ਸੇਵਾਦਾਰ ਮੇਰੇ ਕੰਨ ਵਿਚ ਆ ਕੇ ਕਹਿੰਦਾ ਕਿ ਤੁਹਾਨੂੰ ਸੰਤ ਜੀ ਬੁਲਾ ਰਹੇ ਨੇ। ਜਦ ਮੈਂ ਸੰਤ ਦੇ ਕਮਰੇ ਵਿਚ ਪੈਰ ਪਾਇਆ ਤਾਂ ਮੰਦ-ਮੰਦ ਮੁਸਕਾਉਂਦਾ ਰਹਿਣ ਵਾਲਾ ਬਾਬਾ ਝੁੰਜਲਾਇਆ ਬੈਠਾ ਸੀ। ਖਫੇ ਜਿਹਾ ਹੋਇਆ ਉਹ ਬੋਲਿਆ, “ਓ ਭਾਈ ਸਿੱਖਾ, ਇਨ੍ਹਾਂ ਰਾਗੀਆਂ ਨੂੰ ਜਾ ਕੇ ਕਹਿ ਕਿ ‘ਮਹਾਂ ਪੁਰਸ਼ੋ’, ਤੁਹਾਥੋਂ ਨ੍ਹੀਂ ਅੱਜ ਆਸਾ ਦੀ ਵਾਰ ਦੀ ਸਮਾਪਤੀ ਹੋਣੀ!æææਤੁਸੀਂ ਸਾਡੇ ‘ਤੇ ਰਹਿਮ ਕਰੋ ਅਤੇ ਅਖੀਰਲਾ ਛੱਕਾ ਪੜ੍ਹ ਦਿਓ, ਬੱਸ।”
ਫਿਰ ਉਪਰੋਕਤ ਫੇਸਬੁੱਕੀਏ ਸੱਜਣ ਦੀ ਸ਼ਬਦਾਵਲੀ ਜਿਹੀ ਭਾਸ਼ਾ ਵਰਤਦਿਆਂ ਬਾਬੇ ਬੋਲੇ, “ਇਨ੍ਹਾਂ ਨੂੰ ਕਹੋ, ਆਪਣੇ ਵਾਜੇ-ਤਬਲੇ ਬੰਨ੍ਹੋ, ਤੇ ਸਟੇਜ ਵਿਹਲੀ ਕਰੋ। ਲੰਗਰ ਪਾਣੀ ਛਕ ਕੇ ਘਰਾਂ ਨੂੰ ਜਾਓ।æææਤੜਕੇ ਤਿੰਨ ਵਜੇ ਦੇ ਲੱਗਿਆਂ ਹੋਇਆਂ ਕੋਲੋਂ ਹਾਲੇ ਤੱਕ ਆਸਾ ਦੀ ਵਾਰ ਨਹੀਂ ਮੁੱਕੀæææਅਗਲੇ ਰਾਗੀ ਜਥੇ ਨੂੰ ਟਾਈਮ ਦਿਓ ਜਾ ਕੇ!æææਐਨ੍ਹਾ ਨੇ ਜਿਹੜੀ ਬੇ-ਰਸੀ ਕਰ’ਤੀ ਐ, ਉਹ ਤਾਂ ਧੋ ਹੋਵੇ।”
ਉਸੇ ਵੇਲੇ ਮੈਂ ਸਲਿਪ ਉਤੇ ‘ਜਲਦੀ ਸਮਾਪਤੀ’ ਲਿਖ ਕੇ ਰਾਗੀਆਂ ਦੇ ਹਰਮੋਨੀਅਮ ‘ਤੇ ਜਾ ਟਿਕਾਈ। ਮੇਰੀ ਉਸ ਇਕੋ ਸਲਿਪ ਨੇ ਉਨ੍ਹਾਂ ਢਿੱਲੜ ਅਤੇ ਗੈਰ-ਤਜਰਬੇਕਾਰ ਰਾਗੀਆਂ ਤੋਂ ਸੰਗਤ ਦੀ ਬੰਦ-ਖਲਾਸੀ ਕਰਵਾ ਦਿੱਤੀ ਸੀ, ਪਰ ਮਾਘੀ ਮੇਲੇ ਵਿਚੋਂ ਹਾਕਮ ਧਿਰ ਦੇ ਭਾਸ਼ਣ ਸੁਣ ਕੇ ਖਿਝੇ ਪਏ ਫੇਸਬੁੱਕੀਏ ਸੱਜਣ ਦੀ ਇਕੱਲੀ-ਇਕਹਿਰੀ ਸਲਿਪ ਨਾਲ ਪੰਜਾਬ ਵਾਸੀਆਂ ਨੂੰ ਨਿਜਾਤ ਨਹੀਂ ਮਿਲਣੀ। ਅਜਿਹਾ ਤਦੇ ਸੰਭਵ ਹੋ ਸਕੇਗਾ ਜੇ ਟੁੱਟੀ ਗੰਢੀ ਦੇ ਅਸਥਾਨ ‘ਤੇ ਹੋਏ ਮਾਘੀ ਮੇਲੇ ਦੌਰਾਨ ਤਬਦੀਲੀ ਦਾ ਜਿਹੜਾ ਬਿਗਲ ਵੱਜਿਆ ਹੈ, ਉਸ ਦੀ ਗਰਜਵੀਂ ਆਵਾਜ਼ ਪੰਜਾਬ ਦੇ ਸ਼ਹਿਰ-ਸ਼ਹਿਰ, ਪਿੰਡ-ਪਿੰਡ ਅਤੇ ਗਲੀ-ਗਲੀ ਪਹੁੰਚਾਈ ਜਾਵੇ। ਸਿਰਫ ਫੇਸਬੁੱਕ ‘ਤੇ ਦਿਲਾਂ ਦਾ ਬੋਝ ਹਲਕਾ ਕਰਨ ਦੀ ਬਜਾਏ, ਸੰਨ 2017 ਵਿਚ ‘ਕੱਲੇ-ਕੱਲੇ ਪੰਜਾਬੀ ਦੀ ਸਲਿੱਪ ਭਾਵ ਵੋਟ, ਤਬਦੀਲੀ ਦੇ ਹੱਕ ਵਿਚ ਭੁਗਤੇ; ਤਦ ਜਾ ਕੇ ਪੰਜਾਬ ਵਿਚ ਨਵੀਂ ਸਵੇਰ ਦਾ ਆਗਾਜ਼ ਹੋ ਸਕਦਾ ਹੈ।