ਸ੍ਰੀ ਲੰਕਾ ਦਾ ਚੀਤਾ ਪ੍ਰਭਾਕਰਨ-2
ਸ੍ਰੀ ਲੰਕਾ ਵਿਚ ਤਾਮਿਲਾਂ ਅਤੇ ਸਿੰਘਲੀਆਂ (ਆਮ ਪ੍ਰਚਲਿਤ ਸ਼ਬਦ ਸਿਨਹਾਲੀ) ਵਿਚਕਾਰ ਤਣਾਓ ਵਿਚੋਂ ਜਿਹੜੀ ਸਿਆਸਤ 20ਵੀਂ ਸਦੀ ਦੀ ਅਖੀਰਲੀ ਚੌਥਾਈ ਦੌਰਾਨ ਸਾਹਮਣੇ ਆਈ, ਉਸ ਦਾ ਸਿਖਰ ਸੀ ‘ਲਿੱਟੇ’ (æਠਠਓ-ਲਿਬਰੇਸ਼ਨ ਟਾਈਗਰਜ਼ ਆਫ ਤਾਮਿਲ ਈਲਮ)। ਇਸ ਜਥੇਬੰਦੀ ਨੇ ਵੇਲੂਪਿੱਲੇ ਪ੍ਰਭਾਕਰਨ ਦੀ ਅਗਵਾਈ ਹੇਠ ਗੁਰੀਲਾ ਜੰਗ ਦਾ ਨਿਵੇਕਲਾ ਰੰਗ ਤਾਂ ਦਿਖਾਇਆ ਹੀ, ਸ੍ਰੀ ਲੰਕਾ ਦੇ ਤਾਮਿਲਾਂ ਦਾ ਮਸਲਾ ਸੰਸਾਰ ਪੱਧਰ ਉਤੇ ਲੈ ਆਂਦਾ। ਸੰਸਾਰ ਅੰਦਰ ਜੂਝ ਰਹੀਆਂ ਹੋਰ ਕੌਮੀਅਤਾਂ ਵਾਂਗ ਸ੍ਰੀ ਲੰਕਾ ਦੇ ਤਾਮਿਲਾਂ ਦੀ ਕਹਾਣੀ ਪੜ੍ਹਨ-ਸੁਣਨ ਵਾਲੀ ਹੈ।
ਉਘੇ ਬਿਊਰੋਕਰੈਟ ਐਮæਆਰæ ਨਰਾਇਣ ਸਵਾਮੀ ਨੇ ਇਸ ਬਾਬਤ ਡੂੰਘੀ ਖੋਜ ਪਿਛੋਂ ਕਿਤਾਬ ਲਿਖੀ ਹੈ-‘ਇਨਸਾਈਡ ਐਨ ਇਲੂਸਿਵ ਮਾਈਂਡ: ਪ੍ਰਭਾਕਰਨ’। ਨਰਾਇਣ ਸਵਾਮੀ ਨੇ ਪ੍ਰਭਾਕਰਨ ਦੇ ਬਹਾਨੇ ਤਾਮਿਲ ਮਸਲੇ ਦੀਆਂ ਕਈ ਤਹਿਆਂ ਫਰੋਲੀਆਂ ਹਨ। ਪ੍ਰੋæ ਹਰਪਾਲ ਸਿੰਘ ਪੰਨੂ ਨੇ ਇਸ ਕਿਤਾਬ ਦੇ ਚੌਖਟੇ ਅੰਦਰ ਰਹਿੰਦਿਆਂ ਪ੍ਰਭਾਕਰਨ ਅਤੇ ਲਿੱਟੇ ਬਾਰੇ ਲੰਮਾ ਲੇਖ ਪੰਜਾਬ ਟਾਈਮਜ਼ ਦੇ ਪਾਠਕਾਂ ਲਈ ਭੇਜਿਆ ਹੈ। ਇਸ ਲੇਖ ਵਿਚ ਉਨ੍ਹਾਂ ਤਾਮਿਲਾਂ ਦੀ ਸਿਆਸਤ ਅਤੇ ਸੰਸਾਰ ਸਿਆਸਤ ਵਿਚ ਇਨ੍ਹਾਂ ਦੀ ਹੋਣੀ ਬਾਰੇ ਕੁਝ ਗੱਲਾਂ ਸਪਸ਼ਟ ਰੂਪ ਵਿਚ ਉਭਾਰਨ ਦਾ ਯਤਨ ਕੀਤਾ ਹੈ। ਲੇਖ ਦੀ ਪਹਿਲੀ ਕਿਸ਼ਤ ਵਿਚ ਤਾਮਿਲ ਸਿਆਸਤ ਦੇ ਪਿਛੋਕੜ ‘ਤੇ ਝਾਤੀ ਮਾਰੀ ਗਈ ਸੀ, ਐਤਕੀਂ ਪ੍ਰਭਾਕਰਨ ਦੇ ਘਰ ਤੋਂ ਜੰਗਲ ਵੱਲ ਸਫਰ ਦੀ ਦਾਸਤਾਨ ਬਿਆਨ ਕੀਤੀ ਗਈ ਹੈ। -ਸੰਪਾਦਕ
ਪ੍ਰੋæ ਹਰਪਾਲ ਸਿੰਘ ਪੰਨੂ
ਪ੍ਰਭਾਕਰਨ 26 ਨਵੰਬਰ 1954 ਨੂੰ ਮਾਂ ਪਾਰਬਤੀ ਤੇ ਪਿਤਾ ਵੇਲੂਪਿੱਲੇ ਦੇ ਘਰ ਪੈਦਾ ਹੋਣ ਵਾਲਾ ਚੌਥਾ ਤੇ ਆਖਰੀ ਬੱਚਾ ਸੀ। ਦੋ ਸਦੀਆਂ ਪਹਿਲਾਂ ਉਸ ਦੇ ਮਾਪੇ ਭਾਰਤ ਤੋਂ ਲੰਕਾ ਵਿਚ ਵਸੇ ਸਨ। ਇਹ ਜਾਫਨਾ ਦਾ ਇਲਾਕਾ ਹੈ। ਗਰਮ ਸਿੱਲ੍ਹਾ ਵਾਯੂ ਮੰਡਲ ਹੈ। ਕੋਲੰਬੋ ਵਰਗਾ ਰਮਣੀਕ ਨਹੀਂ, ਤਾਂ ਹੀ ਅੰਗਰੇਜ਼ ਜਾਫਨਾ ਨਹੀਂ, ਕੋਲੰਬੋ ਵਸੇ। ਕਦੀ ਜਾਫਨਾ ਤੋਂ ਕੋਲੰਬੋ ਗੱਡੀ ਰੋਜ਼ ਆਉਂਦੀ-ਜਾਂਦੀ, ਪਰ ਹੁਣ ਤੋੜ-ਭੰਨ ਕਾਰਨ ਬੰਦ ਪਈ ਹੈ। ਤਮਿਲ ਗੁਰੀਲੇ ਪਟੜੀਆਂ ਉਖਾੜ ਕੇ ਜੰਗਲ ਵਿਚ ਲੈ ਗਏ ਹਨ, ਮੋਰਚੇ ਬਣਾਉਣ ਦੇ ਕੰਮ ਆ ਗਈਆਂ, ਮਚਾਣਾਂ ਬਣਾ ਲਈਆਂ।
ਪ੍ਰਭਾਕਰਨ ਦਾ ਪਿਤਾ ਮਾਲ ਅਫਸਰ ਸੀ ਤੇ ਮਾਂ ਧਾਰਮਿਕ ਔਰਤ। ਬਾਬੇ ਦੀ ਬਰਸੀ ਮੌਕੇ ਨਿੱਕਰ ਕਮੀਜ਼ ਪਹਿਨੀ ਪ੍ਰਭਾਕਰਨ ਖਾਣ ਵਾਲੀਆਂ ਚੀਜ਼ਾਂ ਦੂਰ-ਨੇੜੇ ਦੇ ਘਰਾਂ ਵਿਚ ਵੰਡਣ ਜਾਂਦਾ। ਪਿਆਰ ਨਾਲ ਲੋਕ ਉਸ ਨੂੰ ਦੁਰਈ ਕਹਿੰਦੇ, ਭਾਵ ਰਾਜਾ। ਕੁੜੀਆਂ ਤੋਂ ਸੰਗਦਾ, ਮੁੰਡਿਆਂ ਨਾਲ ਗੱਪਾਂ ਮਾਰਨ ਦੀ ਥਾਂ ਕਾਮਿਕ ਪੜ੍ਹਦਾ ਰਹਿੰਦਾ। ਜੇਬ ਖਰਚਾ ਕਿਤਾਬਾਂ-ਰਿਸਾਲਿਆਂ ‘ਤੇ ਹੁੰਦਾ। ਲੋਕ ਦੁਕਾਨਾਂ ਕਰਦੇ, ਨੌਕਰੀਆਂ ਕਰਦੇ, ਸਮਗਲਿੰਗ ਕਰਦੇ, ਕਿਉਂਕਿ ਭਾਰਤ, ਬਰਮਾ ਤੇ ਬੰਗਲਾਦੇਸ ਨਾਲ ਹੱਦਾਂ ਲਗਦੀਆਂ ਸਨ। ਕਾਲੇ ਧੰਦੇ ਨੂੰ ਬੁਰਾ ਨਹੀਂ ਸਮਝਿਆ ਜਾਂਦਾ ਸੀ। ਵਧੀਕ ਪਾਬੰਦੀਆਂ ਨਹੀਂ ਸਨ। ਸਮਗਲਿੰਗ ਕਰਨ ਵਾਲੇ ਮਲਾਹ, ਸਰਕਾਰ ਦੀ ਥਾਂ ਖਾੜਕੂ ਤਮਿਲਾਂ ਦੀ ਮਦਦ ਕਰਦੇ। ਇਸ ਇਲਾਕੇ ਵਿਚ ਭਾਰਤੀ ਫਿਲਮਾਂ ਦੇ ਤਾਮਿਲ ਗੀਤ ਵੱਜੀ ਜਾਂਦੇ, ਭਾਰਤੀ ਫਿਲਮਾਂ ਦੇ ਇਸ਼ਤਿਹਾਰ ਹੁੰਦੇ। ਗਾਂਧੀ, ਨਹਿਰੂ ਅਤੇ ਸੁਭਾਸ਼ ਚੰਦਰ ਬੋਸ ਦੀਆਂ ਤਸਵੀਰਾਂ ਘਰਾਂ ਦੁਕਾਨਾਂ ਵਿਚ ਟੰਗੀਆਂ ਹੁੰਦੀਆਂ; ਬੋਸ ਦੀਆਂ ਵਧੀਕ, ਉਸ ਨੂੰ ਅਸਲੀ ਯੋਧਾ ਮੰਨਿਆ। ਭਾਰਤ ਆਜ਼ਾਦ ਹੋਇਆ ਤਾਂ ਲੰਕਾ ਦੇ ਤਾਮਿਲਾਂ ਨੇ ਖੂਬ ਜਸ਼ਨ ਮਨਾਏ, ਹਾਲਾਂਕਿ ਖੁਦ ਉਦੋਂ ਗੁਲਾਮ ਸਨ।
