ਵੈਨਕੂਵਰ ਦੀ ਟੈਕਸੀ ਸਨਅਤ

ਕੈਨੇਡਾ ਵੱਸਦੇ ਨੌਜਵਾਨ ਲੇਖਕ ਹਰਪ੍ਰੀਤ ਸੇਖਾ ਨੇ ‘ਟੈਕਸੀਨਾਮਾ’ ਦੀ ਆਖਰੀ ਕਿਸ਼ਤ ਵਿਚ ਵੈਨਕੂਵਰ ਦੀ ਟੈਕਸੀ ਸਨਅਤ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਹੈ। ਇਸ ਤੋਂ ਟੈਕਸੀ ਸਨਅਤ ਅਤੇ ਡਰਾਈਵਰਾਂ ਦੇ ਪਿਛੋਕੜ ਦੀਆਂ ਝਾਤੀਆਂ ਪੈਂਦੀਆਂ ਹਨ। ਹਰਪ੍ਰੀਤ ਸੇਖਾ ਬੁਨਿਆਦੀ ਰੂਪ ਵਿਚ ਕਹਾਣੀਕਾਰ ਹੈ। ਉਹਦੇ ਦੋ ਕਹਾਣੀ ਸੰਗ੍ਰਹਿ ‘ਬੀ ਜੀ ਮੁਸਕਰਾ ਪਏ’ ਅਤੇ ‘ਬਾਰਾਂ ਬੂਹੇ’ ਛਪ ਚੁੱਕੇ ਹਨ।

‘ਟੈਕਸੀਨਾਮਾ’ ਉਹਦੀ ਨਿਵੇਕਲੀ ਰਚਨਾ ਹੈ ਜਿਸ ਵਿਚ ਉਹਨੇ ਟੈਕਸੀ ਚਲਾਉਣ ਵਾਲਿਆਂ ਦੇ ਕਿੱਤੇ ਅਤੇ ਮਨਾਂ ਅੰਦਰ ਝਾਤੀ ਮਾਰੀ ਹੈ। -ਸੰਪਾਦਕ

ਹਰਪ੍ਰੀਤ ਸਿੰਘ ਸੇਖਾ
ਫੋਨ: 778-231-1189
ਭਾਵੇਂ ਨਵੇਂ ਸਾਲ ਦੀ ਸ਼ਾਮ ਹੋਵੇ, ਜਦੋਂ ਬਾਕੀ ਦੁਨੀਆਂ ਨਵੇਂ ਸਾਲ ਦੀ ਆਮਦ ਨੂੰ ਜੀਅ ਆਇਆਂ ਕਹਿਣ ਲਈ ਨੱਚ-ਗਾ ਰਹੀ ਹੋਵੇ ਜਾਂ ਬਰਫ਼ਾਨੀ ਦਿਨ ਹੋਵੇ, ਜਦੋਂ ਲੋਕ ਆਪਣੀ ਕਾਰ ਚਲਾਉਣੋਂ ਡਰਦੇ ਹਨ; ਟੈਕਸੀ ਹਮੇਸ਼ਾ ਹਾਜ਼ਰ ਹੁੰਦੀ ਹੈ। ਰਾਤ ਦੇ ਇੱਕ ਵਜੇ ਭਾਵੇਂ ਕੋਈ ਸ਼ਰਾਬੀ ਹੋਵੇ ਤੇ ਭਾਵੇਂ ਸਵੇਰ ਦੇ ਚਾਰ ਵਜੇ ਭਾਰੇ ਸਮਾਨ ਨਾਲ ਲੱਦਿਆ ਕੋਈ ਯਾਤਰੀ; ਉਡੀਕ ਦਾ ਸਮਾਂ ਥੋੜ੍ਹਾ ਬਹੁਤਾ ਵਧ-ਘਟ ਸਕਦਾ ਹੈ ਪਰ ਟੈਕਸੀ ਮਿਲ ਜਾਂਦੀ ਹੈ। ਟੈਕਸੀ ਡਰਾਈਵਰ ਜਗਰਾਤੇ ਝੱਲਦੇ, ਬਰਫਾਂ ਟੈਕਸੀ ਦੇ ਟਾਇਰਾਂ ਥੱਲੇ ਦਰੜਦੇ, ਲੋੜਵੰਦਾਂ ਨੂੰ ਉਨ੍ਹਾਂ ਦੀਆਂ ਥਾਂਵਾਂ ‘ਤੇ ਸੁਰੱਖਿਅਤ ਪਹੁੰਚਾ ਦਿੰਦੇ ਹਨ। ਵੈਨਕੂਵਰ ਵਿਚ ਟੈਕਸੀ ਦੀਆਂ ਸੇਵਾਵਾਂ ਪਿਛਲੀ ਸਦੀ ਦੇ ਮੁੱਢ ਵਿਚ ਹੀ ਸ਼ੁਰੂ ਹੋ ਗਈਆਂ ਸਨ। ਅੱਜ ਟੈਕਸੀ ਵੱਡੀ ਸਨਅਤ ਹੈ ਅਤੇ ਟੈਕਸੀ ਖਰੀਦਣ ਲਈ ਵੱਡੀ ਰਾਸ਼ੀ ਦਾ ਨਿਵੇਸ਼ ਕਰਨਾ ਪੈਂਦਾ ਹੈ।
000
ਚਾਰਲਸ ਹੈਰੀ ਹੂਪਰ 1903 ਵਿਚ ਦੋ ਸਲੰਡਰ ਕਾਰ ਨਾਲ ਵੈਨਕੂਵਰ ਦਾ ਪਹਿਲਾ ਟੈਕਸੀ ਡਰਾਈਵਰ ਬਣਿਆ। ਸੱਤ ਸਾਲ ਬਾਅਦ ਉਸ ਨੇ ਵੈਨਕੂਵਰ ਦੀ ਪਹਿਲੀ ਟੈਕਸੀ ਕੰਪਨੀ ‘ਹੈਰੀ ਹੂਪਰ ਲਿਮਿਟਡ’ ਸ਼ੁਰੂ ਕੀਤੀ। 1911 ਵਿਚ ਡੋਨਲਡ ਸੀæ ਮੈਕਲੋਅਰ ਨੇ ‘ਮੈਕਲੋਅਰਜ਼ ਕੈਬਸ’ ਕੰਪਨੀ ਸ਼ੁਰੂ ਕਰ ਲਈ। ਵੈਨਕੂਵਰ ਦੀ ਅੱਜ ਸਭ ਤੋਂ ਵੱਡੀ ਟੈਕਸੀ ਕੰਪਨੀ ‘ਯੈਲੋ ਕੈਬ’ ਨੇ 1920 ਵਿਚ ਇੱਕ ਕਾਰ ਨਾਲ ਕੰਮ ਸ਼ੁਰੂ ਕੀਤਾ ਸੀ। ਇਸ ਕਾਰ ਦਾ ਮਾਲਕ ਰੌਏ ਲੌਂਗ ਵਕੀਲ ਸੀ। 1930 ਵਿਚ ਬੀ ਸੀ ਇਲੈਕਟ੍ਰਿਕ ਨਅੇ ਇਹ ਕੰਪਨੀ ਖਰੀਦ ਲਈ। ਬੀ ਸੀ ਇਲੈਕਟ੍ਰਿਕ ਉਸ ਵੇਲੇ ‘ਟਰਮੀਨਲ ਸਿਟੀ ਕੈਬਸ’ ਚਲਾ ਰਹੀ ਸੀ। 