‘ਧੁੱਪ ਦੀ ਮਹਿਫਲ’ ਦੇ ਅੰਗ ਸੰਗ

ਗੁਲਜ਼ਾਰ ਸਿੰਘ ਸੰਧੂ
ਅਗਲੇ ਐਤਵਾਰ 24 ਜਨਵਰੀ ਨੂੰ ਭਾਪਾ ਪ੍ਰੀਤਮ ਸਿੰਘ ਦੇ ਮਹਿਰੌਲੀ (ਦਿੱਲੀ) ਨੇੜੇ ਪੈਂਦੇ ਨਵਯੁਗ ਫਾਰਮ ਵਿਚ ਤੀਹਵੀਂ ‘ਧੁੱਪ ਦੀ ਮਹਿਫਲ’ ਜੁੜ ਰਹੀ ਹੈ। ਇਹ ਸਮਾਗਮ ਪਹਿਲਾਂ ਵਾਂਗ ਹੀ ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਵੱਲੋਂ ਰਚਾਇਆ ਜਾ ਰਿਹਾ ਹੈ।

ਚੇਤੇ ਰਹੇ, ਇਸ ਸਭਾ ਦੀ ਸਥਾਪਨਾ ਦੇਸ਼ ਵੰਡ ਤੋਂ ਪੰਜ ਸਾਲ ਪਹਿਲਾਂ 1942 ਵਿਚ ਬਹਿਬਲਪੁਰ (ਹੁਸ਼ਿਆਰਪੁਰ) ਦੇ ਜੰਮਪਲ ਗਿਆਨੀ ਹਰੀ ਸਿੰਘ ਨੇ ਰੱਖੀ ਸੀ। ਉਹ ਆਪਣੇ ਜਿਊਂਦੇ ਜੀਅ ਇਸ ਦੀ ਵਾਗਡੋਰ ਪੰਜਾਬੀ ਦੇ ਉਘੇ ਪ੍ਰਕਾਸ਼ਕ ਭਾਪਾ ਪ੍ਰੀਤਮ ਸਿੰਘ ਨੂੰ ਫੜਾ ਗਏ ਸਨ। ਉਸ ਤੋਂ ਪਿਛੋਂ ਕਈ ਵਰ੍ਹੇ ਸਭਾ ਦੀਆਂ ਸਪਤਾਹਿਕ ਬੈਠਕਾਂ ਤਾਂ ਭਾਪਾ ਜੀ ਦੇ ਘਰ ਹੀ ਹੁੰਦੀਆਂ ਰਹੀਆਂ ਪਰ ਸਾਲਾਨਾ ਸਮਾਗਮ ‘ਧੁੱਪ ਦੀ ਮਹਿਫਿਲ’ ਦੇ ਰੂਪ ਵਿਚ ਨਵਯੁਗ ਫਾਰਮ ਵਿਚ ਲਗਣ ਲਗਿਆ। ਉਹ ਸਮਾਗਮ ਦਾ ਸਾਰਾ ਖਰਚ ਆਪਣੇ ਪਲਿਓਂ ਕਰਦੇ, ਮਹਿਫ਼ਲ ਨੂੰ ਯਾਦਗਾਰੀ ਬਣਾਉਣ ਲਈ ਸੁਰਿੰਦਰ ਕੌਰ ਅਤੇ ਆਸਾ ਸਿੰਘ ਮਸਤਾਨਾ ਵਰਗਿਆਂ ਦੇ ਆਉਣ ਜਾਣ ਦਾ ਵੀ।
ਇਕ ਸਾਲ ਉਨ੍ਹਾਂ ਨੇ ਇਸ ਮਹਿਫਲ ਵਿਚ ਦੇਵਿੰਦਰ ਸਤਿਆਰਥੀ ਨੂੰ ਇਕ ਲੱਖ ਰੁਪਏ ਦੀ ਥੈਲੀ ਭੇਟ ਕੀਤੀ, 25-30 ਸਾਲ ਪਹਿਲਾਂ ਜਦੋਂ ਰੁਪਏ ਵਿਚ ਵੱਡਾ ਦਮ ਸੀ। ਐਤਕੀਂ ਉਰਦੂ ਅਦੀਬ ਰਤਨ ਸਿੰਘ, ਪੰਜਾਬੀ ਗਲਪਕਾਰ ਦਲੀਪ ਕੌਰ ਟਿਵਾਣਾ ਤੇ ਪੰਜਾਬੀ ਕਵਿਤਾ ਦੇ ਨਵੇਂ ਥੰਮ ਸੁਰਜੀਤ ਪਾਤਰ ਦਾ ਸਨਮਾਨ ਕੀਤਾ ਜਾਵੇਗਾ।
ਸਭਾ ਦੀ ਵਾਗਡੋਰ ਆਪਣੇ ਹੱਥ ਲੈਣ ਪਿੱਛੋਂ ਭਾਪਾ ਪ੍ਰੀਤਮ ਸਿੰਘ ਦਿੱਲੀ ਸਰਕਾਰ ਵੱਲੋਂ ਰਾਊਜ਼ ਐਵਨਿਊ ਇੰਸਟੀਚੂਸ਼ਨਲ ਏਰੀਏ ਵਿਚ ਸਸਤੇ ਭਾਅ ਮਿਲੇ 2000 ਗਜ਼ ਦੇ ਪਲਾਟ ਉਤੇ ਵਧੀਆ ਭਵਨ ਉਸਾਰਨ ਬਾਰੇ ਵੀ ਸੋਚਣਾ ਸ਼ੁਰੂ ਕਰ ਦਿੱਤਾ। ਇਹ ਕੰਮ ਉਨ੍ਹਾਂ ਨੇ ਆਪਣੇ ਇਕ ਬਿਲਡਰ ਮਿੱਤਰ ਕੰਵਰਜੀਤ ਸਿੰਘ ਚਾਵਲਾ ਨੂੰ ਸੌਂਪ ਦਿੱਤਾ ਅਤੇ ਉਸ ਨੂੰ ਭਵਨ ਉਸਾਰੀ ਦਾ ਖਰਚਾ ਇਕ ਮੰਜ਼ਿਲ ਦੇ ਕਿਰਾਏ ਵਿਚੋਂ ਕਿਸ਼ਤਾਂ ਵਿਚ ਪ੍ਰਾਪਤ ਕਰਨ ਲਈ ਮਨਾ ਲਿਆ।
1990 ਤੋਂ ਇਸ ਭਵਨ ਵਿਚ ਸਭਾ ਕੋਲ ਵਧੀਆ ਦਫਤਰ, ਲਾਇਬ੍ਰੇਰੀ ਤੇ ਕਲਾ ਗੈਲਰੀ ਹੀ ਨਹੀਂ ਸੈਮੀਨਾਰ ਹਾਲ ਵੀ ਹੈ। ਹੁਣ ਇਹ ਸਭਾ ਪੰਜਾਬੀ ਲੇਖਕਾਂ ਨੂੰ ਦਸ 5-5 ਹਜ਼ਾਰ ਮਹੀਨੇ ਦੀਆਂ ਫੈਲੋਸ਼ਿਪਾਂ ਤੇ ਇਕ 10 ਹਜ਼ਾਰ ਰੁਪਏ ਦੀ ਸੀਨੀਅਰ ਫੈਲੋਸ਼ਿਪ ਵੀ ਦਿੰਦੀ ਹੈ। ਸੀਨੀਅਰ ਫੈਲੋਸ਼ਿਪ ਹੁਣ ਤਕ ਅੰਮ੍ਰਿਤਾ ਪ੍ਰੀਤਮ, ਨਾਟਕਕਾਰ ਗੁਰਸ਼ਰਨ ਸਿੰਘ ਤੇ ਨਾਵਲਕਾਰ ਜਸਵੰਤ ਸਿੰਘ ਕੰਵਲ ਨੂੰ ਦਿੱਤੀ ਗਈ ਹੈ। ਸਭਾ ਸਮਕਾਲੀ ਸਾਹਿਤ ਨਾਂ ਦਾ ਇਕ ਤ੍ਰੈਮਾਸਕ ਰਸਾਲਾ ਵੀ ਪ੍ਰਕਾਸ਼ਿਤ ਕਰ ਰਹੀ ਹੈ। ਹੁਣ ਤਾਂ ਸਭਾ ਨੇ ਪੰਜਾਬ ਤੇ ਇਸ ਦੇ ਨਾਲ ਲਗਦੇ ਰਾਜਾਂ ਵਿਚ ਦੋ ਸੌ ਦਿਹਾਤੀ ਲਾਇਬਰੇਰੀਆਂ ਵੀ ਸਥਾਪਿਤ ਕੀਤੀਆਂ ਹਨ। ਇਨ੍ਹਾਂ ਨੂੰ ਸਮੇਂ-ਸਮੇਂ ਮੁਫ਼ਤ ਪੁਸਤਕਾਂ ਦੇਣ ਤੋਂ ਬਿਨਾਂ ਇਕ ਦਰਜਨ ਰਸਾਲੇ ਵੀ ਭਿਜਵਾਏ ਜਾਂਦੇ ਹਨ। ਜਿਨ੍ਹਾਂ ਵਿਚ ਲੰਮੀਂ ਸਾਧਨਾ ਵਾਲੀ Ḕਪ੍ਰੀਤ ਲੜੀ’ ਤੇ Ḕਸਿਰਜਣਾ’ ਤੋਂ ਬਿਨਾਂ Ḕਕਹਾਣੀ ਪੰਜਾਬ’ ਤੇ ਕਈ ਉਹ ਰਸਾਲੇ ਵੀ ਸ਼ਾਮਿਲ ਹਨ ਜੋ ਥੋੜ੍ਹੇ ਸਮੇਂ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਹਨ।
