ਚੰਡੀਗੜ੍ਹ: ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਦੇ ਹਲਕਾ ਖਡੂਰ ਸਾਹਿਬ ਦੀ ਸੀਟ ਦੀ ਉਪ ਚੋਣ ਕਰਾਉਣ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਜ਼ਿਲ੍ਹਾ ਤਰਨ ਤਾਰਨ ਦੇ ਇਸ ਹਲਕੇ ‘ਚ 13 ਫਰਵਰੀ ਨੂੰ ਵੋਟਿੰਗ ਹੋਵੇਗੀ। ਇਹ ਸੀਟ ਕਾਂਗਰਸ ਦੇ ਸ਼ ਰਮਨਜੀਤ ਸਿੰਘ ਸਿੱਕੀ ਵੱਲੋਂ ਅਸਤੀਫ਼ਾ ਦਿੱਤੇ ਜਾਣ ਦੇ ਕਾਰਨ ਖ਼ਾਲੀ ਐਲਾਨੀ ਗਈ ਸੀ।
ਪੰਜਾਬ ਦੇ ਮੱਖ ਚੋਣ ਅਧਿਕਾਰੀ ਵੀæਕੇæ ਸਿੰਘ ਨੇ ਦੱਸਿਆ ਕਿ 20 ਜਨਵਰੀ ਤੋਂ ਉਮੀਦਵਾਰ ਆਪਣੇ ਨਾਮਜ਼ਦਗੀ ਦੇ ਕਾਗ਼ਜ਼ ਦਾਖਲ ਕਰ ਸਕਣਗੇ ਤੇ ਇਹ ਸਿਲਸਿਲਾ 27 ਜਨਵਰੀ ਤਕ ਚੱਲੇਗਾ। ਕਾਗ਼ਜ਼ਾਂ ਦੀ ਜਾਂਚ ਪੜਤਾਲ 28 ਜਨਵਰੀ ਨੂੰ ਹੋਵੇਗੀ। 30 ਜਨਵਰੀ ਤਕ ਉਮੀਦਵਾਰ ਆਪਣੇ ਨਾਮਜ਼ਦਗੀ ਦੇ ਪੱਤਰ ਵਾਪਸ ਲੈ ਸਕਣਗੇ। ਵੋਟਾਂ ਦੀ ਗਿਣਤੀ 16 ਫਰਵਰੀ ਨੂੰ ਹੋਵੇਗੀ ਅਤੇ ਉਸੇ ਦਿਨ ਨਤੀਜੇ ਦਾ ਐਲਾਨ ਕਰ ਦਿੱਤਾ ਜਾਵੇਗਾ। ਸਾਰੀ ਚੋਣ ਪ੍ਰਕਿਰਿਆ 18 ਫਰਵਰੀ ਤਕ ਮੁਕੰਮਲ ਕਰ ਲਈ ਜਾਏਗੀ। ਉਨ੍ਹਾਂ ਕਿਹਾ ਕਿ ਬਾਰੇ ਸਪੀਕਰ, ਡਿਪਟੀ ਸਪੀਕਰ, ਮੰਤਰੀਆਂ, ਪਾਰਲੀਮਾਨੀ ਸਕੱਤਰਾਂ, ਵਿਧਾਇਕਾਂ, ਵਿੱਤ ਕਮਿਸ਼ਨਰਾਂ, ਪ੍ਰਬੰਧਕ ਸਕੱਤਰਾਂ, ਵਿਭਾਗ ਦੇ ਮੁਖੀਆਂ, ਨਿਗਮਾਂ ਤੇ ਬੋਰਡ ਦੇ ਚੇਅਰਮੈਨਾਂ ਨੂੰ 18 ਫਰਵਰੀ ਤੱਕ ਚੋਣਾਂ ਦੇ ਮੁਕੰਮਲ ਹੋਣ ਤੱਕ ਚੋਣ ਜ਼ਾਬਤੇ ਦੀ ਸਖਤੀ ਨਾਲ ਪਾਲਣਾ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਸੇ ਦੌਰਾਨ ਪਤਾ ਲੱਗਾ ਹੈ ਕਿ ਇਸ ਉਪ ਚੋਣ ਲਈ ਸ੍ਰੋਮਣੀ ਅਕਾਲੀ ਦਲ ਵੱਲੋਂ ਸ਼ ਰਵਿੰਦਰ ਸਿੰਘ ਬ੍ਰਹਮਪੁਰਾ ਤੇ ਕਾਂਗਰਸ ਵੱਲੋਂ ਸ਼ ਰਮਨਜੀਤ ਸਿੰਘ ਸਿੱਕੀ ਨੂੰ ਉਮੀਦਵਾਰ ਬਣਾਉਣ ਦੀ ਸੰਭਾਵਨਾ ਹੈ।
ਸ਼ ਬ੍ਰਹਮਪੁਰਾ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਦੇ ਅਕਾਲੀ ਮੈਂਬਰ ਸ਼ ਰਣਜੀਤ ਸਿੰਘ ਬ੍ਰਹਮਪੁਰਾ ਦੇ ਬੇਟੇ ਹਨ ਜੋ ਇਸ ਸਮੇਂ ਤਰਨਤਾਰਨ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਹਨ। ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ ਤੇ ਖੱਬੀਆਂ ਪਾਰਟੀਆਂ ਪਹਿਲਾਂ ਹੀ ਇਹ ਉਪ ਚੋਣ ਨਾ ਲੜਨ ਦਾ ਸੰਕੇਤ ਕਰ ਚੁੱਕੀਆਂ ਹਨ, ਪਰ ‘ਆਪ’ ਦੇ ਬਾਗੀ ਆਗੂ ਭਾਈ ਬਲਦੀਪ ਸਿੰਘ ਨੇ ਕੁਝ ਦਿਨ ਪਹਿਲਾਂ ਆਜ਼ਾਦ ਉਮੀਦਵਾਰ ਵਜੋਂ ਇਹ ਉਪ ਚੋਣ ਲੜਨ ਦਾ ਐਲਾਨ ਕੀਤਾ ਸੀ।