ਸਰਕੁਲਰ ਆ ਗਿਆ ਕਿ ਮੁਲਾਜ਼ਮ ਸਿੰਘਲੀ ਭਾਸ਼ਾ ਸਿੱਖਣ, ਨਹੀਂ ਨੌਕਰੀ ਤੋਂ ਹਟਾ ਦਿੱਤੇ ਜਾਣਗੇ। ਪ੍ਰਭਾਕਰਨ ਦੇ ਪਿਤਾ ਨੂੰ ਸਿੰਘਲੀ ਸਿੱਖਣੀ ਪਈ। ਕਈਆਂ ਨੇ ਰੋਸ ਵਜੋਂ ਸਿੰਘਲੀ ਸਿੱਖਣ ਦੀ ਥਾਂ ਅਸਤੀਫੇ ਦੇ ਦਿੱਤੇ।
ਪੜ੍ਹਾਈ ਵਿਚ ਪ੍ਰਭਾਕਰਨ ਦਰਮਿਆਨਾ ਸੀ। ਟਿਊਸ਼ਨ ਪੜ੍ਹਾਉਣ ਵਾਲਾ ਮਾਸਟਰ ਪੱਕਾ ਤਾਮਿਲ ਕੌਮਪ੍ਰਸਤ ਸੀ। ਪੁਰਾਣੀਆਂ ਕਹਾਣੀਆਂ ਸੁਣਾਉਂਦਾ, ਜਦੋਂ ਤਾਮਿਲ ਰਾਜੇ ਰਾਜ ਕਰਿਆ ਕਰਦੇ; ਕੇਵਲ ਲੰਕਾ ‘ਤੇ ਨਹੀਂ, ਭਾਰਤ ਉਤੇ ਵੀ। ਕਿਹਾ ਕਰਦਾ-ਹਥਿਆਰ ਚੁੱਕਣੇ ਜਾਇਜ਼ ਹਨ। ਬਾਅਦ ਵਿਚ ਪ੍ਰਭਾਕਰਨ ਨੇ ਮੰਨਿਆ ਕਿ ਇਸ ਅਧਿਆਪਕ ਨੇ ਸਭ ਤੋਂ ਵਧੀਕ ਅਸਰ ਕੀਤਾ। ਘਰ ਆਏ ਮਹਿਮਾਨ ਵੀ ਪਿਤਾ ਨਾਲ ਤਾਮਿਲਾਂ ਵਿਰੁੱਧ ਹੋ ਰਹੀਆਂ ਵਧੀਕੀਆਂ ਦੀਆਂ ਗੱਲਾਂ ਕਰਦੇ। ਨਿਕਾ ਪ੍ਰਭਾਕਰਨ ਧਿਆਨ ਨਾਲ ਸੁਣਦਾ। 1958 ਵਿਚ ਉਹ ਅਜੇ ਚਾਰ ਸਾਲ ਦਾ ਸੀ ਜਦੋਂ ਸਿੰਘਲੀ ਭੀੜ ਨੇ ਦੰਗੇ ਦੌਰਾਨ ਤਾਮਿਲ ਪੁਜਾਰੀ ਅੱਗ ਲਾ ਕੇ ਮਾਰ ਦਿੱਤਾ। ਗਾਂਧੀ ਅਤੇ ਨਹਿਰੂ ਨਾਲੋਂ ਉਸ ਨੂੰ ਭਗਤ ਸਿੰਘ ਅਤੇ ਸੁਭਾਸ਼ ਚੰਦਰ ਬੋਸ ਵਧੀਕ ਚੰਗੇ ਲਗਦੇ, ਕਿਉਂਕਿ ਉਹ ਹਥਿਆਰਬੰਦ ਯੋਧੇ ਸਨ। ਉਸ ਦਾ ਸਕੂਲ ਵਿਚ ਭਰੋਸੇਯੋਗ ਮਿੱਤਰ ਕਿੱਟੂ ਸੀ ਜੋ ਅਖੀਰ ਤੱਕ ਨਿਭਿਆ। ਲਿਟੇ ਸੈਨਾ ਦਾ ਉਹ ਡਿਪਟੀ ਕਮਾਂਡਰ ਸੀ।
ਪਿਤਾ-ਪੁੱਤਰ ਵਿਚਕਾਰ ਤਣਾਉ ਪੈਦਾ ਹੋਣ ਲੱਗਾ। ਪਿਤਾ ਨੂੰ ਨੌਕਰੀ ਚੰਗੀ ਲਗਦੀ, ਪੁੱਤਰ ਨੂੰ ਬਗਾਵਤ। ਘਰੋਂ ਗਾਇਬ ਰਹਿਣ ਲੱਗਾ। ਪਹਿਲਾਂ ਕੁਝ ਦਿਨਾਂ ਲਈ, ਫਿਰ ਮਹੀਨਿਆਂ ਲਈ। ਪਤਾ ਲੱਗਾ, ਮੁੰਡਿਆਂ ਨਾਲ ਰਲ ਕੇ ਸਰਕਾਰੀ ਬੱਸ ਸਾੜ ਦਿੱਤੀ। ਦਸਵੀਂ ਪਾਸ ਕਰ ਕੇ ਮੁੜ ਸਕੂਲ ਨਾ ਗਿਆ। ਆਖਰ 18 ਸਾਲ ਦੀ ਉਮਰੇ 1972 ਵਿਚ ਉਸ ਨੇ ਸਦਾ ਲਈ ਘਰ ਛੱਡ ਦਿੱਤਾ।
ਜਾਫਨਾ ਵਿਚ ਨਿਰੰਤਰ ਖਤਰਾ ਸੀ। ਭਾਰਤ ਜਾਣਾ ਠੀਕ ਰਹੇ। ਦੋ ਘੰਟਿਆਂ ਦਾ ਰਸਤਾ ਸੀ। ਮਲਾਹ ਸਭ ਜਾਣਦੇ ਸਨ, ਕਿਰਾਏ ਦਾ ਮਸਲਾ ਨਹੀਂ, ਜਿੰਨੇ ਦੇ ਦਏ ਠੀਕ। ਇਕ ਦਿਨ ਉਹ ਭਾਰਤ ਦੀ ਧਰਤੀ ‘ਤੇ ਪੁੱਜ ਕੇ ਮਦਰਾਸ ਚਲਾ ਗਿਆ। ਦੋ ਜਣਿਆਂ ਨੇ 175 ਰੁਪਏ ਮਹੀਨੇ ਕਿਰਾਏ ‘ਤੇ ਘਰ ਲੈ ਲਿਆ। ਸਥਾਨਕ ਨੇਤਾ ਟੀæਆਰæ ਜਨਾਰਦਨ ਲੰਕਾ ਦੇ ਤਾਮਿਲਾਂ ਦੇ ਹੱਕ ਵਿਚ ਕਿਤਾਬ ਲਿਖ ਚੁੱਕਾ ਸੀ, ਉਸ ਨਾਲ ਸੰਪਰਕ ਹੋ ਗਿਆ। ਉਹ ਬੜਾ ਦਿਆਲੂ ਬੰਦਾ ਲੱਗਾ, ਪਰ ਭਾਰਤ ਵਿਚ ਦੇਰ ਤਕ ਕੀ ਕਰਨਾ? ਕੰਮ ਤਾਂ ਲੰਕਾ ਵਿਚ ਹੈ। ਕੁਝ ਮਹੀਨਿਆਂ ਬਾਅਦ ਮੁੜ ਜਾਫਨਾ ਆ ਗਿਆ ਤੇ ਗੁਪਤਵਾਸ ਜ਼ਿੰਦਗੀ ਬਤੀਤ ਕਰਨ ਲੱਗਾ। ਕਈ ਵਾਰ ਫਾਕਾਕਸ਼ੀ ਕੱਟਣੀ ਪੈਂਦੀ। ਪੈਸੇ ਅਤੇ ਹਥਿਆਰ, ਦੋਵੇਂ ਨਹੀਂ ਸਨ। ਘਰ ਵਿਚ ਅਤੇ ਆਪਣੇ ਦੋਸਤਾਂ ਕੋਲ ਕਿਸੇ ਕੋਲ ਪ੍ਰਭਾਕਰਨ ਨੇ ਆਪਣੀ ਫੋਟੋ ਨਹੀਂ ਛੱਡੀ ਸੀ। ਪੁਲਿਸ ਖਤਰਨਾਕ ਬੰਦੇ ਨੂੰ ਲੱਭ ਰਹੀ ਸੀ ਜਿਸ ਦੇ ਨੈਣ-ਨਕਸ਼ ਪਤਾ ਨਹੀਂ ਸਨ। ਲੰਕਾ ਨਿਵਾਸੀ ਉਸ ਦੇ ਗਰੁੱਪ ਨੂੰ ਕੁਰਾਹੇ ਪਏ, ਗੁਸੈਲੇ ਮੁੰਡੇ ਆਖਦੇ।
5 ਮਾਰਚ 1976 ਨੂੰ ਉਸ ਨੇ ਦਿਨ-ਦਿਹਾੜੇ ਜਾਫਨਾ ਦੇ ਬੈਂਕ ਵਿਚ ਡਾਕਾ ਮਾਰ ਕੇ ਪੰਜ ਲੱਖ ਨਕਦ ਅਤੇ ਦੋ ਲੱਖ ਦੇ ਗਹਿਣੇ ਸਟਾਫ ਨੂੰ ਬੰਦੀ ਬਣਾ ਕੇ ਲੁੱਟੇ। ਤੰਗੀ ਤੁਰਸ਼ੀ ਖਤਮ। ਮੰਦਰ ਦੇ ਪੁਜਾਰੀ ਨੂੰ ਕੁਝ ਪੈਸੇ ਫੜਾ ਕੇ ਕਿਹਾ, ਗਰੀਬਾਂ ਦੇ ਭੋਜਨ ਲਈ ਨੇ। 5 ਮਈ ਨੂੰ ਉਸ ਨੇ ਲਿਟੇ ਸੈਨਾ ਦਾ ਗਠਨ ਕੀਤਾ ਜੋ ਲੰਕਾ ਦੇ ਉਤਰ ਪੂਰਬ ਵਿਚ ਤਾਮਿਲ ਦੇਸ ਕਾਇਮ ਕਰੇਗੀ। ਵਿਧਾਨ ਵਿਚ ਇਹ ਪੰਕਤੀ ਵੀ ਲਿਖੀ, ਜਦੋਂ ਤਾਮਿਲ ਦੇਸ ਆਜ਼ਾਦ ਹੋ ਗਿਆ, ਤਦ ਲਿਟੇ ਸੈਨਾ ਤੋੜ ਦਿੱਤੀ ਜਾਏਗੀ। ਲਿਟੇ ਦਾ ਨਿਸ਼ਾਨ- ਤੇਜਵਾਨ ਚੀਤਾ ਭਾਰਤੀ ਕਲਾਕਾਰ ਤੋਂ ਬਣਵਾਇਆ। ਜੰਗਲ ਵਿਚ ਸਬਜ਼ੀਆਂ ਉਗਾਉਂਦੇ, ਹਥਿਆਰਾਂ ਦੀ ਟ੍ਰੇਨਿੰਗ ਦਿੰਦੇ ਅਤੇ ਸ਼ਿਕਾਰ ਖੇਡਦੇ। ਪ੍ਰਭਾਕਰਨ ਜ਼ਬਾਨੀ ਅਤੇ ਪ੍ਰੈਕਟੀਕਲ ਟ੍ਰੇਨਿੰਗ ਦਿੰਦਾ। ਲੋੜ ਪੈਣ ‘ਤੇ ਗੁਰੀਲਿਆਂ ਦੀਆਂ ਵੀਡੀਓਜ਼ ਦਿਖਾਉਂਦਾ।