1947 ਵਿਚ 31 ਕਾਰਾਂ ਵਾਲੀ ‘ਯੈਲੋ’ ਵਾਲਟਰ ਪੀæ ਰੈਡਫੋਰਡ ਨੂੰ ਵੇਚ ਦਿੱਤੀ ਗਈ ਜਿਹੜਾ ਉਸ ਵੇਲੇ ਏਡੀ ਹੀ ਕੰਪਨੀ ‘ਸਟਾਰ ਕੈਬਸ’ ਦਾ ਮਾਲਕ ਸੀ। ਸੱਤ ਸਾਲਾਂ ਦੀ ਗੱਲ-ਬਾਤ ਤੋਂ ਬਾਅਦ ਫਰਵਰੀ 1958 ਵਿਚ ਯੈਲੋ, ਸਟਾਰ ਅਤੇ ਚੈਕਰਸ ਕੈਬ ਦੇ 110 ਮਾਲਕਾਂ/ਡਰਾਈਵਰਾਂ ਨੇ ਰਲ ਕੇ 85 ਕਾਰਾਂ ਵਾਲੀ ‘ਯੈਲੋ ਕੈਬਸ ਕੰਪਨੀ’ ਬਣਾਈ। ਯੈਲੋ ਕੈਬਸ ਨੇ 1977 ਵਿਚ ‘ਫੋਰਮ ਇੰਪਰੈੱਸ ਟੈਕਸੀ’ ਆਪਣੇ ਵਿਚ ਰਲੀ ਲਈ। ‘ਫੋਰਮ ਇੰਪਰੈੱਸ’ ਦੀਆਂ ਦਸ ਟੈਕਸੀਆਂ ਅਤੇ ਨੌਂ ਹੋਰ ਟੈਕਸੀ ਮਾਲਕਾਂ ਨੇ ਰਲ ਕੇ 1964 ਵਿਚ ‘ਗਰੈਂਡਵਿਊ ਫੋਰਮ ਇੰਪਰੈੱਸ ਐਂਡ ਹੇਸਟਿੰਗਸ’ ਦਾ ਸਮੂਹ ਬਣਾ ਲਿਆ ਸੀ। 1997 ਵਿਚ ਐਡਵਾਂਸ ਕੈਬਸ ਵੀ ਯੈਲੋ ਕੈਬਸ ਵਿਚ ਰਲ ਗਈ। ਵੈਨਕੂਵਰ ਦੀ ਦੂਜੀ ਵੱਡੀ ਟੈਕਸੀ ਕੰਪਨੀ ‘ਬਲੈਕ ਟੌਪ’ 1947 ਵਿਚ ਹੋਂਦ ‘ਚ ਆਈ। ਇਸ ਨੂੰ ਸੱਤ ਸਾਬਕਾ ਫੋਜੀਆਂ (ਵਾਰ ਵੈਟਰਨ) ਨੇ ਰਲ ਕੇ ਬਣਾਇਆ। ਉਨ੍ਹਾਂ ਕੋਲ ਇੱਕ-ਇੱਕ ਕਾਰ ਸੀ। ਇਸ ਵਿਚ ਰੇਡੀਓ ਡਿਸਪੈਚ ਸਿਸਟਮ ਹੋਣ ਕਰ ਕੇ ਇਹ ਮਸ਼ਹੂਰ ਹੋ ਗਈ। 1960 ਤੱਕ ਇਸ ਕੰਪਨੀ ਦੀਆਂ 60 ਕਾਰਾਂ ਹੋ ਗਈਆਂ। ਬਲੂ ਕੈਬਸ ਦੀਆਂ 48 ਟੈਕਸੀਆਂ ਦੇ ਰਲਣ ਨਾਲ ਇਹ ਉਨ੍ਹਾਂ ਦਿਨਾਂ ਵਿਚ ਪੱਛਮੀ ਕੈਨੇਡਾ ਦੀ ਸਭ ਤੋਂ ਵੱਡੀ ਟੈਕਸੀ ਕੰਪਨੀ ਬਣ ਗਈ। ਬਲੂ ਕੈਬ 1935 ਵਿਚ ਏ ਪਾਸ਼ੋਸ ਨੇ ਸ਼ੁਰੂ ਕੀਤੀ ਸੀ।
ਫਰੇਜ਼ਰ ਦਰਿਆ ਦੇ ਦੂਜੇ ਪਾਸੇ ਵ੍ਹਾਈਟ ਰੌਕ ਵਿਚ ਜੌਰਜ ਹਕਿੱਨ ਮੈਕਲਾਗਲਿਨ ਟੈਕਸੀ ਚਲਾਉਂਦਾ ਸੀ। ਉਸ ਕੋਲ ਬਿਊਕ ਕਾਰ ਸੀ। ਇਸ ਉਪਰ 1915 ਦੀ ਲਾਇਸੈਂਸ ਪਲੇਟ ਲੱਗੀ ਹੈ। ਇਹ ਵ੍ਹਾਈਟ ਰੌਕ ਦੀ ਪਹਿਲੀ ਟੈਕਸੀ ਸੀ। 1920 ਵਿਚ ਇੱਡ ਡੂਪਰਜ਼ ਗਰਮੀਆਂ ਦੇ ਦਿਨਾਂ ਵਿਚ ਟੈਕਸੀ ਚਲਾਉਂਦਾ ਸੀ। ਇਸ ਸ਼ਹਿਰ ਵਿਚ ਦੂਜੇ ਸੰਸਾਰ ਯੁੱਧ ਤੋਂ ਥੋੜ੍ਹਾ ਪਹਿਲਾਂ ਹੀ ਪੂਰੀ ਤਰ੍ਹਾਂ ਟੈਕਸੀ ਦੀਆਂ ਸੇਵਾਵਾਂ ਸ਼ੁਰੂ ਹੋਈਆਂ। ਸਿਡ ਸੀਬਰੁੱਕ , ਸੀਬਰੁੱਕ ਕੈਫ਼ੇ ਤੋਂ ਸੀਬਰੁੱਕ ਟੈਕਸੀ ਚਲਾਉਂਦਾ ਸੀ। ਬਾਅਦ ਵਿਚ ਇਸ ਕੈਫ਼ੇ ਦਾ ਨਾਂ ਜੌਹਨੀਜ਼ ਕੈਫ਼ੇ ਬਣ ਗਿਆ। ਇਹ ਆਰਮੀ ਐਂਡ ਨੇਵੀ ਕਲੱਬ ਦੇ ਪੱਛਮ ਵਿਚ ਸੀ। ਰਿਗ ਟੇਲਰ ਅਤੇ ਜੇ ਡੀ ਮੈਕਮਿਲਨ ‘ਟੇਲਰਸ ਟੈਕਸੀ’ ਚਲਾਉਂਦੇ ਸਨ। ਉਨ੍ਹਾਂ ਦਾ ਅੱਡਾ ਸੈਮੀਆਮੋ ਸਟੇਜ ਡੀਪੂ ਸੀ ਜਿਹੜਾ ਵ੍ਹਾਈਟ ਰੌਕ ਟਰੇਨ ਸਟੇਸ਼ਨ ਦੇ ਪੱਛਮ ਵਿਚ ਸੀ। ਬਿਲ ਮੋਫ਼ਟ ਵ੍ਹਾਈਟ ਰੌਕ ਦੇ ਪੂਰਬੀ ਹਿੱਸੇ ‘ਚ ਬਣੇ ਪਾਰਕ ਕੈਫ਼ੇ ਤੋਂ ‘ਵ੍ਹਾਈਟ ਰੌਕ ਟੈਕਸੀਜ਼’ ਚਲਾਉਂਦਾ ਸੀ। ਹਰਲਡ ਮਕੈਨਜ਼ੀ ਅਤੇ ਸਟੈਨ ਮੈਕਲਿਊਡ ਬੈਨਟਸ ਕੈਫ਼ੇ ਤੋਂ ਟੈਕਸੀ ਚਲਾਉਂਦੇ ਸਨ। ਜੈਕ ਵ੍ਹਾਈਟ ਆਪਣੀ ਟੈਕਸੀ ਵ੍ਹਾਈਟਸ ਗਰੋਸਰੀ ਤੋਂ ਚਲਾਉਂਦਾ ਸੀ। ਇਨ੍ਹਾਂ ਡਰਾਈਵਰਾਂ ਦੀਆਂ ਆਪਣੀਆਂ ਕਾਰਾਂ ਸਨ ਤੇ ਇਨ੍ਹਾਂ ਨੂੰ ਨਗਰਪਾਲਿਕਾ ਨੇ ਆਪਣੇ-ਆਪਣੇ ਅੱਡੇ ਦਿੱਤੇ ਹੁੰਦੇ ਸਨ। ਉਹ ਉਸ ਅੱਡੇ ਤੋਂ ਹੀ ਕੰਮ ਕਰਦੇ। ਸਮੇਂ ਦੇ ਨਾਲ- ਨਾਲ ਇਨ੍ਹਾਂ ਡਰਾਈਵਰਾਂ ਨੇ ਇਕ-ਦੂਜੇ ਨਾਲ ਭਾਈਵਾਲੀ ਪਾਉਣੀ ਸ਼ੁਰੂ ਕਰ ਦਿੱਤੀ। ਉਹ ਇੱਕ-ਦੂਜੇ ਦੇ ਅੱਡੇ ਨੂੰ ਵਰਤਣ ਲਈ ਸੰਧੀ ਕਰ ਲੈਂਦੇ। ਫਿਰ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਕੋਈ ਟੈਕਸੀ ਵਾਲਾ ਦੂਜਿਆਂ ਨਾਲ ਗੁੱਸੇ ਹੋ ਜਾਂਦਾ ਤੇ ਉਹ ਆਪਣੇ ਨਾਲ ਹੋਰ ਭਾਈਬੰਦ ਰਲਾ ਲੈਂਦਾ ਤੇ ਉਹ ਆਪਣੀਆਂ ਟੈਕਸੀਆਂ ਕਿਸੇ ਹੋਰ ਨਾਲ ਰਲਾ ਲੈਂਦੇ। ਕੁਝ ਵੀ ਸਥਿਰ ਨਹੀਂ ਸੀ। ਜਿਸ ਕੰਪਨੀ ਨਾਲੋਂ ਉਹ ਪਾਸੇ ਹੋਏ ਹੁੰਦੇ, ਉਹ ਕੰਪਨੀ ਡਾਵਾਂਡੋਲ ਹੋ ਜਾਂਦੀ। ਸਥਿਰਤਾ ਲਿਆਉਣ ਲਈ ਟੈਕਸੀ ਕੰਪਨੀਆਂ ਬਣਨੀਆਂ ਜ਼ਰੂਰੀ ਸਨ। ਕੁਝ ਟੈਕਸੀ ਵਾਲਿਆਂ ਨੇ ਰਲ ਕੇ ਕੰਪਨੀ ਬਣਾ ਲੈਣੀ। ਉਨ੍ਹਾਂ ਆਪਣੇ ਲਾਇਸੈਂਸ ਕੰਪਨੀ ਦੇ ਨਾਂ ਕਰ ਦੇਣੇ ਅਤੇ ਕੰਪਨੀ ਨੇ ਉਨ੍ਹਾਂ ਨੂੰ ਹਿੱਸੇ ਦੇ ਦੇਣੇ। ਇਸ ਨਾਲ ਜੇ ਕੋਈ ਹਿੱਸੇਦਾਰ ਦੂਜਿਆਂ ਨਾਲ ਨਾਰਾਜ਼ ਹੋ ਜਾਂਦਾ ਤਾਂ ਉਹ ਆਪਣਾ ਹਿੱਸਾ ਵੇਚ ਕੇ ਕਿਸੇ ਹੋਰ ਕੰਪਨੀ ਕੋਲੋਂ ਖਰੀਦ ਸਕਦਾ ਸੀ, ਪਰ ਆਪਣੇ ਲਾਇਸੈਂਸ ਦੂਜੀ ਕੰਪਨੀ ਕੋਲ ਨਹੀਂ ਸੀ ਲਿਜਾ ਸਕਦਾ। ਇਉਂ ਟੈਕਸੀ ਕੰਪਨੀਆਂ ਹੋਂਦ ਵਿਚ ਆਉਣ ਲੱਗੀਆਂ। 1957 ਵਿਚ ਵ੍ਹਾਈਟ ਰੌਕ ਸ਼ਹਿਰ ਵਿਚ ਹੈਰਲਡ ਮਕੈਨਜ਼ੀ, ਬਿੱਲ ਮੌਫ਼ਟ, ਜੋਅ ਸ਼ੌਰਟਮੈਨ, ਜਿਮ ਤੇ ਵੀ ਫਰਗੂਸਨ ਅਤੇ ਵਿਲਫ਼ ਸਜ਼ੈਲੀ (ਸਡਅਲੀ) ਨੇ ਰਲ ਕੇ ‘ਵ੍ਹਾਈਟ ਰੌਕ ਰੇਡੀਓ ਕੈਬਸ’ ਕੰਪਨੀ ਬਣਾ ਲਈ। ਸਰੀ ਵਿਚ 1948 ਦੇ ਇੱਕ ਇਸ਼ਤਿਹਾਰ ਤੋਂ ਚਾਰ ਟੈਕਸੀ ਕੰਪਨੀਆਂ ਦਾ ਪਤਾ ਲੱਗਦਾ ਹੈ। ਇਸ ਸਨ: ਟਰੈਮ ਟੈਕਸੀ, ਕਨੈਡੀ ਟੈਕਸੀ, ਸਰੀ ਟੈਕਸੀ ਅਤੇ ਨਿਊਟਨ ਟੈਕਸੀ। ਇਸ ਦੌਰਾਨ ਮੈਟਰੋ ਵੈਨਕੂਵਰ ਦੇ ਹੋਰ ਸ਼ਹਿਰਾਂ ਵਿਚ ਵੀ ਟੈਕਸੀ ਕੰਪਨੀਆਂ ਹੋਂਦ ਵਿਚ ਆ ਗਈਆਂ ਸਨ; ਜਿਵੇਂ ਬਰਨਬੀ ਵਿਚ ਬੌਨੀਜ਼ ਟੈਕਸੀ, ਨਿਊਵੈਸਟਮਿਨਿਸਟਰ ਵਿਚ ਰੌਇਲ ਸਿਟੀ ਟੈਕਸੀ ਤੇ ਕੁਈਨ ਸਿਟੀ ਟੈਕਸੀ, ਕੁਕਿਟਲਮ ਵਿਚ ਬਿੱਲ-ਏਅਰ ਟੈਕਸੀ ਆਦਿ।
000
ਜਿਵੇਂ-ਜਿਵੇਂ ਆਬਾਦੀ ਵਧਦੀ ਗਈ, ਟੈਕਸੀਆਂ ਦੀ ਗਿਣਤੀ ਵੀ ਵਧਦੀ ਗਈ। 1999 ਵਿਚ ਮੈਟਰੋ ਵੈਨਕੂਵਰ ਇਲਾਕੇ ਵਿਚ 25 ਟੈਕਸੀ ਕੰਪਨੀਆਂ ਸਨ ਜਿਨ੍ਹਾਂ ਕੋਲ 1242 ਟੈਕਸੀਆਂ ਸਨ। ਸਾਲ 2010 ਤੱਕ ਟੈਕਸੀਆਂ ਦੀ ਗਿਣਤੀ 1519 ਹੋ ਗਈ। ਟੈਕਸੀਆਂ ਦੀ ਸੰਖਿਆ ਨੂੰ ਬੀ ਸੀ ਦਾ ਪੈਸਿੰਜਰ ਟਰਾਂਸਪੋਰਟ ਬੋਰਡ ਨਗਰ ਪਾਲਿਕਾ ਦੀ ਮਦਦ ਨਾਲ ਬਰਾਮਦ ਕਰਦਾ ਹੈ। ਵੈਨਕੂਵਰ ਵਿਚ ਵੀ ਉਤਰੀ ਅਮਰੀਕਾ ਦੇ ਹੋਰ ਸ਼ਹਿਰਾਂ ਵਾਂਗ ਟੈਕਸੀਆਂ ਦੀ ਗਿਣਤੀ ਨਿਯਮਬੱਧ ਕਰਨਾ 1930-40 ਵਿਆਂ ਵਿਚ ਸ਼ੁਰੂ ਹੋਇਆ। 1930 ਵਿਆਂ ਦੇ ਮੰਦਵਾੜੇ ਦੇ ਬੇਰੁਜ਼ਗਾਰਾਂ ਅਤੇ ਫਿਰ ਦੂਜੇ ਸੰਸਾਰ ਜੰਗ ਤੋਂ ਮੁੜੇ ਸੈਨਿਕਾਂ ਨੇ ਟੈਕਸੀਆਂ ਦਾ ਹੜ੍ਹ ਲਿਆ ਦਿੱਤਾ ਸੀ। ਟੈਕਸੀਆਂ ਦੀ ਬਹੁਤਾਤ ਹੋਣ ਕਾਰਨ ਨਿਯਮ ਬਣਾਏ ਗਏ, ਪਰ ਮਾਂਟਰੀਅਲ ਵਿਚ ਇਸ ਦੇ ਉਲਟ ਦੂਜੇ ਸੰਸਾਰ ਯੁੱਧ ਤੋਂ ਬਾਅਦ ਟੈਕਸੀਆਂ ਦੀ ਗਿਣਤੀ ਤੋਂ ਨਿਯਮ ਉਠਾ ਦਿੱਤੇ ਗਏ। ਜੇ ਇਹ ਨਿਯਮ ਨਾ ਹੋਣ ਤਾਂ ਟੈਕਸੀਆਂ ਦੀ ਗਿਣਤੀ ਵਧ ਜਾਵੇ ਅਤੇ ਡਰਾਈਵਰਾਂ ਦੀ ਕਮਾਈ ਬਹੁਤ ਘਟ ਜਾਵੇ। ਇਸੇ ਤਰ੍ਹਾਂ ਹੀ ਅਮਰੀਕਾ ਦੇ ਸ਼ਹਿਰ ਸਿਆਟਲ ਵਿਚ ਹੋਇਆ ਸੀ। 