ਹਰੀਕੇ ਝੀਲ ‘ਤੇ ਆਉਣ ਵਾਲੇ ਪਰਵਾਸੀ ਪੰਛੀ ਕਿਉਂ ਰੁੱਸੇ ਰਹੇ ਪੰਦਰਾਂ ਵਰ੍ਹੇ?

ਐੱਸ਼ ਅਸ਼ੋਕ ਭੌਰਾ
ਵਿਗਿਆਨ ਦੀਆਂ ਟਾਹਰਾਂ ਮਾਰਨ ਵਾਲਾ ਮਨੁੱਖ ਆਪਣੇ ਆਪ ਨੂੰ ਤਾਕਤਵਰ ਹੋਣ ਦਾ ਕਿੰਨਾ ਵੀ ਭਰਮ ਕਿਉਂ ਨਾ ਪਾਲ ਰਿਹਾ ਹੋਵੇ, ਜੇ ਘਰਾਂ ਦੁਆਲੇ ਜੰਗਲੇ, ਖੇਤਾਂ ਦੁਆਲੇ ਵਾੜ ਅਤੇ ਸਰਹੱਦਾਂ ‘ਤੇ ਸੰਗੀਨਾਂ ਦੇ ਪਹਿਰੇ ਹਨ, ਤਾਂ ਮੰਨਣਾ ਪਵੇਗਾ ਕਿ ਮਨੁੱਖ ਸੱਚੀਂ ਅੰਦਰੋਂ ਡਰਿਆ ਹੋਇਆ ਹੈ, ਤੇ ਡਰ ਕੇ ਜੀਅ ਰਿਹਾ ਹੈ। ਇਸ ਸਾਰੇ ਭੈਅ ਤੋਂ ਜੇ ਮੁਕਤ ਹਨ ਤਾਂ ਉਹ ਸਿਰਫ ਪੰਛੀ ਹਨ; ਬਿਨਾਂ ਵੀਜ਼ੇ ਤੇ ਪਾਸਪੋਰਟ ਤੋਂ ਜੇ ਕਿਸੇ ਨੂੰ ਹੱਦਾਂ ਲੰਘਣ ਦਾ ਅਧਿਕਾਰ ਹੈ ਤਾਂ ਉਹ ਸਿਰਫ ਹਾਲੇ ਪੰਛੀਆਂ ਕੋਲ ਹੀ ਹੈ।

ਅਮਰੀਕਾ ਹਾਲਾਂਕਿ ਸ਼ਾਂਤੀ ਦੇ ਸੁਨੇਹੇ ਦੇ ਪ੍ਰਤੀਕ ਤੇ ਸਭ ਤੋਂ ਸ਼ਰੀਫ ਪੰਛੀ ਕਬੂਤਰ ਦੇ ਪੈਰਾਂ ਵਿਚ ਕੈਮਰਾ ਬੰਨ੍ਹ ਕੇ ਸੂਹੀਆ ਕੰਮ ਕਰਵਾ ਰਿਹਾ ਹੈ, ਤੇ ਜੇ ਮਨੁੱਖਾਂ ਵਾਂਗ ਸ਼ੱਕੀ ਕਬੂਤਰ ਭਾਰਤ-ਪਾਕਿਸਤਾਨ ਦੀ ਸਰਹੱਦ ‘ਤੇ ਫੜੇ ਜਾ ਰਹੇ ਹਨ ਤਾਂ ਸੱਚ ਹੈ ਕਿ ਮਨੁੱਖ ਨੇ ਸ਼ੈਤਾਨੀ ਪੰਛੀਆਂ ਜ਼ਰੀਏ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ। ਬਿਆਸ ਤੇ ਸਤਲੁਜ ਦੇ ਸੰਗਮ ਹਰੀਕੇ ਝੀਲ ‘ਤੇ ਹਜ਼ਾਰਾਂ ਨਹੀਂ, ਲੱਖਾਂ ਦੀ ਗਿਣਤੀ ਵਿਚ ਦੁਨੀਆਂ ਦੇ ਅਦਭੁੱਤ ਪੰਛੀਆਂ ਦਾ ਇਨ੍ਹਾਂ ਦਿਨਾਂ ਵਿਚ ਕੁੰਭ ਵਰਗਾ ਮੇਲਾ ਲੱਗਾ ਹੋਇਆ ਹੈ। ਇਨ੍ਹਾਂ ਪਰਵਾਸੀ ਪੰਛੀਆਂ ਦੀ ਗਿਣਤੀ ਵਿਚ ਤਕਰੀਬਨ ਇਕ ਦਹਾਕੇ ਤੋਂ ਬਾਅਦ ਇੰਨਾ ਵੱਡਾ ਵਾਧਾ ਹੋਇਆ ਹੈ।
ਹਰੀਕੇ ਝੀਲ ਵਿਚ ਰੂਸ, ਤਜਾਕਿਸਤਾਨ, ਸਾਈਬੇਰੀਆ ਆਦਿ ਦੇਸ਼ਾਂ ਤੋਂ ਹਜ਼ਾਰਾਂ ਮੀਲਾਂ ਦਾ ਸਫਰ ਤੈਅ ਕਰ ਕੇ ਅਫਗਾਨਿਸਤਾਨ ਰਸਤੇ ਪੰਜਾਬ ਪੁੱਜਣ ਵਾਲੇ ਇਹ ਪੰਛੀ ਕਰੀਬ ਇਕ ਦਹਾਕਾ ਉਦਾਸ ਕਿਉਂ ਰਹੇ? ਯੂਰਪ ਦੀ ਸਰਦੀ ਵਿਚ ਜੰਮਦੀਆਂ ਝੀਲਾਂ ‘ਚ ਵੀ ਜੀਵਨ ਬਸਰ ਕਰਨ ਲਈ ਮਜਬੂਰ ਕਿਉਂ ਰਹੇ? ਪੰਛੀਆਂ ਦੇ ਇਸ ਦਰਦ ਪ੍ਰਤੀ ਮਨੁੱਖ, ਹਾਕਮ ਅਤੇ ਬੰਬਾਂ-ਗੋਲੀਆਂ ਦਾ ਮੀਂਹ ਵਰ੍ਹਾਉਣ ਵਾਲੇ ਕਾਇਨਾਤ ਨੂੰ ਚੀਰਦੇ ਲੜਾਕੂ ਜਹਾਜ਼ਾਂ ਨੂੰ ਨਹੀਂ ਪਤਾ ਸੀ ਕਿ ਇਨ੍ਹਾਂ ਪੰਛੀਆਂ ਦਾ ਰੋਸਾ ਫਿਰ ਇੰਨਾ ਲੰਮਾ ਵੀ ਹੋ ਜਾਵੇਗਾ। ਕੁਦਰਤੀ ਵਾਤਾਵਰਨ ਨੂੰ ਪਿਆਰ ਕਰਨ ਵਾਲੇ ਲੋਕ ਖਾਸ ਤੌਰ ‘ਤੇ ਪੰਜਾਬ ਦੇ ਇਨ੍ਹਾਂ ਦੋ ਦਰਿਆਵਾਂ ਦੇ ਸੰਗਮ ਦੁਆਲੇ ਖੂਬਸੂਰਤ ਪੰਛੀਆਂ ਦੇ ਝੁਰਮਟ ਸਚਮੁੱਚ ਹੀ ਮਨੁੱਖ ਦੇ ਅੰਦਰਲੇ ਚਾਅ ਨੂੰ ਕੁਦਰਤ ਨਾਲ ਮੋਹ ਪੈਦਾ ਕਰਨ ਦਾ ਸੰਕੇਤ ਦੇ ਰਹੇ ਹਨ। ਇਸ ਵਾਰ ਦੇ ਪਰਵਾਸੀ ਪੰਛੀਆਂ ਵਿਚ ਰੂਡੀ ਸ਼ੈਲਡਕ, ਸਟਰੋਕ, ਰੈੱਡ ਕਰੱਸਡ ਪੋਚਡ, ਸਨੇਕ ਵਰਲਡ ਆਦਿ ਨਸਲਾਂ ਦੇ ਸਭ ਤੋਂ ਸੁੰਦਰ ਪੰਛੀ ਬੜੀ ਦੇਰ ਬਾਅਦ ਹਰੀਕੇ ਝੀਲ ਦਾ ਸ਼ਿੰਗਾਰ ਬਣੇ ਹਨ। ਹਜ਼ਾਰਾਂ ਦੀ ਗਿਣਤੀ ਵਿਚ ਜਿਹੜੇ ਪੰਛੀ ਹਰੀਕੇ ਝੀਲ ਵਿਚ ਡੁੱਬਕੀਆਂ ਲਾ ਰਹੇ ਹਨ, ਉਨ੍ਹਾਂ ਵਿਚ ਗਾਰਦਨੀ, ਪਿੰਨਟੇਲ, ਮਲਾਰਡ ਕਿਸਮਾਂ ਦੇ ਪੰਛੀ ਮਨੁੱਖੀ ਅੱਖ ਨੂੰ ਖਾਸ ਕਿਸਮ ਦਾ ਨਜ਼ਾਰਾ ਦੇ ਰਹੇ ਹਨ।
