ਪੂਰੇ ਮੁਲਕ ਦੁਆਰਾ ਕੀਤੇ ਕਤਲ ਦੀ ਚਸ਼ਮਦੀਦ ਫਿਲਮ

ਕੁਲਦੀਪ ਕੌਰ
ਫਿਲਮ ‘ਇਕ ਡਾਕਟਰ ਦੀ ਮੌਤ’ ਨਿਰਦੇਸ਼ਕ ਤਪਨ ਸਿਨਹਾ ਦੀ ਆਖਰੀ ਫਿਲਮ ਸੀ। ਇਹ ਫਿਲਮ ਇਕ ਬੰਗਾਲੀ ਡਾਕਟਰ ਦੁਆਰਾ ਟੈਸਟ ਟਿਊਬ ਬੇਬੀ ਪੈਦਾ ਕਰਨ ਦੀ ਮਹਤੱਵਪੂਰਨ ਖੋਜ ਤੋਂ ਬਾਅਦ ਉਸ ਨਾਲ ਵਾਪਰੀਆਂ ਤਰਾਸਦੀਆਂ ਨੂੰ ਮੁਲਕ ਦੇ ਆਵਾਮ ਦੀ ਕਚਹਿਰੀ ਵਿਚ ਪੇਸ਼ ਕਰਦੀ ਹੈ। ਪਹਿਲੀ ਤਰਾਸਦੀ ਉਸ ਨਾਲ ਇਸ ਲਈ ਵਾਪਰਦੀ ਹੈ ਕਿ ਉਹ ਭਾਰਤ ਵਰਗੇ ਮਾੜੇ-ਧੀੜੇ ਮੁਲਕ ਵਿਚ ਪੈਦਾ ਹੋ ਕੇ ਅਜਿਹੀ ਮਹਤੱਵਪੂਰਨ ਖੋਜ ਕਰਨ ਵਿਚ ਕਾਮਯਾਬ ਕਿਵੇਂ ਹੋ ਗਿਆ, ਕਿਉਂਕਿ ਅਜਿਹੀਆਂ ‘ਮਹਾਨ ਖੋਜਾਂ’ ਤਾਂ ਸਿਰਫ ਪੱਛਮੀ ਸਾਇੰਸਦਾਨ ਹੀ ਕਰ ਸਕਦੇ ਹਨ!

ਇਹੀ ਸਵਾਲ ਕਦੇ ਨਾ ਕਦੇ ਹਰਗੋਬਿੰਦ ਖੁਰਾਣਾ ਅਤੇ ਰੁਚੀ ਰਾਮ ਸਾਹਨੀ ਨੂੰ ਵੀ ਪੁੱਛੇ ਗਏ ਹੋਣਗੇ। ਇਹ ਸਵਾਲ ਉਸ ਸਮੇਂ ਹੋਰ ਵੀ ਜ਼ਿਆਦਾ ਦੁੱਖਦਾਈ ਅਤੇ ਬੇਦਰਦ ਹੋ ਨਿਬੜਦੇ ਹਨ ਜਦੋਂ ਵਿਗਿਆਨ ਤੇ ਕਲਾ ਦੀ ਲੋਅ ਨੂੰ ਪ੍ਰਨਾਈਆਂ ਇਨ੍ਹਾਂ ਜ਼ਿੰਦੜੀਆਂ ਲਈ ਸੂਲੀ ਤਿਆਰ ਕਰਨ ਵਾਲੀ ਇਨ੍ਹਾਂ ਦੀ ਆਪਣੀ ਸਰਕਾਰ, ਸਮਾਜ ਤੇ ਆਵਾਮ ਹੈ।
ਦੂਜੀ ਤਰਾਸਦੀ ਉਸ ਦੇ ਕੰਮ ਦੀ ਬੇਕਦਰੀ ਹੈ। ਆਪਣਾ ਸਾਰਾ ਕੁਝ ਦਾਅ ‘ਤੇ ਲਾ ਕੇ ਕਲਾ, ਵਿਗਿਆਨ ਤੇ ਸਾਹਿਤ ਦੇ ਖੇਤਰਾਂ ਵਿਚ ਯੁੱਗ ਪਲਟਾਉਣ ਵਾਲਿਆਂ ਦਾ ਸਫਰ ਇੰਨਾ ਇਕੱਲਾ, ਜੋਖਮ ਭਰਿਆ ਤੇ ਰੂਹ ਨੂੰ ਛਿੱਲ ਦੇਣ ਵਾਲਾ ਕਿਉਂ ਹੁੰਦਾ ਹੈ? ਇਸ ਫਿਲਮ ਦੀ ਪ੍ਰੇਰਨਾ ਬਣਨ ਵਾਲਾ ਡਾਕਟਰ ਵੀ ਟੈਸਟ ਟਿਊਬ ਬੇਬੀ ਦੀ ਖੋਜ ਦੀ ਕਲਗੀ ਅਮਰੀਕਨਾਂ ਦੇ ਸਿਰ ਸਜਣ ਤੋਂ ਨਿਰਾਸ਼ ਹੋਇਆ ਖੁਦਕੁਸ਼ੀ ਕਰ ਜਾਂਦਾ ਹੈ, ਪਰ ਫਿਲਮ ਵਿਚ ਤਪਨ ਸਿਨਹਾ ਆਪਣੇ ਸਿਰਜੇ ਕਿਰਦਾਰ, ਡਾਕਟਰ ਦੀਪਾਂਕਰ ਰਾਏ ਨੂੰ ਮਰਨ ਨਹੀਂ ਦਿੰਦਾ। ਸਾਰਥਕ ਸਿਨੇਮਾ ਦੀ ਖੂਬਸੂਰਤੀ ਹੀ ਜ਼ਿੰਦਗੀ ਅਤੇ ਉਮੀਦ ਦੇ ਹੱਕ ਵਿਚ ਖੜ੍ਹਨ ਵਿਚ ਹੈ।
ਫਿਲਮ ਵਿਚ ਡਾਕਟਰ ਦੀਪਾਂਕਰ ਰਾਏ (ਪੰਕਜ ਕਪੂਰ) ਸਰਕਾਰੀ ਡਾਕਟਰ ਹੈ ਜੋ ਆਪਣੇ ਘਰ ਵਿਚ ਹੀ ਪ੍ਰਯੋਗਸ਼ਾਲਾ ਤਿਆਰ ਕਰਦਾ ਹੈ ਜਿਥੇ ਉਹ ਦਿਨ ਭਰ ਨੌਕਰੀ ਕਰਨ ਤੋਂ ਬਾਅਦ ਆਪਣੀ ਪਤਨੀ ਅਤੇ ਆਲੇ-ਦੁਆਲੇ ਤੋਂ ਬੇਖਬਰ ਦਿਨ-ਰਾਤ ਕੋਹੜ ਦੀ ਬਿਮਾਰੀ ਦਾ ਟੀਕਾ ਬਣਾਉਣ ਲਈ ਰੁੱਝਿਆ ਰਹਿੰਦਾ ਹੈ। ਵਰ੍ਹਿਆਂ ਬੱਧੀ ਮਿਹਨਤ ਤੋਂ ਬਾਅਦ ਉਹ ਕੋਹੜ ਦਾ ਟੀਕਾ ਤਿਆਰ ਕਰ ਲੈਂਦਾ ਹੈ। ਉਸ ਦੁਆਰਾ ਤਿਆਰ ਕੀਤਾ ਟੀਕਾ ਬਾਂਝਪਣ ਵੀ ਦੂਰ ਕਰ ਸਕਦਾ ਹੈ। ਜਦੋਂ ਉਹ ਇਸ ਖੋਜ ਬਾਰੇ ਆਪਣੇ ਉਚ-ਅਧਿਕਾਰੀ ਨਾਲ ਗੱਲ ਕਰਦਾ ਹੈ ਤਾਂ ਉਹ ਖੋਜ ਦੀ ਪ੍ਰਮਾਣਕਿਤਾ ‘ਤੇ ਸਵਾਲ ਖੜ੍ਹੇ ਕਰਦਾ ਹੈ। ਡਾਕਟਰ ਦਾ ਪੱਤਰਕਾਰ ਦੋਸਤ ਉਸ ਦੀ ਇਸ ਖੋਜ ਲਈ ਸਹਾਇਤਾ ਦੇ ਮੰਤਵ ਨਾਲ ਇਸ ਬਾਰੇ ਅਖਬਾਰ ਵਿਚ ਖਬਰ ਲਿਖ ਦਿੰਦਾ ਹੈ। ਕਲਕੱਤੇ (ਹੁਣ ਕੋਲਕਾਤਾ) ਦੇ ਬਾਂਝਪਣ ਮਾਹਿਰਾਂ ਨੂੰ ਹੱਥਾਂ-ਪੈਰਾਂ ਦੀ ਪੈ ਜਾਂਦੀ ਹੈ, ਕਿਉਂਕਿ ਬੱਚਾ ਪੈਦਾ ਕਰਨ ਦੀ ਸਮਾਜਕ ਜ਼ਰੂਰਤ ਅਤੇ ਭਾਵਨਾਤਮਕ ਸ਼ੋਸ਼ਣ ‘ਤੇ ਹੀ ਤਾਂ ਉਨ੍ਹਾਂ ਦਾ ਸਾਰਾ ਕਾਰੋਬਾਰ ਟਿਕਿਆ ਹੋਇਆ ਹੈ! ਹੁਣ ਮਾਮੂਲੀ ਟੀਕਾ ਉਨ੍ਹਾਂ ਦੀ ਕਰੋੜਾਂ ਦੀ ਕਮਾਈ ਕਿਵੇਂ ਨਿਗਲ ਸਕਦਾ ਹੈ? ਉਹ ਮਿਲ ਕੇ ਡਾਕਟਰ ਦੀ ਆਲੋਚਨਾ ਸ਼ੁਰੂ ਕਰ ਦਿੰਦੇ ਹਨ। ਡਾਕਟਰ ਦੀ ਖੋਜ ਕਲਪਨਾ ‘ਤੇ ਆਧਾਰਿਤ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੌਲੀ-ਹੌਲੀ ਸਰਕਾਰੀ ਅਧਿਕਾਰੀ ਉਸ ਨੂੰ ਆਨੀਂ-ਬਹਾਨੀਂ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੇ ਹਨ। ਉਸ ਦੇ ਕੰਮ ਵਿਚ ਉਸ ਦਾ ਆਪਣਾ ਵਿਭਾਗ ਹਾਸੋ-ਹੀਣੀਆਂ ਗਲਤੀਆਂ ਕੱਢਣ ਲੱਗਦਾ ਹੈ। ਆਖਰੀ ਹਥਿਆਰ ਦੇ ਤੌਰ ‘ਤੇ ਉਸ ਦੀ ਬਦਲੀ ਦੂਰ-ਦੁਰਾਡੇ ਪਿੰਡ ਵਿਚ ਕਰ ਦਿੱਤੀ ਜਾਂਦੀ ਹੈ ਤਾਂ ਕਿ ਉਹ ਆਪਣੇ ਖੋਜ-ਪੱਤਰ ਪੂਰੇ ਨਾ ਕਰ ਸਕੇ।
ਅਜਿਹੇ ਸਮੇਂ ਦੌਰਾਨ ਉਮੀਦ ਦੀ ਕਿਰਨ ਉਦੋਂ ਜਾਗਦੀ ਹੈ ਜਦੋਂ ਉਸ ਦਾ ਸੀਨੀਅਰ ਡਾਕਟਰ ਉਸ ਦੀ ਖੋਜ ਦੇ ਸਿੱਟਿਆਂ ਦਾ ਖਰੜਾ ਅਮਰੀਕਾ ਦੀ ਨਾਮੀ ਸੰਸਥਾ ਨੂੰ ਭੇਜਦਾ ਹੈ, ਕਿਉਂਕਿ ਉਸ ਦਾ ਆਪਣਾ ਤਜਰਬਾ ਹੈ ਕਿ ਜਿੰਨਾ ਮਰਜ਼ੀ ਮਹਤੱਵਪੂਰਨ ਖੋਜ ਜਾਂ ਕੰਮ ਹੋਵੇ, ਜਦ ਤੱਕ ਉਸ ‘ਤੇ ਕਿਸੇ ਪੱਛਮੀ ਸੰਸਥਾ ਦੀ ਮਾਨਤਾ ਦਾ ਠੱਪਾ ਨਹੀਂ ਲੱਗੇਗਾ, ਇਸ ਮੁਲਕ ਵਿਚ ਉਸ ਦੀ ਕੋਈ ਵੁਕਅਤ ਨਹੀਂ। ਅਮਰੀਕਨ ਸੰਸਥਾ ਜਾਨ ਐਂਡਰਸਨ ਫਾਊਂਡੇਸ਼ਨ ਆਪਣੇ ਪ੍ਰਤੀਨਿਧੀ ਡਾਕਟਰ ਇਮਾਇਲੀ ਨੂੰ ਉਸ ਪਿੰਡ ਵਿਚ ਭੇਜਦੀ ਹੈ ਜਿਥੇ ਡਾਕਟਰ ਰਾਏ ਦੀ ਬਦਲੀ ਕਰ ਦਿੱਤੀ ਗਈ ਹੈ। ਉਹ ਉਸ ਦੀ ਖੋਜ ਅਤੇ ਤੱਥਾਂ ਤੋਂ ਬੇਹੱਦ ਪ੍ਰਭਾਵਿਤ ਹੁੰਦੀ ਹੈ ਤੇ ਜਲਦੀ ਤੋਂ ਜਲਦੀ ਸਾਰਾ ਲਿਖਤੀ ਖਰੜਾ ਭੇਜਣ ਦੀ ਤਾਕੀਦ ਕਰਦੀ ਹੈ। ਦੋਸਤਾਂ-ਮਿੱਤਰਾ ਦੇ ਸਾਂਝੇ ਯਤਨਾਂ ਸਦਕਾ ਉਸ ਦੀ ਬਦਲੀ ਦੁਬਾਰਾ ਕਲਕੱਤੇ ਹੋ ਜਾਂਦੀ ਹੈ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੈ। ਉਸ ਨੂੰ ਪਤਾ ਚਲਦਾ ਹੈ ਕਿ ਇਕ ਵੱਕਾਰੀ ਸੰਸਥਾ ਨੇ ਟੀਕਾ ਬਣਾਉਣ ਦੀ ਮਨਜ਼ੂਰੀ ਲੈਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਦੋ ਵਿਗਿਆਨੀਆਂ ਨੂੰ ਇਸ ਲਈ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। ਦਿਲਚਸਪ ਤੱਥ ਇਹ ਹੁੰਦਾ ਹੈ ਕਿ ਟੀਕਾ ਵਿਕਿਸਤ ਕਰਨ ਦੀ ਪੂਰੀ ਪ੍ਰਕਿਰਿਆ ਡਾਕਟਰ ਰਾਏ ਵਾਲੀ ਹੀ ਹੈ। ਹੈਰਾਨੀ ਵਿਚ ਉਸ ਦੇ ਮੂੰਹੋਂ ਨਿਕਲਦਾ ਹੈ, “ਮੈਨੂੰ ਪਤਾ ਸੀ ਕਿ ਮੇਰੀ ਖੋਜ ਝੂਠ ਨਹੀਂ ਹੋ ਸਕਦੀ।” ਇਸ ਤਰ੍ਹਾਂ ਸਾਰਾ ਮੁਲਕ ਆਪਣੀ ਤੰਗ-ਦਿਲੀ ਨਾਲ ਆਪਣੀ ਹੀ ਪ੍ਰਤਿਭਾ ਦਾ ਕਤਲ ਕਰ ਲੈਂਦਾ ਹੈ।