ਸ਼ੱਕੀ ਮੁਖਬਰਾਂ ਅਤੇ ਪੁਲਸੀਆਂ ਦੇ ਕਤਲ ਲਈ ਸਾਈਕਲਾਂ ਦੀ ਵਰਤੋਂ ਕੀਤੀ। ਹਰ ਸਾਈਕਲ ਸਵਾਰ ਸ਼ੱਕੀ ਹੋ ਗਿਆ। ਮੁਖਬਰ ਪੁਲਿਸ ਕੋਲ ਸੂਚਨਾ ਦੇਣੋਂ ਹਟ ਗਏ। ਦਹਿਸ਼ਤ ਦਾ ਬੋਲਬਾਲਾ ਹੋ ਗਿਆ। ਆਖਰ 1977 ਦੀ ਪਾਰਲੀਮੈਂਟ ਇਲੈਕਸ਼ਨ ਆ ਗਈ। ਤਮਿਲਾਂ ਦੀ ਪੁਲਿਟੀਕਲ ਪਾਰਟੀ ‘ਤੁਲਫ’ ਨੇ ਮੈਨੀਫੋਸਟੋ ਵਿਚ ਐਲਾਨ ਕੀਤਾ-ਫੈਸਲਾ ਕਰਨ ਦੀ ਆਖਰੀ ਘੜੀ ਆ ਗਈ ਹੈ, ਆਪਣੇ ਪੁਰਖਿਆਂ ਦੀ ਧਰਤੀ ਉਪਰ ਅਸੀਂ ਖੁਦ ਰਾਜਭਾਗ ਕਾਇਮ ਕਰਾਂਗੇ, ਸਿੰਘਲੀ ਸਾਮਰਾਜ ਸਾਡੇ ਦੇਸੋਂ ਬਾਹਰ ਹੋਵੇ।
ਚੋਣ ਹੋਈ। ਪਾਰਟੀ ਤਮਿਲ ਬਹੁਗਿਣਤੀ ਵਾਲੇ ਇਲਾਕੇ ਦੀਆਂ ਸਾਰੀਆਂ 14 ਸੀਟਾਂ ਜਿੱਤ ਗਈ ਤੇ ਮਿਲੀ-ਜੁਲੀ ਆਬਾਦੀ ਵਿਚੋਂ ਵੀ ਚਾਰ ਹੋਰ ਸੀਟਾਂ ਜਿੱਤ ਲਈਆਂ। ਤਮਿਲ ਪਾਰਟੀ ਦੇ ਇਤਿਹਾਸ ਵਿਚ ਇੰਨੀ ਭਾਰੀ ਜਿੱਤ ਪਹਿਲੀ ਵਾਰ ਹੋਈ। ਆਮ ਤਮਿਲ ਪਰਜਾ ਅਤੇ ਪ੍ਰਭਾਕਰਨ ਨੇ ਸਮਝਿਆ ਇਹ ਤਮਿਲ ਦੇਸ ਦੇ ਹੱਕ ਵਿਚ ਲੋਕ-ਫਤਵਾ ਹੈ। ਜੈਵਰਧਨੇ ਦੀ ਸਰਕਾਰ ਵਿਚ ਤਮਿਲ ਪਾਰਟੀ ਮੁੱਖ ਵਿਰੋਧੀ ਧਿਰ ਵਜੋਂ ਬੈਠੀ।
ਜਸ਼ਨ ਥੋੜ੍ਹੇ ਦਿਨ ਚੱਲੇ; 15 ਅਗਸਤ 1977 ਨੂੰ ਪੁਲਿਸ ਪੈਟਰੋਲ ਪਾਰਟੀ ਨੇ ਤਿੰਨ ਸਾਈਕਲ ਸਵਾਰ ਜੁਆਨਾਂ ਨੂੰ ਰੋਕਿਆ ਤਾਂ ਇਕ ਨੇ ਪੁਲਿਸ ਉਪਰ ਅਚਾਨਕ ਗੋਲੀ ਦਾਗ ਦਿੱਤੀ ਜੋ ਸਿਪਾਹੀ ਦੇ ਪੱਟ ਵਿਚੋਂ ਲੰਘ ਗਈ। ਸਾਈਕਲ ਸਵਾਰ ਭੱਜ ਗਏ। ਅਗਲੇ ਦਿਨ ਪੁਲਿਸ ਨੇ ਜਾਫਨਾ ਦੀ ਤਮਿਲ ਆਬਾਦੀ ਵਿਚ ਅੰਨ੍ਹੇਵਾਹ ਫਾਇਰਿੰਗ ਕਰ ਕੇ ਚਾਰ ਬੰਦੇ ਕਤਲ ਤੇ ਇੱਕੀ ਜ਼ਖਮੀ ਕੀਤੇ। ਜੈਵਰਧਨ ਨੇ ਅਮਨ ਕਾਇਮ ਕਰਨ ਲਈ ਫੌਜ ਭੇਜ ਦਿੱਤੀ ਜਿਸ ਨੇ ਅਤਿ ਚੁੱਕ ਲਈ। ਫੌਜ ਦੀ ਸ਼ਹਿ ‘ਤੇ ਸਿੰਘਲਾਂ ਨੇ ਤਮਿਲਾਂ ਉਪਰ ਹਮਲੇ ਕਰ ਦਿੱਤੇ। ਦੇਸ ਦੀ ਆਜ਼ਾਦੀ ਦੇ ਦੋ ਦਹਾਕਿਆਂ ਬਾਅਦ ਭਾਰੀ ਹਿੰਸਾ ਹੋਈ ਜਿੰਨੀ ਪਹਿਲਾਂ ਕਦੀ ਨਹੀਂ ਹੋਈ ਸੀ। ਤਿੰਨ ਸੌ ਤਮਿਲ ਕਤਲ ਹੋਏ, ਹਜ਼ਾਰਾਂ ਘਰ ਛੱਡ ਕੇ ਰਾਹਤ ਕੈਂਪਾਂ ਵਿਚ ਚਲੇ ਗਏ, ਪਿਛੋਂ ਖਾਲੀ ਘਰਾਂ ਨੂੰ ਸਿੰਘਲਾਂ ਨੇ ਅੱਗਾਂ ਲਾਈਆਂ। ਬਦਲੇ ਵਿਚ ਤਮਿਲਾਂ ਨੇ ਵੀ ਸਿੰਘਲਾਂ ਦੇ ਘਰ-ਘਾਟ ਉਜਾੜੇ ਤੇ ਸਾੜੇ। ਆਬਾਦੀਆਂ ਦਾ ਤਬਾਦਲਾ ਹੋਣਾ ਸ਼ੁਰੂ ਹੋ ਗਿਆ। ਤਮਿਲਾਂ ਨੂੰ ਆਪਣੇ ਗੁਸੈਲੇ ਸਿਰ-ਫਿਰੇ ਮੁੰਡੇ ਚੰਗੇ ਲੱਗਣ ਲੱਗ ਪਏ। ਹੋਰ ਉਹ ਕੀ ਕਰਨ? ਪੁਲਿਸ ਦੇ ਹਥਿਆਰ ਅਤੇ ਫੈਕਟਰੀਆਂ ਵਿਚੋਂ ਵਿਸਫੋਟਕ ਪਦਾਰਥ ਚੋਰੀ ਹੋ-ਹੋ ਲਿਟੇ ਪਾਸ ਪੁੱਜਣ ਲੱਗੇ। ਆਪਣੇ ਆਪ ਕੁਝ ਹੋਰ, ਖਾੜਕੂ ਗਰੁੱਪ ਬਣਾ ਕੇ ਸਰਗਰਮ ਹੋ ਗਏ।
ਘੇਰਾਬੰਦੀ ਤੰਗ ਹੋਣ ਲੱਗੀ, ਤਾਂ ਪ੍ਰਭਾਕਰਨ ਭਾਰਤ ਪੁੱਜ ਗਿਆ। ਉਸ ਨਾਲ ਪੰਜ ਸਾਲ ਜੇਲ੍ਹ ਕੱਟ ਕੇ ਰਿਹਾਅ ਹੋਇਆ ਸ਼ਾਇਰ ਕਾਸੀਆ ਨੰਦਨ ਵੀ ਸੀ। ਨੰਦਨ ਤਮਿਲ ਸਰੋਤਿਆਂ ਉਪਰ ਜਾਦੂ ਧੂੜ ਦਿਆ ਕਰਦਾ ਸੀ। ਨੰਦਨ ਨੇ ਪ੍ਰਭਾਕਰਨ ਨੂੰ ਚੀ ਗਵੇਰਾ ਦੀ ਸਵੈਜੀਵਨੀ ਅਨੁਵਾਦ ਕਰ ਕੇ ਦਿੱਤੀ। ਸਵੀਡਨ, ਲੰਡਨ, ਕੈਨੇਡਾ, ਨਾਰਵੇ, ਅਮਰੀਕਾ ਵਿਚ ਲਿਟੇ ਦੀਆਂ ਬ੍ਰਾਂਚਾਂ ਖੁੱਲ੍ਹ ਗਈਆਂ। ਆਇਰਲੈਂਡ ਦੇ ਗੁਰੀਲਿਆਂ ਨੇ ਵਿਸਫੋਟਕ ਪਦਾਰਥਾਂ ਦੀ ਸਿੱਖਲਾਈ ਦਿੱਤੀ। ਫਲਸਤੀਨੀ ਆਗੂ ਯਾਸਰ ਅਰਾਫਾਤ ਦੇ ਗੁਰੀਲਾ ਗਰੁੱਪ ਅਲ-ਫਤਿਹ ਨੇ ਟ੍ਰੇਨਿੰਗ ਦੇਣੀ ਮੰਨ ਲਈ। ਤਮਿਲਾਂ ਦੇ ਹੱਥ ਅਜਿਹੇ ਹਥਿਆਰ ਲੱਗ ਗਏ ਜਿਹੜੇ ਲੰਕਾ ਦੀ ਫੌਜ ਨੇ ਨਾ ਦੇਖੇ ਸਨ, ਨਾ ਵਰਤੇ।