ਇਹ ਪੰਛੀ ਹਰੀਕੇ ਝੀਲ ਨਾਲ ਕਿਉਂ ਰੁੱਸੇ ਰਹੇ, ਕਿਉਂ ਹਾਲੇ ਤੱਕ ਸਾਈਬੇਰੀਆ ਤੋਂ ਆਉਣ ਵਾਲਾ ਹੰਸ ਗੈਰ-ਹਾਜ਼ਰ ਹੈ। ਅਤੀਤ ‘ਚ ਬੰਬਾਂ ਤੋਪਾਂ ਦੀ ਲੜਾਈ ਵਿਚ ਉਲਝਿਆ ਮਨੁੱਖ ਇਨ੍ਹਾਂ ਬੇਜ਼ੁਬਾਨਾਂ ਨਾਲ ਕਿਵੇਂ ਧੱਕਾ ਕਰ ਗਿਆ, ਇਸ ਸਭ ਦੀ ਕੁਝ ਵਿਆਖਿਆ-ਵਿਸ਼ਲੇਸ਼ਣ ਇਥੇ ਕਰਦੇ ਹਾਂ। ਕਿਹਾ ਜਾ ਸਕਦਾ ਹੈ ਕਿ ਧੱਕੇਸ਼ਾਹੀਆਂ ਕਿਸੇ ਨਾਲ ਵੀ ਹੋਣ, ਇਨ੍ਹਾਂ ਨੂੰ ਨਿੰਦਣਾ ਹੀ ਚਾਹੀਦਾ ਹੈ ਅਤੇ ਘੱਟੋ-ਘੱਟ ਮਨੁੱਖ ਨਾਲ ਸਭ ਤੋਂ ਵੱਧ ਲਾਡ-ਤੇਹ ਕਰਨ ਵਾਲੇ ਪੰਛੀ ਮਨੁੱਖੀ ਕੁਤਾਹੀਆਂ ਕਾਰਨ ਉਦਾਸ ਹੋਣੇ ਹੀ ਨਹੀਂ ਚਾਹੀਦੇ।
ਧਰਤੀ ਜਦੋਂ ਭੂਚਾਲ ਨਾਲ ਕੰਬਦੀ ਹੈ ਤਾਂ ਇਸ ਦਾ ਪਹਿਲਾ ਅਨੁਭਵ ਪੰਛੀਆਂ ਨੂੰ ਹੁੰਦਾ ਹੈ, ਪਰ ਜਦੋਂ 11 ਸਤੰਬਰ 2001 ਨੂੰ ਅਮਰੀਕਾ ਦੇ ਵਰਲਡ ਟਰੇਡ ਸੈਂਟਰ ਅਤੇ ਪੈਂਟਾਗਨ ਦਹਿਸ਼ਤਗਰਦ ਹਮਲਿਆਂ ਨਾਲ ਤਬਾਹ ਹੋ ਗਏ ਸਨ, ਅਮਰੀਕਾ ਰੱਜ ਕੇ ਗੁੱਸੇ ਵਿਚ ਸੀ ਤੇ ਜਾਰਜ ਬੁਸ਼ ਵੱਲੋਂ ਇਨ੍ਹਾਂ ਹਮਲਿਆਂ ਵਿਚ ਮੁੱਖ ਦੋਸ਼ੀ ਸਮਝੇ ਜਾਂਦੇ ਉਸਾਮਾ ਬਿਨ-ਲਾਦਿਨ ਨੂੰ ਮਾਰ ਮੁਕਾਉਣ ਦੇ ਐਲਾਨ ਨਾਲ ਅਫਗਾਨਿਸਤਾਨ ਵਿਚ ਬੰਬਾਂ ਦਾ ਮੀਂਹ ਵਰ੍ਹਾਇਆ ਜਾ ਰਿਹਾ ਸੀ, ਧਰਤੀ ਨੂੰ ਝਟਕੇ ਲੱਗ ਰਹੇ ਸਨ, ਗਾੜ-ਗਾੜ ਦਾ ਤੂਫਾਨ ਉੱਠ ਰਿਹਾ ਸੀ, ਪੂਰੀ ਕਾਇਨਾਤ ਕੰਬ ਰਹੀ ਸੀ, ਤਾਂ ਫਿਰ ਕਿਵੇਂ ਬਚੇ ਰਹਿ ਸਕਦੇ ਸਨ ਇਸ ਪ੍ਰਭਾਵ ਤੋਂ ਕੋਮਲ ਦਿਲ ਪੰਛੀ? ਇਸੇ ਕਰ ਕੇ ਜਦੋਂ ਗੂੰਜਦੇ ਜਹਾਜ਼ ਆਪਣਾ ਹੱਲਾ ਬੋਲ ਕੇ ਲੰਘ ਜਾਂਦੇ ਸਨ ਤਾਂ ਜਨਜੀਵਨ ਵਿਚ ਹੀ ਚੁੱਪ ਨਹੀਂ ਵਰਤਦੀ, ਸਗੋਂ ਅਫਗਾਨਿਸਤਾਨ ਦੀਆਂ ਖੂਬਸੂਰਤ ਚਿੜੀਆਂ ਤੇ ਗੁਟਾਰਾਂ ਦੀ ਚੀਂ-ਚੀਂ ਤੇ ਘੂੰ-ਘੂੰ ਵੀ ਚੁੱਪ ਜੋ ਜਾਂਦੀ ਸੀ ਅਤੇ ਸਾਰਾ ਵਾਤਾਵਰਨ ਸਿਵਿਆਂ ਦੀ ਹਨ੍ਹੇਰੀ ਰਾਤ ਵਾਂਗ ਖਾਮੋਸ਼ ਹੋ ਜਾਂਦਾ ਸੀ। ਇਨ੍ਹਾਂ ਜੰਗੀ ਦਿਨਾਂ ਵਿਚ ਅਫਗਾਨ ਵਾਯੂ-ਮੰਡਲ ਵਿਚ ਸਿਰਫ ਲੜਾਕੂ ਜਹਾਜ਼ ਹੀ ਤੇਜ਼ ਰਫਤਾਰ ਨਾਲ ਗੜ-ਗੜਾਹਟ ਪਾਉਂਦੇ ਲੰਘਦੇ ਸਨ। ਕੂੰਜਾਂ ਦੀਆਂ ਡਾਰਾਂ ਤਾਂ ਕੀ, ਕੋਈ ਪਰਿੰਦਾ ਵੀ ਅਸਮਾਨੀ ਉਡਦਾ ਨਜ਼ਰ ਨਹੀਂ ਆਉਂਦਾ ਸੀ। ਅਸੀਂ ਆਪਣੇ ਆਪ ਨੂੰ ਸਭਿਅਕ ਸਿੱਧ ਕਰਨ ਲਈ ਆਪਣੀਆਂ ਸਰਹੱਦਾਂ ‘ਤੇ ਸੀਣ ਮਾਰ ਲਈ ਹੈ, ਪਰ ਖੁਸ਼ਕਿਸਮਤੀ ਨਾਲ ਸਾਡੇ ਲੰਬੀਆਂ ਉਡਾਰੀਆਂ ਮਾਰਨ ਵਾਲੇ ਪੰਛੀਆਂ ‘ਤੇ ਇਹ ਸਰਹੱਦਾਂ ਰੋਕ ਨਹੀਂ ਲਾ ਸਕੀਆਂ। ਇਸੇ ਲਈ ਬਿਨਾਂ ਡਰ-ਭੈਅ ਤੋਂ ਸਰਹੱਦਾਂ ਟੱਪ ਕੇ ਆਸ-ਪਰਵਾਸ ਕਰਦੇ ਰਹੇ ਹਨ ਦੁਨੀਆਂ ਭਰ ਦੇ ਇਹ ਮਸੂਮ ਪਰਿੰਦੇ।
