ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਰਖ਼ਾਸਤ ਕੀਤੇ ਪੰਜ ਪਿਆਰਿਆਂ ਨੇ ਤਖਤਾਂ ਦੇ ਸਿੰਘ ਸਾਹਿਬਾਨ ਦੇ ਸਮਾਜਕ ਬਾਈਕਾਟ ਬਾਰੇ ਗੁਰਮਤਾ ਮਨਵਾਉਣ ਲਈ ਸੰਗਤ ਦਾ ਸਮਰਥਨ ਹਾਸਲ ਕਰਨ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪੰਜ ਪਿਆਰਿਆਂ ਨੇ ਸਿੱਖ ਕੌਮ ਨੂੰ ਪੰਥ ਦੇ ਵਡੇਰੇ ਹਿੱਤਾਂ ਖਾਤਰ ‘ਸਰਬੱਤ ਖਾਲਸਾ’ ਦੀ ਪਰੰਪਰਾ ਬਹਾਲ ਕਰਨ ਦਾ ਸੱਦਾ ਵੀ ਦਿੱਤਾ ਹੈ।
ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਮੰਗਲ ਸਿੰਘ, ਭਾਈ ਤਰਲੋਕ ਸਿੰਘ, ਭਾਈ ਸਤਿਨਾਮ ਸਿੰਘ, ਭਾਈ ਮੇਜਰ ਸਿੰਘ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦੁਆਰਾ ਸਾਹਿਬਾਨ ਨੂੰ ਸਿਆਸੀ ਪ੍ਰਭਾਵ ਵਿਚੋਂ ਕੱਢਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲੇ ਲੈਣ ਦੀ ਜੁਗਤ ਬਾਰੇ ਸਰਬੱਤ ਖਾਲਸਾ ਸੰਸਥਾ ਦੀ ਮੁੜ ਸੁਰਜੀਤੀ ਦਾ ਸੱਦਾ ਦਿੱਤਾ, ਪਰ ਇਸ ਸੰਸਥਾ ਦੀ ਬਣਤਰ ਵਿਸ਼ਵ ਭਰ ਦੀਆਂ ਸਿੱਖ ਸੰਸਥਾਵਾਂ ਤੇ ਸਿੱਖਾਂ ਦੀ ਨੁਮਾਇੰਦਗੀ ਤਹਿਤ ਹੋਣੀ ਲਾਜ਼ਮੀ ਦੱਸੀ। ਇਸ ਤੋਂ ਪਹਿਲਾਂ ਪੰਜ ਪਿਆਰਿਆਂ ਨੇ ਹੁਸੈਨਪੁਰਾ ਸਥਿਤ ਇਕ ਗੁਰਦੁਆਰੇ ਵਿਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਦੋ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਅਤੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਤੋਂ ਇਲਾਵਾ ਅੰਤ੍ਰਿੰਗ ਕਮੇਟੀ ਵਿਚ ਵਿਰੋਧੀ ਧਿਰ ਦੇ ਮੈਂਬਰ ਵਜੋਂ ਸ਼ਾਮਲ ਮੰਗਲ ਸਿੰਘ ਆਦਿ ਹਾਜ਼ਰ ਸਨ। ਪੰਜ ਪਿਆਰਿਆਂ ਨੂੰ ਸੰਗਤ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਪੰਜ ਪਿਆਰਿਆਂ ਦਾ ਕਹਿਣਾ ਹੈ ਕਿ ਸੰਗਤ ਵੱਲੋਂ ਜਥੇਦਾਰਾਂ ਦਾ ਸਮਾਜਕ ਬਾਈਕਾਟ ਕਰਨਾ ਹੀ ਉਨ੍ਹਾਂ ਦੇ ਫੈਸਲੇ ‘ਤੇ ਅਮਲ ਦੀ ਸ਼ੁਰੂਆਤ ਹੈ। ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਆਖਿਆ ਹੈ ਕਿ ਉਨ੍ਹਾਂ ਨੇ ਬਿਨਾਂ ਕਿਸੇ ਸ਼ਰਤ ਦੇ ਆਪਣਾ ਸਮਰਥਨ ਪੰਜ ਪਿਆਰਿਆਂ ਨੂੰ ਦਿੱਤਾ ਹੈ ਜਿਸ ਦਾ ਮੁੱਖ ਮੰਤਵ ਧਾਰਮਿਕ ਮਾਮਲਿਆਂ ਵਿਚ ਸਿਆਸੀ ਦਖਲਅੰਦਾਜ਼ੀ ਨੂੰ ਰੋਕਣਾ ਹੈ। ਪੰਜ ਪਿਆਰਿਆਂ ਨੂੰ ਨੌਕਰੀ ਤੋਂ ਫਾਰਗ ਕਰਨ ਦਾ ਫੈਸਲਾ ਸਿਆਸੀ ਤੌਰ ‘ਤੇ ਲਿਆ ਗਿਆ ਸੀ। ਇਹ ਫੈਸਲਾ ਕਰਨ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਹੋਰ ਆਗੂ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਹੋਟਲ ਵਿਚ ਮਿਲੇ ਸਨ। ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿਚ ਸਮੂਹ ਸਿੱਖ ਜਥੇਬੰਦੀਆਂ ਇਕਜੁੱਟ ਹਨ। ਦੱਸਣਯੋਗ ਹੈ ਕਿ ਪੰਜ ਪਿਆਰਿਆਂ ਵਾਂਗ ਹੀ ਜਥੇਦਾਰ ਨੰਦਗੜ੍ਹ ਨੂੰ ਵੀ ਸੋਧੇ ਹੋਏ ਕੈਲੰਡਰ ਦਾ ਵਿਰੋਧ ਕਰਨ ‘ਤੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਸੇ ਤਰ੍ਹਾਂ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਅਕਾਲੀ ਦਲ 1920 ਦੇ ਸੀਨੀਅਰ ਮੀਤ ਪ੍ਰਧਾਨ ਰਘੁਬੀਰ ਸਿੰਘ ਰਾਜਾਸਾਂਸੀ ਤੇ ਹੋਰ ਹਾਜ਼ਰ ਸਿੱਖ ਪ੍ਰਤੀਨਿਧਾਂ ਨੇ ਪੰਜ ਪਿਆਰਿਆਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਦੱਸਣਯੋਗ ਹੈ ਕਿ ਪੰਜ ਪਿਆਰਿਆਂ ਵੱਲੋਂ 23 ਅਕਤੂਬਰ ਨੂੰ ਗੁਰਮਤੇ ਰਾਹੀਂ ਤਖਤਾਂ ਦੇ ਜਥੇਦਾਰਾਂ ਨੂੰ ਹਟਾਉਣ ਦਾ ਆਦੇਸ਼ ਦਿੱਤਾ ਗਿਆ ਸੀ ਜਿਸ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਅਪ੍ਰਵਾਨ ਕਰ ਦਿੱਤਾ ਗਿਆ ਸੀ। ਹੁਣ ਪੰਜ ਪਿਆਰਿਆਂ ਨੇ ਜਥੇਦਾਰਾਂ ਦੇ ਸਮਾਜਕ ਬਾਈਕਾਟ ਦਾ ਸੱਦਾ ਦਿੱਤਾ ਹੈ।