1979 ਵਿਚ ਸਿਆਟਲ ਅਤੇ ਕਿੰਗ ਕਾਉਂਟੀ ਨੇ ਟੈਕਸੀਆਂ ਲਈ ਮੰਡੀ ਖੁੱਲ੍ਹੀ ਕਰ ਦਿੱਤੀ। ਨਤੀਜੇ ਵਜੋਂ ਟੈਕਸੀਆਂ ਦੀ ਗਿਣਤੀ ਬਹੁਤ ਵਧ ਗਈ। ਇਸ ਨਾਲ ਗਾਹਕਾਂ ਲਈ ਉਡੀਕ ਦਾ ਸਮਾਂ ਤਾਂ ਬਹੁਤ ਘਟ ਗਿਆ, ਪਰ ਡਰਾਈਵਰਾਂ ਨੂੰ ਬਹੁਤ ਲੰਮੇ ਘੰਟੇ ਕੰਮ ਕਰਨਾ ਪੈਂਦਾ ਅਤੇ ਉਨ੍ਹਾਂ ਦੀ ਕਮਾਈ ਘਟ ਗਈ। ਫਲਸਰੂਪ ਡਰਾਈਵਰਾਂ ਨੇ ਕਿਰਾਏ ਵਧਾਉਣੇ ਸ਼ੁਰੂ ਕਰ ਦਿੱਤੇ। ਨਵੇਂ ਅਤੇ ਬਿਨਾਂ ਤਜਰਬੇ ਵਾਲੇ ਡਰਾਈਵਰ ਆਉਣ ਨਾਲ ਸੇਵਾਵਾਂ ਵਿਚ ਗਿਰਾਵਟ ਆਈ ਅਤੇ ਟੈਕਸੀ ਦੀ ਮੰਗ ਘਟ ਗਈ। ਨਤੀਜੇ ਵਜੋਂ ਉਥੇ ਮੁੜ 1991 ਤੋਂ ਟੈਕਸੀਆਂ ਦੀ ਗਿਣਤੀ ਨਿਯਮਬੱਧ ਕਰਨੀ ਪਈ। ਇਉਂ ਵੀਹ ਸਾਲਾਂ ਦੌਰਾਨ ਉਤਰੀ ਅਮਰੀਕਾ ਦੇ ਕਈ ਸ਼ਹਿਰਾਂ ਵਿਚ ਟੈਕਸੀਆਂ ਦੀ ਗਿਣਤੀ ਬਾਰੇ ਨਿਯਮ ਬਣਾਏ ਗਏ, ਹਟਾਏ ਗਏ ਤੇ ਫਿਰ ਬਣਾਏ ਗਏ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਟੈਕਸੀ ਸਨਅਤ ਨਾਲ ਸਬੰਧਤ ਨਿਯਮਾਂ ਦੀ ਘੜ-ਤੋੜ ਪੈਸਿੰਜਰ ਟਰਾਂਸਪੋਰਟ ਬੋਰਡ ਕਰਦਾ ਹੈ। ਹਰ ਟੈਕਸੀ ਉਪਰ ਇਸ ਬੋਰਡ ਵੱਲੋਂ ਦਿੱਤੀ ਗਈ ਪਲੇਟ ਅਤੇ ਨਗਰਪਾਲਿਕਾ ਦੀ ਪਲੇਟ ਲੱਗੀ ਹੁੰਦੀ ਹੈ। ਟੈਕਸੀ ਕੰਪਨੀਆਂ ਦੇ ਕਾਰਜ-ਖੇਤਰ ਦੀ ਹੱਦ-ਬੰਦੀ ਵੀ ਇਹੀ ਬੋਰਡ ਕਰਦਾ ਹੈ। ਆਮ ਤੌਰ ‘ਤੇ ਇਹ ਹੱਦ ਨਗਰਪਾਲਿਕਾ ਦੀ ਹੀ ਹੱਦ ਹੁੰਦੀ ਹੈ। ਕਈ ਸ਼ਹਿਰਾਂ ਵਿਚ ਇੱਕ ਤੋਂ ਵਧੇਰੇ ਟੈਕਸੀ ਕੰਪਨੀਆਂ ਹਨ। ਕੁਝ ਕੰਪਨੀਆਂ ਨੂੰ ਇੱਕ ਤੋਂ ਵਧੇਰੇ ਸ਼ਹਿਰਾਂ ਵਿਚ ਕੰਮ ਕਰਨ ਦੀ ਆਗਿਆ ਹੁੰਦੀ ਹੈ, ਜਿਵੇਂ ਨੌਰਥ ਸ਼ੋਰ ਟੈਕਸੀ ਨੌਰਥ ਵੈਨਕੂਵਰ ਅਤੇ ਵੈਸਟ ਵੈਨਕੂਵਰ ਵਿਚ ਸੇਵਾਵਾਂ ਦੇ ਸਕਦੀ ਹੈ। ਪੈਸਿੰਜਰ ਟਰਾਂਸਪੋਰਟ ਬੋਰਡ ਸਮੇਂ ਦੇ ਨਾਲ ਲੋੜ ਅਨੁਸਾਰ ਨਵੇਂ ਲਾਇਸੈਂਸ ਦਿੰਦਾ ਰਹਿੰਦਾ ਹੈ। ਕਈ ਵਾਰ ਆਰਜ਼ੀ ਲਾਇਸੈਂਸ ਵੀ ਦਿੱਤੇ ਜਾਂਦੇ ਹਨ, ਜਿਵੇਂ ਜਨਵਰੀ 2010 ਤੋਂ ਮਾਰਚ 2010 ਤੱਕ ਉਲਪਿੰਕ ਖੇਡਾਂ ਕਾਰਨ ਵੈਨਕੂਵਰ ਦੀਆਂ ਟੈਕਸੀ ਕੰਪਨੀਆਂ ਨੂੰ ਟੈਕਸੀਆਂ ਦੇ ਆਰਜ਼ੀ ਲਾਇਸੈਂਸ ਦਿੱਤੇ ਗਏ। ਆਮ ਤੌਰ ‘ਤੇ ਨਵੇਂ ਲਾਇਸੈਂਸ ਆਬਾਦੀ ‘ਚ ਹੋਏ ਵਾਧੇ ਕਾਰਨ ਦਿੱਤੇ ਜਾਂਦੇ ਹਨ। ਮੈਟਰੋ ਵੈਨਕੂਵਰ ਵਿਚ ਟੈਕਸੀ ਅਤੇ ਆਬਾਦੀ ਦੀ ਅਨੁਪਾਤ 1:1381 ਹੈ। ਕੈਨੇਡਾ ਦੇ ਬਾਕੀ ਸ਼ਹਿਰਾਂ ਦੀ ਔਸਤ 1:714 ਹੈ। ਨਵੇਂ ਲਾਇਸੈਂਸ ਪਹਿਲਾਂ ਹੀ ਹੋਂਦ ਵਿਚ ਟੈਕਸੀ ਕੰਪਨੀਆਂ ਨੂੰ ਹੀ ਦਿੱਤੇ ਜਾਂਦੇ ਹਨ। ਜੇ ਕਿਸੇ ਸ਼ਹਿਰ ਵਿਚ ਹੋਰ ਟੈਕਸੀ ਕੰਪਨੀ ਦੀ ਜ਼ਰੂਰਤ ਹੋਵੇ ਤਾਂ ਕੁਝ ਲਾਇਸੈਂਸ ਨਵੀਂ ਕੰਪਨੀ ਲਈ ਵੀ ਦਿੱਤੇ ਜਾਂਦੇ ਹਨ। ਟੈਕਸੀ ਕੰਪਨੀਆਂ ਨਵੇਂ ਮਿਲੇ ਲਾਇਸੈਂਸ ਨੂੰ ਜਾਂ ਤਾਂ ਟੈਕਸੀ ਕੰਪਨੀ ਦੀ ਹੀ ਮਲਕੀਅਤ ਰਹਿਣ ਦਿੰਦੀਆਂ ਹਨ, ਜਾਂ ਫਿਰ ਦੂਜੇ ਹਿੱਸੇਦਾਰਾਂ ਵਿਚ ਤਕਸੀਮ ਕਰ ਦਿੰਦੀਆਂ ਹਨ। ਇੱਕ ਲਾਇਸੈਂਸ ਦੇ ਦੋ ਹਿੱਸੇ ਹੁੰਦੇ ਹਨ ਜਾਂ ਕਹਿ ਲਵੋ ਕਿ ਇੱਕ ਟੈਕਸੀ ਦੇ ਦੋ ਹਿੱਸੇ (ਸ਼ੇਅਰ) ਹੁੰਦੇ ਹਨ। ਇਨ੍ਹਾਂ ਸ਼ੇਅਰਾਂ ਦੀ ਕੀਮਤ ਵੀ ਵਧਦੀ-ਘਟਦੀ ਰਹਿੰਦੀ ਹੈ। ਵੈਨਕੂਵਰ ਦੀਆਂ ਟੈਕਸੀਆਂ ਦੇ ਸ਼ੇਅਰਾਂ ਦੀ ਕੀਮਤ ਉਤਰੀ ਅਮਰੀਕਾ ਦੇ ਸਾਰੇ ਵੱਡੇ ਸ਼ਹਿਰਾਂ ਦੀਆਂ ਟੈਕਸੀਆਂ ਦੇ ਸ਼ੇਅਰਾਂ ਨਾਲੋਂ ਜ਼ਿਆਦਾ ਹੈ। ਇਸ ਦਾ ਵੱਡਾ ਕਾਰਨ ਆਬਾਦੀ ਦੇ ਅਨੁਪਾਤ ਅਨੁਸਾਰ ਘੱਟ ਟੈਕਸੀਆਂ ਦਾ ਹੋਣਾ ਹੈ। ਮੈਟਰੋ ਵੈਨਕੂਵਰ ਵਿਚ 1999 ਵਿਚ ਇਹ ਕੀਮਤ 80,000 ਤੋਂ 210,000 ਸੀ। ਇਨ੍ਹਾਂ ਵਿਚੋਂ ਘੱਟ ਕੀਮਤ ਕੁਕਿਟਲਮ ਦੀਆਂ ਟੈਕਸੀਆਂ ਦੇ ਸ਼ੇਅਰਾਂ ਦੀ ਸੀ ਤੇ ਵੱਧ ਡਾਊਨ ਟਾਊਨ ਦੀਆਂ ਟੈਕਸੀਆਂ ਦੇ ਸ਼ੇਅਰਾਂ ਦੀ। ਆਮ ਤੌਰ ‘ਤੇ ਇੱਕ ਟੈਕਸੀ ਦੇ ਦੋ ਮਾਲਕ ਹੁੰਦੇ ਹਨ; ਇੱਕ ਕੋਲ ਦਿਨ ਦਾ ਹਿੱਸਾ ਹੁੰਦਾ ਹੈ ਤੇ ਦੂਜੇ ਕੋਲ ਰਾਤ ਦਾ। ਕਈਆਂ ਕੋਲ ਪੂਰੀ ਟੈਕਸੀ ਜਾਂ ਇੱਕ ਤੋਂ ਵੱਧ ਟੈਕਸੀਆਂ ਵੀ ਹੁੰਦੀਆਂ ਹਨ। ਅੰਦਾਜ਼ਨ 80-85% ਸ਼ੇਅਰਾਂ ਦੇ ਮਾਲਕ ਆਪ ਇੱਕ ਸ਼ਿਫ਼ਟ ਟੈਕਸੀ ਚਲਾਉਂਦੇ ਹਨ। ਜਿਨ੍ਹਾਂ ਕੋਲ ਆਪਣਾ ਸ਼ੇਅਰ ਨਹੀਂ ਹੁੰਦਾ, ਉਹ ਕਮਿਸ਼ਨ ਜਾਂ ਲੀਜ਼ ‘ਤੇ ਟੈਕਸੀ ਚਲਾਉਂਦੇ ਹਨ। ਲੀਜ਼ ਅਤੇ ਕਮਿਸ਼ਨ ਦਾ ਰੇਟ ਵੱਖ-ਵੱਖ ਕੰਪਨੀਆਂ ਦਾ ਵੱਖੋ-ਵੱਖ ਹੁੰਦਾ ਹੈ; ਜਿਵੇਂ ਵੈਨਕੂਵਰ ਦੀ ਯੈਲੋ ਕੈਬ ਵਿਚ ਮੀਟਰ ‘ਤੇ ਚੱਲੀ ਕਮਾਈ ਨੂੰ ਡਰਾਈਵਰ ਅਤੇ ਮਾਲਕ ਅੱਧੋ-ਅੱਧ ਵੰਡ ਲੈਂਦੇ ਹਨ। ਲੀਜ਼ ਦੀ ਕੀਮਤ 1500 ਤੋਂ 2000 ਡਾਲਰ ਤੱਕ ਪ੍ਰਤੀ ਸ਼ਿਫਟ ਪ੍ਰਤੀ ਮਹੀਨਾ ਹੁੰਦੀ ਹੈ। ਇਸ ਤੋਂ ਇਲਾਵਾ ਗੈਸ, ਬੀਮਾ, ਕਾਰ ਦੀ ਮੁਰੰਮਤ ਅਤੇ ਡਿਸਪੈਚ ਫ਼ੀਸ ਵੀ ਡਰਾਈਵਰ ਹੀ ਦਿੰਦਾ ਹੈ। ਇਹ ਖਰਚ ਤਕਰੀਬਨ 1950 ਡਾਲਰ ਪ੍ਰਤੀ ਸ਼ਿਫ਼ਟ ਹਰ ਮਹੀਨਾ ਹੁੰਦਾ ਹੈ। ਜੇ ਕਿਸੇ ਟੈਕਸੀ ਕੋਲ ਏਅਰਪੋਰਟ ਦੀ ਪਲੇਟ ਹੈ ਤਾਂ ਉਸ ਨੂੰ ਤਕਰੀਬਨ 150 ਡਾਲਰ ਪ੍ਰਤੀ ਸ਼ਿਫਟ ਹਰ ਮਹੀਨੇ ਏਅਰਪੋਰਟ ਫੀਸ ਦੇਣੀ ਪੈਂਦੀ ਹੈ। ਏਅਰਪੋਰਟ ਤੋਂ ਸਵਾਰੀ ਚੁੱਕਣ ਲਈ ਟੈਕਸੀ ਕੋਲ ਏਅਰਪੋਰਟ ਦੀ ਪਲੇਟ ਅਤੇ ਡਰਾਈਵਰ ਕੋਲ ਏਅਰਪੋਰਟ ਦਾ ਲਾਇਸੈਂਸ ਹੋਣਾ ਜ਼ਰੂਰੀ ਹੈ। ਸਾਲ 1968 ਤੋਂ 1980 ਤੱਕ ਸਿਰਫ਼ ਮੈਕਲੋਅਰਜ਼ ਕੈਬ ਟੈਕਸੀ ਕੰਪਨੀ ਦੀਆਂ ਟੈਕਸੀਆਂ ਹੀ ਏਅਰਪੋਰਟ ਤੋਂ ਸਵਾਰੀ ਚੁੱਕ ਸਕਦੀਆਂ ਸਨ।
000
ਮਹਿੰਗਾਈ ਵਧਣ ਨਾਲ ਟੈਕਸੀਆਂ ਦੇ ਕਿਰਾਏ ਵੀ ਵਧਦੇ ਹਨ। ਇਹ ਵਾਧਾ ਗਰਾਊਂਡ ਟਰਾਂਸਪੋਰਟੇਸ਼ਨ ਬੋਰਡ ਦੀ ਮਨਜ਼ੂਰੀ ਨਾਲ ਹੀ ਹੁੰਦਾ ਹੈ। ਨਵੇਂ ਭਾਅ ਅਨੁਸਾਰ ਮੀਟਰ ਸੈੱਟ ਕਰ ਕੇ ਸੀਲਬੰਦ ਕੀਤੇ ਜਾਂਦੇ ਹਨ। ਅਕਤੂਬਰ 1951 ਵਿਚ ਟੈਕਸੀ ਦਾ ਮੀਟਰ 45 ਸੈਂਟ ਤੋਂ ਸ਼ੁਰੂ ਹੁੰਦਾ ਸੀ। ਉਡੀਕ ਦਾ ਸਮਾਂ 3 ਡਾਲਰ ਪ੍ਰਤੀ ਘੰਟਾ ਹੁੰਦਾ ਸੀ। 1996 ਤੱਕ ਉਡੀਕ ਦਾ ਕਿਰਾਇਆ ਵਧ ਕੇ 21 ਡਾਲਰ ਪ੍ਰਤੀ ਘੰਟਾ ਹੋ ਗਿਆ। ਮੀਟਰ 2 ਡਾਲਰ 10 ਸੈਂਟ ਤੋਂ ਸ਼ੁਰੂ ਹੁੰਦਾ ਸੀ ਅਤੇ 1 ਡਾਲਰ 20 ਸੈਂਟ ਪ੍ਰਤੀ ਕਿਲੋਮੀਟਰ ਹੁੰਦਾ ਸੀ। 2010 ਦੇ ਜੁਲਾਈ ਮਹੀਨੇ ਤੋਂ ਇਹ ਰੇਟ 33 ਡਾਲਰ 07 ਸੈਂਟ ਉਡੀਕ ਸਮਾਂ, ਮੀਟਰ ਦੀ ਸ਼ੁਰੂਆਤ 3 ਡਾਲਰ 20 ਸੈਂਟ ਅਤੇ 1 ਡਾਲਰ 85 ਸੈਂਟ ਪ੍ਰਤੀ ਕਿਲੋਮੀਟਰ ਹੋ ਗਏ ਹਨ। ਇਸ ਕਿਰਾਏ ਵਿਚ 12% ਟੈਕਸ ਹੁੰਦਾ ਹੈ। ਇਹ ਟੈਕਸ ਅਗਾਂਹ ਸਰਕਾਰ ਨੂੰ ਦੇਣਾ ਪੈਂਦਾ ਹੈ।
000
ਹਰ ਟੈਕਸੀ ਕੰਪਨੀ ਆਪਣਾ ਕਾਰਜ ਖੇਤਰ ਕਈ ਹਿੱਸਿਆ ਵਿਚ ਵੰਡ ਲੈਂਦੀ ਹੈ। ਇਸ ਨੂੰ ਜ਼ੋਨ ਆਖਦੇ ਹਨ। ਜ਼ੋਨ ਵਿਚ ਅੱਗੇ ਅੱਡੇ ਹੁੰਦੇ ਹਨ। ਇਹ ਅੱਡੇ ਕਿਸੇ ਹੋਟਲ, ਰੇਲ ਸਟੇਸ਼ਨ ਦੇ ਮੂਹਰੇ, ਕਿਸੇ ਮਾਲ ਵਿਚ ਜਾਂ ਕਿਸੇ ਅਜਿਹੇ ਥਾਂ ਹੁੰਦੇ ਹਨ, ਜਿਥੇ ਲੋਕਾਂ ਨੂੰ ਟੈਕਸੀ ਦੀ ਲੋੜ ਆਮ ਹੁੰਦੀ ਹੋਵੇ। ਡਰਾਈਵਰ ਆਪਣੀ ਟੈਕਸੀ ਨੂੰ ਜ਼ੋਨ ਅਤੇ ਫਿਰ ਅੱਡੇ ਉਪਰ ਬੁੱਕ ਕਰ ਦਿੰਦੇ ਹਨ। ਜਦੋਂ ਵੀ ਉਸ ਅੱਡੇ ਦੇ ਘੇਰੇ ਵਿਚੋਂ ਕਿਸੇ ਸਵਾਰੀ ਨੂੰ ਟੈਕਸੀ ਚਾਹੀਦੀ ਹੋਵੇ, ਡਿਸਪੈਚਰ ਉਥੇ ਪਹਿਲੀ ਟੈਕਸੀ ਭੇਜ ਦਿੰਦਾ ਹੈ। ਟੈਕਸੀ ਦੇ ਸਵਾਰੀ ਕੋਲ ਪਹੁੰਚਣ ਦਾ ਔਸਤਨ ਸਮਾਂ ਦਸ ਮਿੰਟ ਹੁੰਦਾ ਹੈ। ਬਹੁਤੇ ਵਾਰੀ ਟੈਕਸੀ ਇਸ ਤੋਂ ਘੱਟ ਸਮੇਂ ਵਿਚ ਹੀ ਸਵਾਰੀ ਕੋਲ ਪਹੁੰਚ ਜਾਂਦੀ ਹੈ। ਮੀਂਹ-ਕਣੀ, ਬਰਫ਼ਬਾਰੀ ਜਾਂ ਕਿਸੇ ਹੋਰ ਰੁਝੇਵੇਂ ਵਾਲੇ ਦਿਨ ਇਹ ਉਡੀਕ ਲੰਮੀ ਵੀ ਹੋ ਜਾਂਦੀ ਹੈ। ਵੈਨਕੂਵਰ ਸ਼ਹਿਰ ਦੀਆਂ ਟੈਕਸੀਆਂ ਲਈ ਮਈ ਤੋਂ ਸਤੰਬਰ ਤੱਕ ਰੁਝੇਵੇਂ ਵਾਲਾ ਸਮਾਂ ਹੁੰਦਾ ਹੈ। ਇਨ੍ਹਾਂ ਮਹੀਨਿਆਂ ਵਿਚ ਅਲਾਸਕਾ ਅਤੇ ਵੈਨਕੂਵਰ ਦੌਰਾਨ ਕਰੂਜ਼ਸ਼ਿੱਪ ਆਉਂਦੇ-ਜਾਂਦੇ ਹਨ, ਜਿਸ ਕਰ ਕੇ ਹਜ਼ਾਰਾਂ ਹੀ ਯਾਤਰੀ ਟੈਕਸੀ ਵਰਤਦੇ ਹਨ। ਇਸ ਤੋਂ ਬਿਨਾਂ ਸੱæੁਕਰਵਾਰ ਤੇ ਸ਼ਨਿੱਚਰਵਾਰ ਦੀਆਂ ਰਾਤਾਂ ਨੂੰ ਪੱਬਾਂ ਦੇ ਬੰਦ ਹੋਣ ਸਮੇਂ (ਦੋ ਤੋਂ ਚਾਰ ਵਜੇ ਦਰਮਿਆਨ) ਵੀ ਟੈਕਸੀਆਂ ਲਈ ਕਮਾਈ ਦਾ ਸਮਾਂ ਹੁੰਦਾ ਹੈ।
000
ਹੁਣ ਮੈਟਰੋ ਵੈਨਕੂਵਰ ਦੀਆਂ ਤਕਰੀਬਨ ਸਾਰੀਆਂ ਹੀ ਵੱਡੀਆਂ ਟੈਕਸੀ ਕੰਪਨੀਆਂ ਕੰਪਿਊਟਰ ਡਿਸਪੈਚ ਸਿਸਟਮ ਵਰਤਦੀਆਂ ਹਨ। ਇਹ ਸਿਸਟਮ ਪਿਛਲੀ ਸਦੀ ਦੇ ਅੱਸੀਵਿਆਂ ਵਿਚ ਸ਼ੁਰੂ ਹੋਇਆ ਸੀ। ਉਸ ਤੋਂ ਪਹਿਲਾਂ ਰੇਡੀਓ ਡਿਸਪੈਚ ਸਿਸਟਮ ਸੀ। ਇਹ ਸਿਸਟਮ ਹਾਲੇ ਵੀ ਹਰ ਟੈਕਸੀ ਵਿਚ ਹੈ। ਕੰਪਿਊਟਰ ਦੇ ਖਰਾਬ ਹੋਣ ਦੀ ਸੂਰਤ ਵਿਚ ਜਾਂ ਡਿਸਪੈਚਰ ਨਾਲ ਗੱਲ-ਬਾਤ ਕਰਨ ਲਈ ਇਹ ਵਰਤਿਆ ਜਾਂਦਾ ਹੈ। ਕਈ ਛੋਟੀਆਂ ਕੰਪਨੀਆਂ ਹਾਲੇ ਵੀ ਸਿਰਫ਼ ਰੇਡੀਓ ਡਿਸਪੈਚ ਸਿਸਟਮ ਹੀ ਵਰਤਦੀਆਂ ਹਨ। 