ਗੁਰਦਾਸਪੁਰ: ਪਠਾਨਕੋਟ ਏਅਰ ਬੇਸ ਸਟੇਸ਼ਨ ਉਤੇ ਹੋਏ ਅਤਿਵਾਦੀ ਹਮਲੇ ਦੀਆਂ ਤਾਰਾਂ ਪਾਕਿਸਤਾਨ ਨਾਲ ਜੁੜੀਆਂ ਹੋਣ ਦੇ ਸੁਰੱਖਿਆ ਏਜੰਸੀਆਂ ਨੂੰ ਕਈ ਸਬੂਤ ਮਿਲੇ ਹਨ, ਪਰ ਸਵਾਲ ਇਹ ਉਠਦਾ ਹੈ ਕਿ ਕੇਂਦਰੀ ਏਜੰਸੀਆਂ ਵੱਲੋਂ ਦਸੰਬਰ ਵਿਚ ਹੀ ਅਤਿਵਾਦੀਆਂ ਦੇ ਭਾਰਤ ਵਿਚ ਦਾਖਲ ਹੋਣ ਤੇ ਹਮਲਾ ਕਰਨ ਸਬੰਧੀ ਅਲਰਟ ਦੇ ਬਾਵਜੂਦ ਅਤਿਵਾਦੀ, ਏਅਰ ਬੇਸ ਅੰਦਰ ਦਾਖਲ ਹੋ ਗਏ।
ਅਤਿਵਾਦੀਆਂ ਵੱਲੋਂ ਏਅਰ ਫੋਰਸ ਸਟੇਸ਼ਨ ਤੱਕ ਪਹੁੰਚਣ ਲਈ ਅਪਣਾਏ ਗਏ ਰੂਟ ਤੋਂ ਇਲਾਵਾ ਐਸ਼ਪੀæ ਨਾਲ ਸਬੰਧਤ ਘਟਨਾਵਾਂ ਕਈ ਸਵਾਸ ਖੜ੍ਹੇ ਕਰਦੀਆਂ ਹਨ। ਇਹ ਗੱਲ ਵੀ ਸਾਹਮਣੇ ਆਈ ਹੈ ਕਿ 27 ਜੁਲਾਈ ਨੂੰ ਦੀਨਾਨਗਰ ਵਿਖੇ ਹੋਏ ਵੱਡੇ ਅਤਿਵਾਦੀ ਹਮਲੇ ਦੇ ਬਾਅਦ ਵੀ ਸਮੁੱਚੇ ਬਮਿਆਲ ਸੈਕਟਰ ਤੇ ਇਸ ਸਰਹੱਦੀ ਇਲਾਕੇ ਅੰਦਰ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ ਜਾ ਸਕੇ।
ਭਾਰਤ ਸਰਕਾਰ ਪੰਜਾਬ ਦੇ ਨਾਲ ਪਾਕਿਸਤਾਨ ਦੀ ਤਕਰੀਬਨ 553 ਕਿੱਲੋਮੀਟਰ ਲੰਬੀ ਸਰਹੱਦ ਨੂੰ ਪੂਰੀ ਤਰ੍ਹਾਂ ਸੀਲ ਕਰਨ ਵਿਚ ਸਫਲ ਨਹੀਂ ਹੋ ਸਕੀ। ਸਰਹੱਦੀ ਰੇਖਾ ਦੇ ਨਾਲ-ਨਾਲ ਵਗਦਾ ਰਾਵੀ ਦਰਿਆ ਵੀ ਦੇਸ਼ ਦੀ ਸੁਰੱਖਿਆ ਲਈ ਵੱਡਾ ਖਤਰਾ ਬਣਿਆ ਪਿਆ ਹੈ। ਮੁਢਲੀ ਜਾਂਚ ਦੱਸ ਰਹੀ ਹੈ ਕਿ ਅਤਿਵਾਦੀਆਂ ਨੇ ਇਨ੍ਹਾਂ ਜ਼ਿਲ੍ਹਿਆਂ ਵਿਚ ਘੁਸਪੈਠ ਕਰਨ ਲਈ ਹਮੇਸ਼ਾ ਬਮਿਆਲ ਸੈਕਟਰ ਨੂੰ ਤਰਜੀਹ ਦਿੱਤੀ ਹੈ। ਜੰਮੂ-ਕਸ਼ਮੀਰ ਦੇ ਬਾਅਦ ਪੰਜਾਬ ਵਿਚ ਪਹਾੜਪੁਰ ਨਾਂ ਦੇ ਪਿੰਡ ਤੋਂ ਕੌਮਾਂਤਰੀ ਸਰਹੱਦ ਸ਼ੁਰੂ ਹੁੰਦੀ ਹੈ ਜਿਥੇ ਭੋਪਾਲਪੁਰ ਚੌਕੀ ਬਣੀ ਹੋਈ ਹੈ ਤੇ ਇਸ ਇਲਾਕੇ ਵਿਚੋਂ ਹੀ ਜੰਮੂ-ਕਸ਼ਮੀਰ ਤੋਂ ਆਉਂਦਾ ਤਰਨਾਹ ਨਾਲਾ ਗੁਜ਼ਰਦਾ ਹੈ। ਇਹ ਨਾਲਾ ਸਿੰਬਲ ਅਤੇ ਸਕੋਲ ਪਿੰਡ ਨੂੰ ਦੇਸ਼ ਨਾਲੋਂ ਕੱਟ ਕੇ ਰੱਖਦਾ ਹੈ ਅਤੇ ਕੁਝ ਦੂਰੀ ‘ਤੇ ਇਹ ਨਾਲਾ ਸਰਹੱਦ ਪਾਰ ਕਰਕੇ ਪਾਕਿਸਤਾਨ ਵਿਚ ਦਾਖਲ ਹੋਣ ਉਪਰੰਤ ਉਝ ਦਰਿਆ ਵਿਚ ਮਿਲ ਜਾਂਦਾ ਹੈ।
ਇਸੇ ਤਰ੍ਹਾਂ ਬਮਿਆਲ ਤੋਂ ਸਿੰਬਲ ਸਕੋਲ ਦੇ ਨੇੜੇ ਵਗਦਾ ਉਝ ਦਰਿਆ ਆਲੋਵਾਲ ਨੇੜੇ ਸਰਹੱਦ ਪਾਰ ਕਰਕੇ ਪਾਕਿਸਤਾਨ ਵਿਚ ਚਲਾ ਜਾਂਦਾ ਹੈ ਜਿਸ ਦੇ ਭਾਰਤ ਵਾਲੇ ਪਾਸੇ ਬਮਿਆਲ, ਖੁਦਾਈਪੁਰ, ਜੈਤਪੁਰ ਸਮੇਤ ਅਨੇਕਾਂ ਪਿੰਡ ਰਾਵੀ ਤੋਂ ਪਾਰਲੇ ਪਾਸੇ ਰਹਿ ਜਾਂਦੇ ਹਨ। ਸੱਪ ਵਾਂਗ ਵਲ ਵਲੇਵੇਂ ਖਾਂਦੀ ਹੋਈ ਰਾਵੀ ਨਦੀ ਤਕਰੀਬਨ 12 ਥਾਵਾਂ ‘ਤੇ ਅਤੇ ਉਝ ਦਰਿਆ ਦੋ ਥਾਵਾਂ ‘ਤੇ ਸਰਹੱਦ ਦੇ ਆਰ-ਪਾਰ ਜਾਂਦਾ ਹੈ। ਇਨ੍ਹਾਂ ਥਾਵਾਂ ਵਿਚੋਂ ਬਹੁਤ ਸਾਰੇ ਪੁਆਇੰਟ ਅਜਿਹੇ ਹਨ ਜਿਥੇ ਕੌਮੀ ਸਰਹੱਦ ਇਨ੍ਹਾਂ ਦਰਿਆਵਾਂ ਦੇ ਪਾਣੀ ਬਿਲਕੁਲ ਵਿਚਕਾਰ ਆ ਜਾਂਦੀ ਹੈ ਜਿਸ ਕਾਰਨ ਬੀæਐਸ਼ਐਫ਼ ਦੇ ਜਵਾਨਾਂ ਨੂੰ ਕਿਸ਼ਤੀਆਂ ਰਾਹੀਂ ਵੀ ਸਰਹੱਦ ਦੀ ਰੱਖਿਆ ਕਰਨੀ ਪੈਂਦੀ ਹੈ।
