-ਸਵਰਨ ਸਿੰਘ ਟਹਿਣਾ
ਫੋਨ: 91-98141-78883
ਪੰਜਾਬ ‘ਚ ਪੰਜਾਬੀ ਗੀਤ-ਸੰਗੀਤ ਦੇ ਕਈ ਅਜਿਹੇ ਚੈਨਲ ਹਨ, ਜਿਨ੍ਹਾਂ ਨੂੰ ਦੇਖ ਕੇ ਕਾਮੇਡੀ ਦੀ ਭੁੱਖ ਲਹਿ ਜਾਂਦੀ ਏ। ਇਨ੍ਹਾਂ ਚੈਨਲਾਂ ‘ਤੇ ਨਵੇਂ-ਨਵੇਂ ਚਿਹਰਿਆਂ ਵਾਲੇ ਕਲਾਕਾਰ, ਗਾਣਿਆਂ ਦੇ ਨਾਂ ‘ਤੇ ਨਵੇਂ-ਨਵੇਂ ਖਿਆਲ ਲੈ ਕੇ ਪੇਸ਼ ਹੁੰਦੇ ਨੇ ਤੇ ਉਨ੍ਹਾਂ ਦੇ ਬੋਲ ਸੁਣ ਏਨਾ ਹਾਸਾ ਨਿਕਲਦੈ ਕਿ ਪੁੱਛੋ ਕੁਝ ਨਾ। ਕੀ ਸੋਚ ਸਕਦੇ ਹੋ ਕਿ ਗਾਣੇ ਦੇ ਬੋਲ ਪੱਠੇ ਵੱਢਣ, ਉਂਗਲ ‘ਤੇ ਦਾਤੀ ਵੱਜਣ ਉਤੇ ਪੈਦਾ ਹੋਈ ਚੀਸ ਦਾ ਸਬੰਧ ਸੱਜਣਾਂ ਦੀ ਯਾਦ ਨਾਲ ਜੋੜਨ ਵਾਲੇ ਗੀਤ ਵੀ ਦੇਖਣ-ਸੁਣਨ ਨੂੰ ਮਿਲਣਗੇ। ਪਰ ਇੰਜ ਹੋ ਰਿਹੈ, ਇੱਕ ਟੀæਵੀæ ਚੈਨਲ ‘ਤੇ ਗੀਤ ਚੱਲ ਰਿਹੈ, ‘ਪੱਠੇ ਵੱਢਦੇ ਨੂੰ ਯਾਦ ਤੇਰੀ ਆਈ, ਨੀਂ ਉਂਗਲ ‘ਤੇ ਦਾਤੀ ਵੱਜਗੀ।’ ਗਾਇਕ ਨੇ ਸੋਚਿਆ ਹੋਏਗਾ ਕਿ ਮੈਂ ਕੁਝ ਵੱਖਰਾ ਕਰਕੇ ਦਿਖਾਵਾਂ, ਪਰ ਵੱਖਰਾ ਕੁਝ ਜ਼ਿਆਦਾ ਹੀ ਹੋ ਗਿਆ। ਇਕ ਹੋਰ ਗੀਤ ਇਸ ਤੋਂ ਵੀ ਵੱਧ ਹਾਸੋਹੀਣਾ ਜਾਪਦਾ ਹੈ। ਜਿਸ ਦੇ ਬੋਲਾਂ ਮੁਤਾਬਕ ਉਹ ਪ੍ਰੇਮਿਕਾ ਨੂੰ ਰਾਤ ਵੇਲ਼ੇ ਮਿਲਣ ਲਈ ਘਰੋਂ ਨਿਕਲਿਆ ਸੀ। ਪ੍ਰੇਮਿਕਾ ਦੇ ਘਰ ਦੀ ਕੰਧ ਟੱਪਣ ਲੱਗਾ ਤਾਂ ਪਹਿਰਾ ਦੇਣ ਵਾਲਿਆਂ ਉਸ ਨੂੰ ਕਾਲੇ ਕੱਛਿਆਂ ਵਾਲਾ ਸਮਝ ਲਿਆ। ਉਹ ਗਾ ਰਿਹੈ, ‘ਯਾਰ ਟੱਪਿਆ ਗਲੀ ‘ਚੋਂ ਜਦੋਂ ਤੇਰਾ, ਨੀਂ ਚੋਰ-ਚੋਰ ਹੋ ਗਈ ਸੋਹਣੀਏæææ।’ ਇਨ੍ਹਾਂ ਦੋਹਾਂ ਗੀਤਾਂ ਵਰਗੇ ਅੱਧੀ ਦਰਜਨ ਤੋਂ ਵੱਧ ਹੋਰ ਗੀਤ ਚੱਲ ਰਹੇ।
ਦੋ ਕੁ ਸਾਲ ਪਹਿਲਾਂ ਇੱਕ ਨਵੇਂ ਉਠੇ ਕਲਾਕਾਰ ਨੇ ਆਪਣੀ ਤੁਲਨਾ ਹਿਟਲਰ ਨਾਲ ਕਰਦਿਆਂ ਲੋਕਾਂ ਨੂੰ ਖੂਬ ਹੱਸਣ ਲਈ ਮਜਬੂਰ ਕੀਤਾ ਸੀ। ਗਾਣਾ ਸੀ, ‘ਹਿਟਲਰ ਬਣ ਗਿਆ ਸੋਹਣੀਏ ਨੀ ਤੇਰੀ ਰਾਖੀ ਕਰਦਾ’ ਤੇ ਇਹ ਗਾਣਾ ਇੱਕ ਤੋਂ ਦੂਜੇ, ਦੂਜੇ ਤੋਂ ਤੀਜੇ ਮੋਬਾਈਲ ਵਿਚ ਬੜੀ ਤੇਜ਼ੀ ਨਾਲ ਪਹੁੰਚਿਆ ਸੀ, ਕਿਉਂਕਿ ਹਰ ਕੋਈ ਗਾਇਕ ਦੀ ਸੋਚ ‘ਤੇ ਹੱਸਣਾ ਚਾਹੁੰਦਾ ਸੀ। ਹਾਲੇ ਇਹ ਗਾਣਾ ਸਭ ਨੂੰ ਲੋਟ-ਪੋਟ ਕਰ ਹੀ ਰਿਹਾ ਸੀ ਕਿ ‘ਹਿਟਲਰ’ ਦਾ ਕੁਟਾਪਾ ਚਾੜ੍ਹਨ ਵਾਲਾ ਗੀਤ ਵੀ ਮਾਰਕੀਟ ‘ਚ ਵੱਜਣ ਲੱਗਾ, ਜਿਸ ਦੇ ਬੋਲ ਸਨ, ‘ਹਿਟਲਰ ਕੁੱਟਣਾ ਸੋਹਣੀਏ, ਜਿਹੜਾ ਤੇਰੀ ਰਾਖੀ ਕਰਦਾæææ।’ ਪਹਿਲੇ ਗਾਣੇ ਦੀ ਇਕ-ਇਕ ਸਤਰ ਦਾ ਜਵਾਬ ਦੂਜੇ ਗਾਣੇ ਵਿਚ ਏਨੇ ਹਾਸੋਹੀਣੇ ਢੰਗ ਨਾਲ ਦਿੱਤਾ ਗਿਆ ਸੀ ਕਿ ਪੁੱਛੋ ਕੁਝ ਨਾ।
ਹੁਣ ਸਵਾਲ ਹੈ ਕਿ ਅਜਿਹੇ ਹਾਸੋਹੀਣੇ ਗੀਤ ਗਾਉਣ ਵਾਲਿਆਂ ਨੂੰ ਕੋਈ ਆਰਥਕ ਲਾਭ ਹੁੰਦਾ ਹੋਏਗਾ ਜਾਂ ਨਹੀਂ? ਜਦੋਂ ਵੀ ਕਾਮੇਡੀਅਨਾਂ ਮੂੰਹੋਂ ਗੀਤਾਂ ਦੀ ਪੈਰੋਡੀ ਸੁਣਨ ਨੂੰ ਮਿਲਦੀ ਏ ਤਾਂ ਦਰਸ਼ਕਾਂ ਨੂੰ ਚੰਗਾ ਲੱਗਦਾ ਏ ਪਰ ਜਿਹੜੇ ਕਲਾਕਾਰ ਖੁਦ ਨੂੰ ਕਾਮੇਡੀਅਨ ਨਹੀਂ, ਸਗੋਂ ਗਾਇਕ ਅਖਵਾਉਂਦੇ ਨੇ, ਉਨ੍ਹਾਂ ਨੂੰ ਅਜਿਹੇ ਚਾਰਿਆਂ ਨਾਲ ਅੱਜ ਤੱਕ ਕਦੇ ਫ਼ਾਇਦਾ ਹੋਇਆ ਹੋਵੇ, ਇਸ ਗੱਲ ਦੀ ਕੋਈ ਉਮੀਦ ਨਹੀਂ।
ਕਈ ਕਲਾਕਾਰ ਜਗਮੋਹਣ ਕੌਰ-ਕੇæ ਦੀਪ ਦੇ ਗਾਏ ਮਜ਼ਾਹੀਆ ਗੀਤਾਂ ਦੀਆਂ ਉਦਾਹਰਣਾਂ ਦਿੰਦੇ ਨੇ ਕਿ ਉਨ੍ਹਾਂ ਨੇ ਵੀ ਇਸ ਤਰ੍ਹਾਂ ਦਾ ਗਾਇਆ ਹੀ ਸੀ, ਜੇ ਉਹ ਪ੍ਰਵਾਨ ਹੋ ਸਕਦੇ ਨੇ ਤਾਂ ਅਸੀਂ ਕਿਉਂ ਨਹੀਂ। ਪਰ ਇਹ ਕਹਿਣ ਵਾਲੇ ਉਸ ਜੋੜੀ ਦਾ ਕੱਦ ਬੁੱਤ, ਉਨ੍ਹਾਂ ਵੱਲੋਂ ਪੇਸ਼ ਹਰ ਵੰਨਗੀ ਦੇ ਲਏ ਜਾਂਦੇ ਨੋਟਿਸ ਵੱਲ ਨਹੀਂ ਦੇਖਦੇ। ਇੱਕ ਮੁਕਾਮ ਅਜਿਹਾ ਆਉਂਦਾ ਹੈ, ਜਦੋਂ ਕਲਾਕਾਰ ਕੁਝ ਵੀ ਗਾ ਦੇਵੇ, ਉਸ ਦਾ ਨੋਟਿਸ ਜ਼ਰੂਰ ਲਿਆ ਜਾਂਦਾ ਏ। ਪਰ ਜਿਹੜੇ ਕਲਾਕਾਰ ਨਵੇਂ ਉਠਦੇ ਨੇ, ਉਹ ਫਟਾਫਟ ਚਰਚਾ ਲਈ ਜਿਹੋ ਜਹੀਆਂ ਹਾਸੋਹੀਣੀਆਂ ਗੱਲਾਂ ਕਰਦੇ ਨੇ, ਉਨ੍ਹਾਂ ਕਰਕੇ ਲਾਭ ਦੀ ਥਾਂ ਉਨ੍ਹਾਂ ਦਾ ਨੁਕਸਾਨ ਜ਼ਿਆਦਾ ਹੁੰਦਾ ਏ।