ਅੰਮ੍ਰਿਤ ਲਿੰਗਮ ਦੀ ਜੇਤੂ ਸਿਆਸੀ ਤਮਿਲ ਪਾਰਟੀ ‘ਤੁਲਫ’ ਅਤੇ ਬਾਕੀ ਲੋਕ ਇਹ ਸਮਝਦੇ ਸਨ ਕਿ ਲਿਟੇ ਅੰਮ੍ਰਿਤ ਲਿੰਗਮ ਦੇ ਕੰਟਰੋਲ ਵਿਚ ਹੈ, ਇਹ ਇਕੋ ਸਿਕੇ ਦੇ ਦੋ ਪਾਸੇ ਹਨ। ਮਸਲੇ ਦਾ ਸਿਆਸੀ ਹੱਲ ਲੱਭਿਆ ਜਾਵੇ। ਕਤਲੋਗਾਰਤ ਬੰਦ ਹੋਵੇ। ਲਿੰਗਮ ਨੇ ਆਪਣੇ ਪਿੰਡ ਮੂਲੇ ਵਿਚ ਨਵੰਬਰ 1977 ਨੂੰ ਖਾੜਕੂਆਂ ਦੀ ਮੀਟਿੰਗ ਸੱਦੀ, ਪ੍ਰਭਾਕਰਨ ਸਣੇ ਸੱਤ ਲੀਡਰ ਪੁੱਜੇ। ਡੇਢ ਘੰਟੇ ਚੱਲੀ ਇਸ ਮੀਟਿੰਗ ਵਿਚ ਲਿੰਗਮ ਨੇ ਸਿਆਣੇ ਵਕੀਲ ਵਾਂਗ ਦਲੀਲਾਂ ਨਾਲ ਸਮਝਾਇਆ ਕਿ ਆਪਣਾ ਮਨੋਰਥ ਇਕੋ ਹੈ। ਆਪਣੀ ਪਾਰਟੀ ਭਾਰੀ ਬਹੁਮਤ ਨਾਲ ਜਿੱਤੀ ਹੈ, ਇਸ ਜਿੱਤ ਦਾ ਫਾਇਦਾ ਲਿਆ ਜਾਵੇ। ਮੈਂ ਇਹ ਨਹੀਂ ਕਹਿੰਦਾ, ਹਿੰਸਾ ਬੁਰੀ ਚੀਜ਼ ਹੈ, ਪਰ ਹੁਣ ਕੁਝ ਠੰਢ ਰੱਖੋ ਤੇ ਦੇਖੋ। ਕਿਸੇ ਨੇ ਲਿੰਗਮ ਦੀਆਂ ਦਲੀਲਾਂ ਨੂੰ ਕੱਟਿਆ ਨਹੀਂ, ਉਹ ਇਸ ਵੇਲੇ ਤਮਿਲਾਂ ਦਾ ਚੁਣਿਆ ਹੋਇਆ ਤਾਕਤਵਰ ਨੇਤਾ ਸੀ। ਸਾਰੇ ਚੁਪ-ਚਾਪ ਸੁਣੀ ਗਏ ਤੇ ਚਲੇ ਗਏ। ਲਿੰਗਮ ਨੂੰ ਲੱਗਿਆ ਮੁੰਡੇ ਸਹਿਮਤ ਹੋ ਗਏ ਹਨ। ਇਹ ਉਸ ਦੀ ਗਲਤਫਹਿਮੀ ਸੀ। ਹਿੰਸਾ ਦਾ ਭਾਰਾ ਇੰਜਣ ਜਦੋਂ ਦੌੜਨ ਲੱਗ ਪਿਆ, ਇਉਂ ਗੱਲਾਂ ਨਾਲ ਕਿਵੇਂ ਰੁਕ ਸਕਦਾ ਸੀ? ਯਾਨੀ ਕਿ ਪ੍ਰਭਾਕਰਨ ਕਹੇ-ਜਾਓ ਬਈ ਮੁੰਡਿਓ, ਹਥਿਆਰ ਇਥੇ ਰੱਖੋ, ਘਰੋ-ਘਰੀ ਜਾਓ। ਖੇਡ ਖਤਮ।
ਰਤਨਮ ਨਾਮ ਦਾ ਸੰਸਦ ਮੈਂਬਰ ਜਿੱਤਿਆ ਤਮਿਲ ਵੋਟਾਂ ਨਾਲ, ਵਜ਼ਾਰਤ ਦੇ ਲਾਲਚ ਵਿਚ ਆ ਕੇ ਜੈਵਰਧਨੇ ਨਾਲ ਰਲ ਗਿਆ। ਲਿਟੇ ਮੁਤਾਬਕ ਇਹ ਅਮਾਨਤ ਵਿਚ ਖਿਆਨਤ ਸੀ। ਪ੍ਰਭਾਕਰਨ ਅਤੇ ਉਮਾ ਰਤਨਮ ਦੇ ਘਰ ਗਏ, ਨੇੜਿਓਂ ਗੋਲੀ ਦਾਗੀ। ਰਤਨਮ ਸਖਤ ਜ਼ਖਮੀ ਹੋਇਆ, ਪਰ ਬਚ ਗਿਆ। ਸਰਕਾਰ ਨੇ ਚਾਰ ਲੋੜੀਂਦੇ ਮੁਜਰਮਾਂ ਵਿਰੁੱਧ ਫੋਟੋਆਂ ਸਣੇ ਇਕ ਲੱਖ ਇਸ਼ਤਿਹਾਰ ਚਿਪਕਾਏ ਤੇ ਭਾਰੀ ਇਨਾਮਾਂ ਦੀ ਪੇਸ਼ਕਸ਼ ਕੀਤੀ। ਇਨ੍ਹਾਂ ਵਿਚ ਪ੍ਰਭਾਕਰਨ ਦੀ ਫੋਟੋ ਨਹੀਂ ਸੀ। ਉਸ ਦੀ ਥਾਂ ਇਕ ਹੋਰ ਗੁਰੀਲੇ ਦੀ ਫੋਟੋ ਛਪੀ ਜਿਹੜਾ ਦੇਰ ਪਹਿਲਾਂ ਕਤਲ ਹੋ ਚੁੱਕਾ ਸੀ। ਇਸ ਘਟਨਾ ਪਿਛੋਂ ਖਾੜਕੂਆਂ ਨੇ ਇਕ ਪੁਲਿਸ ਮੁਖਬਰ ਉਸ ਦੇ ਛੇ ਖੂੰਖਾਰ ਕੁੱਤਿਆਂ ਸਮੇਤ ਮਾਰੇ। ਪੁਲਿਸ ਵਿਚ ਸਹਿਮ ਫੈਲ ਗਿਆ।
ਇੰਸਪੈਕਟਰ ਪਿੱਲੇ ਦੀ ਦਹਿਸ਼ਤ ਸੀ। ਉਹ ਬੜਾ ਜ਼ਾਲਮ ਪੁਲਿਸ ਅਫਸਰ ਸੀ ਜੋ ਤਸੀਹੇ ਦੇ ਕੇ ਸੱਚ ਉਗਲਵਾਉਣ ਵਿਚ ਤੇ ਖਾੜਕੂਆਂ ਨੂੰ ਮਾਰਨ ਵਿਚ ਨਿਪੁੰਨ ਸੀ। ਰਤਨਮ ਕਤਲ ਦੀ ਤਫਤੀਸ਼ ਉਸ ਹਵਾਲੇ ਕੀਤੀ ਗਈ। ਕਮਾਲ ਹੋਈ। ਖਾੜਕੂਆਂ ਦੀ ਪੈੜ ਨੱਪਦਾ-ਨੱਪਦਾ ਉਹ ਉਨ੍ਹਾਂ ਦੇ ਜੰਗਲ ਕਿਨਾਰੇ ਕੈਂਪ ਤੱਕ ਪੁੱਜ ਗਿਆ ਜਿਥੇ ਉਮਾ ਆਪਣੇ ਸਾਥੀਆਂ ਨਾਲ ਖੂਹ ਨੇੜੇ ਬੈਠਾ ਸੀ। ਪਿੱਲੇ ਨੇ ਰੋਹਬ ਨਾਲ ਪੁੱਛਿਆ-ਕੌਣ ਉਏ ਤੁਸੀਂ? ਤਮਿਲ ਬੋਲੀ ਵਿਚ ਐਨ ਕਿਸਾਨੀ ਢੰਗ ਨਾਲ ਉਮਾ ਬੋਲਿਆ-ਕਿਸਾਨ ਹਾਂ ਹਜ਼ੂਰ। ਲਿਆਓ ਬਈ ਕੋਈ ਚਾਹ ਪਾਣੀ, ਸਰਕਾਰ ਆਈ ਹੈ। ਧੰਨ ਭਾਗ। ਉਨ੍ਹਾਂ ਦੇ ਵਰਤਾਉ ਤੋਂ ਪਿੱਲੇ ਨੂੰ ਲੱਗਾ ਕਿਸਾਨ ਹਨ। ਪਾਣੀ ਪੀਣ ਵਾਸਤੇ ਉਸ ਨੇ ਆਪਣੀ ਸਬ-ਮਸ਼ੀਨ ਗੰਨ ਜ਼ਮੀਨ ‘ਤੇ ਰੱਖ ਦਿੱਤੀ। ਚਿਲਕਿਲੀ ਬਾਜ ਵਾਂਗ ਝਪਟਿਆ ਅਤੇ ਗੰਨ ਚੁਕ ਕੇ ਪਿੱਲੇ ਦੇ ਸਿਰ ਉਪਰ ਮਾਰੀ, ਨਾਲ ਦੀ ਨਾਲ ਉਸੇ ਗੰਨ ਵਿਚੋਂ ਫਾਇਰ ਖੋਲ੍ਹ ਦਿੱਤਾ। ਪਿੱਲੇ ਤੇ ਇਕ ਹੌਲਦਾਰ ਥਾਂਏਂ ਢੇਰ ਹੋ ਗਏ। ਦੂਜੇ ਸਬ-ਇੰਸਪੈਕਟਰ ਨੇ ਮੁਕਾਬਲਾ ਕੀਤਾ, ਪਰ ਲੜਖੜਾ ਕੇ ਖੂਹ ਵਿਚ ਡਿਗ ਪਿਆ, ਖੂਹ ਵਿਚ ਭੁੰਨ ਦਿੱਤਾ। ਪਿੱਲੇ ਦਾ ਡeਾਈਵਰ ਜੀਪ ਭਜਾਉਣ ਲੱਗਾ, ਥਾਂਈਂ ਧਰ ਲਿਆ। ਪੂਰੀ ਲੰਕਾ ਦੀ ਇਹ ਸ਼ਾਨਦਾਰ ਪੁਲਿਸ ਟੀਮ ਸੀ। ਕਈ ਦਿਨ ਕਿਸੇ ਨੂੰ ਪਤਾ ਨਾ ਲੱਗਾ, ਕੀ ਹੋ ਗਿਆ। ਪਿੱਲੇ ਕਈ ਕਈ ਹਫਤੇ ਖਾੜਕੂਆਂ ਦਾ ਸ਼ਿਕਾਰ ਕਰਦਿਆਂ ਅਕਸਰ ਬਾਹਰ ਰਿਹਾ ਹੀ ਕਰਦਾ ਸੀ। ਘਰਦਿਆਂ ਨੂੰ ਕੋਈ ਪਤਾ ਨਹੀਂ। ਲੱਕੜਾਂ ਕੱਟਣ ਗਏ ਬੰਦੇ ਨੇ ਬਦਬੂ ਮਾਰਦੀਆਂ ਲਾਸ਼ਾਂ ਦੇਖੀਆਂ, ਉਸ ਨੇ ਖਬਰ ਦਿੱਤੀ। ਜੰਗਲੀ ਜਾਨਵਰਾਂ ਨੇ ਲਾਸ਼ਾਂ ਬੇ-ਪਛਾਣ ਕਰ ਦਿੱਤੀਆਂ ਸਨ। ਸ਼ਨਾਖਤੀ ਕਾਰਡਾਂ ਅਤੇ ਵਰਦੀਆਂ ਤੋਂ ਪਛਾਣ ਆਈ। ਅਜਿੱਤ ਸੂਰਮੇ ਦਾ ਇਹ ਹਸ਼ਰ? ਸਰਕਾਰ ਹਿੱਲ ਗਈ। ਤਿੰਨ ਸੌ ਖਾਲੀ ਕਾਰਤੂਸ ਮਿਲੇ। ਇਹ ਇੰਸਪੈਕਟਰ ਪ੍ਰਭਾਕਰਨ ਦੀ ਮਾਂ ਨੂੰ ਘਰ ਜਾ ਕੇ ਕਹਿ ਕੇ ਆਇਆ ਸੀ- ਮੈਂ ਤੇਰੇ ਮੁੰਡੇ ਦੇ ਸੌ ਟੁਕੜੇ ਕਰ ਕੇ ਖਲਾਰਾਂਗਾ।
ਸਾਬਤ ਹੋ ਗਿਆ, ਖਾੜਕੂ ਜਿਸ ਨੂੰ ਜਦੋਂ ਮਰਜ਼ੀ, ਮਾਰ ਕੇ ਭੱਜ ਸਕਦੇ ਨੇ। ਖਾੜਕੂਆਂ ਦੀ ਭਰਤੀ ਵਧ ਗਈ। ਸਲਾਹਾਂ ਹੋਈਆਂ ਕਿ ਸਾਰੇ ਕਤਲਾਂ ਦੀ ਜ਼ਿੰਮੇਵਾਰੀ ਲੈ ਲਈਏ, ਕਿਉਂਕਿ ਇਹੀ ਤਾਂ ਸਾਡੀਆਂ ਟ੍ਰਾਫੀਆਂ ਨੇ। 25 ਅਪਰੈਲ 1978, ਲਿਟੇ ਨੇ ਗਿਆਰਾਂ ਵੱਡੇ ਕਤਲਾਂ ਦੀ ਜ਼ਿੰਮੇਵਾਰੀ ਲੈ ਲਈ। ਸਾਰੇ ਅਖਬਾਰਾਂ ਨੇ ਇਹ ਖਬਰ ਛਾਪੀ। ਸਰਕਾਰ ਨੇ ਲਿਟੇ ‘ਤੇ ਪਾਬੰਦੀ ਲਾ ਕੇ 38 ਬੰਦਿਆਂ ਦੀ ਲਿਸਟ ਪ੍ਰਕਾਸ਼ਿਤ ਕੀਤੀ ਜਿਹੜੇ ਮੋਸਟ ਵਾਂਟਿਡ ਸਨ। ਪ੍ਰਭਾਕਰਨ ਨੂੰ ਛੱਡ ਕੇ ਸਭ ਦੀਆਂ ਫੋਟੋਆਂ ਛਪੀਆਂ। ਪ੍ਰਭਾਕਰਨ ਦੇ ਨਾਮ ਨਾਲ ਤੰਬੀ ਲਿਖਿਆ। ਤੰਬੀ ਮਾਇਨੇ ਛੋਟਾ ਭਰਾ, ਇਹ ਉਸ ਦਾ ਨਿਕ-ਨੇਮ ਸੀ।
ਜੁਲਾਈ 1978 ਵਿਚ ਲਿਟੇ ਨੇ ਬੰਬ ਨਾਲ ਇਕ ਜਹਾਜ਼ ਕੋਲੰਬੋ ਲਾਗੇ ਉਡਾਇਆ ਅਤੇ 12 ਲੱਖ ਦੀ ਬੈਂਕ ਡਕੈਤੀ ਕੀਤੀ। ਪੁਲਿਸ ਅਫਸਰਾਂ ਦੇ ਨਿਰਵਿਘਨ ਕਤਲ ਹੁੰਦੇ ਰਹੇ। ਪੁਲਿਸ ਮੁਖੀ ਸੇਨਾ ਨਾਇਕ ਨੇ ਸ਼ਰੇਆਮ ਮੰਨਿਆ- ਖਾੜਕੂਆਂ ਨੂੰ ਫੜਨਾ ਆਸਾਨ ਨਹੀਂ, ਉਹ ਆਮ ਅਪਰਾਧੀ ਨਹੀਂ, ਤਿੱਖੀ ਬੁੱਧੀ ਵਾਲੇ ਪੜ੍ਹੇ-ਲਿਖੇ ਜੁਆਨ ਹਨ। ਲੋਕ ਭੈਭੀਤ ਹਨ। ਜਾਫਨਾ ਦਾ ਕੰਟਰੋਲ ਫੌਜ ਨੇ ਸੰਭਾਲ ਲਿਆ। ਸ਼ੱਕੀ ਬੰਦੇ ਫੜੇ ਜਾਣ ਲਗੇ, ਤਸੀਹਿਆਂ ਦੌਰਾਨ ਮੌਤਾਂ ਹੋਣ ਲੱਗੀਆਂ। ਪ੍ਰਭਾਕਰਨ ਭਾਰਤ ਪੁੱਜ ਗਿਆ। ਜਾਫਨਾ ਅਤੇ ਤਮਿਲਨਾਡੂ ਵਿਚਕਾਰ ਕੇਵਲ 22 ਮੀਲ ਦਾ ਸਮੁੰਦਰ ਸੀ। ਇਕ ਭਾਰਤੀ ਤਮਿਲ ਨੇਤਾ ਨੇ ਲਿਟੇ ਦੇ ਮੈਂਬਰਾਂ ਵਾਸਤੇ ਭਾਰਤੀ ਪਾਸਪੋਰਟ ਬਣਵਾ ਦਿੱਤੇ ਤਾਂ ਕਿ ਉਹ ਟ੍ਰੇਨਿੰਗ ਲੈਣ ਵਾਸਤੇ ਸੀਰੀਆ ਜਾ ਸਕਣ। ਉਮਾ ਲਿਬਨਾਨ ਪੁੱਜ ਗਿਆ।
ਲਿਟੇ ਗਰੁੱਪ ਦਾ ਸਾਰਾ ਕੰਮ ਪ੍ਰਭਾਕਰਨ ਕਰਦਾ ਸੀ, ਪਰ ਸਤਿਕਾਰ ਵਜੋਂ ਉਮਰ ਵਿਚ ਵੱਡਾ ਹੋਣ ਕਰ ਕੇ ਚੇਅਰਮੈਨ ਉਮਾ ਸੀ। ਉਮਾ ਵਿਰੁੱਧ ਸ਼ਿਕਾਇਤ ਪੁੱਜੀ ਕਿ ਉਸ ਦਾ ਉਰਮਿਲਾ ਨਾਮ ਦੀ ਕੁੜੀ ਨਾਲ ਇਸ਼ਕ ਹੋ ਗਿਆ ਹੈ। ਪ੍ਰਭਾਕਰਨ ਨੇ ਫੈਸਲਾ ਕੀਤਾ ਕਿ ਉਸ ਨੂੰ ਗਰੁੱਪ ਵਿਚੋਂ ਕੱਢ ਦਿੱਤਾ ਜਾਵੇ। ਲੰਡਨ ਤੋਂ ਕੋਈ ਜੁਆਨ ਪ੍ਰਭਾਕਰਨ ਨੂੰ ਮਨਾਉਣ ਵਾਸਤੇ ਆਇਆ-ਇਸ ਨਾਲ ਭਾਰੀ ਬਦਨਾਮੀ ਹੋਵੇਗੀ, ਇਉਂ ਨਾ ਕਰੋ। ਪ੍ਰਭਾਕਰਨ ਨੇ ਕਿਹਾ-ਲੰਡਨ ਵਿਚ ਇਹ ਸਭ ਚਲ ਸਕਦੈ ਭਰਾ, ਇਥੇ ਨਹੀਂ। ਬਦਨਾਮੀ ਸਗੋਂ ਤਦ ਹੋਏਗੀ ਜੇ ਇਸ ਨੂੰ ਨਾ ਕੱਢਿਆ।
ਲੰਡਨ ਵਿਚ ਪੜ੍ਹਿਆ ਬਾਲਾਸਿੰਘਮ ਬਹੁਤ ਸੂਝਵਾਨ ਜੁਆਨ ਸੀ, ਜਿਸ ਵਾਸਤੇ ਤਮਿਲ ਅਤੇ ਅੰਗਰੇਜ਼ੀ ਵਿਚ ਲਿਖਣਾ ਬੋਲਣਾ ਇਕੋ ਜਿਹਾ ਸੀ। ਉਸ ਨੇ ਲਿਟੇ ਦਾ ਮੈਨੀਫੈਸਟੋ ਸੁੰਦਰ ਸ਼ੈਲੀ ਵਿਚ ਲਿਖਿਆ ਜੋ ਛੇ ਬੋਲੀਆਂ ਵਿਚ ਛਾਪ ਕੇ ਦੁਨੀਆਂ ਵਿਚ ਵੰਡਿਆ ਗਿਆ। ਉਹ ਮਾਰਕਸੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ। ਉਸ ਦੀ ਪਤਨੀ ਐਡੀਲ ਆਸਟ੍ਰੇਲੀਅਨ ਸੀ। ਬਾਲਾ ਆਪਣੀ ਪਤਨੀ ਸਣੇ ਮਦਰਾਸ ਆ ਗਿਆ ਤੇ ਖਾੜਕੂਆ ਨੂੰ ਵਿਚਾਰਧਾਰਕ ਸੇਧ ਦੇਣ ਲੱਗਾ। ਪ੍ਰਭਾਕਰਨ ਨਾਲ ਅਕਸਰ ਲੰਮੀਆਂ ਮੀਟਿੰਗਾਂ ਹੁੰਦੀਆਂ। ਇਕੱਠੇ ਖਾਣਾ ਬਣਾਉਂਦੇ ਤੇ ਭਾਰਤੀ ਤਮਿਲ ਫਿਲਮਾਂ ਦੇਖਦੇ।
ਉਮਾ ਨੇ ਨਾ ਉਰਮਿਲਾ ਛੱਡੀ, ਨਾ ਲਿਟੇ। ਉਲਟਾ ਉਸ ਨੇ ਪ੍ਰਭਾਕਰਨ ਦੇ ਛੁਪਾਏ ਹਥਿਆਰ ਇਧਰ-ਉਧਰ ਕਰ ਦਿੱਤੇ। ਪਤਾ ਲੱਗਣ ‘ਤੇ ਪ੍ਰਭਾਕਰਨ ਨੇ ਸਾਰੇ ਹਥਿਆਰਾਂ ਦੇ ਟਿਕਾਣੇ ਬਦਲ ਦਿੱਤੇ। ਉਮਾ ਕੀ ਕਰ ਰਿਹੈ?