ਕਜ਼ਾਕਿਸਤਾਨ ਦੇ ਜੀਵ-ਜੰਤੂ ਤੇ ਪੰਛੀ ਵਿਗਿਆਨੀ ਨੇ ਮੰਨਿਆ ਹੈ ਕਿ ਅਫਗਾਨ ਜੰਗ ਕਾਰਨ ਬਹੁਤੇ ਪਰਵਾਸੀ ਪੰਛੀ ਦੱਖਣੀ ਏਸ਼ੀਆ ਖੇਤਰ ਇਰਾਨ, ਕਜ਼ਾਕਿਸਤਾਨ ਤੇ ਭਾਰਤ ਦੀਆਂ ਰਵਾਇਤੀ ਪਨਾਹਗਾਹਾਂ ‘ਤੇ ਨਹੀਂ ਪਹੁੰਚ ਸਕੇ। ਭਾਰਤ ਵਿਚ ਤਾਂ ਇਨ੍ਹਾਂ ਦੀ ਹਾਜ਼ਰੀ ਨਾਂ-ਮਾਤਰ ਹੀ ਰਹੀ। ਇਸੇ ਕਰ ਕੇ ਹੀ ਸਾਡਾ ਹਰੀਕੇ ਪੱਤਣ ਵੀ ਖੂਬਸੂਰਤ ਮਹਿਮਾਨ ਪੰਛੀਆਂ ਦੀਆਂ ਆਮਦ ਤੋਂ ਕਈ ਸਾਲਾਂ ਤੋਂ ਵਿਰਵਾ ਅਤੇ ਸੁੰਨਾ ਹੀ ਰਿਹਾ। ਇਨ੍ਹਾਂ ਵਿਗਿਆਨੀਆਂ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਦੱਖਣੀ ਤੇ ਮੱਧ ਏਸ਼ੀਆ ਵਿਚ ਦਾਖਲ ਹੋਣ ਲਈ ਜਦੋਂ ਇਹ ਅਫਗਾਨ ਵਾਯੂ-ਮੰਡਲ ‘ਚੋਂ ਗੁਜ਼ਰਨਗੇ ਤਾਂ ਹਵਾਈ ਬੰਬਾਰੀ ਦੀ ਘਬਰਾਹਟ ਨਾਲ ਇਹ ਅਲੱਗ-ਥਲੱਗ ਹੋ ਗਏ ਅਤੇ ਕਈ ਸਹਿਮ ਨਾਲ ਮਰ ਹੀ ਗਏ। ਦੁੱਖ ਦੀ ਗੱਲ ਇਹ ਹੈ ਕਿ ਇਹ ਕੋਮਲ ਪੰਛੀ ਮਾਨਸਿਕ ਤੌਰ ‘ਤੇ ਕਮਜ਼ੋਰ ਹੋ ਗਏ ਅਤੇ ਕਈ ਸਰਦੀਆਂ ਵਿਚ ਇਨ੍ਹਾਂ ਆਪਣੀਆਂ ਪਰਵਾਸੀ ਰਿਹਾਇਸ਼ੀ ਥਾਵਾਂ ‘ਤੇ ਆਉਣਾ ਹੀ ਬੰਦ ਕਰ ਦਿੱਤਾ।
ਸਚਾਈ ਇਹ ਹੈ ਕਿ ਪੰਛੀ ਉਤਰੀ ਏਸ਼ੀਆ ਦੀ ਲੋਹੜੇ ਦੀ ਸਰਦੀ ਤੋਂ ਬਚਣ ਲਈ ਗਰਮ ਸਥਾਨਾਂ ਵੱਲ ਪਲਾਇਨ ਕਰਦੇ ਹਨ ਅਤੇ ਇਨ੍ਹਾਂ ਵਿਚੋਂ ਨੱਬੇ ਫੀਸਦੀ ਪੰਛੀ ਅਫਗਾਨਿਸਤਾਨ ਹੋ ਕੇ ਹੀ ਦੱਖਣੀ ਏਸ਼ੀਆ ਵਿਚ ਪ੍ਰਵੇਸ਼ ਕਰਦੇ ਹਨ। ਪੰਛੀਆਂ ਦੀ ਪਲਾਇਨ ਕਰਨ ਦੀ ਇਹ ਪ੍ਰੰਪਰਾ ਸਦੀਆਂ ਪੁਰਾਣੀ ਹੈ। ਮਨੁੱਖਾਂ ਵਾਂਗ ਸੈਲਾਨੀ ਬਿਰਤੀ ਵਾਲੇ ਇਹ ਪੰਛੀ ਆਪਣੀਆਂ ਲੰਬੀਆਂ ਉਡਾਣਾਂ ਦੌਰਾਨ ਵੀ ਖਰ-ਮਸਤੀਆਂ ਕਰਦੇ ਹਨ ਅਤੇ ਨਰ ਤੇ ਮਾਦਾ ਦੋਵੇਂ ਰੂਪ ਵਿਚ ਹੁੰਦੇ ਹਨ, ਤੇ ਕਈ ਵਾਰ ਇਹ ਆਪਣੇ ਮਿਥੇ ਟਿਕਾਣੇ ‘ਤੇ ਪਹੁੰਚ ਕੇ ਦਿਲਕਸ਼ ਆਵਾਜ਼ਾਂ ਕੱਢਦੇ ਹਨ ਅਤੇ ਆਕਾਸ਼ ਗੂੰਜਣ ਲਾ ਦਿੰਦੇ ਹਨ। ਵਾਪਸੀ ਵੇਲੇ ਵੀ ਇਹ ਇਕ-ਇਕ ਕਰ ਕੇ ਨਹੀਂ, ਝੁੰਡਾਂ ਦੇ ਰੂਪ ਵਿਚ ਪਰਤਦੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਪੰਛੀਆਂ ਵਿਚ ਕਈ ਉਨ੍ਹਾਂ ਜਾਤੀਆਂ ਦੇ ਪੰਛੀ ਵੀ ਆਉਂਦੇ ਹਨ ਜਿਨ੍ਹਾਂ ਦੀਆਂ ਨਸਲਾਂ ਬਹੁਤ ਘੱਟ ਹਨ ਤੇ ਉਨ੍ਹਾਂ ਨੂੰ ਵੇਖਣ ਲਈ ਹੀ ਲੱਖਾਂ ਨਜ਼ਰਾਂ ਇਨ੍ਹਾਂ ਦੀਆਂ ਰਿਹਾਇਸ਼ੀ ਥਾਂਵਾਂ ‘ਤੇ ਪਹੁੰਚਦੀਆਂ ਹਨ। ਇਨ੍ਹਾਂ ਵਿਚ ‘ਜਲ ਸਿੰਘੀ’ ਨਾਮੀ ਪੰਛੀ ਦੀ ਨਸਲ ਮੱਧ ਏਸ਼ੀਆਈ ਦੇਸ਼ਾਂ ਵਿਚ ਉੱਕਾ ਹੀ ਨਹੀਂ ਅਤੇ ਇਹ ਪੰਛੀ ਆਪਣੇ ‘ਹੁਸਨ’ ਨਾਲ ਹੀ ਅੱਖਾਂ ਨਹੀਂ ਚੁੰਧਿਆ ਦਿੰਦਾ, ਬਲਕਿ ਕੋਇਲ ਵਾਂਗ ਬਹੁਤ ਸੁਰੀਲੀ ਆਵਾਜ਼ ਵੀ ਕੱਢਦਾ ਹੈ।
ਪੰਛੀਆਂ ਦੇ ਇਨ੍ਹਾਂ ਕਾਫਲਿਆਂ ਵਿਚ ਹੀ ਆਉਂਦੇ ਹਨ ਸਾਇਬੇਰੀਆ ਦੇ ਸਾਰਸ। ‘ਇੰਟਰਨੈਸ਼ਨਲ ਕਰੇਨ ਫਾਊਂਡੇਸ਼ਨ’ ਦਾ ਦਾਅਵਾ ਹੈ ਕਿ ਪੂਰੀ ਦੁਨੀਆਂ ਵਿਚ ਸਾਇਬੇਰੀਆ ਦੇ ਸਾਰਸ (ਸਾਇਬੇਰੀਆ ਕਰੇਨਜ਼) ਤੀਜੇ ਨੰਬਰ ‘ਤੇ ਹਨ ਅਤੇ ਸਭ ਤੋਂ ਘੱਟ ਮਿਲਦੇ ਹਨ। ਦਰਅਸਲ ਹਵਾ ਵਿਚ ਪਰਿਵਰਤਨ ਦਾ ਸਿੱਧਾ ਪ੍ਰਭਾਵ ਸਾਇਬੇਰੀਆ ਦੇ ਸਾਰਸ ‘ਤੇ ਪੈਂਦਾ ਹੈ। ਇਹ ਬਹੁਤ ਹੀ ਸੰਵੇਦਨਸ਼ੀਲ ਪੰਛੀ ਹੈ, ਇਸ ਲਈ ਅਫਗਾਨਿਸਤਾਨ ਦੀ ਹਮਲਿਆਂ ਨਾਲ ਦੂਸ਼ਿਤ ਆਬੋ-ਹਵਾ ਚੋਂ ਗੁਜ਼ਰਨ ਦਾ ਹੌਸਲਾ ਨਹੀਂ ਕਰ ਸਕਿਆ।