ਇਸ ਵਾਰੀ ਦੇ ਉਤਸਵ ਦੀ ਪ੍ਰਧਾਨਗੀ ਵਰਤਮਾਨ ਰਾਜ ਸਭਾ ਮੈਂਬਰ, ਸਾਬਕਾ ਚੋਣ ਕਮਿਸ਼ਨਰ ਤੇ ਕੇਂਦਰੀ ਮੰਤਰੀ ਮਨੋਹਰ ਸਿੰਘ ਗਿੱਲ ਕਰਨਗੇ। ‘ਧੁੱਪ ਦੀ ਮਹਿਫਲ’ ਤੋਂ ਪੰਜਾਬੀ ਭਵਨ ਦਾ ਇਹ ਸਫਰ ਭਾਪਾ ਪ੍ਰੀਤਮ ਸਿੰਘ ਕਾਰਨ ਤੈਅ ਹੋਇਆ।
ਪੰਜਾਬ ਯੂਥ ਕਾਂਗਰਸ ਦੀ ਬੱਲੇ ਬੱਲੇ: ਜਦੋਂ ਦਾ ਅਮਰਪ੍ਰੀਤ ਸਿੰਘ ਲਾਲੀ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਬਣਿਆ ਹੈ, ਇਸ ਦੀਆਂ ਗਤੀਵਿਧੀਆਂ ਵਿਚ ਬੇਅੰਤ ਵਾਧਾ ਹੋਇਆ ਹੈ। ਪਿਛਲੇ ਦਿਨਾਂ ਵਿਚ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਤੋਂ ਮੋਹਾਲੀ ਹਵਾਈ ਅੱਡੇ ਤੱਕ ਅਰੰਭੀ 115 ਕਿਲੋਮੀਟਰ ਦੀ ਪੈਦਲ ਯਾਤਰਾ ਇਸ ਦਾ ਸ਼ਿਖਰ ਸੀ। ਇਸ ਦੇ ਅਰੰਭ ਸਮੇਂ ਝੰਡੀ ਵਿਖਾਉਣ ਲਈ ਪੰਜਾਬ ਕਾਂਗਰਸ ਦਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਖਟਕੜ ਕਲਾਂ ਪਹੁੰਚਿਆ ਤੇ ਮੋਰਿੰਡਾ ਪਹੁੰਚਣ ‘ਤੇ ਕਾਂਗਰਸ ਦੀ ਪ੍ਰਸਿੱਧ ਨੇਤਾ ਅੰਬਿਕਾ ਸੋਨੀ ਨੇ ਇਸ ਦਾ ਸਵਾਗਤ ਕੀਤਾ।
ਪੰਜਾਬ ਤੇ ਚੰਡੀਗੜ੍ਹ ਸਰਕਾਰ ਨੂੰ ਪੈਦਲ ਯਾਤਰਾ ਦੇ ਮੁਹਾਲੀ ਪਹੁੰਚਣ ‘ਤੇ ਪਤਾ ਨਹੀਂ ਕੀ ਡਰ ਖਾਣ ਲੱਗਿਆ ਕਿ ਇਸ ਨੇ ਪੈਰਾਂ ਵਿਚ ਛਾਲਿਆਂ ਵਾਲੇ ਯੁਵਕ-ਯੁਵਤੀਆਂ ਨੂੰ ਸੁਹਾਣਾ ਪਿੰਡ ਦੇ ਗੁਰਦੁਆਰਾ ਸ਼ਹੀਦਾਂ ਤੋਂ ਅੱਗੇ ਜਾਣ ਤੋਂ ਰੋਕਣ ਲਈ ਬੈਰੀਕੇਡ ਲਾ ਦਿੱਤੇ। ਇਥੇ ਪਹੁੰਚਣ ਤੱਕ ਪਹਿਲੇ ਯੂਥ ਪ੍ਰਧਾਨ ਵਿਜੇਇੰਦਰ ਸਿੰਗਲਾ ਦਾ ਵੱਡਾ ਟੋਲਾ ਆ ਰਲਣ ਸਦਕਾ ਇਨ੍ਹਾਂ ਦੀ ਗਿਣਤੀ ਕਾਫੀ ਹੋ ਗਈ ਸੀ। ਐਨ ਕੁਦਰਤੀ ਸੀ ਕਿ ਬਿਨਾ ਕਾਰਨ ਲਾਏ ਗਏ ਬੈਰੀਕੇਡਾਂ ਨੂੰ ਤੋੜ ਕੇ ਲੰਘਣ ਸਮੇਂ ਪੁਲਿਸ ਤੇ ਨੌਜਵਾਨਾਂ ਵਿਚ ਮੁੱਠਭੇੜ ਹੁੰਦੀ। ਪੁਲਿਸ ਹਥਿਆਰਬੰਦ ਸੀ ਤੇ ਯਾਤਰੀ ਖਾਲੀ ਹੱਥ। ਨਤੀਜੇ ਵਜੋਂ ਅਮਰਪ੍ਰੀਤ ਲਾਲੀ, ਵਿਜੇਇੰਦਰ ਸਿੰਗਲਾ ਤੇ ਇਕ ਯੁਵਤੀ ਸਮੇਤ ਅੱਧੀ ਦਰਜਨ ਯੁਵਕਾਂ ਨੂੰ ਸੱਟਾਂ ਲੱਗੀਆਂ ਤੇ ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਮੋਹਾਲੀ ਥਾਣੇ ਵਿਚ ਬੰਦ ਕਰ ਦਿੱਤਾ ਗਿਆ ਤਾਂਕਿ ਬਾਕੀ ਦੇ ਨੌਜਵਾਨ ਤਿੱਤਰ-ਬਿੱਤਰ ਹੋ ਜਾਣ।
ਸ਼ਾਇਦ ਉਨ੍ਹਾਂ ਨੂੰ ਦੁੱਖ ਸੀ ਕਿ ਯਾਤਰਾ ਦੇ ਦਿਨਾਂ ਵਿਚ ਕੇਂਦਰ ਦੀ ਏਅਰਪੋਰਟ ਅਥਾਰਟੀ ਵੱਲੋਂ ਇਹ ਬਿਆਨ ਆ ਗਿਆ ਸੀ ਕਿ ਅੱਗੇ ਤੋਂ ਕਿਸੇ ਵੀ ਹਵਾਈ ਅੱਡੇ ਦਾ ਨਾਂ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਂ ‘ਤੇ ਨਹੀਂ ਰੱਖਿਆ ਜਾਵੇਗਾ। ਇਸੇ ਬਿਆਨ ਨੇ ਪੰਜਾਬ ਸਰਕਾਰ ਦਾ ਇਹ ਦਾਵਾ ਝੁਠਲਾ ਦਿੱਤਾ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਮੁਹਾਲੀ ਵਾਲੇ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਉਤੇ ਰੱਖੇ ਜਾਣ ਲਈ ਮਨਾ ਲਿਆ ਹੈ।
ਸੂਬਾ ਪ੍ਰਧਾਨ ਲਾਲੀ ਦਾ ਕਹਿਣਾ ਹੈ ਕਿ ਪੰਜਾਬ ਯੂਥ ਕਾਂਗਰਸ ਲਾਠੀਚਾਰਜ ਦੇ ਬਾਵਜੂਦ ਚੁੱਪ ਨਹੀਂ ਬੈਠਣ ਲੱਗੀ। ਉਨ੍ਹਾਂ ਦਾ ਅਗਲਾ ਕਦਮ ਪੰਜਾਬ ਦੇ ਇਕੱਲੇ-ਇਕੱਲੇ ਪਿੰਡ ਜਾ ਕੇ ਸਰਪੰਚਾਂ ਦੀ ਸਹਿਮਤੀ ਪ੍ਰਾਪਤ ਕਰਨਾ ਹੈ। ਉਹ ਇਹ ਕਿ ਇਸ ਅੱਡੇ ਦਾ ਨਾਂ ਅਮਰ ਸ਼ਹੀਦ ਭਗਤ ਸਿੰਘ ਦੇ ਨਾਂ ਉਤੇ ਹੀ ਰੱਖਿਆ ਜਾਵੇ ਤੇ ਅੱਗੇ ਲਈ ਜੋ ਵੀ ਨੀਤੀ ਹੈ, ਅਗਾਊਂ ਐਲਾਨੀ ਜਾਵੇ। ਘੜਮੱਸ ਪੈਣ ਤੋਂ ਪਿਛੋਂ ਨਹੀਂ।
ਅੰਤਿਕਾ:
ਜਿੱਥੇ ਡੁਲ੍ਹਦਾ ਖ਼ੂਨ ਸ਼ਹੀਦਾਂ ਦਾ
ਤਕਦੀਰ ਬਦਲਦੀ ਕੌਮਾਂ ਦੀ।