ਦੋ ਸ਼ਹਿਰਾਂ ਵਿਚ ਰਿਟਾਇਰਡ ਭਾਰਤੀ ਫੌਜੀ ਅਫਸਰ ਲਿਟੇ ਰੰਗਰੂਟਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਦਿੰਦੇ। ਪੁਲਿਸ ਅਤੇ ਖੁਫੀਆ ਏਜੰਸੀਆਂ ਜਾਣਦੀਆਂ ਸਨ, ਸਰਕਾਰ ਦੀ ਇਹੋ ਮਰਜ਼ੀ ਹੈ।
25 ਮਾਰਚ 1980 ਨੂੰ ਖਬਰ ਮਿਲੀ ਕਿ ਫਲਾਣੀ ਸੜਕ ‘ਤੇ ਗੱਡੀ ਵਿਚ ਬੈਂਕ ਕਰੰਸੀ ਜਾ ਰਹੀ ਹੈ। ਘੇਰ ਕੇ 78 ਲੱਖ ਰੁਪਏ ਲੁੱਟ ਲਏ। ਦੋ ਸਿਪਾਹੀ ਕਤਲ ਕੀਤੇ। ਸਰਕਾਰ ਨੇ ਸੂਹ ਦੇਣ ਵਾਲੇ ਲਈ ਦਸ ਲੱਖ ਦਾ ਇਨਾਮ ਐਲਾਨਿਆ। ਪੁਲਿਸ ਨੇ ਗੁੱਸੇ ਵਿਚ ਆ ਕੇ ਜਾਫਨਾ ਦੀ ਤਮਿਲ ਲਾਇਬਰੇਰੀ ਨੂੰ ਅੱਗ ਲਾ ਦਿੱਤੀ, ਨੱਬੇ ਹਜ਼ਾਰ ਕਿਤਾਬਾਂ ਰਾਖ ਹੋ ਗਈਆਂ। ਲਾਇਬਰੇਰੀ ਵਿਚੋਂ ਲਾਟਾਂ ਨਿਕਲਦੀਆਂ ਦੇਖਣ ਵਾਲਿਆਂ ਵਿਚ ਪ੍ਰਭਾਕਰਨ ਵੀ ਸੀ।
ਪ੍ਰਭਾਕਰਨ ਨੂੰ ਉਮਾ ਉਪਰ ਤੇ ਉਮਾ ਨੂੰ ਪ੍ਰਭਾਕਰਨ ਵਿਰੁੱਧ ਗੁੱਸਾ ਸੀ। ਇਕ ਦਿਨ ਪ੍ਰਭਾਕਰਨ ਆਪਣੇ ਸਾਥੀ ਨਾਲ ਮਦਰਾਸ ਵਿਚ ਫਿਲਮ ਦੇਖ ਕੇ ਬਾਹਰ ਨਿਕਲਿਆ ਤਾਂ ਦੇਖਿਆ, ਸਾਈਕਲ ਸਟੈਂਡ ਵਿਚ ਖੜ੍ਹੇ ਮੋਟਰ ਸਾਈਕਲ ਉਪਰ ਉਮਾ ਬੈਠਾ ਸੀ। ਉਮਾ ਉਸੇ ਦੀ ਉਡੀਕ ਵਿਚ ਸੀ। ਦੋਹਾਂ ਨੇ ਇਕਦਮ ਫੁਰਤੀ ਨਾਲ ਰਿਵਾਲਵਰ ਕੱਢੇ, ਪਰ ਚਲਾ ਦਿੱਤਾ ਪਹਿਲਾਂ ਪ੍ਰਭਾਕਰਨ ਨੇ, ਉਮਾ ਦੀ ਥਾਂ ਉਸ ਦੇ ਸਾਥੀ ਦੇ ਗੋਲੀ ਵੱਜੀ ਤੇ ਡਿਗ ਪਿਆ। ਉਮਾ ਭੱਜ ਗਿਆ। ਲੋਕਾਂ ਨੇ ਸਮਝਿਆ ਗੁੰਡਿਆਂ ਵਿਚਕਾਰ ਗੋਲੀ ਚੱਲੀ ਹੈ। ਪ੍ਰਭਾਕਰਨ ਅਤੇ ਉਸ ਦਾ ਸਾਥੀ ਭੀੜ ਨੇ ਘੇਰ ਲਿਆ। ਦੋਹਾਂ ਨੇ ਰਿਵਾਲਵਰ ਹਵਾ ਵਿਚ ਬਥੇਰੇ ਲਹਿਰਾਏ, ਪਰ ਭੀੜ ਨੇ ਕੁਟਾਈ ਸ਼ੁਰੂ ਕਰ ਦਿੱਤੀ। ਇੰਨੇ ਨੂੰ ਪੁਲਿਸ ਆ ਗਈ। ਥਾਣੇ ਲਿਜਾ ਕੇ ਪੁਲਿਸ ਨੇ ਬੈਂਤਾਂ ਨਾਲ ਕੁੱਟੇ, ਪਰ ਹਾਲੇ ਪਤਾ ਪੁਲਿਸ ਨੂੰ ਵੀ ਨਹੀਂ ਸੀ, ਇਹ ਕੌਣ ਹਨ! ਜ਼ਖਮੀ ਬੰਦੇ ਨੇ ਦੱਸਿਆ ਕਿ ਇਹ ਪ੍ਰਭਾਕਰਨ ਹੈ ਜਿਸ ਦੇ ਸਿਰ ‘ਤੇ ਲੰਕਾ ਨੇ ਤਿੰਨ ਲੱਖ ਦਾ ਇਨਾਮ ਰੱਖਿਆ ਹੋਇਐ। ਪੁਲਿਸ ਵਾਲਿਆਂ ਦਾ ਵਤੀਰਾ ਬਦਲ ਗਿਆ। ਹਵਾਲਾਤੀ ਖਾਸ ਬੰਦੇ ਹਨ, ਵੀæਆਈæਪੀæ। ਅਗਲੇ ਦਿਨ ਖਬਰਾਂ ਛਪ ਗਈਆਂ। ਲੰਕਾ ਸਰਕਾਰ ਖੁਸ਼ ਹੋ ਕੇ ਤਿਆਰੀਆਂ ਕਰਨ ਲੱਗੀ ਕਿ ਮੁਜਰਮਾਂ ਨੂੰ ਹਥਕੜੀਆਂ ਜੜ ਕੇ ਲਿਆਵਾਂਗੇ, ਗ੍ਰੋਹ ਦਾ ਚੀਫ ਫੜਿਆ ਗਿਆ। ਲੰਕਾ ਦੇ ਤਮਿਲ ਉਦਾਸ ਹੋਏ, ਸਰਕਾਰ ਨੇ ਐਲਾਨ ਕੀਤਾ ਕਿ ਤਮਿਲਨਾਡੂ ਦੀ ਪੁਲਿਸ ਨੂੰ ਇਨਾਮ ਵਜੋਂ ਦਸ ਲੱਖ ਰੁਪਿਆ ਦਿਆਂਗੇ।
ਪ੍ਰਭਾਕਰਨ ਦੇ ਪਿਤਾ ਨੂੰ ਬੇਟੇ ਦੀ ਗ੍ਰਿਫਤਾਰੀ ਪਤਾ ਲੱਗੀ। ਤੁਰੰਤ ਜਾਫਨਾ ਦਾ ਮਹਿੰਗਾ ਵਕੀਲ ਜਹਾਜ਼ ਰਾਹੀਂ ਤਮਿਲਨਾਡੂ ਭੇਜਿਆ। ਪ੍ਰਭਾਕਰਨ ਦੇ ਸੈਨਿਕ ਵਿਉਂਤਾਂ ਬਣਾਉਣ ਲੱਗੇ-ਜਿੰਨੀਆਂ ਮਰਜ਼ੀ ਮੌਤਾਂ ਹੋ ਜਾਣ, ਪ੍ਰਭਾਕਰਨ ਨੂੰ ਛੁਡਾਉਣਾ ਹੈ, ਲੰਕਾ ਨਹੀਂ ਆਉਣ ਦਿਆਂਗੇ। ਹੋਰ ਕੁਝ ਵੀ ਨਾ ਹੋਇਆ, ਵੱਡੀ ਗਿਣਤੀ ਵਿਚ ਖੁਦਕਸ਼ੀਆਂ ਕਰਾਂਗੇ।
ਤਮਿਲਨਾਡੂ ਵਿਚ ਲਿਟੇ ਦਾ ਹਮਦਰਦ ਹੰਢਿਆ ਹੋਇਆ ਸਿਆਸਤਦਾਨ ਬੈਠਾ ਸੀ, ਪੀæ ਨੇਡੂਮਰਾਨ ਜੋ ਇੰਦਰਾ ਕਾਂਗਰਸ ਦਾ ਤਮਿਲਨਾਡੂ ਪ੍ਰਧਾਨ ਰਹਿ ਚੁੱਕਾ ਸੀ। ਹੁਣ ਉਸ ਨੇ ਆਪਣੀ ਪਾਰਟੀ ਬਣਾ ਰੱਖੀ ਸੀ, ਤਮਿਲਨਾਡੂ ਕਾਮਰਾਜ ਕਾਂਗਰਸ ਜੋ ਲੰਕਾ ਦੇ ਤਮਿਲਾਂ ਦੀ ਹਮਦਰਦ ਸੀ। 1980 ਵਿਚ ਤਮਿਲਨਾਡੂ ਅਸੈਂਬਲੀ ਵਿਚ ਉਹ ਅਤੇ ਉਸ ਦੀ ਪਾਰਟੀ ਦੇ ਦੋ ਹੋਰ ਬੰਦੇ ਵਿਧਾਇਕ ਚੁਣੇ ਗਏ ਸਨ। ਤਿੰਨਾਂ ਨੂੰ ਮਦਰਾਸ ਐਮæਐਲ਼ਏæ ਹੋਸਟਲ ਵਿਚ ਤਿੰਨ ਕਮਰੇ ਮਿਲੇ ਹੋਏ ਸਨ। ਇਨ੍ਹਾਂ ਵਿਚ ਇਕ ਕਮਰਾ ਹੈ ਈ ਲਿਟੇ ਵਾਸਤੇ ਸੀ। ਪ੍ਰਭਾਕਰਨ ਇਥੇ ਰਹਿੰਦਾ ਵੀ ਰਿਹਾ ਸੀ, ਪਰ ਹੁਣ ਨੇਡੂਮਰਾਨ ਨੂੰ ਉਸ ਦੀ ਸ਼ਕਲ ਯਾਦ ਨਹੀਂ ਸੀ। ਨੇਡੂਮਰਾਨ ਉਸ ਨੂੰ ਜੇਲ੍ਹ ਵਿਚ ਮਿਲਿਆ ਤੇ ਪਿਆਰ ਨਾਲ ਮਿੱਠੀ ਜਿਹੀ ਝਾੜ ਪਾਈ ਕਿ ਬਿਗਾਨੇ ਦੇਸ ਵਿਚ ਇਉਂ ਨ੍ਹੀਂ ਸੀ ਉਲਝਣਾ ਚਾਹੀਦਾ ਗੈਂਗਵਾਰ ਵਿਚ। ਅਸੀਂ ਤੁਹਾਡੇ ਹਮਦਰਦ ਹਾਂ, ਤੁਸੀਂ ਆਪਸ ਵਿਚ ਲੜੀ ਜਾਨੇ ਓ।
ਨੇਡੂਮਰਾਨ ਨੇ ਕਾਂਗਰਸ ਪਾਰਟੀ ਦੀ ਮੀਟਿੰਗ ਬੁਲਾ ਕੇ ਫੈਸਲਾ ਕਰਵਾ ਲਿਆ ਕਿ ਇੰਦਰਾ ਗਾਂਧੀ ਨੂੰ ਮਨਾਈਏ, ਪ੍ਰਭਾਕਰਨ ਲੰਕਾ ਸਰਕਾਰ ਦੇ ਸਪੁਰਦ ਨਹੀਂ ਕਰਨਾ। ਸਾਬਕਾ ਮੁਖ ਮੰਤਰੀ ਕਰੁਨਾਨਿਧੀ ਨੇ ਕਿਹਾ- ਜੇ ਇਹ ਦੋ ਕੈਦੀ ਲੰਕਾ ਹਵਾਲੇ ਕਰ ਦਿੱਤੇ, ਇਨ੍ਹਾਂ ਨੂੰ ਫਾਂਸੀ ਦੇ ਦੇਣਗੇ। ਤਮਿਲਨਾਡੂ ਦੇ ਲੋਕ ਰੈਲੀਆਂ ਕਰਨ ਲੱਗੇ ਕਿ ਪ੍ਰਭਾਕਰਨ ਨੂੰ ਰਿਹਾਅ ਕਰੋ।
ਜਨਵਰੀ 1980 ਵਿਚ ਇੰਦਰਾ ਗਾਂਧੀ ਜਨਤਾ ਪਾਰਟੀ ਨੂੰ ਹਰਾ ਕੇ ਭਾਰੀ ਬਹੁਮਤ ਨਾਲ ਪ੍ਰਧਾਨ ਮੰਤਰੀ ਬਣੀ ਸੀ। ਉਹ ਰੂਸ ਪੱਖੀ ਸੀ, ਪਰ ਸ੍ਰੀ ਲੰਕਾ ਦਾ ਪ੍ਰਧਾਨ ਮੰਤਰੀ ਜੈਵਰਧਨੇ ਅਮਰੀਕਾ ਪੱਖੀ ਸੀ ਜਿਸ ਨੇ ਤਮਿਲਨਾਡੂ ਵਿਚ ਚੋਣਾਂ ਦੌਰਾਨ ਇੰਦਰਾ ਦੇ ਵਿਰੋਧੀਆਂ ਦੀ ਮਦਦ ਕੀਤੀ ਸੀ। ਇਕ ਦਿਨ ‘ਰਾਅ’ (ਭਾਰਤ ਦੀ ਖੁਫੀਆ ਏਜੰਸੀ) ਦੇ ਦੋ ਅਫਸਰ ਜੇਲ੍ਹ ਵਿਚ ਪ੍ਰਭਾਕਰਨ ਨੂੰ ਮਿਲਣ ਗਏ ਤੇ ਉਸ ਦੀਆਂ ਯੋਜਨਾਵਾਂ ਬਾਰੇ ਪੁੱਛਣ ਲੱਗੇ। ਅਫਸਰਾਂ ਨੇ ਪ੍ਰਭਾਕਰਨ ਅਤੇ ਉਸ ਦੇ ਬੰਦੀ ਸਾਥੀ ਰਾਘਵਨ ਨੂੰ ਕਿਹਾ ਕਿ ਨੇਵੀ ਬੇਸ ਵਾਸਤੇ ਭਾਰਤ ਨੂੰ ਤੁਹਾਡੀ ਮਦਦ ਦੀ ਲੋੜ ਹੈ, ਇਕ ਦੂਜੇ ਦੇ ਸਹਾਈ ਕਿਉਂ ਨਾ ਬਣੀਏ? ਉਹ ਪ੍ਰਭਾਕਰਨ ਨੂੰ ਜ਼ਮਾਨਤ ‘ਤੇ ਛੁਡਾ ਕੇ ਲੈ ਗਏ। ਪ੍ਰਭਾਕਰਨ ਨੂੰ ਕਿਹਾ ਗਿਆ ਕਿ ਮਦੁਰਾਇ ਟਿਕਾਣਾ ਕਰੇ। ਉਹ 27 ਸਾਲ ਦਾ ਹੋ ਗਿਆ ਸੀ ਤੇ ਇਕ ਦਹਾਕੇ ਤੋਂ ਗਤੀਸ਼ੀਲ ਸੀ। ਮਦੁਰਾਇ ਉਸ ਦਾ ਦੇਖਿਆ-ਭਾਲਿਆ ਵਾਕਫ ਹਿੰਦੂ ਤਮਿਲਾਂ ਦਾ ਸ਼ਹਿਰ ਸੀ। ਇਥੇ ਹੀ ਪੇਂਟਰ ਤੋਂ ਉਸ ਨੇ ਲਿਟੇ ਦਾ ਨਿਸ਼ਾਨ ਚੀਤਾ ਬਣਵਾਇਆ ਸੀ। ਇਥੇ ਉਹ ਨੇਡੂਮਰਾਨ ਦੇ ਘਰ ਰਿਹਾ, ਅਹਿਤਿਆਤ ਵਜੋਂ ਨੇਡੂਮਰਾਨ ਨੂੰ ਹੋਰ ਸੁਰੱਖਿਆ ਕਰਮੀ ਦੇ ਦਿੱਤੇ।
ਇਕ ਦਿਨ ਪ੍ਰਭਾਕਰਨ ਨੇ ਦੇਖਿਆ, ਇਕ ਸਿਪਾਹੀ ਉਸ ਦੇ ਕਮਰੇ ਵਿਚ ਅਟੈਚੀਕੇਸ ਦੀ ਫੋਲਾਫਾਲੀ ਕਰ ਰਿਹਾ ਹੈ। ਸਿਪਾਹੀ ਨੇ ਅਖਬਾਰ ਦੀ ਖਬਰ ਪੜ੍ਹ ਕੇ ਪੁੱਛਿਆ- ਤੈਨੂੰ ਪਤੈ, ਇਹ ਕਾਤਲ ਤੇ ਡਾਕੂ ਕੌਣ ਹੈ? ਪ੍ਰਭਾਕਰਨ ਨੂੰ ਗੁੱਸਾ ਚੜ੍ਹ ਗਿਆ, ਉਸ ਨੇ ਗਰਜਦਿਆਂ ਕਿਹਾ-ਮੈਂ ਹਾਂ, ਮੈਂ ਹਾਂ ਇਹ, ਦੱਸ ਕੀ ਕਰਨੈ ਤੂੰ ਮੇਰਾ? ਸਿਪਾਹੀ ਸੁੰਨ ਹੋ ਗਿਆ, ਭੱਜ ਕੇ ਦੂਜੇ ਕਮਰੇ ਵਿਚ ਨੇਡੂਮਰਾਨ ਨੂੰ ਕਹਿਣ ਲੱਗਾ, ਹਜ਼ੂਰ ਤੁਹਾਨੂੰ ਪਤੈ, ਤੁਹਾਡੇ ਘਰ ਖਤਰਨਾਕ ਕਾਤਲ ਡਾਕੂ ਰਹਿ ਰਿਹੈ? ਨਾਲ ਹੀ ਪ੍ਰਭਾਕਰਨ ਪੁੱਜ ਗਿਆ ਤੇ ਕਿਹਾ, ਇਸ ਨੂੰ ਤਲਾਸ਼ੀ ਕਰਨ ਦਾ ਹੁਕਮ ਕਿਥੋਂ ਮਿਲਿਆ, ਪਤਾ ਕਰੋ। ਨੇਡੂਮਰਾਨ ਨੇ ਪੁਲਿਸ ਚੀਫ ਨੂੰ ਫੋਨ ਖੜਕਾ ਦਿੱਤਾ। ਸਿਪਾਹੀ ਦੀ ਬਦਲੀ ਹੋ ਗਈ ਤੇ ਪੁਲਿਸ ਨੇ ਮੁੜ ਇਧਰ ਝਾਕਣ ਦੀ ਹਿੰਮਤ ਨਹੀਂ ਕੀਤੀ। ਭਾਰਤੀ ਪੁਲਿਸ ਸਿਆਸਤ ਅੱਗੇ ਕਿੰਨੀ ਲਾਚਾਰ ਹੈ, ਉਸ ਦੀ ਇਕ ਮਿਸਾਲ ਇਹ ਵੀ ਹੈ।