ਮਨੁੱਖ ਵਾਂਗ ਪੰਛੀਆਂ ਦੇ ਵੀ ਅਰਮਾਨ ਹਨ ਅਤੇ ਜ਼ਰਾ ਅਨੁਮਾਨ ਲਗਾ ਕੇ ਵੇਖੋ ਕਿ ਜੇ ਤੁਹਾਡੀ ਸਮਾਂ ਸਾਰਣੀ ਜਾਂ ਘੁੰਮਣ ਫਿਰਨ ‘ਤੇ ਮੌਸਮ ਬਦਲਾਓ ਦੀ ਯੋਜਨਾ ਵਿਚ ਕੋਈ ਤੀਜਾ ਬੰਦਾ ਅੜਿੱਕਾ ਡਾਹ ਦੇਵੇ ਤਾਂ ਮਨ ‘ਤੇ ਕੀ ਗੁਜ਼ਰੇਗੀ। ਇਸ ਲਈ ਜੀਵ ਤੇ ਪੰਛੀ ਵਿਗਿਆਨੀ ਇਹ ਕਹਿ ਰਹੇ ਹਨ ਕਿ ਖੁਸ਼ੀਆਂ ਮਨਾਉਣ ਲਈ ਹਜ਼ਾਰਾਂ ਮੀਲ ਯਾਤਰਾ ਤੈਅ ਕਰਨ ਦੀ ਰੁਚੀ ਤੋਂ ਵਾਂਝੇ ਇਹ ਪੰਛੀ ਕਈ ਸਾਲ ਉਦਾਸ ਮੁਦਰਾ ਵਿਚ ਰਹੇ। ਬਿਨਾਂ ਸ਼ੱਕ ਇਨ੍ਹਾਂ ਦੀ ਪੈਦਾਇਸ਼ ਵਿਚ ਵੀ ਕਮੀ ਆਈ ਹੋਵੇਗੀ, ਕਿਉਂਕਿ ਜਦੋਂ ਇਹ ਗਰਮ ਮੌਸਮ ਵਿਚੋਂ ਵਾਪਸ ਪਰਤਦੇ ਹਨ ਤਾਂ ਇਨ੍ਹਾਂ ਵਿਚੋਂ ਬਹੁਤੇ ਮਾਦਾ ਪੰਛੀ ਬੱਚੇ ਪੈਦਾ ਕਰਨ ਜਾਂ ਆਂਡੇ ਦੇਣ ਦੀ ਅਵਸਥਾ ਵਿਚ ਹੁੰਦੇ ਹਨ।
ਪੰਛੀ ਵਿਗਿਆਨੀ ਇਸ ਗੱਲ ਤੋਂ ਵਧੇਰੇ ਚਿੰਤਤ ਸਨ ਕਿ ਜੇ ਪੰਛੀਆਂ ਨੇ ਮਾਨਸਿਕ ਅਨੁਭਵ ਨੂੰ ਸਥਾਈ ਰੂਪ ਵਿਚ ਗ੍ਰਹਿਣ ਕਰ ਲਿਆ ਤਾਂ ਸ਼ਾਇਦ ਉਹ ਭਵਿੱਖ ਵਿਚ ਉੱਕਾ ਹੀ ਪਰਵਾਸ ਕਰਨਾ ਬੰਦ ਕਰ ਦੇਣ, ਕਿਉਂਕਿ ਇਨ੍ਹਾਂ ਵਿਚ ਕਈ ਪੰਛੀ 5000 ਕਿਲੋਮੀਟਰ ਦੀ ਉਡਾਰੀ ਮਾਰ ਕੇ ਭਾਰਤ ਤੇ ਇਰਾਨ ਪਹੁੰਚਦੇ ਹਨ।
ਮੰਨਣ ਵਾਲੀ ਗੱਲ ਹੈ ਕਿ ਪਾਣੀਆਂ ਵਾਲੀਆਂ ਥਾਂਵਾਂ ਮਨੁੱਖੀ ਮਨ ਨੂੰ ਵਧੇਰੇ ਖਿੱਚ ਪਾਉਂਦੀਆਂ ਹਨ ਤੇ ਇਨ੍ਹਾਂ ਥਾਂਵਾਂ ਉਤੇ ਜਦੋਂ ਮਹਿਮਾਨ ਪੰਛੀ ਪਹੁੰਚੇ ਹੋਣ ਤਾਂ ਨਜ਼ਾਰਾ ਹੋਰ ਵੀ ਆਕਰਸ਼ਕ ਬਣਦਾ ਹੋਵੇਗਾ।
ਪੰਛੀਆਂ ਕੋਲ ਮਨੁੱਖ ਨਾਲੋਂ ਵਧੇਰੇ ਆਜ਼ਾਦੀ ਹੈ, ਪਰ ਅਫਗਾਨ ਜੰਗ ਨੇ ਇਸ ਆਜ਼ਾਦੀ ‘ਤੇ ਯਕੀਨਨ ਹੀ ਬੁਰਾ ਅਸਰ ਪਾਇਆ ਹੈ ਜੋ ਇੰਨੇ ਸਾਲ ਪਰਵਾਸੀ ਪੰਛੀ ਆਪਣੀ ਮਨਪਸੰਦ ਜਗ੍ਹਾ ਹਰੀਕੇ ਝੀਲ ‘ਤੇ ਨਹੀਂ ਆ ਸਕੇ ਜਦੋਂਕਿ ਵਿਚਾਰੇ ਸਾਰਸ, ਹੰਸ, ਜਾਂ ਬੱਤਖ ਨੂੰ ਕੀ ਪਤਾ ਕਿ ਕੌਣ ਸੀ ਬਿਨ-ਲਾਦਿਨ! ਕੀ ਹੈ ਅਲ-ਕਾਇਦਾ, ਕੌਣ ਸੀ ਜਾਰਜ ਬੁਸ਼ ਅਤੇ ਬੰਬਾਂ ਦਾ ਸ਼ੋਰ ਸ਼ਰਾਬਾ ਕਿਉਂ ਹੈ? ਉਹ ਤਾਂ ਸਿਰਫ ਉਦਾਸ ਹੋ ਕੇ ਠੰਢਾ ਹਉਕਾ ਖਿੱਚ ਸਕਦੇ ਸਨ।
ਮਨੁੱਖਤਾ ਨੂੰ ਇਨ੍ਹਾਂ ਪੰਛੀਆਂ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਨਾਲ ਹੋਏ ਨਾਜਾਇਜ਼ ਧੱਕੇ ਦੇ ਬਾਵਜੂਦ ਵੀ ਸਭ ਕੁਝ ਭੁੱਲ ਭੁਲਾ ਕੇ ਕੁਦਰਤ ਦੀ ਸੁੰਦਰਤਾ ਨੂੰ ਵਧਾਉਣ ਵਿਚ ਆਪਣਾ ਯੋਗਦਾਨ ਪਾਉਣ ਲਈ ਫਿਰ ਪਰਵਾਸ ਸ਼ੁਰੂ ਕਰਨ ਵਿਚ ਪਹਿਲ ਕਰ ਰਹੇ ਹਨ।
ਰੱਬ ਕਰੇ, ਕਾਇਨਾਤ ਵਿਚ ਫਿਰ ਬੰਬਾਂ ਤੇ ਲੜਾਕੂ ਜਹਾਜ਼ਾਂ ਦੀ ਗੂੰਜ ਨਾ ਉੱਠੇ ਤੇ ਮੌਜ-ਮਸਤੀਆਂ ਕਰਨ ਵਾਲੇ ਇਹ ਪੰਛੀ ਹਰੀਕੇ ਝੀਲ ਵੱਲ ਇਵੇਂ ਹੀ ਹਜ਼ਾਰਾਂ ਕੋਹਾਂ ਦੀ ਵਾਟ ਤੈਅ ਕਰ ਕੇ ਬਾਘੀਆਂ ਪਾਉਂਦੇ ਰਹਿਣ ਅਤੇ ਇਨਸਾਨ, ਸ਼ਾਂਤੀ ਦੇ ਇਨ੍ਹਾਂ ਪੁਜਾਰੀਆਂ ਤੋਂ ਕੋਈ ਸਬਕ ਸਿੱਖ ਸਕੇ।