1950ਵਿਆਂ ਵਿਚ ਰੇਡੀਓ ਡਿਸਪੈਚ ਸਿਸਟਮ ਸ਼ੁਰੂ ਹੋਇਆ ਸੀ। ਉਸ ਤੋਂ ਪਹਿਲਾਂ ਟੈਕਸੀਆਂ ਨੂੰ ਸਵਾਰੀ ਲੈਣ ਲਈ ਅੱਡਿਆਂ ‘ਤੇ ਜਾਣਾ ਪੈਂਦਾ ਸੀ। ਉਨ੍ਹਾਂ ਅੱਡਿਆਂ ‘ਤੇ ਫ਼ੋਨ ਲੱਗੇ ਹੁੰਦੇ ਸਨ, ਜਿਹੜੇ ਟੈਕਸੀ ਦੇ ਦਫ਼ਤਰ ਨਾਲ ਜੁੜੇ ਹੁੰਦੇ। ਡਰਾਈਵਰ ਅੱਡੇ ‘ਤੇ ਜਾ ਕੇ ਫੋਨ ਕਰ ਕੇ ਡਿਸਪੈਚਰ ਨੂੰ ਦੱਸ ਦਿੰਦਾ। ਸਵਾਰੀ ਨੂੰ ਉਤਾਰ ਕੇ ਡਰਾਈਵਰ ਨੂੰ ਅੱਡੇ ਵੱਲ ਜਾਣਾ ਪੈਂਦਾ, ਇਉਂ ਸਮਾਂ ਬਹੁਤ ਖਰਾਬ ਹੁੰਦਾ ਸੀ। ਰੇਡੀਓ ਡਿਸਪੈਚ ਨਾਲ ਸਮੇਂ ਦੀ ਬੱਚਤ ਹੋਣ ਲੱਗ ਪਈ। ਹਰ ਟੈਕਸੀ ਵਿਚ ਆਪਣਾ ਦੋਪਾਸੜ ਰੇਡੀਓ ਸੈੱਟ ਲੱਗ ਗਿਆ। ਸਮੇਂ ਦੇ ਨਾਲ-ਨਾਲ ਟੈਕਸੀਆਂ ਦੀ ਗਿਣਤੀ ਵਧ ਗਈ। ਟੈਕਸੀਆਂ ਵਧਣ ਨਾਲ ਇੱਕ ਡਿਸਪੈਚਰ ਨੂੰ ਇੱਕੋ ਵੇਲੇ ਬਹੁਤ ਸਾਰੀਆਂ ਟੈਕਸੀਆਂ ਸੰਭਾਲਣਾ ਔਖਾ ਹੋਣ ਲੱਗਾ ਤਾਂ ਟੈਕਸੀ ਕੰਪਨੀਆਂ ਨਵੇਂ ਡਿਸਪੈਚ ਸਿਸਟਮ ਦੀ ਤਲਾਸ਼ ਕਰਨ ਲੱਗੀਆਂ। ਤਕਨਾਲੋਜੀ ਨੇ ਇਹ ਕੰਮ ਆਸਾਨ ਕਰ ਦਿੱਤਾ ਤੇ ਕੰਪਿਊਟਰ ਡਿਸਪੈਚ ਸਿਸਟਮ ਹੋਂਦ ਵਿਚ ਆ ਗਿਆ। ਤਕਨਾਲੋਜੀ ਨੂੰ ਸੁਰੱਖਿਆ ਲਈ ਵਰਤਿਆ ਜਾਣ ਲੱਗਾ। ਗਲੋਬਲ ਪੋਜ਼ੀਸ਼ਨਿੰਗ ਸਿਸਟਮ (ਜੀ ਪੀ ਐੱਸ) ਦੇ ਹੋਂਦ ਵਿਚ ਆਉਣ ਕਾਰਨ ਹੁਣ ਲਾਪਤਾ ਹੋਈ ਟੈਕਸੀ ਦਾ ਪਤਾ ਲਗਾਇਆ ਜਾ ਸਕਦਾ ਹੈ। ਟੈਕਸੀਆਂ ਵਿਚ ਕੈਮਰੇ ਲੱਗ ਗਏ ਹਨ। ਉਹ ਸਵਾਰੀ ਦੀ ਤਸਵੀਰ ਖਿੱਚ ਲੈਂਦੇ ਹਨ। ਲੋੜ ਪੈਣ ‘ਤੇ ਅਪਰਾਧੀ ਨੂੰ ਤਸਵੀਰ ਦੀ ਮੱਦਦ ਨਾਲ ਕਾਬੂ ਕੀਤਾ ਜਾ ਸਕਦਾ ਹੈ। ਇਸ ਨਾਲ ਲੁੱਟ-ਖੋਹ ਦੀਆਂ ਵਾਰਦਾਤਾਂ ਵਿਚ ਕਮੀ ਆਈ ਹੈ।
000
ਟੈਕਸੀ ਚਲਾਉਣ ਦਾ ਲਾਇਸੈਂਸ ਲੈਣ ਲਈ ਕਲਾਸ ਫੋਰ ਡਰਾਈਵਿੰਗ ਲਾਇਸੈਂਸ ਲੈਣਾ ਜ਼ਰੂਰੀ ਹੈ। ਆਮ ਕਾਰ ਚਲਾਉਣ ਲਈ ਕਲਾਸ ਫਾਈਵ ਹੁੰਦਾ ਹੈ। ਜਸਟਿਸ ਇੰਸਟੀਚਿਊਟ ਤੋਂ ਟੈਕਸੀ ਹੋਸਟ ਲੈਵਲ 1 ਤੇ 2 ਕੋਰਸ ਕਰਨੇ ਜ਼ਰੂਰੀ ਹਨ। ਸਬੰਧਤ ਨਗਰਪਾਲਿਕਾ ਜਿਸ ਅਧੀਨ ਟੈਕਸੀ ਕੰਪਨੀ ਹੁੰਦੀ ਹੈ, ਉਸ ਤੋਂ ਸ਼ੋਫ਼ਰ ਪਰਮਿਟ ਲੈਣਾ ਪੈਂਦਾ ਹੈ। ਨਗਰਪਾਲਿਕਾ ਵਾਲੇ ਪਰਮਿਟ ਦੇਣ ਸਮੇਂ ਟੈਕਸੀ ਕੰਪਨੀ ਤੋਂ ਜ਼ਾਮਿਨ ਚਿੱਠੀ, ਡਰਾਈਵਿੰਗ ਹਿਸਟਰੀ ਅਤੇ ਅਪਰਾਧੀ ਪਿਛੋਕੜ ਬਾਰੇ ਜਾਂਚ ਕਰਦੇ ਹਨ। ਏਅਰਪੋਰਟ ਤੋਂ ਸਵਾਰੀ ਚੁੱਕਣ ਲਈ ਡਰਾਈਵਰ ਕੋਲ ਏਅਰਪੋਰਟ ਦਾ ਪਛਾਣ ਪੱਤਰ ਹੋਣਾ ਜ਼ਰੂਰੀ ਹੈ। ਇਹ ਪਛਾਣ ਪੱਤਰ ਏਅਰਪੋਰਟ ਦਾ ਟੈਕਸੀ ਵਿਭਾਗ ਜਾਰੀ ਕਰਦਾ ਹੈ।
000