ਗਰੁੱਪ ਦੇ ਬੰਦੇ ਪ੍ਰਭਾਕਰਨ ਨੂੰ ਮਿਲਣ ਆਉਂਦੇ ਜਾਂਦੇ। ਇਕ ਦਿਨ ਨੇਡੂਮਰਾਨ ਨੇ ਪੁੱਛਿਆ, ਤੇਰੇ ਚੇਲਿਆਂ ਦੀਆਂ ਸ਼ਕਲਾਂ ਤੋਂ ਇਉਂ ਲਗਦੈ, ਜਿਵੇਂ ਰੱਜਵੀਂ ਰੋਟੀ ਨਾ ਮਿਲਦੀ ਹੋਵੇ। ਪ੍ਰਭਾਕਰਨ ਨੇ ਕਿਹਾ, ਇਹ ਅੱਠ ਪਹਿਰ ਵਿਚ ਇਕ ਵਾਰ ਖਾਣਾ ਖਾਂਦੇ ਨੇ। ਅਸੀਂ ਅਮੀਰ ਨਹੀਂ ਹਾਂ। ਜੇ ਜੇਬ ਵਿਚ ਫਾਲਤੂ ਪੈਸੇ ਹੋਣ, ਤਾਂ ਵੀ ਦੂਜੀ ਵਾਰ ਖਾਣਾ ਨਹੀਂ ਖਾਂਦੇ। ਆਦਤਾਂ ਵਿਗਾੜਨੀਆਂ ਥੋੜ੍ਹਾ ਨੇ। ਪ੍ਰਭਾਕਰਨ ਨੇਡੂ ਦੇ ਬੱਚਿਆਂ ਨਾਲ ਕੈਰਮ ਵੀ ਖੇਡਦਾ ਤੇ ਤਮਿਲ ਬਹਾਦਰਾਂ ਦੇ ਕਿੱਸੇ ਵੀ ਸੁਣਾਉਂਦਾ। ਇਕ ਦਿਨ ਨੇਡੂ ਦੇ ਬੇਟੇ ਨੇ ਕਿਹਾ, ਮੈਂ ਵੀ ਲਿਟੇ ਵਿਚ ਭਰਤੀ ਹੋਵਾਂਗਾ। ਪ੍ਰਭਾਕਰਨ ਹੱਸ ਪਿਆ, ਨਹੀਂ ਕਾਕੇ, ਤੁਸੀਂ ਪੜ੍ਹੋ ਲਿਖੋ। ਲੜਨ ਵਾਸਤੇ ਅਸੀਂ ਹਾਂ ਬਥੇਰੇ।
ਪ੍ਰਭਾਕਰਨ ਹੈਰਾਨੀ ਨਾਲ ਦੇਖਦਾ ਰਹਿੰਦਾ, ਭਾਰਤੀ ਤੇ ਲੰਕਾ ਦੇ ਲੀਡਰਾਂ ਦਾ ਕਿਵੇਂ ਆਦਰ ਮਾਣ ਹੁੰਦਾ ਹੈ, ਚੋਣ ਟਿਕਟ ਮਿਲ ਗਈ ਤਾਂ ਥਾਂ-ਥਾਂ ਸਵਾਗਤ। ਝੰਡੀਆਂ, ਹਾਰ, ਪੈਸੇ। ਇਸ ਬੰਦੇ ਦਾ ਪਿਛੋਕੜ ਕੀ ਹੈ, ਕੋਈ ਨਹੀਂ ਪੁੱਛਦਾ। ਸਾਡੀ ਲਿਟੇ ਦੇ ਸਿਪਾਹੀਆਂ ਦਾ ਕੋਈ ਸਨਮਾਨ ਨਹੀਂ ਕਰਦਾ। ਹਾਰ ਉਦੋਂ ਪਾਉਂਦੇ ਨੇ, ਜਦੋਂ ਸ਼ਹੀਦ ਹੋ ਜਾਂਦੇ ਨੇ।
ਤਮਿਲਨਾਡੂ ਵਿਚ ਤਿੰਨ ਕੋਠੀਆਂ ਮਿਲੀਆਂ ਹੋਈਆਂ ਸਨ ਜਿਥੇ ਉਸ ਦੇ ਸਿਪਾਹੀ ਰਹਿੰਦੇ। ਟ੍ਰੇਨਿੰਗ ਲਈ ਇਕ ਪਾਸੇ ਗਰਾਊਂਡ ਸੀ। ਭਾਰਤ ਵਿਚਲਾ ਇਹ ਉਸ ਦਾ ਸਭ ਤੋਂ ਸੁਰੱਖਿਅਤ ਅੱਡਾ ਸੀ। ਜਾਫਨਾ ਵਿਚ ਦੋ ਲਿਟੇ ਸਿਪਾਹੀ ਕਤਲ ਹੋ ਗਏ। ਸ਼ੱਕ ਉਮਾ ਉਪਰ ਗਿਆ। ਪ੍ਰਭਾਕਰਨ ਨੇ ਫੈਸਲਾ ਕਰ ਲਿਆ ਸੀ ਖਾਨਾਜੰਗੀ ਠੀਕ ਨਹੀਂ, ਪਰ ਉਮਾ ਹੱਦਾਂ ਟੱਪ ਰਿਹਾ ਸੀ, ਇਲਾਜ ਕਰਨਾ ਪਵੇਗਾ।
ਉਮਾ ਮਦਰਾਸ ਵਿਚ ਸੀ। ਇਕ ਸਾਂਝੇ ਮਿੱਤਰ ਨੇ ਦੋਹਾਂ ਦੀ ਮੀਟਿੰਗ ਕਰਵਾਈ। ਪ੍ਰਭਾਕਰਨ ਦੋ ਅੰਗ ਰੱਖਿਅਕ ਲੈ ਕੇ ਗਿਆ, ਉਮਾ ਨਾਲ ਹੱਥ ਨਹੀਂ ਮਿਲਾਇਆ। ਇੰਨਾ ਕਿਹਾ, ਲਿਟੇ ਨਾਲ ਕੋਈ ਸਬੰਧ ਨ੍ਹੀਂ ਤੇਰਾ। ਮੈਂ ਤੈਨੂੰ ਸਾਡੇ ਬਰਾਬਰ ਹੋਰ ਜਥੇਬੰਦੀ ਖੜ੍ਹੀ ਨਹੀਂ ਕਰਨ ਦਿਆਂਗਾ। ਮੇਰੀ ਗੱਲ ਦੀ ਉਲੰਘਣਾ ਦਾ ਮਤਲਬ ਹੈ ਮੌਤ।
ਹਰ ਮਹੀਨੇ ਮਦਰਾਸ ਪੇਸ਼ੀ ਭੁਗਤਣ ਜਾਣਾ ਪੈਂਦਾ। ਇਕ ਦਿਨ ਉਸ ਨੇ ਨੇਡੂਮਰਾਨ ਨੂੰ ਪੁੱਛਿਆ, ਮੇਰਾ ਕੰਮ ਤਾਂ ਜਾਫਨਾ ਵਿਚ ਹੈ, ਇਥੇ ਬੈਠਾ ਕੀ ਕਰਦਾਂ? ਜੇ ਮੈਂ ਭੱਜ ਜਾਵਾਂ, ਤੁਸੀਂ ਬੁਰਾ ਤਾਂ ਨਹੀਂ ਮਨਾਉਗੇ? ਤੁਹਾਡੀ ਬਦਨਾਮੀ ਤਾਂ ਨਹੀਂ ਹੋਏਗੀ? ਨੇਤਾ ਨੇ ਕਿਹਾ, ਮੇਰੀ ਪ੍ਰਵਾਹ ਨਾ ਕਰ। ਆਪਣੀ ਜਥੇਬੰਦੀ, ਆਪਣੀ ਕੌਮ ਲਈ ਜੋ ਕਰਨੈ, ਕਰ। ਜਿਥੇ ਮਰਜ਼ੀ ਕਰ। ਦਸੰਬਰ 1982 ਜਦੋਂ ਉਹ ਮਦਰਾਸ ਪੇਸ਼ੀ ਉਪਰ ਗਿਆ, ਰਾਹ ਵਿਚ ਗੁੰਮ ਹੋ ਗਿਆ। ਪੁਲਿਸ ਨੇ ਪਾਂਡੀਚਰੀ, ਬੰਗਲੌਰ ਕੁਝ ਸ਼ਹਿਰਾਂ ਵਿਚ ਉਸ ਨੂੰ ਲੱਭਣ ਦੇ ਯਤਨ ਕੀਤੇ, ਫਿਰ ਆਪਣੀ ਕਾਰਵਾਈ ਦਾ ਲਫਜ਼ ‘ਲਾਪਤਾ’ ਲਿਖ ਕੇ ਰਿਕਾਰਡ ਬੰਦ ਕਰ ਦਿੱਤਾ।