ਨਵੀਂ ਦਿੱਲੀ (ਗੁਰਵਿੰਦਰ ਸਿੰਘ ਵਿਰਕ): ਭਾਰਤੀ ਹਵਾਈ ਫੌਜ ਦੇ ਪਠਾਨਕੋਟ ਅੱਡੇ ‘ਤੇ ਹੋਏ ਅਤਿਵਾਦੀ ਹਮਲੇ ਦੀ ਮੁਢਲੀ ਜਾਂਚ ਨੇ ਸੁਰੱਖਿਆ ਏਜੰਸੀਆਂ ਦੇ ਕੰਨ ਖੜ੍ਹੇ ਕਰ ਦਿੱਤੇ ਹਨ। ਹੁਣ ਤੱਕ ਦੀਆਂ ਰਿਪੋਰਟਾਂ ਇਹੋ ਸੁਝਾਉਂਦੀਆਂ ਹਨ ਕਿ ਦਹਿਸ਼ਤੀਆਂ ਨੇ ਘੁਸਪੈਠ ਲਈ ਉਹੀ ਰਾਹ ਵਰਤਿਆ ਜੋ ਨਸ਼ਾ ਤਸਕਰ ਵਰਤਦੇ ਆਏ ਹਨ। ਇਹ ਵੀ ਮੰਨਿਆ ਜਾ ਰਿਹਾ ਹੈ ਕਿ
ਦਹਿਸ਼ਤੀਆਂ ਨੇ ਹਥਿਆਰਾਂ ਸਮੇਤ ਸੁਰੱਖਿਅਤ ਘੁਸਪੈਠ ਲਈ ਨਸ਼ਾ ਤਸਕਰਾਂ ਤੋਂ ਮਦਦ ਹਾਸਲ ਕੀਤੀ।
ਕੌਮੀ ਜਾਂਚ ਏਜੰਸੀ (ਐਨæਆਈæਏæ) ਅਤੇ ਪੰਜਾਬ ਪੁਲਿਸ ਦੀ ਜਾਂਚ ਵਿਚ ਜਾਂਚ-ਕਾਰਤਾਵਾਂ ਨੂੰ ਖਿੱਤੇ ਵਿਚ ਪੁਲਿਸ, ਸਿਆਸਤ ਤੇ ਨਸ਼ਾ ਤਸਕਰਾਂ ਦੇ ਗਠਜੋੜ ਦੀ ਵੀ ਸੂਹ ਮਿਲੀ ਹੈ। ਜਾਂਚ-ਕਾਰਤਾਵਾਂ ਦਾ ਮੰਨਣਾ ਹੈ ਕਿ ਇਹ ਗੱਠਜੋੜ ਦੀਨਾਨਗਰ ਵਿਚ ਪਿਛਲੇ ਸਾਲ 27 ਜੁਲਾਈ ਨੂੰ ਹੋਏ ਹਮਲੇ ਤੋਂ ਬਾਅਦ ਸਾਹਮਣੇ ਆਉਣਾ ਚਾਹੀਦਾ ਸੀ ਜਿਥੇ ਤਿੰਨ ਅਤਿਵਾਦੀ ਵੀ ਬਿਲਕੁਲ ਇਸੇ ਰਸਤੇ ਤੋਂ ਭਾਰਤ ਦਾਖਲ ਹੋਏ ਸਨ। ਦਹਿਸ਼ਤਗਰਦਾਂ ਨੇ ਜਿਸ ਤਰ੍ਹਾਂ ਦਰਿਆ ਤੋਂ ਲੈ ਕੇ ਏਅਰ ਬੇਸ ਤੱਕ ਦਾ 25 ਕਿਲੋਮੀਟਰ ਦਾ ਸਫਰ ਆਸਾਨੀ ਨਾਲ ਤੈਅ ਕੀਤਾ ਅਤੇ ਏਅਰ ਬੇਸ ਵਿਚ ਦਾਖਲ ਹੋਣ ਵਿਚ ਸਫਲ ਹੋਏ, ਇਹ ਕੰਮ ਕਿਸੇ ਲੋਕਲ ਗਾਈਡ ਤੋਂ ਬਿਨਾਂ ਸੰਭਵ ਨਹੀਂ। ਖੁਫੀਆ ਏਜੰਸੀਆਂ ਇੰਨੀ ਜ਼ਿਆਦਾ ਮਾਤਰਾ ਵਿਚ ਹਥਿਆਰ ਤੇ ਗੋਲਾ ਬਾਰੂਦ ਲਿਆਉਣ ‘ਤੇ ਵੀ ਹੈਰਾਨ ਹਨ, ਕਿਉਂਕਿ ਇਕ ਏæਕੇæ 47 ਦਾ ਭਾਰ ਤਕਰੀਬਨ ਪੰਜ ਕਿੱਲੋ ਹੁੰਦਾ ਹੈ ਤੇ ਹਮਲੇ ਤੋਂ ਬਾਅਦ ਅਤਿਵਾਦੀਆਂ ਕੋਲੋਂ ਚਾਰ ਏæਕੇæ 47 ਦੇ ਨਾਲ-ਨਾਲ ਮਾਰਟਰ ਅਤੇ ਤਕਰੀਬਨ 50 ਕਿੱਲੋ ਗੋਲੀਆਂ ਬਰਾਮਦ ਹੋਈਆਂ ਜਿਨ੍ਹਾਂ ਦਾ ਭਾਰ ਤਕਰੀਬਨ 480 ਕਿੱਲੋ ਬਣਦਾ ਹੈ। ਇਸ ਤੋਂ ਪਹਿਲਾਂ ਦੀਨਾਨਗਰ ਹਮਲੇ ਦੌਰਾਨ ਅਤਿਵਾਦੀਆਂ ਕੋਲੋਂ ਭਾਰੀ ਮਾਤਰਾ ਵਿਚ ਹਥਿਆਰ, ਗੋਲੀ ਸਿੱਕਾ ਅਤੇ ਤਾਜ਼ਾ ਦੁੱਧ ਬਰਾਮਦ ਹੋਇਆ ਸੀ ਜਿਸ ਦੇ ਬਾਅਦ ਖੁਫੀਆ ਏਜੰਸੀਆਂ ਦਾ ਸ਼ੱਕ ਗੁੱਜਰਾਂ ਦੇ ਡੇਰਿਆਂ ‘ਤੇ ਗਿਆ ਸੀ। ਇਸ ਬਾਰੇ ਕੁਝ ਦਿਨ ਜਾਂਚ ਹੋਣ ਪਿੱਛੋਂ ਕੁਝ ਨਹੀਂ ਹੋਇਆ।
ਪੰਜਾਬ ਸ਼ੁਰੂ ਤੋਂ ਹੀ ਕੌਮਾਂਤਰੀ ਸਰਹੱਦ ਰਾਹੀਂ ਘੁਸਪੈਠ ਜਾਂ ਨਸ਼ਾ ਤਸਕਰੀ ਲਈ ਬੀæਐਸ਼ਐਫ਼ ਦੀ ਢਿੱਲ-ਮੱਠ ਜਾਂ ਮਿਲੀਭੁਗਤ ਦਾ ਰੌਲਾ ਪਾਉਂਦਾ ਆਇਆ ਹੈ। ਭਾਰਤ ਵਿਚ ਸਭ ਤੋਂ ਵੱਧ ਨਸ਼ਾ ਤਸਕਰੀ ਪੰਜਾਬ ਨਾਲ ਲੱਗਦੀ ਪਾਕਿਸਤਾਨ ਸਰਹੱਦ ਰਾਹੀਂ ਹੁੰਦੀ ਹੈ। ਭਾਰਤੀ ਸਰਹੱਦ ਦੀ ਰਾਖੀ ਦਾ ਜ਼ਿੰਮਾ ਬੀæਐਸ਼ਐਫ਼ ਸਿਰ ਹੈ। ਪਿਛਲੇ ਕੁਝ ਸਾਲਾਂ ਵਿਚ ਬੀæਐਸ਼ਐਫ਼ ਦੇ ਕਈ ਜਵਾਨ ਨਸ਼ਾ ਤਸਕਰਾਂ ਦੀ ਮਦਦ ਕਰਨ ਦੇ ਦੋਸ਼ ਵਿਚ ਅੜਿੱਕੇ ਆ ਚੁੱਕੇ ਹਨ। ਪੁਲਿਸ ਨੇ ਹਮਲੇ ਤੋਂ ਬਾਅਦ ਬੀæਐਸ਼ਐਫ਼ ਦੇ ਜਵਾਨ ਅਨਿਲ ਕੁਮਾਰ, ਹੌਲਦਾਰ ਪ੍ਰੇਮ ਸਿੰਘ ਤੇ ਸਾਫਟਵੇਅਰ ਐਕਸਪਰਟ ਦੀਪਕ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਨੂੰ ਮੁਹਾਲੀ ਤੋਂ ਗ੍ਰਿਫਤਾਰ ਕੀਤੇ ਤਿੰਨ ਨਸ਼ਾ ਤਸਕਰਾਂ ਦੀ ਸੂਹ ‘ਤੇ ਕਾਬੂ ਕੀਤਾ ਗਿਆ ਹੈ। ਪੁਲਿਸ ਮੁਤਾਬਕ ਇਹ ਜਵਾਨ ਗੂਗਲ ਮੈਪ ਦੀ ਮਦਦ ਨਾਲ ਆਪਣੀ ਲੋਕੇਸ਼ਨ ਤਸਕਰਾਂ ਤੱਕ ਪਹੁੰਚਾਉਂਦੇ ਸਨ ਤਾਂ ਜੋ ਉਸ ਜਗ੍ਹਾ ਤੋਂ ਖੇਪ ਸਰਹੱਦ ਪਾਰ ਕਰਵਾਈ ਜਾ ਸਕੇ। ਅਨਿਲ ਪਿਛਲੇ ਤਕਰੀਬਨ ਛੇ ਮਹੀਨਿਆਂ ਤੋਂ ਨਸ਼ਾ ਤਸਕਰਾਂ ਦੇ ਸੰਪਰਕ ਵਿਚ ਸੀ। ਇਸ ਬਦਲੇ ਉਹ ਤਸਕਰਾਂ ਤੋਂ ਦੋ ਵਾਰ 50 ਹਜ਼ਾਰ ਅਤੇ 39 ਹਜ਼ਾਰ ਰੁਪਏ ਲੈ ਚੁੱਕਾ ਹੈ। ਇਸ ਦੇ ਰਿਸ਼ਤੇ ਭਾਰਤੀ ਸਮਗਲਰਾਂ ਰਾਹੀਂ ਪਾਕਿਸਤਾਨ ਦੇ ਲਾਹੌਰ ਵਿਚ ਵੱਡੇ ਤਸਕਰ ਇਮਤਿਆਜ਼ ਨਾਲ ਸਨ। ਪਠਾਨਕੋਟ ਹਮਲੇ ਦੇ ਕੁਝ ਸਮਾਂ ਪਹਿਲਾਂ ਤੇ ਬਾਅਦ ਵਿਚ ਤਕਰੀਬਨ ਡੇਢ ਦਰਜਨ ਜਾਸੂਸ ਕਾਬੂ ਕੀਤੇ ਗਏ ਹਨ ਜਿਨ੍ਹਾਂ ਵਿਚੋਂ ਕਈਆਂ ਦੀ ਪੱਕੇ ਤੌਰ ‘ਤੇ ਤਸਕਰਾਂ ਨਾਲ ਮਿਲੇ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ।
ਮੰਨਿਆ ਜਾ ਰਿਹਾ ਹੈ ਕਿ ਪਠਾਨਕੋਟ ਏਅਰ ਬੇਸ ਤੇ ਛੇ ਮਹੀਨੇ ਪਹਿਲਾਂ ਦੀਨਾਨਗਰ ਪੁਲਿਸ ਸਟੇਸ਼ਨ ‘ਤੇ ਹੋਏ ਹਮਲਿਆਂ ਵਿਚ ਦਹਿਸ਼ਤਗਰਦਾਂ ਨੇ ਭਾਰਤ ਵਿਚ ਦਾਖਲੇ ਲਈ ਇਕੋ ਥਾਂ ਨੂੰ ਚੁਣਿਆ ਹੈ ਜੋ ਉੱਝ ਦਰਿਆ ਦੇ ਤਾਸ਼ ਪੱਤਣ ਕੋਲ ਪਹਾੜੀਪੁਰ ਦਾ ਖੇਤਰ ਹੈ। ਬਮਿਆਲ ਸੈਕਟਰ ਦਾ ਇਕ ਸਿਰਾ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਕਠੂਆ ਨਾਲ ਅਤੇ ਦੂਜਾ ਸਿਰਾ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ਨਾਲ ਲੱਗਦਾ ਹੈ। ਇਸ ਸੈਕਟਰ ਵਿਚੋਂ ਰਾਵੀ ਦਰਿਆ, ਉੱਝ ਦਰਿਆ ਤੇ ਜਲਾਲੀਆ, ਤਰਨਾਹ ਆਦਿ ਬਰਸਾਤੀ ਨਾਲੇ ਲੰਘਦੇ ਹਨ। ਇਹ ਸਾਰੇ ਦਰਿਆ ਤੇ ਨਾਲੇ ਇਸ ਸੈਕਟਰ ਨੂੰ ਜੰਮੂ ਕਸ਼ਮੀਰ ਅਤੇ ਪਾਕਿਸਤਾਨ ਦੇ ਖੇਤਰ ਨਾਲ ਜੋੜਦੇ ਹਨ। ਇਨ੍ਹਾਂ ਸਾਰੇ ਬਰਸਾਤੀ ਨਾਲਿਆਂ ਤੇ ਦਰਿਆਵਾਂ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਪਾਣੀ ਵਾਲੇ ਖੇਤਰ ਵਿੱਚ ਕੰਡਿਆਲੀ ਤਾਰ ਟਿਕ ਨਹੀਂ ਸਕਦੀ। ਸਾਲ 2010 ਵਿਚ ਸਿੰਬਲੀ ਟਿਗਰੀ ਵਿਖੇ ਲੱਗੀ ਕੰਡਿਆਲੀ ਤਾਰ ਨੂੰ ਦਹਿਸ਼ਤਗਰਦਾਂ ਨੇ ਹੈਂਡ ਗਰਨੇਡ ਸੁੱਟ ਕੇ ਤੋੜ ਦਿੱਤਾ ਸੀ ਤੇ ਉਥੋਂ ਭਾਰਤ ਵਿਚ ਦਾਖਲ ਹੋ ਗਏ ਸਨ। ਤਿੰਨ ਦਿਨ ਤੱਕ ਉਹ ਬਮਿਆਲ ਸੈਕਟਰ ਵਿਚ ਪੈਂਦੇ ਪਿੰਡਾਂ ਵਿਚ ਘੁੰਮਦੇ ਰਹੇ ਤੇ ਫਿਰ ਰੱਤੜਵਾਂ ਵਿਖੇ ਮੁਕਾਬਲੇ ਵਿਚ ਮਾਰੇ ਗਏ ਸਨ। ਜੰਮੂ ਕਸ਼ਮੀਰ ਵਿਚ ਸਰਹੱਦੀ ਸੁਰੱਖਿਆ ਦਲ ਦੀ ਇਕ ਬਟਾਲੀਅਨ ਔਸਤਨ 21 ਕਿਲੋਮੀਟਰ ਦੇ ਇਲਾਕੇ ‘ਤੇ ਨਜ਼ਰ ਰੱਖਦੀ ਹੈ, ਜਦੋਂ ਕਿ ਪੰਜਾਬ ਵਿਚ ਇਕ ਬਟਾਲੀਅਨ ਔਸਤਨ 34 ਕਿਲੋਮੀਟਰ ਦੇ ਇਲਾਕੇ ‘ਤੇ ਨਜ਼ਰ ਰੱਖ ਰਹੀ ਹੈ। ਪੰਜਾਬ ਦੀ ਪਾਕਿਸਤਾਨ ਨਾਲ 553 ਕਿਲੋਮੀਟਰ ਸਰਹੱਦ ਲੱਗਦੀ ਹੈ ਜਿਸ ਵਿਚੋਂ ਸਿਰਫ 462 ਕਿਲੋਮੀਟਰ ਸਰਹੱਦ ‘ਤੇ ਹੀ ਕੰਡਿਆਲੀ ਤਾਰ ਹੈ। ਸਰਹੱਦ ਦੇ ਬਾਕੀ ਹਿੱਸੇ ਦੀ ਸੁਰੱਖਿਆ ਕਰਨ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।