ਵੈਨਕੂਵਰ ਵਿਚ ਟੈਕਸੀ ਦੇ ਕਿੱਤੇ ਵਿਚ ਪਰਵਾਸੀ ਲੋਕਾਂ ਦੀ ਹੀ ਬਹੁਤਾਤ ਰਹੀ ਹੈ। ਸਥਾਪਤ ਲੋਕ ਅਤੇ ਪਰਵਾਸੀਆਂ ਦੀ ਅਗਲੀ ਪੀੜ੍ਹੀ ਇਸ ਕਿੱਤੇ ਵਿਚ ਨਹੀਂ ਪੈਂਦੀ। ਇਸ ਦਾ ਕਾਰਨ ਕੰਮ ਕਰਨ ਦੇ ਲੰਮੇ ਘੰਟੇ ਅਤੇ ਘੱਟ ਕਮਾਈ ਹੈ। ਟੈਕਸੀ ਚਲਾਉਣ ਦੀ ਇੱਕ ਸ਼ਿਫ਼ਟ ਬਾਰਾਂ ਘੰਟੇ ਦੀ ਹੁੰਦੀ ਹੈ। ਏਅਰਪੋਰਟ ‘ਤੇ ਟੈਕਸੀ ਚਲਾਉਣ ਵਾਲੇ ਜਾਂ ਕਈ ਕੰਪਨੀਆਂ ਵਿਚ ਡਰਾਈਵਰ 16-16 ਘੰਟੇ ਟੈਕਸੀ ਚਲਾਉਂਦੇ ਹਨ। ਇਸ ਨੂੰ ਉਹ ਲੌਂਗ ਸ਼ਿਫ਼ਟ ਆਖਦੇ ਹਨ। ਸਵਾਰੀਆਂ ਵੱਲੋਂ ਜ਼ਿਆਦਾ ਕਰ ਕੇ ਨਗਦੀ ਭਾੜਾ ਦੇਣ ਕਰ ਕੇ ਡਰਾਈਵਰ ਟੈਕਸ ਵਿਚ ਹੇਠ-ਉਤਾਂਹ ਕਰ ਕੇ ਕੰਮ ਚਲਾਈ ਜਾਂਦੇ ਹਨ। ਕੈਨੇਡਾ ਵਿਚ ਜੰਮਿਆਂ-ਪਲਿਆਂ ਨੂੰ ਇਹ ਵਾਰਾ ਨਹੀਂ ਖਾਂਦਾ। ਭਾਰਤੀ ਲੋਕਾਂ ਤੋਂ ਪਹਿਲਾਂ ਇਟਾਲੀਅਨ ਅਤੇ ਗਰੀਕ ਮੂਲ ਦੇ ਪਰਵਾਸੀਆਂ ਦਾ ਇਸ ਕਿੱਤੇ ‘ਤੇ ਗਲਬਾ ਸੀ। ਉਨ੍ਹਾਂ ਦੀ ਅਗਲੀ ਪੀੜ੍ਹੀ ਇਸ ਕਿੱਤੇ ਤੋਂ ਮੂੰਹ ਮੋੜ ਗਈ। ਵੈਨਕੂਵਰ ਵਿਚ 1962 ਵਿਚ ਅਜੀਤ ਸਿੰਘ ਥਾਂਦੀ ਪਹਿਲਾ ਪੰਜਾਬੀ ਸੀ, ਜਿਹੜਾ ਟੈਕਸੀ ਚਲਾਉਣ ਲੱਗਾ। ਉਹ ਸੋਲ੍ਹਾਂ ਸਾਲ ਦੀ ਉਮਰ ਵਿਚ ਕੈਨੇਡਾ ਆਇਆ ਸੀ। ਇਥੇ ਉਸ ਨੇ ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਆਟੋ ਮਕੈਨਿਕ ਦਾ ਕੋਰਸ ਕੀਤਾ ਅਤੇ ਫਿਰ ਲੱਕੜ ਮਿੱਲ ਵਿਚ ਕੰਮ ਕਰਨ ਲੱਗਾ। ਉਸ ਨੇ ਟੈਕਸੀ ਦਾ ਕੰਮ ਵੀਕਐਂਡ ‘ਤੇ ਪਾਰਟ ਟਾਈਮ ਟੈਕਸੀ ਚਲਾਉਣ ਨਾਲ ਸ਼ੁਰੂ ਕੀਤਾ। ਉਸ ਨੂੰ ਇਹ ਕੰਮ ਭਾਅ ਗਿਆ ਤੇ ਉਹ ਪੱਕਾ ਹੀ ਟੈਕਸੀ ਚਲਾਉਣ ਲੱਗ ਪਿਆ। 1988 ਵਿਚ ਉਹ ਇਸ ਕਿੱਤੇ ਵਿਚੋਂ ਹੀ ਰਿਟਾਇਰ ਹੋਇਆ। ਅਜੀਤ ਸਿੰਘ ਥਾਂਦੀ ਤੋਂ ਬਾਅਦ ਸੱਠਵਿਆਂ ਵਿਚ ਇੱਕੜ-ਦੁੱਕੜ ਹੋਰ ਪੰਜਾਬੀ ਵੀ ਇਸ ਕਿੱਤੇ ਵਿਚ ਆਏ। ਸੱਤਰਵਿਆਂ ਵਿਚ, ਜਦੋਂ ਕੈਨੇਡਾ ਦੀ ਪਰਵਾਸੀਆਂ ਲਈ ਨੀਤੀ ਵਿਚ ਬਦਲਾਅ ਹੋਇਆ ਤਾਂ ਵੱਡੀ ਗਿਣਤੀ ਵਿਚ ਪੰਜਾਬੀ ਲੋਕ ਵੈਕਨੂਵਰ ਆਉਣ ਲੱਗੇ। ਇਹ ਲੋਕ ਪਹਿਲਾਂ ਆਏ ਪੰਜਾਬੀਆਂ ਦੀ ਬਨਿਸਬਤ ਵਧੇਰੇ ਪੜ੍ਹੇ-ਲਿਖੇ ਸਨ। ਉਹ ਅੰਗਰੇਜ਼ੀ ਬੋਲ-ਸਮਝ ਸਕਦੇ ਸਨ। ਹੋਰ ਭਾਰੇ ਕੰਮਾਂ ਵਾਲੀ ਮਜ਼ਦੂਰੀ ਨਾਲੋਂ ਉਨ੍ਹਾਂ ਨੇ ਟੈਕਸੀ ਦੇ ਕਿੱਤੇ ਨੂੰ ਪਹਿਲ ਦਿੱਤੀ।
ਅੱਸੀਵਿਆਂ ਵਿਚ ਪੰਜਾਬੀਆਂ ਦੀ ਤਦਾਦ ਵਧ ਗਈ। ਉਹ ਕਮਿਸ਼ਨ ਅਤੇ ਠੇਕੇ ‘ਤੇ ਟੈਕਸੀ ਚਲਾਉਣ ਨਾਲੋਂ ਆਪਣੀ ਟੈਕਸੀ ਖਰੀਦਣ ਨੂੰ ਤਰਜੀਹ ਦਿੰਦੇ ਸਨ। ਟੈਕਸੀਆਂ ਦੇ ਭਾਅ ਵਧ ਗਏ। ਇਟਾਲੀਅਨ ਅਤੇ ਗਰੀਕ ਮੂਲ ਦੇ ਲੋਕਾਂ ਨੇ ਟੈਕਸੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਜਿਥੇ ਪਹਿਲਾਂ ਇੱਕ ਜਣੇ ਕੋਲ ਕਈ-ਕਈ ਟੈਕਸੀਆਂ ਹੁੰਦੀਆਂ ਸਨ, ਉਥੇ ਇੱਕੋ ਟੈਕਸੀ ਦੇ ਦੋ-ਦੋ ਮਾਲਕ ਬਣਨੇ ਸ਼ੁਰੂ ਹੋ ਗਏ। ਕੈਨੇਡਾ ਵਿਚ ਹਾਲੇ ਵੀ ਪੰਜਾਬੀਆਂ ਦਾ ਪਰਵਾਸ ਜ਼ੋਰਾਂ ‘ਤੇ ਹੈ ਅਤੇ ਟੈਕਸੀ ਦੇ ਕਿੱਤੇ ਵਿਚ ਵੀ ਉਨ੍ਹਾਂ ਦੀ ਬਹੁਤਾਤ ਹੈ। ਪੰਜਾਬੀਆਂ ਦੀ ਦੂਜੀ ਪੀੜ੍ਹੀ ਇਸ ਕਿੱਤੇ ਵੱਲ ਨਹੀਂ ਆ ਰਹੀ। ਪਿਛਲੇ ਕੁਝ ਸਾਲਾਂ ਤੋਂ ਇਰਾਨੀ ਮੂਲ ਦੇ ਪਰਵਾਸੀ ਇਸ ਕਿੱਤੇ ਵੱਲ ਆਉਣੇ ਸ਼ੁਰੂ ਹੋ ਗਏ ਹਨ।
(ਸਮਾਪਤ)