ਬਹੁਤ ਸਾਰੇ ਕਲਾਕਾਰ ਇੰਗਲੈਂਡ ਦੀ ਸੰਗੀਤ ਮੰਡੀ ਦੀ ਉਦਾਹਰਣ ਦਿੰਦੇ ਹਨ ਕਿ ਉਥੇ ਹਲਕੇ-ਫੁਲਕੇ ਗੀਤ ਚੱਲਦੇ ਨੇ, ਪਾਏਦਾਰ ਸ਼ਾਇਰੀ ਜਾਂ ਅਰਥ ਭਰਪੂਰ ਗਾਇਕੀ ਦੀ ਥਾਂ ਉਹ ਕੁਝ ਪਸੰਦ ਕੀਤਾ ਜਾਂਦੈ, ਜਿਹੜਾ ਇਕਦਮ ਪਿੜ ਪੱਲੇ ਪੈ ਸਕਦਾ ਹੋਵੇ। ਓਧਰਲੇ ਨਿਆਣੇ, ਜਿਹੜੇ ਪੰਜਾਬੀ ਬਾਰੇ ਏਧਰਲਿਆਂ ਜਿੰਨਾ ਨਹੀਂ ਜਾਣਦੇ, ਉਨ੍ਹਾਂ ਨੂੰ ਹਲਕੇ-ਫੁਲਕੇ ਗਾਣੇ ਪਸੰਦ ਆ ਜਾਂਦੇ ਨੇ, ਪਰ ਪੰਜਾਬ ‘ਚ ਰਹਿੰਦਿਆਂ ਦਾ ਤਾਂ ਲੋਰੀਆਂ ਤੋਂ ਵੈਣਾਂ ਤੱਕ ਵਾਹ ਹੀ ਮਾਂ ਬੋਲੀ ਪੰਜਾਬੀ ਨਾਲ ਪੈਂਦਾ ਏ, ਫੇਰ ਇਨ੍ਹਾਂ ਨੂੰ ਅਰਥ ਭਰਪੂਰ ਗਾਇਕੀ ਸਮਝਣ ਵਿਚ ਭਲਾ ਕਿਹੜੀ ਪ੍ਰੇਸ਼ਾਨੀ ਹੋ ਸਕਦੀ ਏ।
ਇੱਕ ਦਿਨ ਇੰਗਲੈਂਡ ਦੇ ਗਾਇਕ ਮਾਣਕੀ ਨਾਲ ਓਧਰਲੀ ਤੇ ਏਧਰਲੀ ਗਾਇਕੀ ਬਾਰੇ ਲੰਮੀ-ਚੌੜੀ ਵਿਚਾਰ ਹੋਈ। ਉਸ ਨੇ ਦੱਸਿਆ ਕਿ ਅਸੀਂ ਆਪਣੇ ਨਿਆਣਿਆਂ ਨੂੰ ਪੰਜਾਬੀ ਨਾਲ ਜੋੜਨ ਲਈ ਸਰਲ ਸ਼ਬਦਾਂ ਦੀ ਵਰਤੋਂ ਕਰਦੇ ਹਾਂ ਤਾਂ ਜੁ ਇਨ੍ਹਾਂ ਨੂੰ ਪੰਜਾਬੀ ਦਾ ਭੁਸ ਪਵੇ। ਜੇਕਰ ਅਸੀਂ ਇਨ੍ਹਾਂ ਨੂੰ ਉਲਝਵੇਂ ਸ਼ਬਦਾਂ ਵਾਲੇ ਗੀਤ ਸੁਣਾਵਾਂਗੇ ਤਾਂ ਇਹ ਪੰਜਾਬੀ ਨਾਲੋਂ ਉਸ ਭਾਸ਼ਾ ਵਾਲੇ ਗੀਤ ਸੁਣਨੇ ਪਸੰਦ ਕਰਨ ਲੱਗਣਗੇ, ਜਿਹੜੀ ਇਨ੍ਹਾਂ ਨੂੰ ਸਕੂਲਾਂ ਵਿਚ ਸਿਖਾਈ ਜਾਂਦੀ ਏ। ਉਸ ਨੇ ਕਿਹਾ ਕਿ ਉਸ ਦਾ ਗੀਤ ‘ਛਿੱਤਰ ਪੈਣਗੇ’ ਇੰਗਲੈਂਡ ਵਿਚ ਖੂਬ ਚੱਲਿਆ, ਪਰ ਜੇ ਇਸ ਦਾ ਵੀਡੀਓ ਬਣਾ ਕੇ ਪੰਜਾਬ ਵਿਚ ਚਲਾਇਆ ਜਾਵੇ ਤਾਂ ਹੋ ਸਕਦੈ ਲੋਕ ਪਸੰਦ ਨਾ ਕਰਨ। ਇਸ ਗਾਣੇ ਵਿਚ ਮਾਪਿਆਂ ਦੀ ਪੁੱਤ ਨੂੰ ਝਿੜਕ ਹੈ ਕਿ ਜੇ ਤੂੰ ਟਾਈਮ ਨਾਲ ਘਰ ਨਾ ਆਇਆ ਤਾਂ ਤੇਰੇ ਛਿੱਤਰ ਪੈਣਗੇ ਤੇ ਯੂæਕੇæ ਦੇ ਨਿਆਣੇ ਜਿਹੜੇ ਅੱਧੀ-ਅੱਧੀ ਰਾਤ ਪੱਬਾਂ ਤੇ ਕਲੱਬਾਂ ਵਿਚ ਡਾਂਸ ਕਰਕੇ ਘਰ ਜਾਣਾ ਭੁੱਲ ਜਾਂਦੇ ਨੇ, ਨੂੰ ਇਹ ਗੀਤ ਆਪਣਾ-ਆਪਣਾ ਲੱਗਾ।
ਕੁਝ ਸਮਾਂ ਪਹਿਲਾਂ ਪੰਜਾਬ ਦੇ ਟੀæਵੀæ ਚੈਨਲਾਂ ‘ਤੇ ਇੱਕ ਦੋਗਾਣਾ ਅਜਿਹੇ ਵਿਸ਼ੇ ਵਾਲਾ ਦਿਸਣ ਲੱਗਾ ਸੀ ਕਿ ਹੱਸ-ਹੱਸ ਵੱਖੀਆਂ ਟੁੱਟ ਜਾਂਦੀਆਂ ਸਨ। ਗਾਣਾ ਰਾਤ ਦੇ ਹਨੇਰੇ ਵਿਚ ਪ੍ਰੇਮੀ ਵੱਲੋਂ ਪ੍ਰੇਮਿਕਾ ਦੇ ਘਰ ਵੜਨ ਨਾਲ ਸਬੰਧਤ ਸੀ। ਪਰ ਪ੍ਰੇਮਿਕਾ ਰਾਤ ਨੂੰ ਕੁੱਤਾ ਬੰਨ੍ਹਣਾ ਭੁੱਲ ਜਾਂਦੀ ਏ ਤੇ ਕੁੱਤਾ ਪ੍ਰੇਮੀ ਨੂੰ ਲਹੂ ਲੁਹਾਣ ਕਰ ਛੱਡਦਾ ਏ। ਗੀਤ ਵਿਚ ਪ੍ਰੇਮਿਕਾ ਕਹਿੰਦੀ ਏ, ‘ਮਾਫ਼ ਕਰੀਂ ਵੇ ਸੋਹਣਿਆ, ਸਾਡੇ ਭਈਏ ਕੋਲੋਂ ਕੁੱਤਾ ਖੁੱਲ੍ਹਾ ਰਹਿ ਗਿਆ’ ਤੇ ਅੱਗੋਂ ਪ੍ਰੇਮੀ ਆਪਣੀ ਵਿਗੜੀ ਹਾਲਤ ਬਿਆਨ ਕਰਦਾ ਕਹਿੰਦਾ ਏ, ‘ਕੁੱਤੇ ਥੋਡੇ ਨੇ ਯਾਰ ਤੇਰਾ ਹਦਵਾਣੇ ਵਾਂਗੂੰ ਪਾੜ’ਤਾ।’
ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਇਹ ਗੀਤ ਲੋਕਾਂ ਸੁਣਿਆ ਵੀ, ਉਹ ਹੱਸੇ ਵੀ, ਪਰ ਕਲਾਕਾਰ ਜੋੜੀ ਦਾ ਕਿਸੇ ਨੂੰ ਨਾਂ ਚੇਤੇ ਨਹੀਂ, ਕਿਉਂਕਿ ਨਾਂ ਚੇਤੇ ਕਰਾਉਣ ਲਈ ਪਾਏਦਾਰ ਕੰਮ ਕਰਨਾ ਪੈਂਦਾ ਏ। ਜਿਹੜੇ ਟੀæਵੀæ ਚੈਨਲਾਂ ‘ਤੇ ਇਹੋ ਜਿਹੇ ਗੀਤ ਚੱਲਦੇ ਨੇ, ਉਨ੍ਹਾਂ ‘ਤੇ ਸਿਰਫ਼ ਨਵੇਂ-ਨਵੇਂ ਕਲਾਕਾਰ ਇਸ ਕਰਕੇ ਦਿਸਦੇ ਨੇ ਕਿਉਂਕਿ ਮਿਆਰੀ ਚੈਨਲਾਂ ਦੇ ਪ੍ਰੋਮੋ ਦਾ ਰੇਟ ਬਹੁਤ ਜ਼ਿਆਦਾ ਏ, ਨਾਲੇ ਉਹ ਗਾਣੇ ਦੇ ਫ਼ਿਲਮਾਂਕਣ ਦਾ ਪੱਧਰ ਦੇਖਦੇ ਨੇ ਕਿ ਇਹ ਕਿੰਨੇ ਕੁ ਬੱਜਟ ਵਿਚ ਤਿਆਰ ਕੀਤਾ ਗਿਆ ਏ। ਜਦਕਿ ਛੋਟੇ ਚੈਨਲ ਵਿਆਹ ਵਾਲੇ ਕੈਮਰੇ ‘ਤੇ ਤਿਆਰ ਕੀਤੇ ਗਾਣੇ ਵੀ ਚਲਾ ਦਿੰਦੇ ਨੇ। ਛੋਟੀ ਆਰਥਿਕਤਾ ਵਾਲੇ ਕਲਾਕਾਰਾਂ ਦਾ ਬੱਜਟ ਬਹੁਤ ਘੱਟ ਹੁੰਦੈ, ਇਸ ਕਰਕੇ ਉਨ੍ਹਾਂ ਨੂੰ ਘੱਟ ਰੇਟ ‘ਤੇ ਗਾਣੇ ਪੇਸ਼ ਕਰਨ ਵਾਲੇ ਚੈਨਲਾਂ ਦੀ ਜ਼ਿਆਦਾ ਲੋੜ ਹੁੰਦੀ ਏ।
ਠੁੱਸ ਹੁੰਦਾ ਹਨੀ ਸਿੰਘ ਵਿਵਾਦ
ਭਾਰਤ ਵਿਚ ਜਿੰਨੇ ਵੀ ਮਸਲੇ ਸਾਹਮਣੇ ਆਉਂਦੇ ਨੇ, ਉਹ ਸਿਰਫ਼ ਮੀਡੀਏ ਦੀ ਦੇਣ ਨੇ। ਜਦੋਂ ਮੀਡੀਆ ਪਹਿਲੇ ਮਸਲੇ ਨੂੰ ਛੱਡ ਹੋਰ ਮਸਲੇ ‘ਤੇ ਧਿਆਨ ਕੇਂਦਰਤ ਕਰ ਲੈਂਦੈ ਤਾਂ ਪਹਿਲੇ ਦੀ ਗੰਭੀਰਤਾ ਲੋਕ ਭੁੱਲਣ ਲੱਗਦੇ ਨੇ। ਕਿੰਨੀਆਂ-ਕਿੰਨੀਆਂ ਵੱਡੀਆਂ ਘਟਨਾਵਾਂ ਸਾਡੇ ਸਾਹਮਣੇ ਆਈਆਂ, ਕਿੰਨੇ ਵੱਡੇ ਅੰਦੋਲਨ ਹੋਏ, ਪਰ ਉਹ ਸਿਰਫ਼ ਓਨਾ ਚਿਰ ਲੋਕਾਂ ਦੇ ਜ਼ਿਹਨ ‘ਚ ਰਹੇ, ਜਿੰਨਾ ਚਿਰ ਚੈਨਲਾਂ ਤੇ ਅਖ਼ਬਾਰਾਂ ਨੇ ਉਨ੍ਹਾਂ ਦੀ ਪੈਰਵੀ ਕੀਤੀ। ਲੋਕਾਂ ਦੀ ਯਾਦ ਸ਼ਕਤੀ ਏਨੀ ਮਾੜੀ ਹੋ ਚੁੱਕੀ ਏ ਕਿ ਦੋ ਹਫ਼ਤੇ ਮਸਲੇ ਨੂੰ ਨਾ ਫਰੋਲਿਆ ਜਾਵੇ ਤਾਂ ਦਹਾਕਿਆਂ ਦੀ ਗੱਲ ਜਾਪਣ ਲੱਗਦੀ ਏ।
ਕੱਲ੍ਹ ਤੱਕ ਅੰਨਾ ਹਜ਼ਾਰੇ ਦੇ ਅੰਦੋਲਨ ਦੀ ਗੱਲ ਹਰ ਥਾਂ ਛਿੜਦੀ ਸੀ, ਪਰ ਜਦੋਂ ਮੀਡੀਏ ਨੇ ਧਿਆਨ ਹੋਰ ਪਾਸੇ ਕਰ ਲਿਆ ਤਾਂ ਅੰਨਾ ਨੂੰ ਲੋਕ ਭੁੱਲਣ ਲੱਗ ਗਏ। ਫੇਰ ਵਾਰੀ ਆ ਗਈ ਕੇਜਰੀਵਾਲ ਦੀ, ਜਿੰਨੀ ਦੇਰ ਉਸ ਨੇ ਭ੍ਰਿਸ਼ਟਾਚਾਰੀਆਂ ਦੇ ਨਾਂਵਾਂ ਦੇ ਖੁਲਾਸੇ ਕੀਤੇ, ਸਭ ਚੈਨਲਾਂ ਨੇ ਉਸ ਨੂੰ ਕਈ-ਕਈ ਘੰਟਿਆਂ ਦੇ ਪ੍ਰੋਗਰਾਮਾਂ ‘ਚ ਪੇਸ਼ ਕੀਤਾ, ਪਰ ਅੱਜ ਉਹ ਵੀ ਪਿਛਾਂਹ ਚਲਾ ਗਿਐ। ਹੁਣ ਦਿੱਲੀ ਜਬਰ-ਜਨਾਹ ਵਾਲਾ ਮਸਲਾ ਗਰਮਾਇਆ ਹੋਇਐ ਤੇ ਕੁਝ ਚਿਰ ਬਾਅਦ ਵਿਚ ਇਸ ਮਸਲੇ ਨੇ ਵੀ ਉਰੇ-ਪਰ੍ਹੇ ਹੋ ਜਾਣੈ।
