ਸਿਮਰਨ ਕੌਰ
ਪਾਕਿਸਤਾਨ ਦੀ ਚਰਚਿਤ ਦਸਤਾਵੇਜ਼ੀ ਫਿਲਮਸਾਜ਼ ਸ਼ਰਮੀਨ ਉਬੈਦ-ਚਿਨੌਇ ਦੀ ਫਿਲਮ ‘ਏ ਗਰਲ ਇਨ ਦਿ ਰਿਵਰ: ਦਿ ਪਰਾਈਸ ਆਫ ਫੌਰਗਿਵਨੈਸ’ ਨੂੰ 88ਵੇਂ ਅਕਾਦਮੀ ਇਨਾਮਾਂ ਲਈ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਆਸਕਰ ਇਨਾਮਾਂ ਦਾ ਐਲਾਨ ਅਗਲੇ ਮਹੀਨੇ 28 ਫਰਵਰੀ ਨੂੰ ਕੀਤਾ ਜਾਣਾ ਹੈ।
‘ਏ ਗਰਲ ਇਨ ਦਿ ਰਿਵਰ: ਦਿ ਪਰਾਈਸ ਆਫ ਫੌਰਗਿਵਨੈਸ’ ਕਥਿਤ ਅਣਖ ਖਾਤਰ ਕੁੜੀਆਂ ਦੇ ਕਤਲ ਨਾਲ ਸਬੰਧਤ ਹੈ। ਇਸ ਵਿਚ 18 ਸਾਲ ਦੀ ਉਸ ਮੁਟਿਆਰ ਦਾ ਦਰਦ ਬਿਆਨ ਕੀਤਾ ਗਿਆ ਹੈ ਜੋ ਆਪਣੇ ਘਰਦਿਆਂ ਦੇ ਹਮਲੇ ਤੋਂ ਬਾਅਦ ਆਪਣੀ ਕਹਾਣੀ ਦੁਨੀਆਂ ਨੂੰ ਸੁਣਾਉਣ ਲਈ ਬਚ ਗਈ ਸੀ। ਇਹ ਫਿਲਮ ਪਿਛਲੇ ਸਾਲ 28 ਅਕਤੂਬਰ ਨੂੰ ਰਿਲੀਜ਼ ਹੋਈ ਸੀ ਅਤੇ ਇਸੇ ਸਾਲ ਐਚæਬੀæਓæ ਨੇ ਇਹ ਫਿਲਮ ਦਿਖਾਈ ਸੀ। ਕੁੱਲ 40 ਮਿੰਟਾਂ ਦੀ ਇਹ ਫਿਲਮ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਬਣਾਈ ਗਈ ਹੈ। ਆਮ ਦਰਸ਼ਕਾਂ ਅਤੇ ਫਿਲਮ ਆਲੋਚਕਾਂ ਨੇ ਇਸ ਫਿਲਮ ਨੂੰ ਖੂਬ ਹੰਗਾਰਾ ਭਰਿਆ ਹੈ।
ਸ਼ਰਮੀਨ ਨੇ ਆਪਣਾ ਕਰੀਅਰ 2002 ਵਿਚ ਫਿਲਮ ‘ਟੈਰਰ’ਜ਼ ਚਿਲਡਰਨ’ ਨਾਲ ਸ਼ੁਰੂ ਕੀਤਾ ਸੀ। ਹੁਣ ਤੱਕ ਉਹ 20 ਫਿਲਮਾਂ ਬਣਾ ਚੁੱਕੀ ਹੈ। ਇਨ੍ਹਾਂ ਵਿਚੋਂ ‘ਪਾਕਿਸਤਾਨ’ਜ਼ ਤਾਲਿਬਾਨ ਜੈਨਰੇਸ਼ਨ’ ਅਤੇ ‘ਸੇਵਿੰਗ ਫੇਸ’ ਨੂੰ ਵੱਖ-ਵੱਖ ਕੌਮੀ ਤੇ ਕੌਮਾਂਤਰੀ ਇਨਾਮ ਮਿਲ ਚੁੱਕੇ ਹਨ। ‘ਸੇਵਿੰਗ ਫੇਸ’ ਔਰਤਾਂ ਉਤੇ ਤੇਜ਼ਾਬੀ ਹਮਲਿਆਂ ਨਾਲ ਸਬੰਧਤ ਹੈ ਅਤੇ ‘ਪਾਕਿਸਤਾਨ’ਜ਼ ਤਾਲਿਬਾਨ ਜੈਨਰੇਸ਼ਨ’ ਵਿਚ ਤਾਲਿਬਾਨ ਦੀ ਕੱਟੜਤਾ ਅਤੇ ਹਿੰਸਾ ਦੀ ਮਾਰ ਹੇਠ ਆਏ ਬੱਚਿਆਂ ਦੀ ਬਾਤ ਪਾਈ ਗਈ ਹੈ। ਪਿਛਲੇ ਸਾਲ ਹੀ ਉਸ ਨੇ ਲਾਹੌਰ ਬਾਰੇ 82 ਮਿੰਟਾਂ ਦੀ ਫਿਲਮ ‘ਸੌਂਗ ਆਫ ਲਾਹੌਰ’ ਰਿਲੀਜ਼ ਕੀਤੀ ਹੈ। ਇਸ ਫਿਲਮ ਵਿਚ ਲਾਹੌਰ ਦਾ ਇਤਿਹਾਸ ਫਰੋਲਿਆ ਗਿਆ ਹੈ।
