ਪੰਜਾਬ ਵਿਚ ਵਿਧਾਨ ਸਭਾਈ ‘ਮਿਸ਼ਨ-2017’ ਤੋਂ ਪਹਿਲਾਂ ‘ਮਿਸ਼ਨ-ਖਡੂਰ ਸਾਹਿਬ’ ਆ ਗਿਆ ਹੈ। ਚੋਣ ਕਮਿਸ਼ਨ ਨੇ ਇਸ ਵਿਧਾਨ ਸਭਾ ਹਲਕੇ ਤੋਂ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਸ ਹਲਕੇ ‘ਤੇ ਉਪ-ਚੋਣ ਤਹਿਤ ਵੋਟਾਂ 13 ਫਰਵਰੀ ਨੂੰ ਪੈਣਗੀਆਂ। ਪਿਛਲੇ ਸਾਲ ਅਕਤੂਬਰ ਵਿਚ ਇਸ ਹਲਕੇ ਤੋਂ ਵਿਧਾਇਕ ਅਤੇ ਕਾਂਗਰਸੀ ਲੀਡਰ ਰਮਨਜੀਤ ਸਿੰਘ ਸਿੱਕੀ ਨੇ ਬੇਅਦਬੀ ਦੀਆਂ ਘਟਨਾਵਾਂ ਖਿਲਾਫ ਰੋਸ ਜ਼ਾਹਿਰ ਕਰਦਿਆਂ, ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਸੀ।
ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਨੇ ਇਸ ਚੋਣ ਨੂੰ ਟਾਲਣ ਖਾਤਰ ਪਹਿਲਾਂ ਉਨ੍ਹਾਂ ਦਾ ਅਸਤੀਫਾ ਸਵੀਕਾਰ ਨਹੀਂ ਸੀ ਕੀਤਾ, ਪਰ ਆਖਰਕਾਰ ਸਪੀਕਰ ਨੂੰ ਨਵੰਬਰ ਵਿਚ ਅਸਤੀਫਾ ਸਵੀਕਾਰ ਕਰਨਾ ਪਿਆ। ਹੁਣ ਚੋਣ ਕਮਿਸ਼ਨ ਦੇ ਐਲਾਨ ਨਾਲ ਸਿਆਸੀ ਸਰਗਰਮੀ ਰਾਤੋ-ਰਾਤ ਭਖ ਪਈ ਹੈ। ਆਮ ਆਦਮੀ ਪਾਰਟੀ (ਆਪ) ਜੋ ਅਗਲੇ ਸਾਲ ਪੰਜਾਬ ਵਿਚ ਆਪਣੀ ਸਰਕਾਰ ਕਾਇਮ ਕਰਨ ਦਾ ਦਾਅਵਾ ਕਰਦੀ ਹੈ, ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਉਹ ਇਸ ਉਪ-ਚੋਣ ਵਿਚ ਹਿੱਸਾ ਨਹੀਂ ਲਵੇਗੀ। ‘ਆਪ’ ਤੋਂ ਵੱਖ ਹੋਈਆਂ ਦੋ ਧਿਰਾਂ ਇਸ ਚੋਣ ਲਈ ਆਪਣੇ ਖੰਭ ਪਹਿਲਾਂ ਹੀ ਤੋਲ ਰਹੀਆਂ ਹਨ। ਸਵਰਾਜ ਲਹਿਰ ਵੱਲੋਂ ਭਾਈ ਬਲਦੀਪ ਸਿੰਘ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ‘ਆਪ’ ਉਮੀਦਵਾਰ ਵਜੋਂ ਚੋਣ ਲੜੀ ਸੀ। ਇਸੇ ਤਰ੍ਹਾਂ ਪੰਜਾਬ ਸਾਂਝੀਵਾਲ ਮੋਰਚੇ ਵੱਲੋਂ ਨੌਜਵਾਨ ਵਿਦਵਾਨ ਸੁਮੇਲ ਸਿੰਘ ਸਿੱਧੂ ਮੈਦਾਨ ਵਿਚ ਹਨ ਅਤੇ ਉਹ ਦਸੰਬਰ ਤੋਂ ਚੋਣ ਸਰਗਰਮੀਆਂ ਵਿਚ ਰੁੱਝੇ ਹੋਏ ਹਨ। ਬਜ਼ੁਰਗ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦੇ ਪੁੱਤਰ ਰਵਿੰਦਰ ਸਿੰਘ ਬ੍ਰਹਮਪੁਰਾ ਦੇ ਅਕਾਲੀ ਦਲ ਵੱਲੋਂ ਉਮੀਦਵਾਰ ਬਣਨ ਦੀਆਂ ਕਿਆਸ-ਅਰਾਈਆਂ ਹਨ। ਇਸ ਚੋਣ ਦੇ ਮੱਦੇਨਜ਼ਰ ਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਿਛਲੇ ਕਈ ਦਿਨਾਂ ਤੋਂ ਇਸ ਹਲਕੇ ਵਿਚ ਸੰਗਤ ਦਰਸ਼ਨਾਂ ਦੀ ਲੜੀ ਚਲਾ ਰਹੇ ਹਨ। ਹੋਰ ਕਈ ਥਾਂਈਂ ਸਮਾਗਮਾਂ ਵਾਂਗ ਇਸ ਹਲਕੇ ਵਿਚ ਵੀ ਉਨ੍ਹਾਂ ਨੂੰ ਲੋਕਾਂ ਦੇ ਸਿੱਧੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਲਈ ਇਹ ਚੋਣ ਇਕ ਤਰ੍ਹਾਂ ਨਾਲ ਵੱਕਾਰ ਦਾ ਸਵਾਲ ਬਣੀ ਹੋਈ ਹੈ। ਸਿਆਸੀ ਅਤੇ ਚੋਣ ਵਿਸ਼ਲੇਸ਼ਕਾਰਾਂ ਮੁਤਾਬਕ, ਇਸ ਉਪ-ਚੋਣ ਤੋਂ ‘ਮਿਸ਼ਨ-2017’ ਵਾਲੇ ਨਤੀਜਿਆਂ ਦੀ ਮਾੜੀ-ਮੋਟੀ ਸੂਹ ਤਾਂ ਮਿਲ ਹੀ ਜਾਵੇਗੀ।
ਪਹਿਲਾਂ ਪਾਵਨ ਬੀੜਾਂ ਦੀ ਬੇਅਦਬੀ ਅਤੇ ਹੁਣ ਪਠਾਨਕੋਟ ਦੇ ਦਹਿਸ਼ਤੀ ਹਮਲੇ ਤੋਂ ਬਾਅਦ ਪੰਜਾਬ ਦਾ ਸਿਆਸੀ ਮਾਹੌਲ ਵਾਹਵਾ ਭਖਿਆ ਹੋਇਆ ਹੈ। ਇਨ੍ਹਾਂ ਦੋ ਘਟਨਾਵਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸੱਤਾ ਵਿਚ ਭਾਈਵਾਲ ਭਾਰਤੀ ਜਨਤਾ ਪਾਰਟੀ ਦੀ ਕੰਡ ਰਤਾ ਕੁ ਮਰ ਗਈ ਹੈ। ਅਸਲ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖਿਲਾਫ ਮੁਲਕ ਭਰ ਵਿਚ ਉਠੀ ਵਿਰੋਧੀ ਲਹਿਰ ਨੇ ਇਸ ਪਾਰਟੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾਈ ਹੋਈ ਹੈ। ਪਹਿਲਾਂ ਦਿੱਲੀ ਵਿਧਾਨ ਸਭਾ ਅਤੇ ਫਿਰ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਕਰਾਰੀਆਂ ਹਾਰਾਂ ਤੋਂ ਬਾਅਦ ਸਮਝਿਆ ਇਹ ਜਾ ਰਿਹਾ ਹੈ ਕਿ ਮੋਦੀ ਦਾ ਜਾਦੂ ਹੁਣ ਟੁੱਟ ਚੁੱਕਾ ਹੈ। ਹੁਣ ਇਸ ਪਾਰਟੀ ਨੂੰ ਆਪਣੇ ਬਲਬੂਤੇ ਮੈਦਾਨ ਵਿਚ ਕਾਰਗੁਜ਼ਾਰੀ ਦਿਖਾਉਣੀ ਪਵੇਗੀ। ਇਸ ਪਾਰਟੀ ਦੀ ਪੰਜਾਬ ਇਕਾਈ ਨੂੰ ਚਾਨਣ ਹੋ ਗਿਆ ਲਗਦਾ ਹੈ ਕਿ ਪੰਜਾਬ ਵਿਚ ਆਪ ਨੂੰ ਮਿਲ ਰਹੇ ਹੁੰਗਾਰੇ ਅਤੇ ਕੈਪਟਨ ਨੂੰ ਕਾਂਗਰਸ ਦੀ ਕਮਾਨ ਮਿਲਣ ਕਾਰਨ ਇਸ ਦੀ ਬਹੁਤੀ ਵੱਟੀ ਨਹੀਂ ਰਹੀ ਹੈ। ਇਸ ਸੂਰਤੇ-ਹਾਲ ਨੇ ਹੀ ਇਸ ਪਾਰਟੀ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ਨਾਲ ਨਰਮਾਈ ਦੇ ਰਾਹ ਪਾ ਦਿੱਤਾ ਹੈ।
ਇਸੇ ਦੌਰਾਨ ਪਠਾਨਕੋਟ ਵਾਲੇ ਹਮਲੇ ਨੇ ਸਿਆਸੀ ਸਮੀਕਰਨ ਕੁਝ ਕੁ ਹੋਰ ਨਿਤਾਰ ਦਿੱਤੇ ਹਨ। ਹੁਣ ਤੱਕ ਦੀ ਛਾਣ-ਬੀਣ ਦੱਸਦੀ ਹੈ ਕਿ ਦਹਿਸ਼ਤਗਰਦਾਂ ਨੇ ਪੰਜਾਬ ਅੰਦਰ ਦਾਖਲ ਹੋਣ ਲਈ ਉਹ ਰੂਟ ਫੜਿਆ ਜਿਥੋਂ ਨਸ਼ਿਆਂ ਦੀ ਸਮਗਲਿੰਗ ਹੁੰਦੀ ਹੈ। ਇਸ ਨਾਲ ਸਰਹੱਦ ਉਤੇ ਤਾਇਨਾਤ ਸੁਰੱਖਿਆ ਏਜੰਸੀਆਂ ਦੀ ਕਾਰਗੁਜ਼ਾਰੀ ਤਾਂ ਜਾਂਚ ਦੇ ਘੇਰੇ ਵਿਚ ਆਈ ਹੀ ਹੈ, ਇਹ ਵੀ ਸਾਬਤ ਹੋ ਗਿਆ ਹੈ ਕਿ ਨਸ਼ਿਆਂ ਦੀ ਆਮਦ ਵਿਚ ਪੁਲਿਸ ਸਮੇਤ ਸੁਰੱਖਿਆ ਏਜੰਸੀਆਂ ਅਤੇ ਸਿਆਸੀ ਆਗੂਆਂ ਦੀ ਮਿਲੀਭੁਗਤ ਹੈ। ਨਸ਼ਿਆਂ ਦੇ ਮਾਮਲੇ ‘ਤੇ ਪੰਜਾਬ ਅੰਦਰ ਸਿਆਸਤ ਖੂਬ ਭਖੀ ਹੋਈ ਹੈ। ਐਤਕੀਂ ਵਿਧਾਨ ਸਭਾ ਚੋਣਾਂ ਦੌਰਾਨ ਇਹ ਮੁੱਖ ਮੁੱਦਾ ਬਣਨ ਦੇ ਵੀ ਇਮਕਾਨ ਹਨ। ਉਂਜ ਵੀ ਨਸ਼ਿਆਂ ਨੇ ਜਿਸ ਤਰ੍ਹਾਂ ਪੰਜਾਬ ਦੇ ਬਹੁਗਿਣਤੀ ਨੌਜਾਵਾਨਾਂ ਨੂੰ ਰੋਲਿਆ ਹੈ, ਉਸ ਤੋਂ ਜਾਪਦਾ ਹੀ ਸੀ ਕਿ ਇਕ ਦਿਨ ਇਹ ਮੁੱਦਾ ਇਉਂ ਸਾਹਮਣੇ ਆਉਣਾ ਹੀ ਸੀ; ਹਾਲਾਂਕਿ ਆਪਣੀਆਂ ਸਿਆਸੀ ਮਜਬੂਰੀਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚ ਨਸ਼ਿਆਂ ਦੀ ਮਾਰ ਤੋਂ ਲਗਾਤਾਰ ਮੁੱਕਰਦਾ ਰਿਹਾ ਹੈ। ਉਪ-ਚੋਣ ਦੌਰਾਨ ਵੀ ਨਸ਼ਿਆਂ ਦਾ ਮਸਲਾ ਭਖਣ ਦੇ ਆਸਾਰ ਹਨ। ਇਸ ਤੋਂ ਪਹਿਲਾਂ ਚੋਣਾਂ ਦੌਰਾਨ ਨਸ਼ਿਆਂ ਦੇ ਦਰਿਆ ਵਗਦੇ ਰਹੇ ਹਨ। ਇਥੋਂ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਮੌਕੇ ਵੀ ਵੋਟਾਂ ਹਾਸਲ ਕਰਨ ਲਈ ਨਸ਼ਿਆਂ ਦਾ ਸਹਾਰਾ ਲਿਆ ਜਾਂਦਾ ਰਿਹਾ ਹੈ। ਚੋਣਾਂ ਮੌਕੇ ਨਸ਼ੇ ਵਰਤਾਉਣ ਦੇ ਮਾਮਲੇ ਵਿਚ ਤਕਰੀਬਨ ਹਰ ਸਿਆਸੀ ਧਿਰ ਦੀ ਸਹਿਮਤੀ ਹੀ ਹੈ, ਪਰ ਐਤਕੀਂ ਸਵਰਾਜ ਲਹਿਰ ਅਤੇ ਪੰਜਾਬ ਸਾਂਝੀਵਾਲ ਮੋਰਚਾ ਨੇ ਨਸ਼ਿਆਂ ਖਿਲਾਫ ਮੋਰਚਾ ਬੰਨ੍ਹਿਆ ਹੋਇਆ ਹੈ। ਇਸ ਦਾ ਚੋਣ ਮੁਹਿੰਮ ਉਤੇ ਕਿੰਨਾ ਕੁ ਅਸਰ ਹੋਵੇਗਾ, ਇਹ ਤਾਂ ਖਡੂਰ ਸਾਹਿਬ ਦੀ ਚੋਣ ਦੌਰਾਨ ਹੀ ਸਪਸ਼ਟ ਹੋਵੇਗਾ, ਪਰ ਇਕ ਗੱਲ ਸਾਫ ਤੇ ਸਪਸ਼ਟ ਹੈ ਕਿ ਇਹ ਉਪ-ਚੋਣ ਕਿਸੇ ਵੀ ਹੋਰ ਉਪ-ਚੋਣ ਤੋਂ ਨਿਆਰੀ ਹੋਵੇਗੀ। ਸੂਬੇ ਵਿਚ ਉਹ ਧਿਰ ਸੱਤਾ ਵਿਚ ਹੈ ਜਿਸ ਨੂੰ ਲੋਕਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਸਿਆਸੀ ਧਿਰ ਇਸ ਉਪ-ਚੋਣ ਦੇ ਮੈਦਾਨ ਵਿਚ ਹੀ ਨਹੀਂ ਹੈ ਜੋ ਅਗਲੇ ਸਾਲ ਸੂਬੇ ਵਿਚ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ। ਜ਼ਾਹਿਰ ਹੈ ਕਿ ਇਸ ਉਪ-ਚੋਣ ਦੇ ਨਤੀਜਆਂ ਵਿਚ ਸਵਰਾਜ ਲਹਿਰ ਅਤੇ ਪੰਜਾਬ ਸਾਂਝੀਵਾਲ ਮੋਰਚਾ ਦੀ ਕਾਰਗੁਜ਼ਾਰੀ ਦੀ ਵੁਕਅਤ ਜ਼ਰੂਰ ਹੋਣੀ ਹੈ। ਹੁਣ ਦੇਖਣਾ ਇਹ ਬਾਕੀ ਹੈ ਕਿ ਸਥਾਪਤੀ ਵਿਰੋਧੀ ਵੋਟਾਂ ਕਿਸ ਧਿਰ ਦੇ ਬੋਝੇ ਵਿਚ ਪੈਂਦੀਆਂ ਹਨ।