ਅਸੀਂ ਪਿਛਲੇ ਲੇਖ ਵਿਚ ਵੀ ਲਿਖਿਆ ਸੀ ਕਿ ਹਨੀ ਸਿੰਘ ਦੀ ਲੁੱਚੀ ਗਾਇਕੀ ਦਾ ਮਸਲਾ ਪੰਜਾਬੀਆਂ ਵੱਲੋਂ ਇਕ ਵਾਰ ਸ਼ਿੱਦਤ ਨਾਲ ਚੁੱਕ ਲਿਆ ਗਿਐ, ਪਰ ਇਹ ਜੋਸ਼ ਹਫ਼ਤੇ ਕੁ ਬਾਅਦ ਠੰਢਾ ਪੈ ਜਾਣੈ ਤੇ ਹੁਣ ਇੰਜ ਹੁੰਦਾ ਜਾਪ ਵੀ ਰਿਹੈ। ਜਿਹੜੇ ਹਨੀ ਸਿੰਘ ਦੀ ਮਾੜੀ ਗਾਇਕੀ ਸਬੰਧੀ ਪਟੀਸ਼ਨਾਂ ਪਾਉਣ ਦੀ ਲੜੀ ਤੁਰੀ ਸੀ, ਉਹ ਕਿਧਰੇ ਗੁੰਮ ਹੁੰਦੀ ਜਾਪਦੀ ਹੈ।
ਪੰਜਾਬ ਦੇ ਲੋਕ ਜਿੰਨਾ ਚਿਰ ਹਰ ਸਮਾਜਿਕ ਸਰੋਕਾਰ ਨੂੰ ਸਿੱਖੀ ਨਾਲ ਜੁੜੇ ਮਸਲਿਆਂ ਵਾਂਗ ਨਹੀਂ ਲੈਂਦੇ, ਓਨਾ ਚਿਰ ਕਿਸੇ ਮਸਲੇ ਦੇ ਹੱਲ ਦੀ ਸੰਭਾਵਨਾ ਨਹੀਂ ਜਾਪਦੀ। ਅਸੀਂ ਧਰਮ-ਕਰਮ ਦੇ ਮਾਮਲਿਆਂ ਦੀਆਂ ਗੱਲਾਂ ਦਹਾਕਿਆਂ ਤੱਕ ਯਾਦ ਰੱਖਦੇ ਹਾਂ, ਪਰ ਬਾਕੀ ਮਸਲਿਆਂ ਨੇ ਲੋਕਾਈ ਦਾ ਕਿਵੇਂ ਨੁਕਸਾਨ ਕੀਤੈ, ਇਸ ਨੂੰ ਚਾਰ ਦਿਨ ਚਿਤਾਰਨ ਮਗਰੋਂ ਭੁੱਲ ਭੁਲਾ ਜਾਂਦੇ ਹਾਂ। ਸਾਡੀ ਇਸੇ ਸੋਚ ਕਰਕੇ ਹੀ ਪੰਜਾਬੀ ਗਾਇਕੀ ਦੇ ਨਾਂ ‘ਤੇ ਆਏ ਦਿਨ ਕੂੜ ਪ੍ਰਚਾਰ ਹੋ ਰਿਹੈ। ਪਹਿਲੀ ਗੱਲ ਤਾਂ ਅਸੀਂ ਇਹ ਸਭ ਪੇਸ਼ ਕਰਨ ਵਾਲਿਆਂ ਦਾ ਵਿਰੋਧ ਹੀ ਨਹੀਂ ਕਰਦੇ ਤੇ ਜੇ ਕਰਦੇ ਹਾਂ ਤਾਂ ਚਾਰ ਕੁ ਦਿਨ ਅਖ਼ਬਾਰਾਂ ‘ਚ ਫੋਟੋਆਂ ਛਪਵਾ ਕੇ ਚੁੱਪ ਵੱਟ ਲੈਂਦੇ ਹਾਂ। ਇੰਜ ਕਦੇ ਕਿਸੇ ਮਸਲੇ ਦਾ ਹੱਲ ਨਹੀਂ ਹੋ ਸਕਦਾ, ਸਾਨੂੰ ਇਸ ਬਾਬਤ ਸੋਚਣ ਦੀ ਲੋੜ ਹੈ।
Leave a Reply