ਪਠਾਨਕੋਟ ਹਮਲਾ ਕਰਨ ਵਾਲੇ ਅਤਿਵਾਦੀਆਂ ਵੱਲੋਂ ਪਿੰਡ ਗੁਲਪੁਰ ਨੇੜੇ ਇਨੋਵਾ ਚਾਲਕ ਦਾ ਕੀਤਾ ਗਿਆ ਕਤਲ ਤੇ ਐਸ਼ਪੀæ ਨੂੰ ਅਗਵਾ ਕਰਨ ਵਾਲੀ ਵਾਰਦਾਤ ਤੋਂ ਇਹ ਪ੍ਰਤੱਖ ਹੋ ਗਿਆ ਹੈ ਕਿ ਅਤਿਵਾਦੀ ਬਮਿਆਲ ਦੇ ਇਲਾਕੇ ਰਾਹੀਂ ਹੀ ਆਏ ਸਨ, ਪਰ ਹੈਰਾਨੀ ਦੀ ਗੱਲ ਹੈ ਕਿ ਸਰਹੱਦ ਤੋਂ ਏਅਰ ਫੋਰਸ ਸਟੇਸ਼ਨ ਤੱਕ ਦੇ ਤਕਰੀਬਨ 35 ਤੋਂ 40 ਕਿੱਲੋਮੀਟਰ ਰਸਤੇ ਵਿਚ ਕਿਤੇ ਵੀ ਭਾਰੀ ਅਸਲੇ ਨਾਲ ਲੈਸ ਇਨ੍ਹਾਂ ਅਤਿਵਾਦੀਆਂ ਦਾ ਪੰਜਾਬ ਪੁਲਿਸ ਨਾਲ ਮੁਕਾਬਲਾ ਨਹੀਂ ਹੋਇਆ। ਇਹ ਵੀ ਜ਼ਿਕਰਯੋਗ ਹੈ ਕਿ ਅਤਿਵਾਦੀਆਂ ਨੇ ਜਿਸ ਏਅਰ ਫੋਰਸ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਹੈ, ਉਹ ਨਾ ਸਿਰਫ ਆਪਣੇ ਆਪ ਵਿਚ ਅਤਿ ਸੰਵੇਦਨਸ਼ੀਲ ਤੇ ਸੁਰੱਖਿਅਤ ਮੰਨਿਆ ਜਾਂਦਾ ਹੈ, ਸਗੋਂ ਇਸ ਦੇ ਇਕ ਪਾਸੇ ਪੂਰਾ ਇਲਾਕਾ ਭਾਰਤੀ ਫੌਜ ਕੋਲ ਹੈ ਪਰ ਇਸ ਦੇ ਬਾਵਜੂਦ ਅਤਿਵਾਦੀਆਂ ਨੇ ਇਸ ਸਥਾਨ ਨੂੰ ਨਿਸ਼ਾਨਾ ਬਣਾ ਕੇ ਦੇਸ਼ ਦੀ ਸੁਰੱਖਿਆ ਸਬੰਧੀ ਰਹੀਆਂ ਖਾਮੀਆਂ ਨੂੰ ਉਜਾਗਰ ਕਰ ਦਿੱਤਾ ਹੈ।
_____________________________________
ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਨੇ ਜ਼ਿੰਮੇਵਾਰੀ ਕਬੂਲੀ
ਨਵੀਂ ਦਿੱਲੀ: ਅਤਿਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਮੁਖੀ ਮੌਲਾਣਾ ਮਸੂਦ ਅਜ਼ਹਰ ਨੇ ਸਵੀਕਾਰਿਆ ਹੈ ਕਿ ਉਸ ਦੇ ਛੇ ਬੰਦੂਕਧਾਰੀਆਂ ਨੇ ਹੀ ਪਠਾਨਕੋਟ ਏਅਰਬੇਸ ‘ਤੇ ਹਮਲਾ ਕੀਤਾ ਸੀ। ਭਾਰਤ ਵੱਲੋਂ ਇਸਲਾਮਾਬਾਦ ਨੂੰ ਅਤਿਵਾਦੀਆਂ ਦੇ ਚਾਰ ਆਕਾਵਾਂ ਬਾਰੇ ਜਾਣਕਾਰੀ ਦੇਣ ਦੇ ਇਕ ਦਿਨ ਮਗਰੋਂ ਅਜ਼ਹਰ ਨੇ ਹਮਲੇ ਪਿੱਛੇ ਆਪਣੀ ਜਥੇਬੰਦੀ ਦਾ ਹੱਥ ਕਬੂਲਿਆ ਹੈ। ਚਾਰ ਆਕਾਵਾਂ ਵਿਚ ਮਸੂਦ ਅਜ਼ਹਰ, ਉਸ ਦਾ ਭਰਾ ਰਊਫ, ਅਸ਼ਫਾਕ ਤੇ ਕਾਸਿਮ ਸ਼ਾਮਲ ਹਨ। ਇੰਟਰਨੈੱਟ ‘ਤੇ ਪਾਈ ਗਈ ਆਡੀਓ ਵਿਚ ਜੈਸ਼ ਮੁਖੀ ਨੇ ਅਤਿਵਾਦੀਆਂ ਦੇ ਏਅਰਬੇਸ ਵਿਚ ਦਾਖਲੇ ਅਤੇ ਹਵਾਈ ਫੌਜ ਦੀਆਂ ਸੰਪਤੀਆਂ ਨੂੰ ਨੁਕਸਾਨ ਪਹੁੰਚਾਉਣ ਦੇ ਮਕਸਦ ਦਾ ਖੁਲਾਸਾ ਕੀਤਾ ਹੈ। ਉਸ ਨੇ ਪਾਕਿਸਤਾਨ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਹਮਲੇ ਲਈ ਭਾਰਤ ਸਰਕਾਰ ਤੋਂ ਕੋਈ ਮਿਸਲ ਜਾਂ ਸਬੂਤ ਸਵੀਕਾਰੇ ਨਾ ਜਾਣ।
_____________________________________
ਪੰਜਾਬ ਦੀ ਸਰਹੱਦ ਉਤੇ ਵੀ ਚੌਕਸੀ ਵਧਾਏ ਕੇਂਦਰ: ਬਾਦਲ
ਅੰਮ੍ਰਿਤਸਰ: ਪਠਾਨਕੋਟ ਵਿਚ ਵਾਪਰੀ ਅਤਿਵਾਦੀ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਸੂਬੇ ਦੀ ਸਰਹੱਦ ‘ਤੇ ਵੀ ਜੰਮੂ ਕਸ਼ਮੀਰ ਵਾਂਗ ਚੌਕਸੀ ਵਧਾਉਣ ਲਈ ਹੋਰ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਰਹੱਦੀ ਸੂਬੇ ਵਿਚ ਬੀæਐਸ਼ਐਫ਼ ਦੀਆਂ ਕੰਪਨੀਆਂ ਦੀ ਤਾਦਾਦ ਵਿਚ ਵਾਧਾ ਕਰੇ। ਉਨ੍ਹਾਂ ਕਿਹਾ ਕਿ ਦੀਨਾਨਗਰ ਤੇ ਪਠਾਨਕੋਟ ਵਿੱਚ ਹੋਏ ਹਮਲਿਆਂ ਕਾਰਨ ਸਮੇਂ ਦੀ ਲੋੜ ਹੈ ਕਿ ਕੇਂਦਰ ਸਰਕਾਰ ਜੰਮੂ-ਕਸ਼ਮੀਰ ਦੀ ਤਰਜ਼ ‘ਤੇ ਪੰਜਾਬ ਦੀਆਂ ਸਰਹੱਦਾਂ ‘ਤੇ ਵੀ ਚੌਕਸੀ ਵਧਾਏ।