12 ਨਵੰਬਰ 1978 ਨੂੰ ਜਨਮੀ ਸ਼ਰਮੀਨ ਪੱਤਰਕਾਰ ਵੀ ਹੈ। ਉਸ ਦਾ ਜਨਮ ਕਰਾਚੀ ਵਿਚ ਸ਼ੇਖ ਉਬੈਦ ਅਤੇ ਸਮਾ ਉਬੈਦ ਦੇ ਘਰੇ ਹੋਇਆ। ਮੁੱਢਲੀ ਸਿੱਖਿਆ ਉਸ ਨੇ ਕਰਾਚੀ ਤੋਂ ਹੀ ਹਾਸਲ ਕੀਤੀ ਅਤੇ ਫਿਰ ਅਮਰੀਕਾ ਪੁੱਜ ਗਈ ਜਿਥੇ ਉਸ ਨੇ ਸਮਿਥ ਕਾਲਜ ਤੋਂ ਗਰੈਜੂਏਸ਼ਨ ਅਤੇ ਫਿਰ ਸਟੈਨਫਰਡ ਯੂਨੀਵਰਸਿਟੀ ਤੋਂ ਪੋਸਟ ਗਰੈਜੂਏਸ਼ਨ ਕੀਤੀ। ਉਥੇ ਹੀ ਉਸ ਨੇ ਫਾਹਦ ਚਿਨੌਇ ਨਾਲ ਵਿਆਹ ਕਰਵਾ ਲਿਆ ਅਤੇ ਹੁਣ ਉਹ ਇਕ ਬੇਟੀ ਅਮੈਲਿਆ ਚਿਨੌਇ ਦੀ ਮਾਂ ਹੈ। ਉਹ ਆਖਦੀ ਹੈ ਕਿ ਉਹ ਫਿਲਮਾਂ ਆਪਣੀ ਧੀ ਲਈ ਬਣਾਉਂਦੀ ਹੈ। ਉਹ ਚਾਹੁੰਦੀ ਹੈ ਕਿ ਪਾਕਿਸਤਾਨ ਦੀਆਂ ਧੀਆਂ ਵੀ ਉਸ ਦੀ ਧੀ ਵਾਂਗ ਉਚੀ ਪਰਵਾਜ਼ ਭਰਨ ਦੇ ਸਮਰੱਥ ਹੋਣ।
ਯਾਦ ਰਹੇ ਕਿ ਸ਼ਰਮੀਨ ਆਪਣੀ ਫਿਲਮ ‘ਸੇਵਿੰਗ ਫੇਸ’ ਲਈ ਸਰਵੋਤਮ ਫਿਲਮ ਦਾ ਇਨਾਮ ਹਾਸਲ ਕਰ ਚੁੱਕੀ ਹੈ। ਇਹ ਫਿਲਮ 2012 ਵਿਚ ਬਣਾਈ ਗਈ ਸੀ। ਕਲਾ ਦੇ ਖੇਤਰ ਵਿਚ ਪਾਏ ਯੋਗਦਾਨ ਬਦਲੇ ਪਾਕਿਸਤਾਨ ਦੀ ਸਰਕਾਰ ਨੇ ਉਸ ਨੂੰ ਸਿਵਲੀਅਨ ਖਿਤਾਬ ‘ਹਿਲਾਲ-ਏ-ਇਮਤਿਆਜ਼’ ਨਾਲ ਨਵਾਜਿਆ। 2012 ਵਿਚ ਪ੍ਰਸਿੱਧ ਮੈਗਜ਼ੀਨ ‘ਟਾਈਮ’ ਨੇ ਸੰਸਾਰ ਦੀਆਂ 100 ਅਹਿਮ ਸ਼ਖਸੀਅਤਾਂ ਦੀ ਸਾਲਾਨਾ ਸੂਚੀ ਵਿਚ ਉਸ ਦਾ ਨਾਂ ਸ਼ਾਮਲ ਕੀਤਾ ਸੀ। ਪਿਛਲੇ ਸਾਲ ਹੀ ਉਸ ਨੇ ਇਕ ਹੋਰ ਫਿਲਮ ‘3 ਬਹਾਦਰ’ ਰਿਲੀਜ਼ ਕੀਤੀ ਸੀ। ਇਹ ਪਾਕਿਸਤਾਨ ਦੀ ਪਹਿਲੀ ਐਨੀਮੇਸ਼ਨ ਫਿਲਮ ਸੀ ਅਤੇ ਇਸ ਵਿਚ ਤਿੰਨ ਬਹਾਦਰ ਨੌਜਵਾਨਾਂ ਆਮਨਾ, ਕਾਮਿਲ ਅਤੇ ਸਾਅਦੀ ਦੀ ਬਹਾਦਰੀ ਦਾ ਕਿੱਸਾ ਸੁਣਾਇਆ ਗਿਆ ਹੈ। ਇਸ ਫਿਲਮ ਨੇ ਪਾਕਿਸਤਾਨ ਵਿਚ ਰਿਕਾਰਡ 65 ਲੱਖ ਰੁਪਏ ਕਮਾਏ ਸਨ।